Tue, 16 July 2024
Your Visitor Number :-   7189868
SuhisaverSuhisaver Suhisaver

ਪ੍ਰਦੂਸ਼ਣ ਨਿਰੋਗ ਤੇ ਸਾਫ਼ ਸੁਥਰੇ ਜੀਵਨ ਲਈ ਵੱਡੀ ਵੰਗਾਰ -ਬੇਅੰਤ ਸਿੰਘ ਬਾਜਵਾ

Posted on:- 14-10-2014

suhisaver

ਮਨੁੱਖੀ ਜ਼ਿੰਦਗੀ ਨੂੰ ਨਿਰੋਗ ਰੱਖਣ ਅਤੇ ਸਹੀ ਢੰਗ ਨਾਲ ਜਿਉਣ ਲਈ ਸਾਫ਼ ਸੁਥਰੇ ਅਨੁਕੂਲ ਵਾਤਾਵਰਣ ਦੀ ਲੋੜ ਹੁੰਦੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਦਿਨ-ਬ-ਦਿਨ ਵਧਦੇ ਪ੍ਰਦੂਸ਼ਣ ਨੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ। ਧਰਤੀ ਹੇਠਲਾ ਪੀਣ ਵਾਲਾ ਪਾਣੀ ਦੂਸ਼ਿਤ, ਸਾਹ ਲੈਣ ਲਈ ਹਵਾ ਜ਼ਹਿਰੀਲੀ, ਖਾਣ ਪੀਣ ਵਾਲੀਆਂ ਵਸਤੂਆਂ ਵਿਚ ਜ਼ਹਿਰ ਆਦਿ ਸਭ ਕੁਝ ਦੂਸ਼ਿਤ ਹੋ ਗਿਆ ਹੈ। ਵਾਤਾਵਰਣ ਨੂੰ ਦੂਸ਼ਿਤ ਕਰਨ ਵਿਚ ਕਿਤੇ ਨਾ ਕਿਤੇ ਅਸੀਂ ਵੀ ਵੱਡਾ ਰੋਲ ਅਦਾ ਕਰ ਰਹੇ ਹਾਂ।


ਜਿੱਥੇ ਸਰਕਾਰ ਮਨੁੱਖੀ ਅਨਮੋਲ ਜ਼ਿੰਦਗੀਆਂ ਦੀ ਪ੍ਰਵਾਹ ਨਹੀਂ ਕਰ ਰਹੀ, ਉਥੇ ਵਾਤਾਵਰਣ ਨੂੰ ਦੂਸ਼ਿਤ ਕਰਨ ਲਈ ਅਸੀਂ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਵਾਤਾਵਰਣ ਦੇ ਦੂਸ਼ਿਤ ਹੋਣ ਦਾ ਇੱਕ ਕਾਰਨ ਹੈ ਰੁੱਖਾਂ ਦੀ ਕਟਾਈ। ਰੁੱਖ ਸਾਡੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਿਤ ਰਹਿਤ ਰੱਖਣ ਵਿਚ ਸਹਾਈ ਹੁੰਦੇ ਹਨ। ਰੁੱਖਾਂ ਕਰਕੇ ਹੀ ਜ਼ਿਆਦਾ ਮੀਂਹ ਪੈਂਦੇ ਹਨ। ਜਿਸ ਨਾਲ ਦੂਸ਼ਿਤ ਹੋਇਆ ਵਾਤਾਵਰਣ ਸਾਫ਼ ਹੁੰਦਾ ਹੈ, ਪਰ ਪਿਛਲੇ ਕਈ ਸਾਲਾਂ ਤੋਂ ਰੁੱਖਾਂ ’ਤੇ ਲਗਾਤਾਰ ਕੁਹਾੜਾ ਚੱਲਦਾ ਆ ਰਿਹਾ ਹੈ। ਸੜਕਾਂ, ਪਹੀਆਂ, ਰਜਵਾਹੇ, ਨਹਿਰਾਂ ਆਦਿ ਤੋਂ ਰੁੱਖ ਕੱਟ ਕੇ ਸੁੰਨੇ ਕਰ ਦਿੱਤੇ ਗਏ ਹਨ। ਮਨੁੱਖ ਵਲੋਂ ਕੁਦਰਤੀ ਜੰਗਲ ਖ਼ਤਮ ਕੀਤੇ ਜਾ ਰਹੇ ਹਨ।ਰੁੱਖਾਂ ਦੀ ਘਟਦੀ ਗਿਣਤੀ ਇੱਕ ਚਿੰਤਾਜਨਕ ਵਿਸ਼ਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਘਾਤਕ ਸਿੱਧ ਹੋਵੇਗੀ। ਹਾਲਾਂਕਿ ਕੁਝ ਅਦਾਰੇ ਅਤੇ ਸਮਾਜ ਸੇਵੀ ਜਥੇਬੰਦੀਆਂ ਆਪਣੇ ਖਰਚੇ ’ਤੇ ਰੁੱਖ ਲਾ ਕੇ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਦਾ ਹੰਭਲਾ ਸਰਕਾਰ ਨੂੰ ਮਾਰਨਾ ਚਾਹੀਦਾ ਹੈ। ਪਰ ਸਰਕਾਰ ਹਰ ਸਾਲ ਪੰਜਾਬ ਨੂੰ ਹਰਿਆ ਭਰਿਆ ਖੁਸ਼ਹਾਲ ਸੂਬਾ ਬਣਾਉਣ ਲਈ ਕਰੋੜਾਂ ਦਰੱਖਤ ਲਗਾਉਣ ਦਾ ਐਲਾਨ ਵੀ ਕਰਦੀ ਹੈ, ਪਰ ਉਪਰੋਕਤ ਐਲਾਨ ਸਿਰਫ਼ ਬਿਆਨਬਾਜ਼ੀ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ ਅਤੇ ਹੇਠਲੇ ਪੱਧਰ ਦੇ ਅਧਿਕਾਰੀ ਦਰੱਖਤਾਂ ਦੇ ਨਾਮ ’ਤੇ ਕਰੋੜਾਂ ਰੁਪਏ ਹੜੱਪ ਕਰ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ ਮਾਨਸਾ ਜ਼ਿਲ੍ਹੇ ਤੋਂ ਮਿਲਦੀ ਹੈ, ਜਿੱਥੇ ਅਧਿਕਾਰੀ ਬੂਟੇ ਲਾਉਣ ਦੇ ਨਾਮ ’ਤੇ ਲੱਖਾਂ ਦਾ ਗਬਨ ਕਰ ਗਏ।

ਰੁੱਖਾਂ ਬਿਨਾਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਨਹੀਂ ਜਾ ਸਕਦਾ। ਪਿੱਛੇ ਜਿਹੇ ਪੰਜਾਬ ਸਰਕਾਰ ਨੇ ਸੂਬੇ ਦੀਆਂ ਸੜਕਾਂ ਨੂੰ ਚਹੁੰ ਮਾਰਗੀ ਦੀ ਰੂਪ ਰੇਖਾ ਦੇਣ ਲਈ ਸੜਕ ਕਿਨਾਰਿਆਂ ਤੋਂ ਰੁੱਖ ਪੁੱਟ ਸੁੱਟੇ, ਪਰ ਨਵੇਂ ਲਗਾਏ ਨਹੀਂ। ਚਾਹੀਦਾ ਸੀ ਕਿ ਉਨ੍ਹਾਂ ਦੇ ਪੁੱਟੇ ਗਏ ਰੁੱਖਾਂ ਦੀ ਥਾਂ ਨਵੇਂ ਬੂਟੇ ਲਗਾਉਂਦੀ। ਨਵੇਂ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਦੀ ਤਾਂ ਜੋ ਵਾਤਾਵਰਣ ਸੰਤੁਲਨ ਬਣਿਆ ਰਹਿੰਦਾ। ਪਰ ਅਜਿਹਾ ਨਹੀਂ ਹੋਇਆ।


ਸਰਦੀ ਗਰਮੀ ਆਪਣੇ ਨਿਸਚਿਤ ਸਮੇਂ ਤੋਂ ਲੇਟ ਸ਼ੁਰੂ ਅਤੇ ਖਤਮ ਹੁੰਦੀਆਂ ਹਨ। ਗੰਧਲੇ ਹੋ ਰਹੇ ਵਾਤਾਵਰਣ ਨਾਲ ਮਨੁੱਖੀ ਜ਼ਿੰਦਗੀਆਂ ਤੋਂ ਇਲਾਵਾ ਜੀਵ ਜੰਤੂਆਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ। ਬੱਚਿਆਂ ਤੋਂ ਲੈ ਕੇ ਹਰ ਉਮਰ ਦਾ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਕਿਉਂਕਿ ਸਾਡਾ ਖਾਣ ਪੀਣ ਵੀ ਦੂਸ਼ਿਤ ਹੋ ਗਿਆ ਹੈ। ਵਿਗਿਆਨਕ ਯੁੱਗ ਹੋਣ ਕਰਕੇ ਰੋਜ਼ਾਨਾ ਮਸ਼ੀਨਰੀ ਵਿਚ ਵਾਧਾ ਹੋ ਰਿਹਾ ਹੈ। ਲੱਖਾਂ ਦੀ ਤਾਦਾਦ ਵਿਚ ਵਹੀਕਲ ਸੜਕਾਂ ’ਤੇ ਦੌੜ ਰਹੇ ਹਨ ਅਤੇ ਉਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ। ਇਸ ਦੇ ਲਈ ਸਰਕਾਰ ਅਤੇ ਲੋਕ ਦੋਵੇਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਕਿਉਂਕਿ ਵਹੀਕਲ ਦਾ ਮਾਲਕ ਨਿਰਧਾਰਤ ਫ਼ੀਸ ਦੇ ਕੇ ਪ੍ਰਦੂਸ਼ਣ ਕਾਰਡ ਜਾਰੀ ਕਰਵਾ ਲੈਂਦਾ ਹੈ, ਪਰ ਉਸ ਦਾ ਵਹੀਕਲ ਪ੍ਰਦੂਸ਼ਣ ਉਸੇ ਤਰ੍ਹਾਂ ਹੀ ਫੈਲਾਉਂਦਾ ਹੈ। ਸਰਕਾਰ ਦਾ ਵਿਭਾਗ ਕਾਰਡ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ਇਹ ਚੈੱਕ ਨਹੀਂ ਕਰਦਾ ਕਿ ਇਹ ਪ੍ਰਦੂਸ਼ਣ ਕਾਰਡ ਲੈਣ ਦੇ ਯੋਗ ਹੈ ਵੀ ਜਾਂ ਨਹੀਂ। ਸ਼ਹਿਰਾਂ ਅਤੇ ਪਿੰਡਾਂ ਨਜ਼ਦੀਕ ਲੱਗੀਆਂ ਇੰਡਸਟਰੀਆਂ ਅਤੇ ਥਰਮਲ ਪਲਾਂਟ ਵੀ ਵਾਤਾਵਰਣ ਨੂੰ ਦੂਸ਼ਿਤ ਕਰਨ ਵਿਚ ਆਪਣਾ ਵੱਡਾ ਰੋਲਾ ਅਦਾ ਕਰਦੇ ਹਨ। ਇਹਨਾਂ ਇੰਡਸਟਰੀਆਂ ਅਤੇ ਥਰਮਲਾਂ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਮਨੁੱਖੀ ਜ਼ਿੰਦਗੀਆਂ ਲਈ ਖ਼ਤਰਨਾਕ ਸਿੱਧ ਹੋ ਰਿਹਾ ਹੈ। ਕਾਰਖਾਨਿਆਂ, ਫੈਕਟਰੀਆਂ, ਪਿੰਡਾਂ ਤੇ ਸ਼ਹਿਰਾਂ ਦੇ ਨਜ਼ਦੀਕ ਲੱਗੇ ਭੱਠਿਆਂ ਆਦਿ ਦਾ ਧੰੂਆਂ ਵੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਜਿੱਥੇ ਉਕਤ ਇੰਡਸਟਰੀਆਂ ਦਾ ਧੂੰਆਂ ਹਵਾ ਨੂੰ ਦੂਸ਼ਿਤ ਕਰਦਾ ਹੈ, ਉੱਥੇ ਹੀ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਭਿਆਨਕ ਬਿਮਾਰੀਆਂ ਵੰਡ ਰਹੀਆਂ ਹਨ।

ਸਰਕਾਰਾਂ ਆਪਣੇ ਰਾਜਨੀਤਕ ਹਿੱਤ ਦੇਖਦੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤੀ ਇਕਾਈਆਂ ਵਿਰੁਧ ਸਖ਼ਤ ਕਦਮ ਚੁੱਕਣ ਤੋਂ ਡਰਦੀਆਂ ਹਨ। ਰਾਜਨੀਤਕ ਲੋਕਾਂ ਨੂੰ ਇਸ ਤੋਂ ਉੱਪਰ ਉਠ ਕੇ ਧਰਤੀ ’ਤੇ ਜੀਵਨ ਬਸਰ ਕਰਨ ਵਾਲੇ ਹਰ ਪ੍ਰਾਣੀ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮਾਂ ਚਲਾ ਕੇ ਰੁੱਖ ਲਗਾਏ ਜਾਣ, ਜਿਸ ਨਾਲ ਚੁਫੇਰੇ ਹਰਿਆਲੀ ਆਵੇਗੀ ਅਤੇ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਠੱਲਿਆ ਜਾ ਸਕੇਗਾ। ਉਕਤ ਤੋਂ ਇਲਾਵਾ ਵਸੋਂ ਵਾਲੀ ਥਾਂ ’ਤੇ ਲੱਗੀਆਂ ਇੰਡਸਟਰੀਆਂ ਅਤੇ ਥਰਮਲਾਂ ਨੂੰ ਬਾਹਰ ਲਿਜਾਇਆ ਜਾਵੇ। ਸਰਕਾਰ ਖੇਤੀ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਖੇਤੀ ਜ਼ਰੀਏ ਫੈਲ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰੇ। ਸੋ ਜੇਕਰ ਸਰਕਾਰ ਅਜਿਹੇ ਯਤਨ ਆਰੰਭ ਕਰੇ ਅਤੇ ਲੋਕ ਵਧ ਚੜ੍ਹ ਕੇ ਸਹਿਯੋਗ ਕਰਨ ਤਾਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ ਤੇ ਅਸੀਂ ਇੱਕ ਨਿਰੋਗ, ਸਾਫ਼ ਸੁਥਰੀ ਜ਼ਿੰਦਗੀ ਜਿਉਂ ਸਕਾਂਗੇ।

ਸੰਪਰਕ: +91  97796 00642

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ