Sat, 13 July 2024
Your Visitor Number :-   7183058
SuhisaverSuhisaver Suhisaver

‘ਸਿਰਜਣਾ’ ਦਾ ਸਫ਼ਰ -ਜਸਵੀਰ ਸਮਰ

Posted on:- 24-05-2021

suhisaver

ਸਾਡੀਆਂ ਪ੍ਰਕਾਸ਼ਨਾਵਾਂ ਯੂਰਪ ਵਾਗੂੰ ‘ਲੋੜ’ ਪੂਰੀ ਕਰਨ ਲਈ ਨਹੀਂ ਪੈਦਾ ਹੋਈਆਂ ਸਗੋਂ ‘ਫ਼ਰਜ਼’ ਨਿਭਾਉਣ ਲਈ ਜਨਮਦੀਆਂ ਹਨ। -ਸੁਰਜੀਤ ਹਾਂਸ

ਹਾਂਸ ਬਾਬੇ ਦੀ ਇਸ ਡੇਢ ਸਤਰ ਵਿਚ ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਸਾਹਿਤਕ ਪੱਤਰਕਾਰੀ ਦਾ ਸੱਚ ਲੁਕਿਆ ਹੋਇਆ ਹੈ। ਇਸੇ ਕਰ ਕੇ ਅੱਜ ਤੱਕ ਤਕਰੀਬਨ ਸਾਰੇ ਪਰਚੇ, ਖ਼ਾਸਕਰ ਸਾਹਿਤਕ, ਘਾਟੇ ਖਾਂਦੇ ਰਹੇ ਹਨ ਅਤੇ ਇੱਕਾ-ਦੁੱਕਾ ਪਰਚਿਆਂ ਨੂੰ ਛੱਡ ਕੇ ਅੱਧ ਵਿਚਾਲੇ ਹੀ ਬੰਦ ਹੋ ਕੇ ਇਤਿਹਾਸ ਦਾ ਹਿੱਸਾ ਬਣਦੇ ਰਹੇ ਹਨ।

ਇਸ ਲਿਹਾਜ਼ ਨਾਲ 1965 ਵਿਚ ਆਰੰਭ ਹੋਇਆ ਤ੍ਰੈਮਾਸਿਕ ਸਾਹਿਤਕ ਪਰਚਾ ‘ਸਿਰਜਣਾ’ ਵੀ ‘ਲੋੜ’ ਅਤੇ ‘ਫ਼ਰਜ਼’ ਵਾਲੇ ਘੇਰੇ ਵਿਚੋਂ ਬਾਹਰ ਨਹੀਂ ਪਰ ਪੈਰ ਪੈਰ ‘ਤੇ ਆਕੀ ਹਾਲਾਤ ਆਉਣ/ਬਣਨ ਦੇ ਬਾਵਜੂਦ ਇਹ ਪਰਚਾ ਅੱਜ ਵੀ ਪੂਰੀ ਮੜਕ ਨਾਲ ਪਾਠਕਾਂ ਤੱਕ ਅੱਪੜ ਰਿਹਾ ਹੈ ਅਤੇ ਹੁਣੇ ਹੁਣੇ ਇਸ ਦੇ 200ਵੇਂ ਅੰਕ ਨੇ ਸਾਹਿਤ ਪ੍ਰੇਮੀਆਂ ਦੇ ਦਰਾਂ ‘ਤੇ ਦਸਤਕ ਦਿੱਤੀ ਹੈ।

ਸੁਰਜੀਤ ਹਾਂਸ ਦੀ ‘ਫ਼ਰਜ਼’ ਵਾਲੀ ਗੱਲ ਪਰਚੇ ਦੇ ਪਲੇਠੇ ਅੰਕ ਦੀ ਸੰਪਾਦਕੀ ‘ਪ੍ਰਗਤੀਵਾਦੀ ਧਾਰਾ ਦਾ ਪੁਨਰ ਸੰਗਠਨ’ ਵਿਚ ਬਾਕਾਇਦਾ ਦਰਜ ਹੈ। ਉਸ ਵਕਤ ਪ੍ਰਗਤੀਵਾਦੀ ਖੇਮਿਆਂ ਅੰਦਰ ਖੜੋਤ ਪਸਰੀ ਪਈ ਸੀ ਅਤੇ ਪ੍ਰਯੋਗਸ਼ੀਲ ਲਹਿਰ ਸਾਹਿਤ-ਸੱਭਿਆਚਾਰ ਵਾਲਾ ਪਿੜ ਮੱਲ ਰਹੀ ਸੀ। ਪਲੇਠੀ ਸੰਪਾਦਕੀ ਵਿਚ ਲਿਖਿਆ ਹੈ: ‘ਸਮੇਂ ਦੀ ਬਦਲਦੀ ਸਥਿਤੀ ਅਨੁਸਾਰ ਉਹਨਾਂ (ਪ੍ਰਗਤੀਵਾਦੀਆਂ) ਦੀ ਤੋਰ ਵਿਚ ਇਕ ਹੱਦ ਤੱਕ ਖੜੋਤ ਆ ਜਾਣੀ ਸੁਭਾਵਕ ਹੀ ਸੀ। ਜਿਵੇਂ ਕਿ ਅਸੀਂ ਸਭ ਪ੍ਰਵਾਨ ਕਰਦੇ ਹਾਂ, ਮਹਾਨ ਸਮਿਆਂ ਵਿਚ ਹੀ ਮਹਾਨ ਕਲਾ ਦੀ ਸਿਰਜਣਾ ਹੁੰਦੀ ਹੈ, ਤੇ ਮਹਾਨ ਕਲਾਕਾਰ ਜਨਮ ਲੈਂਦੇ ਹਨ। ਸਮੇਂ ਦੀ ਇਹ ਮਹਾਨਤਾ ਸਮਾਜਿਕ ਖੇਤਰ ਵਿਚ ਪ੍ਰਗਤੀ ਦੀ ਤੋਰ ਤੇ ਉਭਰ ਰਹੀਆਂ ਸ਼ਕਤੀਆਂ ਦੇ ਸੰਘਰਸ਼ ਦੀ ਸਫ਼ਲਤਾ ਤੋਂ ਮਾਪੀ ਜਾ ਸਕਦੀ ਹੈ। ... ਇਸ ਪ੍ਰਕਾਰ ਪ੍ਰਗਤੀਵਾਦੀ ਸਾਹਿਤਕਾਰਾਂ ਦੇ ਪਿੱਛੇ ਹਟ ਜਾਣ ਵਿਚ ਉਨ੍ਹਾਂ ਦੀਆਂ ਆਪਣੀਆਂ ਕੁਝ ਕਮਜ਼ੋਰੀਆਂ ਤੋਂ ਬਿਨਾਂ ਸਾਡੇ ਸਮਾਜ ਦੀ ਅਜੋਕੀ ਖੜੋਤ ਵਿਚ ਆਈ ਸਥਿਤੀ ਵੀ ਤਾਂ ਜਿ਼ੰਮੇਵਾਰ ਹੈ।’

‘ਸਿਰਜਣਾ’ ਦੀ ਇਹ ਸੁਰ ਅੱਧੀ ਸਦੀ ਤੱਕ ਫੈਲੇ ਇਸ ਦੇ ਇਤਿਹਾਸ ਦੌਰਾਨ ਬਰਕਰਾਰ ਰਹੀ ਹੈ। ਉਸ ਵਕਤ ਸਾਹਿਤ ਬਾਰੇ ਅਜਿਹੀ ਸ਼ੁਭ ਭਾਵਨਾ ਜਦੋਂ ਵਕਤ ਪਾ ਕੇ ਸਾਹਿਤ ਦੀ ਡੂੰਘੀ ਸਮਝ ਵਿਚ ਤਬਦੀਲ ਹੁੰਦੀ ਗਈ ਤਾਂ ਇਸ ਸੁਰ ਅੰਦਰ ਨਿਖਾਰ ਦੇ ਰੰਗ ਹੋਰ ਗੂੜ੍ਹੇ ਹੁੰਦੇ ਗਏ। ‘ਸਿਰਜਣਾ’ ਦਾ ਪਹਿਲਾ ਅੰਕ (ਜੁਲਾਈ-ਅਗਸਤ-ਸਤੰਬਰ 1965) ਅਗਸਤ 1965 ਨੂੰ ਆਇਆ ਸੀ ਅਤੇ 1967 ਤੇ 1968 ਦੌਰਾਨ ਤਿੰਨ ਅੰਕਾਂ ਦੀ ਚੁੱਭੀ ਦੇ ਬਾਵਜੂਦ ਅਪਰੈਲ-ਮਈ-ਜੂਨ 1969 ਤਕ ਪੰਜਾਬੀ ਪਿਆਰਿਆਂ ਦੇ ਦਿਲਾਂ ‘ਤੇ ਦਸਤਕ ਦਿੰਦਾ ਰਿਹਾ। ਫਿਰ ਮੱਧ 1974 ਤੱਕ ਦੀ ਲੰਮੀ ਚੁੱਭੀ ਤੋਂ ਬਾਅਦ ਜੁਲਾਈ-ਅਗਸਤ-ਸਤੰਬਰ (1974) ਵਾਲਾ 15ਵਾਂ ਅੰਕ ਨਵਾਂ ਨਿਖਾਰ ਲੈ ਕੇ ਸਾਹਮਣੇ ਆਇਆ। ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ!

ਉਂਜ, ਇਹ ਇਤਫ਼ਾਕ ਹੀ ਹੋਵੇਗਾ ਕਿ ਵਕਫ਼ੇ ਵਾਲਾ ਇਹ ਸਮਾਂ ਖੱਬੇ ਪੱਖ ਅੰਦਰ ਵਿਚਾਰਧਾਰਕ ਵਖਰੇਵਿਆਂ ਨਾਲ ਅੱਟਿਆ ਪਿਆ ਹੈ। ਸੀਪੀਆਈ ਵਿਚੋਂ ਨਿੱਕਲੀ ਸੀਪੀਆਈ (ਐੱਮ) ਅਗਾਂਹ ਛੇਤੀ ਹੀ ਸੀਪੀਆਈ (ਐੱਮਐੱਲ) ਤੱਕ ਵੰਡੀ ਗਈ। ਐੱਮਐੱਲ ਸਿਆਸਤ ਦਾ ਸਾਹਿਤਕ ਖੇਤਰ ਵਿਚ ਬੜਾ ਜ਼ੋਰਦਾਰ ਦਾਖਲਾ ਹੋਇਆ, ਖ਼ਾਸ ਕਰ ਪੰਜਾਬ ਅੰਦਰ। 1965 ਵਿਚ ‘ਸਿਰਜਣਾ’ ਦੇ ਪਹਿਲ-ਪਲੇਠੇ ਕਰਤੇ-ਧਰਤਿਆਂ ਵਿਚੋਂ ਬਹੁਗਿਣਤੀ ਦਾ ਸਬੰਧ ਵੰਡ ਤੋਂ ਬਾਅਦ ਵਾਲੀ ਸੀਪੀਆਈ (ਐੱਮ) ਨਾਲ ਜੁੜਦਾ ਹੈ; ਤੇ ਉਸ ਵਕਤ ‘ਸਿਰਜਣਾ’ ਦੇ ਸੰਪਾਦਕ ਰਘਬੀਰ ਸਿੰਘ ਨੇ ਕਮਿਊਨਿਸਟ ਸਿਆਸਤ ਵਿਚ ਕੁਲਵਕਤੀ ਕਾਰਕੁਨ ਵਜੋਂ ਪੰਜ-ਸੱਤ ਸਾਲ ਲਾ ਕੇ ਸਾਹਿਤ-ਸੱਭਿਆਚਾਰ ਵਾਲੇ ਪਾਸੇ ਮੋੜਾ ਕੱਟ ਲਿਆ ਸੀ। ਪਾਰਟੀ ਦੀ ਵੰਡ ਵੇਲੇ ਉਹ ਸੀਪੀਆਈ ਦੀ ਪੰਜਾਬ ਇਕਾਈ ਦੇ ਦਫਤਰ ਸਕੱਤਰ ਅਤੇ ਮਿਸਾਲੀ ਕਾਮਰੇਡ ਦੇਸ ਰਾਜ ਚੱਢਾ ਦੇ ਸਹਾਇਕ ਵਜੋਂ ਤਾਇਨਾਤ ਸਨ। ਤਿੱਖੀ ਸਿਆਸੀ ਸੂਝ ਅਤੇ ਸਰਗਰਮੀ ਦੀ ਬਦੌਲਤ ਉਨ੍ਹਾਂ ਦਾ ਦਿੱਲੀ ਕੂਚ ਤਕਰੀਬਨ ਤੈਅ ਸੀ ਪਰ ਕੁਝ ਕਾਰਨਾਂ ਕਰ ਕੇ ਅਜਿਹਾ ਸੰਭਵ ਨਹੀਂ ਹੋ ਸਕਿਆ ਪਰ ਆਉਂਦੇ ਸਾਲਾਂ ਦੌਰਾਨ ਪੰਜਾਬੀ ਸਾਹਿਤਕ ਪੱਤਰਕਾਰੀ ਨੂੰ ਇਕ ਦਮਦਾਰ ਅਗਵਾਨੂੰ ਮਿਲ ਗਿਆ। ਅਸਲ ਵਿਚ ਉਨ੍ਹਾਂ ਦੀ ਮਿਆਰੀ ਸੰਪਾਦਕੀ ਸੇਧ ਪਿੱਛੇ ਉਨ੍ਹਾਂ ਦੇ ਗਾਹੇ ਸਿਆਸੀ ਰਾਹਾਂ ਦਾ ਵੱਡਾ ਯੋਗਦਾਨ ਹੈ। ਦੂਜੇ ਪੜਾਅ ਤਹਿਤ ਆਏ 15ਵੇਂ ਅੰਕ ਦੀ ਸੰਪਾਦਕੀ ਦਾ ਸਿਰਲੇਖ (ਵਿਦ੍ਰੋਹ ਅਤੇ ਕ੍ਰਾਂਤੀ) ਹੀ ਦੱਸ ਰਿਹਾ ਹੈ ਕਿ ਸਿਆਸਤ ਤੋਂ ਸਾਹਿਤ ਵਾਲਾ ਰਾਹ ਉਨ੍ਹਾਂ ਨੇ ਕਿਨ੍ਹਾਂ ਭਾਵਨਾਵਾਂ ਅਤੇ ਕਿਸ ਤਾਂਘ ਤੇ ਤੀਬਰਤਾ ਨਾਲ ਅਖ਼ਤਿਆਰ ਕੀਤਾ।

ਸਾਹਿਤਕ ਪੱਤਰਕਾਰੀ ਬਾਰੇ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਵਿਚਾਰ ਦਰਜ ਕੀਤੇ ਹਨ, ਵਿਚਾਰ ਅਤੇ ਸੰਚਾਰ ਦੇ ਪੱਖ ਤੋਂ ਬੜੀਆਂ ਲੰਮੀਆਂ-ਚੌੜੀਆਂ ਪਰਿਭਾਸ਼ਾਵਾਂ ਵੀ ਬੰਨ੍ਹੀਆਂ ਹਨ ਪਰ ਹੁਣ ਮੋਟੇ ਰੂਪ ਵਿਚ ਇਸ ਦਾ ਸਬੰਧ ਸਾਹਿਤਕ ਪਰਚਿਆਂ ਨਾਲ ਹੀ ਡੂੰਘਾ ਜੁੜ ਗਿਆ ਹੈ। ਉਂਜ ਵੀ ਸਾਹਿਤ ਅਤੇ ਪੱਤਰਕਾਰੀ ਦਾ ਆਪਸੀ ਪੀਡਾ ਰਿਸ਼ਤਾ ਤਾਂ ਹੈ ਹੀ, ਕਈ ਮਾਮਲਿਆਂ ਵਿਚ ਵਖਰੇਵਿਆਂ ਵਾਲਾ ਰਿਸ਼ਤਾ ਵੀ ਹੈ ਪਰ ਇਹ ਵਖਰੇਵੇਂ ਇਕ-ਦੂਜੇ ਦੇ ਪੂਰਕ ਹੀ ਹੋ ਨਿੱਬੜਦੇ ਹਨ। ਕੁਝ ਵਿਦਵਾਨਾਂ ਨੇ ਪੰਜਾਬੀ ਪੱਤਰਕਾਰੀ ਦਾ ਸਿਰਾ 19ਵੀਂ ਸਦੀ ਦੇ ਆਰੰਭਲੇ ਦਹਾਕਿਆਂ ਨਾਲ ਜੋੜਿਆ ਹੈ। ਉਂਜ, 1830 ਵਿਚ ਲੁਧਿਆਣਾ ਤੋਂ ਨਿੱਕਲੇ ‘ਲੁਧਿਆਣਾ ਅਖ਼ਬਾਰ’ ਦੀ ਬਾਕਾਇਦਾ ਤਸਦੀਕ ਹੁੰਦੀ ਹੈ ਜਿਹੜਾ ਫਾਰਸੀ ਵਿਚ ਹੱਥਲਿਖਤ ਨਸ਼ਰ ਹੁੰਦਾ ਸੀ। 19ਵੀਂ ਸਦੀ ਦੇ ਦੂਜੇ ਅੱਧ ਦੌਰਾਨ ਜਦੋਂ ਵੱਖ ਵੱਖ ਲਹਿਰਾਂ ਨੇ ਸਿਰ ਕੱਢਿਆ ਤਾਂ ਸਮਾਂ ਪਾ ਕੇ ਪੱਤਰਕਾਰੀ ਦੀ ਵੀ ਭਰਪੂਰ ਆਮਦ ਹੋ ਗਈ। 20ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਪੰਜਾਬੀ ਪੱਤਰਕਾਰੀ ਦਾ ਮੂੰਹ-ਮੱਥਾ ਬਣਿਆ। ‘ਗ਼ਦਰ’ ਵਾਲਾ ਜਲੌਅ ਤਾਂ ਸਭ ਨੇ ਦੇਖਿਆ ਹੀ ਹੈ, ਫਿਰ ਤੀਜਾ ਦਹਾਕਾ ਆਰੰਭ ਹੁੰਦਿਆਂ ਹੀ ‘ਪ੍ਰੀਤਮ’ (1923) ਵਰਗੇ ਸਾਹਿਤਕ ਪੱਤਰ ਦਾ ਮੁੱਢ ਬੱਝਿਆ। ਇਸ ਤੋਂ ਬਾਅਦ ਦਾ ਇਤਿਹਾਸ ਬੜਾ ਲੰਮਾ ਅਤੇ ਮਾਣ ਭਰਿਆ ਹੈ। ‘ਫੁਲਵਾੜੀ’ (1924), ‘ਕਵੀ’ (1931), ‘ਪ੍ਰੀਤ ਲੜੀ’ (1933), ‘ਲਿਖਾਰੀ’ (1934) ‘ਪੰਜ ਦਰਿਆ’ (1939), ਲੋਕ ਸਾਹਿਤ (1950) ‘ਆਰਸੀ’ (1956), ‘ਸਿਰਜਣਾ’ (1965), ‘ਨਾਗਮਣੀ’ (1966), ‘ਹੇਮਜਯੋਤੀ’ (1968), ‘ਸਰਦਲ’ (1970), ‘ਲਕੀਰ’ (1970), ‘ਦ੍ਰਿਸ਼ਟੀ’ (1972), ‘ਇਕੱਤੀ ਫਰਵਰੀ’ (1972), ‘ਲੋਅ (1978), ‘ਸਮਤਾ’ (1980), ‘ਸ਼ਬਦ’ (1986), ‘ਚਿਰਾਗ਼’ (1992), ‘ਕਹਾਣੀ ਪੰਜਾਬ’ (1993), ‘ਸਮਕਾਲੀ ਸਾਹਿਤ (1995), ‘ਪ੍ਰਵਚਨ’ (2000), ‘ਹੁਣ’, ‘ਰਾਗ’, ‘ਵਾਹਗਾ’ ਵਰਗੇ ਅਹਿਮ ਪਰਚਿਆਂ ਤੋਂ ਇਲਾਵਾ ਹੋਰ ਬਥੇਰੇ ਪਰਚੇ ਸਾਹਿਤਕ ਪੱਤਰਕਾਰੀ ਦੇ ਮੈਦਾਨ ਵਿਚ ਨਿੱਤਰੇ।

ਸੁਰਜੀਤ ਹਾਂਸ ਦੇ ਕਹੇ ਅਨੁਸਾਰ ਜੇ ਵਿਚਾਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ‘ਸਿਰਜਣਾ’ ਦਾ ਸਫ਼ਰ ਭਾਵੇਂ ‘ਫ਼ਰਜ਼’ ਵਾਲੇ ਨੁਕਤੇ ਤੋਂ ਆਰੰਭ ਹੋਇਆ ਸੀ ਪਰ 200ਵੇਂ ਅੰਕ ਤੱਕ ਅੱਪੜਦਿਆਂ ਇਸ ਨੇ ਛੋਟਾ ਹੀ ਸਹੀ, ਕਿਸੇ ਸਾਹਿਤਕ ਪਰਚੇ ਦੀ ‘ਲੋੜ’ ਪੈਦਾ ਕਰਨ ਵੱਲ ਪੁਖ਼ਤਾ ਕਦਮ ਪੁੱਟਿਆ ਹੈ। ਇਹ ਨੁਕਤਾ ਅਹਿਮਤਰੀਨ ਹੈ। ਸਾਹਿਤਕ ਪੱਤਰਕਾਰੀ ਜੇਕਰ ਆਪਣੇ ਪੰਜਾਬੀ ਸਮਾਜ ਦੀ ਲੋੜ ਬਣਦੀ ਹੈ ਤਾਂ ਇਸ ਤੋਂ ਵੱਡਾ ਕੋਈ ਹੋਰ ਕਾਰਜ ਨਹੀਂ ਹੋ ਸਕਦਾ; ਤੇ ਇਸ ਅਹਿਮ ਕਾਰਜ ਲਈ ਨਿਗ੍ਹਾ ਵਾਰ ਵਾਰ ‘ਸਿਰਜਣਾ’ ਵਰਗੇ ਪਰਚਿਆਂ ਵੱਲ ਹੀ ਜਾਂਦੀ ਹੈ। ਇਸ ਦੀ ਮਿਸਾਲ ‘ਸਿਰਜਣਾ’ ਦਾ 200ਵਾਂ ਅੰਕ ਬਣ ਗਿਆ ਹੈ। ਇਹ ਅੰਕ ਆਪਣੇ 100 ਸਫਿਆਂ ਦੇ ਸਾਧਾਰਨ ਸਰੂਪ ਤੋਂ ਵਧ ਕੇ 400 ਸਫਿਆਂ ਤੱਕ ਫੈਲਿਆ ਹੋਇਆ ਹੈ ਅਤੇ ਇਸ ਅੰਦਰਲੀ ਵੰਨਗੀ ਦੱਸਦੀ ਹੈ ਕਿ ਦੋਹਰੇ ਸੈਂਕੜੇ ਤੋਂ ਬਾਅਦ ਵਿਚ ਪਰਚੇ ਅੰਦਰ ਕਿੰਨਾ ਦਮ-ਖ਼ਮ ਹੈ; ਭਾਵੇਂ ਇਨ੍ਹਾਂ ਸਫਿਆਂ ਉੱਤੇ ਲਹਿੰਦੇ ਪੰਜਾਬ ਦੀ ਗ਼ੈਰ ਹਾਜ਼ਰੀ ਰੜਕਦੀ ਹੈ। ਇਕ ਨੁਕਤਾ ਹੋਰ ਵੀ ਨੋਟ ਕਰਨ ਵਾਲਾ ਹੈ: ਜਿਹੜਾ ਸੰਪਾਦਕ 1995 ਵਿਚ ਪਰਚੇ ਦੇ 100ਵੇਂ ਅੰਕ ਵੇਲੇ ਇਸ ‘ਖ਼ੂਬਸੂਰਤ ਮੋੜ ‘ਤੇ ਪੁੱਜ ਕੇ ਅਲਵਿਦਾ ਆਖ’ ਦੇਣ ਦਾ ਮਨ ਬਣਾਈ ਬੈਠਾ ਸੀ ਅਤੇ ਉਸ ‘ਆਖਿ਼ਰੀ’ ਅੰਕ ਦੀ ਸੰਪਾਦਕੀ ਦਾ ਸਿਰਲੇਖ ‘ਹਮ ਚਲੇ ਆਏ ਲਾਏ ਜਹਾਂ ਤਕ ਕਦਮ’ ਵੀ ਸੋਚ ਲਿਆ ਸੀ, ਹੁਣ ਪਰਚੇ ਦੇ ਅਗਲੇ ਸਫ਼ਰ ਲਈ ‘ਠੋਸ ਵਿਵਸਥਾ ਬਣਾਉਣ’ ਬਾਰੇ ਬੰਨ੍ਹ-ਸੁਬ ਕਰ ਰਿਹਾ ਹੈ। ਲਗਾਤਾਰਤਾ ਦਾ ਇਹ ਜਸ਼ਨ ਸ਼ਾਇਦ ‘ਸਿਰਜਣਾ’ ਦੇ ਹਿੱਸੇ ਹੀ ਆਇਆ ਹੈ।

ਉਂਜ, ਇਸ ਲਗਾਤਾਰਤਾ ਦੇ ਵੀ ਆਪਣੇ ਕਿੱਸੇ ਹਨ ਜੋ ‘ਸਿਰਜਣਾ’ ਅਤੇ ਇਸ ਦੇ ਸੰਪਾਦਕ ਨਾਲ ਗਹਿਰੇ ਜੁੜੇ ਹੋਏ ਹਨ। ਪਰਚੇ ਦੀ ਸ਼ੁਰੂਆਤ ਵਿਚਾਰਧਾਰਕ ਹਮਜੋਲੀਆਂ ਨਾਲ ਹੋਈ ਸੀ ਜਿਨ੍ਹਾਂ ਵਿਚ ਹਰਭਜਨ ਹੁੰਦਲ, ਸੁਰਿੰਦਰ ਗਿੱਲ, ਐੱਨਕੇ ਜੋਸ਼ੀ, ਹਰਦਿਆਲ ਸਿੰਘ (ਨੇਤਾ ਜੀ), ਸੁਹੇਲ ਸਿੰਘ, ਜਗੀਰ ਸਿੰਘ ਜਗਤਾਰ ਸ਼ਾਮਿਲ ਸਨ। ਬਤੌਰ ਸੰਪਾਦਕ ਜਿ਼ੰਮੇਵਾਰੀ ਰਘਬੀਰ ਸਿੰਘ ਦੇ ਹਿੱਸੇ ਆਈ ਅਤੇ ਲੋੜੀਂਦੇ ਪੈਸੇ ਆਪੋ-ਆਪਣੀ ਜੇਬ ਵਿਚੋਂ ਜੁਟਾਉਣ ਲਈ ਸਭ ਦੀ ਸਹਿਮਤੀ ਸੀ ਪਰ ਇਹ ਪ੍ਰਬੰਧ ਸਿਰਫ਼ ਤਿੰਨ ਅੰਕਾਂ ਤੱਕ ਹੀ ਚੱਲ ਸਕਿਆ। ਇਸ ਤੋਂ ਬਾਅਦ ਖਰਚੇ ਦੀ ਜਿ਼ੰਮੇਵਾਰੀ ਇਕੱਲੇ ਸੰਪਾਦਕ ਸਿਰ ਆ ਗਈ ਅਤੇ ਫਿਰ 15ਵੇਂ ਅੰਕ ਤੋਂ ਬਾਅਦ ਪਰਚੇ ਨੂੰ ਵੇਲੇ ਸਿਰ ਪਾਠਕਾਂ ਤੱਕ ਪੁੱਜਦਾ ਕਰਨ ਦੀ ਵਫ਼ਾ ਕਰਜ਼ਦਾਰ ਬਣ ਕੇ ਵੀ ਨਿਭਦੀ ਰਹੀ। ਉਸ ਵਕਤ ਪਰਚੇ ਦਾ ਕੁੱਲ ਖਰਚਾ ਸੰਪਾਦਕ ਦੀ ਇਕ ਮਹੀਨੇ ਦੀ ਤਨਖਾਹ ਜਿੰਨਾ ਸੀ; ਇਉਂ ਹਰ ਤੀਜੇ ਮਹੀਨੇ ਇਕ ਤਨਖਾਹ ਪਰਚੇ ਦੇ ਲੇਖੇ ਲੱਗਣ ਲੱਗ ਪਈ। ਇਸ ਲਗਾਤਾਰਤਾ ਦੀ ਬੁਨਿਆਦ ਅਸਲ ਵਿਚ ਵਿਚਾਰਧਾਰਕ ਪ੍ਰਤੀਬੱਧਤਾ ਸੀ। ਉਂਜ, ਉਨ੍ਹਾਂ ਜਲਦੀ ਹੀ ਇਹ ਮਹਿਸੂਸ ਕਰ ਲਿਆ ਕਿ ਸਾਹਿਤ ਉੱਤੇ ਪਾਰਟੀ ਸਿਆਸਤ ਦਾ ਅਸਰ ਪੈਰੀਂ ਪਹਾੜ ਬੰਨ੍ਹ ਦਿੰਦਾ ਹੈ। ਪਾਠਕਾਂ ਦੇ ਹੁੰਗਾਰੇ ਅਤੇ ਸਾਹਿਤ ਪ੍ਰੇਮੀਆਂ ਦੀ ਮਹਿਮਾ ਨੇ ਇਸ ਚਿਰਾਗ਼ ਲਈ ਤੇਲ ਵਾਲਾ ਕਾਰਜ ਨਿਭਾਇਆ।

‘ਸਿਰਜਣਾ’ ਸਾਹਿਤ-ਸੱਭਿਆਚਾਰ ਦੇ ਖੇਤਰ ਵਿਚ ਸਰਗਰਮ ਤਿੰਨ ਪੀੜ੍ਹੀਆਂ ਦਾ ਹਾਣੀ ਬਣ ਕੇ ਵਿਚਰਿਆ ਹੈ। ਇਸ ਨੇ ਸਾਹਿਤ ਸਿਰਜਣਾ, ਬਹਿਸ-ਮੁਬਾਹਿਸੇ, ਆਲੋਚਨਾਤਮਿਕ ਟਿੱਪਣੀਆਂ ਖ਼ਾਸਕਰ ਕਿਤਾਬਾਂ ਦੀ ਪੜਚੋਲ ਦੇ ਮਾਮਲੇ ਵਿਚ ਆਪਣੀ ਨਿਆਰੀ ਪਹੁੰਚ ਅਤੇ ਅਹਿਮੀਅਤ ਦਰਜ ਕਰਵਾਈ ਹੈ। ਨਵੇਂ ਪੁਰਾਣੇ ਲੇਖਕਾਂ ਵਿਚੋਂ ਅਜਿਹੇ ਬਥੇਰੇ ਰਚਨਾਕਾਰ ਹਨ ਜਿਨ੍ਹਾਂ ਦੀ ਨਵੇਕਲੀ ਪਛਾਣ ਦਾ ਸਬਬ ‘ਸਿਰਜਣਾ’ ਬਣਿਆ ਹੈ। ‘ਸਿਰਜਣਾ’ ਦੀ ਇਹੀ ਖ਼ਸੂਸੀਅਤ ਇਸ ਦੇ ਲੰਮੇ ਸਫ਼ਰ ਦਾ ਜ਼ਰੀਆ ਬਣੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ