Sun, 25 February 2024
Your Visitor Number :-   6868482
SuhisaverSuhisaver Suhisaver

ਭੋਜਨ ਕਿੰਨਾ ਕੁ ਸਾਫ਼ ਅਤੇ ਸ਼ੁੱਧ ਹੈ, ਜੋ ਅਸੀਂ ਖਾ ਰਹੇ ਹਾਂ-ਡਾ. ਅਮਰਜੀਤ ਟਾਂਡਾ

Posted on:- 04-06-2015

suhisaver

ਸਾਡੀ ਸਿਹਤ ਉਸ ’ਤੇ ਹੀ ਉੱਸਰਦੀ ਹੈ, ਜੋ ਅਸੀਂ ਖਾਂਦੇ ਪੀਂਦੇ ਹਾਂ। ਚੰਗੀ ਸਿਹਤ ਦਾ ਹੋਣਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਨਣ ਲਈ ਜ਼ਰੂਰੀ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨੇਪਰੇ ਚਾੜਨ ਦਾ ਨਜ਼ਾਰਾ। ਪੌਸ਼ਟਿਕ ਭੋਜਨ ਅਤੇ ਸ਼ੁੱਧ ਅਤੇ ਸਾਫ ਪੌਣ-ਪਾਣੀ ਦੀ ਵੀ ਜ਼ਰੂਰਤ ਪੈਂਦੀ ਹੈ, ਚੰਗੀ ਸਿਹਤ ਦੀ ਪ੍ਰਾਪਤੀ ਲਈ। ਅਸੀਂ ਜਿਹੜਾ ਭੋਜਨ ਖਾਂਦੇ ਹਾਂ ਉਹ ਕਿੰਨਾ ਕੁ ਸਾਫ ਅਤੇ ਸ਼ੁੱਧ ਹੈ ਕੀ ਅਸੀਂ ਕਦੇ ਵਿਚਾਰਿਆ ਹੈ? ਜਿਹੜਾ ਭੋਜਨ ਅਸੀਂ ਖੁਦ ਤਿਆਰ ਕਰਕੇ ਖਾਂਦੇ ਹਾਂ ਉਹ ਕਿੰਨਾ ਕੁ ਖਾਣ ਯੋਗ ਹੈ? ਬਾਹਰ ਜੋ ਖਾਂਦੇ ਹਾਂ ਉਸ ਦੀ ਗਾਰੰਟੀ ਤਾਂ ਕੋਈ ਲੈ ਨਹੀਂ ਸਕਦਾ। ਜੋ ਕੁਝ ਵੀ ਅਸੀਂ ਖਾਂਦੇ ਹਾਂ, ਉਸ ਵਿਚ ਕੁਝ ਵੀ ਸ਼ੁੱਧ ਨਹੀਂ ਹੈ, ਇਥੋਂ ਤੱਕ ਕਿ ਜਿਹੜਾ ਦੁੱਧ ਅਸੀਂ ਸ਼ੁੱਧ ਸਮਝਕੇ ਪੀਂਦੇ ਹਾਂ ਉਸ ਵਿੱਚ ਵੀ ਅਜਿਹੇ ਢੰਗ ਨਾਲ ਮਿਲਾਵਟਾਂ ਕੀਤੀਆਂ ਜਾਂਦੀਆਂ ਹਨ ਕਿ ਦਿਮਾਗ ਹੈਰਾਨ ਰਹਿ ਜਾਂਦਾ ਹੈ।

ਡਾਇਰੀਆਂ ਤੇ ਹਰ ਰੋਜ਼ ਮੱਝਾਂ ਨੂੰ ਟੀਕੇ ਲਗਾਏ ਜਾਂਦੇ ਹਨ ਤਾਂ ਕਿ ਉਹ ਜ਼ਿਆਦਾ ਦੁੱਧ ਦੇਣ। ਇਹਨਾਂ ਟੀਕਿਆਂ ਦੇ ਬੁਰੇ ਅਤੇ ਨਕਾਰਾਤਮਕ ਪ੍ਰਭਾਵ ਮਨੁੱਖਾਂ ਤੇ ਹੀ ਪੈਂਦੇ ਹਨ ਤੇ ਬਿਮਾਰੀਆਂ ਪੈਦਾ ਕਰਦੇ ਹਨ। ਖੇਤਾਂ ਵਿੱਚ ਕਿਸਾਨ ਆਪਣੀ ਜਿਣਸ ਦੀ ਪੈਦਾਵਾਰ ਵਧਾਉਣ ਵਾਸਤੇ ਖੇਤਾਂ ਵਿੱਚ ਜੋ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਉਹ ਵੀ ਵਿਗਿਆਨਕ ਤੌਰ ’ਤੇ ਮਿੱਥੀ ਗਈ ਮਿੱਕਦਾਰ ਤੋਂ ਕੀਤੇ ਵੱਧ ਦਵਾਈ ਦਾ ਪ੍ਰਯੋਗ ਕਰਦੇ ਹਨ, ਜਿਹਨਾਂ ਦੇ ਮਨੁੱਖੀ ਸ਼ਰੀਰਾਂ ਉੱਪਰ ਉਲਟੇ ਪ੍ਰਭਾਵ ਪੈਂਦੇ ਹਨ,ਇਹੀ ਕਾਰਣ ਹੈ ਕਿ ਅੱਜਕਲ ਸਾਰੇ ਲੋਕ ਭਿੰਨ-ਭਿੰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਅਜਿਹੀਆਂ ਬਿਮਾਰੀਆਂ ਜੋ ਕਦੇ-ਕਦੇ ਡਾਕਟਰਾਂ ਦੀ ਸਮਝ ਤੋਂ ਵੀ ਪਰੇ ਦੀਆਂ ਹੁੰਦੀਆਂ ਹਨ। ਪਹਿਲਾਂ ਮਨੁੱਖ ਦੀ ਖੁਰਾਕ ਸਦਕਾ ਹੀ ਸਿਹਤ ਚੰਗੀ ਹੁੰਦੀ ਸੀ ।ਅੱਜਕਲ ਇਹਨਾਂ ਖੁਰਾਕਾਂ ਕਾਰਣ ਹੀ ਸਿਹਤ ਖਰਾਬ ਹੋ ਰਹੀ ਹੈ। ਪੈਂਤੀ ਚਾਲੀ ਸਾਲ ਦੀ ਉਮਰ ਤਕ ਪਹੁੰਚਦੇ ਹੀ ਕਈ ਬਿਮਾਰੀਆਂ ਹੋ ਜਾਂਦੀਆਂ ਹਨ। ਦਰਦਾਂ ਬਾਰੇ ਸਾਰੇ ਪਰੇਸ਼ਾਨ ਹਨ। ਕੋਈ ਸਿਰ ਦਰਦ, ਕੋਈ ਦੰਦ ਦਰਦ ,ਕਿਸੇ ਨੂੰ ਗਰਦਨ ਦਾ ਦਰਦ, ਕਿਸੇ ਨੂੰ ਪੇਟ ਦਾ ਦਰਦ ਅਤੇ ਕਿਸੇ ਨੂੰ ਜੋੜਾਂ ਦਾ ਦਰਦ ਪਰੇਸ਼ਾਨ ਕਰ ਰਿਹਾ ਹੈ।
         
ਮੈਂ ਇਸ ਵਿਸ਼ੇ ’ਤੇ ਗੱਲ ਕਰਨ ਲਈ ਡਾ. ਸ ਸ ਜੌਹਲ ਸਾਹਿਬ ਹੁਰਾਂ ਨਾਲ ਗੱਲ ਕੀਤੀ ਕਿ ਖਾਇਆ ਕੀ ਕਰੀਏ ਜੀ-ਤੇ ਕਹਿੰਦੇ ਅਮਰਜੀਤ ਖਾਓ ਸੁਆਹ-ਮੇਰਾ ਹਾਸਾ ਨਾ ਹਟੇ। ਮੈਂ ਕਿਹਾ ਜੀ ਹੁਣ ਤਾਂ ਸੁਆਹ ਵੀ ਸ਼ੁੱਧ ਨਹੀਂ ਰਹੀ। ਆਪਣੀਆਂ ਸਹੂਲਤਾਂ ਨੂੰ ਵੇਖਦੇ ਹੋਏ ਅਸੀਂ ਅੰਨ੍ਹੇਵਾਹ ਆਪਣੀਆਂ ਰਸੋਈਆਂ ਦੀਆਂ ਸ਼ੈਲਫਾਂ 'ਤੇ ਇਨ੍ਹਾਂ ਖਾਧ ਪਦਾਰਥਾਂ ਦੀ ਗਿਣਤੀ ਵਧਾਈ ਜਾ ਰਹੇ ਹਾਂ। ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਸੋਚਿਆਂ ਬਿਨਾਂ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਇਹ ਖਾਧ ਵਸਤਾਂ ਖੁਆ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਰਸਾਇਣਾਂ ਦੇ ਯੁੱਗ ਵਿੱਚ ਅੱਜ ਅਸੀਂ ਰਹਿ ਰਹੇ ਹਾਂ। ਜਿੱਥੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੋਜ਼ਾਨਾ ਨਵੀਆਂ ਤੋਂ ਨਵੀਆਂ ਖਾਣ ਵਾਲੀਆਂ ਵਸਤਾਂ ਦਾ ਬਾਜ਼ਾਰ ਵਿੱਚ ਵਾਧਾ ਹੋ ਰਿਹਾ ਹੈ।
             
ਅੱਜ ਨੈਸਲੇ ਇੰਡੀਆ ਮੈਗੀ ਵਿਵਾਦ ਤੋਂ ਬਾਅਦ ਹੁਣ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਇਸ ਵਾਰ ਨੈਸਲੇ ਇੰਡੀਆ ਦੇ ਚਰਚਾ 'ਚ ਰਹਿਣ ਦਾ ਕਾਰਨ ਨੈਸਲੇ ਦੁੱਧ ਪਾਊਡਰ ਹੈ। ਦੁੱਧ ਪਾਊਡਰ ਦੇ ਡਿੱਬੇ 'ਚ 28 ਲਾਰਵਾ ਅਤੇ ਚੌਲ 'ਚ ਪਾਏ ਜਾਣ ਵਾਲੇ 22 ਜ਼ਿੰਦਾ ਘੁਨ ਮੌਜੂਦ ਸਨ। ਦੱਸਿਆ ਜਾਂਦਾ ਹੈ ਕਿ ਇਹ ਦੁੱਧ ਪੀਣ ਨਾਲ ਦੂਜੇ ਦਿਨ ਹੀ ਅਨੰਤ ਦੇ ਬੱਚੇ ਦੇ ਚਮੜੀ 'ਤੇ ਐਲਰਜੀ ਹੋ ਗਈ, ਜਿਸ ਕਾਰਨ ਉਸ ਨੂੰ ਹਸਪਾਤਲ ਦਾਖਲ ਕਰਵਾਉਣਾ ਪਿਆ। ਕੁਝ ਅਜਿਹੀਆਂ ਆਮ ਹਾਲਤਾਂ ਹਨ, ਜਿਨ੍ਹਾਂ ਕਾਰਨ ਜਾਣੇ-ਅਣਜਾਣੇ ਸਾਡੇ ਪਰਿਵਾਰਕ ਮੈਂਬਰਾਂ ਦੀ ਸਿਹਤ ਵਿਗੜ ਸਕਦੀ ਹੈ।
       
ਸਬਜ਼ੀਆਂ, ਫਲ ਆਦਿ ਜੇਕਰ ਅਜਿਹੀ ਜਗ੍ਹਾ ਤੋਂ ਆਏ ਹੋਣ ਜਿੱਥੇ ਸਿੰਜਾਈ ਵੇਲੇ ਇਸਤੇਮਾਲ ਕੀਤੇ ਪਾਣੀ ਜਾਂ ਮਿੱਟੀ ਵਿੱਚ ਕੁਝ ਭਾਰੀਆ ਧਾਤਾਂ ਜਿਵੇਂ ਸਿੱਕਾ, ਆਰਸੇਨਿਕ, ਪਾਰਾ, ਨਿਕਲ, ਐਂਟੀਮਨੀ, ਕੈਡਮੀਅਮ, ਕਰੋਮੀਅਮ ਦੀ ਬਹੁਤਾਤ ਹੋਵੇ ਤਾਂ ਇਹ ਧਾਤਾਂ ਖਾਦ ਵਸਤਾਂ ਦੁਆਰਾ ਸਰੀਰ ਵਿੱਚ ਪਹੁੰਚ ਕੇ ਬੜੇ ਭਿਆਨਕ ਸਿੱਟੇ ਨੂੰ ਅੰਜ਼ਾਮ ਦੇ ਸਕਦੀਆਂ ਹਨ। ਇਹ ਧਾਤਾਂ ਦੂਸ਼ਿਤ ਪਾਣੀ ਦੁਆਰਾ ਕਈ ਵਾਰ ਸਰੀਰ ਵਿੱਚ ਵੀ ਪਹੁੰਚ ਜਾਂਦੀਆਂ ਹਨ। ਆਰਸੈਨਿਕ ਦਾ ਵੱਧੋ ਵੱਧ ਪਰਮਿਸੀਬਲ ਲੈਵਲ 0.01 ਮਿ.ਗ ਲੀਟਰ ਹੈ। ਇਸ ਤੋਂ ਵਧਣ 'ਤੇ ਹੱਥਾਂ ਪੈਰਾਂ ਦੇ ਜ਼ਖਮ, ਭੁੱਖ ਦਾ ਨਾ ਲੱਗਣਾ, ਚਮੜੀ 'ਤੇ ਰੰਗਦਾਰ ਚਕਤੇ ਪੈਣ ਵਰਗੇ ਲੱਛਣ ਉੱਭਰ ਆਉਂਦੇ ਹਨ। ਅੱਜ-ਕੱਲ੍ਹ ਮੋਟਾਪੇ ਤੋਂ ਬਚਣ ਲਈ ਜਾਂ ਸ਼ੱਕਰ ਰੋਗ ਤੋਂ ਪੀੜ੍ਹਤ ਲੋਕ ਬਾਜ਼ਾਰਾਂ ਵਿੱਚ ਮਿਲਦੇ ਸਵੀਟਨਰ ਇਸਤੇਮਾਲ ਕਰਨ ਲੱਗ ਪਏ ਹਨ। ਜਿਨ੍ਹਾਂ ਵਿੱਚ ਮੌਜੂਦ ਐਸਪਾਰਟਮ ਨਾਲ ਕੈਂਸਰ ਹੋ ਸਕਦਾ ਹੈ ਅਤੇ ਨਾਲ ਹੀ ਗੁਣਸੂਤਰਾਂ ਵਿੱਚ ਬਦਲਾਅ ਆ ਸਕਦੇ ਹਨ।

ਪੁਰਾਣੇ ਪਏ ਪਿਸਤਾ ਜਾਂ ਡਰਾਈਫਰੂਟ,ਮੂੰਗਫਲੀ, ਮੱਖਣ, ਇੱਕ ਖਾਸ ਕਿਸਮ ਦੀ ਉੱਲੀ ਅਫਲਾਟੌਕਸਿਨ ਨਾਲ ਖਰਾਬ ਹੋ ਕੇ ਕੈਂਸਰ ਦੇ ਜਨਮਦਾਤਾ ਹੋ ਸਕਦੇ ਹਨ। ਜਿਹੜੀ ਕਲੀ ਕਰਵਾਈ ਜਾਂਦੀ ਹੈ, ਪਿੱਤਲ ਦੇ ਭਾਂਡੇ ਵਰਤਣ ਲਈ ਉਹ ਖਾਣ-ਪੀਣ ਵਾਲੀ ਸਮੱਗਰੀ ਨਾਲ ਅੰਦਰ ਜਾ ਕੇ ਲੈਡਸਿੱਟੇ ਤੋਂ ਹੋਣ ਵਾਲੇ ਨੁਕਸਾਨ ਜਿਵੇਂ ਸਨਾਯੂ ਤੰਤਰ 'ਤੇ ਪ੍ਰਭਾਵ, ਗੁਰਦਿਆਂ ਦਾ ਫੇਲ੍ਹ ਹੋਣਾ ਅਤੇ ਉੱਚ ਲਹੂ ਦਬਾਅ ਪੈਦਾ ਕਰਦਾ ਹੈ।

ਚਾਈਨੀਜ਼ ਫੂਡ ਦੇ ਸ਼ੌਕੀਨ ਇਹ ਨਹੀਂ ਜਾਣਦੇ ਕਿ ਇਸ ਭੋਜਨ ਵਿੱਚ ਪੈਣ ਵਾਲਾ ਅਜੀਨੋਮੋਟੋ ਸਾਡੇ ਸਨਾਯੂ ਤੰਤਰ 'ਤੇ ਪ੍ਰਭਾਵ ਪਾ ਸਕਦਾ ਹੈ ਅਤੇ ਅਲਜੀਮਰ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਬੰਦ ਜੂਸ ਜਾਂ ਸੂਪ ਟਿਨ ਦੇ ਡੱਬਿਆਂ ਵਿੱਚਲਾ ਨਾ ਕੇਵਲ ਦਿਮਾਗ 'ਤੇ ਅਸਰ ਪਾ ਸਕਦਾ ਹੈ ਬਲਕਿ ਬਲੱਡ ਪ੍ਰੈਸ਼ਰ ਦਾ ਵਾਧਾ ਅਤੇ ਗੁਰਦਿਆਂ ਦਾ ਨੁਕਸਾਨ ਵੀ ਕਰ ਸਕਦਾ ਹੈ। ਅਸੀਂ ਤਲੀਆਂ ਹੋਈਆਂ ਵਸਤਾਂ ਨੂੰ ਪਚਾਉਣ ਜਾਂ ਤੇਜ਼ਾਬ ਵਧ ਬਣਨ ਦੀ ਹਾਲਤ ਵਿੱਚ ਐਟਾਂਸਿਡ ਆਦਿ ਖਾਂਦੇ ਹਾਂ, ਜਿਨ੍ਹਾਂ ਵਿੱਚ ਐਲੂਮੀਨੀਅਮ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਐਲਜੀਮਰ ਨਾਂ ਦੀ ਬਿਮਾਰੀ ਅਤੇ ਫੇਫੜਿਆਂ ਦਾ ਫਾਈਬਰੋਸਿਸ ਵੀ ਹੋ ਸਕਦਾ ਹੈ।

ਲਾਲ, ਪੀਲੇ, ਹਰੇ ਅਤੇ ਨੀਲੇ ਬਨਾਉਟੀ ਰੰਗਾਂ ਦੇ ਇਸਤੇਮਾਲ ਨਾਲ ਖਾਣ ਵਾਲੀਆਂ ਵਸਤਾਂ ਦੀ ਦਿੱਖ ਬੜੀ ਦਿਲਕਸ਼ ਹੋ ਜਾਂਦੀ ਹੈ। ਪਰ ਇਹ ਕਈ ਤਰ੍ਹਾਂ ਦੇ ਕੈਂਸਰ, ਗੁਣਸੂਤਰਾਂ ਵਿੱਚ ਬਦਲਾਅ, ਐਲਰਜੀ ਆਦਿ ਵਰਗੀਆਂ ਬਿਮਾਰੀਆਂ ਸਹੇੜ ਸਕਦੀਆਂ ਹਨ। ਘਟੀਆ ਕਿਸਮ ਦੇ ਐਲੂਮੀਨੀਅਮ ਫਾਇਲ ਵਿੱਚ ਲਿਪਟੀਆਂ ਖਾਧ ਵਸਤਾਂ ਨਾਲ ਵੀ ਐਲਰਜੀ ਹੋ ਸਕਦੀ ਹੈ। ਮਾਈਕਰੋਵੇਵ -ਓਵਨ ਵਿੱਚੋਂ ਜੇਕਰ ਕਿਰਨਾਂ ਦਾ ਰਿਸਾਵ ਹੋ ਰਿਹਾ ਹੋਵੇ ਤਾਂ ਦਿਲ ਦੀ ਧੜਕਣ ਵਿੱਚ ਬਦਲਾਅ, ਟਿਸ਼ੂਆਂ ਦਾ ਜਲਣਾ ਸਨਾਯੂ ਤੰਤਰ ਅਤੇ ਪ੍ਰਤੀਰਖਿਅਕ ਪ੍ਰਣਾਲੀ 'ਤੇ ਪ੍ਰਭਾਵ, ਜਲਣ ਅਤੇ ਅੱਖਾਂ ਦਾ ਮੋਤੀਆ ਤੱਕ ਹੋ ਸਕਦਾ ਹੈ।
                
ਮੀਟ, ਅੰਡੇ ਦੁੱਧ ਤੋਂ ਬਣੇ ਪਦਾਰਥ, ਤੇ ਤਾਜ਼ੀਆਂ ਸਬਜ਼ੀਆਂ ਫਰਿੱਜ਼ ਵਿੱਚ ਰੱਖਣ ਦੇ ਬਾਵਜੂਦ ਬੈਕਟੀਰੀਆ ਤੋਂ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਇੱਕ ਖਾਸ ਹਾਲਤ ਲਿਸਟਰੋਸਿਸ ਨੂੰ ਪੈਦਾ ਕਰਦੀਆਂ ਹਨ, ਜਿਸ ਵਿੱਚ ਸਿਰ-ਦਰਦ, ਬੁਖਾਰ, ਗੁਰਦਿਆਂ ਦੀ ਸਮੱਸਿਆ, ਖੂਨ ਬਹਾਅ ਵਿੱਚ ਬਦਲਾਵ ਅਤੇ ਸ਼ੱਕਰ ਰੋਗ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਐਲੂਮੀਨੀਅਮ ਦੇ ਭਾਂਡੇ ਵਿੱਚ ਬਹੁਤੀ ਦੇਰ ਤੇਜ਼ਾਬੀ ਖਾਦ ਪਦਾਰਥਾਂ ਨੂੰ ਪਕਾਉਣ 'ਤੇ ਉਨ੍ਹਾਂ ਵਿੱਚ ਐਲੂਮੀਨੀਅਮ ਘੁਲ ਜਾਂਦਾ ਹੈ, ਜਿਹੜਾ ਜ਼ਹਿਰ ਤੋਂ ਘੱਟ ਨਹੀਂ ਹੁੰਦਾ।

ਅੱਜਕੱਲ੍ਹ ਸਾਰੇ ਅਨਾਜ, ਫਲ ਸਬਜ਼ੀਆਂ ਬਿਨਾਂ ਕੀਟਨਾਸ਼ਕਾਂ ਜਾਂ ਰਸਾਇਣਿਕ ਖਾਦਾਂ ਤੋਂ ਤਿਆਰ ਕੁਝ ਵੀ ਮਾਰਕੀਟ ਵਿੱਚੋਂ ਨਹੀਂ ਮਿਲਦਾ। ਕੱਚੇ ਤੋੜ ਕੇ ਵੇਚਣ ਤੋਂ ਪਹਿਲਾਂ ਇਨ੍ਹਾਂ ਨੂੰ ਪਕਾਉਣ ਲਈ ਰਸਾਇਣ ਵਰਤੇ ਜਾਂਦੇ ਹਨ। ਰਾਤੋ-ਰਾਤ ਇਨ੍ਹਾਂ ਨੂੰ ਵੱਡਾ ਕਰਨ ਲਈ ਹਾਰਮੋਨਾਂ ਦੇ ਟੀਕੇ ਲਗਾਏ ਜਾਂਦੇ ਹਨ। ਇਨ੍ਹਾਂ ਨੂੰ ਸੋਹਣੀ ਦਿਖ ਦੇਣ ਲਈ ਕਈ ਰੰਗਾਂ ਦਾ ਛਿੜਕਾ ਕੀਤਾ ਜਾਂਦਾ ਹੈ ਜਾਂ ਰਸਾਇਣਾਂ ਵਿੱਚ ਡੁਬੋਇਆ ਜਾਂਦਾ ਹੈ। ਵਰਤਣ ਤੋਂ ਪਹਿਲਾਂ ਇਨ੍ਹਾਂ ਨੂੰ ਜਿੰਨੀ ਮਰਜ਼ੀ ਦੇਰ ਪਾਣੀ ਵਿੱਚ ਡੁਬੋ ਕੇ ਰੱਖਿਆ ਜਾਵੇ-ਰਸਾਇਣ ਪੂਰੀ ਤਰ੍ਹਾਂ ਕਦੇ ਵੀ ਨਹੀਂ ਨਿਕਲਦੇ। ਜ਼ਿਆਦਾ ਮਾਤਰਾ ਵਿੱਚ ਛਿੜਕਿਆ ਕੀਟਨਾਸ਼ਕ ਮਨੁੱਖੀ ਸਰੀਰ ਵਿੱਚ ਪਹੁੰਚ ਕੇ ਕੈਂਸਰ ਕਰਦਾ ਹੈ।
                  
ਆਪਣੇ ਵਿਸ਼ੇ ਬਾਰੇ ਮੈਂ ਜਾਣਦਾ ਹਾਂ ਤੇ ਕਹਿ ਸਕਦਾ ਹਾਂ ਕਿ ਆਮ ਤੌਰ 'ਤੇ ਵਰਤੇ ਜਾਣ ਵਾਲੇ ਕੀਟਨਾਸ਼ਕ ਬੇਨਜੀਨ ਹੈਕਸਾਕਲੋਰਾਈਡ, ਮੈਲਾਥਿਆਨ ਅਤੇ ਮੋਨੋਕਰੋਟੋਫਾਸ ਨਾ ਕੇਵਲ ਅਨਾਜ, ਸਬਜ਼ੀਆਂ ਅਤੇ ਫਲਾਂ ਵਿੱਚ ਪਾਏ ਜਾਂਦੇ ਹਨ, ਭੋਜਨ ਕੜੀ ਰਾਹੀਂ ਪਸ਼ੂਆਂ ਦੇ ਚਾਰੇ  ਨਾਲ ਦੁੱਧ ਵਿੱਚ ਵੀ ਪਹੁੰਚ ਜਾਂਦੇ ਹਨ। ਪਸ਼ੂਆਂ ਦੇ ਦੁੱਧ ਦਾ ਤਾਂ ਕੀ ਕਹਿਣਾ, ਹੁਣ ਤਾਂ ਮਾਂ ਦਾ ਦੁੱਧ ਵੀ ਜ਼ਹਿਰੀਲਾ ਹੋ ਚੁੱਕਿਆ ਹੈ ਕਿਉਂਕਿ ਉਹ ਵੀ ਤਾਂ ਇਹੋ ਕੁਝ ਖਾ ਕੇ ਬੱਚੇ ਪਾਲਦੀ ਹੈ। ਖੋਜ ਤਾਂ ਇਹ ਵੀ ਕਹਿੰਦੀ ਹੈ ਕਿ ਭੋਜਨ ਕੜੀ ਰਾਹੀਂ ਇਹ ਭੈੜੇ ਤੱਤ ਚਰਬੀ ਚ ਕਈ ਗੁਣਾਂ ਵੱਧ ਵੀ ਜਾਂਦੇ ਹਨ। ਏਸੇ ਕਾਰਨ ਕਰਕੇ ਅੱਜ-ਕੱਲ੍ਹ ਇਨ੍ਹਾਂ ਤੋਂ ਪਹਿਲਾਂ ਵਰਤੇ ਜਾਣ ਵਾਲੇ ਕੀਟਨਾਸ਼ਕ ਡਾਈਕਲੋਰੋ ਡਾਈਫਿਨਾਇਲ ਟਰਾਈ ਕਲੋਰੋ ਇਥੇਨ (ਡੀ.ਡੀ.ਟੀ.) ਅਤੇ ਬੈਨਜੀਨ ਹੈਕਸਾਕਲੋਰਾਈਡ (ਬੀ.ਐਚ.ਸੀ.) ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ। ਇਹ ਸਾਰੇ ਕੀਟਨਾਸ਼ਕ ਨਾ ਕੇਵਲ ਸਨਾਯੂ ਤੰਤਰ ਵਿੱਚ ਖਰਾਬੀ, ਮਾਸਪੇਸੀਆਂ ਦਾ ਕੰਮ ਨਾ ਕਰਨਾ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਜਨਮਦਾਤਾ ਸਨ।
       
ਆਕਸੀਟੋਸਿਨ ਹਾਰਮੋਨ ਦੇ ਟੀਕੇ ਨਾਲ ਗਊਆਂ-ਮੱਝਾਂ ਤੋਂ ਜ਼ਬਰਦਸਤੀ ਦੁੱਧ ਲਿਆ ਜਾਂਦਾ ਹੈ ਅਤੇ ਸਬਜ਼ੀਆਂ ਨੂੰ ਰਾਤੋ-ਰਾਤ ਵੱਡਾ ਕੀਤਾ ਜਾਂਦਾ ਹੈ। ਇਸ ਕਾਰਨ ਜਿਗਰ ਅਤੇ ਦਿਮਾਗ ਖਰਾਬ, ਸਿਰਦਰਦ, ਬਲੱਡ ਪ੍ਰੈਸ਼ਰ, ਬੇਚੈਨੀ, ਗਰਭਪਾਤ ਜਾਂ ਕੈਂਸਰ ਵੀ ਹੋ ਸਕਦਾ ਹੈ।
ਯੂਰੀਆ, ਕਾਸਟਿਕ ਸੋਡਾ ਅਤੇ ਡਿਟਰਜੈਂਟ ਨਕਲੀ ਦੁੱਧ ਬਣਾਉਣ ਵੇਲੇ ਇਸਤੇਮਾਲ ਕੀਤੇ ਜਾਂਦੇ ਹਨ। ਇਸੀ ਨਕਲੀ ਦੁੱਧ ਤੋਂ ਆਈਸਕਰੀਮ, ਕੁਲਫੀ, ਮੈਂਗੋ ਸ਼ੇਕ, ਮਿਲਕ ਸ਼ੇਕ ਆਦਿ ਕਈ ਡਾਇਰੀ ਪ੍ਰੋਡਕਟਸ (ਮਿਠਾਈਆਂ) ਤਿਆਰ ਕੀਤੇ ਜਾਂਦੇ ਹਨ।

ਪਨੀਰ ਬਣਾਉਣ ਵੇਲੇ ਸਿਟਰਿਕ ਐਸਿਡ ਦੀ ਜਗ੍ਹਾ ਨਮਕ ਦਾ ਤੇਜ਼ਾਬ ਵਰਤਿਆ ਜਾਂਦਾ ਹੈ। ਨਕਲੀ ਗੁੜ ਬਣਾਉਣ ਦੀਆਂ ਫੈਕਟਰੀਆਂ ਲਗਾਈਆਂ ਜਾਂਦੀਆਂ ਹਨ। ਚੀਨੀ ਦੀ ਥਾਂ ਸਕਰੀਨ ਅਤੇ ਚੈਰੀ ਦੀ ਥਾਂ ਪੇਠਾ ਵਰਤਿਆ ਜਾਂਦਾ ਹੈ। ਸੇਬਾਂ ਨੂੰ ਲਾਲ ਕਰਨ ਲਈ ਦਰਖਤਾਂ 'ਤੇ ਹੀ ਇਥੀਫੋਨ ਦਾ ਸਪਰੇਅ ਕੀਤਾ ਜਾਂਦਾ ਹੈ। ਗੋਭੀ ਨੂੰ ਸਫੈਦ ਕਰਨ ਵਾਸਤੇ ਇੱਕ ਕੀਟਨਾਸ਼ਕ ਮਿਥਾਇਲ ਪੈਰਾਥਿਆਨ ਵਿੱਚ ਡਬੋਇਆ ਜਾਂਦਾ ਹੈ। ਸਬਜ਼ੀਆਂ ਨੂੰ ਹਰੀ ਦਿੱਖ ਦੇਣ ਵਾਸਤੇ ਨੀਲੇ ਥੋਥੇ ਦਾ ਇਸਤੇਮਾਲ ਹੁੰਦਾ ਹੈ। ਲਾਲ ਡਾਈ ਨਾਲ ਤਰਬੂਜ਼ ਅੰਦਰੋਂ ਲਾਲ ਕੀਤੇ ਜਾਂਦੇ ਹਨ।

ਕਾਰਬੋਫਿਊਰੇਨ ਰਸਾਇਣਕ ਤੱਤ ਫਲਾਂ ਦੀ ਜਲਦੀ ਪੈਦਾਇਸ਼ ਲਈ ਵਰਤਿਆ ਜਾਂਦਾ ਹੈ। ਬੈਂਗਣਾਂ ਨੂੰ ਤਾਜ਼ੀ ਦਿਖ ਦੇਣ ਵਾਸਤੇ ਪੈਰਾਥਿਆਨ ਸਪਰੇਅ ਕੀਤਾ ਜਾਂਦਾ ਹੈ। ਫਫੂੰਦ ਨਾਸ਼ਕ ਕਾਰਬੇਨਡੇਜੀਮ ਨੂੰ ਆਮ ਤੌਰ 'ਤੇ ਕੇਲਿਆਂ ਨੂੰ ਜਲਦੀ ਪਕਾਉਣ ਵਾਸਤੇ ਵਰਤਿਆ ਜਾਂਦਾ ਹੈ।
ਜੇਕਰ ਕੈਲਸੀਅਮ ਕਾਰਬਾਈਡ ਜਿਹੜਾ ਕਿ ਫਲਾਂ ਜਿਵੇਂ ਅੰਬ, ਪਪੀਤਾ, ਚੀਕੂ ਆਦਿ ਨੂੰ ਪਕਾਉਣ ਲਈ ਇਸਤੇਮਾਲ ਹੁੰਦਾ ਹੈ, ਵਿੱਚ ਆਰਸੇਨਿਕ ਜਾਂ ਫਾਸਫੋਰਸ ਹੋਵੇ ਤਾਂ ਘਾਤਕ ਹੁੰਦਾ ਹੈ। ਇਸ ਨਾਲ ਮੂੰਹ ਦਾ ਅਲਸਰ, ਪੇਟ ਦੀਆਂ ਬਿਮਾਰੀਆਂ ਤੇ ਗਰਦਨ ਦੀ ਸੋਜ ਹੋ ਸਕਦੀ ਹੈ।
ਗੋਲ-ਗੱਪੇ ਦੇ ਪਾਣੀ ਨੂੰ ਤਿੱਖਾ ਕਰਨ ਵਾਸਤੇ ਤੇਜ਼ਾਬ ਵਰਤਿਆ ਜਾਂਦਾ ਹੈ।

ਚੀਨੀ, ਚਾਕਲੇਟ, ਦਹੀਂ, ਨੂਡਲਸ ਵਿੱਚ ਪਲਾਸਟਿਕ ਅਤੇ ਖਾਦਾਂ ਵਿੱਚ ਵਰਤਿਆ ਜਾਣ ਵਾਲਾ ਮੈਲੇਮਾਈਨ ਹੁੰਦਾ ਹੈ ਜਿਸ ਨਾਲ ਗੁਰਦਿਆਂ ਦੀ ਪਥਰੀ, ਗੁਰਦੇ ਫੇਲ੍ਹ ਹੋਣਾ, ਕੈਂਸਰ ਜਾਂ ਮੌਤ ਵੀ ਹੋ ਸਕਦੀ ਹੈ। ਕੋਲਡ ਡਰਿੰਕਸ, ਰੰਗਦਾਰ ਆਈਸਕਰੀਮਾਂ, ਚਟਣੀਆਂ, ਗੋਲ-ਗੱਪੇ ਦੇ ਪਾਣੀ ਵਿਚ ਨਕਲੀ ਰੰਗ ਪਾਏ ਹੁੰਦੇ ਹਨ।
        
ਮਿਨਰਲ-ਵਾਟਰ ਨੂੰ ਜ਼ਿਆਦਾਤਰ ਅਲਟਰਾਵਾਇਲੇਟ ਕਿਰਨਾਂ ਨਾਲ ਸ਼ੁੱਧ ਕਰਕੇ ਉਸ ਨੂੰ ਐਜੋਨਾਈਜ ਕੀਤਾ ਜਾਂਦਾ ਹੈ। ਜਿਸ ਕਾਰਨ ਇਹ ਔਜੀਡੈਂਟ ਹੋ ਜਾਂਦਾ ਹੈ। ਜਿਹੜਾ ਕਿ ਇੱਕ ਆਕਸੀਡੈਂਟ ਹੈ। ਇਸ ਨਾਲ ਸਿਰ-ਦਰਦ ਦੀ ਸ਼ਿਕਾਇਤ ਰਹਿ ਸਕਦੀ ਹੈ। ਸਹੀ ਸੈਨਟਰੀ ਪ੍ਰਬੰਧ ਨਾ ਹੋਣ ਕਾਰਨ ਰਸਾਇਣਿਕ ਖਾਦਾਂ ਦੀ ਦੁਰਵਰਤੋਂ ਕਾਰਨ ਨਾਈਟਰੇਟ ਧਰਤੀ ਅੰਦਰਲੇ ਪਾਣੀ ਤੱਕ ਵੀ ਪਹੁੰਚ ਚੁੱਕਾ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡ, ਅਨੁਸਾਰ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ 0-45 ਮਿ.ਗ਼ਲੀਟਰ ਤੋਂ ਵਧਣ ਨਾਲ ਸਿਰਦਰਦ, ਹਾਈ ਬਲੱਡ ਪ੍ਰੈਸ਼ਰ, ਬੇਹੋਸ਼ੀ, ਢਿੱਡ ਦਾ ਕੈਂਸਰ, ਨੀਲਾ ਬੱਚਾ ਆਦਿ ਦੇ ਕੇਸਾਂ ਵਿੱਚ ਵਾਧਾ ਹੁੰਦਾ ਹੈ। ਇੰਨਾ ਹੀ ਨਹੀ ਬੋਤਲਾਂ ਵਿੱਚ ਬੰਦ ਪਾਣੀ ਵਿੱਚ ਵੀ ਕਈ ਵਾਰ ਕੀਟਨਾਸ਼ਕਾਂ ਦੀ ਹੋਂਦ ਪਾਈ ਗਈ ਹੈ।
           
ਕਈ ਦੁੱਧ ਦੀਆਂ ਬਣੀਆਂ ਵਸਤਾਂ, ਬਿਸਕੁਟਾਂ ਅਤੇ ਹੋਰ ਖਾਦ ਪਦਾਰਥਾਂ ਵਿੱਚ ਵਿਟਾਮਿਨ 'ਡੀ' ਪਾਇਆ ਹੁੰਦਾ ਹੈ, ਜਿਸ ਦੀ ਕਿ ਠੰਢੇ ਮੁਲਕਾਂ ਦੇ ਵਾਸੀਆਂ ਨੂੰ ਲੋੜ ਹੁੰਦੀ ਹੈ। ਜ਼ਿਆਦਾ ਵਿਟਾਮਿਨ 'ਡੀ' ਨਾਲ ਛਾਤੀ ਦਾ ਕੈਂਸਰ, ਗੁਰਦੇ ਦੀ ਪਥਰੀ ਅਤੇ ਪਰੋਸਟਰੇਟ ਵਿੱਚ ਵਾਧਾ ਹੋ ਸਕਦਾ ਹੈ।

ਆਇਉਡਾਈਜਡ ਨਮਕ ਜੇਕਰ ਸਮੁੰਦਰ ਕੋਲ ਰਹਿਣ ਵਾਲੇ ਲੋਕ ਖਾਣ ਤਾਂ ਹਾਈਪਰ-ਥਾਇਰਾਇਡੀਜਮ, ਨੀਂਦ ਨਾ ਆਉਣਾ, ਬਲੱਡ ਪ੍ਰੈਸ਼ਰ ਵਿੱਚ ਵਾਧਾ, ਦਿਲ ਦੀ ਧੜਕਣ ਵਿੱਚ ਵਾਧਾ ਜਾਂ ਫੇਰ ਥਾਇਰਾਇਡ ਦਾ ਨੁਕਸਾਨ ਵੀ ਹੋ ਸਕਦਾ ਹੈ।
                       
ਭੋਜਨ ਵਿੱਚ ਮਿਲਾਵਟ ਨੂੰ ਚੈੱਕ ਕਰਨ ਲਈ ਕਈ ਡਿਪਾਰਟਮੈਂਟ ਬਣਾਏ ਗਏ ਹਨ। ਜਿਵੇਂ ਕਿ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐਸ਼), ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ਼ਈ.),  ਇੰਡੀਅਨ ਕਾਊਂਸਲ ਫਾਰ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.), ਸੈਂਟਰਲ ਕਮੇਟੀ ਫਾਰ ਫੂਡ ਸਟੈਂਡਰਡਜ਼ (ਸੀ.ਸੀ.ਐਫ਼) ਅਤੇ ਆਲ ਇੰਡੀਆ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਦਿੱਲੀ ਵਿੱਚ ਸਥਾਪਿਤ 'ਨੈਸ਼ਨਲ ਪਵਾਇਜਨ ਸੈਂਟਰ'। ਇਹ ਡਿਪਾਰਟਮੈਂਟ ਲਗਾਤਾਰ ਸਰਵੇ ਅਤੇ ਰਿਸਰਚ ਕਰਕੇ ਰਿਪੋਰਟਾਂ ਸਰਕਾਰ ਨੂੰ ਸੌਂਪ ਸਕਦੀਆਂ ਹਨ। ਸਰਕਾਰ ਸਖਤੀ ਨਾਲ ਕਾਨੂੰਨਾਂ ਨੂੰ ਲਾਗੂ ਕਰਵਾ ਸਕਦੀ ਹੈ।ਆਪਾਂ ਸਾਰੇ ਚਾਹੁੰਦੇ ਹਾਂ- ਆਪਣੀ ਅਤੇ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ ਅਤੇ ਉਸ ਦੀ ਪ੍ਰਾਪਤੀ ਲਈ ਸਾਨੂੰ ਸੰਤੁਲਿਤ ਆਹਾਰ ਦੀ ਲੋੜ ਹੈ। ਪਰ ਜੇਕਰ ਉਸ ਆਹਾਰ ਵਿੱਚ ਜ਼ਹਿਰ ਘੁਲਿਆ ਹੋਵੇ ਤਾਂ ਸਵਸਥ ਹੋਣ ਦੀ ਜਗ੍ਹਾ ਮਨੁੱਖੀ ਸਰੀਰ ਬਿਮਾਰੀਆਂ ਦਾ ਘਰ ਬਣ ਜਾਏਗਾ। ਹੁਣ ਦੇਖਣਾ ਇਹ ਹੈ ਕਿ ਵਾਤਾਵਰਣ ਵਿੱਚ ਦਿਨੋ-ਦਿਨ ਵੱਧ ਰਹੇ ਇਸ ਜ਼ਹਿਰ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ। ਇਹ ਕਾਰਜ ਦਾ ਅਰੰਭ ਸਰਕਾਰ ਤੋਂ ਹੀ ਹੋ ਸਕਦਾ ਹੈ ਜੇ ਨੀਅਤ ਚਾਹੇ ਤਾਂ। ਰਾਜਨੀਤਿਕ ਲੋਕਾਂ ਦੀ ਇੱਛਾ ਹੋਵੇ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ, ਪਰ ਅੱਜ ਕੱਲ੍ਹ ਰਾਜਨੀਤੀ ਪਹਿਲਾਂ ਹੀ ਭਰਿਸ਼ਰਟ ਹੋਈ ਫਿਰਦੀ ਹੈ।
           
 ਖੇਤੀਬਾੜੀ ਮੰਤਰਾਲਾ ਵੀ ਬਹੁਪੱਖੀ ਜਾਣੀ ਕਿ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਨੂੰ ਜੰਗੀ ਪੱਧਰ 'ਤੇ ਅਪਣਾ ਕੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਵਾ ਸਕਦਾ ਹੈ। ਬਾਇਉਸਾਈਡਾਂ ਜਿਵੇਂ ਕਿ ਨਿੰਮ ਆਦਿ ਤੋਂ ਤਿਆਰ ਕੀਟਨਾਸ਼ਕ ਇਨਸਾਨਾਂ ਲਈ ਜ਼ਹਿਰੀਲੇ ਨਹੀਂ ਹੁੰਦੇ। ਸਰਕਾਰ ਇਸ ਦੀ ਜ਼ਿਆਦਾ ਮਾਤਰਾ ਵਿੱਚ ਤਿਆਰੀ ਅਤੇ ਸੱਸਤੇ ਰੇਟਾਂ ਵਿੱਚ ਵਿੱਕਰੀ ਕਰਵਾ ਕੇ ਇਸ ਦੀ ਵਰਤੋਂ ਨੂੰ ਉਤਸ਼ਾਹਤ ਕਰ ਸਕਦੀ ਹੈ। ਖੇਤੀਬਾੜੀ ਦੇ ਵਿਗਿਆਨਕ ਤਰੀਕਿਆਂ ਦਾ ਪ੍ਰਚਾਰ ਕਰਕੇ ਬਾਇਓ ਫਰਟੀਲਾਈਜ਼ਰਜ਼ (ਜੈਵਿਕ ਖਾਦਾਂ) ਦੇ ਪ੍ਰਯੋਗ ਵਿੱਚ ਵਾਧਾ ਕਰਕੇ ਅਤੇ ਫਸਲਾਂ ਨੂੰ ਸਹੀ ਚੱਕਰ ਵਿੱਚ ਉਗਾ ਕੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਸੈਮੀਨਾਰ ਲਗਵਾ ਕੇ ਖੇਤੀਬਾੜੀ ਦੇ ਸਹੀ ਢੰਗਾਂ ਦੇ ਫਾਇਦੇ ਅਤੇ ਗਲਤ ਪ੍ਰਯੋਗਾਂ ਦੇ ਨੁਕਸਾਨ ਤੋਂ ਜਾਣੂ ਕਰਵਾ ਕੇ ਕਿਸਾਨਾਂ ਦੀ ਮਦਦ ਕਰਕੇ ਉਨ੍ਹਾਂ ਦੇ ਇਸ ਜ਼ਹਿਰ ਨੂੰ ਮਨੁੱਖੀ ਸਰੀਰਾਂ ਵਿੱਚ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਸਰਕਾਰ ਨੇ ਜੇਕਰ ਇਸ 'ਤੇ ਜਲਦੀ ਅਮਲ ਨਾ ਕੀਤਾ ਤਾਂ ਉਹ ਦਿਨ ਸਾਡੇ ਦਰ੍ਹਾਂ ’ਤੇ ਆਏ ਖੜ੍ਹੇ ਹਨ ਕਿ ਘਰ੍ਹਾਂ ਦੇ ਹਰ ਜੀਅ ਦੇ ਖ਼ੂਨ 'ਚ ਇਹ ਜ਼ਹਿਰਾਂ ਪਹੁੰਚੀਆਂ ਹੀ ਲਓ ਤੇ ਹਾਂ ਅਸੀਂ ਹੀ ਇਹਨਾਂ ਦੇ ਭਿਆਨਕ ਨਤੀਜਿਆਂ ਦੇ ਜਿੰਮੇਂਵਾਰ ਹੋਵਾਂਗੇ-ਸੋ ਆਪ ਵੀ ਸਮਝੋ ਤੇ ਸਰਕਾਰਾਂ ਨੂੰ ਵੀ ਕਹੋ ਕਿ ਅਜਿਹਾ ਕਰਨ ਵਾਲਿਆਂ ਨੂੰ ਰੋਕੇ ਤਾਂਹੀ ਉਮਰਾਂ ਲੰਬੀਆਂ ਹੋਣਗੀਆਂ ਤੇ ਜੀਵਨ ਸੁਹਾਵਣਾ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ