Sun, 25 February 2024
Your Visitor Number :-   6868457
SuhisaverSuhisaver Suhisaver

ਭਤੀਜ! ਆਪਣੇ ਪੰਜਾਬ ਦੀ ਵਾਰੀ ਕਦੋਂ ਆਊਗੀ... –ਰਵਿੰਦਰ ਹੀਰਕੇ

Posted on:- 12-04-2016

suhisaver

ਮੈਂ ਪਿਛਲੇ ਦਿਨੀਂ ਦਫ਼ਤਰ ’ਚੋਂ ਛੁੱਟੀ ਲੈ ਕੇ ਮਾਤਾ-ਪਿਤਾ ਨੂੰ ਮਿਲਣ ਪਿੰਡ ਗਿਆ। ਮਿੰਨੀ ਬੱਸ ਤੋਂ ਉੱਤਰਦਿਆਂ ਬੱਸ ਅੱਡੇ ਕੋਲ ਬਣੇ ਥੜ੍ਹੇ ’ਤੇ ਬੈਠੇ ਪਿੰਡ ਦੇ ਬਜ਼ੁਰਗਾਂ ’ਤੇ ਮੇਰੀ ਨਿਗ੍ਹਾ ਗਈ। ਸੋਚਿਆ ਦੋ-ਤਿੰਨ ਮਹੀਨਿਆਂ ਬਾਅਦ ਪਿੰਡ ਆਇਆ ਹਾਂ, ਬਜ਼ੁਰਗਾਂ ਨੂੰ ਮਿਲ ਕੇ ਹੀ ਜਾਵਾਂਗਾ। ਮੈਂ ਥੜ੍ਹੇ ਕੋਲ ਗਿਆ ਤੇ ਇੱਕ-ਇੱਕ ਕਰਕੇ ਸਾਰੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਿਆਂ ਸਤਿ-ਸ੍ਰੀ-ਅਕਾਲ ਬੁਲਾਈ। ਉਨ੍ਹਾਂ ਨੇ ਵੀ ਮੈਨੂੰ ਬੜੇ ਪਿਆਰ ਨਾਲ ਅਸ਼ੀਰਵਾਦ ਦਿੱਤਾ ਤੇ ਹਾਲ-ਚਾਲ ਪੁੱਛਿਆ।

ਘਰ ਵੱਲ ਤੁਰਨ ਲੱਗਿਆ ਤਾਂ ਸਾਡੇ ਘਰਾਂ ’ਚੋਂ ਚਾਚਾ ਕਰਤਾਰਾ ਕਹਿਣ ਲੱਗਾ, ‘‘ਭਾਈ ਕਾਕਾ, ਭੱਜਿਆ ਜਾਂਨੈ ਬਹਿ’ ਜਾ ਕੋਈ ਤੇਰੇ ਸ਼ਹਿਰ ਦੀ ਸੁਣਾ ਨਵੀਂ-ਤਾਜ਼ੀ’’ । ਮੈਂ ਉਨ੍ਹਾਂ ਨੂੰ ‘ਵਧੀਆ ਹੈ’ ਤੋਂ ਬਿਨਾਂ ਹੋਰ ਕੀ ਕਹਿ ਸਕਦਾ ਸੀ । ਫਿਰ ਇੱਕ ਹੋਰ ਬਜ਼ੁਰਗ ਬੋਲਿਆ, ‘‘ਕਾਕਾ ਕੋਈ ਅਖ਼ਬਾਰ ਦੀ ਖ਼ਬਰ ਈ ਸੁਣਾ ਦੇ’’ ।

ਮੈਂ ਉਨ੍ਹਾਂ ਨੂੰ ਉਨ੍ਹਾਂ ਨਾਲ ਢੁੱਕਦੀ ਖ਼ਬਰ ਬਾਰੇ ਹੀ ਜਾਣਕਾਰੀ ਦੇਣਾ ਸਹੀ ਸਮਝਿਆ ਤੇ ਉਹ ਉਸ ਦਿਨ ਦੀ ਮੇਨ ਖ਼ਬਰ ਵੀ ਸੀ। ਮੈਂ ਕਿਹਾ ਤਾਇਆ ਜੀ ਬਿਹਾਰ ਸਰਕਾਰ ਨੇ ਪਹਿਲੀ ਅਪਰੈਲ ਤੋਂ ਦੇਸੀ ਸ਼ਰਾਬ ’ਤੇ ਪਾਬੰਦੀ ਲਾ ਦਿੱਤੀ ਐ। ਮੇਰੀ ਗੱਲ ਸੁਣਦਿਆਂ ਹੀ ਭਾਨਾ ਅਮਲੀ ਬੋਲਿਆ, ‘‘ਲਾ ਲੈਣ ਜਿੰਨੀ ਮਰਜ਼ੀ ਪਬੰਦੀ, ਪਬੁੰਦੀ, ਪੀਣ ਵਾਲਿਆਂ ਨੇ ਤਾਂ ਕੋਈ ਨਾ ਕੋਈ ਜਗਾੜ ਲਾ ਈ ਲੈਣੈਂ’’ ।

ਐਨੇ ਨੂੰ ਕੋਲ ਬੈਠਾ ਇੱਕ ਬਜ਼ੁਰਗ ਬੋਲਿਆ, ‘‘ਓ ਭਾਨਿਆ! ਤੇਰੇ ਕਹਿਣ ਦਾ ਮਤਲਬ ਕੀ ਐ? ਤੂੰ ਨ੍ਹੀਂ ਚਾਹੁੰਦਾ ਕਿ ਦੇਸ਼ ਦੇ ਨੌਜਵਾਨ ਇਸ ਕੋਹੜ ਤੋਂ ਬਚ ਜਾਣ । ਤੂੰ ਤਾਂ ਚਾਹੇਂਗਾ ਈ, ਪਈ ਹੋਰ ਵੀ ਲੋਕ ਤੇਰੇ ਵਾਂਗੂੰ ਸਦਾ ਨਸ਼ੇ ’ਚ ਟੁੰਨ ਰਹਿਣ’’ ਭਾਨਾ ਐਨੀ ਗੱਲ ਸੁਣਦਾ ਈ ਇੱਕ ਵਾਰ ਤਾਂ ਚੁੱਪ ਹੋ ਗਿਆ।

ਫਿਰ ਚਾਚਾ ਕਰਤਾਰਾ ਬੋਲਿਆ, ‘‘ਮੈਂ ਰਾਤ ਸਾਢੇ ਸੱਤ ਆਲੀਆਂ ਖ਼ਬਰਾਂ ਦੇਖੀਆਂ ਸੀ, ਖ਼ਬਰਾਂ ਆਲਾ ਵੀ ਦੱਸ ਰਿਹਾ ਸੀ, ਪਈ ਬਾੜਮੇਰ ’ਚ ਦੋ ਫੌਜ ਦੇ ਜਵਾਨ ਸ਼ਰਾਬ ਪੀ ਕੇ ਬਮਾਰ ਹੋ ’ਗੇ। ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ’’ ਮੈਂ ਅਜੇ ਉਨ੍ਹਾਂ ਦੀ ਗੱਲ ’ਚ ਹਾਮੀ ਭਰਨ ਹੀ ਲੱਗਿਆ ਸੀ ਕਿ ਐਨੇ ਨੂੰ ਕੋਲ ਬੈਠਾ ਤਾਇਆ ਭਕਨਾ ਕਹਿਣ ਲੱਗਾ,‘‘ਬਾਈ ਕਰਤਾਰਿਆ ਕੀ ਤੁਸੀਂ ਬਿਹਾਰ ਤੇ ਬਾੜਮੇਰ ਦੀਆਂ ਗੱਲਾਂ ਕਰੀ ਜਾਨੇ ਓਂ, ਸਾਡੇ ਪੰਜਾਬ ’ਚ ਰੋਜ਼ਾਨਾ ਹੀ ਸ਼ਰਾਬ ਦੇ ਕਾਰਿਆਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਐਂ। ਕਈ ਤਾਂ ਸ਼ਰਾਬ ਪੀ ਕੇ ਖੁਦ ਈ ਬਿਮਾਰੀਆਂ ਦਾ ਸ਼ਿਕਾਰ ਹੋਈ ਜਾਂਦੇ ਨੇ, ਤੇ ਕਈ ਸ਼ਰਾਬ ਪੀ ਕੇ ਦੂਜਿਆਂ ਨੂੰ ਮਾਰੀ ਜਾਂਦੇ ਨੇ।

ਨਸ਼ਿਆਂ ਨੇ ਤਾਂ ਬਈ ਦੇਸ਼ ਦਾ ਨਾਸ ਕਰਕੇ ਰੱਖ ’ਤਾ’’ । ਐਨੀਆਂ ਗੱਲਾਂ ਸੁਣਦਾ ਹੋਇਆ ਭਾਨਾ ਅਮਲੀ ਜ਼ਿਆਦਾ ਦੇਰ ਤੱਕ ਚੁੱਪ ਨਾ ਬੈਠ ਸਕਿਆ, ਕਹਿਣ ਲੱਗਾ, ‘‘ਕੀ ਤੁਸੀਂ ਸਾਰੇ ਜੱਕੜ ਮਾਰੀ ਜਾਨੇ ਓਂ ਮੈਨੂੰ ਤਾਂ ਸ਼ਰਾਬ ਪੀਂਦੇ ਨੂੰ ਐਨੇ ਸਾਲ ਹੋ ’ਗੇ, ਮੈਂ ਤਾਂ ਮਰਿਆ ਨ੍ਹੀਂ। ਨੇੜੇ ਨ੍ਹੀਂ ਲੱਗਦੀ ਮੌਤ ਮੇਰੇ। ਸ਼ਰਾਬ ਨਾਲ ਤਾਂ ਸਗੋਂ ਢਿੱਡ ਦੇ ਕੀੜੇ ’ਜੇ ਮਰਦੇ ਐ’’ ਮੈਂ ਭਾਨੇ ਦੀ ਗੱਲ ਦਾ ਜਵਾਬ ਅਜੇ ਦੇਣ ਲੱਗਿਆ ਸੀ ਕਿ ਤੜਾਕੇ ਦੀ ਆਵਾਜ਼ ’ਚ ਤਾਏ ਭਕਨੇ ਨੇ ਕਿਹਾ, ‘‘ਨਾ ਤਾਹੀਂ ਤਾਂ ’ਲਾਕੇ ’ਚ ਗੱਲਾਂ ਹੁੰਦੀਆਂ ਨੇ ਕਿ ਫਲਾਣੇ ਪਿੰਡ ਦਾ ਭਾਨਾ ਅਮਲੀ 5 ਮਿੰਟਾਂ ’ਚ 1600 ਮੀਟਰ ਦੌੜ ਪੂਰੀ ਕਰਦੈ ਪੈਰਾਂ ਭਾਰ ਬੈਠੇ ਤੋਂ ਉੱਠਿਆ ਜਾਂਦਾ ਨ੍ਹੀਂ, ਗੱਲਾਂ ਕਰਦੈ ਸ਼ਰਾਬ ਨੇ ਮੈਨੂੰ ਨ੍ਹੀਂ ਮਾਰਿਆ..। ਓਏ ਤੂੰ ਤਾਂ ਜਿਉਂਦਾ ਵੀ ਲਾਸ਼ ਲੈ ਕੇ ਤੁਰਿਆ ਫਿਰਦੈਂ ਅਮਲੀਆ। ਛੱਡ ਦੇ ਸ਼ਰਾਬ, ਕੋਈ ਚਾਰ ਸਾਲ ਹੋਰ ਜਿਉਂ ਲੈ ਢੰਗ ਨਾਲ’’। ਤਾਇਆ ਭਕਨਾ ਸਿਰ ਨੂੰ ਝਟਕਦਾ ਹੋਇਆ ਗੁੱਸੇ ’ਚ ਲਾਲ-ਪੀਲਾ ਹੋਇਆ ਉੱਠ ਕੇ ਤੁਰਨ ਲੱਗਿਆ।

ਮੈਂ ਤਾਏ ਭਕਨੇ ਦਾ ਗੁੱਸਾ ਠੰਢਾ ਕਰਨ ਲਈ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤੇ ਹੋਰ ਪਿੰਡ ਦੀ ਸੁੱਖ-ਸਾਂਦ ਬਾਰੇ ਗੱਲ ਸ਼ੁਰੂ ਕੀਤੀ ਪਰ ਤਾਇਆ ਭਕਨਾ ਸ਼ਰਾਬ ਤੇ ਹੋਰ ਨਸ਼ਿਆਂ ਦੇ ਸਖ਼ਤ ਖਿਲਾਫ਼ ਹੋਣ ਕਾਰਨ ਉਸ ਮੁੱਦੇ ’ਤੇ ਆਉਣ ਨੂੰ ਉਤਾਵਲਾ ਸੀ। ਕਹਿਣ ਲੱਗਾ ਭਤੀਜ! ਹੋਰ ਸੁਣਾ ਬਿਹਾਰ ਸਰਕਾਰ ਦੇ ਹੋਰ ਕੀ ਹੁਕਮ ਨੇ ਇਸ ਨਰਕਾਂ ਦੀ ਨਾਨੀ ਬਾਰੇ।
ਮੈਂ ਤਾਏ ਦੀ ਗੱਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਬਿਹਾਰ ਸੂਬੇ ਦੇ ਪੁਲਿਸ ਵਿਭਾਗ ਨੇ ਸ਼ਰਾਬਬੰਦੀ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਵੱਡਾ ਪ੍ਰਣ ਲਿਆ ਹੈ। ਪੁਲਿਸ ਵਿਭਾਗ ਨੇ ਸ਼ਰਾਬ ਨਾ ਪੀਣ, ਨਾ ਪਿਆਉਣ ਤੇ ਨਾ ਪੀਣ ਦੇਣ ਦੇ ਪ੍ਰਣ ਦੇ ਨਾਲ-ਨਾਲ ਇਹ ਵੀ ਪ੍ਰਣ ਲਿਆ ਕਿ ਉਹ ਸ਼ਰਾਬ ਦੇ ਬੁਰੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਉਣਗੇ। ਹੁਣ ਬਿਹਾਰ ਸੂਬੇ ’ਚ ਦੇਸੀ ਸ਼ਰਾਬ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ ਪੂਰੇ ਦੇਸ਼ ’ਚ ਬੁੱਧੀਜੀਵੀਆਂ ਤੇ ਸਿਆਣੇ ਲੋਕਾਂ ਵੱਲੋਂ ਸ਼ਰਾਬ ਖਿਲਾਫ਼ ਵੱਡੀ ਆਵਾਜ਼ ਉੱਠ ਰਹੀ ਹੈ । ਸ਼ਰਾਬ ਖਿਲਾਫ਼ ਦੇਸ਼ ਭਰ ’ਚ ਉੱਠੇ ਤੂਫ਼ਾਨ ਨੂੰ ਦੇਖਦਿਆਂ ਬਿਹਾਰ ਸਰਕਾਰ ਨੇ ਪਹਿਲੀ ਅਪਰੈਲ ਨੂੰ ਸੂਬੇ ’ਚੋਂ ਮੁਕੰਮਲ ਸ਼ਰਾਬਬੰਦੀ ਦਾ ਐਲਾਨ ਕੀਤੈ। ਤਾਇਆ ਜੀ! ਇਹੀ ਨਹੀਂ ਇਸ ਤੋਂ ਪਹਿਲਾਂ ਗੁਜਰਾਤ, ਨਾਗਾਲੈਂਡ ਤੇ ਮਿਜੋਰਮ ’ਚ ਸ਼ਰਾਬ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ।

ਮੇਰੀ ਸਾਰੀ ਗੱਲ ਸੁਣਦਿਆਂ ਹੀ ਤਾਇਆ ਭਕਨਾ ਅੱਖਾਂ ਭਰ ਕੇ ਕਹਿਣ ਲੱਗਾ, ‘‘ਭਤੀਜ! ਕਦੋਂ ਵਾਰੀ ਆਊ ਮੇਰੇ ਰੰਗਲੇ ਪੰਜਾਬ ਦੀ। ਪੰਜਾਬ ’ਚ ਕਦੋਂ ਲੱਗੂ ਸ਼ਰਾਬ ’ਤੇ ਪਾਬੰਦੀ ਨੌਜਵਾਨ ਜਵਾਨੀ ਨਸ਼ਿਆਂ ’ਚ ਬਰਬਾਦ ਕਰੀ ਜਾਂਦੇ ਨੇ। ਜਵਾਨ ਮੈਡੀਕਲ ਤੇ ਹੋਰ ਭਾਂਤ-ਭਾਂਤ ਦੇ ਨਸ਼ੇ ਈ ਖਾਈ ਜਾਂਦੇ ਨੇ। ਭਤੀਜ! ਕਿੱਥੇ ਗਏ ਉਹ ਗੀਤ ਜਦੋਂ ਕਹਿੰਦੇ ਸੀ, ‘ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ’ ਪੰਜਾਬ ਨਾਲੋਂ ਤਾਂ ਬਿਹਾਰ ਸੂਬਾ ਈ ਚੰਗੈ ਜੀਹਨੇ ਜਵਾਨੀ ਖ਼ਤਮ ਕਰਨ ਵਾਲੇ ਜ਼ਹਿਰ ’ਤੇ ਪਾਬੰਦੀ ਲਾ’ਤੀ। ਭਤੀਜ! ਅਸਲ ’ਚ ਨਿਤਿਸ਼ ਕੁਮਾਰ ਜੀ ਨੇ ਸ਼ਰਾਬ ’ਤੇ ਪਾਬੰਦੀ ਲਾ ਕੇ ਜਿਉਂਦੇ ਜੀਅ ਨਰਕ ਦਾ ਰਾਹ ਖੋਲ੍ਹਣ ’ਤੇ ਪਾਬੰਦੀ ਲਾਈ ਐ ’’।

ਮੈਨੂੰ ਉੱਥੇ ਖੜ੍ਹੇ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਇਸ ਲਈ ਮੈਂ ਬਜ਼ੁਰਗਾਂ ਤੋਂ ਆਗਿਆ ਮੰਗੀ ਤੇ ਪੰਜਾਬ ਦੀ ਹਾਲਤ ਬਾਰੇ ਸੋਚਦਾ ਹੋਇਆ ਉੱਥੋਂ ਘਰ ਨੂੰ ਤੁਰ ਪਿਆ ਅਜੇ ਵੀ ਮੈਨੂੰ ਤਾਏ ਭਕਨੇ ਦੀਆਂ ਭਰੀਆਂ ਹੋਈਆਂ ਅੱਖਾਂ ਨਜ਼ਰੀਂ ਪੈਂਦੀਆਂ ਨੇ।

ਸੰਪਰਕ: +91 94683 34603

Comments

gurlabh singh

bahut vdiya likhya ravinder hirke ji

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ