Fri, 14 June 2024
Your Visitor Number :-   7110856
SuhisaverSuhisaver Suhisaver

‘ਉਡਤਾ ਪੰਜਾਬ’ : ਕੀ ‘ਪੰਜਾਬ’ ਸ਼ਬਦ ਹਟਾਇਆ ਜਾ ਸਕਦਾ ਸੀ ਟਾਈਟਲ ਵਿੱਚੋਂ?

Posted on:- 18-06-2016

suhisaver

-ਜਸਪ੍ਰੀਤ ਸਿੰਘ

ਬਹੁਤ ਸਾਰੇ ਵਿਵਾਦਾਂ ਤੋ ਬਾਅਦ ਹਿੰਦੀ ਫਿਲਮ ‘ਉਡਤਾ ਪੰਜਾਬ’ ਰਿਲੀਜ਼ ਹੋ ਕੇ ਸਿਨੇਮਾ ਘਰਾਂ ਤੱਕ ਪਹੁੰਚ ਹੀ ਗਈ ।ਇੱਕ ਫਿਲਮ ਦੇ ਪ੍ਰੋਡਿਊਸਰ ਦਾ ਸਭ ਤੋ ਪਹਿਲਾਂ ਕੰਮ ਹੁੰਦਾ ਹੈ, ਫਿਲਮ ਉੱਪਰ ਆਏ ਸਾਰੇ ਖਰਚੇ ਪੂਰੇ ਕਰਨਾ ।ਜਿਸ ਲਈ ਉਹ ਹਰ ਤਰ੍ਹਾਂ ਦੀ ਪਬਲੀਸਿਟੀ ਜਾਂ ਮਸਾਲੇ ਨੂੰ ਫਿਲਮ ਵਿੱਚ ਪਾਉਣ ਤੋ ਗੁਰੇਜ਼ ਨਹੀਂ ਕਰਦਾ ।ਇਹੋ ਹਾਲ ਹੈ ਫਿਲਮ ਉਡਤਾ ਪੰਜਾਬ ਦਾ, ਜੇਕਰ ਅਸੀ ਫਿਲਮ ਰਿਲੀਜ਼ ਦੇ ਪਹਿਲੇ ਦਿਨ ਦੇ ਦਰਸ਼ਕਾਂ ਦਾ ਪ੍ਰਤੀਕਰਮ ਜਾਣੀਏ ਤਾਂ ਸਭ ਤੋ ਵੱਧ ਜ਼ਿਕਰ ਆਉਂਦਾ ਹੈ ਫਿਲਮ ਵਿੱਚ ਖੁੱਲੇਆਮ ਬਹੁਤਾਂਤ ਵਿੱਚ ਵਰਤੀ ਗਈ ਗੰਦੀ, ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ।ਫਿਲਮ ਦਾ ਅਸਲੀ ਮਕਸਦ, ਕਹਾਣੀ ਜਾਂ ਪੰਜਾਬ ਦੇ ਵਰਤਮਾਨ ਹਾਲਾਤਾਂ ਦੀ ਗੱਲ ਤਾ ਬਹੁਤ ਪਿੱਛੇ ਰਹਿ ਜਾਂਦੀ ਹੈ ।ਆਓ ਇੱਕ ਝਾਤ ਮਾਰੀਏ ਫਿਲਮ ‘ਉਡਤਾ ਪੰਜਾਬ’ ਦੇ ਵੱਖ ਵੱਖ ਪਹਿਲੂਆਂ ਉੱਪਰ:

ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਦੀ ਨਿੰਦਣਯੋਗ ਵਰਤੋਂ:

ਫਿਲਮ ਦੇ ਰਿਲੀਜ਼ ਹੋਣ ਤੋ ਪਹਿਲਾਂ ਹੀ ਜਿਸ ਗੱਲ ‘ਤੇ ਭਾਰਤੀ ਸੈਂਸਰ ਬੋਰਡ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਦ੍ਰਿਸ਼ਾਂ ਨੂੰ ਕੱਟਣ ਦੀ ਮੰਗ ਕੀਤੀ ਸੀ ਉਹ ਹੈ ਫਿਲਮ ਵਿੱਚ ਵਰਤੀ ਗਈ ਬਹੁਤ ਵੱਡੀ ਮਾਤਰਾ ਵਿੱਚ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ।ਲਗਭਗ ਫਿਲਮ ਦੇ ਹਰ ਦ੍ਰਿਸ਼ ਵਿੱਚ ਗਾਲ੍ਹਾਂ ਦਾ ਪ੍ਰਯੋਗ ਖੁੱਲ ਕੇ ਕੀਤਾ ਗਿਆ ਹੈ ।ਹਾਲਾਂਕਿ ਪਹਿਲਾਂ ਸੈਂਸਰ ਬੋਰਡ ਦੀ ਇਸ ਚਿੰਤਾ ਨੂੰ ਹਾਸੋਹੀਣੇ ਢੰਗ ਨਾਲ ਲਿਆ ਜਾ ਰਿਹਾ ਸੀ ਪ੍ਰੰਤੂ ਫਿਲਮ ਰਿਲੀਜ਼ ਦੇ ਪਹਿਲੇ ਹੀ ਦਿਨ ਪੰਜਾਬੀ ਦਰਸ਼ਕਾਂ ਨੇ ਭੱਦੀ ਸ਼ਬਦਾਵਲੀ ਅੱਗੇ ਗੋਡੇ ਟੇਕ ਦਿੱਤੇ ।ਹਾਲ ਇਹ ਸੀ ਕਿ ਇਸ ਫਿਲਮ ਨੂੰ ਪਰਿਵਾਰ ਵਿੱਚ ਬੈਠ ਕੇ ਦੇਖਣਾ ਤਾਂ ਦੂਰ ਦੀ ਗੱਲ੍ਹ ਨੌਜੂਆਨ ਮੁੰਡੇ ਕੁੜੀਆਂ ਵੀ ਇਕੱਠੇ ਬੈਠ ਕੇ ਦੇਖਣ ਵਿੱਚ ਬਹੁਤ ਜ਼ਿਆਦਾ ਝਿੱਜਕ ਮਹਿਸੂਸ ਕਰ ਰਹੇ ਹਨ ।ਵੈਸੇ ਵੀ ਜੇਕਰ ਦੇਖਿਆ ਜਾਵੇ ਤਾਂ ਫਿਲਮ ਇਸ ਗਾਲੀ-ਗਲੋਚ ਤੋਂ ਬਿਨਾਂ ਵੀ ਅੱਗੇ ਵੱਧ ਸਕਦੀ ਸੀ ।ਪਰ ਸ਼ਾਇਦ ਡਾਇਰੈਕਟਰ/ਪ੍ਰੋਡਿਊਸਰ ਫਿਲਮ ਵਿੱਚ ਮਸਾਲਾ ਭਰਦੇ ਹੋਏ ਅਸਲੀਅਤ ਜਾਨਣ/ਸਮਝਣ ਦਾ ਕਸ਼ਟ ਨਹੀਂ ਕਰ ਸਕੇ ।

ਤੱਥ ਵਿਹੂਣੀ ਫਿਲਮ:

ਇਸ ਤਰ੍ਹਾਂ ਦੇ ਸੰਗੀਨ ਵਿਸ਼ੇ ’ਤੇ ਆਧਾਰਿਤ ਕੋਈ ਵੀ ਫਿਲਮ ਦੀ ਜਿੰਦ-ਜਾਨ ਹੁੰਦੇ ਹਨ ਉਸ ਵਿੱਚ ਪੇਸ਼ ਕੀਤੇ ਗਏ ਤੱਥ ।ਤੱਥ ਭਾਵੇ ਗਿਣਤੀ-ਮਿਣਤੀ ਦੇ ਹੋਣ ਜਾ ਅਸਲੀਅਤ ਪੇਸ਼ ਕਰਦੀ ਕੋਈ ਦਬਾਈ ਗਈ ਜਾਣਕਾਰੀ-ਬਿਆਨ ਜਾ ਕੋਈ ਸ਼ਖਸੀਅਤ ।ਪਰੰਤੂ ਫਿਲਮ ‘ਉਡਤਾ ਪੰਜਾਬ’ ਵਿੱਚ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਹੈ ।ਫਿਲਮ ਨਾ ਤਾਂ ਪੰਜਾਬ ਸੂਬੇ ਵਿੱਚ ਵੱਧ ਰਹੇ ਡਰੱਗ ਤਸਕਰੀ ਦੇ ਧੰਦੇ ਬਾਰੇ ਕੋਈ ਨਵੀਂ ਧਿਆਨ ਵਿੱਚ ਰੱਖਣ ਯੋਗ ਗੱਲ ਹੈ ’ਤੇ ਨਾ ਹੀ ਕਿਸੇ ਮਾਣਯੋਗ ਸੰਸਥਾ ਦੁਆਰਾ ਪੇਸ਼ ਕੀਤੇ ਗਏ ਸਰਵੇ ਦਾ ਸਹਾਰਾ ਲਿਆ ਗਿਆ ਹੈ ।ਫਿਲਮ ਵਿੱਚ ਇੱਕਾ-ਦੁੱਕਾ ਸਮੇਂ ਪੰਜਾਬ ਦੇ ਮੈਕਸੀਕੋ ਬਣ ਜਾਣ ਦੀ ਗੱਲ ਤਾਂ ਵਾਰ ਵਾਰ ਕੀਤੀ ਗਈ ਹੈ, ਪ੍ਰੰਤੂ ੳੇਹ ਡਰੱਗ ਤਸਕਰੀ ਬਾਰੇ ਦ੍ਰਿਸ਼ ਨੂੰ ਸਪੱਸ਼ਟ ਕਰਨ ਬਾਰੇ ਨਾਕਾਫੀ ਹੈ ।ਫਿਲਮ ਦੀ ਸ਼ੁਰੂਆਤ ਵਿੱਚ ਦਿਖਾਏ ਗਏ ਬਾਰਡਰ-ਪਾਰ ਤੋ ਨਸ਼ੇ ਨੂੰ ਭਾਰਤ ਪਹੁੰਚਾਉਣ ਦਾ ਦ੍ਰਿਸ਼ ਵੀ ਸਿਰਫ ਕੁਛ ਸੈਕਿੰਡਾਂ ਦਾ ਹੋ ਕੇ ਅਸਲ ਸਥਿਤੀ ਉੱਪਰ ਕੋਈ ਗਹਿਰੀ ਸੱਟ ਨਹੀਂ ਮਾਰ ਰਿਹਾ ।

ਸਿਸਟਮ ‘ਤੇ ਹਮਲਾ ਸਿਰਫ ਜ਼ੁਬਾਨੀ ਚਰਚਾ:

ਫਿਲਮ ਉਡਤਾ ਪੰਜਾਬ ਨੇ ਜਿਸ ਗੱਲ ਤੇ ਸਭ ਤੋਂ ਵੱਧ ਚਰਚਾ ਹਾਸਿਲ ਕੀਤੀ ਸੀ, ਉਹ ਸੀ ਕਿ ਫਿਲਮ ਵਿੱਚ ਕਿਸੇ ਸਿਆਸੀ ਧਿਰ ਉੱਪਰ ਸਿੱਧਾ ਹਮਲਾ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਸਿਸਟਮ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੇ ਹੋਏ ਪੁਲਸ ਕਰਮਚਾਰੀਆਂ ਦੇ ਡਰੱਗ ਸਮੱਗਲਰਾਂ ਨਾਲ ਮਿਲੀਭੁਗਤ ਨੂੰ ਜੱਗ ਜ਼ਾਹਿਰ ਕੀਤਾ ਗਿਆ ਹੈ । ਜਦੋਂਕਿ ਫਿਲਮ ਨੂੰ ਦੇਖਣ ਉਪਰੰਤ ਪਤਾ ਲੱਗਦਾ ਹੈ ਕਿ ਸਿਸਟਮ ਜਾਂ ਰਾਜਨੀਤਿਕ ਸ਼ਖਸੀਅਤਾਂ ਉੱਪਰ ਜਿਨਾ ਕੁ ਹਮਲਾ ਇਸ ਫਿਲਮ ਵਿੱਚ ਹੋਇਆ ਹੈ, ਓਨਾਂ ਤਾਂ ਹਿੰਦੀ ਸਿਨੇਮਾਂ ਵਿੱਚ ਪਿਛਲੇ ਕਈ ਦਹਾਕਿਆਂ ਤੋ ਹੋ ਰਿਹਾ ਹੈ ।ਇਸ ਸਭ ਦੌਰਾਨ ਕੋਈ ਵੀ ਨਵੀਂ ਘਟਨਾ ਦਾ ਜ਼ਿਕਰ ਫਿਲਮ ਵਿੱਚ ਨਹੀਂ ਆਉਂਦਾ ਹੈ ।ਫਿਲਮ ਵਿੱਚ ਦਿਖਾਏ ਇੱਕਾ-ਦੁੱਕਾਂ ਰਾਜਨੀਤਿਕ ਚਿਹਰਿਆਂ ਵਿੱਚੋ ਇੱਕ ਵੀ ਚਿਹਰਾ ਅਸਲੀਅਤ ਨਾਲ ਰੂਬਰੂ ਨਾ ਹੋ ਕੇ ਮਹਿਜ਼ ਕਾਲਪਨਿਕ ਚਰਿਤਰ ਹੀ ਹੋ ਨਿਬੜਦਾ ਹੈ ।ਇਸ ਸਭ ਦੌਰਾਨ ਸਿਸਟਮ ਨੂੰ ਨੰਗਾ ਕਰਕੇ ਡਰੱਗ ਮਾਫੀਏ ਲਈ ਸਮੱਸਿਆ ਖੜੀ ਕਰਨ ਵਾਲੀ ਗੱਲ੍ਹ ਸਿਰਫ ਜ਼ੁਬਾਨੀ ਚਰਚਾ ਹੀ ਹੋ ਨਿਬੜਦੀ ਹੈ ।

ਸਸਪੈਂਸ/ਰੋਮਾਂਚ ਦੀ ਕਮੀ:

ਜੇਕਰ ਗਾਲੀ-ਗਲੋਚ ਨੂੰ ਛੱਡ ਦੇਈਏ ਤਾਂ ਕਾਫੀ ਹੱਦ ਤੱਕ ਫਿਲਮ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਬੰਨ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਰਹੀ ਹੈ ।ਦਰਸ਼ਕ ਅੰਤ ਤੱਕ ਫਿਲਮ ਨੂੰ ਦੇਖਣ ਲਈ ਤਤਪਰ ਰਹਿੰਦਾ ਹੈ, ਪਰੰਤੂ ਇਸੇ ਦੌਰਾਨ ਫਿਲਮ ਦਰਸ਼ਕਾਂ ਦੀਆਂ ਬਹੁਤ ਸਾਰੀਆ ਉਮੀਦਾਂ ਨੂੰ ਖਾਰਿਜ ਕਰਦੀ ਹੋਈ ਅਚਾਨਕ ਖਤਮ ਹੋ ਜਾਂਦੀ ਹੈ ।ਫਿਲਮ ਦੀ ਪਹਿਲੀ ਲੁੱਕ ਵਾਲੇ ਦਿਨ ਤੋਂ ਹੀ ਫਿਲਮ ਨੂੰ ‘ਰੋਮਾਂਟਿਕ’ ਨਾ ਹੋਣ ਦੀ ਜਗ੍ਹਾ ਇੱਕ ‘ਡਰੱਗ ਸਸਪੈਂਸਿਵ’ ਫਿਲਮ ਹੋਣ ਦਾ ਦਾਅਵਾ ਫਿਲਮ ਦੀ ਟੀਮ ਵੱਲੋਂ ਕੀਤਾ ਗਿਆ ਸੀ ।ਇਸੇ ਦੌਰਾਨ ਸਸਪੈਂਸ ਦੀ ਕਮੀ ਦਰਸ਼ਕਾਂ ਲਈ ਇੱਕ ਨਿਰਾਸ਼ਾ ਦਾ ਕਾਰਨ ਬਣਦੀ ਹੈ ।

ਆਲੀਆ ਭੱਟ ਦਾ ਕਿਰਦਾਰ ਮਹਿਜ਼ ਕਹਾਣੀ ਦੀ ਮੰਗ:

ਫਿਲਮ ਵਿੱਚ ਬਾੱਲੀਵੁਡ ਦੀ ਲਾਡਲੀ ’ਤੇ ਬਹੁਤ ਹਰਮਨ-ਪਿਆਰੀ ਅਦਾਕਾਰਾ ਆਲੀਆ ਭੱਟ ਨੇ ਇੱਕ ਪ੍ਰਵਾਸਣ ਮਜ਼ਦੂਰ ਦਾ ਕਿਰਦਾਰ ਨਿਭਾਇਆ ।ਅਦਾਕਾਰੀ ਦੇ ਲਿਹਾਜ਼ ਤੋਂ ਬਹੁਤ ਹੀ ਚੰਗਾ ਕੰਮ ਕਰਕੇ ਦਿਖਾਇਆ ਆਲੀਆ ਨੇ, ਪਰ ਜੇਕਰ ਉਸਦੇ ਕਿਰਦਾਰ ਵੱਲ ਝਾਤ ਮਾਰੀਏ ਤਾਂ ਉਹ ਅਸਲੀਅਤ ਨਾਲ ਕਿਤੇ ਵੀ ਮੇਲ ਨਹੀਂ ਖਾਂਦੀ ।ਹਾਲਾਂਕਿ ਉਸਦੇ ਕਿਰਦਾਰ ਨੂੰ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਅਸਲ ਮੁੱਦਿਆਂ ਨਾਲ ਜੋੜਕੇ ਪੇਸ਼ ਕੀਤਾ ਜਾ ਸਕਦਾ ਸੀ ।ਸਰਹੱਦੀ ਖੇਤਰ’ਚ ਰਹਿੰਦੀਆਂ ਗਰੀਬ ਪ੍ਰਵਾਸਣ ਮਜ਼ਦੂਰਾਂ ਨੂੰ ਦਰਪੇਸ਼ ਆਉਂਦੀਆ ਸਮੱਸਿਆਵਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਸੀ ।ਪਰ ਅਜਿਹਾ ਕੁਝ ਵੀ ਨਾ ਹੋਕੇ ਆਲੀਆ ਦਾ ਕਿਰਦਾਰ ਸਿਰਫ ਕਹਾਣੀ ਦੀ ਮੰਗ ਹੋ ਨਿਬੜਦਾ ਹੈ ।

ਗਾਇਕ ‘ਟੌਮੀ ਸਿੰਘ’ ਦੇ ਰੂਪ ’ਚ ਸ਼ਾਹਿਦ ਦਾ ਕਿਰਦਾਰ ਇੱਕ ਚੰਗੀ ਪਹਿਲ:

ਫਿਲਮ ਵਿੱਚ ਬਹੁਤ ਕੁਝ ਪ੍ਰਸ਼ੰਸਾ ਦੇ ਕਾਬਿਲ ਵੀ ਹੈ ।ਪੰਜਾਬੀ ਗਾਇਕੀ ਲਗਾਤਾਰ ਲੱਚਰਤਾ, ਅਸ਼ਲੀਲਤਾ, ਨਸ਼ੇ ਅਤੇ ਅਲੂਲ-ਜਲੂਲ ਰੰਗ ਦੀ ਭੇਟ ਚੜ ਰਿਹਾ ਹੈ ।ਪੰਜਾਬੀ ਗਾਣਿਆਂ ਦੇ ਬੋਲ ਵੀ ਲਗਾਤਾਰ ਮਿਆਰ ਗਵਾ ਰਹੇ ਹਨ ।ਇਸ ਸਭ ਦੌਰਾਨ ਕਦੇ ਕੋਈ ਵੀ ਚਿਹਰਾ/ਫਿਲਮ ਇਸ ਮੁੱਦੇ ‘ਤੇ ਨਹੀਂ ਬੋਲੀ; ਇਸ ਦੌਰਾਨ ਫਿਲਮ ‘ਉਡਤਾ ਪੰਜਾਬ’ ਵਿੱਚ ਜਿੱਥੇ ਅਦਾਕਾਰ ਸ਼ਾਹਿਦ ਕਪੂਰ ਨੇ ਜੀਅ ਜਾਨ ਨਾਲ ਗਾਇਕ ‘ਟੌਮੀ ਸਿੰਘ’ ਦਾ ਰੋਲ ਬਾਖੂਬੀ ਨਿਭਾਇਆ ਹੈ, ਉੱਥੇ ਹੀ ਪੰਜਾਬੀ ਗਾਇਕੀ ਦੇ ਇਸ ਸ਼ਰਮਸਾਰ ਕਰ ਦੇਣ ਵਾਲੇ ਪਹਿਲੇ ਪਹਿਲੂ ‘ਤੇ ਕਰਾਰੀ ਚੋਟ ਮਾਰ ਕੇ ਡਾਇਰੈਕਟਰ ਅਨੁਰਾਗ ਕਸ਼ਅਪ ਨੇ ਸ਼ਲ਼ਾਘਾਯੋਗ ਪਹਿਲ ਕੀਤੀ ਹੈ ।ਉਮੀਦ ਕਰਦੇ ਹਾਂ ਭਵਿੱਖ ਵਿੱਚ ਹੋਰ ਵੀ ਅਜਿਹੇ ਫਿਲਮੀ ਕਿਰਦਾਰ ਦੇਖਣ ਨੂੰ ਮਿਲਣਗੇ ਜਿਸ ਨਾਲ ਇਸ ਵਿਸ਼ੇ ਨੂੰ ਠੱਲ ਪਏਗੀ ।ਇੱਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਜੇਕਰ ਸ਼ਾਹਿਦ ਕਪੂਰ ਦੇ ਕਿਰਦਾਰ ਵਿੱਚ ਗਾਲੀ ਗਲੋਚ ਦੀ ਕਮੀ ਹੁੰਦੀ ਤਾ ਇਹ ਸੋਨੇ ’ਤੇ ਸੋਹਾਗਾ ਵਾਲੀ ਗੱਲ ਹੋਣੀ ਸੀ; ਉਸ ਨਾਲ ਇਹ ਕਿਰਦਾਰ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਣਾ ਸੀ ।

ਚੰਗਾ ਗੀਤ-ਸੰਗੀਤ:

ਫਿਲਮ ਦੀ ਜੋ ਚੀਜ਼ ਤਸੱਲੀਬਖਸ਼ ਹੈ ਉਹ ਹੈ ਫਿਲਮ ਦਾ ਚੰਗਾ ਗੀਤ-ਸੰਗੀਤ ।ਫਿਲਮ ਦੇ ਸਾਰੇ ਹੀ ਗੀਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ ਭਾਵੇ ਉਹ ਪੋਪ ਅੰਦਾਜ ਹੋਏ, ਰੋਮਾਂਟਿਕ ਜਾ ਗੁਣਗੁਣਾਉਣ ਵਾਲਾ ।ਹਰ ਗੀਤ ਹੀ ਸਾਰੇ ਪਿੱਠਵਰਤੀ ਗਾਇਕਾਂ ਦੀ ਆਵਾਜ਼ ਵਿੱਚ ਕਮਾਲ ਕਰ ਰਹੇ ਹਨ ।

ਕੀ ਟਾਈਟਲ ਵਿੱਚ ਪੰਜਾਬ ਦਾ ਆਉਣਾ ਜ਼ਰੂਰੀ ਸੀ?

ਜੇਕਰ ਉਪਰੋਕਤ ਸਾਰੇ ਹੀ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਏ ਤਾਂ ਫਿਲਮ ਦੇ ਦ੍ਰਿਸ਼ਾਂ ਵਿੱਚੋ ਜੇਕਰ ਇੱਕ ਪਲ ਲਈ ਪੰਜਾਬ ਦੇ ਪਿੰਡਾ/ਸ਼ਹਿਰਾਂ ਦੇ ਨਾਮ, ਪੰਜਾਬੀ ਬੋਲੀ ਦੇ ਅੰਸ਼ਾਂ ਨੂੰ ਹਟਾ ਦਿੱਤਾ ਜਾਵੇ ਤਾਂ ਕੀ ਇਸ ਫਿਲਮ ਦਾ ਵਾਹ-ਵਾਸਤਾ ਪੰਜਾਬ ਸੂਬੇ ਨਾਲ ਰਹਿ ਜਾਵੇਗਾ? ਯਕੀਨਨ ਜਵਾਬ ਨਾਹ ਵਿੱਚ ਹੋਵੇਗਾ ।ਕਿਉਂ ਜੋ ਫਿਲਮ ਕਿਸੇ ਵੀ ਪੱਖ ਤੋਂ ਪੰਜਾਬ ਬਾਰੇ ਕੋਈ ਮਜਬੂਤ ਆਧਾਰ ਨਹੀਂ ਪੇਸ਼ ਕਰਦੀ ।ਨਾ ਹੀ ਕਿਤੇ ਪੰਜਾਬ ਦੀ ਕਿਰਸਾਨੀ, ਜਨਜੀਵਨ ਜਾਂ ਸਰਹੱਦੀ ਖੇਤਰ ਦੇ ਪ੍ਰਭਾਵਾਂ ਨੂੰ ਦ੍ਰਿਸ਼ਮਾਨ ਕੀਤਾ ਗਿਆ ਹੈ ।

ਇਸ ਲੇਖ ਨਾਲ ਫਿਲਮ ਨੂੰ ਸਿਆਸੀ ਰੰਗ ਵਿੱਚ ਹੋਰ ਨਹੀਂ ਲਪੇਟਿਆ ਜਾ ਰਿਹਾ, ਕੇਵਲ ਇਹ ਨਿੱਜੀ ਵਿਚਾਰ ਹਨ ਜੋ ਫਿਲਮ ਨੂੰ ਦੇਖਣ ਉਪਰੰਤ ਮਹਿਸੂਸ ਹੋਇਆ ਹੈ।

ਸੰਪਰਕ: +91 99886 46091

Comments

V.Abhi

Sahi hai...... Film ch Bhen***a gaal ta inj vrti agyi hai jiwe romantic filma ch ILU ILU hunda.......... :P Baki enni gaalan d lorh v nhi c.....sirf dhakke naal hi gaalan vrtian gayian...... Baki j Censor Board ne Abusive language krke film te rok layi c ta 100% sahi faisla c............

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ