Thu, 29 February 2024
Your Visitor Number :-   6875791
SuhisaverSuhisaver Suhisaver

ਮਨ ਹੋਲਾ ਕਰ ਲਈਦਾ ਹੈ - ਰਮੇਸ਼ ਸੇਠੀ ਬਾਦਲ

Posted on:- 02-10-2014

suhisaver

ਬਾਬੂ ਜੀ ਕੀ ਕਰੀ ਜਾਂਦੇ ਹੋ।

ਕਰਨਾ ਕੀ ਹੈ ਆਹ ਹੀ ਨਿੱਤ ਦਾ ਧੰਦਾ ਓਹੀ ਗੁਡੀਆਂ ਓਹੀ ਪਟੋਲੇ।
ਨਹੀਂ ਬਾਬੂ ਜੀ ਹੁਣ ਤਾਂ ਸੱਚੀ ਤੁਸੀ ਸਾਰਾ ਸਾਰਾ ਕੰਮ ਚ ਹੀ ਉਲਝੇ ਰਹਿੰਦੇ ਹੋ। ਪਹਿਲਾਂ ਤਾਂ ਇੰਨਾ ਕੰਮ ਨਹੀਂ ਸੀ ਹੁੰਦਾ ਤੁਹਾਨੂੰ । ਕੰਮ ਵੱਧ ਗਿਆ ਜਾ ਤੁਹਾਡੇ ਧੰਦੇ।

ਨਹੀਂ ਐਸੀ ਕੋਈ ਗੱਲ ਨਹੀਂ। ਪਹਿਲਾ ਚਿੱਠੀਆਂ ਦਾ ਰਿਵਾਜ ਸੀ। ਹੁਣ ਆਹ ਈ-ਮੇਲ ਦਾ ਜ਼ਮਾਨਾ ਹੈ। ਅਗਲੇ ਤੁਰੰਤ ਜਵਾਬ ਮੰਗਦੇ ਆ । ਤੂੰ ਦੱਸ ਕਿਵੇਂ ਸੀ । ਕਿਵੇਂ ਅੱਜ ਪੂਰੀ ਇਨਕੁਆਰੀ ਕਰੀ ਜਾਂਦਾ ਹੈ ।

ਨਹੀਂ ਬੱਸ ਇੱਕ ਨਿੱਕੀ ਜਿਹੀ ਪਰਾਬਲਮ ਸੀ। ਸਮਝ ਨਹੀਂ ਆਉਂਦੀ ਕਹਾਣੀ ਕੀ ਹੈ।
ਦੱਸ ਕੀ ਆ ਤੇਰੀ ਪਰਾਬਲਮ, ਆਪਾਂ ਹੁਣੇ ਕੋਈ ਮੰਤਰ ਪੜ੍ਹ ਦਿੰਦੇ ਹਾਂ।
ਨਹੀਂ ਬਾਬੂ ਜੀ ਗੱਲ ਥੋੜੀ ਸੋਚਣ ਵਿਚਾਰਣ ਆਲੀ ਹੈ ਮਜ਼ਾਕ ਨਾ ਕਰੋ। ਬਹੁਤ ਦੁਖੀ ਹਾਂ।

ਨਹੀਂ ਯਾਰ ਤੂੰ ਦੱਸ ਤੇ ਸਹੀ ਹੱਥੋ ਹੱਥ ਹੱਲ ਕਰਦੂੰਗਾ ਤੇਰੀ ਪਰਾਬਲਮ ਦਾ।
ਬਾਬੂ ਜੀ ਘਰੇ ਕਿੱਚ ਕਿੱਚ ਜਿਹੀ ਵੱਧ ਗਈ। ਤੇ ਨਿੱਤ ਕਾਟੋ ਕਲੇਸ਼ ਰਹਿੰਦਾ ਹੈ।

ਪਤਾ ਨਹੀਂ ਕਸੂਰ ਉਸਦਾ ਹੈ ਕਿ ਮੇਰਾ। ਪਾਰਾ ਮੇਰਾ ਵੀ ਚੜ੍ਹਿਆ ਰਹਿੰਦਾ ਹੈ। ਬਹੁਤ ਗੁੱਸਾ ਆਉਂਦਾ ਹੈ। ਕਿਸੇ ਦਿਨ ਪਟਾਕਾ ਜਿਹਾ ਨਾ ਪੈਜੇ ਕਿਤੇ। ਹੋਰ ਜੁਆਕ ਰੁਲ ਜਾਣ।

ਨਹੀਂ ਯਾਰ ਤੂੰ ਗੱਲ ਦੱਸ ਕੀ ਹੈ। ਕਿਉ ਆਉਂਦਾ ਹੈ ਤੈਨੂੰ ਗੁੱਸਾ। ਕੋਈ ਵਜ੍ਹਾ।
ਗੱਲ ਬਾਬੂ ਜੀ ਕੁਸ਼ ਵੀ ਨਹੀਂ। ਸਮਝ ਨਹੀਂ ਆਉਂਦਾ ਕਿ ਕਾਤੋਂ ਆਉਂਦਾ ਹੈ ਗੁੱਸਾ।
ਫਿਰ ਵੀ ਕੌਈ ਤੇ ਗੱਲ ਹੋਵੇਗੀ।

ਬਾਬੂ ਜੀ ਗੱਲ ਇਹ ਹੈ ਕਿ ਮੈਨੂੰ ਸਾਰਾ ਦਿਨ ਖਿੱਝ ਜਿਹੀ ਚੜ੍ਹੀ ਜਾਂਦੀ ਹੈ। ਕਈ ਵਾਰੀ ਤਾਂ ਉਸ ਦੀ ਮਾਂ ਦਾ ਫੋਨ ਆ ਜਾਂਦਾ ਹੈ ਤੇ ਉਹਨਾਂ ਘਰਦੇ ਨਿੱਤ ਦੇ ਕਲੇਸ਼ ਨਾਲ ਉਹ ਪ੍ਰੇਸ਼ਾਨ ਹੋ ਜਾਂਦੀ ਹੈ। ਤੇ ਗੁੱਸਾ ਮੇਰੇ ਤੇ ਕੱਢਦੀ ਹੈ। ਤੇ ਮੈਂ ਹੋਰ ਖਿੱਝ ਜਾਂਦਾ ਹਾਂ। ਕਦੇ ਕਦੇ ਰੋਟੀ ਨੂੰ ਲੈ ਕੇ ਹੀ ਝਗੜਾ ਹੋ ਜਾਂਦਾ ਹੈ। ਧਰਮ ਨਾਲ ਜਵਾਂ ਕੱਚੀ ਰੋਟੀ ਹੁੰਦੀ ਹੈ ਇੱਕ ਪਾਸਿਓਂ ਤੇ ਦੂਜੇ ਪਾਸਿਓ ਸੜੀ। ਹੁਣ ਦੱਸੋ ਦੋ ਜੀਆਂ ਦੀ ਰੋਟੀ ਵੀ ਕੋਈ ਪਹਾੜ ਹੈ। ਉਹ ਵੀ ਕਦੇ ਕਹਿ ਦੂ ਟਿਫਨ ਮੰਗਵਾ ਲੋ ।ਕਦੇ ਕਹੂ ਢਾਬੇ ਤੇ ਖਾ ਆਉਂਦੇ ਹਾਂ। ਮਤਲਬ ਬਹਾਨੇ। ਅਕਸਰ ਅਸੀ ਦੱਸ ਵਜੇ ਤੋ ਬਾਅਦ ਰੌਟੀ ਖਾਂਦੇ ਹਾਂ ਪਰ ਇਹ ਸ਼ੇਰ ਦੀ ਬੱਚੀ ਛੇ ਵਜੇ ਹੀ ਦਾਲ ਧਰਦੂ ਗੀ ਕੂਕਰ ਚ । ਖਾਣ ਵੇਲੇ ਨੂੰ ਬੇਹੀ ਹੋ ਜਾਂਦੀ ਹੈ । ਤੇ ਦਾਲ ਕੱਚੀ ਡੇਲੇ ਪਾਣੀ। ਕਦੇ ਕਦੇ ਤਾਂ ਮਨ ਮਾਰ ਕੇ ਖਾ ਲੈਂਦਾ ਹਾਂ ਤੇ ਕਦੇ ਭਾਈ ਬੋਲਿਆ ਵੀ ਜਾਂਦਾ ਹੈ। ਜਦੋਂ ਰੋਟੀ ਵੇਲਦੀ ਹੈ ਤਾਂ ਖੜਕਾ ਗਲੀ ਚ ਸੁਣਦਾ ਹੈ। ਤੇ ਫਰਿਜ ਚ ਪਤਾ ਨਹੀਂ ਬੇਹਾ ਤਬੇਹਾ ਕੀ ਕੁਝ ਰੱਖੀ ਜਾਂਦੀ ਹੈ। ਸਾਹ ਨਹੀਂ ਆਉਂਦਾ ਫਰਿਜ ਨੂੰ। ਜੇ ਕੁਝ ਬਜਾਰੋ ਲੈ ਆਈਏ ਤਾਂ ਪਿਆ ਸੜ੍ਹ ਜਾਂਦਾ ਹੈ ਫਰਿਜ ਚ । ਅਖੇ ਮੈਂ ਦੇਣਾ ਭੁੱਲ ਗਈ। ਦੱਸੋ ਹੁਣ ਤੁਸੀ ਦੱਸੋ ਬੰਦਾ ਬੋਲੇ ਕਿ ਨਾ । ਜੇ ਬੋਲੋ ਤਾਂ ਤੁਹਾਨੂੰ ਤਾਂ ਆਦਤ ਹੈ ਬੁੜ ਬੁੜ ਕਰਨ ਦੀ। ਬਾਬੂ ਜੀ ਸੁਣਦੇ ਪਏ ਹੋ ਨਾ ;ਵਸ ਉਸ ਨੇ ਸਾਹ ਲੈਣ ਵੇਲੇ ਪੁਛਿਆ।

ਹਾਂ ਹਾਂ ਮੈਂ ਸੁਣ ਰਿਹਾ ਹਾਂ। ਮੇਰਾ ਧਿਆਨ ਤੇਰੇ ਚ ਹੀ ਹੈ । ਮੈਂ ਆਖਿਆ। ਸੱਚੀ ਮੈਂ ਉਸ ਨੂੰ ਸੁਣਦਾ ਸੁਣਦਾ ਕਿਤੇ ਹੋਰ ਗੁਆਚ ਗਿਆ ਸੀ।

ਹੁਣ ਘਰੇ ਕੋਈ ਹੁੰਦਾ ਨਹੀਂ । ਬੱਚੇ ਬਾਹਰ ਪੜ੍ਹਦੇ ਹਨ। ਬਸ ਅਸੀ ਹੀ ਦੋ ਭਾਂਡੇ ਹਾਂ ਖੜਕਣ ਨੂੰ। ਗੱਲਾਂ ਤੇ ਕੁਝ ਵੀ ਨਹੀਂ ਹੰਦੀਆ ।ਫਿਰ ਓਹੀ ਗੱਲ ਆ ਜਾਂਦੀ ਹੈ। ਜਦੋ ਮੈ ਘਰੇ ਆਉਂਦਾ ਹਾਂ ਮੈਨੂੰ ਘਰੇ ਨਹੀਂ ਮਿਲਦੀ। ਕਦੇ ਗੁਰਦੁਆਰੇ ਕਦੇ ਬਾਜ਼ਾਰ ਤੇ ਕਦੇ ਕਿੱਟੀ ਤੇ। ਮੈਨੂੰ ਨਾ ਕਦੇ ਦਰਵਾਜਾ ਖੁਲਿਆ ਮਿਲਿਆ ਕਦੇ। ਆਪੇ ਗੇਟ ਖੋਲੋ ਤੇ ਆਪੇ ਗੱਡੀ ਅੰਦਰ ਕਰੋ। ਜਿਸ ਦਿਨ ਫੋਨ ਆਜੇ ਅਖੇ ਮੇਰੀ ਮਾਂ ਲੜ ਪਈ ਮੇਰੇ ਭੈਣ ਨਾਲ ਮੇਰੇ ਭਰਾ ਨਾਲ ਮੈ ਚੱਲੀ ਪੇਕੇ। ਤੀਹ ਸਾਲ ਹੋਗੇ ਵਿਆਹ ਨੂੰ ਇਹਦਾ ਅਜੇ ਪੇਕੇ ਜਾਣ ਦਾ ਚਾਹ ਨਹੀਂ ਮੁਕਿਆ। ਹਾਂ ਰੱਜ ਰੱਜ ਜਾਵੇ ਤਿੱਥ ਤਿਓਹਾਰ ਤੇ ਪਰ ਤੀਜੇ ਦਿਨ ਕੀ ਤੁੱਕ ਬਣਦਾ ਹੈ। ਨਾਲੇ ਅਗਲੇ ਅੋਖੇ ਸੋਖੇ ਹੁੰਦੇ ਹਨ। ਬਈ ਇਹ ਸਾਡੇ ਘਰ ਚ ਦਖਲ ਅੰਦਾਜੀ ਕਰਦੀ ਹੈ। ਆਵਦੀ ਵੀ ਇੱਜ਼ਤ ਘੱਟਦੀ ਹੈ ਕਿ ਨਹੀਂ। ਜੇ ਆਖੀਏ ਅਖੇ ਤੁਸੀ ਨਹੀਂ ਆਪਣੀ ਮਾਂ ਕੋਲ ਜਾਂਦੇ। ਲੈ ਸੁਣ ਲੋ ਸੰਦ ਪਰਾਗੇ।ਉਹ ਥੋੜਾ ਜਿਹਾ ਹਰਖ ਗਿਆ।

ਇਹ ਤਾਂ ਯਾਰ ਕੋਈ ਖਾਸ ਵਜ੍ਹਾ ਨਹੀਂ ਝਗੜੇ ਦੀ। ਮੈ ਠੰਡਾ ਛਿੜਕਣ ਦੀ ਕੋਸਿ਼ਸ ਕੀਤੀ।

ਨਹੀਂ ਬਾਬੂ ਜੀ ਤੂਹਾਨੂੰ ਛੋਟੀ ਗੱਲ ਲੱਗਦੀ ਹੋਊ। ਮੇਰੇ ਤਾਂ ਕਾਲਜਾ ਛਿੱਲਿਆ ਪਿਆ ਹੈ। ਵੀਹ ਵਾਰੀ ਆਖਿਆ ਬਈ ਆ ਵਾਲਾਂ ਤੇ ਮਹਿੰਦੀ ਜਿਹੀ ਨਾ ਲਾਇਆ ਕਰ। ਉਹ ਵੀ ਰੋਟੀ ਪਾਣੀ ਵੇਲੇ। ਨਾਂ ਜੀ ਕਿਉ ਹੱਟਣਾ ਹੈ। ਮੂੰਹ ਤੌ ਘਰਾਲਾਂ ਜਿਹੀਆਂ ਡਿੱਗੀ ਜਾਣਗੀਆਂ। ਧਰਮ ਨਾਲ ਰੋਟੀ ਸੂਲੀ ਹੋ ਜਾਂਦੀ ਹੈ। ਬਹੁਤ ਵਾਰੀ ਟੋਕਿਆ ਹੈ। ਫਿਰ ਉਹੀ ਗੱਲ ਆ ਜਾਂਦੀ ਹੈ ਕਹਿਣਾ ਤਾਂ ਮੰਨਣਾ ਹੀ ਨਾ ਹੋਇਆ ਨਾ। ਬੰਦਾ ਟਾਇਮ ਨਾਲ ਨਹਾ ਲਏ ਤਿਆਰ ਹੋਜੇ। ਢੰਗ ਦੇ ਕਪੜੇ ਪਾ ਲਵੇ । ਕੀ ਘੱਸਦਾ ਹੈ। ਬਸ ਜੇ ਫਰਸ਼ ਧੋਣ ਲੱਗਜੂ ਤਾਂ ਅੱਧੀ ਗਲੀ ਵੀ ਧੋ ਦੂ। ਗੁਆਂਢੀ ਬੋਲਦੇ ਹਨ। ਗਲੀ ਚ ਚਿੱਕੜ ਹੋ ਜਾਂਦਾ ਹੈ। ਜਿਹੜਾ ਕੰਮ ਕਹਿਤਾ ਉਹ ਤਾਂ ਕਰਨਾ ਨਹੀਂ ਨਾ। ਉਸ ਦਾ ਟੇਪ ਰਿਕਾਰਡ ਚਾਲੂ ਸੀ ਮੱਥੇ ਤੋ ਪਸੀਨਾ ਚੋ ਰਿਹਾ ਸੀ। ਤੇ ਮੂੰਹ ਚੋਂ ਝੱਗ। ਮੈਨੂੰ ਸਿੰਮਟਮ ਕੁਝ ਅਜੀਬ ਜਿਹੇ ਲੱਗੇ ਕਿਤੇ ਸੱਚੀ ਨਾ ਇਸਦੇ ਦਿਮਾਗ ਦੀ ਨਾਲੀ ਫੱਟ ਜੇ। ਕੋਈ ਨਾ ਮੈਂ ਤੇਰੀ ਭਰਜਾਈ ਨੂੰ ਆਖੂਗਾ ਉਹ ਸਮਝਾ ਦੇਵੇਗੀ ਉਸ ਨੂੰ। ਮੈਂ ਗੱਲ ਖਤਮ ਕਰਨ ਦੇ ਲਹਿਜੇ ਤੇ ਟਰਕਾਉਣ ਦੇ ਮੰਤਵ ਨਾਲ ਆਖਿਆ।

ਨਾ ਨਾ ਤੁਸੀ ਭਰਜਾਈ ਕੋਲੇ ਗੱਲ ਨਾ ਕਰਿਓੁ। ਫਿਰ ਕਹੂਗੀ ਤੁਸੀ ਮੇਰੀਆਂ ਚੁਗਲੀਆਂ ਕਰਦੇ ਹੋ। ਲੜਾਈ ਪਾਲੂਗੀ। ਕਲੇਸ਼ ਕਰੂਗੀ। ਮੈ ਤਾਂ ਬਸ ਮਨ ਹੋਲਾ ਕਰ ਲੈਂਦਾ ਹਾਂ ਤੁਹਾਡੇ ਕੋਲ।

ਉਹ ਡਰ ਗਿਆ ਜਾ ਘਬਰਾ ਗਿਆ। ਹੁਣ ਉਹ ਬਿਲਕੁਲ ਠੰਡਾ ਸੀ।

ਫਿਰ ਗੱਲ ਉਹੀ ਆ ਜਾਂਦੀ ਹੈ । ਜੇ ਕਦੇ ਜੁਆਕ ਆਉਂਦੇ ਹਨ ਤਾਂ ਉਹ ਸਾਡੀ ਕਿੱਚ ਕਿੱਚ ਵੇਖ ਕੇ ਸਹਿਮੇ ਸਹਿਮੇ ਰਹਿੰਦੇ ਹਨ। ਤੇ ਹੋਸਟਲ ਜਾਣ ਨੂੰ ਕਾਹਲੇ ਪੈਂਦੇ ਹਨ। ਉਹ ਦੋਨਾ ਪੁੜਾ ਚ ਫਸੇ ਹਨ। ਨਾ ਮਾਂ ਨੂੰ ਕੁਝ ਕਹਿ ਸਕਦੇ ਹਨ ਤੇ ਨਾ ਮੈਨੂੰ। ਬਸ ਸੁਣ ਸਾਡੀ ਦੋਹਾਂ ਦੀ ਲੈਂਦੇ ਹਨ। ਕੁੜੀ ਵਿਆਹਤੀ । ਉਸ ਕੋਲ ਕੀ ਗੱਲ ਕਰੀਏ। ਉਹ ਡਰਦੀ ਹੈ ਕਿ ਕਿਤੇ ਮੇਰੇ ਸੋਹਰਿਆਂ ਨੂੰ ਨਾ ਪਤਾ ਲੱਗਜੇ ਤੇ ਬਦਨਾਮੀ ਹੋਜੇ। ਨਾਲੇ ਉਸਦੀ ਸੱਸ ਕੁਪੱਤੀ ਹੈ। ਉਹ ਤਾਂ ਝੱਟ ਮੇਹਣਾ ਮਾਰਦੂਗੀ। ਉਸ ਦੀਆ ਸ਼ਿਕਾਇਤਾਂ ਦਾ ਦੋਰ ਜਾਰੀ ਸੀ। ਪਰ ਮੇਰੇ ਕੋਲੇ ਉਸ ਦਾ ਕੋਈ ਹੱਲ ਵੀ ਨਹੀਂ ਸੀ।

ਚੰਗਾ ਬਾਬੂ ਜੀ ਚਲਦਾ ਹਾਂ ਉਹ ਉਡੀਕਦੀ ਹੋਊਗੀ। ਸਵੇਰ ਦਾ ਘਰੋ ਨਿਕਲਿਆਂ ਹਾਂ। ਨਹੀਂ ਫਿਰ ਗੁੱਸੇ ਹੋ ਜਾਵੇ ਗੀ। ਚਲੋ ਮੇਹਰਬਾਨੀ ਤੁਹਾਡੀ ਜੀ। ਸੁਕਰੀਆ। ਇੱਕ ਤੁਸੀ ਹੀ ਹੋ ਜੌ ਮੇਰੀ ਪਰਾਬਲਮ ਸੁਣ ਲੈਦੇ ਹੋ। ਧਰਮ ਨਾਲ ਮੈ ਝੂਠ ਨਹੀਂ ਕਹਿੰਦਾ। ਤੁਹਾਡੇ ਨਾਲ ਗੱਲ ਕਰਕੇ ਸਕੂਨ ਜਿਹਾ ਮਿਲ ਜਾਂਦਾ ਹੈ। ਵੈਸੇ ਗੁੱਸਾ ਮੈਨੂੰ ਵੀ ਬਹੁਤ ਆਉੱਦਾ ਹੈ। ਸਾਰਾ ਦਿਨ ਹੱਡ ਭੰਨਵੀ ਮੇਹਨਤ ਕਰੀਦੀ ਹੈ। ਫਿਰ ਵੀ ਖੁੱਲ ਕੇ ਖਾ ਪੀ ਨਹੀਂ ਸਕਦੇ। ਖਰਚੇ ਜਿਆਦਾ ਹਨ। ਬਸ ਤੁਹਾਡੇ ਕੋਲੇ ਆਕੇ ਮਨ ਹੋਲਾ ਕਰ ਲਈ ਦਾ ਹੈ ਉਹ ਵੀ ਤਾਂ ਤੁਸੀ ਸੁਣ ਲੈਂਦੇ ਹੋ।ਨਹੀਂ ਤਾਂ ਕੋਣ ਸੁਣਦਾ ਹੈ ਕੋਈ ਕਿਸੇ ਦੀ। ਵੈਸੇ ਇਹ ਪਰਾਬਲਮ ਤਾਂ ਘਰ ਘਰ ਦੀ ਹੈ। ਤੇ ਉਹ ਉਠਕੇ ਚਲਾ ਗਿਆ। ਤੇ ਮੈ ਉਸ ਦੇ ਹੋਲੇ ਹੋਏ ਮਨ ਤੇ ਉਸਦੇ ਚੇਹਰੇ ਦੀ ਬਦਲੀ ਰੰਗਤ ਨੂੰ ਦੇਖਦਾ ਗਿਆ।

ਸੰਪਰਕ: +91 98766 27233

Comments

रमेश सेठी बादल

घरेलू माहोल पति पत्नी की आपसी नोक झोक पर अधरित कहानी।

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ