Fri, 19 April 2024
Your Visitor Number :-   6984471
SuhisaverSuhisaver Suhisaver

ਕੰਧਾਂ ਬੋਲਦੀਆਂ ਵੀ ਹਨ - ਰਮੇਸ ਸੇਠੀ ਬਾਦਲ

Posted on:- 20-09-2014

suhisaver

ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿੱਥੱ ਵੱਡੇ ਵੱਡੇ ਟੱਬਰ ਰਹਿੰਦੇ ਸਨ, ਇੱਕੋ ਸਵਾਤ ਵਿੱਚ। ਭਾਰੇ ਭਾਰੇ ਸ਼ਤੀਰਾਂ ਦਾ ਭਾਰ ਚੁੱਕਣਾ ਪੈਂਦਾ ਸੀ ਸਾਨੂੰ। ਕਦੇ ਮਹਿਸੂਸ ਨਹੀਂ ਸੀ ਹੋਇਆ ਸਾਨੂੰ। ਪਰ ਅਸੀ ਖੁਸ਼ ਸਾਂ।ਜਦੋਂ ਘਰੇ ਸਾਰੇ ਹੀ ਖੁਸ਼ ਹੁੰਦੇ ਸਨ, ਅਸੀ ਵੀ ਖੁਸ਼ ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ। ਸੁਣਿਆਂ ਕੀ? ਹੁੰਦੇ ਹੀ ਹਨ ਕੰਧਾਂ ਦੇ ਕੰਨ। ਅਸੀ ਕੰਨੋਂ ਬੋਲੀਆਂ ਥੋੜਾ ਹੀ ਹਾਂ।ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ। ਜੋ ਸਭ ਕੁਝ ਦੇਖਦੀਆਂ ਹਨ, ਪਰ ਜੇ ਅਸੀ ਨਹੀਂ ਬੋਲਦੀਆਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦਿੱਸਦਾ ਨਹੀਂ। ਜਾਂ ਅਸੀ ਬੋਲ ਨਹੀਂ ਸਕਦੀਆਂ। ਪਰ ਅਸੀ ਚੁੱਪ ਰਹਿੰਦੀਆਂ ਹਾਂ। ਕਿਉਂ ਕਿਸੇ ਦੇ ਪਰਦੇ ਚੱਕਣੇ ਹੈ। ਸਾਡਾ ਤੇ ਕੰਮ ਹੀ ਪਰਦਾ ਕੱਜਨਾ ਹੁੰਦਾ ਹੈ। ਫਿਰ ਅਸੀ ਆਪਣੇ ਮਾਲਕਾਂ ਦੇ ਪਰਦੇ ਚੁਕੀਏ ਕਿਉਂ। ਜੇ ਅਸੀ ਪਰਦੇ ਚੁੱਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜੂਗਾ ਤੇ ਫਿਰ ਸਾਡੀ ਜ਼ਰੂਰਤ ਹੀ ਨਹੀਂ ਰਹਿਣੀ।ਕੋਈ ਕੰਧ ਨਹੀਂ ਬਣਾਵੇਗਾ ਤੇ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ।

ਅਸੀ ਕੱਚੀਆਂ ਸਾਂ। ਮੋਟੀਆਂ ਸਾਂ। ਹਰ ਸਾਲ ਸਾਡੀ ਸਾਂਭ ਸੰਭਾਲ ਹੁੰਦੀ। ਮੀਂਹ ਕਣੀ ਦੀ ਰੁੱਤ ਤੋਂ ਪਹਿਲਾ ਸਾਨੂੰ ਲਿੱਪਿਆ ਪੋਚਿਆ ਜਾਂਦਾ। ਸਾਡੀ ਮਾਲਕਣ ਸਾਡੀ ਸੇਵਾ ਸੰਭਾਲ ਕਰਦੀ। ਅੋਖੀ ਹੋ ਕੇ ਛੱਪੜ ਚੋ ਗਾਰਾ ਲਿਆਉਂਦੀ ਤੇ ਫਿਰ ਸਾਨੂੰ ਲਿੱਪਦੀ।ਸਾਰਾ ਟੱਬਰ ਨਾਲ ਲੱਗਦਾ। ਸਾਡੇ ਨਾਲ ਛੱਤਾਂ ਵੀ ਲਿੱਪੀਆਂ ਜਾਂਦੀਆਂ।ਕਿਉਂਕਿ ਅਸੀ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ। ਬਿਲਕੁਲ ਆਪਣੇ ਮਾਲਕਣ ਦੀ ਤਰਾਂ। ਅਸੀ ਵੇਖਿਆ ਉਹ ਸਾਡੀ ਹੀ ਸੰਭਾਲ ਨਹੀਂ ਸੀ ਕਰਦੀ।ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ। ਸੇਵਾ ਕਰਦੀ।ਸੱਸ ਦਾ ਗੂੰਹ ਮੂਤਰ ਕਈ ਸਾਲ ਚੁੱਕਿਆ ਉਸ ਨੇ। ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਵਲਚਾ ਵਲਚਾ ਕੇ ਖਵਾਉਣਾ ਬੱਚਿਆਂ ਵਾਂਗੂ ਤੇ ਕਦੇ ਨਾ ਖਿੱਝਣਾ।

ਇਹ ਜ਼ਨਾਨੀ ਹੈ ਕਿ ਦੇਵੀ? ਅਸੀ ਸੋਚਦੀਆਂ। ਫਿਰ ਵੀ ਸੱਸ ਅਵਾ ਤਵਾ ਬੋਲਦੀ।ਨਨਾਣਾਂ ਮਾਂ ਦਾ ਪਤਾ ਲੈਣ ਆਉਦੀਆਂ ਲੈਕਚਰ ਝਾੜਦੀਆਂ ਤੇ ਤੁਰ ਜਾਂਦੀਆਂ। ਦੇਵਰਾਣੀਆਂ ਜੇਠਾਣੀਆਂ ਨੇ ਕਦੇ ਸੁਧ ਨਹੀਂ ਸੀ ਲਈ ਬੀਮਾਰ ਸੱਸ ਸਹੁਰੇ ਦੀ। ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ। ਤੇ ਦਾਦਾ ਏਨਾ ਭਗਤ ਰੋਟੀ ਮੂਹਰੇ ਹੱਥ ਜੋੜ ਕੇ ਮਾਲਿਕ ਦਾ ਸ਼ੁਕਰਾਨਾ ਕਰਦਾ।ਜਿਸ ਨੇ ਰਹਿਣ ਨੂੰ ਕੁੱਲੀ ਤੇ ਖਾਣ ਨੂੰ ਗੁੱਲੀ ਦਿੱਤੀ।ਤੇ ਅੱਧੀ ਰੋਟੀ ਤੋੜ ਕੇ ਜਨੋਰਾ ਨੂੰ ਪਾ ਦਿੰਦਾ।ਮਾਲਕ ਦਾ ਸ਼ੁਕਰਾਨਾ ਕਰਣ ਦੀ ਮੱਤ ਦਿੰਦਾ।

ਪੰਜ ਪੰਜ ਨਨਾਣਾ ਸੀ। ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ। ਆਏ ਗਏ ਦੀ ਖੇਚਲ , ਘਰੇ ਤੰਗੀ ਤੁਰਸ਼ੀ ਪਰ ਕੋਈ ਮੱਥੇ ਤੇ ਤਿਉੜੀ ਨਾ ਪਾਉਂਦਾ।ਦੋ ਤਿੰਨ ਨਨਾਣਾ ਦੇ ਤਾਂ ਵਿਆਹ ਉਸ ਨੇ ਹੱਥੀ ਕੀਤੇ।ਵਿਆਹ ਹੀ ਨਹੀਂ ਕੀਤੇ ਬਲਕਿ ਆਪਣੀ ਮੁਕਲਾਵੇ ਵਾਲੀ ਪੇਟੀ ਵੀ ਖੋਲ ਦਿੱਤੀ ਤਾਂ ਕਿ ਘਰ ਚਲਦਾ ਰਹੇ। ਭਲਾ ਕਿੰਨੀ ਕੁ ਤਨਖਾਹ ਹੁੰਦੀ ਸੀ ਉਦੋ ਜੇ ਬੀ ਟੀ ਮਾਸਟਰ ਦੀ। ਕਿਰਸ ਨਾਲ ਘਰ ਚਲਾਉਣਾ ਪੈਂਦਾ। ਪਰ ਕਦੇ ਮੱਥੇ ਵੱਟ ਨਾ ਪਾਇਆ। ਸਾਰਾ ਈਲਾ ਕਬੀਲਾ ਸ਼ਰੀਕਾ ਨਾਲ ਨਾਲ ਹੀ ਸਨ ਰਹਿੰਦੇ। ਮਾਸਟਰ ਜੀ ਨੂੰ ਬਾਈ ਜੀ ਆਖਦੇ ਸਨ ਸਾਰੇ। ਤੇ ਮਾਸਟਰਨੀ ਨੂੰ ਭਾਬੀ। ਪਰ ਬਹੁਤ ਕਦਰ ਕਰਦੇ ਸਾਰੇ ।ਇਕੱਠੇ ਮਿਲਕੇ ਬਹਿੰਦੇ। ਸਾਰੇ ਜ਼ੋਰ ਜ਼ੋਰ ਦੀ ਹੱਸਦੇ, ਕਮਲਿਆਂ ਦੀਤਰਾਂ।ਖੁਸ਼ੀਆਂ ਡੁੱਲ ਡੁੱਲ ਪੈਂਦੀਆਂ।ਬਸ ਬਜ਼ੁਰਗਾਂ ਦੀ ਸੇਵਾ ਜਿਵੇ ਰੱਬ ਦੀ ਹੀ ਸੇਵਾ ਸੀ।ਮਾਸਟਰ ਜੀ ਸਾਇਕਲ ਤੇ ਜਾਂਦੇ ਨੌਕਰੀ ਤੇ। ਬਿਨਾਂ ਚੈਨ ਕਵਰ ਆਲਾ ਸਾਇਕਲ ਤੇ ਮਾਸਟਰ ਜੀ ਪਜਾਮਾ ਵੀ ਮੂਹਰੇ ਟੰਗ ਲੈਂਦੇ । ਮਤੇ ਗਰੀਸ ਨਾਲ ਇਹ ਖਰਾਬ ਨਾ ਹੋ ਜਾਏ।ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ। ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ। ਪਰ ਫਿਰ ਵੀ ਕੋਈ ਸਿ਼ਕਨ ਨਹੀਂ ਸੀ ਹੰਦੀ ਮੱਥੇ ਤੇ। ਬਸ ਦਿਲ ਖੁੱਲ੍ਹਾ ਸੀ।

ਭੈਣਾਂ ਦੀ ਕਬੀਲਦਾਰੀ ਸਮੇਟਣ ਤੋਂ ਬਾਅਦ ਆਪਣੇ ਜੁਆਕਾ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁਕਣ ਲੱਗੀ। ਸੋਝੀ ਤੇ ਸਿਆਣਪ ਨਾਲ ਗੱਡੀ ਲੀਹ ਤੇ ਆਉਣ ਲੱਗੀ। ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਆਹਰੇ ਲਾ ਕੇ ਦੋਨੇ ਜੀਅ ਕੁਝ ਕੁਝ ਸੁਰਖਰੂ ਹੋਣ ਲੱਗੇ। ਧੀ ਦੇ ਕਾਰਜ ਸੰਪੂਰਨ ਕਰਨ ਤੋ ਪਹਿਲਾ ਸਾਡੀ ਵੀ ਸੁਣੀ ਗਈ। ਹੁਣ ਅਸੀ ਕੱਚੀਆਂ ਤੋ ਪੱਕੀਆਂ ਚ ਤਬਦੀਲ ਹੋ ਗਈਆਂ ਸੀ। ਮਾੜਾ ਮੋਟਾ ਟੀਪ ਟੱਲਾ ਕਰਕੇ ਸਾਡਾ ਰੂਪ ਸੰਵਾਰਿਆ ਗਿਆ।ਅਸੀ ਉਸੇ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ। ਹੁਣ ਅਸੀ ਉਹ ਮੋਟੀਆਂ ਕੰਧਾਂ ਨਹੀਂ ਸੀ ਰਹੀਆਂ ਖੜੇਪੜਾ ਵਾਲੀਆ। ਹੁਣ ਅਸੀ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ ।ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ। ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ।ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ। ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਨਣ ਲੱਗਿਆ।ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ ਅੱਡ ਬਨਣ ਲੱਗੀਆਂ।

ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸ਼ਹਿਰ ਵੱਲ ਨੂੰ ਝਾਕਣ ਲੱਗੀਆਂ ਤੇ ਆਖਿਰ ਮੰਡੀ ਆ ਕੇ ਹੀ ਦਮ ਲਿਆ। ਕਿਰਾਏ ਦੀਆਂ ਕੰਧਾਂ ਨੇ ਕਦੋ ਕੋਠੀ ਦਾ ਰੂਪ ਲੈ ਲਿਆ ਪਤਾ ਹੀ ਨਹੀਂ ਲੱਗਿਆ।ਕੋਠੀ ਦੀਆਂ ਕੰਧਾਂ ਦੇ ਨਾਲ ਨਾਲ ਦਿਲਾਂ ਦੀਆਂ ਕੰਧਾਂ ਵੀ ਖੜ੍ਹੀਆਂ ਹੋਣ ਲੱਗੀਆਂ। ਖੁਸ਼ੀਆਂ ਅਜੇ ਖੰਭ ਖਿਲਾਰ ਹੀ ਰਹੀਆਂ ਸਨ ਕਿ ਆਜ਼ਾਦੀ ਦੀ ਆਪੋ ਧਾਪੀ ਵਿੱਚ ਸਭ ਨੇ ਮਹਾਂ ਨਗਰ, ਤੇ ਕੋਠੀਆਂ ਤੇ ਕਾਰਾਂ ਦੇ ਸੁਫਨੇ ਵੇਖਣੇ ਸ਼ੁਰੂ ਕਰ ਦਿੱਤੇ। ਭਰੇ ਭਰੁੰਨੇ ਘਰ ਚੋ ਘਰ ਦੀਆਂ ਰੋਣਕਾਂ ਮਹਾਂ ਨਗਰ ਨੂੰ ਚਾਲੇ ਪਾ ਗਈਆ। ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸ਼ਨਾਉਣ ਲੱਗੇ।ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਏ।ਤੇ ਬੁੱਢੀਆਂ ਤੇ ਡੂੰਘੀਆਂ ਅੱਖਾਂ ਹੁਣ ਅਲੱਗ ਅਲਗ ਥਾਂ ਤੇ ਬਲਦੇ ਚਿਰਾਗਾਂ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸ਼ਰਮ ਆਉਂਦੀ।

ਹੁਣ ਅਸੀ ਕੰਧਾਂ ਤੋਂ ਦੀਵਾਰਾਂ ਬਣ ਗਈਆਂ। ਸਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸ਼ਤਿਆਂ ਨੂੰ ਵਰੋਲੇ ਵਾਂਗੂ ਉੱਡਦਿਆਂ ਦੇਖਦੀਆ। ਸਕਿਆ ਨੂੰ ਵੀ ਚਾਹ ਦੀ ਘੁੱਟ ਤੋ ਸੱਖਣੇ ਜਾਂਦੇ ਦੇਖਦਾ ਕਪਾਲ ਭਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ।ਉੱਚੀ ਉੱਚੀ ਹੱਸਣ ਵਾਲਾ ਉਹ ਸ਼ਖ਼ਸ ਪਤਾ ਨਹੀਂ ਕੀ ਕੀ ਗ਼ਮ ਲੈ ਗਿਆ ਆਪਣੇ ਨਾਲ। ਬਸ ਫਿਰ ਕੀ ਸੀ। ਹੁਣ ਚਾਰੇ ਹੀ ਮਰਜ਼ੀ ਦੇ ਮਾਲਿਕ ਸਨ। ਹੁਣ ਘਰ ਦੀਆਂ ਜੰਮੀਆਂ ਧੀਆਂ ਭੂਆ ਭੈਣਾਂ ਭਾਰ ਲੱਗਣ ਲੱਗ ਪਈਆਂ।ਸ਼ਰੀਕੇ ਕਬੀਲੇ ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ । ਸਾਡੀ ਵੀ ਕੋਈ ਇੱਜਤ ਹੈ ਦਾ ਫਲਸਫਾ ਦੂਸਰਿਆਂ ਦੀ ਜ਼ਿੰਦਗੀ ਤੇ ਭਾਰੂ ਹੋ ਗਿਆ।ਸਕੂਟਰਾਂ ਦੀ ਟੀਂ ਟੀਂ ਹੁਣ ਕਾਰਾਂ ਦੀ ਪੌਂ ਪੌਂ ਚ ਬਦਲ ਗਈ। ਊੱਚੇ ਲੋਗ ਊੱਚੀ ਪਸੰਦ ਨੇ ਹੌਲੀ ਹੌਲੀ ਖੂਨ ਨੂੰ ਸਫੈਦ ਕਰਨਾ ਸ਼ੁਰੂ ਕਰ ਦਿੱਤਾ।

ਕਿਉਂਕਿ ਹੁਣ ਇਹ ਕੰਧਾਂ ਮਿੱਟੀ ਦੀਆਂ ਨਹੀਂ। ਗਾਰੇ ਦੀਆਂ ਨਹੀਂ। ਇਹ ਪਲਸਤਰ ਕੀਤੀਆਂ ਮਹਾਂਨਗਰ ਦੀਆਂ ਕੋਠੀਆਂ ਦੀਆਂ ਕੰਧਾ ਸਨ। ਇਹਨਾ ਕੰਧਾਂ ਨੇ ਸੱਸ ਦੀ ਅਣਥੱਕ ਸੇਵਾ ਕਰਨ ਵਾਲੀ ਨੂੰ ਨੂੰਹਾਂ ਦੇ ਦਰਸ਼ਨਾਂ ਨੂੰ ਤਰਸਦੀ ਦੇਖਿਆ। ਧੀਆਂ ਨੂੰ ਬੂਹੇ ਤੇ ਰੋਂਦੇ ਦੇਖਿਆ।ਭੈਣਾਂ ਨਾਲ ਬਦਸਲੂਕੀ ਹੁੰਦੀ ਦੇਖੀ।ਸਕੇ ਸਬੰਧੀ ਬੋਝ ਬਣ ਗਏ। ਇਹਨਾਂ ਕੰਧਾਂ ਨੇ ਨਹੀਂ ਸੱਚ ਦੀਵਾਰਾਂ ਨੇ ਮਾਲਕਿਣ ਨੂੰ ਬੇਵੱਸ ਦੇਖਿਆ। ਧੀ ਦੇ ਹੰਝੂਆਂ ਨੂੰ ਅਜਾਈਂ ਜਾਂਦੇ ਦੇਖਿਆ। ਕੱਚੇ ਤੋਂ ਪੱਕੇ ਤੇ ਕੰਧਾਂ ਤੋਂ ਦੀਵਾਰਾਂ ਦੇ ਸਫਰ ਨੇ ਰਿਸ਼ਤਿਆਂ ਨੂੰ ਕੱਚ ਵਾਂਗੂ ਟੁੱਟਦੇ ਦਿਲਾਂ ਵਿੱਚ ਖੜੀਆਂ ਦੀਵਾਰਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ।ਏਨਾ ਕੁਝ ਵੇਖ ਕੇ ਵੀ ਜੇ ਅਸੀ ਨਾ ਬੋਲੀਏ ਤਾਂ ਕੰਧਾਂ ਦੇ ਕੰਨ ਕਿਸ ਕੰਮ ਦੇ। ਤੇ ਹੁਣ ਤੇ ਲੋਕੀਂ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ।

ਸੰਪਰਕ: +91 98766 27233

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ