Fri, 19 July 2024
Your Visitor Number :-   7196122
SuhisaverSuhisaver Suhisaver

ਤੇ ਮੇਰੀ ਮਾਂ ਮਰ ਗਈ - ਰਮੇਸ਼ ਸੇਠੀ ਬਾਦਲ

Posted on:- 11-09-2014

suhisaver

ਜਦੋਂ ਇੱਕ ਦਮ ਮੇਰੀ ਅੱਖ ਖੁੱਲੀ ਤਾਂ ਸਿਰਹਾਣੇ ਪਏ ਮੋਬਾਇਲ ਫੋਨ ਨੂੰ ਚੁੱਕ ਕੇ ਟਾਇਮ ਦੇਖਿਆ ਤਿੰਨ ਵੱਜ ਕੇ ਤਿਰਤਾਲੀ ਮਿੰਟ ਨਜਰ ਆਏ।ਪਰ ਕਮਰੇ ਚ ਬਹੁਤ ਜ਼ਿਆਦਾ ਰੋਸ਼ਨੀ ਸੀ। ਚਾਨਣ ਜਿਹਾ ਦੇਖ ਕੇ ਲੱਗਿਆ ਕਿ ਇਹ ਅੱਠ ਵੱਜ ਕੇ ਤਿਰਤਾਲੀ ਮਿੰਟ ਹੋਣਗੇ ਸੋ ਨਾਲ ਹੀ ਪਿਆ ਦੂਸਰਾ ਮੋਬਾਇਲ ਚੁਕਿਆ ਤੇ ਉਸ ਤੇ ਵੀ ਇੰਨਾ ਹੀ ਟਾਇਮ ਸੀ। ਫਿਰ ਇਹ ਰੋਸ਼ਣੀ ਕਾਹਦੀ ਹੈ। ਮੈਂਨੂੰ ਏਨੇ ਸੁਵੱਖਤੇ ਜਾਗ ਕਿਉ ਆ ਗਈ। ਮਨ ਤੇ ਵੈਸੇ ਹੀ ਬੇਚੈਨ ਜਿਹਾ ਸੀ। ਮੇਰੀ ਮਾਂ ਲੁਧਿਆਣੇ ਦੇ ਹੀਰੋ ਹਾਰਟ ਹਸਪਤਾਲ ਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਦਾਖਿਲ ਸੀ ।ਉਸ ਤੋਂ ਪਹਿਲਾ ਉਹ ਬਠਿੰਡੇ ਦਾਖਿਲ ਰਹੀ ਕਈ ਦਿਨ। ਕੋਈ ਮੋੜ ਨਾ ਪਿਆ ਤੇ ਡਾਕਟਰ ਜਿੰਦਲ ਨੇ ਉਸਨੂੰ ਲੁਧਿਆਣੇ ਰੈਫਰ ਕਰ ਦਿੱਤਾ।

ਹਸਪਤਾਲਾਂ ਚ ਚੈਨ ਤੇ ਅਰਾਮ ਕਿੱਥੇ? ਇਹ ਤਾਂ ਹਸਪਤਾਲ ਦੇ ਨੇੜੇ ਹੀ ਇੱਕ ਕਮਰਾ ਲਿਆ ਹੋਇਆ ਸੀ ਤੇ ਜਿੱਥੇ ਰਾਤ ਨੂੰ ਆਕੇ ਸੋ ਜਾਂਦੇ ਸੀ। ਹਸਪਤਾਲ ਚ ਬੈ਼ਚਾਂ ਕੁਰਸੀਆਂ ਤੇ ਸੋਣਾ ਕਿਤੇ ਸੋਖਾ ਹੈ।ਕਮਰੇ ਚ ਮੇਰੇ ਛੋਟੇ ਬੇਟੇ ਤੋ ਇਲਾਵਾ ਉਸ ਦਾ ਮਾਮਾ ਤੇ ਉਸਦੀ ਮੰਮੀ ਹੀ ਸਨ।

ਕਹਿੰਦੇ ਜਦੋ ਬਿਪਤਾ ਆਉਂਦੀ ਹੈ ਤਾਂ ਇੱਕਲੀ ਨਹੀਂ ਆਉਂਦੀ। ਮੇਰੇ ਜੀਜਾ ਜੀ ਕਾਲੇ ਪੀਲੀਏ ਦਾ ਸ਼ਿਕਾਰ ਹੋ ਗਏ ਤੇ ਇਸ ਭਿਆਨਕ ਬਿਮਾਰੀ ਦਾ ਸਾਨੂੰ ਉਦੋਂ ਪਤਾ ਜਦੋ ਇਹ ਬੀਮਾਰੀ ਉਹਨਾਂ ਨੂੰ ਖਾ ਚੁੱਕੀ ਸੀ ਤੇ ਤਿੰਨ ਦਿਨ ਪਹਿਲਾ ਹੀ ਉਹ ਸਾਨੂੰ ਛੱਡ ਕੇ ਜਾ ਚੁੱਕੇ ਸਨ। ਮੈਂ ਕੱਲ੍ਹ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰਵਾ ਕੇ ਮਾਂ ਕੋਲ ਲੁਧਿਆਣੇ ਆਇਆ ਸੀ। ਤੇ ਮੇਰੇ ਮਾਂ ਦੀ ਬੀਮਾਰੀ ਦੀ ਵਜਾ ਵੀ ਇਹ ਇਹ ਲਾਇਲਾਜ ਬੀਮਾਰੀ ਹੀ ਸੀ। ਅਸੀ ਮੇਰੀ ਮਾਂ ਨੂੰ ਕੁਝ ਵੀ ਨਹੀਂ ਦੱਸਿਆ ਪਹਿਲਾਂ ਨਾ ਬੀਮਾਰੀ ਬਾਰੇ ਤੇ ਫਿਰ ਇਸ ਅਸਹਿ ਸਦਮੇ ਬਾਰੇ। ਪਰ ਇੱਕ ਮਾਂ ਦਾ ਦਿਲ ਤੇ ਸਭ ਬੁਝ ਹੀ ਜਾਂਦਾ ਹੈ। ਮਾਂ ਦੀ ਬੀਮਾਰੀ ਤਾਂ ਇੱਕ ਬਹਾਨਾ ਸੀ ਪਰ ਮਾਂ ਦੀ ਅਸਲ ਬੀਮਾਰੀ ਤਾਂ ਇਹ ਸਦਮਾ ਹੀ ਸੀ ਜੋ ਉਸ ਦਾ ਦਿਲ ਜਾਣ ਚੁੱਕਾ ਸੀ।ਪਰ ਉਹ ਜਾਣਬੁਝ ਕੇ ਅਨਜਾਣ ਬਣੀ ਰਹੀ ਤੇ ਅੰਤਰੋ ਅੰਦਰੀ ਧੁਖਦੀ ਰਹੀ।

ਸੁਵੱਖਤੇ ਖੁਲ੍ਹੀ ਅੱਖ ਨੇ ਮੈਂਨੂੰ ਪੇ੍ਰਸ਼ਾਨ ਕਰ ਦਿੱਤਾ। ਤੇ ਮੇਰਾ ਧਿਆਨ ਵਾਰੀ ਵਾਰੀ ਆਈ ਸੀ ਯੂ ਚ ਪਈ ਮੇਰੀ ਮਾਂ ਵੱਲ ਜਾ ਰਿਹਾ ਸੀ।ਮੈਂ ਬਾਕੀਆਂ ਨੂੰ ਉਠਾਉਣ ਦੀ ਪੂਰੀ ਕੋਸਿਸ ਕੀਤੀ। ਪਰ ਕਿਉਕਿ ਸਾਰੇ ਹੀ ਲੇਟ ਸੁੱਤੇ ਸਨ ਤੇ ਮੇਰੀ ਤਰਾਂ ਪਿਛਲੇ ਕਈ ਦਿਨਾਂ ਤੋਂ ਦੁੱਖਾਂ ਦੇ ਭੰਨੇ ਹੋਏ ਸਨ। ਫਰਬਰੀ ਦਾ ਮਹੀਨਾ ਸੀ ਤੇ ਉਠਕੇ ਮੈਂ ਗੀਜਰ ਚਲਾ ਦਿੱਤਾ। ਦੁਬਾਰਾ ਫਿਰ ਸੋਣ ਦੀ ਕੋਸਿਸ ਕੀਤੀ ਪਰ ਮੇਰੀ ਘਬਰਾਹਟ ਵੱਧਦੀ ਜਾ ਰਹੀ ਸੀ।ਮੈਂਨੂੰ ਨੀਂਦ ਕਿੱਥੇ। ਥੋੜੀ ਜਿਹੀ ਦੇਰ ਤਾਂ ਮੈਂ ਪਾਸੇ ਮਾਰਦਾ ਰਿਹਾ ਤੇ ਆਖਿਰ ਮੈਂ ਇੱਕ ਬਾਲਟੀ ਗਰਮ ਪਾਣੀ ਦੀ ਭਰ ਲਈ ਤੇ ਆਪਣੇ ਨਾਲਦਿਆਂ ਨੂੰ ਨਹਾ ਲੈਣ ਲਈ ਆਖਿਆ।ਕਿਉਕਿ ਹਸਪਤਾਲ ਵਿੱਚ ਮਰੀਜ ਨੂੰ ਮਿਲਣ ਦਾ ਸਮਾਂ ਅੱਠ ਵਜੇ ਦਾ ਸੀ ਤੇ ਮੈਂ ਲੇਟ ਨਹੀਂ ਸੀ ਹੋਣਾ ਚਾਹੁੰਦਾ। ਮੈਨੂੰ ਕੋਈ ਅੰਦਰੋ ਪੁਕਾਰ ਰਿਹਾ ਸੀ।

ਅਜੇ ਕੱਲ੍ਹ ਸ਼ਾਮੀ ਪੰਜ ਵਜੇ ਮੇਰੀ ਮਾਂ ਨੂੰ ਮੈਂ ਆਈ ਸੀ ਯੂ ਚ ਮਿਲਕੇ ਆਇਆ ਸੀ। ਉਹਨਾਂ ਪੰਦਰਾਂ ਮਿੰਟਾਂ ਦੀ ਮੁਲਕਾਤ ਵਿੱਚ ਮੇਰੀ ਮਾਂ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ। ਘਰਬਾਰ ਆਂਢ ਗੁਆਂਢ ਤੇ ਰਿਸ਼ਤੇਦਾਰੀ ਦੀਆਂ ਭਾਵ ਹਰ ਵਿਸ਼ੇ ਤੇ ਹੀ ਗੱਲ ਹੋਈ। ਮੇਰੀ ਮਾਂ ਉਸ ਸਮੇਂ ਬਹੁਤ ਸੋਹਣੀ ਲੱਗ ਰਹੀ ਸੀ ਗੋਰਾ ਨਿਛੋਹ ਰੰਗ ਚੇਹਰੇ ਤੇ ਲਾਲੀ।ਮੈਨੂੰ ਉਹ ਮਰੀਜ਼ ਨਹੀਂ ਸੀ ਲੱਗਦੀ। ਪਰ ਆਪਣੀ ਸਰਸਰੀ ਕੀਤੀ ਗਲਬਾਤ ਵਿੱਚ ਉਸਨੇ ਮੈਨੂੰ ਕਈ ਗੁੱਝੇ ਇਸ਼ਾਰੇ ਵੀ ਦਿੱਤੇ ਜੋ ਕਿਸੇ ਅਣਹੋਣੀ ਦੇ ਪ੍ਰਤੀਕ ਸਨ।ਜਿਨ੍ਹਾਂ ਨੂੰ ਮੈਂ ਮੋਕੇ ਤੇ ਸਮਝ ਨਹੀਂ ਸਕਿਆ। ਤੇ ਇਸ ਗੱਲ ਦਾ ਅਹਿਸਾਸ ਮੈਂਨੂੰ ਬਾਦ ਵਿੱਚ ਹੋਇਆ।ਚਾਹੇ ਮੈਂ ਪਹਿਲਾ ਹੀ ਇਕ ਭਾਰੀ ਸਦਮੇ ਵਿੱਚ ਸੀ ।ਅਜੇ ਕੱਲ੍ਹ ਹੀ ਤਾਂ ਮੈਂ ਆਪਣੇ ਹੱਥੀ ਆਪਣੇ ਘਰ ਦੇ ਤਾਜ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਆਇਆ ਸੀ।ਮੈਨੂੰ ਇਕਲੋਤੀ ਭੈਣ ਦੇ ਸੁਹਾਗ ਦੇ ਉਜੜ ਜਾਣ ਦਾ ਗਮ ਤੇ ਭਾਣਜਿਆਂ ਦੇ ਸਿਰ ਤੋ ਚੁੱਕੇ ਗਏ ਪਿਉ ਦੇ ਹੱਥ ਦਾ ਵੀ ਦੁੱਖ ਸੀ। ਅੱਖ ਚੋ ਇੱਕ ਹੰਝੂ ਕੇਰੇ ਬਿਨਾਂ ਇਹਨਾਂ ਦੁੱਖਾਂ ਨੂੰ ਦਿਲ ਚ ਸਹਿਣਾ ਬਹੁਤ ਹੀ ਮੁਸ਼ਕਿਲ ਸੀ।

ਬਹੁਤ ਫੁਰਤੀ ਨਾਲ ਤਿਆਰ ਹੋ ਕਿ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਅਸੀ ਹਸਪਤਾਲ ਵੱਲ ਨੂੰ ਚਾਲੇ ਪਾ ਦਿੱਤੇ। ਮੁਲਾਕਾਤ ਦੇ ਸਮੇ ਵਿੱਚ ਅਜੇ ਦੇਰੀ ਸੀ। ਪਰ ਮਨ ਚ ਇੱਕ ਬੇਚੈਨੀ ਸੀ ।ਕਿਸੇ ਦਿਲ ਦੀਆ ਤਰੰਗਾਂ ਮੈਨੂੰ ਆਪਣੇ ਵੱਲ ਖਿੱਚ ਰਹੀਆਂ ਸਨ।ਮੇਰੇ ਕਦਮਾਂ ਚ ਕਾਹਲੀ ਸੀ ਤੇ ਤੇ ਇੱਕ ਅਜੀਬ ਜਿਹੀ ਕਸਕ ਸੀ ।ਦਸ ਕੁ ਕਦਮ ਚੱਲਕੇ ਅਸੀ ਹਸਪਤਾਲ ਦੇ ਮੇਨ ਗੇਟ ਕੋਲ ਹੀ ਸੀ ਕਿ ਕਿਸੇ ਅਣਜਾਣ ਨੰਬਰ ਤੋ ਆਈ ਕਾਲ ਨੇ ਮੈਨੂੰ ਰੋਕ ਦਿੱਤਾ । ਉਸ ਨੇ ਮੇਰਾ ਨਾਮ ਪੁੱਛਕੇ ਮੈਨੂੰ ਹਸਪਤਾਲ ਦੇ ਐਮਰਜੰਸੀ ਵਾਰਡ ਵਿੱਚ ਪਹੁੰਚਣ ਲਈ ਕਿਹਾ। ਮੇਰਾ ਮਨ ਕਿਸੇ ਅਣਹੋਣੀ ਦੀ ਸ਼ੰਕਾ ਨਾਲ ਘਿਰ ਗਿਆ। ਹੁਣ ਕਦਮ ਬੋਝਲ ਹੋ ਗਏ ਤੇ ਸਾਹਮਣੇ ਨਜ਼ਰ ਆ ਰਹੀ ਹਸਪਤਾਲ ਦੀ ਇਮਾਰਤ ਵੀ ਬਹੁਤ ਦੂਰ ਨਜ਼ਰ ਆਉਣ ਲੱਗੀ।

ਮਿੰਟ ਸੈਕਿੰਡ ਵੀ ਘੰਟੇ ਲੱਗਣ ਲੱਗੇ।ਹਸਪਤਾਲ ਦੇ ਉਸ ਵਾਰਡ ਨੂੰ ਜਾਂਦੀ ਗੈਲਰੀ ਇੱਕ ਲੰਬੀ ਸੁਰੰਗ ਚ ਬਦਲ ਗਈ। ਤੇ ਵਾਰਡ ਦੇ ਅੰਦਰ ਵੜਦੇ ਹੀ ਮੇਰੀ ਨਜ਼ਰ ਮੇਰੀ ਮਾਂ ਤੇ ਪਈ ਜਿਸ ਨੂੰ ਮੌਤ ਧੂਹ ਕੇ ਲੈ ਜਾ ਰਹੀ ਸੀ ਤੇ ਡਾਕਟਰ ਉਸ ਨੂੰ ਰੋਕਣ ਲਈ ਆਪਣੀ ਜੱਦੋ ਜਹਿਦ ਕਰ ਰਹੇ ਸਨ। ਮੋਤ ਮੇਰੀ ਮਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਉਤਾਵਲੀ ਸੀ ਤੇ ਮੇਰੀ ਮਾਂ ਦੀਆਂ ਨਜ਼ਰਾਂ ਗੇਟ ਵਲ ਸਨ ਜਿਵੇ ਉਹ ਜਾਂਦੀ ਜਾਂਦੀ ਮੈਨੂੰ ਤੱਕਣਾ ਚਾਹੁੰਦੀ ਸੀ। ਪੁੱਤ ਨੂੰ ਦੱਸਣਾ ਚਾਹੁੰਦੀ ਸੀ ਆਪਣੇ ਜਾਣ ਬਾਰੇ। ਸ਼ਾਇਦ ਮੇਰੇ ਆਉਣ ਤੱਕ ਦੇ ਕੁਝ ਪਲ ਉਸ ਨੇ ਮੋਤ ਕੋਲੋ ਉਧਾਰੇ ਮੰਗੇ ਸਨ। ਮੇਰੀਆਂ ਨਜਰਾਂ ਦੇ ਸਾਹਮਣੇ ਮੇਰੀ ਮਾਂ ਦਾ ਸਰੀਰ ਸਥਿਰ ਹੋ ਗਿਆ ਤੇ ਮਨੀਟਰ ਤੇ ਆ ਰਹੀ ਉਚੀ ਨੀਵੀਂ ਲਾਈਨ ਇੱਕ ਸਿੱਧੀ ਰੇਖਾਂ ਚ ਬਦਲ ਗਈ।ਡਾਕਟਰਾਂ ਨੇ ਨੱਕ ਤੇ ਲੱਗੀ ਆਕਸੀਜਨ ਵਾਲੀ ਪਾਈਪ ਉਤਾਰ ਦਿੱਤੀ ਤੇ ਉਸ ਦਾ ਮੂੰਹ ਢੱਕ ਦਿੱਤਾ। ਇਸ ਤਰ੍ਹਾਂ ਮੇਰੇ ਸਾਹਮਣੇ ਹੀ ਮੇਰੀ ਮਾਂ ਮਰ ਗਈ।

ਸੰਪਰਕ: +91 98766 27233

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ