Tue, 23 April 2024
Your Visitor Number :-   6993614
SuhisaverSuhisaver Suhisaver

ਬਜ਼ੁਰਗਾਂ ਦੀ ਹੋਣੀ ਲਿਖਦਾ ਸੂਲੀ ਚੜਾਇਆ ਬਚਪਨ - ਗੁਰਚਰਨ ਪੱਖੋਕਲਾਂ

Posted on:- 27-12-2014

suhisaver

ਵਰਤਮਾਨ ਸਮੇਂ ਦਾ ਮਾਇਆਧਾਰੀ ਮਨੁੱਖ ਕਿੰਨਾ ਕੁ ਅੰਨ੍ਹਾ ਅਤੇ ਬੋਲਾ ਹੋ ਸਕਦਾ ਹੈ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ । ਨਿੱਜਪ੍ਰਸਤੀ ਅਤੇ ਸਵਾਰਥ ਤੇ ਟੇਕ ਧਰਕੇ ਬ੍ਰਹਿਮੰਡ ਦੀ ਆਪਣੇ ਆਪ ਨੂੰ ਉੱਤਮ ਹੋਣ ਦਾ ਦਾਅਵਾ ਕਰਦੀ ਮਨੁੱਖ ਜਾਤੀ ਦੇ ਲੋਕ ਜਦ ਆਪਣੇ ਖੂਨ ਵਿੱਚੋਂ ਪੈਦਾ ਹੋਇਆਂ ਨੂੰ ਹੀ ਸੂਲੀਆਂ ਤੇ ਟੰਗਣਾ ਸ਼ੁਰੂ ਕਰ ਦੇਣ ਤਦ ਇਸ ਸਿਆਣੇ ਆਦਮ ਜਾਏ ਨੂੰ ਪਾਗਲ ਕਰਾਰ ਦੇ ਦੇਣਾ ਚਾਹੀਦਾ ਹੈ । ਅੱਜ ਸਮਾਜ ਦੇ ਜਿਸ ਤਬਕੇ ਕੋਲ ਥੋੜਾ ਜਿਹਾ ਵੀ ਜ਼ਿਆਦਾ ਪੈਸਾ ਜਾਂ ਜਾਇਦਾਦ ਆ ਜਾਂਦੀ ਹੈ ਤਦ ਉਸ ਦੇ ਨਾਲ ਸਭ ਤੋਂ ਪਹਿਲਾਂ ਉਹ ਆਪਣੇ ਘਰ ਵਿੱਚ ਹੀ ਧੀਆਂ ਪੁੱਤਰਾਂ ਨੂੰ ਸੱਪਾਂ ਵਰਗੇ ਬਣਾਉਣ ਦੇ ਤਹੱਈਏ ਕਰਦਾ ਹੈ ।

ਪੈਸੇ ਦੀ ਚਕਾਚੌਂਦ ਵਿੱਚ ਫਸਿਆਂ ਮਨੁੱਖ ਸਭ ਤੋਂ ਪਹਿਲਾਂ ਕੰਮ ਆਪਣੇ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦੀ ਵਿੱਚੋਂ ਵਗਾਹ ਮਾਰਕੇ ਡੇ ਬੋਰਡਿੰਗ ਨਾਂ ਦੇ ਜਾਂ ਇਹੋ ਜਿਹੇ ਹੋਰ ਪੈਸਾ ਕਮਾਊ ਅਦਾਰਿਆਂ ਵਿੱਚ ਵਗਾਹ ਮਾਰਦਾ ਹੈ । ਕੀ ਮਾਂ ਬਾਪ ਦੀ ਗੋਦੀ ਨਾਲੋਂ ਲੋਹੇ ਦੀਆਂ ਕੁਰਸੀਆਂ ਜ਼ਿਆਦਾ ਸੁਆਦ ਦਿੰਦੀਆਂ ਹਨ? ਕੀ ਮਾਂ ਬਾਪ ਦੇ ਪਿਆਰ ਨਾਲੋਂ ਤਨਖਾਹਾਂ ਲਈ ਕੰਮ ਕਰਨ ਵਾਲੇ ਜ਼ਿਆਦਾ ਸਿੱਖਿਆ ਦੇ ਸਕਦੇ ਹਨ ? ਨਹੀਂ ਪਰ ਸਮਾਜ ਦਾ ਪੈਸੇ ਦੇ ਘੋੜੇ ਤੇ ਚੜਿਆ ਸਿਆਣਾ ਅਖਵਾਉਂਦਾ ਵਰਗ, ਜੋ ਅਸਲੋਂ ਮੂਰਖ ਹੈ, ਇਹ ਹੀ ਸੋਚਦਾ ਹੈ।

ਜਿਸ ਬਚਪਨ ਨੇ ਹਾਲੇ ਪੂਰਾ ਬੋਲਣਾ ਵੀ ਨਹੀਂ ਸਿੱਖਿਆ ਹੁੰਦਾ ਉਸਦੇ ਗਲ ਵਿੱਚ ਵਿੱਦਿਆ ਦੀ ਕਿਤਾਬਾਂ ਦੇ ਨਾਂ ਤੇ ਗਲ ਵਿੱਚ ਪਇਆ ਹੋਇਆ ਬਸਤਾ ਜੋ ਫਾਂਸੀ ਦੇ ਫੰਦੇ ਨਾਲੋਂ ਵੀ ਖਤਰਨਾਕ ਹੁੰਦਾ ਹੈ ਪੱਕੇ ਤੌਰ ਤੇ ਹੀ ਪਾ ਦਿੱਤਾ ਜਾਂਦਾ ਹੈ । ਜਿਸ ਬਚਪਨ ਦੇ ਜੰਮਦਿਆਂ ਹੀ ਉਸ ਦੇ ਗਲ ਹੱਸਣ ਦੀ ਥਾਂ ਰੋਣਾ ਬੰਨ ਦਿੱਤਾ ਜਾਂਦਾ ਹੈ। ਉਸ ਦੇ ਵਿੱਚ ਮਨੁੱਖੀ ਹਮਦਰਦੀ ਦਾ ਬੀਜ ਉਪਜਣ ਤੋਂ ਪਹਿਲਾਂ ਹੀ ਮਰ ਜਾਂਦਾਂ ਹੈ ਅਤੇ ਬੇਰਹਿਮੀ ਦਾ ਬੀਜ ਹਰਾ ਹੋ ਜਾਂਦਾ ਹੈ ।
ਇਹ ਬੇਰਹਿਮੀ ਦਾ ਬੀਜ ਕਿਸੇ ਹੋਰ ਪ੍ਰਤੀ ਨਹੀਂ ਉਸਦੇ ਜੰਮਣ ਵਾਲਿਆਂ ਪ੍ਰਤੀ ਹੀ ਹਰਾ ਹੁੰਦਾ ਹੈ । ਅੱਜ ਦੇ ਬਜ਼ੁਰਗਾਂ ਦਾ ਮੰਦਾ ਹਾਲ ਹੋਣ ਪਿੱਛੇ ਵੀ ਇਹੋ ਕਾਰਨ ਹੀ ਹੈ, ਕਿਉਂਕਿ ਇਹਨਾਂ ਨੇ ਆਪਣੇ ਜੰਮਿਆਂ ਨੂੰ ਪੈਸਾ ਕਮਾਉਣ ਲਈ ਹੀ ਠੱਗੀ ਮਾਰਨ ਵਾਲੀ ਵਿਦਿਆ ਸਿੱਖਣ ਦੇ ਘੋੜੇ ਤੇ ਬਿਠਾਇਆ ਹੈ । ਇਸ ਸਰਪਟ ਦੌੜਦੇ ਘੋੜੇ ਤੇ ਚੜਿਆ ਬਚਪਨ ਜਵਾਨ ਹੋਕੇ ਵੀ ਘਰ ਵਾਪਸ ਨਹੀਂ ਆਇਆ ਸਗੋਂ ਹੋਰ ਦੂਰ ਦੇਸਾਂ ਕੈਨੇਡਾ ਅਮਰੀਕਾ ਤੱਕ ਦੌੜਿਆ ਜਾ ਰਿਹਾ ਹੈ । ਵੱਡੇ ਘਰਾਂ ਦੇ ਬੰਦ ਕਮਰਿਆਂ ਵਿੱਚ ਰੋਂਦੇ ਬਜ਼ੁਰਗ ਜਦ ਆਪਣੇ ਕੀਤੇ ਮਾੜੇ ਕੰਮਾਂ ਕਾਰਨ ਰੱਬ ਜਾਂ ਸਮਾਜ ਦੀ ਹਵਾ ਨੂੰ ਦੋਸ਼ੀ ਗਰਦਾਨਦੇ ਹੋਏ ਕਦੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਇਹ ਸਾਰੀ ਅੱਗ ਉਹਨਾਂ ਖੁਦ ਪੈਦਾ ਕੀਤੀ ਹੈ । ਇਸ ਤਰਾਂ ਦੇ ਮਾਇਆ ਧਾਰੀ ਲੋਕ ਕਦੇ ਨਹੀਂ ਸਮਝਣਗੇ ਕਿ ਉਹ ਕੱਲ ਵੀ ਅੰਨੇ ਬੋਲੇ ਹੋ ਮਾਇਆਂ ਧਾਰੀ ਸਨ ਅਤੇ ਅੱਜ ਵੀ ਉਹਨਾਂ ਦੀ ਫਿਤਰਤ ਉਹੀ ਹੈ ।

ਦੁਨੀਆਂ ਦੇ ਸਿਕੰਦਰ ਹਿਟਲਰ ਅੱਜ ਦੇ ਮਾਪਿਆਂ ਨਾਲੋਂ ਲੱਖ ਦਰਜੇ ਚੰਗੇ ਸਨ, ਜਿਹਨਾਂ ਆਪਣੀਆਂ ਔਲਾਦਾ ਨਾਲ ਇਹੋ ਜਿਹੇ ਵਤੀਰੇ ਨਹੀਂ ਅਪਣਾਏ ਸਨ । ਦੁਨੀਆਂ ਦੇ ਸਿਕੰਦਰਾਂ ਨੇ ਆਪਣੀ ਔਲਾਦ ਨੂੰ ਜੰਗਾਂ ਯੁੱਧਾਂ ਵਿੱਚ ਵੀ ਆਪਣੇ ਕੋਲ ਰੱਖਕੇ ਸਿੱਖਿਆ ਦਿੱਤੀ ਸੀ, ਪਰ ਅੱਜ ਦਾ ਮਨੁੱਖ ਤਾਂ ਆਪਣੇ ਬੱਚਿਆਂ ਦੇ ਮੂੰਹ ਵਿੱਚ ਸਿੱਖਿਆ ਆਪਣੇ ਆਚਰਣ ਦੀ ਨਹੀਂ ਦਿੰਦਾ ਮੁੱਲ ਦੇ ਪੈਸੇ ਨਾਲ ਖਰੀਦ ਕੇ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ । ਚਾਰ ਛਿੱਲੜਾਂ ਪਿੱਛੇ ਵਿਕ ਜਾਣ ਵਾਲੇ ਸਿੱਖਿਆ ਸ਼ਾਸਤਰੀ ਦੂਸਰਿਆਂ ਨੂੰ ਕੀ ਸਿੱਖਿਆ ਦੇਣਗੇ ਜੋ ਆਪਣੇ ਆਪ ਨੂੰ ਵੀ ਸਿੱਖਿਆ ਨਹੀਂ ਦੇ ਸਕਦੇ । ਦੁਨੀਆਂ ਦਾ ਮਨੁੱਖ ਜਦ ਵੀ ਕਦੇ ਸਿਅਣਾ ਹੋ ਜਾਂਦਾ ਹੈ ਤਦ ਹੀ ਉਹ ਹਰ ਤਰਾਂ ਦੀ ਗੁਲਾਮੀ ਤਿਆਗ ਦਿੰਦਾ ਹੈ। ਦੁਨੀਆਂ ਦਾ ਕੋਈ ਵੀ ਫਕੀਰ ਦਰਵੇਸ਼ ਵਿਅਕਤੀ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਅਤੇ ਉਹਨਾਂ ਦਾ ਜੀਵਨ ਚਰਿੱਤਰ ਅੱਜ ਵੀ ਸਿੱਖਿਆ ਦਿੰਦਾ ਹੈ । ਪਰ ਦੁਨੀਆਂ ਦਾ ਕੋਈ ਵੀ ਮੁੱਲ ਦਾ ਸਿੱਖਿਆ ਸਾਸਤਰੀ ਦੁਨੀਆਂ ਦੇ ਸਿਰ ਝੁਕਾਉਣ ਦੀ ਅਵਸਥਾ ਤੱਕ ਨਹੀਂ ਪਹੁੰਚਿਆ।

ਲੋਕ ਹਿੱਤਾਂ ਲਈ ਜਾਨਾਂ ਵਾਰ ਜਾਣ ਵਾਲੇ ਨਾਸਤਿਕ ਲੋਕ ਵੀ ਪੂਜਣ ਯੋਗ ਹੋ ਜਾਂਦੇ ਨੇ ਕਿਉਂਕਿ ਉਹਨਾਂ ਗੁਲਾਮੀ ਤਿਆਗ ਕੇ ਅਤੇ ਜਾਨਾਂ ਵਾਰਕੇ ਜ਼ਿੰਦਗੀ ਦੀ ਕਿਤਾਬ ਲਿਖੀ ਹੈ । ਅੱਜ ਦੀ ਸਾਰੀ ਸਿੱਖਿਆ ਗੁਲਾਮਾਂ ਦੀ ਗੁਲਾਮਾਂ ਨੂੰ ਗੁਲਾਮਾਂ ਦੁਆਰਾ ਬਣਿਆ ਹੋਇਆ ਪਰਬੰਧ ਹੈ, ਜਿਸ ਵਿੱਚੋਂ ਪੈਸੇ ਦਾ ਗੁਲਾਮ ਪਿਆਰ ਰਹਿਤ ਬੇਰਹਿਮ ਸਮਾਜ ਪੈਦਾ ਹੋ ਰਿਹਾ ਹੈ, ਜੋ ਸਿਰਫ ਕਾਨੂੰਨ ਨਾਂ ਦੇ ਡੰਡੇ ਨਾਲ ਹੀ ਤੋਰਿਆ ਜਾਂਦਾ ਹੈ ਨਾ ਕਿ ਮਨੁੱਖੀ ਆਚਰਣ ਦੁਆਰਾ ਆਪਣੇ ਆਪ ਸਿੱਧੇ ਰਾਹ ਤੁਰੇ।
                                     
ਪਿਛਲੇ ਸਮਿਆਂ ਵਿੱਚ ਭਾਵੇਂ ਵਿਦਿਆ ਦਾ ਪਸਾਰਾ ਘੱਟ ਸੀ ਪਰ ਜੋ ਵੀ ਸਿੱਖਿਆ ਮਿਲਦੀ ਸੀ ਉਹ ਨਿਸ਼ਕਾਮ ਬਜ਼ੁਰਗ ਸਿਆਣੇ ਲੋਕਾਂ ਕੋਲੋਂ ਮਿਲਦੀ ਸੀ, ਜੋ ਧਾਰਮਿਕ ਸਥਾਨਾਂ ਦੇ ਵਿੱਚ ਬੈਠੇ ਹੋਏ ਅਸਲੀ ਧਾਰਮਿਕ ਤਿਆਗੀ ਲੋਕ ਸਨ, ਜੋ ਬੱਚਿਆਂ ਨੂੰ ਬਿਨਾਂ ਤਨਖਾਹ ਲਿਆਂ ਲਾਲਚ ਰਹਿਤ ਸਿੱਖਿਆ ਦੇਣ ਵਾਲੇ ਨਿਸ਼ਕਾਮ ਲੋਕ ਹੁੰਦੇ ਸਨ । ਉਹ ਸਿੱਖਿਆ ਕਿਸੇ ਨੂੰ ਨੌਕਰੀਆਂ ਦੇ ਘੋੜੇ ਤੇ ਚੜਾਉਣ ਲਈ ਨਹੀਂ ਸੀ, ਸਗੋਂ ਦੂਸਰਿਆਂ ਦੇ ਕੰਮ ਆਉਣ ਲਈ ਸਿਖਾਈ ਜਾਂਦੀ ਸੀ । ਉਸ ਵੇਲੇ ਨਿਰੋਲ ਧਾਰਮਿਕ ਗਰੰਥਾਂ ਵਿੱਚੋਂ ਸਿੱਖਿਆ ਦੇਕੇ ਉੱਚੇ ਆਚਰਣ ਵਾਲੇ ਲੋਕ ਪੈਦਾ ਕੀਤੇ ਜਾਂਦੇ ਸਨ, ਜਿਸ ਵਿੱਚੋਂ ਸੂਲੀ ਚੜਨ ਵਾਲੇ ਈਸਾ ਮਸੀਹ ਸੱਚ ਬੋਲਣ ਵਾਲੇ ਸੁਕਰਾਤ ਤੱਤੀ ਤਵੀਆਂ ਤੇ ਬੈਠ ਜਾਣ ਵਾਲੇ ਅਰਜਨ ਗੁਰੂ ਚਾਂਦਨੀ ਚੌਂਕ ਵਿੱਚ ਸੱਚ ਲਈ ਸਿਰ ਕਟਵਾ ਦੇਣ ਵਾਲੇ ਗੁਰੂ ਤੇਗ ਬਹਾਦਰ ਪੈਦਾ ਹੋਏ ਅੱਜ ਦੀ ਸਿੱਖਿਆ ਵਿੱਚ ਦੁਨੀਆਂ ਨੂੰ ਲੁੱਟਣ ਵਾਲੇ ਬਿਲ ਗੇਟਸ , ਅੰਬਾਨੀ , ਟਾਟੇ , ਬਿਰਲੇ ਪੈਦਾ ਹੋ ਰਹੇ ਹਨ ਜੋ ਕੁਝ ਸਾਲਾਂ ਵਿੱਚ ਪੈਸੇ ਦੇ ਪਹਾੜ ਖੜੇ ਕਰ ਗਏ ਹਨ, ਕਿਉਂਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਭਿ੍ਰਸਟ ਲੋਕ ਹਨ ਜੋ ਅੱਜ ਦੇ ਸਮਾਜ ਦੇ ਪੱਥ ਪ੍ਰਦਰਸ਼ਕ ਬਣਾਏ ਜਾ ਰਹੇ ਹਨ ।

ਇਹੋ ਜਿਹੇ ਪੱਥ ਪ੍ਰਦਰਸ਼ਕ ਤੋਂ ਸਮਾਜ ਬੇਰਹਿਮ ਹੋਣ ਦੀ ਹੀ ਸਿੱਖਿਆ ਲਵੇਗਾ। ਅੱਜ ਦੇ ਬੱਚਿਆਂ ਨੂੰ ਵੰਡ ਕੇ ਖਾਣ ਦੀ ਸਿੱਖਿਆ ਦੇਣ ਦੀ ਥਾਂ ਦੂਸਰਿਆਂ ਦੇ ਹੱਕ ਮਾਰਕੇ ਖਾਣ ਦੀ ਸਿੱਖਿਆ ਦੇਕੇ ਅਸੀਂ ਸਿਆਣੇ ਨਹੀਂ ਬਣ ਸਕਾਂਗੇ ਸਗੋਂ ਇਤਿਹਾਸ ਦੇ ਸਭ ਤੋਂ ਮੂਰਖ ਲੋਕ ਹੀ ਗਰਦਾਨੇ ਜਾਵਾਂਗੇ । ਗਰੀਬ ਲੋਕ ਜੋ ਆਪਣੇ ਬੱਚਿਆਂ ਨੂੰ ਇਹੋ ਜਿਹੀ ਲੁਟੇਰੀ ਸਿੱਖੀਆ ਨਹੀਂ ਦਿਵਾ ਸਕਣਗੇ ਵੀ ਘੱਟੋ ਘੱਟ ਇਸ ਧਰਤੀ ਤੇ ਇਨਸਾਨੀ ਫਿਤਰਤਾਂ ਨੂੰ ਸੰਭਾਲ ਰੱਖਣ ਵਾਲੇ ਯੋਧੇ ਦੇ ਤੌਰ ਤੇ ਜਾਣੇ ਜਾਣਗੇ ।

ਗਰੀਬ ਲੋਕ ਹਮੇਸਾਂ ਕੰਡਿਆਂ ਤੇ ਤੁਰਨ ਸਿੱਖ ਜਾਂਦੇ ਹਨ। ਔਖੀਆਂ ਘਾਟੀਆਂ ਪਾਰ ਕਰਨ ਵਾਲੇ ਬਣਦੇ ਹਨ, ਪਰ ਅਖੌਤੀ ਅਮੀਰ ਲੁਟੇਰੇ ਲੋਕ ਤਾਂ ਔਖੇ ਸਮਿਆਂ ਵਿੱਚ ਆਤਮਘਾਤ ਹੀ ਕਰ ਜਾਂਦੇ ਹਨ । ਵਰਤਮਾਨ ਸਿੱਖਿਆਂ ਦੇ ਵਿੱਚੋਂ ਪੈਦਾ ਹੋਈ ਤਬਾਹ ਕਰੂ ਤਕਨੀਕ ਸਭ ਤੋਂ ਪਹਿਲਾਂ ਵਾਰ ਵੀ ਅਮੀਰਾਂ ਦੀਆਂ ਬਸਤੀਆਂ ਤੇ ਹੀ ਕਰਦੀ ਹੈ ਅਤੇ ਵਰਤਮਾਨ ਸਮਾਜ ਦਾ ਲੁਟੇਰਾ ਅਖੌਤੀ ਸਿਆਣਾ ਵਰਗ ਆਪਣੀ ਕਬਰ ਆਪ ਹੀ ਪੁੱਟ ਲਵੇਗਾ। ਕਿਸੇ ਸ਼ਾਇਰ ਦਾ ਕਥਨ ਕਿ ‘ਜੀਏ ਜਾ ਰਹੇਂ ਹੈ ਆਪਨੀ ਮੌਤ ਕਾ ਸਮਾਨ ਲੀਏ ਹੂਏ’ ਅੱਜ ਦੇ ਅਖੌਤੀ ਅਗਿਆਨੀ ਅਮੀਰ ਵਰਗ ਤੇ ਪੂਰਾ ਢੁੱਕਦਾ ਹੈ ਕਿੰਨੇ ਚੰਗੇ ਹੁੰਦੇ ਹਨ ਉਹ ਲੋਕ ਜਿਹਨਾਂ ਕੋਲ ਨਿਮਰਤਾ ਅਤੇ ਗਰੀਬੀ ਦਾ ਗਹਿਣਾ ਹੁੰਦਾ ਹੈ ਅਤੇ ਗੁਰੂ ਨਾਨਕ ਦਾ ਬੋਲ ਕਿ ਗਰੀਬੀ ਗਦਾ ਹਮਾਰੀ ਉਹਨਾਂ ਦਾ ਰਾਹ ਰੁਸ਼ਨਾਉਂਦੀ ਹੈ ।

ਗਰੀਬ ਲੋਕਾਂ ਦੇ ਘਰ ਅਤੇ ਦਿਲਾਂ ਵਿੱਚ ਤਾਂ ਰੱਬ ਵਸਦਾ ਹੈ । ਸੋ ਹੇ ਮਨੁੱਖ ਜੇ ਤੇਰੇ ਕੋਲ ਅਮੀਰੀ ਜੋ ਦੁਨਿਆਵੀ ਹੈ ਮਿਲ ਗਈ ਹੈ ਤਦ ਵੀ ਨਿਮਰਤਾ ਅਤੇ ਗਰੀਬੀ ਜੋ ਮਨ ਵਿੱਚ ਹੋਵੇ ਕਦੇ ਵਗਾਹ ਨਾ ਮਾਰ ਜੋ ਤੈਨੂੰ ਹਕੀਕਤਾਂ ਨੂੰ ਸਮਝਣ ਦਾ ਵੱਲ ਦਿੰਦੀ ਰਹੇਗੀ । ਸਿਆਣੇ ਲੋਕ ਉਹ ਹੀ ਹੋਣਗੇ ਜੋ ਮਨੁੱਖ ਆਪਣੇ ਵਾਰਿਸਾਂ ਵਿੱਚ ਅਖੌਤੀ ਵਿਦਿਆ ਦੇ ਨਾਲ ਨਾਲ ਚੰਗੇ ਆਚਰਣ ਦੀ ਉਸਾਰੀ ਵੀ ਕਰ ਲੈਣਗੇ, ਜੋ ਹਮੇਸਾਂ ਬਜ਼ੁਰਗਾਂ ਅਤੇ ਮਾਪਿਆਂ ਦੀ ਗੋਦੀ ਦੇ ਨਿੱਘ ਵਿੱਚੋਂ ਨਸੀਬ ਹੁੰਦੀ ਹੈ । ਬੇਭਾਗੇ ਲੋਕ ਹੁੰਦੇ ਹਨ, ਜੋ ਆਪਣੀ ਔਲਾਦ ਨੂੰ ਬਚਪਨ ਵਰਗੇ ਸਵਰਗ ਵਿੱਚ ਇਹ ਸੁਆਦ ਨਹੀਂ ਦੇ ਪਾਉਂਦੇ ਅਤੇ ਫਿਰ ਆਪ ਵੀ ਜ਼ਿੰਦਗੀ ਦੇ ਚੌਥੇ ਪਹਿਰ ਜੋ ਕਲਯੁੱਗ ਦਾ ਸਮਾਂ ਆਉਂਦਾਂ ਹੈ ਵਿੱਚ ਆਪਣੇ ਕੀਤੇ ਬੁਰੇ ਕਰਮਾਂ ਦਾ ਫਲ ਭੁਗਤਦੇ ਹੋਏ ਇਕੱਲਤਾ ਹੰਢਾਉਂਦੇ ਹਨ । ਦਦਾ ਦੋਸ਼ ਨਾ ਦੇਊ ਕਰਤੈ ਦੋਸ਼ ਕਰਮਾਂ ਆਪਣਿਆਂ । ਗੀਤਾ ਉਪਦੇਸ਼ ਵੀ ਸੱਚ ਸਿੱਧ ਹੋ ਜਾਂਦਾ ਹੈ ਕਿ ਕਰਮ ਹੀ ਕਿਸਮਤ ਹੈ, ਜਿਹੋ ਜਿਹਾ ਕਰੋਗੇ ਉਹੋ ਜਿਹਾ ਪਾਉਗੇ ।

ਸੰਪਰਕ: +91 94177 27245  

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ