Fri, 23 February 2024
Your Visitor Number :-   6866064
SuhisaverSuhisaver Suhisaver

ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ

Posted on:- 23-03-2021

suhisaver

``ਅਸੀਂ ਬੁੱਤ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ  ਚਿੰਨ੍ਹਾਤਮਕ ਤੌਰ `ਤੇ ਇਹਨਾਂ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ । ਅਸੀਂ ਆਪਣੇ ਹੀਰੋ , ਪਿਆਰੇ ਜਾਂ ਗੁਰੂ ਦੀ ਫੋਟੋ ਜਾਂ ਮੂਰਤੀ ਆਪਣੇ ਘਰ `ਚ ਸਜਾਉਂਦੇ ਹਾਂ , ਇਹ ਤਸਵੀਰਾਂ ਜਾਂ ਮੂਰਤੀਆਂ ਸਾਡੇ ਅੰਦਰ ਜਜ਼ਬਾ ਤੇ ਉਤਸ਼ਾਹ ਪੈਦਾ ਕਰਦੀਆਂ ਹਨ । ਜੇ ਇਹਨਾਂ ਦੀ ਕੋਈ ਮਹੱਤਤਾ ਨਾ ਹੁੰਦੀ ਤਾਂ ਰੂਸ ਦੀ ਸਮਾਜਵਾਦੀ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਤੇ ਪੂੰਜੀਵਾਦੀ ਵਿਵਸਥਾ ਦੇ ਆਉਣ `ਤੇ ਲੈਨਿਨ ਦੇ ਬੁੱਤ ਨਾ ਤੋੜੇ ਜਾਂਦੇ ।  ਮਹਾਨ ਹਸਤੀਆਂ ਨਾਲ ਜੁੜੀਆਂ ਯਾਦਾਂ , ਸਥਾਨਾਂ ਤੇ ਪ੍ਰਤਿਮਾਵਾਂ ਦਾ ਅਹਿਮ ਸਥਾਨ ਹੁੰਦਾ ਹੈ । ਅੱਜ ਜਦੋਂ ਫਾਸੀਵਾਦੀ ਤਾਕਤਾਂ ਨੇ  ਪਟੇਲ ਨੂੰ ਹਿੰਦੂਤਵ ਦਾ ਚਿਹਰਾ ਬਣਾ ਕੇ ਉਸਦਾ ਵੱਡ- ਅਕਾਰੀ ਬੁੱਤ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ ਤਾਂ ਮਿਹਨਤਕਸ਼ ਲੋਕਾਂ ਦੀ ਸਹਾਇਤਾ ਨਾਲ ਲਗਾਇਆ ਭਗਤ ਸਿੰਘ ਦਾ ਇਹ ਬੁੱਤ ਫਾਸੀਵਾਦ ਦੇ ਉਲਟ  ਇਨਕਲਾਬ ਦਾ ਪ੍ਰਤੀਕ   ਹੈ ।``
      
ਇਹ ਬੋਲ ਸਨ `ਸ਼ਹੀਦ ਭਗਤ ਸਿੰਘ ਦਿਸ਼ਾ ਟਰੱਸਟ` ਦੇ  ਪ੍ਰਧਾਨ ਕਾਮਰੇਡ ਸ਼ਿਆਮ ਸੁੰਦਰ ਹੁਰਾਂ ਦੇ , ਸਮਾਂ ਸੀ 28 ਸਤੰਬਰ 2015 , ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ 100 ਮੀਟਰ ਦੀ ਦੂਰੀ `ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਲੋਕ -ਅਰਪਣ ਦਾ ।

ਕਰੀਬ ਸਾਢੇ ਪੰਜ  ਸਾਲ  ਬਾਅਦ ਉਪਰੋਕਤ ਕਹੇ ਬੋਲ ਸੱਚ ਹੁੰਦੇ ਜਾਪ ਰਹੇ ਨੇ ; ਪੰਜਾਹ ਫੁੱਟ ਉਚਾਈ ਵਾਲਾ  ਸ਼ਹੀਦ -ਏ -ਆਜ਼ਮ ਦਾ ਬੁੱਤ ਦੇਖਣ ਵਾਲਿਆਂ `ਚ  ਇਨਕਲਾਬੀ ਚੇਤਨਾ ਦਾ ਸੰਚਾਰ ਕਰਦਾ ਹੈ । ਰੇਲ ਯਾਤਰੂ ਜਦੋਂ ਇਸਨੂੰ ਦੇਖਦੇ ਹਨ ਤਾਂ ਆਪ -ਮੁਹਾਰੇ `ਇਨਕਲਾਬ ਜ਼ਿੰਦਾਬਾਦ` ਦਾ  ਨਾਅਰਾ ਮੂੰਹੋਂ ਨਿਕਲਦਾ ਹੈ । ਨੌਜਵਾਨ ਸ਼ਹੀਦ ਦੀ ਪ੍ਰਤਿਮਾ ਨਾਲ ਤਸਵੀਰਾਂ ਖਿਚਵਾਉਂਦੇ ਹਨ ਤੇ ਸੰਸਥਾ ਤੋਂ ਸ਼ਹੀਦ ਦੇ ਵਿਚਾਰਾਂ ਬਾਰੇ ਜਾਣੂ ਹੁੰਦੇ ਹਨ । ਸੰਘਰਸ਼ਸ਼ੀਲ ਕਿਰਤੀ ਲੋਕਾਂ ਨੂੰ ਇਹ ਬੁੱਤ ਆਪਣੇ ਲੋਕ -ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਦੀ ਪ੍ਰੇਰਨਾ ਦਿੰਦਾ ਜਾਪਦਾ ਹੈ ।
         
ਸ਼ ਦਾ ਸਭ ਤੋਂ ਉਚਾ ਬਸਟ ( ਸੀਨੇ ਤੱਕ ਦਾ ਬੁੱਤ  ) 32 ਫੁੱਟ ਉਚੀ ਤੇ 20 ਫੁੱਟ ਚੌੜੀ ਅਧਾਰ -ਸ਼ਿਲਾ `ਤੇ ਸੁਸ਼ੋਭਿਤ  ਹੈ । ਬੁੱਤ ਦੀ ਆਪਣੀ ਉਚਾਈ 18 ਫੁੱਟ ਚੌੜਾਈ 14 ਫੁੱਟ ਤੇ ਮੋਟਾਈ 8 ਫੁੱਟ ਹੈ । ਕਾਂਸੇ ਦੀ ਇਸ ਮੂਰਤੀ ਦਾ ਕੁਲ ਵਜ਼ਨ ਢਾਈ ਟਨ ਹੈ । ਇਸ ਤੱਕ ਜਾਣ ਲਈ 38 ਪੌੜੀਆਂ ਬਣਾਈਆਂ ਗਈਆਂ ਹਨ । ਟਰੱਸਟ ਦੇ ਵਿੱਤ ਸਕੱਤਰ ਸ੍ਰੀ ਸੁਰੇਸ਼ ਕੁਮਾਰ ਅਨੁਸਾਰ , `` ਬੁੱਤ ਅਤੇ ਅਧਾਰ -ਸ਼ਿਲਾ  `ਤੇ ਕੁਲ 40 ਲੱਖ ਰੁ ਖ਼ਰਚ ਹੋਏ ਹਨ । ਕੋਈ ਸਰਕਾਰੀ ਸਹਿਯੋਗ ਨਹੀਂ ਲਿਆ ਗਿਆ  ਬਲਕਿ  ਮਿਹਨਤਕਸ਼ ਲੋਕਾਂ ਦੀ ਮੱਦਦ ਨਾਲ ਇਹ ਵਿਸ਼ਾਲ ਪ੍ਰਤਿਮਾ ਹੋਂਦ ` ਚ ਆਈ ਹੈ । `` ਬੁੱਤ ਉੱਤੇ ਕੁਲ 2255000 ਰੁ ਖ਼ਰਚ ਹੋਏ ਹਨ ਤੇ 32 ਫੁੱਟ ਉਚੀ ਅਧਾਰ -ਸ਼ਿਲਾ `ਤੇ 1800000 ਰੁ ਖ਼ਰਚ ਹੋਏ । ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵੀ ਕਿਰਤੀ ਲੋਕਾਂ ਦੇ ਆਗੂ ਫੂਲ ਸਿੰਘ (ਪ੍ਰਧਾਨ ਜਨ-ਸੰਘਰਸ਼ ਮੰਚ ਹਰਿਆਣਾ ) ਦੁਆਰਾ ਅਦਾ ਕੀਤੀ ਗਈ ।
      
`  ਬੁੱਤ ਲਗਾਉਣ  ਦਾ ਵਿਚਾਰ ਕਿਵੇਂ ਬਣਿਆ ?` ਇਹ ਪੁੱਛਣ `ਤੇ ਕਾਮਰੇਡ ਸ਼ਿਆਮ ਸੁੰਦਰ ਕਹਿੰਦੇ ਹਨ , `` ਜਦੋਂ ਅਸੀਂ ਭਗਤ ਸਿੰਘ ਦਾ ਦੁਬਾਰਾ ਗੰਭੀਰਤਾ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਇਸ ਸਿੱਟੇ `ਤੇ ਪਹੁੰਚੇ ਕਿ ਭਗਤ ਸਿੰਘ  ਹੀ ਸਹੀ ਅਰਥਾਂ `ਚ ਭਾਰਤ ਦੀ ਧਰਤੀ `ਤੇ ਪਹਿਲੇ ਮਾਰਕਸਵਾਦੀ ਚਿੰਤਕ ਹਨ । ਦੇਸ਼ `ਚ ਕਈ ਕਮਿਊਨਿਸਟ ਧਿਰਾਂ   ਹੋਣ ਦੇ ਬਾਵਜੂਦ ਭਗਤ ਸਿੰਘ ਦਾ ਚਿੰਤਨ ਹੀ ਇਨਕਲਾਬ ਦਾ ਪ੍ਰੋਗਰਾਮ ਪੇਸ਼ ਕਰਦਾ ਹੈ ਤੇ ਕਿਰਤੀ ਲੋਕਾਂ ਦੀ ਮੁਕਤੀ ਇਸੇ ਰਾਹ `ਤੇ ਚੱਲ ਕੇ ਹੋ ਸਕਦੀ ਹੈ । ਸਾਡੀ ਸੰਸਥਾ ਨੇ ਫੈਸਲਾ ਕੀਤਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਫੈਲਾਉਣ ਲਈ ਇੱਕ ਸੈਂਟਰ ਬਣੇ । ਆਕਰਸ਼ਣ ਤੇ ਪ੍ਰੇਰਣਾ ਲਈ ਇੱਕ ਵਿਸ਼ਾਲ ਬੁੱਤ ਸਥਾਪਤ ਕੀਤਾ ਜਾਵੇ ਜੋ ਪੂਰੀ ਦੁਨੀਆ ਦੇ ਲੋਕਾਂ ਨੂੰ ਦਿਖੇ । ਇਸੇ ਉਦੇਸ਼ ਲਈ ਅਸੀਂ ਮਿਹਨਤਕਸ਼ ਲੋਕਾਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਕੋਲ ਜਗ੍ਹਾ ਖ਼ਰੀਦੀ ।  ਇਸੇ ਸੰਸਥਾਨ `ਚ ਇੱਕ ਲਾਇਬ੍ਰੇਰੀ ਵੀ ਖੋਲ੍ਹੀ ਹੈ ।``  
          
ਅੰਤਰਰਾਸ਼ਟਰੀ ਸੋਚ ਵਾਲੇ ਵਿਚਾਰਕ ਸ਼ਹੀਦ -ਏ -ਆਜ਼ਮ ਭਗਤ ਸਿੰਘ ਨੂੰ ਭਾਰਤ ਦੇ ਨਾਲ -ਨਾਲ ਪਾਕਿਸਤਾਨ `ਚ ਵੀ ਯਾਦ ਕੀਤਾ ਜਾਂਦਾ ਹੈ । ਇਹ ਬੁੱਤ ਦਿੱਲੀ -ਅੰਮ੍ਰਿਤਸਰ ਰੇਲਵੇ ਲਾਈਨ ਕੋਲ ਸਥਿਤ ਹੈ ਜੋ ਸਿੱਧਾ ਲਾਹੌਰ ਨੂੰ ਜਾਂਦੀ ਹੈ । ਅੱਜ ਜਦੋਂ ਆਪਣੇ ਨਿੱਜੀ ਸਵਾਰਥ ਲਈ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨਫ਼ਰਤ ਦੀ ਰਾਜਨੀਤੀ ਕਰ ਰਹੀਆਂ ਹਨ , ਉਥੇ ਇਹ ਬੁੱਤ ਦੋਹਾਂ ਮੁਲਕਾਂ ਦੇ ਕਿਰਤੀਆਂ ਨੂੰ ਉਹਨਾਂ ਦੇ ਸਾਂਝੇ ਹਿੱਤਾਂ ਦੀ  ਯਾਦ ਦਿਲਾਉਂਦਾ  ਹੋਇਆ `ਸੂਹੀ ਸਵੇਰ ` ਦੀ ਪ੍ਰਾਪਤੀ ਲਈ ਸੰਘਰਸ਼ ਦਾ ਹੋਕਾ ਦੇ ਰਿਹਾ ਹੈ ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ