Mon, 15 July 2024
Your Visitor Number :-   7187262
SuhisaverSuhisaver Suhisaver

ਇਨਕਲਾਬੀ ਗੁਰੀਲੇ ਦੇ ਘਰ - ਮਨਦੀਪ

Posted on:- 20-06-2019

suhisaver

ਚੇ ਦੀ ਸ਼ਖ਼ਸੀਅਤ ਦਾ ਦਬੰਗੀ, ਖੂੰਖਾਰ ਗੁਰੀਲਾ ਅਤੇ ਹਿੰਸਕ ਨੌਜਵਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿੱਚ ਆਮ ਦੇਖਣ ਨੂੰ ਮਿਲ ਜਾਂਦਾ ਹੈ, ਜਿਵੇਂ ਸ਼ਹੀਦ ਭਗਤ ਸਿੰਘ ਦਾ ਬੰਬਾਂ-ਪਿਸਤੌਲਾਂ ਵਾਲਾ ਬਿੰਬ ਨੌਜਵਾਨਾਂ ਉੱਤੇ ਆਪਣਾ ਜਾਦੂਈ ਅਸਰ ਕਰਦਾ ਹੈ। ਇਹ ਇਨਕਲਾਬੀ ਰੁਮਾਂਸਵਾਦ ਕਈ ਵਾਰ ਇਨਕਲਾਬ ਦੇ ਚਿੰਨ੍ਹ ਸ਼ਹੀਦਾਂ ਨੂੰ ਮਿੱਥ ਬਣਾ ਦਿੰਦਾ ਹੈ। ਇਸ ਭੈੜੀ ਵਬਾ ਤੋਂ ਇਨਕਲਬੀ ਲਹਿਰਾਂ ਵਿੱਚ ਕੰਮ ਕਰਨ ਵਾਲੇ ਬਹੁਤੇ ਨੌਜਵਾਨ ਕਾਮੇ/ਆਗੂ ਵੀ ਅਛੂਤੇ ਨਹੀਂ ਰਹਿੰਦੇ। ਘੋੜੇ ਤੇ ਬੈਠਾ, ਪਿਸਤੌਲ ਨਾਲ ਨਿਸ਼ਾਨਾਂ ਸਾਧਦਾ, ਕਿਊਬਨ ਸ਼ਿਗਾਰ ਦਾ ਧੂੰਆਂ ਹਵਾ ਵਿੱਚ ਖਿਲਾਰਦਾ, ਮੋਢੇ ਤੇ ਟੰਗੀ M-12, ਮੋਟਰਸਾਇਕਲ ਉੱਤੇ ਧੂੜਾਂ ਪੁੱਟਦਾ ਜਾਂਦਾ, ਗਰਾਨਮਾ (ਕਿਸ਼ਤੀ) ਉੱਤੇ ਪੋਜ ਬਣਾਈ ਖੜਾ ਚੇ, ਓਲਡ ਫੈਸ਼ਨ ਦਾ ਬਰਾਂਡ ਅਬੈਂਸਡਰ ਨਹੀਂ ਹੈ। ਇਹਨਾਂ ਮਿੱਥਾਂ ਤੋਂ ਪਾਰ ਵੀ ਚੇ ਦਾ ਇਕ ਵਿਅਕਤੀਤਵ ਹੈ। ਉਸਦੇ ਦੇਸ਼ ਅਤੇ ਉਸਦੇ ਘਰ (ਚੇ ਮਿਊਜੀਅਮ) ਜਾ ਕੇ ਚੇ ਦੀ ਜ਼ਿੰਦਗੀ ਦੇ ਜੋ ਪਹਿਲੂ ਦੇਖੇ-ਜਾਣੇ, ਇੱਥੇ ਉਹਨਾਂ ਵਿਚੋਂ ਕੁਝ ਦਾ ਸੰਖੇਪ ਵੇਰਵਾ ਦੇਣ ਦਾ ਯਤਨ ਹੈ।

ਚੇ ਦਾ ਜਨਮ (14 ਜੂਨ 1928) ਅਰਜਨਟੀਨਾ ਦੇ ਸ਼ਹਿਰ ਰੋਸਾਰਿਓ ਵਿੱਚ ਹੋਇਆ। ਰੋਸਾਰਿਓ ਵਿਚੋਂ ਲੰਘਣ ਵਾਲੀ ਰੀਓ ਪਰਾਨਾ, ਜੋ ਅਰਜਨਟੀਨਾ ਦੇ ਕਈ ਮਹੱਤਵਪੂਰਨ ਖੇਤਰਾਂ ਵਿਚੋਂ ਹੋ ਕੇ ਪਰਾਗੁਏ ਤੱਕ ਜਾਂਦੀ ਹੈ, ਕਾਰਨ ਇਹ ਮੁੱਖ ਵਪਾਰਕ ਕੇਦਰਾਂ ਵਿਚੋਂ ਵੀ ਇੱਕ ਹੈ। ਇਸਦੀ ਭੂਗੋਲਿਕ ਤੇ ਵਪਾਰਕ ਮਹੱਤਤਾ ਕਾਰਨ ਇਹ ਸ਼ਹਿਰ ਮੁੱਢ ਤੋਂ ਹੀ ਵਿਦੇਸ਼ੀ ਵਪਾਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਦਾ ਕੇਂਦਰ ਰਿਹਾ ਹੈ। ਗੁਵਾਰਾ ਪਰਿਵਾਰ ਇੱਥੋਂ ਦੀ ਇੱਕ ਵੱਡਅਕਾਰੀ ਅਤੇ ਆਲੀਸ਼ਾਨ ਇਮਾਰਤ ਵਿੱਚ, ਜਿਸ ਵਿੱਚ ਦਰਜਨਾਂ ਹੋਰ ਫਲੈਟ ਸਨ, ਕਿਰਾਏ ਉੱਤੇ ਰਹਿੰਦਾ ਸੀ। ਇੱਥੇ ਹੀ ਚੇ ਦਾ ਜਨਮ ਹੋਇਆ।

ਗੁਵਾਰਾ ਦੇ ਘਰ ਜਾਣ ਤੇ ਪਤਾ ਲੱਗਾ ਕਿ ਇਸ ਆਲੀਸ਼ਾਨ ਇਮਾਰਤ ਵਿੱਚ ਚੇ ਨਾਲ ਸਬੰਧਿਤ ਕੋਈ ਯਾਦਗਰ ਨਹੀਂ ਹੈ, ਸਿਵਾਏ ਇਮਾਰਤ ਦੇ ਬਾਹਰ ਚੇ ਗੁਵਾਰਾ ਦੇ ਨਾਂ ਦੀ ਲੱਗੀ ਇੱਕ ਤਖਤੀ ਤੋਂ। ਉਹ ਕਮਰਾ ਜਿੱਥੇ ਚੇ ਦਾ ਜਨਮ ਹੋਇਆ ਸੀ ਉਹ ਹੁਣ ਕਿਸੇ ਨਵੇਂ ਕਿਰਾਏਦਾਰ ਕੋਲ ਕਿਰਾਏ ਤੇ ਹੈ। ਕਈ ਕਿਰਾਏਦਾਰ ਆਏ ਅਤੇ ਇਸ ਕਮਰੇ ਵਿੱਚ ਰਹਿ ਕੇ ਚਲੇ ਗਏ। ਇਮਾਰਤ ਦੇ ਮਾਲਕ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ ਕਿ ਇੱਥੇ ਮਹਾਨ ਇਨਕਲਾਬੀ ਦਾ ਜਨਮ ਹੋਇਆ ਸੀ ਅਤੇ ਨਾ ਹੀ ਅਰਜਨਟੀਨਾ ਦੀਆਂ ਸੱਜੇਪੱਖੀ ਤੇ "ਖੱਬੇਪੱਖੀ" ਸਰਕਾਰਾਂ ਨੂੰ। ਚੇ ਦੇ ਜਨਮ ਅਸਥਾਨ ਤੋਂ ਪਰਤਦਿਆਂ ਉਸਦੇ ਗਰਾਈਆਂ ਤੋਂ ਪਤਾ ਲੱਗਾ ਕਿ ਰੋਸਾਰੀਓ ਵਿੱਚ ਚੇ ਦੀ ਯਾਦ ਵਿੱਚ ਇਕ ਮਿਊਜੀਅਮ ਵੀ ਬਣਿਆ ਹੋਇਆ ਹੈ।

ਰੋਸਾਰੀਓ 'ਚ ਚੇ ਦੀ ਯਾਦਗਰੀ ਗੈਲਰੀ ਰੀਓ ਪਰਾਨਾ ਦੇ ਕੰਢੇ ਉੱਤੇ ਬੜੇ ਹੀ ਸੁੰਦਰ ਕੁਦਰਤੀ ਨਜ਼ਾਰਿਆਂ ਨਾਲ ਘਿਰੀ ਹੋਈ ਥਾਂ ਉੱਤੇ ਬਣੀ ਹੋਈ ਹੈ। ਰੀਓ ਦੇ ਕਿਨਾਰੇ ਦੂਰ ਤੱਕ ਲੰਮਾ ਇੱਕ ਪਾਰਕ ਬਣਿਆ ਹੋਇਆ ਹੈ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਦਾ ਚਹਿਲ-ਪਹਿਲ ਰਹਿੰਦੀ ਹੈ। ਕਦੇ-ਕਦੇ ਮਾਲ ਢੋਣ ਵਾਲੇ ਸਮੁੰਦਰੀ ਜਹਾਜਾਂ ਦੇ ਹਾਰਨ ਅਤੇ ਮਸ਼ੇਰਿਆਂ ਦੀਆਂ ਅਵਾਜਾਂ ਤੋਂ ਬਿਨਾਂ ਇਸ ਸ਼ਾਂਤ ਅਤੇ ਸੁੰਦਰ ਜਗ੍ਹਾ ਉੱਤੇ ਕੋਈ ਸ਼ੋਰ-ਸ਼ਰਾਬਾ ਜਾਂ ਖਲ੍ਹਲ ਨਹੀਂ। ਇਸ ਮਿਊਜੀਅਮ ਦਾ ਮਹੌਲ ਬੜਾ ਸਾਦਾ ਅਤੇ ਸਾਹਿਤਕ ਦਿੱਖ ਵਾਲਾ ਹੈ। ਥੀਏਟਰ ਹਾਲ ਵਾਂਗ ਇੱਕ ਮੱਧ ਅਕਾਰੀ ਇਮਾਰਤ ਵਿੱਚ ਕਲਾ ਖੇਤਰ ਨਾਲ ਸਬੰਧਿਤ ਕਈ ਵੰਨਗੀਆਂ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਹਨ। ਪੂਰਾ ਹਾਲ ਛੋਟੇ-ਛੋਟੇ ਕੈਬਿਨ ਬਣਾਕੇ ਕਈ ਹਿੱਸਿਆ ਵਿਚ ਵੰਡਿਆ ਹੋਇਆ ਹੈ। ਆਰਟ ਗੈਲਰੀ ਵਾਂਗ ਚੇ ਨਾਲ ਸਬੰਧਿਤ ਜਾਣਕਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਹਾਲ ਦੇ ਜ਼ਮੀਨਦੋਜ ਹਿੱਸੇ ਵਿੱਚ ਬਣਾਈ ਗਈ ਹੈ। ਪੂਰੀ ਤਰ੍ਹਾਂ ਸ਼ਾਂਤ ਅਤੇ ਸੁੰਨਸਾਨ ਗੈਲਰੀ, ਜਿੱੱਥੇ ਉਸਦੀ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ, ਉਹਨਾਂ ਦੇ ਵੇਰਵੇ (ਸਪੈਨਿਸ਼ ਭਾਸ਼ਾ ਵਿਚ) ਸਾਹਿਤ ਦੀਵਾਰਾਂ ਉੱਤੇ ਲੱਗੀਆਂ ਹੋਈਆਂ ਹਨ। ਇਸ ਜ਼ਮੀਨਦੋਜ ਗੈਲਰੀ ਵਿੱਚ ਇੱਕ ਕੋਨੇ ਤੇ ਪੁਰਾਣੇ ਵੇਲਿਆਂ ਦੀਆਂ ਇਮਾਰਤਾਂ ਵਾਂਗ ਇੱਕ ਰੌਸ਼ਨਦਾਨ ਵਿਚੋਂ ਦੀ ਰੀਓ ਵਾਲੇ ਪਾਸਿਓਂ ਆ ਰਹੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਚੇ ਦੀਆਂ ਸ਼ੀਸ਼ੇ ਦੀਆਂ ਕੰਧਾਂ ਉੱਤੇ ਬਣਾਈਆਂ ਤਸਵੀਰਾਂ ਦੇ ਨਕਸ਼ ਉਗਾੜ ਰਹੀਆਂ ਸਨ। ਗੈਲਰੀ ਵਿਚ ਚੇ ਦੀਆਂ ਤਸਵੀਰਾਂ ਤੋਂ ਇਲਾਵਾ ਉਸਦੀਆਂ ਹੱਥਲਿਖਤਾਂ ਦੇ ਫੋਟੋਕਾਪੀ ਕੀਤੇ ਕੁਝ ਪੰਨ੍ਹੇ ਸ਼ੀਸ਼ਿਆਂ ਵਿੱਚ ਜੜ੍ਹਾ ਕੇ ਰੱਖੇ ਹੋਏ ਹਨ। ਪੂਰੀ ਗੈਲਰੀ ਨੂੰ ਕਮਰੇ ਦੇ ਕੇਂਦਰ ਵਿੱਚ ਖੜਕੇ ਚਾਰੇ ਪਾਸੇ ਨਜ਼ਰ ਘੁੰਮਾ ਕੇ ਕੁਝ ਮਿੰਟਾਂ ਵਿੱਚ ਹੀ ਦੇਖਿਆ ਜਾ ਸਕਦਾ ਹੈ। ਬਸ ਇਹੀ ਕੁਝ ਹੈ ਚੇ ਦੀ ਯਾਦ 'ਚ ਬਣੀ ਇਸ ਗੈਲਰੀ ਵਿੱਚ ਜੋ ਸੁਭਾਵਿਕ ਹੀ ਨਾਕਾਫੀ ਹੈ। ਪ੍ਰਬੰਧਕਾਂ ਨੇ ਦੱਸਿਆ ਇੱਥੇ ਚੇ ਦਾ ਇੱਕ ਵੱਡਅਕਾਰੀ ਬੁੱਤ ਅਤੇ ਇੱਕ ਪਾਰਕ ਵੀ ਹੈ ਜੋ ਗੈਲਰੀ ਤੋਂ ਕੁਝ ਦੂਰੀ ਤੇ ਸੀ। ਪਾਰਕ ਸਿਰਫ ਨਾਮ ਦਾ ਹੀ ਪਾਰਕ ਸੀ। ਉਸ ਛੋਟੇ ਜਿਹੇ ਪਾਰਕ ਦੀ ਇੱਕ ਕੰਧ ਉੱਤੇ ਬਸ ਚੇ ਦੀ ਪੇਟਿੰਗ ਹੀ ਸੀ ਅਤੇ ਉਸਦਾ ਨਾਮ 'ਪਲਾਸਾ ਦੇ ਚੇ ਗੁਵਾਰਾ' ਸੀ। ਪਰ ਚੇ ਦਾ ਬੁੱਤ ਆਕ੍ਰਸ਼ਿਕ ਹੈ। ਚਾਰ ਮੀਟਰ ਲੰਮਾ ਅਤੇ ਤਿੰਨ ਸੌ ਕਿੱਲੋ ਦਾ ਬੁੱਤ, ਜਿਸ ਉੱਤੇ ਕਾਂਸੀ ਦੀ ਪਰਤ ਚਾੜ੍ਹੀ ਹੋਈ ਹੈ। ਇਹ ਬੁੱਤ 14 ਜੂਨ 2008 ਨੂੰ ਸਥਾਪਿਤ ਕੀਤਾ ਗਿਆ ਸੀ। ਫੌਜੀ ਵਰਦੀ ਅਤੇ ਸਿਰ ਤੇ ਲਾਲ ਤਾਰੇ ਵਾਲੀ ਮਸ਼ਹੂਰ ਫੌਜੀ ਟੋਪੀ ਵਾਲਾ ਰੋਹਬਦਾਰ ਮੁਦਰਾ 'ਚ ਖੜਾ ਚੇ ਦਾ ਇਹ ਬੁੱਤ ਉਸਦੀ ਸ਼ਖ਼ਸੀਅਤ ਦੇ ਪੂਰੇ ਮੇਚ ਦਾ ਹੈ। ਰੋਸਾਰੀਓ ਦੇ ਵੱਡੇ ਪਾਰਕ ਵਿੱਚ ਖੜਾ ਇਹ ਬੁੱਤ ਹਰ ਰਾਹਗੀਰ ਦਾ ਧਿਆਨ ਖਿੱਚਦਾ ਹੈ। ਨੇੜੇ ਹੀ ਫੁੱਟਬਾਲ ਦਾ ਮੈਦਾਨ ਹੈ ਜਿੱਥੇ ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਲਿਓਨਲ ਮੇਸੀ ਬਚਪਨ ਅਤੇ ਵਿਦਿਆਰਥੀ ਜੀਵਨ ਵੇਲੇ ਖੇਡਦਾ ਰਿਹਾ। ਚੇ ਗੁਵਾਰਾ ਤੇ ਲਿਓਨਲ ਮੇਸੀ ਦੀ ਜਨਮ ਭੂਮੀ ਕਰਕੇ ਰੋਸਾਰੀਓ ਦਾ ਨਾਮ ਦੁਨੀਆ ਭਰ ਜਾਣਿਆ ਜਾਂਦਾ ਹੈ।

ਰੋਸਾਰੀਓ ਵਿਚ ਚੇ ਦੇ ਜਨਮ ਤੋਂ ਬਾਅਦ ਉਸਨੂੰ ਸਾਹ ਦੀ ਸਮੱਸਿਆ ਰਹਿਣ ਲੱਗੀ। ਡਾਕਟਰਾਂ ਦੇ ਕਹਿਣ ਤੇ ਉਸਦੇ ਮਾਤਾ-ਪਿਤਾ ਚੇ ਨੂੰ ਨਾਲ ਲੈ ਕੇ ਅਰਜਨਟੀਨਾ ਦੇ ਵੱਡੇ ਸ਼ਹਿਰ ਕੋਰਦੋਬਾ ਤੋਂ ਚਾਲੀ ਕਿਲੋਮੀਟਰ ਦੂਰ ਕੁਦਰਤ ਦੀ ਗੋਦ ਵਿਚ ਵਸੇ ਇੱਕ ਨਿੱਕੇ ਜਿਹੇ ਪਿੰਡ ਆਲਤਾ ਗਰਾਸੀਆ ਆ ਗਏ। ਇੱਥੇ ਹੀ ਚੇ ਦਾ ਬਚਪਨ ਬੀਤਿਆ। 14 ਜੁਲਾਈ 2001 ਨੂੰ ਇਹ ਘਰ ਮਿਊਜੀਅਮ ਦੇ ਤੌਰ ਤੇ ਖੋਲ੍ਹ ਦਿੱਤਾ ਗਿਆ। ਇਸ ਘਰ ਵਿਚ ਚੇ ਅਤੇ ਉਸਦੇ ਪਰਿਵਾਰ ਨਾਲ ਸਬੰਧਿਤ ਵਸਤਾਂ, ਤਸਵੀਰਾਂ, ਹੱਥਲਿਖਤਾਂ ਆਦਿ ਨੂੰ ਵੱਖ-ਵੱਖ ਥਾਵਾਂ ਤੋਂ ਇਕੱਠਾ ਕਰਕੇ ਜਨਤਕ ਤੌਰ ਤੇ ਖੁੱਲ੍ਹੀ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ।

ਚੇ ਬਚਪਨ ਵਿਚ ਫੁਰਤੀਲਾ ਅਤੇ ਸ਼ਰਾਰਤੀ ਸੀ। ਉਹ ਖੇਡਾਂ ਅਤੇ ਪੜ੍ਹਾਈ ਵਿੱਚ ਹਮੇਸ਼ਾਂ ਅਵੱਲ ਰਹਿੰਦਾ। ਉਹ ਆਪਣੀ ਉਮਰ ਤੋਂ ਵੱਡੀ ਉਮਰ ਦੇ ਬੱਚਿਆਂ ਨਾਲੋਂ ਵੀ ਤੇਜ ਸੀ। ਚੇ ਨੂੰ ਗੌਲਫ ਖੇਡਣ ਦਾ ਬਹੁਤ ਸ਼ੌਂਕ ਸੀ। ਇਸਤੋਂ ਇਲਾਵਾ ਨਿੱਕੇ ਹੁੰਦਿਆਂ ਜੰਗਲ ਵਿਚ ਸ਼ਿਕਾਰ ਕਰਨ ਜਾਣਾ ਉਸਦਾ ਦੂਜਾ ਵੱਡਾ ਸ਼ੌਂਕ ਸੀ। ਸਾਰਾ ਦਿਨ ਟਪੂਸੀਆਂ ਮਾਰਦੇ ਫਿਰਨ ਕਰਕੇ ਸਾਰੇ ਉਸਨੂੰ 'ਚਾਂਚੋਂ' (ਸੂਰ) ਕਹਿਕੇ ਬੁਲਾਉਂਦੇ ਸਨ।

ਚੇ ਬਚਪਨ ਤੋਂ ਹੀ ਖੋਜੀ ਬਿਰਤੀ ਵਾਲਾ ਸੀ। ਉਹ ਆਪਣੀਆਂ ਖੇਡਾਂ ਆਪਣੇ ਹੱਥੀਂ ਬਣਾਉਂਦਾ। ਚੇ ਨੂੰ ਉਸਦੀ ਬਿਮਾਰੀ ਕਾਰਨ ਸਕੂਲ ਲੇਟ ਦਾਖਲ ਕਰਵਾਇਆ ਗਿਆ ਅਤੇ ਮਾਂ ਨੇ ਦੋ ਸਾਲ ਤੱਕ ਉਸਨੂੰ ਘਰ 'ਚ ਹੀ ਪੜ੍ਹਾਇਆ। ਕਵਿਤਾ ਨੂੰ ਪਿਆਰ ਕਰਨ ਵਾਲਾ ਚੇ ਪੇਂਟਿੰਗ, ਸੰਗੀਤ, ਫੁੱਟਬਾਲ, ਘੋੜਸਵਾਰੀ, ਗੌਲਫ, ਸਾਇਕਲਿੰਗ ਤੇ ਸਤਰੰਜ ਖੇਡਣਾ ਪਸੰਦ ਕਰਦਾ ਸੀ। ਇਹ ਘਰ ਉਸਦੀ ਸਾਹਿਤਕ ਅਤੇ ਸਾਹਸੀ ਕਾਰਨਾਮੇ ਕਰਨ ਦੀ ਪਹਿਲੀ ਪ੍ਰਯੋਗਸ਼ਾਲਾ ਸੀ ਅਤੇ ਉਸਦੇ ਪਹਿਲੇ ਅਧਿਆਪਕ ਉਸਦੇ ਮਾਤਾ-ਪਿਤਾ ਸਨ।

ਇਸਤੋਂ ਬਾਅਦ ਚੇ, ਸਕੂਲੀ ਪੜਾਈ, ਯੂਨੀਵਰਸਿਟੀ ਵਿੱਚ ਮੈਡੀਕਲ ਸਿੱਖਿਆ, ਦੋਸਤ ਅਲਬੇਰਤੋ ਨਾਲ ਮਿਲਕੇ ਦੱਖਣੀ ਅਮਰੀਕਾ ਦਾ ਦੌਰਾ ਕਰਨ, 1953 'ਚ ਅਰਜਨਟੀਨਾ ਨੂੰ ਅਲਵਿਦਾ, 1954 'ਚ ਗੁਆਟੇਮਾਲਾ ਦੀਆਂ ਸਿਆਸੀ ਸਰਗਰਮੀਆਂ 'ਚ ਹਿੱਸਾ, 1955 ਨੌਜਵਾਨ ਵਕੀਲ ਫੀਦਲ ਕਾਸਤਰੋ ਨਾਲ ਮੁਲਾਕਾਤ ਤੇ ਭਵਿੱਖ ਦੇ ਕਿਊਬਨ ਇਨਕਲਾਬ ਦੀ ਰੂਪ-ਰੇਖਾ ਬਣਾਉਣ, 1956 'ਚ ਪੀਰੂਵੀਅਨ ਮਾਰਕਸਵਾਦੀ ਮੁਟਿਆਰ ਹਿਲਦਾ ਨਾਲ ਮੈਕਸੀਕੋ 'ਚ ਪ੍ਰੇਮ ਵਿਆਹ, '26 ਜੁਲਾਈ ਲਹਿਰ' ਤੇ ਇਨਕਲਾਬੀ ਅਖਬਾਰ ਤੇ ਹੋਰ ਸਾਹਿਤ ਦੀ ਪ੍ਰਕਾਸ਼ਨਾ, ਮੈਕਸੀਕੋ ਤੋਂ ਕਿਊਬਾ ਵੱਲ ਕੂਚ ਅਤੇ ਗੁਰੀਲਾ ਕਾਰਵਾਈਆਂ ਦੇ ਦੋ ਵਰ੍ਹੇ, 1959 ਵਿਚ ਕਿਊਬਨ ਤਾਨਾਸ਼ਾਹ ਦਾ ਤਖਤਾਪਲਟ, ਕਈ ਸਾਲ ਕਿਊਬਨ ਇਨਕਲਾਬ ਦੀ ਪ੍ਰਪੱਕਤਾ ਲਈ ਜੱਦੋਜਹਿਦ, ਕਿਊਬਨ ਸਰਕਾਰ ਵਿਚ ਮਹੱਤਵਪੂਰਨ ਅਹੁਦੇੇ, ਦੁੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਦੇ ਦੌਰੇ, ਕਿਊਬਾ ਨੂੰ ਅਲਵਿਦਾ ਆਖ ਬੋਲੀਵੀਆ ਵਿਚ ਹਥਿਆਰਬੰਦ ਸੰਘਰਸ਼ ਲਈ ਯਤਨ ਕਰਦਿਆਂ ਅਖੀਰ 1967 'ਚ ਦੁਸ਼ਮਣ ਫੌਜ ਹੱਥੋਂ ਸ਼ਹੀਦ ਹੋਏ।

ਚੇ ਦੀ ਸ਼ਹੀਦੀ ਦੇ ਛੇ ਦਹਾਕੇ ਪੂਰੇ ਹੋਣ ਜਾ ਰਹੇ ਹਨ। ਇਸ ਦੌਰਾਨ ਸੰਸਾਰ ਹਾਲਤਾਂ ਬੇਹੱਦ ਤੇਜੀ ਨਾਲ ਬਦਲੀਆਂ ਹਨ। ਚੇ ਦੀ ਪ੍ਰਸਿੱਧੀ ਦੁਨੀਆਂ ਭਰ ਵਿਚ ਦਿਨ-ਬ-ਦਿਨ ਹੋਰ ਵੱਧ ਤਰੋਤਾਜਾ ਹੋ ਰਹੀ ਹੈ। ਪਰ ਇਹ ਪ੍ਰਸਿੱਧੀ ਜਿਅਦਾਤਰ ਉਸਦੇ ਵਿਅਕਤੀਤਵ ਦੁਆਲੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੇ ਦੀ ਰਹਿਨੁਮਾ ਵਿਚਾਰਧਾਰਾ ਅਤੇ ਉਸਦੇ ਆਦਰਸ਼ਾਂ ਨੂੰ ਛੁਟਿਆਉਣ ਦੇ ਵੀ ਯਤਨ ਹੋ ਰਹੇ ਹਨ। ਚੇ ਹਥਿਆਰਬੰਦ ਜਮਾਤੀ ਸੰਘਰਸ਼ ਦਾ ਮਿਸਾਲੀ ਲੜਾਕਾ ਸੀ, ਇਸ ਵਿੱਚ ਕੋਈ ਅੱਤਕਥਨੀ ਨਹੀਂ ਹੈ। ਪਰ ਹਰ ਤਰ੍ਹਾਂ ਦੀਆਂ ਮਿੱਥਾਂ ਵਿਚਕਾਰ ਚੇ ਇੱਕ ਵਿਚਾਰਵਾਨ ਇਨਕਲਾਬੀ ਵੀ ਸੀ। ਉਸਦਾ ਬਚਪਨ ਅਤੇ ਉਸਦੇ ਆਲਤਾ ਗਰਾਸੀਆ ਵਾਲੇ ਘਰ ਵਿਚ ਪਈਆਂ ਉਸਦੀਆਂ ਯਾਦਾਂ, ਉਸਦੇ ਬਚਪਨ ਦੇ ਸੰਗੀਆਂ ਤੇ ਗਰਾਈਆਂ ਦੇ ਜੁਬਾਨੀ ਕਿੱਸੇ ਅਤੇ ਕਿਊਬਾ ਵਿਚਲੇ ਘਰ ਵਿਚ ਪਈਆਂ ਉਸਦੀਆਂ ਹੱਥ-ਲਿਖਤਾਂ, ਉਸਦੇ ਭਾਸ਼ਣ ਅਤੇ ਮੁਲਾਕਾਤਾਂ ਚੇ ਦੀ ਵਿਚਾਰਵਾਨ ਸ਼ਖ਼ਸੀਅਤ ਤੋਂ ਜਾਣੂ ਕਰਵਾਉਂਦੇ ਹਨ। ਚੇ ਦਾ ਪਿੰਡ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ। ਸਪੈਨਿਸ਼ ਸੰਗੀਤਕਾਰ ਮਨੂਅਲ ਫਾਜਾ ਅਤੇ ਪ੍ਰਸਿੱਧ ਚਿੱਤਰਕਾਰ ਗਾਬਰੀਅਲ ਦੂਬੇ ਨੇ ਇੱਥੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਬਿਤਾਏ।

ਚੇ ਦੇ ਘਰ ਦੇ ਸਾਹਮਣੇ ਸੜਕ ਤੇ ਖੜ੍ਹਿਆਂ ਬਾਹਰੋਂ ਹੀ ਵਰਾਂਡੇ ਦੀ ਦੇਹਲੀ ਉੱਤੇ ਬਾਲ ਚੇ ਦਾ ਬੁੱਤ ਦੇਖਣ ਨੂੰ ਮਿਲਦਾ ਹੈ। ਸ਼ਾਖਸ਼ਾਤ ਬਾਲ ਚੇ ਜੋ ਗਹਿਰੀਆਂ ਅੱਖਾਂ ਨਾਲ ਘਰ ਆਏ ਮਹਿਮਾਨ ਦਾ ਸਵਾਗਤ ਕਰਦਾ ਜਾਪਦਾ ਚੇ। ਵਰਾਂਢੇ ਦੇ ਅੰਦਰ ਵੀ ਚੇ ਦਾ ਬੁੱਤ ਲੱਗਿਆ ਹੋਇਆ ਹੈ। ਹਰ ਸਾਲ ਇਸਦੇ ਇਕ ਪਾਸੇ ਕਿਊਬਾ ਦਾ ਝੰਡਾ ਅਤੇ ਦੂਸਰੇ ਪਾਸੇ ਅਰਜਨਟੀਨਾ ਦਾ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਇਸ ਬੁੱਤ ਦੇ ਇਕ ਪਾਸੇ, ਇੱਕ ਖੂੰਝੇ ਤੇ ਹਰ ਵਕਤ ਮਿਸਾਲ ਬਲਦੀ ਰਹਿੰਦੀ ਹੈ। ਘਰ ਦੀ ਲੌਬੀ 'ਚ ਚੇ ਦੀਆਂ ਜਵਾਨੀ ਤੋਂ ਲੈ ਕੇ ਅੰਤਲੇ ਦਿਨਾਂ ਤੱਕ ਦੀਆਂ ਵੱਡ ਅਕਾਰੀ ਤਸਵੀਰਾਂ ਲੱਗੀਆਂ ਹੋਈਆਂ ਹਨ। ਲੌਬੀ ਦੇ ਸੱਜੇ ਹੱਥ ਪਹਿਲਾ ਕਮਰਾ, ਚੇ ਦਾ ਕਮਰਾ ਹੈ। ਇੱਥੇ ਚੇ ਦਾ ਬੈੱਡ, ਉਸਦੀ ਨਿੱਕੇ ਹੁੰਦੇ ਦੀ ਸਕੂਲੀ ਵਰਦੀ, ਬੂਟ, ਖਿਡਾਉਣੇ, ਛੋਟੀ ਰੇਲਗੱਡੀ, ਸਕੂਲ ਬੈੱਗ, ਪੜ੍ਹਨ ਕੁਰਸੀ ਅਤੇ ਮੇਜ, ਕੁਝ ਕਿਤਾਬਾਂ ਆਦਿ ਪੂਰੀ ਤਰਤੀਬ ਨਾਲ ਚਿਣੀਆਂ ਪਈਆਂ ਹਨ। ਕਮਰੇ ਦੀਆਂ ਕੰਧਾਂ ਉੱਤੇ ਉਸਦੀਆਂ ਬਚਪਨ ਦੀਆਂ ਤਸਵੀਰਾਂ (ਸਮੇਤ ਪਰਿਵਾਰ) ਫਰੇਮ ਕਰਕੇ ਜੜ੍ਹੀਆਂ ਹੋਈਆਂ ਹਨ ਅਤੇ ਹੇਠਾਂ ਸਪੈਨਿਸ਼ ਭਾਸ਼ਾ ਵਿਚ ਉਹਨਾਂ ਦੇ ਵੇਰਵੇ ਦਿੱਤੇ ਹੋਏ ਹਨ। ਕੰਧ ਤੇ ਇਕ ਫਰੇਮ ਵਿਚ ਚੇ ਗੁਵਾਰਾ ਦੀ ਪਹਿਲੀ ਜਮਾਤ ਦੀ ਹੱਥਲਿਖਤ ਜੜ੍ਹੀ ਹੋਈ ਹੈ। ਜਿਸਤੇ ਵਿੰਗੇ-ਟੇਢੇ ਢੰਗ ਨਾਲ ਸਪੈਨਿਸ਼ ਭਾਸ਼ਾ ਦਾ 'ਊੜਾ-ਆੜਾ' ਉਲੀਕਿਆ ਹੋਇਆ ਹੈ। ਕੁਝ ਸ਼ਬਦ ਲਿਖਕੇ ਵਾਕ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੋਈ ਹੈ।

ਕੰਧਾਂ ਉੱਤੇ ਉਸਦੇ ਬਚਪਨ ਤੋਂ ਲੈ ਕੇ ਸਕੂਲੀ ਅਤੇ ਫਿਰ ਕਾਲਜੀ ਦਿਨਾਂ ਦੀਆਂ, ਦੋਸਤਾਂ ਨਾਲ ਬਾਹਰ ਘੁੰਮਣ ਦੀਆਂ, ਉਸਦੇ ਨੰਬਰ ਕਾਰਡਾਂ ਅਤੇ ਸ਼ਨਾਖਤੀ ਕਾਰਡਾਂ ਦੀਆਂ ਅਸਲ ਕਾਪੀਆਂ ਫਰੇਮ ਕਰਕੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਉਸਦੇ ਮੈਡੀਕਲ ਦੀ ਪੜਾਈ ਕਰਦੇ ਸਮੇਂ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਪ੍ਰਯੋਗਸ਼ਾਲਾ ਦੀਆਂ ਵੀ ਕਈ ਤਸਵੀਰਾਂ ਹਨ।

ਨਾਲ ਦੇ ਕਮਰੇ ਵਿੱਚ ਚੇ ਦਾ ਸਾਇਕਲ, ਗੌਲਫ ਕਿੱਟ, ਭੂਰਾ ਲੈਦਰ ਦਾ ਅਟੈਚੀ, ਸਟੋਵ, ਟਾਇਪਰਾਇਟਰ, ਟੇਬਲ ਲੈਂਪ, ਮੈਡੀਕਲ ਕੋਰਸ ਦੀਆਂ ਕਿਤਾਬਾਂ, ਲੱਕੜ ਦੇ ਕੱਪੜੇ ਟੰਗਣ ਵਾਲੇ ਸਟੈਂਡ ਤੇ ਟੰਗੀ ਹੋਈ ਸਫੈਦ ਕਮੀਜ਼, ਅਤੇ ਕੰਧਾਂ ਉੱਤੇ ਲਾਤੀਨੀ ਅਮਰੀਕੀ ਦੇਸ਼ਾਂ ਅਤੇ ਵਿਸ਼ਵ ਦਾ ਨਕਸ਼ਾ ਲਟਕ ਰਿਹਾ ਹੈ। ਚੇ ਦਾ ਸਾਇਕਲ ਉਸਦੀ ਖਾਸ ਅਤੇ ਖੋਜੀ ਬਿਰਤੀ ਦਾ ਨਮੂਨਾ ਹੈ। ਇਸ ਪੁਰਾਣੇ ਸਾਇਕਲ ਨੂੰ ਚੇ ਨੇ ਇਸ ਢੰਗ ਨਾਲ ਤਿਆਰ ਕੀਤਾ ਕਿ ਇਹ ਸਾਇਕਲ ਅਤੇ ਮੋਟਰਸਾਇਕਲ ਦੋਵਾਂ ਦਾ ਕੰਮ ਦਿੰਦਾ ਸੀ। ਚੇ ਨੇ ਇਸ ਸਾਇਕਲ ਹੇਠ ਇੱਕ ਛੋਟਾ ਜਿਹਾ ਇੰਜਣ ਲਾ ਕੇ ਅਤੇ ਸਾਇਕਲ ਦੀ ਪਿਛਲੀ ਸੀਟ ਉੱੇਤੇ ਤੇਲ ਦੀ ਟੈਂਕੀ ਲਗਾਕੇ ਇਸਨੂੰ ਨਵਾਂ ਅਵਤਾਰ ਦਿੱਤਾ। ਉਸਨੇ ਇਸ ਇੰਜਣ ਤੋਂ ਹੀ ਬਿਜਲੀ ਤਿਆਰ ਕਰਨ ਵਾਲਾ ਯੰਤਰ ਲਾ ਕੇ ਸਾਇਕਲ ਦੇ ਅੱਗੇ ਵੱਡੀ ਲਾਇਟ ਲਾਈ ਹੋਈ ਸੀ। ਉਸਦੀਆਂ ਬਚਪਨ ਦੀਆਂ ਖੇਡਾਂ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਇਹਨਾਂ ਦੀ ਸ਼ਕਲ ਵਿਗਾੜ ਕੇ, ਇਹਨਾਂ ਉੱਤੇ ਆਪਣੀ ਕਲਾਕਾਰੀ ਦਿਖਾਕੇ ਉਹਨਾਂ ਆਮ ਖੇਡਾਂ ਨੂੰ ਖਾਸ ਦਿੱਖ ਪ੍ਰਧਾਨ ਕਰਦਾ ਸੀ। ਇਸੇ ਲਈ ਬਚਪਨ 'ਚ ਉਹ ਆਪਣੀ ਮਿੱਤਰ ਮੰਡਲੀ ਦਾ ਮੋਹਰੀ ਸੀ। ਉਸਨੇ ਆਪਣੇ ਮੋੋਟਰਸਾਇਕਲ, ਮਾਡਲ 18 ਓ. ਐਚ. ਵੀ. ਜੋ 1936 'ਚ ਇੰਗਲੈਂਡ ਦਾ ਬਣਿਆ ਹੋਇਆ ਸੀ, ਤੇੇ ਲੱਗਭਗ ਸਾਰਾ ਲਾਤੀਨੀ ਅਮਰੀਕਾ ਗਾਹ ਮਾਰਿਆ। ਆਪਣੇ ਦੋਸਤ ਅਲਬੇਰਤੋ ਗਰਾਨਾਦੋ ਨਾਲ ਮਿਲਕੇ 4000 ਕਿਲੋਮੀਟਰ ਦਾ ਪਹਿਲਾ ਸਫਰ। ਇਹ ਮੋਟਰਸਾਇਕਲ, ਜੋ ਚੇ ਕਰਕੇ ਅੱਜ ਸੰਸਾਰ ਪ੍ਰਸਿੱਧ ਹੋ ਗਿਆ, ਅੱਜ ਉਸਦੇ ਘਰ ਸਦਾ ਲਈ ਅਰਾਮ ਫਰਮਾ ਰਿਹਾ ਹੈ। ਜਦੋਂ ਦੋਵੇਂ ਲਾਤੀਨੀ ਅਮਰੀਕਾ ਦੀ ਯਾਤਰਾ ਤੇ ਨਿਕਲੇ ਤਾਂ ਲਾਤੀਨੀ ਪ੍ਰੈੱਸ ਨੇ ਨੌਜਵਾਨ ਡਾਕਟਰ ਚੇ ਅਤੇ ਉਸਦੇ ਦੋਸਤ ਨੂੰ ਉਦੋਂ ਹੀ ਹੀਰੋ ਬਣਾ ਦਿੱਤਾ ਸੀ। ਅਖਬਾਰਾਂ ਦੇ ਇਹ ਪੰਨੇ ਉਹਨਾਂ ਦੀਆਂ ਤਸਵੀਰਾਂ ਸਮੇਤ ਅੱਜ ਵੀ ਕੰਧ ਉੱਤੇ ਜੜ੍ਹੇ ਹੋਏ ਹਨ। ਲੰਮੀ ਯਾਤਰਾ ਦੌਰਾਨ ਕਈ ਵਾਰੀ ਮੋਟਰਸਾਇਕਲ ਨੇ ਅੱਗੇ ਚੱਲਣ ਤੋਂ ਇਨਕਾਰ ਕੀਤਾ ਪਰ ਚੇ ਦੀ ਜਿੱਦ ਅੱਗੇ ਹਮੇਸ਼ਾਂ ਝੁਕ ਜਾਂਦਾ। ਕਈ ਤਸਵੀਰਾਂ ਅਜਿਹੀਆਂ ਹਨ ਜਿੱਥੇ 'ਡਾਕਟਰ' ਚੇ ਮੋਟਰਸਾਇਕਲ ਨੂੰ ਜ਼ਮੀਨ ਤੇ ਲਿਟਾਕੇ ਉਸਦਾ ਇੱਕ-ਇੱਕ ਅੰਗ ਖੋਲ੍ਹ ਕੇ ਉਸਦਾ ਅਪਰੇਸ਼ਨ ਕਰਨ 'ਚ ਰੁੱਝੇ ਨਜ਼ਰ ਆ ਰਹੇ ਹਨ। ਮੋਟਰਸਾਇਕਲ ਦਾ ਖਹਿੜਾ ਉਦੋਂ ਹੀ ਛੱਡਿਆ ਜਾਂਦਾ ਜਦੋਂ ਧਰਤੀ ਤੇ ਚੱਲਣ ਵਾਲਾ ਇਹ 'ਜੀਵ' ਪਾਣੀ ਤੇ ਚੱਲਣੋਂ ਇਨਕਾਰ ਕਰ ਦਿੰਦਾ। ਜੇਬੋਂ ਖਾਲੀ ਭਰ ਧੁਨ ਦੇ ਪੱਕੇ ਗੁਵਾਰਾ ਤੇ ਅਲਬੇਰਤੋ ਕਿੱਥੇ ਹਾਰ ਮੰਨਦੇ। ਜੰਗਲ ਚੋਂ ਲੱਕੜਾਂ ਇਕੱਠੀਆਂ ਕਰਕੇ ਬੇੜੀ ਬਣਾਉਂਦੇ, ਸਮੁੰਦਰੀ ਜਹਾਜ ਦਾ ਅਹਿਸਾਸ ਲੈਣ ਲਈ ਟੌਹਰ ਨਾਲ ਉੱਤੇ ਘਾਹ-ਫੂਸ ਦੀ ਛੱਤ ਬਣਾਕੇ ਦਰਿਆ 'ਚ ਠਿੱਲ੍ਹ ਪੈਂਦੇ। ਨਾਲ ਹੀ ਮੋਟਰਸਾਇਕਲ ਲੱਦ ਲੈਂਦੇ। ਕੋਲ ਟੱਪਰੀਵਾਸਾਂ ਵਾਂਗ ਭੁਰੇ ਰੰਗ ਦੀ ਲੈਦਰ ਦੇ ਮੈਲੇ-ਕੂਚੈਲੇ ਝੋਲੇ ਹੁੰਦੇ।

ਇਕ ਕਮਰੇ ਵਿਚ ਚੇ ਦਾ ਸਤਰੰਜ ਬੋਰਡ ਸ਼ੀਸ਼ੇ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਖੇਡਣ ਵਾਲੀਆਂ ਦੋ ਕੁਰਸੀਆਂ ਤੇ ਮੇਜ ਵੀ। ਬਚਪਨ ਵਿੱਚ ਸਿੱਖੇ ਸਤਰੰਜ ਦੇ ਗੁਰ ਉਸਨੇ ਸਿਅਰਾ ਮੈਅਸਤਰਾ ਦੀਆਂ ਪਹਾੜੀਆਂ 'ਚ ਦੁਸ਼ਮਣ ਖਿਲਾਫ ਗੁਰੀਲਾ ਯੁੱਧ ਦੌਰਾਨ ਅਜਮਾਏ। ਇਸੇ ਕਮਰੇ ਵਿੱਚ ਕਿਊਬਨ ਇਨਕਲਾਬ ਤੋਂ ਬਾਅਦ ਚੇ ਦੇ ਸੰਸਾਰ ਦੌਰੇ ਦੀਆਂ ਤਸਵੀਰਾਂ ਫਰੇਮ ਕਰਕੇ ਲਗਾਈਆਂ ਹੋਈਆਂ ਹਨ ਜਿਨ੍ਹਾਂ ਵਿਚ ਭਾਰਤ, ਸਿਆਮ (ਥਾਈਲੈਂਡ), ਇੰਡੋਨੇਸ਼ੀਆ, ਬਰਮਾ, ਜਪਾਨ, ਪਾਕਿਸਤਾਨ ਅਦਿ ਦੇਸ਼ਾਂ ਦੇ ਸਿਆਸੀ ਆਗੂਆਂ ਨਾਲ ਚੇ ਦੀ ਮਿਲਣੀ ਤਸਵੀਰਾਂ ਹਨ। ਭਾਰਤ ਵਿੱਚ ਜਵਾਹਰ ਲਾਲ ਨਹਿਰੂ ਨਾਲ ਹੱਥ ਮਿਲਾਂਉਂਦੇ ਦੀ ਫੋਟੋ ਇੱਕ ਵੱਖਰੇ ਫਰੇਮ ਵਿਚ ਵੱਡੀ ਕਰਕੇ ਲਾਈ ਹੋਈ ਹੈ। ਇਸੇ ਤਰ੍ਹਾਂ ਚੀਨ ਵਿਚ ਮਾਓ ਜੇ ਤੁੰਗ ਨਾਲ ਮਿਲਣੀ ਦੀ ਤਸਵੀਰ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਹੋਈ ਹੈ।

ਇਸਤੋਂ ਅਗਲੇ ਕਮਰੇ ਵਿਚ ਚੇ ਦੀ ਜ਼ਿੰਦਗੀ ਦੀਆਂ ਸਿਆਸੀ ਸਰਗਰਮੀਆਂ ਦੇ ਵੇਰਵੇ ਸ਼ੁਰੂ ਹੋ ਜਾਂਦੇ ਹਨ। ਗੁਆਟੇਮਾਲਾ ਵਿਚ ਫੀਦਲ ਨਾਲ ਮਿਲਣੀ, ਸਿਅਰਾ ਮੈਅਸਤਰਾ ਦੀਆਂ ਪਹਾੜੀਆਂ ਅਤੇ ਜੰਗਲਾਂ ਵਿਚ ਗੁਰੀਲਾ ਕੈਂਪ, ਜੰਗਲ ਵਿਚ ਬੈਠ ਕੇ ਪੜ੍ਹਦਾ ਹੋਇਆ ਚੇ, ਇਕ ਥਾਂ ਜੰਗਲ ਵਿਚ ਇੱਕ ਬੋਰਡ ਉੱਤੇ ਗੁਰੀਲਾ ਟੁਕੜੀ ਨੂੰ ਦੀ ਕਲਾਸ ਲੈਣ ਦਾ ਦ੍ਰਿਸ਼, ਜੰਗਲ ਵਿਚ ਗੁਰੀਲਿਆਂ ਨਾਲ ਅਨੇਕਾਂ ਤਸਵੀਰਾਂ, ਕਮਰੇ ਦੇ ਐਨ ਵਿਚਕਾਰ ਚੇ ਗੁਵਾਰਾ ਦੀ ਸ਼ੀਸ਼ੇ ਵਿਚ ਜੜੀ ਹੋਈ ਡਾਇਰੀ ਅਤੇ ਕੰਧਾਂ ਉੱਤੇ ਉਸ ਡਾਇਰੀ ਦੇ ਫੋਟੋਕਾਪੀ ਕਰਕੇ ਲਾਏ ਹੋਏ ਅਨੇਕਾਂ ਪੰਨ੍ਹੇ, ਇਕ ਕਮਰੇ ਵਿਚ ਹੀ ਉਸਦੇ ਸਿਆਸੀ ਜੀਵਨ ਦੀ ਪੇਸ਼ਕਾਰੀ ਕਰਨ ਦੀ ਵਿਉਂਤ ਨਾਲ ਲਾਏ ਹੋਏ ਹਨ। ਬੋਲੀਵੀਆਂ ਦੇ ਲਾ ਹਿਗੂਰਾ ਸਕੂਲ, ਜਿੱਥੇ ਚੇ ਦਾ ਦੁਸ਼ਮਣ ਫੌਜਾਂ ਵੱਲੋਂ ਕਤਲ ਕੀਤਾ ਗਿਆ ਸੀ, ਦੇ ਕੁਝ ਪੱਥਰ ਦੇ ਟੁੱਕੜੇ ਲਿਆ ਕੇ ਰੱਖੇ ਹੋਏ ਹਨ, ਜਿੰਨ੍ਹਾਂ ਉੱਤੇ ਉਸਦੀ ਮੌਤ ਦੀ ਮਿਤੀ ਦਾ ਵੇਰਵਾ ਦਰਜ ਹੈ। ਡਾਇਰੀ ਦੇ ਨਾਲ ਹੀ ਉਸਦਾ ਉਹ ਬੈੱਗ ਲਟਕ ਰਿਹਾ ਹੈ ਜੋ ਜੰਗਲ ਵਿਚ ਉਸਦੀ ਮਿੰਨੀ ਲਾਈਬਰੇਰੀ ਰਿਹਾ। ਮੋਢੇ ਤੇ ਬਾਦੂੰਕ, ਡੱਬ ਵਿੱਚ ਪਿਸਤੌਲ, ਲੱਕ ਦੁਆਲੇ ਕਾਰਤੂਸ, ਪਿੱਠੂ ਬੈਗ 'ਚ ਰਾਸ਼ਨ-ਪਾਣੀ ਤੇ ਹੋਰ ਜਰੂਰੀ ਸਮੱਗਰੀ, ਅਤੇ ਬਾਂਹ 'ਚ ਇਹ ਬੈੱਗ ਜੋ ਕਾਪੀ, ਪੈੱਨ ਅਤੇ ਕਿਤਾਬਾਂ ਵਰਗੇ 'ਖਤਰਨਾਕ' ਕਾਰਤੂਸਾਂ ਨਾਲ ਤੁੰਨਿਆਂ ਹੁੰਦਾ ਸੀ। ਸਭ ਤੋਂ ਖਤਰਨਾਕ  'ਕਾਰਤੂਸ' ਜੋ ਅੱਜ ਵੀ ਚੱਲ ਰਹੇ ਹਨ।

ਘਰ ਦੇ ਪਿਛਲੇ ਪਾਸੇ ਇੱਕ ਖੂੰਝੇ ਤੇ ਚੇ ਦਾ ਪੜ੍ਹਨ ਕਮਰਾ ਬਣਿਆ ਹੋਇਆ ਹੈ ਜਿੱਥੇ ਹੁਣ ਉਸਦੀ ਗੁਰੀਲਾ ਫੌਜੀ ਵਰਦੀ, ਉਸਦਾ ਮਨਪਸੰਦ ਸ਼ਿਗਾਰ, ਬੈਲਟ, ਕਿਊਬਾ ਦੇ ਕਰੰਸੀ ਨੋਟਾਂ ਅਤੇ ਸਿੱਕਿਆਂ ਉੱਤੇ ਚੇ ਦੀ ਫੋਟੋ ਲੱਗੇ (ਕਿਊਬਾ ਦੇ ਰਾਸ਼ਟਰੀ ਬੈਂਕ ਦੇ ਪ੍ਰਧਾਨ ਵਜੋਂ ਦਸਤਖਤ ਅਤੇ ਫੋਟੋ) ਨੋਟ ਅਤੇ ਸਿੱਕੇ ਪਏ ਹਨ। ਮੇਜ ਉੱਤੇ ਉਸਦੀ ਫੋਟੋ ਵਾਲੀਆਂ ਡਾਕ ਟਿਕਟਾਂ ਅਤੇ ਮੋਹਰਾਂ ਪਈਆਂ ਹਨ। ਲਾ ਹਿਗੂਰਾ ਸਕੂਲ ਦੀ ਇਕ ਇੱਟ ਦਾ ਟੁੱਕੜਾ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਦੁਸ਼ਮਣ ਤਾਕਤਾਂ ਨੇ ਚੇ ਦੀ ਮੌਤ ਤੋਂ ਬਾਅਦ ਉਹ ਸਕੂਲ ਤਬਾਹ ਕਰ ਦਿੱਤਾ ਸੀ। ਉਸਦੀ ਮੌਤ ਤੋਂ ਬਾਅਦ ਵੀ ਉਹਨਾਂ ਨੂੰ ਡਰ ਸੀ ਕਿ ਕਿਤੇ ਇਸ ਜਗ੍ਹਾ ਤੇ ਉਸਦੀ ਯਾਦਗਾਰ ਨਾ ਬਣ ਜਾਵੇ। ਇਕ ਪਾਸੇ ਕਿਤਾਬਾਂ ਨਾਲ ਭਰੀ ਇਕ ਲੱਕੜ ਦੀ ਅਲਮਾਰੀ ਪਈ ਹੈ।

ਘਰ ਦੇ ਬਾਗੀਚੇ ਵਿੱਚ ਇਕ ਵੱਡੇ ਬੈਂਚ ਉੱਤੇ ਗੁਰੀਲਾ ਫੌਜੀ ਵਰਦੀ ਪਹਿਨੀ ਬੈਠੇ ਚੇ ਦਾ ਕਾਂਸੀ ਦਾ ਬਣਿਆ ਬੁੱਤ ਹੈ। ਲੱਤ ਉੱਤੇ ਲੱਤ ਧਰੀ ਅਤੇ ਮੂੰਹ ਵਿਚ ਸ਼ਿਗਾਰ ਸੁਲਗਾਏ ਚੇ ਦਾ ਬੁੱਤ। ਬਾਗੀਚੇ ਨਾਲ ਇੱਕ ਹੋਰ ਹਾਲਨੁਮਾ ਕਮਰਾ ਬਣਿਆ ਹੋਇਆ ਹੈ। ਇੱਥੇ ਸੈਲਾਨੀਆਂ ਲਈ ਕੁਰਸੀਆਂ ਅਤੇ ਪ੍ਰੋਜੈਕਟਰ ਲਾ ਕੇ ਇਕ ਮਿੰਨੀ ਥੀਏਟਰ ਬਣਾਇਆ ਹੋਇਆ ਹੈ। ਜਿੱਥੇ ਸਕਰੀਨ ਉੱਤੇ ਚੇ ਦੇ ਜੀਵਨ ਅਧਾਰਿਤ ਡਾਕੂਮੈਂਟਰੀ ਚੱਲ ਰਹੀ ਹੈ। ਇੱਥੇ ਦੋ ਹੋਰ ਪੁਰਾਣੇ ਰੇਡੀਓ ਪਏ ਹਨ।

ਗੁਵਾਰਾ ਪਰਿਵਾਰ ਇੱਥੇ 1943 ਤੋਂ ਲੈਕੇ 1947 ਤੱਕ ਰਿਹਾ। ਇਸਤੋਂ ਬਾਅਦ ਉਹ ਅਰਜਨਟੀਨਾ ਦੀ ਰਾਜਧਾਨੀ ਬੋਏਨਸ ਆਇਰਸ ਚਲੇ ਗਏ। ਚੇ ਗੁਵਾਰਾ ਇਸਤੋਂ ਵੀ ਅੱਗੇ ਚਲੇ ਗਏ। ਗੁਆਟਮਾਲਾ, ਮੈਕਸੀਕੋ, ਕਿਊਬਾ, ਬੋਲੀਵੀਆ। ਅੱਜ ਉਹ ਸਾਰੇ ਸੰਸਾਰ 'ਚ ਨੇ। ਜਿਨ੍ਹਾਂ ਦਿਲਾਂ ਅੰਦਰ ਸੰਸਾਰ ਭਰ ਦੇ ਲੁੱਟੇ-ਲਤਾੜੇ ਜਾਂਦੇ ਲੋਕਾਂ ਦਾ ਦਰਦ ਹੁੰਦਾ ਹੈ, ਉਹਨਾਂ ਲਈ ਹੱਦਾਂ-ਸਰਹੱਦਾਂ ਕੋਈ ਬਹਾਨਾ, ਕੋਈ ਰੋਕ ਨਹੀਂ ਬਣਦੀਆਂ, ਪਾਰਿੰਦੇ ਨੂੰ ਬਸ ਜਲਣ ਲਈ ਸ਼ਮ੍ਹਾ ਹੀ ਤਾਂ ਚਾਹੀਦੀ ਹੈ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ