Fri, 23 February 2024
Your Visitor Number :-   6866253
SuhisaverSuhisaver Suhisaver

ਗੋਬਿੰਦ ਘਾਟ ਦਾ ਭਿਆਨਕ ਸਫਰ ਤੇ ਕੁਦਰਤੀ ਕਰੋਪੀ -ਮੁਖਤਿਆਰ ਸਿੰਘ

Posted on:- 27-07-2013

suhisaver

ਅਸੀਂ 15 ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ।ਅਸੀਂ ਸੋਚਿਆ ਕਿ ਅਜੇਹਾ ਅਦਭੁਤ ਅਤੇ ਸੁੰਦਰ ਤੀਰਥ ਸਥਾਨ ਜਿਸ ਦੀ ਸਵਰਗ ਨਾਲ ਤੁਲਨਾ ਕੀਤੀ ਜਾਂਦੀ ਹੈ।ਜਾਣਾ ਹੀ ਚਾਹੀਦਾ ਹੈ।ਅਸੀਂ ਟੱਬਰ ਦੇ ਛੇ ਜਣੇ ਮਿਥੀ ਤਾਰੀਖ ਨੂੰ ਸਵੇਰੇ ਤਿੰਨ ਵਜੇ ਤੁਰ ਪਏ। ਕਾਰ ਪੂਰੀ ਰਫਤਾਰ ਨਾਲ ਜਾ ਰਹੀ ਸੀ।ਅੰਬਾਲਾ ਲੰਘ ਕੇ ਹਨੇਰੀ ਚਲ ਪਈ।ਅਗੇ ਜਾਂਦਿਆਂ ਹੀ ਮੀਂਹ ਸ਼ੁਰੂ ਹੋ ਗਿਆ।ਯੂ ਪੀ ਵਿਚ ਹਰਿਦੁਆਰ ਨੂੰ ਜਾਣ ਲਈ ਵਿਚ ਵਿਚਾਲੇ ਵਾਲੀ ਸੜਕ ਪੈ ਗਏ।ਅੰਬਾਂ ਦੇ ਬਾਗ ਅਤੇ ਸਫੈਦੇ ਦੇ ਦਰੱਖਤ ਹੀ ਦਰੱਖਤ ਨਜ਼ਰ ਆ ਰਹੇ ਸਨ।

ਇੰਝ ਜਾਪਦਾ ਸੀ,ਜਿਵੇਂ ਇਹਨਾਂ ਤੋਂ ਇਲਾਵਾ ਹੋਰ ਕੋਈ ਦਰੱਖਤ ਜਾਂ ਫਸਲ ਹੁੰਦੀ ਹੀ ਨਾ ਹੋਵੇ।ਵਧੀਆ ਸੜਕ ਤੋਂ ਬਾਅਦ ਦੱਸ ਕਿਲੋਮੀਟਰ ਦਾ ਰਸਤਾ ਸਿਰਫ ਵੱਟੇ ਹੀ ਪਏ ਸਨ।ਅਸੀਂ ਹੈਰਾਨ ਰਹਿ ਗਏ ਕਿ ਕਿਸੇ ਲੀਡਰ ਦਾ ਏਸ ਪਾਸੇ ਧਿਆਨ ਹੀ ਨਹੀਂ ਹੈ।ਖੈਰ ਹਰਿਦੁਆਰ ਗਏ ਤਾਂ ਉਥੇ ਹਰਿ ਕੀ ਪੌੜੀ ਵਿਚ ਇਸ਼ਨਾਨ ਕਰਨ ਵਾਲੇ ਆਏ ਸ਼ਰਧਾਲੂਆਂ ਦੀ ਐਨੀ ਭੀੜ ਕਿ ਤਿੰਨ ਘੰਟੇ ਲੰਘਣ ਲਈ ਲੱਗੇ।
            


ਰਿਸ਼ੀਕੇਸ਼ ਤੋਂ ਅਸੀਂ ਗੰਗਾ ਦੇ ਕੰਢੇ ਕੰਢੇ ਪੈ ਗਏ।ਕਾਫੀ ਲੋਗ ਜਾ ਅਤੇ ਆ ਰਹੇ ਸਨ।ਇਕ ਪਾਸੇ ਉਚੇ ਪਹਾੜ ਤੇ ਦੂਜੇ ਪਾਸੇ ਡੂੰਘੀ ਵਗਦੀ ਗੰਗਾ।ਸਫਰ ਵਿਚ ਹਨੇਰਾ ਹੋ ਗਿਆ ਸੀ।ਅਸੀਂ ਹਨੇਰੇ 'ਚ ਅਗੇ ਜਾਣਾ ਠੀਕ ਨਹੀਂ ਸਮਝਿਆ।ਪਿਪਲਕੋਟੀ ਲਾਗੇ ਇਕ ਥਾਂ ਹੋਟਲ ਮਿਲ ਗਿਆ।ਅਸੀਂ ਰਾਤ ਉਥੇ ਠਹਿਰ ਗਏ।ਦੂਜੇ ਦਿਨ ਸਵੇਰੇ ਹੀ ਫਿਰ ਚਾਲੇ ਪਾ ਦਿੱਤੇ।ਜੋਸ਼ੀਮੱਠ ਪਹੁੰਚੇ ਤਾਂ ਬਾਜ਼ਾਰ ਵਿਚ ਜਾਮ ਲੱਗਿਆ ਹੋਇਆ ਸੀ ।ਤਿੰਨ ਕੁ ਘੰਟੇ ਉਤੇ ਫਸੇ ਰਹੇ।ਕਈ ਯਾਤਰੂ ਕਹਿ ਰਹੇ ਸੀ ਕਿ ਬਦਰੀਨਾਥ ਦਾ ਰਸਤਾ ਬੰਦ ਹੋ ਗਿਆ ਹੈ ਪਰ ਗੋਬਿੰਦ ਧਾਮ ਵੱਲ ਰਸਤਾ ਖੁੱਲਾ ਹੈ।

ਜੋਸ਼ੀ ਮੱਠ ਸਮੁੰਦਰ ਦੇ ਤਲ ਤੋਂ 1975 ਮੀਟਰ ਉਚਾ ਹੈ।ਇਹ ਸ਼ਹਿਰ ਲਾਗੇ ਦੀਆਂ ਪਹਾੜੀਆਂ ਨਾਲੋਂ ਬਹੁਤ ਉਚੀ ਥਾਂ 'ਤੇ ਹੈ।ਮਿਲਟਰੀ ਛਾਉਣੀ ਹੈ।ਅਸੀਂ ਰਸਤਾ ਬੰਦ ਕਰੀ ਖੜੇ ਕਾਰਾਂ ਅਤੇ ਟੈਕਸੀਆਂ ਵਾਲਿਆਂ ਨੂੰ ਵੇਖਣ ਗਏ ਤਾਂ ਕਈ ਗੱਡੀਆਂ ਦੁਕਾਨਾਂ ਵਾਲਿਆਂ ਨੇ ਅਗੇ ਟੇਢੀਆਂ ਕਰਕੇ ਲੁਆਈਆਂ ਹੋਈਆਂ ਸਨ ਤਾਂ ਕਿ ਟੈਕਸੀਆਂ 'ਚ ਜਾ ਰਹੇ ਯਾਤਰੂ ਰੁਕੇ ਰਹਿਣ ਤੇ ਦੁਕਾਨਾਂ ਵਾਲਿਆਂ ਦੀ ਵਿਕਰੀ ਹੁੰਦੀ ਰਹੇ ਪਰ ਕੁਝ ਬੰਦਿਆਂ ਨੇ ਵਿਚ ਪੈ ਕੇ ਉਹ ਗੱਡੀਆਂ ਸਿਧੀਆਂ ਕਰਾਈਆਂ ਤੇ ਆਉਣ ਜਾਣ ਵਾਲਾ ਰਸਤਾ ਚਾਲੂ ਹੋ ਗਿਆ।ਅਸੀਂ ਸ਼ੁਕਰ ਕੀਤਾ।ਇਥੋਂ ਗੋਬਿੰਦ ਘਾਟ ਸਿਰਫ ਵੀਹ ਕਿਲੋਮੀਟਰ ਹੀ ਹੈ।  

ਮੀਂਹ ਪੈ ਰਿਹਾ ਸੀ।ਠੰਢ ਵਧਣ ਲੱਗ ਪਈ।ਫਿਰ ਵੀ ਕੁਦਰਤੀ ਨਜ਼ਾਰੇ ਵਧੀਆ ਸਨ।ਇਕ ਪਾਸੇ ਉਚੇ ਪਹਾੜ ਤੇ ਨੀਚੇ ਵਗ ਰਹੀ ਨਦੀ।ਅਸੀਂ ਛੇਤੀ ਹੀ ਗੋਬਿੰਦ ਘਾਟ 'ਤੇ 4 ਵਜੇ ਸ਼ਾਮ ਪਹੁੰਚ ਗਏ।ਸਾਰੇ ਜਣੇ ਖੁਸ਼ ਸੀ ਕਿ ਸਵੇਰੇ ਉਠ ਕੇ ਗੋਬਿੰਦ ਧਾਮ ਨੂੰ ਚਾਲੇ ਪਾ ਲੈਣੇ ਹਨ।ਪਾਰਕ ਵਿਚ ਗੱਡੀ ਖੜੀ ਕੀਤੀ ਤੇ ਲਾਗੇ ਦੇ ਹੋਟਲ ਵਿਚ ਕਮਰਾ ਲੈ ਲਿਆ।ਨਦੀ ਦੇ ਕੰਢੇ ਪਾਣੀ ਦਾ ਪੂਰਾ ਸ਼ੋਰ ਪੈ ਰਿਹਾ ਸੀ।ਅਸੀਂ ਅਜੇ ਟਿਕੇ ਹੀ ਸੀ ਕਿ 7 ਕੁ ਵਜੇ ਪਤਾ ਲੱਗਣ ਲੱਗ ਪਿਆ ਸੀ ਕਿ ਉਪਰ ਕਿਦਾਰਨਾਥ ਦੇ ਮੰਦਰ ਉੇਤੇ ਬਦਲ ਫਟ ਗਿਆ ਹੈ ਤੇ ਗੰਗਾ ਦਾ ਪਾਣੀ ਹੜ੍ਹ ਦੀ ਤਰ੍ਹਾਂ ਵਧਣ ਲੱਗ ਪਿਆ ਹੈ।ਗੋਬਿੰਦ ਘਾਟ ਵਿਚ ਅਲਕਨੰਦਾ ਅਤੇ ਹੇਮ ਗੰਗਾ ਦਾ ਸੰਗਮ ਹੁੰਦਾ ਹੈ।ਪਤਾ ਲੱਗਾ ਕਿ ਗੋਬਿੰਦ ਧਾਮ ਦਾ ਰਸਤਾ ਵੀ ਬੰਦ ਹੋ ਗਿਆ ਹੈ।ਕਈ ਪੁਲ ਟੁਟ ਗਏ ਹਨ।ਕਈ ਦਿਨਾਂ ਲਈ ਕੋਈ ਵੀ ਉਪਰ ਨਹੀਂ ਜਾ ਸਕਦਾ।ਸਾਨੂੰ ਫਿਕਰ ਪੈ ਗਿਆ ਕਿ ਐਡੀ ਦੂਰ ਆਏ ਵੀ ਤੇ ਹੇਮਕੁੰਟ ਸਾਹਿਬ ਜਾ ਹੀ ਨਹੀਂ ਸਕੇ।ਸਾਡਾ ਕਮਰਾ ਨਦੀ ਵਾਲੇ ਪਾਸੇ ਹੀ ਸੀ।ਉਥੋਂ ਸਾਰੀ ਪਾਰਕਿੰਗ ਦਿਸਦੀ ਸੀ।ਸਾਹਮਣੇ ਨਦੀ ਦੇ ਪਾਰਲੇ ਪਾਸੇ ਪੱਧਰੀ ਥਾਂ 'ਤੇ ਖੱਚਰਾਂ ਵਾਲਿਆਂ ਨੇ ਟੈਂਟ ਲਾਏ ਹੋਏ ਸਨ।ਪੁਲ ਲੰਘ ਕੇ ਪੈਦਲ ਚੜਾਈ ਏਥੋਂ ਹੀ ਸ਼ੁਰੂ ਹੁੰਦੀ ਹੈ ਤੇ ਖੱਚਰਾਂ ਏਥੋਂ ਹੀ ਕਰਨੀਆਂ ਪੈਦੀਆਂ ਹਨ।   
           
ਹੌਲੀ ਹੌਲੀ ਹੋਟਲਾਂ ਦੇ ਬਾਹਰ ਖੜ ਕੇ ਨਦੀ ਦੇ ਵੱਧ ਰਹੇ ਪਾਣੀ ਵੱਲ ਵੇਖਣ ਲੱਗ ਪਏ।ਪਾਣੀ ਦਾ ਕੰਨ ਪਾੜਵਾਂ ਸ਼ੋਰ ਸੀ।ਸਭ ਤੋਂ ਥੱਲੇ ਵਾਲੀ ਪਾਰਕਿੰਗ ਵਿਚ ਖੜੀਆਂ ਗੱਡੀਆਂ ਵੱਲ ਪਾਣੀ ਵਧ ਰਿਹਾ ਸੀ ਤੇ ਵੇਖਦੇ ਹੀ ਵੇਖਦੇ ਪਹਿਲਾਂ ਈਨੋਵਾ ਗੱਡੀ ਪਲਟੀ।ਮੁੜ ਕੇ ਉਸ ਦਾ ਪਤਾ ਹੀ ਨਹੀਂ ਲੱਗਿਆ ਕਿਧਰ ਚਲੀ ਗਈ।ਖੜੇ ਲੋਕਾਂ ਨੇ ਰੌਲਾ ਪਾ ਦਿੱਤਾ, ' ਓ ਗਈ ਓ ਗਈ ...'  ਤੇ ਫਿਰ ਸਨਾਟਾ ਛਾ ਗਿਆ।ਅਸੀਂ ਡਰ ਗਏ ।ਫਿਰ ਵੇਖਦੇ ਹੀ ਵੇਖਦੇ ਦੂਜੀ ਗੱਡੀ ਪਾਣੀ ਨੇ ਖਿਚ ਲਈ।ਪਾਣੀ ਹੋਰ ਵੱਧ ਗਿਆ।ਇਸ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਉਸ ਪਾਰਕਿੰਗ ਵਿਚੋਂ ਗੱਡੀਆਂ ਕੱਢ ਲਈਆਂ ਸਨ ਉਹ ਬਚ ਗਈਆਂ।ਫਿਰ ਵੇਖੋ ਵੇਖੀ ਖਤਰਾ ਭਾਂਪਦਿਆਂ ਦੂਜੀ ਉਪਰਲੀ ਪਾਰਕਿੰਗ ਵਿਚੋਂ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।  
            
ਅੱਠ ਕੁ ਵਜੇ ਤੋਂ ਬਾਅਦ ਤਾਂ ਗੁਰਦੁਆਰਿਓਂ ਵਾਰ ਵਾਰ ਸੂਚਨਾ ਦਿੱਤੀ ਜਾਣ ਲੱਗ ਪਈ ਕਿ ਪਾਣੀ ਵੱਧ ਰਿਹਾ ਹੈ।ਏਥੋਂ ਨਿਕਲ ਜਾਓ ਤੇ ਉਚੀ ਜਗ੍ਹਾ ਚਲੇ ਜਾਓ।ਗੋਬਿੰਦ ਧਾਮ ਵਾਲਾ ਰਸਤਾ ਬਿਲਕੁਲ ਹੀ ਬੰਦ ਹੈ।ਅਸੀਂ ਕਦੇ ਕਮਰੇ ਵਿਚ ਕਦੇ ਨਦੀ ਵੱਲ ਵੇਖਦੇ ਹੈਰਾਨ ਹੋ ਰਹੇ ਸੀ ਕਿ ਏਸ ਮਹੀਨੇ ਮੀਂਹ ਵੇਖ ਕੇ ਖੁਸ਼ੀ ਚੜਦੀ ਸੀ।ਮੀਂਹ ਵਿਚ ਟੱਪਦੇ ਫਿਰਦੇ ਸੀ, ' ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ।' ਏਥੇ ਕਹਿਰ ਹੋਣ ਵਾਲਾ ਸੀ।ਮੀਂਹ ਲਗਾਤਾਰ ਪੈ ਰਿਹਾ ਸੀ। ਨੌਂ ਕੁ ਵਜੇ ਅਸੀਂ ਹੋਟਲ ਵਿਚ ਰੋਟੀ ਖਾਣ ਆ ਗਏ।ਉਥੇ ਗੋਬਿੰਦ ਧਾਮ ਤੋਂ ਆਏ ਯਾਤਰੂਆਂ ਨੇ ਦੱਸਿਆ ਕਿ ਉਪਰ ਤਾਂ ਹੁਣ ਕਿਸੇ ਹਾਲਤ ਵਿਚ ਵੀ ਨਹੀਂ ਜਾਇਆ ਜਾ ਸਕਦਾ।ਸੋ ਪਿੱਛੇ ਹੀ ਮੁੜਨਾ ਪੈਣਾ ਹੈ।ਕਮਰੇ ਦੇ ਬਾਹਰ ਜਾ ਕੇ ਵੇਖਿਆ ਤਾਂ ਦੂਜੇ ਯਾਤਰੂ ਚਿੰਤਾ ਵਿਚ ਡੁਬੇ ਹੋਏ ਸਨ।ਦੂਜੀ ਪਾਰਕਿੰਗ ਵਾਲਿਆਂ ਨੇ ਗੱਡੀਆਂ ਉਪਰ ਲੈ ਆਦੀਆਂ ਸਨ।ਤੀਜੀ ਪਾਰਕਿੰਗ ਵਾਲਿਆਂ  
                              

ਨੂੰ ਅਜੇ ਬੇਫਿਕਰੀ ਸੀ ਕਿ ਏਨਾ ਉਚਾ ਪਾਣੀ ਨਹੀਂ ਸਕਦਾ।ਅਸੀਂ ਤੀਜੀ ਉਚੀ ਪਾਰਕਿੰਗ ਵਿਚ ਹੀ ਗੱਡੀ ਖੜੀ ਕੀਤੀ ਹੋਈ ਸੀ।ਅਸੀਂ ਕਮਰੇ 'ਚ ਆ ਕੇ ਪੈ ਗਏ ਕਿ ਸਾਰਾ ਦਿਨ ਦੇ ਥੱਕੇ ਹੋਏ ਹਾਂ ਵੇਖੀ ਜਾਉ ਜੋ ਹੋਵੇਗਾ।ਘੰਟਾ ਕੁ ਪਏ ਰਹੇ ਪਰ ਨੀਂਦ ਕਿਥੇ ?ਦੂਜੇ ਕਮਰਿਆਂ ਵਾਲੇ ਸ਼ੋਰ ਕਰਨ ਲੱਗ ਪਏ।ਉਹ ਰੁੜਦੀਆਂ ਗੱਡੀਆਂ ਵੱਲ ਹੀ ਵੇਖਦੇ ਸਨ।ਰੌਲਾ ਪਾ ਰਹੇ ਸੀ।ਅਸੀਂ ਰੌਲਾ ਸੁਣ ਕੇ ਫਿਰ ਬਾਹਰ ਨਿਕਲੇ ਤੇ ਪਤਾ ਲੱਗਾ ਕਿ ਹੋਟਲ ਵੀ ਖਾਲੀ ਕਰਨਾ ਪੈਣਾ ਹੈ।ਫਿਰ ਵੀ ਹੋਰਨਾਂ ਵਾਂਗ ਅਸੀਂ ਉਥੋਂ ਆ ਨਹੀਂ ਸੀ ਰਹੇ।ਸੋਚਦੇ ਕਿ ਜੇ ਇਥੋਂ ਨਿਕਲ ਵੀ ਗਏ ਤਾਂ ਮੀਂਹ ਪੈਂਦੇ ਵਿਚ ਜਾਵਾਂਗੇ ਕਿਥੇ ?ਅਸੀਂ ਫਿਰ ਪੈ ਗਏ।
               
ਗੋਬਿੰਦ ਘਾਟ ਸਮੁੰਦਰ ਤਲ ਤੋਂ 1892 ਮੀਟਰ ਉਚਾ ਹੈ।ਤਕਰੀਬਨ ਇਕ ਵਜੇ ਹੋਟਲ ਮਾਲਕ ਨੇ ਸਾਰੇ ਕਮਰਿਆ ਦੇ ਦਰਵਾਜੇ ਖੜਕਾ ਦਿੱਤੇ ਕਿ ਫਟਾ ਫਟ ਬਾਹਰ ਨਿਕਲ ਜਾਓ ਪਾਣੀ ਆ ਰਿਹਾ ਹੈ।ਹੋਟਲ ਨੂੰ ਤਰੇੜਾਂ ਆ ਗਈਆਂ ਹਨ।ਉਸ ਨੇ ਦੱਸਿਆ ਕਿ ਪਾਣੀ ਗੁਰੂਦੁਆਰੇ ਦੇ ਲੰਗਰ ਹਾਲ ਦੀਆਂ ਕੰਧਾਂ ਭੰਨ ਕੇ ਅੰਦਰ ਆ ਗਿਆ ਹੈ।ਸੰਗਤਾਂ ਤੋਂ ਸਾਰਾ ਗੁਰੂਦੁਆਰਾ ਖਾਲੀ ਕਰਾ ਲਿਆ ਹੈ।ਗੱਠੜੀ ਘਰ ਵਿਚੋਂ ਕਈਆਂ ਨੇ ਬੈਗ ਚੁੱਕੇ ਨਹੀਂ ਸਨ।ਕਈ ਬੰਦਿਆਂ ਨੇ ਉਥੇ ਲੁਟ ਮਾਰ ਸ਼ੁਰੂ ਕਰ ਦਿੱਤੀ।ਹੋਟਲ ਮਾਲਕ ਨੇ ਇਹ ਵੀ ਦੱਸਿਆ ਕਿ ਹੋਟਲ ਨੂੰ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਰੁੜਣ ਦਾ ਖੱਤਰਾ ਹੈ।ਉਸ ਨੇ ਇਹ ਵੀ ਕਿਹਾ ਕਿ ਉਸ ਦੇ ਅਗਲੇ ਕਮਰੇ ਵਿਚ ਆ ਜਾਓ।ਉਹ ਕਹਿ ਕੇ ਚਲਾ ਗਿਆ।ਬਾਕੀ ਕਮਰਿਆਂ ਵਾਲੇ ਵੀ ਨਿਕਲਣ ਲੱਗ ਪਏ।ਅਸੀਂ ਆਪਣਾ ਕਪੜਾ ਲੀੜਾ ਬੈਗਾਂ ਵਿਚ ਪਾ ਕੇ ਪੈਕ ਕਰ ਦਿੱਤਾ ਤੇ ਆਪ ਖਾਲੀ ਹੱਥ ਬਾਹਰ ਬਜ਼ਾਰ ਵਾਲੇ ਪਾਸੇ ਸੜਕ ਉਤੇ ਆ ਗਏ।ਉਥੇ ਬਹੁਤ ਸਾਰੀ ਸੰਗਤ ਖੜੀ ਸੀ।ਬਹਤੇ ਉਪਰ ਉਚੇ ਥਾਂ ਜਾ ਰਹੇ ਸੀ।ਸਾਰੇ ਇਹੋ ਕਹਿ ਰਹੇ ਸੀ ਕਿ ਗੁਰਦੁਆਰੇ ਵਿਚ ਪਾਣੀ ਆ ਗਿਆ ਹੈ ,ਉਪਰ ਉਚੀ ਥਾਂ ਚਲੇ ਜਾਓ ਛੇਤੀ ਛੇਤੀ ।  
             

ਅਸੀਂ ਥੋੜਾ ਚਿਰ ਵੇਖ ਕੇ ਹੌਲੀ ਹੌਲੀ ਆਪਣੇ ਬੈਗ ਵੀ ਚੁੱਕ ਲਿਆਏ ਤੇ ਬਜ਼ਾਰ ਦੇ ਪਹਾੜ ਵਾਲੀਆਂ ਦੁਕਾਨਾਂ ਦੇ ਸ਼ੈਡਾਂ ਨਾਲ ਖੜ ਗਏ।ਉਥੇ ਹੀ ਬੈਗ ਰੱਖ ਲਏ।ਉਸ ਵੇਲੇ ਦੋ ਵੱਜ ਰਹੇ ਸਨ।ਮੀਂਹ ਲਗਾਤਾਰ ਪੈ ਰਿਹਾ ਸੀ।ਅਸੀਂ ਘੰਟਾ ਖੜੇ ਰਹੇ।ਸਾਡਾ ਡਰਾਈਵਰ ਪਹਿਲਾਂ ਗੁਰਦੁਆਰੇ ਵਿਚ ਪਿਆ ਸੀ।ਗੱਡੀ ਦੀ ਚਾਬੀ ਉਸ ਕੋਲ ਹੀ ਸੀ।ਬੇਟੇ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ।ਕਦੇ ਪਾਰਕਿੰਗ ਵਿਚ ਗੱਡੀ ਕੋਲ ਜਾਵੇ ਕਦੇ ਗੁਰਦੁਆਰੇ ਵਿਚੋਂ ਨਿਕਲ ਕੇ ਆਏ ਲੋਕਾਂ ਵੱਲ ਵੇਖੇ।ਜਦੋਂ ਕਾਫੀ ਚਿਰ ਬੇਟਾ ਨਾ ਆਉਂਦਾ ਤਾਂ ਸਾਨੂੰ ਫਿਕਰ ਹੋ ਜਾਂਦਾ।ਮੇਰੇ ਪੋਤਾ ਪੋਤੀ ਰੋਣ ਲੱਗ ਜਾਂਦੇ ਕਿ ਪਾਪਾ ਆ ਜਾਵੇ।ਗੱਡੀ ਪਈ ਰੁੜ੍ਹ ਜਾਵੇ।ਅਸੀਂ ਬੱਚਿਆਂ ਨੂੰ ਹੌਸਲਾ ਦਿੰਦੇ ਰਹੇ।ਜਦੋਂ ਬੇਟਾ ਆ ਜਾਂਦਾ ਤਾਂ ਬੱਚਿਆਂ ਦੇ ਸਾਹ 'ਚ ਸਾਹ ਆਉਂਦਾ।ਥੋੜਾ ਚਿਰ ਬਾਅਦ ਬੇਟਾ ਫਿਰ ਡਰਾਈਵਰ ਨੂੰ ਵੇਖਣ ਚਲਾ ਜਾਂਦਾ।ਬੱਚੇ ਰੋਣ ਲੱਗ ਜਾਂਦੇ।ਅਸੀਂ ਮਸਾਂ ਚੁੱਪ ਕਰਾਉਂਦੇ ਅਤੇ ਕਹਿੰਦੇ ਕਿ ਪਾਪਾ ਨੇ ਆ ਹੀ ਜਾਣਾ ਹੈ ਤੇ ਗੱਡੀ ਲਿਆ ਕੇ ਵਿਚ ਬੈਠਾਂਗੇ।ਪਰ ਬੇਟਾ ਖਾਲੀ ਹੱਥ ਮੁੜਦਾ।  

 
            
ਬਾਜ਼ਾਰ ਵਿਚੀਂ ਮਿਲਟਰੀ ਵਾਲੇ ਛੇਤੀ ਛੇਤੀ ਉਚੀ ਥਾਂ ਵੱਲ ਜਾ ਰਹੇ ਸਨ ਤੇ ਉਹ ਲੋਕਾਂ ਨੂੰ ਵੀ ਕਹਿ ਰਹੇ ਸੀ ਕਿ ਏਥੋਂ ਜਲਦੀ ਨਿਕਲ ਜਾਓ।ਸਾਰੇ ਲੋਕ ਉਚੀ ਥਾਂ ਵੱਲ ਜਾਣ ਲੱਗ ਪਏ।ਜਿਥੋਂ ਪਾਰਕਿੰਗ ਲਈ ਢਲਾਨ ਸ਼ੁਰੂ ਹੁੰਦੀ ਹੈ।ਉਸ ਤੋਂ ਉਪਰ ਬਜ਼ਾਰ ਉਚਾ ਹੈ।ਅਸੀਂ ਕੁਝ ਬੈਗ ਉਥੇ ਹੀ ਛੱਡ ਕੇ ਇਕ ਇਕ ਹਲਕਾ ਬੈਗ ਚੁੱਕ ਕੇ ਪਾਰਕਿੰਗ ਦੇ ਗੇਟ ਬਰਾਬਰ ਆ ਖੜੇ ਹੋਏ।ਮੀਂਹ ਪੂਰੇ ਜ਼ੋਰ ਨਾਲ ਵਰਸ ਰਿਹਾ ਸੀ।ਅਸੀਂ ਹੌਸਲੇ ਨਾਲ ਖੜੇ ਰਹੇ।ਬੇਟਾ ਫਿਰ ਗਿਆ ਤੇ ਤਿੰਨ ਬੈਗ ਚੁੱਕ ਲਿਆਇਆ।ਉਸ ਦਾ ਦਿਲ ਗੱਡੀ ਵਿਚ ਸੀ ਕਿ ਨਵੀਂ ਵੱਡੀ ਗੱਡੀ ਕਿਸੇ ਤਰੀਕੇ ਇਥੋਂ ਨਿਕਲ ਜਾਵੇ।ਨਿਕਲੇ ਤਾਂ ਜੇ ਡਰਾਈਵਰ ਮਿਲੇ।ਹਫੜਾ ਦਫੜੀ ਅਤੇ ਮੀਂਹ ਕਰਕੇ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿ ਕੌਣ ਕਿਥੇ ਹੈ।ਜਿਥੇ ਕਿਤੇ ਉਚੀ ਥਾਂ ਕਿਸੇ ਨੂੰ ਜਗ੍ਹਾ ਮਿਲ ਰਹੀ ਸੀ।ਉਥੇ ਹੀ ਖੜੇ ਸੀ।ਮੀਂਹ ਕਾਰਨ ਬੈਠ ਤਾਂ ਸਕਦੇ ਹੀ ਨਹੀਂ ਸੀ।ਕਈ ਛੋਟੇ ਬੱਚੇ ਵਿਲਕ ਰਹੇ ਸਨ।ਜਨਾਨੀਆਂ ਰੋ ਰਹੀਆਂ ਸਨ ।ਹਰ ਪਾਸੇ ਕੁਰਲਾਹਟ ਮਚੀ ਹੋਈ।ਕੋਈ ਕਿਸੇ ਨੂੰ ਪਛਾਣ ਨਹੀਂ ਸੀ ਰਿਹਾ।ਕਈ ਟੋਲੇ ਅਤੇ ਟੋਲੀਆਂ ਸਤਨਾਮ ਵਹਿਗੁਰੂ ਜਪ ਰਹੀਆਂ ਸਨ।ਸਾਰੇ ਹੌਸਲੇ ਵਿਚ ਇਕ ਦੂਜੇ ਨੂੰ ਸਹਾਰਾ ਦਿੰਦੇ ਸੀ। ਨਦੀ ਦੇ ਪਾਣੀ ਦਾ ਡਰਾਉਂਣਾ ਵਿਰਾਟ ਰੂਪ ਕਦੇ ਅਜੇਹਾ ਨਹੀਂ ਵੇਖਿਆ।ਗੱਡੀਆਂ ਉਪਰਲੀ ਲਾਈਨ ਵਿਚੋਂ ਵੀ ਕੱਢੀਆਂ ਸ਼ੁਰੂ ਹੋ ਗਈਆਂ।  
             

ਅਸੀਂ ਉਸ ਤੋਂ ਵੀ ਉਪਰ ਦੁਕਾਨਾਂ ਦੇ ਅਗੇ ਆ ਖੜੇ ਹੋਏ।ਹੋਰ ਵੀ ਬਹੁਤ ਸਾਰੇ ਲੋਕ ਖੜੇ ਸਨ। ਦੁਕਾਨਾਂ ਸਾਰੀਆਂ ਬੰਦ ਸੀ।ਬਹੁਤੇ ਲੋਕ ਗੱਡੀਆਂ ਲੈਕੇ ਜੋਸ਼ੀ ਮੱਠ ਵੱਲ ਚਾਲੇ ਪਾ ਰਹੇ ਸਨ।ਸਾਡੀ ਵੀ ਇਹੋ ਸਲਾਹ ਸੀ ਪਰ ਡਰਾਈਵਰ ਅਜੇ ਵੀ ਮਿਲ ਨਹੀਂ ਸੀ ਰਿਹਾ।ਹੋਰ ਵੀ ਕਈ ਜਣਿਆਂ ਦੇ ਡਰਾਈਵਰ ਅਜੇ ਮਿਲ ਨਹੀਂ ਸੀ ਰਹੇ।ਉਹ ਗੱਡੀਆਂ ਪਾਰਕਿੰਗ ਕਰਕੇ ਬੇਫਿਕਰ ਹੋ ਗਏ ਸਨ।ਬੇਟੇ ਨੂੰ ਚਿੰਤਾ ਵੱਢ ਵੱਢ ਖਾਈ ਜਾ ਰਹੀ ਸੀ।ਮੈਂ ਬੱਚਿਆਂ ਕੋਲ ਖੜਾ ਸੀ।ਉਹ ਫਿਰ ਵੇਖਣ ਗਿਆ।ਤਕਰੀਬਨ ਚਾਰ ਵਜੇ ਪਾਰਕਿੰਗ ਨੇੜੇ ਖੜਾ ਡਰਾਈਵਰ ਮਿਲ ਗਿਆ।ਉਸ ਨੇ ਉਸੇ ਵੇਲੇ ਗੱਡੀ ਕੱਢਣ ਲਈ ਹੋਰ ਗੱਡੀਆਂ ਅਗੇ ਪਿਛੇ ਕਰਾਈਆਂ।ਇਸ ਕਾਰਵਾਈ ਨੂੰ ਕਾਫੀ ਸਮਾਂ ਲੱਗ ਗਿਆ।ਬੱਚਿਆਂ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ।ਮੀਂਹ ਕਰਕੇ ਉਹ ਕੰਬ ਰਹੇ ਸੀ।ਮੈਂ ਅਤੇ ਪਤਨੀ, ਉਹਨਾਂ ਨੂੰ ਚੁੱਪ ਕਰਾ ਰਹੇ ਸੀ ਤੇ ਹੌਸਲਾ ਦਿੰਦੇ ਰਹੇ।ਉਹ ਵਾਰ ਵਾਰ ਕਹਿ ਰਹੇ ਸਨ, 'ਗੱਡੀ ਛੱਡੋ,ਪਾਪਾ ਆ ਜਾਓ '।ਕਿਉਂਕਿ ਉਸ ਵੇਲੇ ਮਹੌਲ ਹੀ ਅਜੇਹੇ ਕਹਿਰ ਦਾ ਸੀ।ਪਰ ਕਿਸੇ ਨਾ ਕਿਸੇ  ਤਰੀਕੇ ਬੇਟਾ ਗੱਡੀ ਲੈ ਹੀ ਆਇਆ।ਬੱਚਿਆਂ ਨੂੰ ਗੱਡੀ ਵਿਚ ਬਿਠਾਇਆ।ਅਸੀਂ ਡਰਾਈਵਰ ਸਮੇਤ ਉਪਰ ਬੈਗ ਰੱਖ ਕੇ ਤਿਰਪਾਲ ਪਾਉਣ ਲੱਗ ਪਏ।ਪੰਜ ਕੁ ਵਜੇ ਤਕ ਅਸੀਂ ਗੱਡੀ ਵਿਚ ਬੈਠ ਗਏ।ਫਿਰ ਸੋਚਿਆ ਥੋੜਾ ਹੋਰ ਚਾਨਣ ਹੋਏ ਤੋਂ ਚਾਲੇ ਪਾਈਏ।   
             

ਅਸੀਂ ਅੱਧਾ ਘੰਟਾ ਰੁਕੇ ਰਹੇ।ਓਨਾ ਚਿਰ ਵਿਚ ਹੀ ਉਪਰਲੀ ਪਾਰਕਿੰਗ ਵਾਲੀਆਂ ਗੱਡੀਆਂ ,ਜਿਹੜੀਆਂ ਕੱਢੀਆਂ ਨਹੀਂ ਸਨ ਗਈਆਂ।ਉਹ ਵੀ ਹੇਠਾਂ ਪਾੜ ਪੈਣ ਨਾਲ ਰੁੜ ਗਈਆਂ।
 
                          
 ਗੁਰਦੁਆਰੇ ਦੀਆਂ ਸਾਰੀਆਂ ਕੰਧਾਂ ਉਡ ਗਈਆਂ।ਬਹੁਤ ਵੱਡਾ ਜਰਨੇਟਰ ਰੁੜ ਗਿਆ।ਬਿਜਲੀ ਦੇ ਖੰਭੇ ਰੁੜ ਗਏ।ਬਿਜਲੀ ਪਾਣੀ ਬੰਦ ਹੋ ਗਿਆ।ਜਿਹੜੇ ਹੋਟਲ ਵਿਚ ਅਸੀਂ ਠਹਿਰੇ ਸੀ ਉਹ ਵੀ ਸਾਰਾ ਰੁੜ ਗਿਆ।ਉਸ ਦੇ ਨਾਲਦੇ ਵੀ ਅਤੇ ਉਸ ਪਾਸੇ ਵਾਲੀਆਂ ਦੁਕਾਨਾਂ ਵੀ ਰੁੜ ਗਈਆਂ।ਨਦੀ ਦੇ ਵਿਰਾਟ ਅਗੇ  ਰੂਪ ਕੁਝ ਵੀ ਨਹੀਂ ਅਟਕਿਆ।ਸਾਢੇ ਪੰਜ ਵਜੇ ਅਸੀਂ ਵਾਪਸੀ ਲਈ ਗੱਡੀ ਤੋਰ ਲਈ ਪਰ ਗੱਡੀਆਂ ਦੀ ਭੀੜ ਐਨੀ ਕਿ ਜੂੰ ਦੀ ਤੋਰ ਤੁਰਨ ਲੱਗੀਆਂ।ਘੰਟੇ ਵਿਚ ਮਸਾਂ ਹੀ ਬਜ਼ਾਰ ਦਾ ਪੌਣਾ ਕਿਲੋਮੀਟਰ ਨਿਕਲਿਆ ਹੋਵੇਗਾ।ਅਗੇ ਖਾਲੀ ਥਾਂ ਤੋਂ ਸੜਕ ਟੁੱਟੀ ਹੋਈ ਦਿਸੀ।ਸਾਤੋਂ ਦੋ ਗੱਡੀਆਂ ਅਗੇ ਸਨ।ਉਹ ਰੁਕ ਗਈਆਂ।ਦੂਜੇ ਪਲਾਂ ਵਿਚ ਹੀ ਸਾਡੇ ਵੇਖਦੀ ਵੇਖਦੀ ਹੀ ਅੱਧੀ ਸੜਕ ਦਾ ਹਿੱਸਾ ਥੱਲੇ ਡਿਗ ਪਿਆ।ਫਿਰ ਅਸੀਂ ਗੱਡੀਆਂ ਪਿਛੇ ਕਰ ਲਈਆਂ।ਥੋੜੀ ਦੂਰ ਬੈਕ ਕਰਕੇ ਪੱਕੀ ਥਾਂ ਖੜੀਆਂ ਕਰ ਲਈਆਂ। ਸੌ ਕੁ ਮੀਟਰ ਦਾ ਕੁਝ ਵੀ ਨਹੀਂ ਰਿਹਾ।ਨਾ ਪੈਦਲ ਨਾ ਕੋਈ ਹੋਰ ਸਾਧਨ।ਇਕ ਪਾਸੇ ਡੂੰਘੀ ਖੱਡ ਤੇ ਨਦੀ ਵਹਿ ਰਹੀ ਦੂਜੇ ਪਾਸੇ ਉਚਾ ਪਹਾੜ।ਕਿਸਮਤ ਚੰਗੀ ਸੀ ਕਿ ਸੜਕ ਟੁਟਣ ਤੋਂ ਪਹਿਲਾਂ ਹੀ ਰੁਕ ਗਏ।ਨਹੀਂ ਤਾਂ ਸਿਧੇ ਨਦੀ ਵਿਚ ਜਾਣਾ ਸੀ।ਟੱਬਰ ਦਾ ਕੁਝ ਵੀ ਨਹੀਂ ਸੀ ਲੱਭਣਾ।ਜੋਸ਼ੀ ਮੱਠ ਆਉਣ ਦਾ ਰਸਤਾ ਹੀ ਬੰਦ ਹੋ ਗਿਆ।ਹੁਣ ਕੀ ਕਰੀਏ?ਅਸੀਂ ਮਾਯੂਸ ਹੋ ਗਏ।ਮੌਤ ਸਾਹਮਣੇ ਦਿਸਣ ਲੱਗ ਪਈ।  
            

ਦੋ ਤਿੰਨ ਘੰਟੇ ਕਾਰ ਵਿਚ ਬੈਠਿਆਂ ਹੀ ਲੰਘਾਏ। ਰਸਤੇ ਦਾ ਕੋਈ ਪਤਾ ਨਹੀਂ ਸੀ ਕਿਨੇ ਕੁ ਦਿਨ ਬੰਦ ਰਹੇ।ਰਹਿਣ ਲਈ ਤੇ ਖਾਣ ਲਈ ਕੋਈ ਥਾਂ ਨਹੀਂ ਹੈ।ਚਾਹ ਵਾਲੇ ਖੋਖੇ ਤੋਂ ਚਾਹ ਲਿਆ ਕੇ ਪੀਤੀ।ਇਕ ਕੱਪ ਦੱਸ ਰੁਪਏ ਤੋਂ ਸਿਧਾ ਵੀਹ ਰੁਪਏ ਕਰ ਦਿੱਤਾ।ਬਰੈਡ ਵੀ ਮਹਿੰਗੀ ।ਉਹਨਾਂ ਦਾ ਸੀਜ਼ਨ ਲੱਗ ਗਿਆ।ਸਾਰੇ ਦੁਕਾਨਦਾਰਾਂ ਨੇ ਰੇਟ ਦੁਗਣੇ ਕਰ ਦਿੱਤੇ।ਉਹਨਾਂ ਨੂੰ ਪਤਾ ਸੀ ਕਿ ਰਸਤਾ ਕਈ ਦਿਨ ਨਹੀਂ ਖੁਲੇਗਾ।ਗੱਡੀ ਵਿਚ ਕਾਂਬਾ ਲੱਗ ਰਿਹਾ ਸੀ।ਗਿਲੇ ਕਪੜੇ ਸੁਕੇ ਨਹੀਂ ਸੀ।ਅਸੀਂ ਛੱਤਰੀ ਲ਼ੈ ਕੇ ਇਕ ਚਾਹ ਦੇ ਖੋਖੇ ਵਾਲੀ ਜਨਾਨੀ ਨੂੰ ਬੇਨਤੀ ਕੀਤੀ ਕਿ ਦੁਕਾਨ ਵਿਚ ਹੀ ਥੋੜੀ ਥਾਂ ਬੈਠਣ ਲਈ ਦੇ ਦੇਵੇ।ਪਰ ਉਥੇ ਵੀ ਕਈ ਟੱਬਰ ਆ ਬੈਠੇ ਸਨ।ਸਾਡੇ ਡਰਾਈਵਰ ਨੇ ਉਸ ਚਾਹ ਵਾਲੀ ਦੇ ਹੱਥ ਵਿਚ ਛੇ ਸੌ ਰੁਪਏ ਰੱਖੇ ਤੇ ਉਚੀ ਥਾਂ ਛੋਟਾ ਕਮਰਾ ਦੇਣ ਲਈ ਬੇਨਤੀ ਕੀਤੀ।ਉਸ ਨੇ ਆਪਣਾ ਰਿਹਾਇਸ਼ੀ ਕਮਰਾ ਜੋ 8 ਬਾਈ 10 ਫੁਟ ਦਾ ਸੀ,ਸਾਨੂੰ ਦੇ ਦਿੱਤਾ।ਉਸ ਵਿਚ ਇਕ ਛੋਟਾ ਬੈਡ ਰੱਖਿਆ ਹੋਇਆ ਸੀ।ਇਕ ਛੋਟੀ ਪੇਟੀ ਉਤੇ ਭਾਂਡਾ ਟੀਡਾ ਪਿਆ ਸੀ।ਅਸੀਂ ਬੈਗ ਬਗੈਰਾ ਗੱਡੀ ਵਿਚ ਹੀ ਰਹਿਣ ਦਿੱਤੇ।ਉਸ ਬੈਡ ਉਤੇ ਛੇ ਜਣੇ ਬੈਠ ਗਏ।ਬੱਚੇ ਪੈ ਗਏ ਅਸੀਂ ਚਾਰੇ ਜਣੇ ਬੈਠੇ ਰਹੇ।ਉਸ ਜਨਾਨੀ ਨੇ ਕੰਬਲ ਕੱਢ ਕੇ ਦੇ ਦਿੱਤਾ ਸੀ।ਉਸ ਝੌਂਪੜੀ ਟਾਈਪ ਕਮਰੀ ਵਿਚ ਨਿਘ ਆ ਗਿਆ।ਸਾਡੇ ਕਪੜੇ ਗਿਲੇ ਹੀ ਸਨ।ਅਸੀਂ ਉਸ ਜਨਾਨੀ ਦਾ ਲੱਖ ਸ਼ੁਕਰ ਕੀਤਾ ਕਿ ਸਿਰ ਢੱਕਣ ਲਈ ਥਾਂ ਮਿਲ ਗਈ।ਬੱਚਿਆਂ ਦਾ ਬਚਾਅ ਹੋ ਗਿਆ।ਸਾਰਾ ਦਿਨ ਬੈਠ ਕੇ ਹੀ ਲੰਘਾਇਆ।ਮੋਮਬੱਤੀਆਂ ਦਾ ਬੰਡਲ ਮਸੀ ਲੱਭ ਕੇ ਲਿਆਂਦਾ।   
 
           
ਅਸੀਂ ਆਪਣੇ ਨਾਲ ਬਿਸਕੁਟ,ਬਰੈਡ ਤੇ ਹੋਰ ਸੁਕੇ ਮੇਵੇ ਲੈ ਗਏ ਸੀ।ਉਹ ਖਾ ਕੇ ਸਾਰਦੇ ਰਹੇ।ਚਾਹ ਦਾ ਹੀਲਾ ਹੋ ਜਾਂਦਾ ਸੀ।ਇਕ ਵਾਰ ਤਾਂ ਅਸੀਂ ਕਿਸੇ ਛੋਟੇ ਜਿਹੇ ਢਾਬੇ ਤੋਂ ਇਕ ਇਕ ਰੋਟੀ ਪਕਵਾ ਕੇ ਲੈ ਆਏ।ਉਸਦੇ ਨਾਲ ਸਾਰਿਆ।ਬੈਡ ਉਤੇ ਇਕ ਜਣਾ ਫਸ ਕੇ ਪੈ ਸਕਦਾ ਸੀ।ਇਕ ਦਮ ਕਮਰੇ ਵਾਲੀ ਜਨਾਨੇ, ਬੂਹੇ 'ਚ ਖੜ ਕੇ ਸਾਨੂੰ ਤਾੜਨਾ ਕਰਨ ਲੱਗ ਪਈ, ਉਏਕ ਚੁਟਕੀ ਮੇਂ ਬਾਹਰ ਨਿਕਲਨਾ ਹੈ।ਇਸ ਤਰਫ ਪਾਣੀ ਟੱਕਰ ਮਾਰ ਰਹਾ ਹੈ।ਇਸ ਮੇਂ ਬੈਠੇ ਨਹੀਂ ਰਹਿਣਾ ।ਇਕ ਜਣਾ ਬਾਰ ਬਾਰ ਪਾਣੀ ਕੋ ਦੇਖਤਾ ਰਹੇ ਕਿ ਥੱਲੇ ਸੜਕ ਤੋ ਨਹੀਂ ਟੁਟੀ?ਹਮ ਤੋ ਸਾਰੇ ਛੋੜ ਕਰ ਉਪਰ ਜੰਗਲਾਂ ਮੇਂ ਜਾ ਰਹੇ ਹੈਂ ?”   
            
ਇਕ ਮਿੰਟ ਵਿਚ ਉਹ ਸਾਨੂੰ ਚਿਤਾਵਨੀ ਦੇ ਕੇ ਡਰਾ ਗਈ।ਅਸੀਂ ਹੈਰਾਨ ਇਕ ਦੂਜੇ ਦੇ ਮੂੰਹਾਂ ਵੱਲ ਵੇਖੀਏ।ਥੋੜੀ ਦੇਰ ਬਾਅਦ ਉਸ ਦਾ ਘਰ ਵਾਲਾ ਵੀ ਆਇਆ।ਉਹ ਵੀ ਇਹੋ ਕਹਿ ਕੇ ਉਪਰ ਚਲਾ ਗਿਆ।ਅਸੀਂ ਹੋਰ ਡਰ ਗਏ।ਹਨੇਰੇ ਵਿਚ ਕੁਝ ਪਤਾ ਨਾ ਚਲੇ।ਅਸੀਂ ਮੋਮਬੱਤੀ ਬਲਦੀ ਰੱਖੀ।ਬੈਟਰੀ ਨਾਲ ਡਰਦੇ ਡਰਦੇ ਬਾਹਰ ਨਿਕਲ ਕੇ ਥੱਲੇ ਵੇਖਦੇ ਰਹੇ ਕਿ ਸੜਕ ਟੁਟੀ ਤਾਂ ਨਹੀਂ ?ਜੇ ਸੜਕ ਟੁਟਦੀ ਹੈ ਤਾਂ ਪਹਾੜ ਉਪਰੋਂ ਪੱਥਰ ਡਿਗ ਕੇ ਉਪਰਲੇ ਮਕਾਨ ਵੀ ਡਿਗਦੇ ਹਨ।ਰਾਤ ਦੇ ਗਿਆਰਾਂ ਕੁ ਵਜੇ ਇਕ ਮੁੰਡਾ ਆਇਆ ਉਹ ਦੱਸ ਗਿਆ ਕਿ ਪਾਣੀ ਏਧਰਲੀ ਟੱਕਰ ਤੋਂ ਦੂਜੀ ਟੱਕਰ ਵੱਲ ਚਲਾ ਗਿਆ ਹੈ।ਹੁਣ ਕੋਈ ਖਤਰਾ ਨਹੀਂ ।ਫਿਰ ਵੀ ਵੇਖਦੇ ਰਹਿਣਾ।ਏਥੇ ਕੋਈ ਪਤਾ ਨਹੀਂ ਕਦੋਂ ਪਹਾੜ ਡਿਗ ਪੈਂਦਾ ਹੈ।ਅਸੀਂ ਥੋੜਾ ਨਿਸ਼ਚਿੰਤ ਤਾਂ ਹੋ ਗਏ ਫਿਰ ਵੀ ਵਾਰੀ ਵਾਰੀ ਬੈਟਰੀ ਨਾਲ ਪਾਣੀ ਅਤੇ ਪਹਾੜ ਵੇਖਦੇ ਰਹੇ।ਜਿਹੜਾ ਵੱਡਾ ਪਾੜ ਪਿਆ ਹੋਇਆ ਸੀ,ਉਹ ਸਾੜੀ ਰਿਹਾਇਸ਼ ਤੋਂ ਥੋੜੀ ਦੂਰ ਹੀ ਸੀ।ਉਥੋਂ ਮਿਟੀ ਅਤੇ ਪੱਥਰ ਖਿਸਕ ਕੇ ਸਾਡੇ ਤਕ ਵੀ ਆ ਸਕਦਾ ਸੀ।ਥੋੜੀ ਦੇਰ ਪਹਿਲਾਂ ਡਰਾਈਵਰ ਨੇ ਸਾਨੂੰ ਸੁਨੇਹਾ ਦਿੱਤਾ ਕਿ ਫੌਜੀ ਰੰਮ ਵੀ ਦੇ ਰਹੇ ਨੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਦਸੋ?ਇਹ ਵੀ ਪਤਾ ਲੱਗਾ ਕਿ ਉਥੇ ਦੇ ਲੋਕਲ ਬੰਦੇ ਦੇਸੀ ਦਾਰੂ ਵੀ ਵੇਚ ਰਹੇ ਸੀ।ਅਸੀਂ ਉਸ ਨੂੰ ਮਨਾ ਕਰ ਦਿੱਤਾ ਕਿ ਏਥੇ ਜਾਨ ਦੀ ਪਈ ਹੋਈ ਹੈ।ਜੇ ਬਚ ਕੇ ਨਿਕਲ ਜਾਈਏ ਓਹੀ ਭਲੀ।
             
ਰਾਤ ਬਹੁਤ ਔਖੀ ਲੰਘੀ।ਡਰਾਈਵਰ ਗੱਡੀ ਵਿਚ ਹੀ ਪਿਆ।ਸਵੇਰੇ ਉਠ ਕੇ ਲੈਟਰੀਨਾਂ ਵੱਲ ਗਏ ਤਾਂ ਉਹਨਾਂ ਨੇ ਬੰਦ ਕਰ ਦਿੱਤੀਆਂ ਸਨ।ਪਾਣੀ ਬੰਦ ਹੋ ਗਿਆ ਸੀ।ਸਾਰੇ ਹੀ ਔਖੇ ਸਨ।ਮੇਨ ਸੜਕ ਉਤੇ ਦੋ ਥਾਂ ਸਰਕਾਰੀ ਬਣੀਆਂ ਲ਼ੈਟਰੀਨਾਂ ਅਤੇ ਬਾਥਰੂਮ ਵੀ ਬੰਦ ਕਰਕੇ ਚਲੇ ਗਏ ਸਨ।ਪਾਣੀ ਨਾ ਹੋਣ ਦਾ ਬਹਾਨਾ ਲਾ ਰਹੇ ਸਨ।ਕਈ ਬੰਦੇ ,ਬੱਚੇ ਤੇ ਜਨਾਨੀਆਂ ਪੱਥਰ ਦਾ ਥੋੜਾ ਜਿਹਾ ਆਸਰਾ ਵੇਖ ਕੇ ਹੀ ਜੰਗਲ ਪਾਣੀ ਕਰਨ ਲੱਗ ਪਏ।ਕਈ ਹੇਠਾਂ ਉਤਰ ਕੇ ਨਦੀ ਵਿਚੋਂ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਆਏ।ਉਸ ਪਾਣੀ ਨਾਲ ਕੰਮ ਸਾਰਿਆ।ਮਜਬੂਰੀ ਸੀ।ਛੋਟੀਆਂ ਛੋਟੀਆਂ ਝੌਂਪੜੀਆਂ ਵਿਚ ਠਹਿਰੇ ਹੋਏ ਅਤੇ ਕਾਰਾਂ ਵਿਚ ਹੀ ਰਾਤ ਕੱਟਣ ਵਾਲੇ ਪਹਾੜ ਦੇ ਵਿਚ ਹੀ ਉਪਰ ਚੜ੍ਹ ਕੇ ਏਧਰ ਓਧਰ ਜੰਗਲ ਪਾਣੀ ਹੋ ਆਏ।  
 
             
ਸਾਡੇ ਲਈ ਡਰਾਈਵਰ ਕਿਤੋਂ ਨਾ ਕਿਤੋਂ ਚਾਹ ਲੈ ਆਇਆ।ਅਸੀਂ ਕੋਲ ਰੱਖੇ ਬਿਸਕੁਟ ਬਗੈਰਾ ਖਾ ਕੇ ਗੁਜਾਰਾ ਕੀਤਾ।ਕਿਉਂਕਿ ਦੁਕਾਨਾਂ ਵਾਲੇ ਪੰਜਾਹ ਰੁਪਏ ਦਾ ਪਰੌਂਠਾ ਲਾ ਰਹੇ ਸਨ।ਬਾਅਦ 'ਚ ਪਤਾ ਲੱਗਾ ਕਿ ਪਰੌਂਠਾ ਸੌ ਰੁਪਏ ਤੋਂ ਵੀ ਟੱਪ ਗਿਆ ਸੀ।ਬਰੈਡ ਦੇ ਰੇਟ ਚੁੱਕ ਦਿੱਤੇ।ਹਰ ਖਾਣ ਵਾਲੀ ਚੀਜ ਮਹਿੰਗੀ ਵਿਕਣ ਲੱਗ ਪਈ ਸੀ।ਐਨੀ ਭੀੜ ਨੇ ਰਾਤ ਅਤੇ ਦਿਨ ਵਿਚ ਦੁਕਾਨਾਂ ਤੋਂ ਸਭ ਕੁਝ ਹੀ ਮੁਕਾ ਦਿੱਤਾ ਸੀ।ਹੇਠੋਂ ਕੁਝ ਜਾ ਨਹੀਂ ਸੀ ਸਕਦਾ।ਉਸ ਵੇਲੇ ਦਸ ਕੁ ਹਜਾਰ ਦੇ ਲੱਗ ਭੱਗ ਯਾਤਰੂ ਫਸੇ ਹੋਏ ਸਨ।ਬਾਰਾਂ ਤੇਰਾਂ ਸੌ ਕਾਰਾਂ ਵਗੈਰਾ ਖੜੀਆਂ ਸਨ।  
              

ਅਸੀਂ ਸੋਚਿਆ ਸੀ ਕਿ ਗੋਬਿੰਦ ਧਾਮ ਤੋਂ ਹੋ ਕੇ ਫਿਰ ਬਦਰੀਨਾਥ ਅਤੇ ਹੋਰ ਲਾਗੇ ਵਾਲੇ ਮੰਦਰ ਵੀ ਵੇਖ ਕੇ ਆਵਾਂਗੇ।ਮਸਾਂ ਤਾਂ ਆਇਆ ਜਾਂਦਾ ਹੈ।ਕੁਦਰਤੀ ਫੁੱਲਾਂ ਦੀ ਘਾਟੀ ਵੀ ਵੇਖਣ ਦੀ ਤੀਬਰ ਇਛਾ ਸੀ।ਇਹ ਵੀ ਦਿਲ ਵਿਚ ਹੀ ਰਹਿ ਗਈ।ਸੁੰਦਰ ਵਾਦੀਆਂ ਵਿਚ ਕੁਦਰਤੀ ਨਜ਼ਾਰੇ ਮਾਨਣ ਦੀ ਬਜਾਏ ਸਾਰੇ ਟੱਬਰ ਨੂੰ ਸਾਹਮਣੇ ਮੌਤ ਦਿਸ ਰਹੀ ਸੀ।ਪਰ ਉਸ ਦਿਨ 18  ਜੂਨ ਨੂੰ ਮੀਂਹ ਬੰਦ ਹੋ ਗਿਆ ਸੀ।ਆਈਟੀਬੀਪੀ ਮਿਲਟਰੀ ਆਫੀਸਰ ਦਾ ਸੁਨੇਹਾ ਆਇਆ ਕਿ ਗੱਡੀਆਂ ਏਥੇ ਹੀ ਰਹਿਣ ਦਿਓ,ਜਿਥੇ ਖੜੀਆਂ ਹਨ।ਯਾਤਰੂ ਸਾਰੇ ਲਾਈਨ 'ਚ ਹਲਕਾ ਇਕ ਪਿਠੂ ਬੈਗ ਲੈ ਕੇ ਆ ਜਾਣ।ਜੋਸ਼ੀ ਮੱਠ ਤਕ ਛੱਡਣਾ ਹੈ।ਸਾਨੂੰ ਸੁਣ ਕੇ ਖੁਸ਼ੀ ਚੜ੍ਹ ਗਈ।ਅਸੀਂ ਫਟਾ ਫਟ ਖਾਸ ਖਾਸ ਕਪੜਾ ਤੇ ਖਾਣ ਲਈ ਕੁਝ ਵੀ ਆਪਣੇ ਆਪਣੇ ਪਿਠੂ ਬੈਗ ਵਿਚ ਪਾ ਲਿਆ।ਡਰਾਈਵਰ ਨੂੰ ਦੋ ਦਿਨ ਉਥੇ ਹੀ ਰਹਿਣ ਲਈ ਕਹਿ ਦਿੱਤਾ।ਹੋਰ ਸਾਰੇ ਡਰਾਈਵਰ ਵੀ ਉਥੇ ਹੀ ਰਹਿ ਪਏ ਕਿ ਮਹੌਲ ਵੇਖ ਕੇ ਆਉਣਗੇ।ਜਿਥੇ ਸੜਕ ਟੁਟੀ ਹੋਈ ਸੀ,ਉਹ ਸਾਡੇ ਲਾਗੇ ਹੀ ਸੀ।ਸਾਡੀ ਰਿਹਾਇਸ਼ ਤੋਂ ਹੋ ਕੇ ਹੀ ਪੱਥਰਾਂ ਦੇ ਉਤੋਂ,ਪਹਾੜ ਵੱਲ ਚੜ੍ਹਨਾ ਸੀ।ਅਸੀਂ ਸਾਢੇ ਨੌਂ ਕੁ ਵਜੇ ਲਾਈਨ ਵਿਚ ਲੱਗ ਗਏ।ਹੌਲੀ ਹੌਲੀ ਪੱਥਰਾਂ ਉਪਰੋਂ ਚੜ੍ਹਦੇ ਗਏ।ਜਿਥੇ ਉਚਾ ਪੱਥਰ ਹੁੰਦਾ,ਉਥੇ ਫੌਜੀ ਜੁਆਨ ਖੜਾ ਸੀ। ਉਹ ਹੱਥ ਫੜ੍ਹ ਕੇ ਉਪਰ ਖਿਚ ਲੈਂਦਾ।ਮੀਂਹ ਕਾਰਨ ਤਿਲਕਣ ਵੀ ਸੀ।ਪਰ ਬੂਟਾਂ ਨਾਲ ਬਚਾਅ ਬਚਾਅ ਕੇ ਕਾਫੀ ਉਪਰ ਚੜ੍ਹ ਕੇ ਹੇਠਾਂ ਉਤਰਨ ਲੱਗੇ।ਫੌਜੀ ਜੁਆਨ ਫੜ ਕੇ ਉਤਾਰਦੇ।ਜੇ ਉਥੋਂ ਪੈਰ ਤਿਲਕ ਜਾਵੇ ਤਾਂ ਸਿਧਾ ਨਦੀ ਵਿਚ।ਲੱਭਣਾ ਹੀ ਨਹੀਂ ਸੀ।ਖੈਰ ਤਰਾਹ ਤਰਾਹ ਕਰਦੇ ਹੌਸਲੇ ਨਾਲ ਅਸੀਂ ਉਹ ਪਾਰ ਕਰ ਗਏ।ਬੱਚਿਆਂ ਨੇ ਬਹੁਤ ਹੌਸਲੇ ਨਾਲ ਪਾਰ ਕੀਤਾ।ਨਾਲ ਨਾਲ ਮੇਰਾ ਬੇਟਾ ਫੋਟੋ ਵੀ ਖਿਚ ਰਿਹਾ ਸੀ।ਇਕ ਬੁੱਢੀ ਜਨਾਨੀ ਸੋਟੀ ਦੇ ਸਹਾਰੇ ਸਾਡੇ ਵਾਲੀ ਲਾਈਨ ਵਿਚ ਰੋਂਦੀ ਹੀ ਆ ਰਹੀ ਸੀ।ਉਹ ਦੱਸ ਰਹੀ ਸੀ ਕਿ ਉਹ ਗੋਬਿੰਦ ਧਾਮ ਤੋਂ 16 ਜੂਨ ਨੂੰ ਆਈ ਸੀ।ਇਕ ਪੁਲ ਟੁਟਣ ਤੋਂ ਪਹਿਲਾਂ ਉਹ ਲੰਘ ਆਈ ਪਰ ਉਸ ਦੇ ਪੋਤਾ ਪੋਤੀ ਅਤੇ ਹੋਰ ਟੱਬਰ ਦੇ ਜੀ ਨਹੀਂ ਆਏ।ਹੋ ਸਕਦਾ ਹੈ ਉਹ ਸਾਰੇ ਮਾਰੇ ਗਏ ਹੋਣ।ਪਰ ਅਸੀਂ ਉਸ ਜਨਾਨੀ ਨੂੰ ਹੌਸਲਾ ਦੇ ਰਹੇ ਸੀ ਕਿ ਮਾਈ ਦਾ ਟੱਬਰ ਤਾਂ ਮਾਈ ਨਾਲੋਂ ਹੈਲੀਕਾਪਟਰ ਵਿਚ ਪਹਿਲਾਂ ਜੋਸ਼ੀ ਮੱਠ ਪਹੁੰਚ ਜਾਵੇਗਾ।  
 
 
                 
ਹੇਠਾਂ ਡੂੰਘੀ ਨਦੀ ਵੱਲ ਵੇਖ ਕੇ ਕੰਬਣੀ ਆ ਰਹੀ ਸੀ।ਉਪਰੋਂ ਉਚੇ ਪਹਾੜ ਤੋਂ ਪੱਥਰ ਡਿਗਣ ਦਾ ਡਰ ਕਾਂਬਾ ਛੇੜਦਾ ਸੀ।ਜਦੋਂ ਵੀ ਕੋਈ ਬੁੱਢਾ ਬੁੱਢੀ ਜਾਂ ਬੱਚਾ ਘਬਰਾਉਂਦਾ ਦਿਸਦਾ ਤਾਂ ਫੌਜੀ ਜੁਆਨ ਹੱਥ ਫੜ ਕੇ ਹੌਸਲਾ ਦਿੰਦੇ ਅਗੇ ਤੋਰ ਦਿੰਦੇ। ਆਖਰੀ ਉਤਰਾਈ ਸਿਧੀ ਅਤੇ ਤਿਲਕਣ ਵਾਲੀ ਸੀ।ਉਥੇ ਫੌਜੀਆਂ ਨੇ ਦੋਨੋਂ ਪਾਸੇ ਰੱਸਾ ਲਾਇਆ ਹੋਇਆ ਸੀ ਅਤੇ ਦੋਵੇਂ ਹੱਥ ਫੜ ਕੇ ਉਤਾਰਦੇ ਰਹੇ।ਉਹਨਾਂ ਵਿਚ ਇਕ ਫੌਜਣ ਵੀ ਡੱਟੀ ਹੋਈ ਸੀ।ਜਿਹੜੇ ਯਾਤਰੂ ਦੋ ਦਿਨ ਪਹਿਲਾਂ ਗੋਬਿੰਦ ਧਾਮ ਤੋਂ ਆ ਗਏ ਸਨ,ਉਹਨਾਂ ਵਿਚੋਂ ਕਈਆਂ ਨੇ ਦੱਸਿਆ ਕਿ ਜਦੋਂ ਉਪਰ ਪਾਣੀ ਆਇਆ ਤਾਂ ਰਸਤੇ ਵਿਚੋਂ ਕਈ ਬੰਦਿਆਂ ਨੂੰ ਪਾਣੀ ਰੋੜ੍ਹ ਕੇ ਲੈ ਗਿਆ।ਜਿਸ ਕਿਸੇ ਦਾ ਹੱਥ ਦਰੱਖਤ ਨੂੰ ਪੈ ਗਿਆ ਉਹ ਬਚ ਗਿਆ।ਉਹ ਕਹਿੰਦੇ ਕਿ ਤੁਸੀਂ ਚੰਗੇ ਰਹੇ ਜਿਹੜੇ ਨਹੀਂ ਗਏ।
            

ਸਾਨੂੰ ਉਤਰਾਈ ਉਤਰ ਕੇ ਸਾਹ 'ਚ ਸਾਹ ਆਇਆ।ਇਕ ਫੌਜੀ ਜੁਆਨ ਨੇ ਪਾਣੀ ਪੀਣ ਲਈ ਦਿੱਤਾ।ਏਥੇ ਮੀਡੀਏ ਵਾਲੇ ਪਹਿਲੀ ਵਾਰ ਵੇਖੇ।ਕਾਫੀ ਚੈਂਨਲਾਂ ਵਾਲੇ ਖੜੇ ਸਨ।ਉਹ ਫੋਟੋਆਂ ਖਿਚ ਰਹੇ ਸੀ।ਉਥੇ ਮਿਲਟਰੀ ਬੱਸ ਆਈ ਖੜੀ ਸੀ।ਉਹਨਾਂ ਨੇ ਜਿਨੇ ਯਾਤਰੂ ਪਹਾੜ ਤੋਂ ਉਤਾਰੇ ਸਨ ਸਾਰੇ ਹੀ ਬੱਸ ਵਿਚ ਬਿਠਾ ਲਏ।ਮਿੰਟਾਂ ਵਿਚ ਅਠਾਰਾਂ ਕਿਲੋਮੀਟਰ ਤਹਿ ਕਰਕੇ ਜੋਸ਼ੀਮੱਠ ਲੈ ਆਏ।ਕੈਂਪ ਵਿਚ ਸਾਰਿਆਂ ਨੂੰ ਰੋਟੀ ਖੁਆਈ ਅਤੇ ਦਾਲ ਫੁਲਕਾ ਤੇ ਪ੍ਰਸ਼ਾਦ ਬਹੁਤ ਸੁਆਦ ਸੀ।ਪਿਛੋਂ ਚਾਹ ਵੀ ਪਿਆਈ।ਫਿਰ ਉਹ ਸਾਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਵਿਚ ਛੱਡ ਗਏ।ਸਾਰੇ ਯਾਤਰੂ ਫੌਜੀ ਜੁਆਨਾ ਦੀ ਤਰੀਫ ਕਰਦੇ ਨਹੀਂ ਸੀ ਥਕਦੇ।ਅਸੀਂ ਉਹਨਾਂ ਦਾ ਧੰਨਬਾਦ ਕੀਤਾ ਕਿ ਉਹਨਾ ਨੇ ਸਖਤ ਮਿਹਨਤ ਨਾਲ ਫਸੇ ਯਾਤਰੂਆਂ ਦੀ ਪੂਰੀ ਮੱਦਦ ਕੀਤੀ।ਲੋਕਲ ਪ੍ਰਸ਼ਾਸ਼ਨ ਜਾਂ ਗੁਰਦੁਆਰਾ ਟਰੱਸਟ ਹੇਮਕੁੰਟ ਜਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਕੋਈ ਮਦਦ ਕਰਨ ਨਹੀਂ ਆਇਆ।ਉਥੇ ਗੋਬਿੰਦ ਘਾਟ ਵੀ ਲੋਕਲ ਗੁਰਦੁਆਰਾ ਪ੍ਰਬੰਧਕਾਂ ਨੇ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ।ਹਫੜਾ ਦਫੜੀ ਵਿਚ ਸਾਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕਿਧਰ ਨੂੰ ਜਾਈਏ।ਗੁਰਦੁਆਰੇ ਵਿਚ ਸੂਚਨਾ ਜਰੂਰ ਦਿੱਤੀ ਗਈ ਕਿ ਏਥੋਂ ਨਿਕਲ ਜਾਓ।ਜਿਹੜੇ ਯਾਤਰੂ ਗੋਬਿੰਦ ਧਾਮ ਤੋਂ 16 ਜੂਨ ਸ਼ਾਮ ਤਕ ਆਏ ,ਉਹ ਦੱਸ ਰਹੇ ਸੀ ਕਿ ਉਪਰ ਗੋਬਿੰਦ ਧਾਮ ਉਤੇ ਕੋਈ ਦੋ ਕੁ ਹਜ਼ਾਰ ਯਾਤਰੂ ਫਸੇ ਹੋਏ ਹਨ।ਉਹ ਨਿਕਲ ਨਹੀਂ ਸਕਦੇ।  
              

ਅਸੀਂ ਜੋਸ਼ੀਮੱਠ ਗੁਰਦੁਆਰੇ ਵਿਚ ਮਹੌਲ ਵੇਖਿਆ।ਉਥੇ ਯਾਤਰੂਆਂ ਦੀ ਅਥਾਹ ਭੀੜ ਜਮਾਂ ਸੀ।ਉਪਰੋਂ ਵੀ ਆ ਰਹੇ ਸੀ ਤੇ ਰਿਸ਼ੀਕੇਸ਼ ਵਲੋਂ ਵੀ ਆ ਗਏ ਸੀ।ਜਿਹੜੇ ਕਿ ਮਹੌਲ ਵੇਖ ਕੇ ਉਥੇ ਹੀ ਰੋਕ ਦੇਣੇ ਚਾਹੀਦੇ ਸੀ।ਕਿਸੇ ਨੇ ਰੋਕੇ ਨਹੀਂ।ਏਥੇ ਪ੍ਰਸ਼ਾਸ਼ਨ ਨੂੰ ਚੁਸਤ ਹੋਣਾ ਚਾਹੀਦਾ ਸੀ।ਅਸੀਂ ਥੱਕੇ ਹਾਰੇ,ਦੋ ਰਾਤਾਂ ਦੇ ਉਨੀਦੇ ਹੋਣ ਕਰਕੇ ਆਰਾਮ ਕਰਨ ਲਈ ਹੋਟਲ ਵਿਚ ਕਮਰਾ ਲੈ ਲਿਆ।ਦੋ ਦਿਨ ਤੋਂ ਨਾਹਤੇ ਨਹੀਂ ਸੀ।ਪਹਿਲਾਂ ਕਮਰੇ ਵਿਚ ਜਾ ਕੇ ਇਸ਼ਨਾਨ ਕੀਤੇ ਤੇ ਪੈ ਗਏ।ਏਥੇ ਕੋਈ ਫਿਕਰ ਨਹੀਂ ਸੀ।ਏਥੋਂ ਹੀ ਸਾਡਾ ਪਿਛੇ(ਘਰ) ਬਿਰਧ ਮਾਤਾ ਨਾਲ ਮੋਬਾਇਲ 'ਤੇ ਸੰਪਰਕ ਹੋਇਆ।ਉਸ ਕੋਲ ਬੇਟੀ ਆ ਕੇ ਰਹਿ ਰਹੀ ਸੀ।ਉਹ ਸਾਰੇ ਪੂਰੇ ਘਬਰਾਏ ਹੋਏ ਸਨ ਕਿ ਪਤਾ ਨਹੀਂ ਕੀ ਬਣਿਆ ਹੋਵੇਗਾ।ਉਸ ਨੂੰ ਕੁਝ ਹੌਸਲਾ ਹੋਇਆ ਕਿ ਮੌਤ ਦੇ ਮੂੰਹ ਵਿਚੋਂ ਬਚ ਗਏ।  
 
                                    
ਏਥੋਂ ਅਗੇ ਰਿਸ਼ੀਕੇਸ਼ ਤਕ ਰਸਤਾ ਬੰਦ ਹੋ ਗਿਆ ਸੀ।ਪਰ ਠਹਿਰਨ ਲਈ ਇਹ ਥਾਂ ਸੁਰੱਖਿਤ ਸੀ।  
                

ਦੂਜੇ ਦਿਨ ਕੁਝ ਯਾਤਰੂ ਸਵੇਰੇ ਤੁਰ ਪਏ ਕਿ ਜਿਥੇ ਤਕ ਕੋਈ ਵੀਹੀਕਲ ਦਾ ਸਾਧਨ ਹੋਵੇਗਾ ਉਥੇ ਤਕ ਜਾਵਾਂਗੇ ਤੇ ਬਾਕੀ ਤੁਰ ਕੇ ਅਗੋਂ ਕੋਈ ਨਾ ਕੋਈ ਟੈਕਸੀ ਲੈ ਲਵਾਂਗੇ ਪਰ ਬੱਚਿਆਂ ਵਾਲਾ ਕੋਈ ਵੀ ਨਹੀਂ ਸੀ ਤੁਰਿਆ।ਟੈਕਸੀ ਵਾਲੇ ਆ ਅਤੇ ਜਾ ਨਹੀਂ ਸੀ ਰਹੇ।ਜਾਂ ਬਹੁਤ ਮਹਿੰਗੀ ਸੀ।ਉਥੋਂ ਦਾ ਪ੍ਰਸ਼ਾਸ਼ਨ ਤਾਂ ਕਹਿ ਰਿਹਾ ਸੀ ਕਿ ਰਸਤਾ ਬੰਦ ਹੈ ਪਰ ਗੁਰਦੁਆਰਾ ਹੇਮਕੁੰਟ ਟਰੱਸਟ ਵਾਲੇ ਸੰਗਤ ਨੂੰ ਭੇਜ ਰਹੇ ਸਨ ਤਾਂ ਕਿ ਭੀੜ ਘੱਟ ਹੋ ਸਕੇ।ਅਸੀਂ ਬੱਚਿਆਂ ਕਰਕੇ ਰੁਕ ਗਏ।ਰਸਤਾ ਪੂਰਾ ਸਾਫ ਹੋਣ ਤੋਂ ਹੀ ਚਲਾਂਗੇ।ਡਰਾਈਵਰ ਨੂੰ ਵੀ ਕਹਿ ਦਿੱਤਾ ਕਿ ਹਰ ਹਾਲਤ ਵਿਚ ਜੋਸ਼ੀਮੱਠ ਪਹੁੰਚ ਜਾਵੇ।ਉਥੇ ਠਹਿਰ ਕੇ ਕੋਈ ਫਾਇਦਾ ਨਹੀਂ ਸੀ। ਸੜਕ ਬਣਨ ਲਈ ਮਹੀਨਾ ਤਕ ਦਾ ਸਮਾਂ ਵੀ ਲੱਗ ਸਕਦਾ ਹੈ ਪਰ ਉਸ ਦਿਨ ਗੁਰਦੁਆਰੇ ਦੇ ਨੇੜੇ ਜਾ ਕੇ ਵੇਖ ਕੇ ਆਇਆ, ਮੋਬਾਇਲ 'ਤੇ ਦੱਸ ਰਿਹਾ ਸੀ ਕਿ ਜਦੋਂ ਗੁਰਦੁਆਰੇ ਦੀਆਂ ਕੰਧਾਂ ਤੋੜ ਕੇ ਪਾਣੀ ਆਇਆ ਤਾਂ ਰੇਤ ਭਰ ਗਈ।ਉਸ ਤੋਂ ਪਹਿਲਾਂ ਉਥੋਂ ਦੇ ਹੀ ਦੋ ਸੇਵਾਦਾਰਾਂ ਅਤੇ ਇਕ ਇਸਤਰੀ ਸੇਵਾਦਾਰਨੀ ਨੇ ਗੋਲਕ ਦਾ ਤਾਲਾ ਤੋੜ ਕੇ ਪੈਸੇ ਕੱਢ ਲਏ।ਉਹਨਾਂ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ।ਉਹਨਾਂ ਕੋਲੋਂ ਨੰਬੇ ਲੱਖ ਰੁਪਏ ਫੜੇ ਗਏ।ਡਰਾਈਵਰ ਨੇ ਇਕ ਹੋਰ ਗੱਲ ਦੱਸੀ ਕਿ ਜਦੋਂ ਪਾਣੀ ਆਉਣ ਦੀ ਸੂਚਨਾ ਦਿੱਤੀ ਗਈ ਤਾਂ ਲੋਕਾਂ ਨੂੰ ਗੱਠੜੀ ਘਰ ਵਿਚ ਬੈਗ ਅਤੇ ਹੋਰ ਸਮਾਨ ਛੱਡ ਕੇ ਨੱਠਣਾ ਪਿਆ।ਉਹਨਾਂ ਦੇ ਪਿਛੋਂ ਉਥੇ ਦੇ ਹੀ ਸੇਵਾਦਾਰਾਂ ਅਤੇ ਲੋਕਲ ਦੁਕਾਨਦਾਰਾਂ (ਕੋਈ ਲੋਕਲ ਪਹਾੜੀਆ ਨਹੀਂ) ਨੇ ਵੀ ਬੈਗਾਂ ਵਿਚੋਂ ਸਮਾਨ ਲੁਟਣਾ ਸ਼ੁਰੂ ਕਰ ਦਿੱਤਾ।ਉਥੋਂ ਦੇ ਲੋਕਲ ਪਹਾੜੀਏ ਇਮਾਨਦਾਰ ਵੇਖੇ ਗਏ ਹਨ।ਤਿਬਤੀਅਨ ਅਤੇ ਹੋਰ ਇਲਾਕਿਆਂ ਤੋਂ ਆਏ ਹੋਏ ਦੁਕਾਨਦਾਰਾਂ ਜਾਂ ਕੋਈ ਵੀ ਹੋਰ ਕੰਮ ਕਰਨ ਵਾਲੇ ਹੀ ਲੁਟਦੇ ਰਹੇ।ਡਰਾਈਵਰ ਨੇ ਦੱਸਿਆ ਕਿ ਪਾਰਕਿੰਗ ਦੀਆਂ ਸਾਰੀਆਂ ਖੜੀਆਂ ਗੱਡੀਆਂ ਅਤੇ ਮੋਟਰਸਾਈਕਲ ਰੁੜ੍ਹ ਗਏ ਸਨ।ਸੱਜੇ ਪਾਸੇ ਵਾਲੇ ਹੋਟਲ ਅਤੇ ਦੁਕਾਨਾਂ ਦਾ ਨਾਂ ਨਿਸ਼ਾਨ ਹੀ ਨਹੀਂ ਰਿਹਾ।ਨਦੀ ਪਾਰ ਖੱਚਰਾਂ ਉਪਰ ਲੈ ਗਏ ਸੀ ਪਰ ਉਹਨਾਂ ਦੇ ਟੈਂਟ ਵਹਿ ਗਏ।ਉਥੇ ਹੀ ਇਕ ਲੁਧਿਆਣੇ ਦਾ ਵਪਾਰੀ ਦੋ ਹੈਲੀਕਾਪਟਰਾਂ ਨਾਲ ਸਵਾਰੀਆਂ ਉਪਰ ਜਾਣ ਲਈ ਕਿਰਾਏ 'ਤੇ ਲਾਇਆ ਹੋਇਆ ਸੀ।ਇਕ ਹੈਲੀਕਾਪਟਰ ਨੂੰ ਪਾਣੀ ਰੋੜ੍ਹ ਕੇ ਪਤਾ ਨਹੀਂ ਕਿਥੇ ਲੈ ਗਿਆ।ਇਕ ਹੈਲੀਕਾਪਟਰ ਵੀਹ ਕਰੋੜ ਦਾ ਸੀ।  
            

19 ਜੂਨ ਨੂੰ ਸ਼ਾਮ ਵੇਲੇ ਲੋਕਲ ਪ੍ਰਸ਼ਾਸ਼ਨ ਨੇ ਸੂਚਨਾ ਦੇ ਦਿੱਤੀ ਕਿ ਸਵੇਰੇ ਰਿਸ਼ੀਕੇਸ਼ ਲਈ ਰਸਤਾ ਖੁੱਲ ਗਿਆ ਹੈ।ਜਿਸ ਨੇ ਜਾਣਾ ਹੈ ਜਾ ਸਕਦੇ ਨੇ।ਅਸੀਂ ਆਪਣੀ ਗੱਡੀ ਨੰਬਰ ਪੀਬੀ      

10 ਡੀ ਈ5757 (ਰੀਟੀਗਾ ਮਾਰੂਤੀ) ਦੀ ਐਫ ਆਈ ਆਰ ਜੋਸ਼ੀਮੱਠ ਦੇ ਥਾਣੇ ਵਿਚ ਲਿਖਵਾ ਦਿੱਤੀ ਸੀ।ਸਾਡੇ ਵਿਚ ਜਾਨ ਪੈ ਗਈ।ਹੌਸਲਾ ਹੋ ਗਿਆ ਕਿ ਸਵੇਰੇ ਸੰਕਟ ਦੀ ਘੜੀ     
 

ਸ਼ਾਇਦ ਖਤਮ ਹੋ ਜਾਵੇ।ਉਸੇ ਹੋਟਲ ਦੇ ਨਾਲਦੇ ਕਮਰੇ ਵਾਲੇ ਦੋ ਮੁੰਡਿਆਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਪਰ ਗੋਬਿੰਦਘਾਟ ਅਤੇ ਗੋਬਿੰਦਧਾਮ ਵਿਚ ਸੜਕਾਂ ਬਣਾਉਣ ਦਾ ਕੰਮ ਕਰਦੇ ਹਨ।ਉਹ ਛੇ ਸਾਲ ਤੋਂ ਏਥੇ ਰਹਿ ਰਹੇ ਹਨ।ਜਦੋਂ ਉਪਰੋਂ ਪਾਣੀ ਆਇਆ ਤਾਂ ਉਹਨਾਂ ਦੇ ਬੰਦੇ ਅਤੇ ਮਸ਼ੀਨਰੀ ਸਾਰੀ ਰੁੜ੍ਹ ਗਈ।ਉਹ ਇਕ ਇਕ ਬੈਗ ਮਸਾਂ ਚੁੱਕ ਕੇ ਨੱਠੇ।ਭੇਤੀ ਹੋਣ ਕਰਕੇ ਦੋ ਦਿਨ ਜੰਗਲਾਂ ਵਿਚੀਂ ਹੁੰਦੇ ਹੋਏ ਹੈਲੀਪੈਡ 'ਤੇ ਚਲੇ ਗਏ।ਜਦੋਂ ਹੈਲੀਕਾਪਟਰ ਆਇਆ ਤਾਂ ਉਹਨਾਂ ਨੂੰ ਜੋਸ਼ੀਮੱਠ ਲੈ ਗਿਆ।ਦੋ ਦਿਨ ਤੋਂ ਉਹ ਭੁੱਖੇ ਹੀ ਰਹੇ ਸੀ। 

ਅਸੀਂ ਸਵੇਰ ਲਈ ਟੈਕਸੀ ਕਰ ਲਈ।ਉਹ ਪੂਰੇ ਛੇ ਵਜੇ ਆ ਗਿਆ।ਰਸਤਾ ਠੀਕ ਸੀ।ਸ੍ਰੀ ਨਗਰ ਕੋਲ ਆ ਕੇ ਰਸਤਾ ਸਵੇਰੇ ਬੰਦ ਹੋ ਗਿਆ ਸੀ ਪਰ ਬੁਲਡੋਜ਼ਰ ਨਾਲ ਠੀਕ ਕਰ ਰਹੇ ਸੀ।ਉਥੇ ਇਕ ਘੰਟਾ ਜਾਮ ਲੱਗਾ ਰਿਹਾ।ਏ ਬੀ ਪੀ ਚੈਨਲ ਵਾਲੇ ਹੇਠਾਂ ਤੋਂ ਉਪਰ ਵੱਲ ਜਾ ਰਹੇ ਸਨ।ਉਥੇ ਰੁਕਾਵਟ ਵੇਖ ਕੇ ਫੋਟੋਆਂ ਲੈਣ ਲੱਗ ਪਏ।ਸਾਡੀ ਟੈਕਸੀ ਸਾਹਮਣੇ ਹੋਣ ਕਰਕੇ ਸਾਨੂੰ ਆਈ ਮੁਸ਼ਕਲ ਵਾਰੇ ਪੁਛਿਆ।ਬੇਟੇ ਅਤੇ ਬੇਟੀ (ਨੂੰਹ) ਨੇ ਦੱਸ ਦਿੱਤਾ।21ਜੂਨ ਨੂੰ ਓਹੀ ਕਵਰੇਜ਼ ਟੀ.ਵੀ.ਵਿਚ ਵਿਖਾਈ ਗਈ।ਅਸੀਂ ਵੇਖਦੇ ਆ ਰਹੇ ਸੀ ਕਿ ਗੰਗਾ ਨਦੀ ਦੇ ਕੰਢੇ ਉਤੇ ਜਿਹੜੇ ਹੋਟਲ ਅਤੇ ਦੁਕਾਨਾਂ ਬਣੇ ਹੋਏ ਸਨ ,ਉਹਨਾਂ ਵਿਚੋਂ ਬਹੁਤੇ ਰੁੜ੍ਹ ਗਏ ਹਨ।ਸਿਰਫ ਬੋਰਡ ਹੀ ਰਹਿ ਗਏ ਨੇ।  
             

ਸ੍ਰੀ ਨਗਰ ਆ ਕੇ ਵੇਖਿਆ ਕਿ ਜਿਹੜੀ ਅਸਲੀ ਸੜਕ ਸੀ ਉਹ ਤਾਂ ਸਾਰੀ ਰੁੜ੍ਹ ਗਈ।ਉਸ ਪਾਸੇ ਬਣੇ ਹੋਟਲ ਤੇ ਦੁਕਾਨਾਂ ਵੀ ਨਦੀ ਰੋੜ੍ਹ ਕੇ ਲੈ ਗਈ।ਉਹਨਾਂ ਨੇ ਡੈਮ ਦੇ ਉਪਰੋਂ ਬਣੇ ਬਾਈ ਪਾਸ ਰਾਹੀਂ ਟੈਕਸੀਆਂ ਨੂੰ ਲੰਘਾਇਆ।ਰਸਤੇ ਵਿਚ ਇਕ ਦੋ ਥਾਂ ਹੋਰ ਵੀ ਅਜੇਹੀਆਂ ਰੁਕਾਵਟਾਂ ਆਈਆਂ।ਇਕ ਮੁਸ਼ਕਲ ਨੇ ਤਾਂ ਸਾਡੀ ਜਾਨ ਹੀ ਕੱਢ ਦਿੱਤੀ ਸੀ।ਜੋਸ਼ੀਮੱਠ ਤੋਂ ਹੀ ਬੇਟੇ ਨੂੰ ਬੁਖਾਰ ਅਤੇ ਸਿਰ ਦਰਦ ਹੋ ਰਿਹਾ ਸੀ।ਹਾਲਾਂਕਿ ਅਸੀਂ ਜੋਸ਼ੀਮੱਠ ਤੋਂ ਦਵਾਈ ਲੈ ਕੇ ਚਲੇ ਸੀ।ਗੌਚਰ ਕਸਬੇ ਵਿਚ ਕੈਂਪ ਲੱਗਾ ਸੀ ।ਉਸ ਡਾਕਟਰ ਨੇ ਵਧੀਆ ਚੈਕਅਪ ਕੀਤਾ ਤੇ ਦਵਾਈ ਵੀ ਦਿੱਤੀ।ਪਰ ਫਰਕ ਕੋਈ ਨਹੀਂ ਪਿਆ।ਅਸੀਂ ਰਿਸ਼ੀਕੇਸ਼ ਹੀ ਆਉਣਾ ਠੀਕ ਸਮਝਿਆ।ਪਰ ਬੇਟਾ ਕਹੇ ਹਸਪਤਾਲ ਵਿਚ ਭਰਤੀ ਕਰਾਓ।ਰਸਤੇ ਵਿਚ ਅਜੇਹਾ ਕੋਈ ਹਸਪਤਾਲ ਨਹੀਂ ਸੀ।ਸਿਧਾ ਰਿਸ਼ੀਕੇਸ਼ ਹੀ ਆ ਹੋਣਾ ਸੀ ,ਸੋ ਰੱਬ ਰੱਬ ਕਰਦੇ ਮੱਥੇ ਉਤੇ ਪਾਣੀ ਪੱਟੀਆਂ ਕਰਦੇ ਰਿਸ਼ੀਕੇਸ਼ ਸੱਤ ਕੁ ਵਜੇ ਆ ਹੀ ਪਹੁੰਚੇ।ਉਥੇ ਡਾਕਟਰ ਨੂੰ ਵਿਖਾਇਆ ਦਵਾਈ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ।ਗੁਰਦੁਆਰੇ ਵਿਚ ਕਮਰਾ ਲੈ ਕੇ ਰਹਿ ਪਏ।ਇਹ ਗੁਰਦੁਆਰਾ ਬੁਹਤ ਹੀ ਸ਼ਾਨਦਾਰ ਬਣਿਆ ਹੋਇਆ ਹੈ।ਹਜ਼ਾਰਾਂ ਯਾਤਰੂਆਂ ਦੇ ਠਹਿਰਨ ਲਈ ਸਰਾਵਾਂ ਹਨ।ਏਥੇ ਪੰਜ ਦਿਨਾਂ ਦੀ ਥਕਾਵਟ ਲਹਿਣ ਲੱਗੀ।ਅਸੀਂ ਸ਼ੁਕਰ ਕੀਤਾ।  
 
ਰਾਤ ਨੂੰ ਪੰਜਾਬ ਰੋਡਵੇਜ਼ ਦੀਆਂ ਅਤੇ ਦਿੱਲੀ ਵਾਲਿਆਂ ਦੀਆਂ ਬੱਸਾਂ ਗੁਰਦੁਆਰੇ ਵਿਚ ਆ ਖੜੀਆਂ ਜੋ ਸਵੇਰੇ ਪੰਜਾਬ ਅਤੇ ਦਿੱਲੀ ਨੂੰ ਚਲੀਆਂ ਸਨ।ਪਰ ਅਸੀਂ ਟੈਕਸੀ ਰਾਤ ਨੂੰ ਹੀ ਕਰ ਲਈ ਸੀ।ਘਰ ਜਾਣ ਦੀ ਕਹਲ ਸੀ।ਏਥੇ ਸਾਡਾ ਡਰਾਈਵਰ ਵੀ ਪਿਛੇ ਤੋਂ ਆ ਗਿਆ ਸੀ।ਸਾਡਾ ਏਹ ਫਿਕਰ ਵੀ ਲਹਿ ਗਿਆ।ਦੂਜੇ ਦਿਨ ਉਠ ਕੇ ਛੇ ਵਜੇ ਚਲ ਪਏ।ਕੁਦਰਤ ਦੀ ਕਰੋਪੀ ਕਾਰਨ ਆਈਆਂ ਮੁਸ਼ਕਲਾਂ ਹੁਣ ਵੀ ਕੰਬਣੀ ਛੇੜਦੀਆਂ ਹਨ।ਪਤਾ ਨਹੀਂ ਇਹ ਸਾਰਾ ਕੁਝ ਜੋ ਸਾਡੇ ਨਾਲ ਅਤੇ ਹੋਰਨਾਂ ਨਾਲ ਬੀਤਿਆ ਕਿਵੇਂ ਭੁੱਲਾਂਗੇ ? ਸ਼ਾਇਦ ਨਹੀਂ ਭੁੱਲਾਂਗੇ ।ਸਦਾ ਯਾਦ ਰਹੇਗਾ।ਸ਼ੁਕਰ ਕੀਤਾ ਕਿ ਘਰ 21 ਜੂਨ ਨੂੰ ਆ ਪਹੁੰਚੇ, ਪਰ ਆਈਟੀਬੀਪੀ ਦੇ ਜੁਆਨਾਂ ਨੂੰ ਸਲਾਮ ਕਰਨਾ ਨਹੀਂ ਭੁੱਲਾਂਗੇ ।ਦੁਬਾਰਾ ਫਿਰ ਸਲੁਟ ਮਾਰਦੇ ਹਾਂ ।
 
                                             
                                                                  ਸੰਪਰਕ: 98728 23511   

Comments

Gionadandimitri

This pontisg knocked my socks off

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ