Sat, 13 July 2024
Your Visitor Number :-   7183357
SuhisaverSuhisaver Suhisaver

ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ : ਦਰਸ਼ਨ ਦੁਸਾਂਝ -ਜਸਵੀਰ ਕੌਰ ਮੰਗੂਵਾਲ

Posted on:- 20-08-2019

"ਛਿੜ ਪਈ ਚਰਚਾ ਹੈ ਕਿਸਦੀ
ਕੌਣ ਹੈ ਉਹ ਸੂਰਮਾ ।
ਸਰਘੀਆਂ ਦੇ ਬੋਲ
ਜੋ ਖੇਤਾਂ 'ਚ ਸਾਡੇ ਗਾ ਰਿਹਾ।


"ਸਰਘੀਆਂ ਦੇ ਬੋਲਾਂ ਰਾਹੀ ਖੇਤਾਂ, ਕਾਰਖਨਿਆਂ , ਮਿੱਲ੍ਹਾਂ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਭੱਠਾ ਮਜ਼ਦੂਰਾਂ,ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜਾਂਬਾਜ਼ ਸਿਪਾਹੀ ਸੀ ,ਜੋ ਬੰਗਾਲ ਦੀ ਧਰਤੀ ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆ ਕਿ ਬੱਦਲਾਂ ਵਾਂਗੂੰ ਭਟਕਦਾ ਹੀ ਰਿਹਾ।ਉਹ ਅਕਸਰ ਹੀ ਗੱਲ ਕਰਦੇ ਕਾਸ਼ ਉਹ ਆਪਣੀ ਮਾਂ ਨੂੰ ਲੱਭ ਸਕਦਾ ,ਉਸ ਦਾ ਕੋਈ ਨਾਲ ਦਾ ਜੰਮਿਆ ਭਰਾ ਹੁੰਦਾ।ਭਾਵੇਂ ਮਾਤਾ ਹਰਨਾਮ ਕੌਰ ਤੇ ਪਿਤਾ ਹਜ਼ਾਰਾ ਸਿੰਘ ਨੇ ਉਸ ਨੂੰ ਪਿਆਰ ਨਾਲ ਪਾਲਿਆ ਸੀ ਪਰ ਉਹ ਜਦ ਵੀ ਕਦੇ ਬੰਗਾਲ ਜਾਂਦਾ ਤਾਂ ਉਸ ਮਿੱਟੀ ਪ੍ਰਤੀ ਉਸ ਦਾ ਮੋਹ ਜਾਗ ਪੈਂਦਾ ਤੇ ਉਸ ਨੂੰ ਲੱਗਦਾ ਕਿ ਇੱਥੇ ਉਸ ਦਾ ਕੁਝ ਗਵਾਚਿਆ ਹੈ।

ਦਰਸ਼ਨ ਹਮੇਸ਼ਾਂ ਨਿਤਾਣਿਆਂ ਤੇ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਾ।ਪਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਖੁਸ਼ਹੈਸੀਅਤੀ ਟੈਕਸ ਲਗਾਉਣ ਤੇ ਉਸ ਨੇ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾਂ ਹੇਠ 'ਜੋਰੀ ਮੰਗੇ ਦਾਨ ਵੇ ਲਾਲੋ' ਨਾਟਕ ਖੇਡਿਆ ਪਿੱਛੋਂ ਪੁਲਿਸ ਫੜ ਕੇ ਲੈ ਗਈ।ਫਿਰ ਲੋਕਾਂ ਦੇ ਦਬਾਅ ਕਾਰਨ ਛੱਡ ਦਿੱਤਾ।ਰੰਗ ਮੰਚ ਦੇ ਨਾਲ ਨਾਲ ਉਹ ਸਿਆਸੀ ਸੂਝ ਵੀ ਲੈਣ ਲੱਗਾ। ਉਹ ਪੁਰਾਣੇ ਦੇਸ਼ ਭਗਤ ਕਮਿਊਨਿਸਟਾਂ, ਗਦਰੀ ਬਾਬਿਆਂ ਅਤੇ ਕਿਰਤੀ ਕਾਮਰੇਡਾਂ ਦੇ ਨੇੜੇ ਰਹਿ ਇਹ ਸਿੱਖ ਗਿਆ ਸੀ, ਕਿ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫ਼ਿਜ਼ਾ ਲਈ ਇੱਕੋ -ਇੱਕ ਹੱਲ ਸੰਪੂਰਨ ਇਨਕਲਾਬ ਹੀ ਹੈ ਤੇ ਜੋ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ ਜੋ ਸਭ ਦੇ ਭਲੇ ਲਈ ਰਾਹ ਦਸੇਰਾ ਹੈ।

ਉਹ ਪਹਿਲਾ ਨਰਿੰਦਰ ਦੁਸਾਂਝ, ਜੋਗਿੰਦਰ ਬਾਹਰਲਾ ਤੇ ਫਿਰ ਅੰਮ੍ਰਿਤਸਰ ਆਤਮਜੀਤ ਦੀ ਨਿਰਦੇਸ਼ਨਾਂ ਹੇਠ ਡਰਾਮਾ ਸਕੁਐਡ ਨਾਲ ਕੰਮ ਕਰਨ ਲੱਗਾ, ਜਿੱਥੇ ਉਸ ਦੀ ਮਿੱਤਰਤਾ ਆਤਮਜੀਤ ਨਾਲ ਹੋਈ, ਉੱਥੇ ਉਸ ਦਾ ਰਿਸ਼ਤਾ ਦੁਆਬੀਆ ਹੋਣ ਕਰਕੇ ਮਹਿੰਦਰ ਕੌਰ, ਆਤਮਜੀਤ ਦੀ ਪਤਨੀ ਨਾਲ ਵੀ ਐਸਾ ਜੁੜਿਆ ਕਿ ਉਮਰ ਭਰ ਇਸ ਰਿਸ਼ਤੇ ਨੇ ਮੋਹ ਦੀਆਂ ਤੰਦਾਂ ਨੂੰ ਪੀਡੀਆਂ ਕੀਤਾ ।ਭੈਣ ਹੋਣ ਨਾਤੇ ਮਹਿੰਦਰ ਕੌਰ ਦਰਸ਼ਨ ਦੀ ਗ੍ਰਿਫਤਾਰੀ ਸਮੇਂ ਪੁਲਿਸ ਦੀਆਂ ਬਦਸਲੂਕੀਆਂ ਸਹਿੰਦੀ ਰਹੀ ।ਦਰਸ਼ਨ ਨੂੰ ਹੌਂਸਲਾ ਦਿੰਦੀ "ਅਸਲੀ ਇਨਸਾਨ ਦੀ ਕਹਾਣੀ" ਵਰਗੀ ਕਿਤਾਬ ਦੇ ਕੇ ਦੁਸ਼ਮਣ ਦੇ ਘੇਰੇ ਵਿੱਚ ਵੀ ਸਿਦਕਦਿਲੀ ਨਾਲ ਜਿਉਂਣ ਦੀ ਜਾਂਚ ਸਿਖਾਉਂਦੀ ਰਹੀ। ਜਿੰਦਗੀ ਦੇ ਹਰ ਮੋੜ ਤੇ ਮਹਿੰਦਰ ਕੌਰ ਦਾ ਪਰਿਵਾਰ ਦਰਸ਼ਨ ਲਈ ਮੋਹ ਪਿਆਰ ਦਾ ਆਸਰਾ ਬਣਿਆ। ਦਰਸ਼ਨ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਆਪਣੇ ਭਾਣਜਿਆਂ ਨੂੰ ਪਾਲ਼ਿਆ-ਪੜ੍ਹਾਇਆ ਤੇ ਉਨ੍ਹਾਂ ਦੇ ਹੱਥੀਂ ਵਿਆਹ ਕੀਤੇ। ਦਰਸ਼ਨ ਕਹਿਣੀ ਤੇ ਕਥਨੀ ਦਾ ਪੂਰਾ ਸੀ, ਕਿ ਇੱਕ ਕਮਿਊੁਨਿਸਟ ਇਨਕਲਾਬੀ ਦੀ ਕੋਈ ਗੋਤ, ਜਾਤ, ਧਰਮ ਜਾਂ ਇਲਾਕਾ ਨਹੀਂ ਹੁੰਦਾ ਉਸ ਨੇ ਆਪਣੇ ਚਾਰੇ ਭਾਣਜਿਆ ਦੇ ਅੰਤਰਜਾਤੀ ਵਿਆਹ ਕੀਤੇ ।

ਉਹ ਵਿਤਕਰਿਆਂ ਤੋਂ ਬਿਨ੍ਹਾਂ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦਾ ਸੀ। ਇਨਕਲਾਬ ਉਸ ਦਾ ਅਕੀਦਾ ਸੀ, ਮੰਜ਼ਿਲ ਸੀ । ਜਿਸ ਨੂੰ ਪਾਉਣ ਲਈ ਉਸ ਨੇ ਪੰਜਾਬ ਦੀ ਬੰਦ-ਬੰਦ ਕਟਵਾਉਣ ਦੀ ਪੰਰਪਰਾ ਨੂੰ ਆਪਣੇ ਪਿੰਡੇ ਤੇ ਹੰਡਾਇਆ ।ਜਿੱਥੇ ਉਹ ਕੇਰਲਾ ਦੀ ਇਨਕਲਾਬੀ ਕੁੜੀ ਅਜੀਤਾ ਨਰਾਇਨ ਤੋਂ ਪ੍ਰਭਾਵਿਤ ਹੋ ਕੇ ਨਕਸਲਵਾੜੀ ਲਹਿਰ ਵਿੱਚ ਸ਼ਾਮਿਲ ਹੋਇਆ ਓਥੇ ਉਸ ਦੇ ਪ੍ਰੇਰਨਾ ਸ੍ਰੋਤ ਬਾਬਾ ਬੂਝਾ ਸਿੰਘ ਜੀ ਵੀ ਸਨ। ਜਿਨ੍ਹਾਂ ਬਿਆਸੀ ਸਾਲਾਂ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਦਰਸ਼ਨ ਦਾ ਮਾਰਗ ਦਰਸ਼ਨ ਕੀਤਾ। ਉਹ ਅਕਸਰ ਹੀ ਬਾਬਾ ਜੀ ਦੀ ਅੱਸੀ ਸਾਲਾ ਦੀ ਉਮਰ ਵਿੱਚ ਸਾਇਕਲ ਚਲਾਉਣ ਤੇ ਮਾਰਕਸਵਾਦ ਪੜ੍ਹਾਉਣ ਦੀ ਸਰਲ ਵਿਧੀ ਦੀ ਚਰਚਾ ਕਰਦੇ ਰਹਿੰਦੇ, ਕਿ ਜੋ ਵੀ ਇੱਕ ਵਾਰੀ ਬਾਬਾ ਜੀ ਦੀ ਸਕੂਲਿੰਗ ਵਿੱਚ ਬੈਠ ਜਾਂਦਾ ਉਹ ਮੁੜ ਪਿੱਛੇ ਨਾ ਦੇਖਦਾ। ਉਨ੍ਹਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕੀਲ ਲੈਣ ਦੀ ਸਮਰੱਥਾ ਸੀ ।ਜਦੋਂ ਦਰਸ਼ਨ ਦੁਸਾਂਝ, ਜੋਗਿੰਦਰ ਸਿੰਘ ਦੇ ਖੂਹ ਤੋਂ ਫੜ੍ਹਿਆ ਗਿਆ ਤਾਂ ਪੁਲਿਸ ਬੰਗੇ ਥਾਣੇ ਲੈ ਗਈ ।

ਪੁੱਛ-ਗਿੱਛ ਕੀਤੀ, ਪੱਲੇ ਕੁਝ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ... ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਕੈਦ ਵਿੱਚ ਇਕੱਲੇ ਰੱਖਣਾ, ਪਿਸ਼ਾਬ ਨਾਲ਼ ਭਰੇ ਮੱਟ ਕੋਲ ਖੜ੍ਹੇ ਰੱਖਣਾ, ਨਹੁੰ ਉਖਾੜ ਦੇਣੇ, ਸੂਈਆਂ ਨਾਲ਼ ਸਰੀਰ ਦੇ ਅੰਗਾਂ ਨੂੰ ਵਿੰਨਣਾ, ਹੱਥ ਪੈਰ ਬੰਨ੍ਹ ਕੇ ਛੱਤ ਨਾਲ਼ ਟੰਗੀ ਰੱਖਣਾ, ਬਿਜਲੀ ਦੇ ਝਟਕੇ ਦੇਣੇ ਅਤੇ ਅਜਿਹੇ ਹੋਰ ਬਹੁਤ ਸਾਰੇ ਅਕਿਹ ਤਸੀਹੇ ਦੇਣੇ। ਹਕੂਮਤੀ ਜਬਰ ਅੱਗੇ ਡੋਲਣ ਤੋਂ ਬਚਾਉਣ ਲਈ ਉਸ ਅੱਗੇ ਇਤਿਹਾਸ ਦੇ ਕਈ ਨਾਇਕ, ਬਾਬਾ ਬੂਝਾ ਸਿੰਘ, ਗਦਰੀ ਬਾਬੇ, ਤੇਲੰਗਾਨਾ ਘੋਲ ਦੇ ਮਹਾਨ ਮਰਜੀਵੜੇ ਤੇ ਅਜੀਤਾ ਨਰਾਇਨ ਵਰਗੀ ਇਨਕਲਾਬੀ ਕੁੜੀ ਆ ਜਾਂਦੀ ।ਉਸ ਨੇ ਕੁਝ ਵੀ ਨਾ ਦੱਸਣ ਦਾ ਪ੍ਰਣ ਕਰ ਲਿਆ। ਉਹ ਸੂਰਮਾਂ ਬਣ ਗਿਆ। ਸ਼ਰਾਬੀ ਪੁਲਸੀਆਂ ਨੇ ਕੁੱਟ-ਕੁੱਟ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਥੜੇ ਉੱਤੇ ਲਿਟਾ ਕੇ ਥਾਣੇਦਾਰ ਇੱਟਾਂ ਮਾਰਨ ਲੱਗ ਪਿਆ ਤੇ ਲੱਤਾਂ ਦਾ ਕਚਰਾ ਬਣਾ ਦਿੱਤਾ। ਪੁਲਿਸ ਦੇ ਤਸ਼ੱਦਦ ਬਾਰੇ ਪ੍ਰਸਿੱਧ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਆਪਣੀ ਕਵਿਤਾ ਵਿੱਚ ਲਿਖਦਾ ਹੈ:

"ਚਿਣੇ ਨੀਹਾਂ ਵਿੱਚ ਜਾਇਏ
ਜਾਂ ਲੱਤਾਂ ਚੂਰ ਕਰਵਾਇਏ
ਸਰਹੰਦ ਦੀ ਦੀਵਾਰ ਹੋਵੇ
ਜਾਂ ਥਾਣਾ ਬੰਗਿਆਂ ਦਾ"

ਬੰਗਾ ਥਾਣੇ ਤੋਂ ਬਾਅਦ ਦੁਸਾਂਝ ਨੂੰ ਵੱਖ-ਵੱਖ ਤਸੀਹਾ ਕੇਂਦਰਾਂ ਵਿੱਚ ਘੁਮਾਇਆ ਗਿਆ।ਵੱਖ-ਵੱਖ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ। ਜੋ ਕਾਮਰੇਡ ਨੇ ਹੱਗਣਾ ਮੂਤਣਾ, ਉਹ ਗੰਦ ਕੱਪੜੇ ਵਿੱਚ ਰੱਖ ਕੇ ਉਸ ਦੇ ਮੂੰਹ ਤੇ ਬੰਨ੍ਹ ਦੇਣਾ। ਇਸ ਤੋਂ ਬਾਅਦ ਦਰਸ਼ਨ ਨੂੰ ਜੁਡੀਸ਼ੀਅਲ ਹਵਾਲਾਤ ਜਲੰਧਰ ਭੇਜ ਦਿੱਤਾ। ਉਹ ਦਰਦਾਂ ਨਾਲ ਕਰਾਹ ਰਿਹਾ ਸੀ। ਰੌਲਾ ਪਾਉਂਦਾ, ਚੀਕਾਂ ਮਾਰਦਾ। ਤੀਜੇ ਦਿਨ ਹਸਪਤਾਲ ਲੈ ਕੇ ਗਏ। ਇੱਕ ਲੱਤ ਲਟਕ ਰਹੀ ਸੀ, ਉਸ ਦਾ ਪਲਾਸਤਰ ਕੀਤਾ, ਦੂਜੀ ਲੱਤ ਬਾਰੇ ਕਿਹਾ ਕਿ ਟੁੱਟੀ ਹੋਈ ਹੈ। ਪਰ ਜੋੜ ਪੈ ਚੁੱਕਾ, ਆਪੇ ਠੀਕ ਹੋ ਜਾਵੇਗੀ। ਦਰਸ਼ਨ ਦੇ ਅੰਗ-ਅੰਗ ਵਿੱਚ ਪੈਂਦੀਆ ਚੀਸਾਂ ਨੂੰ ਕੇਵਲ ਕੌਰ ਨੇ ਪਿਆਰ-ਹਮਦਰਦੀ ਦੇ ਫਹੇ ਲਾਏ, ਹੌਂਸਲਾ ਬੁਲ਼ੰਦ ਕੀਤਾ, ਤੇ ਨਿੱਤ ਵਰਤੋਂ ਦਾ ਜ਼ਰੂਰੀ ਸਮਾਨ ਦਿੱਤਾ ਅਤੇ ਇਹ ਦੱਸਿਆ ਕਿ ਦਰਬਾਰਾ ਸਿੰਘ ਢਿੱਲੋਂ ਉਸ ਦਾ ਕੇਸ ਮੁਫ਼ਤ ਵਿੱਚ ਲੜੇਗਾ ।

ਉਸ ਨੇ ਇਹ ਵੀ ਦੱਸਿਆ ਕਿ ਐਡਵੋਕੇਟ ਹਰਭਜਨ ਸੰਘਾ ਤੇ ਐਡਵੋਕੇਟ ਹਰਦਿਆਲ ਵੀ ਨਕਸਲੀਆਂ ਦੇ ਮੁਫ਼ਤ ਕੇਸ ਲੜ ਰਹੇ ਹਨ। ਦਰਸ਼ਨ ਦਾ ਦਰਬਾਰਾ ਸਿੰਘ ਢਿੱਲੋਂ ਤੇ ਬਾਕੀਆਂ ਪ੍ਰਤੀ ਸਤਿਕਾਰ ਵੱਧ ਗਿਆ ।ਦਰਸ਼ਨ ਦੀ ਜਿਉਣ ਦੀ ਆਸ ਜ਼ਿੰਦਾ ਹੋ ਗਈ।ਭਾਵਂੇ ਕਿ ਪੁਲਿਸ ਵੱਲ਼ੋਂ ਦਰਬਾਰਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਡਰਿਆ ਨਹੀਂ ਸਗੋਂ ਦਲੇਰੀ ਨਾਲ ਜਵਾਬ ਦਿੱਤਾ। ਦੁਸਾਂਝ ਅਕਸਰ ਦਰਬਾਰਾ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਸਨ। ਸੰਨ 2005 ਵਿੱਚ ਦਰਬਾਰਾ ਸਿੰਘ ਢਿੱਲ਼ੋਂ ਦਾ ਨਵਾਂਸ਼ਹਿਰ ਵਿਖੇਂ ਸਨਮਾਨ ਕੀਤਾ ਗਿਆ। ਉਸ ਨੇ ਸਨਮਾਨ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਸਨਮਾਨ ਦਾ ਸ਼ਾਲ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੇ ਕੀਤੇ ਕੰਮ ਨੂੰ ਲੋਕੀ ਸਦੀਆਂ ਤੱਕ ਯਾਦ ਰੱਖਣਗੇ। ਦਰਸ਼ਨ ਦੁਸਾਂਝ ਉੱਪਰ ਢਾਹੇ ਜ਼ੁਲਮ ਦੀਆਂ ਗੱਲਾਂ ਘਰ-ਘਰ ਦੰਦ-ਕਥਾਵਾਂ ਬਣ ਹੋ ਰਹੀਆ ਸਨ। ਕਹਿੰਦੇ ਕਿ ਉਸ ਦੀਆਂ ਲੱਤਾਂ ਲੋਹੇ ਦੀਆਂ ਆ.. ਨਲਕੇ ਦੇ ਹੈਂਡਲ ਨਾਲ ਵੀ ਨਾ ਟੁੱਟੀਆਂ, ਉਹਦੇ ਕੋਲ ਗੁਰੂਆਂ ਵਾਲੀ ਸ਼ਕਤੀ ਹੈਂ, ਉਸ ਨੇ ਥਾਣੇਦਾਰ ਨੂੰ ਦਬਕਾ ਮਾਰਿਆ ਉਸ ਦਾ ਮੂਤ ਨਿਕਲ ਗਿਆ ।ਅੱਤ ਦੀ ਕੁੱਟ ਖਾ ਕੇ ਵੀ ਉਹ ਥਾਣੇਦਾਰ ਨੂੰ ਕਹਿੰਦਾ 'ਕਾਹਨੂੰ ਜਵਾਈ ਨੂੰ ਮਾਰਦਾ ਏਂ'। ਕਈ ਜੁਝਾਰਵਾਦੀ ਕਵੀਆਂ ਨੇ ਉਸ ਤੇ ਕਵਿਤਾਵਾਂ ਲਿਖੀਆਂ

"ਹਾਂ ਤੇ ਬਾਬਾ ਦੀਪ ਸਿੰਘ
ਆਪਣਾ ਤੇ ਕੁਝ ਵੀ ਵੰਡਿਆ ਨਹੀਂ
ਜਾਂਚ ਤਾਂ ਦੱਸ
ਸੀਸ ਤਲੀ ਤੇ ਕਿੰਝ ਧਰੀਦਾ ਏ"
ਪੁਲਿਸ ਵਾਲ਼ੇ ਉਸ ਨੂੰ ਤਰੀਕ ਭੁਗਤਾਉਣ ਨਵਾਂਸ਼ਹਿਰ ਕਚਹਿਰੀ ਵਿੱਚ ਲੈ ਕੇ ਆਉਂਦੇ। ਕਾਲਜਾਂ ਦੇ ਵਿਦਿਆਰਥੀ ਉਸ ਨੂੰ ਦੇਖਣ ਆਉਂਦੇ। ਉਸ ਤੋਂ ਤੁਰਿਆ ਨਾ ਜਾਣਾ, ਦੋ ਸਿਪਾਹੀਆ ਨੇ ਸਹਾਰਾ ਦੇ ਕੇ ਚੁੱਕਿਆ ਹੋਣਾ। ਬੇੜੀਆਂ ਤੇ ਹੱਥਕੜੀਆਂ ਵਿੱਚ ਜਕੜਿਆ ਹੋਣਾ, ਇਸ ਦੇ ਬਾਵਜੂਦ ਵੀ ਉਹ ਨਾਅਰੇ ਮਾਰਦਾ ਕਚਿਹਰੀ ਵਿੱਚ ਆਉਂਦਾ ਤੇ ਨਾਅਰੇ ਮਾਰਦਾ ਵਾਪਸ ਜਾਂਦਾ। ਉਸ ਦੌਰ ਵਿੱਚ ਅੰਮ੍ਰਿਤਸਰ ਦਾ ਇੰਟੈਰੋਗੇਸ਼ਨ ਸੈਂਟਰ ਬਹੁਤ ਮਸ਼ਹੂਰ ਸੀ ਤਸ਼ਦੱਦ ਲਈ। ਦੁਸਾਂਝ ਤੇ ਉਸ ਦੇ ਸਾਥੀ ਅਜੀਤ ਰਾਹੀ ਨੂੰ ਵੀ ਇੱਥੇ ਲਿਆਂਦਾ। ਉਨ੍ਹਾਂ ਧਮਕਾਉਂਦਿਆਂ ਦੁਸਾਂਝ ਨੂੰ ਕਿਹਾ, "ਦੇਖ ਜੋ ਪੁੱਛੀਏ... ਬੰਦੇ ਦਾ ਪੁੱਤ ਬਣ ਕੇ ਦੱਸ ਦੇਵੀਂ, ਝੂਠ ਬੋਲਿਆ ਤਾਂ ਬਹੁਤ ਤੰਗ ਹੋਵੇਂਗਾ, ਇੱਥੇ ਅਸੀਂ ਕੰਧਾਂ ਤੋਂ ਵੀ ਸੱਚ ਪੁੱਛ ਲੈਂਦੇ ਆਂ"। ਉਨਾਂ੍ਹ ਤਸੀਹੇ ਯੰਤਰ੍ਹਾਂ ਦੀ ਜਾਣਕਾਰੀ ਦੇ ਡਰਾਉਣ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਉਹਦਾ ਗੂੰਹ ਉਹਦੇ ਮੂੰਹ ਤੇ ਬੰਨ ਦੇਣਾ, ਜਾਗੇ ਦੀ ਸਜ਼ਾ ਦੇਣੀ, ਮੋਮਬੱਤੀਆਂ ਨਾਲ ਚਮੜੀ ਵੀ ਸਾੜੀ। ਪਰ ਉਹ ਸੂਰਮਾਂ ਡੋਲਿਆਂ ਨਾ। ਬਾਬਾ ਬੂਝਾ ਸਿੰਘ ਦੀ ਸ਼ਹੀਦੀ ਉਸ ਦੀਆਂ ਅੱਖਾਂ ਵਿੱਚ ਖੂਨ ਲੈ ਆਉਂਦੀ, ਉਹ ਅਡੋਲ ਹੋ ਜਾਂਦਾ। ਸਾਰੀ ਜਿੰਦਗੀ ਉਹ ਪੁਲਸੀ ਜਰਵਾਣਿਆਂ ਨੂੰ ਨਫ਼ਰਤ ਕਰਦਾ ਰਿਹਾ। ਰੋਜ਼ੀ ਰੋਟੀ ਲਈ ਭਰਤੀ ਹੋਏ ਪੁਲਿਸ ਮੁਲਾਜ਼ਮ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਪਰ ਉਸ ਦੇ ਜਿਸਮ ਦੀ ਪੀੜ ਉਸ ਨੂੰ ਤੜਫਾਉਂਦੀ ਰਹੀ। ਉਹ ਉਨ੍ਹਾਂ ਤੇ ਵਿਸ਼ਵਾਸ਼ ਨਾ ਕਰਦਾ। ਉਹ ਜ਼ਰਵਾਣਿਆ ਦੇ ਜੁਲਮ ਨੂੰ ਸਾਰੀ ਜ਼ਿੰਦਗੀ ਭੁੱਲ ਨਾ ਸਕਿਆ। ਉਸ ਦਾ ਇਹ ਇਨਕਲਾਬ ਪ੍ਰਤੀ ਮੋਹ ਹੀ ਸੀ ਕਿ ਉਹ ਲਗਾਤਾਰ ਕਈ ਕਈ ਦਿਨ ਮੀਟਿੰਗਾਂ ਕਰਵਾਉਂਦਾ। ਸਾਇਕਲ ਤੇ ਇੱਕ ਲੱਤ ਦੇ ਸਹਾਰੇ ਬਹੁਤ ਦੂਰ-ਦੂਰ ਤੱਕ ਜਾਂਦਾ। ਛੇਤੀ-ਛੇਤੀ ਸਾਇਕਲ ਬਦਲ ਦਿੰਦਾ। ਸਾਡੇ ਘਰ ਉਹ ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਦੇ ਆਉਂਦੇ ਸਨ। ਨਕਸਲਵਾੜੀ ਲਹਿਰ ਵਿੱਚ ਸਾਡੇ ਪਿੰਡ ਦੇ ਤਿੰਨ ਮੁੰਡੇ ਸ਼ਹੀਦ ਹੋਏ ਸਨ। ਪਾਸ਼ ਨੇ ਆਪਣੇ ਗੀਤ "ਕਿਰਤੀ ਦੀਏ ਕੁੱਲੀਏ" ਵਿੱਚ ਮੰਗੂਵਾਲ ਨੂੰ ਕਮਿਊਨਿਸਟਾਂ ਦੀ ਰਾਜਧਾਨੀ ਕਿਹਾ ਸੀ। ਮੰਗੂਵਾਲ ਦੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਏ ਜਾਂਦੇ, ਅਸੀ ਭਾਸ਼ਨ ਸੁਣਦੇ, ਗੀਤ ਗਾਉਂਦੇ।

ਮੇਰੇ ਡੈਡੀ ਜੀ ਦੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਡੈਡੀ ਜੀ ਨੇ ਮੇਰੀ ਮੰਮੀ ਜੀ ਨੂੰ ਕਿਹਾ ਸੀ, "ਮੇਰੇ ਦੋਸਤਾਂ ਦਾ ਪਹਿਲਾ ਵਾਂਗ ਹੀ ਸਤਿਕਾਰ ਕਰਨਾ। ਉਹ ਸੱਚੇ ਸੁੱਚੇ ਦੇਸ਼ ਭਗਤ ਹਨ। ਸਾਡੇ ਘਰ ਲਗਭਗ ਸਾਰੇ ਇਨਕਲਾਬੀ ਗਰੁੱਪਾਂ ਦੇ ਕਾਮਰੇਡ ਆਉਂਦੇ। ਉਨ੍ਹਾਂ ਸਾਨੂੰ ਹਮੇਸ਼ਾ ਕਹਿਣਾ ਤੁਸੀਂ ਸਭ ਦੀ ਸੇਵਾ ਕਰਿਆ ਕਰੋ, ਜੋ ਵੀ ਇਨਕਲਾਬ ਲਈ ਤੁਰਿਆ ਹੋਇਆ ਹੈ। ਉਹ ਸਾਨੂੰ ਮਾਰਕਸਵਾਦ ਬਾਰੇ ਸਿੱਖਿਆ ਦਿੰਦੇ। ਪਤਾ ਹੀ ਨਹੀਂ ਲੱਗਾ ਕਦੋਂ ਅਸੀ ਵੀ ਉਨਾਂ ਨੂੰ ਪਿਆਰ ਕਰਨ ਲੱਗ ਪਏ। ਉਨ੍ਹਾਂ ਜਦੋਂ ਕੁਝ ਲਿਖਣਾ ਮੈਨੂੰ ਤੇ ਮੇਰੇ ਭਰਾ ਨੂੰ ਸੁਣਾਉਣਾ ਸਾਨੂੰ ਸਾਹਿਤ ਦੀ ਛੋਟੇ ਹੋਣ ਕਰਕੇ ਜ਼ਿਆਦਾ ਸਮਝ ਨਹੀਂ ਸੀ। ਕਈ ਵਾਰੀ ਅਸੀਂ ਹੱਸ ਪੈਣਾ ਤਾਂ ਉਨ੍ਹਾਂ ਸਾਨੂੰ ਝਿੜ੍ਹਕਾਂ ਮਾਰਨੀਆਂ ਪਿਆਰ ਵੀ ਬਹੁਤ ਕਰਨਾ। ਚੰਗਾ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਤ ਹੀ ਨਹੀਂ ਕਰਨਾ ਸਗੋਂ ਚੰਗੀਆਂ ਕਿਤਾਬਾਂ ਲਿਆ ਕੇ ਦੇਣੀਆਂ। ਕੁਝ ਲਿਖਣਾ ਤਾਂ ਉਤਸ਼ਾਹਿਤ ਕਰਨਾ, ਗਲਤੀਆਂ ਦੱਸਣੀਆਂ, ਜੀਵਨ ਜਾਂਚ ਸਿਖਾਉਣੀ। ਮਨੁੱਖਤਾਂ ਦਾ ਦਰਦ ਸਮਝਣ ਦੀ ਸੋਝੀ ਦੇਣੀ। ਉਨ੍ਹਾਂ ਦਾ ਦਿਲ ਬਹੁਤ ਹੀ ਨਰਮ ਸੀ। ਨੰਦ ਲਾਲ ਸਹਿਗਲ ਨੂੰ ਮਾਰਨ ਸਮੇਂ ਜਦੋਂ ਨਕਸਲੀਆਂ ਨੇ ਗੋਲੀ ਚਲਾਈ ਤਾਂ ਚਾਹ ਦੀ ਦੁਕਾਨ ਕਰਦਾ ਇੱਕ ਨਿਹੰਗ ਸਿੰਘ ਇਨ੍ਹਾਂ ਮਗਰ ਕਿਰਪਾਨ ਕੱਢ ਕੇ ਮਗਰ ਦੌੜ ਪਿਆ। ਇਹਨਾਂ ਨੇ ਆਪਣੇ ਬਚਾਅ ਲਈ ਉਹਦੇ ਵੱਲ ਗੋਲੀ ਚਲਾ ਦਿੱਤੀ, ਉਹ ਡਿੱਗ ਪਿਆ। ਦੁਸਾਂਝ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਤੇ ਮਜ਼ਦੂਰ ਆਦਮੀ ਮਰ ਨਾ ਗਿਆ ਹੋਵੇ। ਪਰ ਉਹਦੇ ਗੋਲ਼ੀ ਲੱਗੀ ਨਹੀਂ ਸੀ। ਇਸ ਤਰ੍ਹਾਂ ਹੀ ਦਰਸ਼ਨ ਦੁਸਾਂਝ ਦੀ ਗ੍ਰਿਫਤਾਰੀ ਸਮੇਂ ਸੋਹਣ ਲਾਲ ਜੋਸ਼ੀ ਨੂੰ ਸ਼ੱਕ ਦੀ ਬਿਨਾਹ ਤੇ ਬਿਨ੍ਹਾਂ ਪੜਤਾਲ਼ ਕੀਤਿਆ ਸ਼ਹੀਦ ਕਰ ਦਿੱਤਾ। ਜਦੋਂ ਦਰਸ਼ਨ ਨੂੰ ਜੇਲ੍ਹ ਵਿੱਚ ਪਤਾ ਲੱਗਾ ਤਾਂ ਉਹ ਸੁੰਨ ਹੋ ਗਿਆ। ਉਸ ਦਾ ਭਰਾ ਮੋਹਣੀ ਜੇਲ੍ਹ ਵਿੱਚ ਬੰਦ ਸੀ। ਜਦੋਂ ਸੋਹਣ ਦੀ ਮਾਂ ਤੇ ਮਾਸੀ ਮਿਲਣ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ "ਸੋਹਣ ਨੂੰ ਮਿਲਿਆ ਬੜਾ ਚਿਰ ਹੋ ਗਿਆ, ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ"।

ਮਾਂ ਦਾ ਤਰਲਾ ਦੇਖ ਦਰਸ਼ਨ ਦਾ ਗਚ ਭਰ ਆਉਂਦਾ। ਇਸ ਤਰ੍ਹਾਂ ਹੀ ਕਾਮਰੇਡ ਰਾਮ ਕਿਸ਼ਨ ਕਿਸ਼ੂ 'ਆਪਣਿਆਂ' ਦੀ ਗੋਲੀ ਦਾ ਸ਼ਿਕਾਰ ਹੋ ਭੇਦ ਭਰੀ ਹਾਲਤ ਵਿੱਚ ਸ਼ਹੀਦ ਹੋ ਗਿਆ। ਦਰਸ਼ਨ ਨੇ ਜੇਲ੍ਹ ਤੋਂ ਬਾਹਰ ਆ ਕੇ, ਪੜਤਾਲ ਕਮੇਟੀਆਂ ਬਿਠਾ ਕੇ ਦੋਨ੍ਹਾਂ ਨੂੰ ਨਿਰਦੋਸ਼ ਕਰਾਰ ਦਿਵਾ, ਸ਼ਹੀਦ ਦਾ ਦਰਜਾ ਦੁਆਇਆ। ਸਾਰੀ ਜਿੰਦਗੀ ਉਸ ਦੀਆਂ ਅੱਖਾਂ ਅੱਗੇ ਸੋਹਣ ਦੀ ਮਾਂ ਦਾ ਤਰਲਾ ਘੁੰਮਦਾ ਰਿਹਾ ਤੇ ਯਾਦ ਕਰ ਉਹ ਉਦਾਸ ਹੋ ਜਾਂਦਾ। ਉਹ ਆਪਣੇ ਉਨ੍ਹਾਂ ਸਾਥੀਆਂ ਨੂੰ, ਜੋ ਪੁਲਿਸ ਦੀ ਗੋਲੀ ਨਾਲ ਸ਼ਹੀਦ ਨਹੀਂ ਹੋਏ ਪਰ ਲਹਿਰ ਲਈ ਮੀਲ ਪੱਥਰ ਬਣਨ ਦਾ ਕੰਮ ਕੀਤਾ ਸੀ, ਹਮੇਸ਼ਾ ਯਾਦ ਕਰਦੇ ਰਹਿੰਦੇ। ਉਨ੍ਹਾਂ ਦੀਆਂ ਜੀਵਨੀਆਂ ਦੇ ਅਧਾਰਿਤ 'ਅਮਿੱਟ ਪੈੜਾਂ' ਕਿਤਾਬ ਲਿਖੀ। ਕਦੇ ਕਦੇ ਉਹ ਪਾਰਟੀ ਫੁੱਟਾਂ ਤੋਂ ਉਦਾਸ ਹੋ ਕਹਿਣ ਲੱਗਦੇ ਲਹਿਰ ਉਸਰ ਨਹੀਂ ਰਹੀ, ਮੰਜ਼ਿਲ ਦਿੱਸਦੀ ਨਹੀਂ; ਚੰਗਾ ਹੁੰਦਾ ਕਿ ਮੈਂ ਪੁਲਿਸ ਦੀ ਗੋਲੀਂ ਨਾਲ਼ ਹੀ ਸ਼ਹੀਦ ਹੋ ਜਾਂਦਾ। ਤੇ ਫਿਰ ਇੱਕ ਦਮ ਉਹ ਆਪਣੇ ਵਿੱਚ ਉਤਸ਼ਾਹ ਭਰ ਕੇ ਕਹਿੰਦੇ ਕਿ ਇੱਕ ਸੱਚਾ ਇਨਕਲਾਬੀ ਕਦੇ ਹਾਰਦਾ ਨਹੀਂ। ਉਹ ਹਰ ਜਬਰ-ਜ਼ੁਲਮ ਦਾ ਮੁਕਾਬਲਾ ਅਡੋਲ ਹੋ ਕਰਦਾ ਹੈ। ਉਹ ਸੁਭਾਅ ਦੇ ਸ਼ਰਮਾਕਲ ਸਨ। ਜ਼ਿਆਦਾ ਛੇਤੀ ਕਿਸੇ ਨਾਲ਼ ਘੁਲਦੇ-ਮਿਲਦੇ ਨਹੀਂ ਸਨ। ਘਰ ਦੀਆਂ ਸੁਆਣੀਆਂ ਦੀ ਇੱਜਤ ਕਰਦੇ, ਪਿਆਰ ਸਤਿਕਾਰ ਕਰਦੇ। ਉਹ ਉਨ੍ਹਾਂ ਤੋਂ ਦੂਰੀ ਵੀ ਬਣਾਈ ਰੱਖਦੇ। ਉਹ ਕਹਿੰਦੇ ਸਨ ਕਿ ਹਰ ਕਮਿਊਨਿਸਟ ਵਿਅਕਤੀ ਦਾ ਇਮਾਨ ਤੇ ਇਖਲਾਕ ਹਮੇਸ਼ਾ ਉੱਚਾ ਰਹਿਣਾ ਚਾਹੀਦਾ ਹੈ। ਉਹ ਚਾਹੁੰਦੇ ਸਨ ਕਿ ਹੋ ਸਕੇ ਤਾਂ ਰੋਟੀ-ਪਾਣੀ ਦੇਣ ਲਈ ਕੋਈ ਮੇਲ ਮੈਂਬਰ ਆਵੇ। ਕਾਮਰੇਡਾਂ ਦਾ ਲੋਕਾਂ ਦੇ ਚੁੱਲ੍ਹਿਆਂ ਚੌਂਕਿਆਂ ਵਿੱਚ ਘੁੰਮਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਹ ਸਮਝੌਤਾਵਾਦੀ ਨਹੀਂ ਸਨ। ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਨਿੰਮ ਵਰਗਾ ਕੌੜਾ ਹਾਂ। ਨਿੰਮ ਕੌੜੀ ਜਰੂਰ ਹੁੰਦੀ ਹੈ, ਪਰ ਖੁਨ ਸਾਫ਼ ਕਰ ਦਿੰਦੀ ਹੈ।

ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦੀ ਲੱਤ ਗਲ਼ ਜਾਣੀ, ਪਾਕ ਪੈ ਜਾਣੀ। ਉਨ੍ਹਾਂ ਘੁੱਟ ਕੇ ਪਿਸ ਕੱਢਣੀ, ਗਰਮ ਪਾਣੀ ਨਾਲ ਧੋਹ ਕੇ ਕਦੇ ਨਾਰੀਅਲ ਦਾ ਤੇਲ ਲਾਉਣਾ, ਕਦੇ ਨਿਊਸਪਰੀਨ ਪਾਊਡਰ ਲਾਉਣਾ, ਪੱਟੀ ਕਰਨੀ। ਮੇਰੇ ਦਾਦਾ, ਦਾਦੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਜੇ ਉਨ੍ਹਾਂ ਕੁਝ ਦਿਨ ਨਾ ਆਉਣਾ ਤਾਂ ਮੇਰੀ ਦਾਦੀ ਜੀ ਨੇ ਕਾਂ ਉਡਾਉਣੇ ਕਿ ਦਰਸ਼ਨ ਠੀਕ ਹੋਵੇ ਆਇਆ ਨਹੀਂ। ਉਹ ਆਪਣੇ ਕੋਲ ਹੋਮੀਓਪੈਥੀ ਦੀਆਂ ਕਿਤਾਬਾਂ ਤੇ ਦੁਆਈਆਂ ਰੱਖਦੇ ਸਨ। ਜੇਕਰ ਮੇਰੀ ਦਾਦੀ ਦੀ ਕੋਈ ਸਹੇਲੀ ਬਿਮਾਰ ਹੋ ਜਾਂਦੀ ਤਾਂ ਦੁਸਾਂਝ ਅੰਕਲ ਉਸ ਨੂੰ ਦੁਆਈ ਦਿੰਦੇ। ਅਸੀਂ ਹੱਸੀ ਜਾਣਾ ਕਿ ਅੰਕਲ ਡਾਕਟਰ ਬਣੇ ਹੋਏ ਆ। ਇੱਕ ਵਾਰੀ ਉਨ੍ਹਾਂ ਨੇ ਕਵਿਤਾ ਲਿਖੀ "ਮੈਂ ਕੱਲਰ ਦਾ ਫੁੱਲ ਓ ਯਾਰਾ" ਸੁਣ ਕੇ ਮੈਂ ਉਦਾਸ ਹੋ ਗਈ। ਮੈਂ ਸੁੱਤੇ ਸਿੱਦ ਹੀ ਕਿਹਾ, "ਅੰਕਲ ਜੀ, ਤੁਸੀਂ ਕੱਲਰ ਦਾ ਫੁੱਲ ਨਹੀਂ, ਮੈਂ ਤੁਹਾਡੀ ਧੀ ਹਾਂ", ਤਾਂ ਉਨ੍ਹਾਂ ਉਦਾਸ ਲਹਿਜੇ ਵਿੱਚ ਕਿਹਾ, "ਕੌਣ ਬਣਦਾ ਧੀ? ਕਹਿਣਾ ਸੌਖਾ ਨਿਭਾਉਣਾ ਬੜਾ ਔਖਾ"। ਮੈਂ ਫਿਰ ਕਿਹਾ, "ਮੈਂ ਨਿਭਾਵਗੀ"। ਮੈਂ ਉਨ੍ਹਾਂ ਦੀ ਡਾਇਰੀ ਤੇ ਲਿਖ ਦਿੱਤਾ ਕਿ ਅੱਜ ਤੋਂ ਮੈਂ ਤੁਹਾਡੀ ਧੀ ਮੈਂ ਹਰ ਦੁੱਖ ਸੁੱਖ ਵਿੱਚ ਸਾਥ ਦੇਵਾਂਗੀ ਤੇ ਸਾਡਾ ਰਿਸ਼ਤਾ ਉਨ੍ਹਾਂ ਦੇ ਜਿਉਂਦਿਆਂ ਤੱਕ ਨਿਭਿਆ। ਉਹ ਕਹਿੰਦੇ ਸਨ ਕਿ ਮੇਰਾ ਸੰਸਕਾਰ ਵੀ ਮੰਗੂਵਾਲ ਹੀ ਕਰੀਂ ਤਿੰਨਾਂ ਸਹੀਦਾਂ ਨਾਲ, ਪਰ ਦੁਸਾਂਝ ਕਲਾਂ ਵਾਲੇ ਨਹੀਂ ਮੰਨੇ। ਬਿਮਾਰੀਆਂ ਦਾ ਚੁਤਰਫਾ ਹਮਲਾ ਨਾ ਸਹਾਰਦੇ ਹੋਏ, ਉਹ 15 ਅਗਸਤ,2000 ਨੂੰ ਨਈਅਰ ਹਸਪਤਾਲ ਅੰਮ੍ਰਿਤਸਰ, ਸਾਡੇ ਕੋਲੋਂ ਸਦਾ ਲਈ ਵਿਛੜ ਗਏ।

ਅੱਜ ਉਨ੍ਹਾਂ ਨੂੰ ਸਾਡੇ ਕੋਲੋਂ ਗਿਆਂ ਬਾਰਾਂ ਸਾਲ ਹੋ ਗਏ। ਸੋ ਆਓ ਸੋਚੀਏ ਕੀ ਬਦਲਿਆ ਇਨ੍ਹਾਂ ਸਾਲਾਂ ਵਿੱਚ? ਕੀ ਸਿਰਜ ਹੋਇਆਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ? ਬਿਲਕੁਲ ਨਹੀਂ, ਅੱਜ ਵੀ ਮੇਹਨਤਕਸ਼ ਭੁੱਖਾ ਮਰਦਾ ਹੈ, ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਮੁਲਾਜ਼ਮ ਵਰਗ ਤੇ ਅੱਤਿਆਚਾਰ ਢਾਉਂਦੀ ਤੇ ਫਤਵੇ ਲਾਉਂਦੀ ਹੈ। ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਔਰਤਾਂ ਦੀ ਬੇਪੱਤੀ ਹੋ ਰਹੀ ਹੈ। ਗੰਦੇ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ।ਜਾਤ, ਧਰਮ ਦੇ ਨਾਂ ਤੇ ਨਿੱਤ ਦਿਨ ਦੰਗੇ ਹੋ ਰਹੇ ਹਨ।ਅਮੀਰ ਗਰੀਬ ਦਾ ਪਾੜਾ ਵੱਧ ਗਿਆ ਹੈ ।ਅੱਜ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਹਨ । ਅੱਜ ਵੀ ਸਲਵਾ ਜੁਡਮ ਰਾਹੀਂ ਪਿੰਡਾਂ ਦੇ ਪਿੰਡ ਉਜਾੜੇ ਤੇ ਤਬਾਹ ਕੀਤੇ ਜਾ ਰਹੇ ਹਨ। ਅੱਜ ਵੀ ਸਰਕੇਗੁਡਾ ਵਿੱਚ ਪੁਲਿਸ ਵੱਲੋਂ ਮਾਉਵਾਦੀਆਂ ਦੇ ਸਫਾਏ ਦੇ ਨਾਂ ਹੇਠ ਆਦਿਵਾਸੀਆਂ ਤੇ ਕਹਿਰ ਢਾਹਿਆ ਗਿਆ। ਪੰਦਰ੍ਹਾਂ ਸੋਲ੍ਹਾਂ ਸਾਲਾਂ, ਇੱਥੋਂ ਤੱਕ ਅੱਠ ਸਾਲਾਂ ਦੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅੱਜ ਵੀ ਸੋਨੀ ਸੋਰੀ ਵਰਗੀਆਂ ਅਨੇਕਾਂ ਔਰਤਾਂ ਤੇ ਅਣਮਨੁੱਖੀ ਜੁਲਮ ਢਾਹੇ ਜਾਂਦੇ ਹਨ।

ਅਸੀਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਦੁਨੀਆਂ ਦੇ ਸਭ ਤੋਂ ਵਿਕਸਤ ਮੁਲਕਾਂ ਵਿੱਚ ਆਏ ਹਾਂ। ਜਿਸ ਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ। ਕੀ ਇੱਥੇ ਸਭ ਕੁਝ ਠੀਕ ਹੈ? ਜੇਕਰ ਦੁਸਾਂਝ ਇੱਥੇ ਹੁੰਦਾ ਤਾਂ ਉਸ ਨੂੰ ਇੱਥੋਂ ਦੀਆਂ ਅਲਾਮਤਾਂ ਨਾ ਦਿਸਦੀਆਂ, ਤਾਂ ਇਹ ਝੂਠ ਹੋਵੇਗਾ। ਦਰਸ਼ਨ ਤੇ ਹਰ ਸੂਝਵਾਨ ਮਨੁੱਖ ਨੂੰ ਇੱਥੋਂ ਦੀਆਂ ਸਮੱਸਿਆਵਾਂ ਭਲੀ ਭਾਂਤੀ ਦਿਸਦੀਆਂ ਤਾਂ ਹਨ ਪਰ ਬਹੁਤ ਵਾਰੀ ਅਸੀਂ ਦੇਖ ਕੇ ਅੱਖਾਂ ਮੀਟ ਲੈਂਦੇ ਹਾਂ, ਜੋ ਦਰਸ਼ਨ ਸ਼ਾਇਦ ਨਾ ਕਰਦਾ ਉਹ ਜਰੂਰ ਜਾਣ ਜਾਂਦਾ ਇੱਥੋਂ ਦੇ ਮੂਲ ਵਾਸੀਆਂ ਦੀ ਹਾਲਤ, ਕਿ ਉਨ੍ਹਾਂ ਨੂੰ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ ਜਿੱਥੇ ਉਹ ਰਹਿੰਦੇ ਖਾਣ-ਪੀਣ ਦਾ ਸਮਾਨ ਮਹਿੰਗਾ ਹੈ ਅਤੇ ਸ਼ਰਾਬ ਤੇ ਹੋਰ ਨਸ਼ੇ ਆਮ ਮਿਲ ਜਾਂਦੇ ਹਨ।ਸਾਫ਼ ਪਾਣੀ ਦੀ ਸਮੱਸਿਆ ਹੈ ਤੇ ਰਹਿਣ-ਸਹਿਣ ਦਾ ਪੱਧਰ ਬਹੁਤ ਨੀਵਾਂ ਹੈ ਤੀਜੇ ਦਰਜੇ ਦੇ ਦੇਸ਼ਾਂ ਵਾਂਗੂੰ। ਉਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇੱਥੇ ਵੀ ਆਰਥਿਕ ਮੰਦੀ ਦਾ ਦੈਂਤ ਮੂੰਹ ਅੱਡੀ ਖੜਾ੍ਹ ਹੈ। ਇੱਥੇ ਵੀ ਬਹੁਤ ਸਾਰੇ ਲੋਕ ਆਪਣੀ ਯੋਗਤਾ ਅੁਨਸਾਰ ਨੌਕਰੀਆਂ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਸਰੀ ਫੂਡ ਬੈਂਕ ਤੇ ਵਿਨੀਪੈੱਗ ਹਾਰਵੈਸਟ ਮੂਹਰੇ ਖਾਣਾ ਪ੍ਰਾਪਤ ਕਰਨ ਲਈ ਲੰਬੀਆਂ ਲਾਇਨਾਂ ਲੱਗੀਆਂ ਹੁੰਦੀਆਂ ਹਨ । ਇੱਥੇ ਵੀ ਲੋਕ ਗਾਰਬੇਜ਼ ਬਿੰਨ ਫਰੋਲਦੇ ਆਮ ਦਿਖ ਜਾਂਦੇ ਹਨ ਕਿ ਕੋਈ ਖਾਣ ਵਾਲੀ ਚੀਜ਼ ਮਿਲ ਜਾਵੇ। ਇੱਥੇ ਵੀ ਬੱਚਿਆਂ ਨੂੰ ਭੁੱਖੇ ਢਿੱਡ ਸਕੂਲ ਜਾਣਾ ਪੈਦਾਂ ਹੈ। ਇੱਥੇ ਵੀ ਲੋਕਾਂ ਨੂੰ ਨਜਾਇਜ਼ ਜੰਗਾਂ ਵਿੱਚ ਝੋਕਿਆ ਜਾਂਦਾ ਹੈ। ਇੱਥੇ ਵੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਦੋ ਵੇਲੇ ਦੀ ਰੋਟੀ ਨਹੀਂ ਮਿਲਦੀ। ਸੋ ਜੇਕਰ ਦਰਸ਼ਨ ਦੁਸਾਂਝ ਇੱਥੇ ਹੁੰਦਾ ਤਾਂ ਉਹ ਕਦੇ ਚੁੱਪ ਨਾ ਬੈਠਦਾ, ਜਰੂਰ ਆਪਣੇ ਹਿੱਸੇ ਦੀ ਲੜਾਈ ਲੜ ਸਮਾਜ ਨੂੰ ਬਰਾਬਰਤਾ ਵਾਲ਼ਾ ਤੇ ਮਨੁੱਖਤਾ ਦੇ ਰਹਿਣ ਯੋਗ ਬਣਾਉਦਾ ਸੋ ਦਰਸ਼ਨ ਦੇ ਵਾਰਸਾ ਦਾ ਵੀ ਇਹ ਹੀ ਫਰਜ਼ ਹੈ। ਸੋ ਆਓ ਦਰਸ਼ਨ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਧਰਤੀ ਦੇ ਹਰ ਖਿੱਤੇ ਤੇ ਹਰ ਪ੍ਰਕਾਰ ਦੀ ਨਾਬਰਾਬਰੀ ਵਿਰੁੱਧ ਸੰਘਰਸ਼ ਕਰੀਏ।

ਦਰਸ਼ਨ ਦੁਸਾਂਝ ਦਾ ਸ਼ਰਧਾਂਜ਼ਲੀ ਸਮਾਗਮ

ਕੈਨੇਡਾ ਦੇ ਸ਼ਹਿਰ ਵਿੱਨੀਪੈੱਗ ਦੇ 90 ਸਿਨਕਲੇਅਰ ਸਟਰੀਟ ਵਿਖੇ 15 ਅਕਤੂਬਰ, 2012 ਨੂੰ ਹੋ ਰਿਹਾ ਹੈ। ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜ਼ਿੰਦਾ ਸ਼ਹੀਦ ਹੈ, ਜੋ ਹਕੂਮਤੀ ਜਬਰ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਉਂਦਾ ਰਿਹਾ ਪਰ ਇਨਕਲਾਬ ਨੂੰ ਆਪਣਾ ਅਕੀਦਾ, ਆਪਣੀ ਮੰਜ਼ਿਲ ਬਣਾਈ ਰੱਖਿਆ। ਉਹ ਇੱਕ ਰਾਜਨੀਤੀਵਾਨ, ਜਥੇਬੰਦਕ, ਲੇਖਕ, ਰੰਗਕਰਮੀ ਅਤੇ ਸਮੇਂ-ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਮਹਾਨ ਯੋਧਾ ਸੀ।ਸਾਰੇ ਹੀ ਅਗਾਂਹਵਧੂ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਸੂਰਮੇ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਦੇ ਹੋਏ ਇਸ ਮਹਾਨ ਇਨਕਲਾਬੀ ਨੂੰ ਸ਼ਰਧਾਜ਼ਲੀ ਦੇਣ ਲਈ ਉਪਰੋਕਤ ਪਤੇ 'ਤੇ 2 ਵਜੇ ਬਾਅਦ ਦੁਪਹਿਰ ਇਕੱਠੇ ਹੋਈਏ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ