Fri, 19 April 2024
Your Visitor Number :-   6984447
SuhisaverSuhisaver Suhisaver

ਤੁਮ ਹੀ ਸੋ ਗਏ ਦਾਸਤਾਂ ਕਹਿਤੇ-ਕਹਿਤੇ - ਬੇਅੰਤ ਮੀਤ

Posted on:- 01-07-2015

suhisaver

ਸ਼ਹੀਦ ਜਰਨੈਲ ਜੈਲੀ ਦੇ 31ਵੇਂ ਜਨਮ ਦਿਨ ’ਤੇ


ਜਦੋਂ ਮੌਸਮਾਂ 'ਚ ਖੌਲਦੇ ਤੂਫਾਨ ਹੋਣਗੇ, ਉਦੋਂ ਯਾਰ ਸਾਡੇ ਹੌਂਸਲੇ ਹੋਰ ਬਲਵਾਨ ਹੋਣਗੇ

ਅਸੀਂ ਜ਼ਿੰਦਗੀ ਨੂੰ ਜੀਵਿਆ ਹੈ ਯਾਰ ਇਸ ਤਰ੍ਹਾਂ, ਇਹਦੇ ਪਲ਼-ਪਲ਼ ਉਮਰਾਂ ਸਮਾਨ ਹੋਣਗੇ।
                                                                                                      
ਜੂਨ  ਮਹੀਨਾ ਪੰਜਾਬ ਅੰਦਰ ਤਪਸ਼ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਬਾਰਿਸ਼ਾਂ ਦੀ ਬੂੰਦਾਂ-ਬਾਂਦੀ ਤੱਪਦੇ ਤਵੇ ’ਤੇ ਪੈਂਦੇ ਛਿੱਟਆਂ ਤੋਂ ਬਾਅਦ ਠਾਰ ਦੀ ਭਿਣਕ ਪਾਉਂਦੀ ਹੈ। ਪ੍ਰਕਿਰਤੀ ਦੇ ਨੇਮ ਵੀ ਬਦਲਦੇ ਹਨ, ਰੁੱਤਾਂ ਵੀ ਬਦਲਦੀਆਂ ਹਨ। ਇਸੇ ਮਹੀਨੇ ਲੋਕਾਂ ਦੇ ਨਾਇਕ ਨੂੰ ਜ਼ਰਵਾਣਿਆਂ ਨੇ ਤੱਤੀ ਤਵੀ ’ਤੇ ਬਿਠਾ ਸਿਰ ਤੇ ਰੇਤ ਪਾ ਕੇ ਆਪਣੀ ਜ਼ਾਬਰ ਪਰੰਪਰਾ ਨਿਭਾਈ ਪਰ ਨਾਇਕ ਤਾਂ ਆਖਿਰ ਨਾਇਕ ਹੁੰਦੇ ਹਨ, ਉਹ ਸਿਦਕੋਂ ਨਾ ਡੋਲਦੇ  ਗ਼ਾਲਬਾਂ ਨੂੰ ਵੰਗਾਰਨ ਦੀਆਂ ਰਵਾਇਤਾਂ ਪਾਉਂਦੇ ਹਨ। ਇਸ ਤਪਸ ਦਾ ਸੇਕ ਪੰਜਾਬੀ ਜੂਨ 1984 ਵਿੱਚ ਹੰਢਾਅ ਰਹੇ ਸੀ,  ਪਰ ਆਮ ਸਾਦਾ ਜੀਵਨ ਜਿਉਣ ਅਤੇ ਰੱਬ ਦੇ ਭਾਣੇ ਨੂੰ ਮੰਨਣ ਵਾਲੇ ਲੋਕਾਂ ਨੂੰ ਕਈ ਵਾਰ ਸਿਰ ਵਿੱਚ ਰੇਤ ਪਾਉਣ ਵਾਲਿਆਂ ਪ੍ਰਤੀ ਧੂੰਦਲਕੇ ਹੋ ਜਾਂਦੇ ਹਨ ਤੇ ਉਹ ਆਪਣੀ ਜ਼ਿੰਦਗੀ ਵਿਚੋਂ ਨਿੱਕੀਆ ਅਤੇ ਵੱਡੀਆਂ ਖੂਸ਼ੀਆਂ ਨੂੰ ਮਾਨਣਾ ਚਾਹੁੰਦੇ ਹਨ। ਅਜਿਹਾ ਇਕ ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਖਨੌਰੀ ਦਾ ਪਰਿਵਾਰ ਇਸ ਸੇਕ ਤੋਂ ਪਾਸੇ ਹੱਟ 30 ਜੂਨ 1984 ਨੂੰ ਖੁਸ਼ੀ ਵਿਚ ਖਿਵਾ ਨਾ ਸੀ, ਜਦੋਂ ਬਾਪੂ ਭਗਵਾਨ ਸੂੰਹ(ਸਿੰਘ) ਦੇ ਘਰ ਪੋਤਰਾ ਹੋਇਆ, ਜਿਸ ਦਾ ਨਾਮ ਘਰਦਿਆਂ ਨੇ ਜਰਨੈਲ ਸਿੰਘ ਰੱਖਿਆ ਸੀ, ਜੋ ਅੱਗੇ ਜਾ ਕੇ ਜੈਲੀ ਨਾਮ ਨਾਲ ਮਕਬੂਲ ਹੋਇਆ, ਪਰ ਨਾਮ ਜੋ ਵੀ  ਹੋਵੇ  ਬੰਦੇ ਦੁਆਰਾ ਜ਼ਿੰਦਗੀ ਵਿੱਚ ਕੀਤੇ ਕਾਰਜ ਹੀ ਉਸਦੇ ਨਾਮ ਨੂੰ ਅਸਲੀ ਅਰਥ ਪ੍ਰਦਾਨ ਕਰਦੇ ਹਨ।

ਜੈਲੀ ਨੇ ਆਪਣੇ ਜਰਨੈਲ ਹੋਣ ਨੂੰ ਚੜਦੀ ਜਵਾਨੀ ਵਿਚ ਸਾਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜ਼ਿੰਦਗੀ ਦੇ ਸੋਲ੍ਹਵੇਂ ਵਰ੍ਹੇ ਵਿੱਚ ਮੂੱਛ-ਫੁੱਟ ਗੱਭਰੂ ਇਸ ਪੜਾਅ ਨੂੰ ਰੰਗੀਲਾ ਬਣਾਉਣ ਦੇ ਸੁਪਨੇ ਬੁਨਣ ਲਗਦੇ ਹਨ, ਜੈਲੀ ਇਸ ਪੜਾਅ ਤੇ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦਾ ਅੰਗ ਬਣ ਗਿਆ ਸੀ ਤੇ ਉਸ ਨੇ ਫਰ ਕਦੇ ਪਿਛੇ ਮੁੜ ਕੇ ਨਾ ਵੇਖਿਆ।

ਕਿਵ ਸਚਿਆਰਾ ਹੋਈਏ, ਕਿਵ ਕੂੜੈ ਤੁਟੈ ਪਾਲ । ਕੂੜ ਦੀ ਕੰਧ ਤੋੜਨ ਲਈ ਗੁਰਬਾਣੀ ਦਾ ਇਹ ਵਾਕ ਇਸੇ ਦੋਰ ਵਿੱਚ ਉਸ ਨੇ ਸੁੱਚੇ ਤੇ ਸੋਹਲ ਮਨ ਤੇ ਉਕਰ ਲਿਆ ਸੀ। ਜਿਵੇਂ-ਜਿਵੇਂ ਉਸ ਦੀ ਸਰਗਰਮੀ ਨਿਖਰ ਕੇ ਉਸ ਦੀ ਵਿਦਿਆਰਥੀ ਆਗੂ ਦੀ ਪਹਿਚਾਣ ਸਥਾਪਿਤ ਕਰ ਰਹੀ ਸੀ, ਓਵੇਂ-ਓਂਵੇ ਉਸ ਦਾ ਰੰਗ-ਰੂਪ ਵੀ ਨਿਖਰਦਾ ਜਾ ਰਿਹਾ ਸੀ। ਉਹ ਸੋਹਣਾ, ਸੁਹਿਰਦ ਅਤੇ ਸੁਪਨਿਆਂ ਨੂੰ ਸਾਕਾਰ ਕਰਨਾ ਲੋਚਦਾ ਸੀ ਇਸੇ ਕਰਕੇ ਉਹ ਸਮਾਜ ਨੂੰ ਵੀ ਆਪਣੇ ਜਿੰਨਾ ਸੋਹਣਾ ਬਣਾਉਣਾ ਚਾਹੁੰਦਾ ਸੀ। ਵੇਲਾ ਸੀ ਸਾਮਰਾਜੀ ਧੋਂਸ ਆੜ ਹੇਠ ਦਲਾਲ ਹੁਕਮਰਾਨਾ ਵਲੋਂ ਪੰਜਾਬ ਦੀਆਂ ਉਦਯੋਗਿਕ ਸਿੱਖਿਆ ਸੰਸਥਾਵਾਂ ਨੂੰ ਪ੍ਰਾਈਵੇਟ ਕਰਨ ਅਤੇ ਵਿੱਦਿਆ ਪ੍ਰਾਪਤੀ ਲਈ ਆਉਣ ਜਾਣ ਵਾਲੀ ਬੱਸ ਪਾਸ ਦੀ ਸਹੂਲਤ ਨੂੰ ਖਤਮ ਕਰਨ ਦਾ, ਪ੍ਰੰਤੂ ਪੰਜਾਬ ਦੀ ਨਾਬਰੀ ਰਵਾਇਤ ਇਸ ਹੋਣੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਸੀ।

ਜਰਨੈਲ ਸਮੇਤ ਹਜਾਰਾਂ ਮੁੰਡੇ-ਕੁੜੀਆਂ ਨੇ ਸੰਘਰਸ਼ ਦਾ ਪਿੜ ਮੱਲ ਕੇ ਆਪਣੇ ਵਿਦਿਅਕ ਅਦਾਰਿਆਂ ਨੂੰ ਸੰਘਰਸ਼ ਦੇ ਮੈਦਾਨ ਬਣਾ ਦਿੱਤਾ ਸੀ। ਕੇਂਦਰ ਵਿੱਚ ਐਨ. ਡੀ. ਏ. ਦੀ ਵਾਜਪਾਈ ਵਾਲੀ ਹਕੁਮਤ ਸੀ, ਜਿਸਦਾ ਦਾ ਕੇਂਦਰੀ ਅਜੰਡਾ ਸਮੁਚੇ ਭਾਰਤ ਨੂੰ ਫਿਰਕੂ ਰੰਗਤ ਚਾੜਨੀ ਸੀ।ਇਹ ਕਾਰੇ ਸਿੱਖਿਆ ਦੇ ਢਾਂਚੇ ਵਿੱਚ ਵੀ ਫਾਸ਼ੀਵਾਦੀ ਬਿਰਤੀ ਸੇ ਧਾਰਨੀ ਮੁਰਲੀ ਮਨੋਹਰ ਜੋਸ਼ੀ ਦਾ ਟੋਲਾ ਸਿਲੇਬਸਾਂ ਦੀ ਸੁਧਾਈ ਦੇ ਨਾਂ ਹੇਠ ਕਰ ਰਿਹਾ ਸੀ।ਸਮਕਾਲੀ ਦੌਰ ਵਿੱਚ ਸਮ੍ਰਿਤੀ ਇਰਾਨੀ ਅਤੇ ਦੀਨਾ ਨਾਥ ਬੱਤਰਾ ਇਸੇ ਗਰੋਹ ਦੇ ਮੈਂਬਰ ਹਨ। ਪਰ ਓਦੋਂ ਵੀ ਪੰਜਾਬ, ਬੰਗਾਲ, ਆਂਧਰਾ ਪ੍ਰਦੇਸ, ਯੂਪੀ ਅਤੇ ਦਿੱਲੀ ਦੀ ਜਵਾਨੀ ਨੇ ਜੋਟੀ ਪਾ ਕੇ ਇਸ ਹੱਲੇ ਨੂੰ ਦਿੱਲੀ ਦੀਆਂ ਸੜਕਾਂ ਤੇ ਵੰਗਾਰਿਆ ਸੀ। ਜਦੋਂ ਲੋਕਾਈ ਜ਼ਾਬਰਾਂ ਦੇ ਖਿਲਾਫ ਬਾਗੀ ਸੁਰ ਤਿੱਖੀ ਕਰਦੀ ਹੈ ਤਾਂ ਇਸ ਆਵਾਜ਼ ਨੂੰ ਜੋਰ ਦੇ ਬਲ ਕੁਚਲਣ ਦੀ ਕੋਸ਼ਿਸ਼ ਹੁੰਦੀ ਹੈ। 10 ਮਈ 2001 ਨੂੰ 1857 ਦੇ ਗਦਰ ਦੀ ਮਿਤੀ ਮੌਕੇ ਫੈਗ (ਫੋਰਮ ਅਗੈਂਸਟ ਇੰਪੀਰੀਅਲੀਸਟ ਗਲੋਬਲਾਈਜੇਸ਼ਨ ) ਦੀਆਂ 59 ਜੱਥੇਬੰਦੀਆਂ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਤੇ ਪੁਲਸੀ ਧਾੜਾ ਨੇ ਲਾਠੀਚਾਰਜ ਦਾ ਹੱਲਾ ਬੋਲ ਕੇ ਰਾਮ ਲੀਲਾ ਮੈਦਾਨ ਨੂੰ ਜਿਲ੍ਹਿਆਂ ਵਾਲਾ ਬਾਗ ’ਚ ਬਦਲਣ ਦੇ ਮਨਸੂਬੇ ਸਨ।

ਮਾਈਕਲ ਅਡਵਾਇਰ ਦਿੱਲੀ ਪੁਲਸ ਦੀ ਵਰਦੀ ’ਚ ਆ ਧਮਕਿਆ ਸੀ। ਜੈਲੀ ਦੇ ਕਈ ਗੰਭੀਰ ਸੱਟਾਂ ਵੱਜੀਆਂ ਸਨ। ਜਿਸ ਕਰਕੇ ਕਈ ਦਿਨ ਤੁਰਨ ’ਚ ਬੇਹਦ ਤਕਲੀਫ ਵੀ ਆਉਂਦੀ ਰਹੀ ਪਰ ਅਗਲੇ ਹੀ ਦਿਨ ਫਿਰ ਜ਼ਖਮੀ ਹਾਲਤ ਵਿਚ ਲੋਕਾਂ ਦੁਆਰਾ ਜੰਤਰ-ਮੰਤਰ ਮਾਰਗ ਜਾਮ ਕਰ ਦਿੱਤਾ ਗਿਆ ਸੀ ਜਿਥੇ ਜੈਲੀ ਵੀ ਸ਼ਾਮਿਲ ਹੋ ਗਿਆ ਸੀ। ਪੰਜਾਬ ’ਚ ਫੀਸਾਂ ਦੇ ਵਾਧੇ ਦੇ, ਬੱਸ ਓਪਰੇਟਰਾਂ ਦੀ ਗੁੰਡਾਗਰਦੀ, ਜਲ੍ਹਿਆਂ ਵਾਲੇ ਬਾਗ ਦੀ ਦਿੱਖ ਖਰਾਬ ਕਰਨ ਖਿਲਾਫ  ਚੱਲੇ ਘੋਲਾਂ ’ਚ ਉਸ ਦੀ ਆਗੂ ਭੂਮੀਕਾ ਰਹੀ ਸੀ। 2007 ’ਚ ਸ਼ਹੀਦ ਭਗਤ ਸਿੰਘ ਦੀ 100ਵੀਂ ਜਨਮ ਸ਼ਤਾਬਦੀ ਮੋਕੇ ਓਹਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ’ਚ ਦਿਨ-ਰਾਤ ਇੱਕ ਕਰ ਦਿੱਤਾ ਸੀ। ਉਸਦੀ ਸ਼ੰਘਰਸਮਈ ਸਰਗਰਮੀ ਨੂੰ ਇੱਕ ਲੇਖ ’ਚ ਸਮੇਟਿਆ ਨਹੀਂ ਜਾ ਸਕਦਾ।

ਆਈ ਟੀ ਆਈ ਪਟਿਆਲਾ ਤੋਂ ਕਿਰਤੀ ਕਾਲਜ ਨਿਆਲ ਇੱਥੋਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੁੰਦਿਆ ਵੀ ਉਹ ਮੋਹਰੀਆਂ ’ਚ ਸ਼ਾਮਿਲ ਰਿਹਾ ਸੀ। ਮਾਰਕਸਵਾਦ ਦੀ ਵਿਗਿਆਨਿਕ ਵਿਚਾਰਧਾਰਾ ਨੇ ਉਸ ਨੂੰ ਵਿਚਾਰਾਂ ਪੱਖੋਂ ਪਕਰੌੜ ਬਣਾ ਦਿੱਤਾ ਸੀ। ਉਸ ਦੀ ਹਰ ਦਲੀਲ ’ਚ ਦਵੰਦਵਾਦੀ ਵਿਧੀ ਸਹਿਜੇ ਹੀ ਸਮੋਈ ਹੁੰਦੀ ਸੀ। ਆਪਣਿਆ ਤੋਂ ਇਲਾਵਾ ਵਿਰੋਧੀਆਂ ਉੱਤੇ ਵੀ ਉਸ ਦੀ ਸ਼ਖ਼ਸੀਅਤ ਦਾ ਅਸਰ ਸੀ। ਉਹ ਛੋਟੀ ਉਮਰ ਦਾ ਸਿਆਣਾ ਬਣ ਗਿਆ। ਉਸ ਨੂੰ ਪਤਾ ਸੀ ਕਿ ਜਿਸ ਬਿਖੜੇ ਪੈਂਡਿਆਂ ਦਾ ਰਾਹ ਉਸ ਨੇ ਚਣਿਆ ਹੈ ਉਹ ਲੰਬਾ ਹੈ। ਮੰਜ਼ਿਲਾਂ ਦੇ ਇਸ ਲੰਮੇਰੇ ਪੰਧ ਤੇ ਕੰਡਿਆਂ ਨੂੰ ਵੀ ਕਬੂਲ ਕਰਨਾ ਪੈਂਦਾ ਹੈ। ਇਸ ਲਈ ਉਸ ਦੇ ਸੁਭਾਅ ’ਚ ਸਹਿਜਤਾ ਆ ਗਈ ਸੀ।  ਉਸ ਨੇ ਲੋਕ ਪੱਖੀ ਕਲਾਕਾਰਾਂ ਫਿਲਮ ਸਾਜ਼ਾਂ ਨਾਲ ਨੇੜਤਾਂ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਯੂਨੀਵਰਸਿਟੀ ’ਚ ਰਿਸਰਚ ਸਕਾਲਰਾਂ ਦੇ ਘੇਰੇ ਨੂੰ ਖੱਬੇ-ਪੱਖੀ ਪੁੱਠ ਚਾੜਨ ਦਾ ਕਾਰਜ ਵੀ ਹੱਥ ਲੈ ਲਿਆ ਸੀ। ਓਹ ਘੱਟ ਬੋਲਦਾ ਦੂਜੇ ਨੂੰ ਜ਼ਿਆਦਾ ਸੁਣਦਾ ਪਰ ਜਦੋਂ ਬੋਲਦਾ ਠੋਸ ਬੋਲਦਾ। ਕੰਟੀਨ, ਸੜਕਾਂ, ਲਾਇਬ੍ਰੇਰੀ ਅਤੇ ਥਮਲੇ ਉਸਦੀ ਸਟੇਜ ਬਣ ਜਾਂਦੇ। ਵਿਦਿਆਰਥੀ ਉਸਦੇ ਭਾਸ਼ਨ ਤੋਂ ਕਾਇਲ ਹੋਏ ਬਿਨ੍ਹਾਂ ਨਾ ਰਹਿੰਦੇ। ਓਹ ਸ਼ਖਸੀ ਪੂਜਾ ਦੇ ਖਿਲਾਫ ਸੀ। ਵਿਚਾਰਧਾਰਾ ਤੋਂ ਅਗਵਾਈ ਲਓ ਸ਼ਖਸ਼ੀ ਭਗਤੀ ਨਹੀਂ ਹੋਣੀ ਚਾਹੀਦੀ ਓਹ ਅਕਸਰ ਆਪਣੇ ਨਾਲ ਦੇ ਸਾਥੀਆਂ ਨੂੰ ਸਮਝੋਂਦਾ।

ਪੀ. ਐਸ.ਯੂ. ਨੂੰ ਫੇਸਬੁਕ ਅਤੇ ਇੰਟਰਨੈਟ ਤੇ ਲੇ ਕੇ ਆਉਣ ਦੇ ਵਿਚਾਰਾਂ ਨੂੰ ਬੂਰ ਪੈਣ ਲਗਾ ਸੀ। ਪੀ. ਐਸ.ਯੂ. ਦੇ ਰਸਾਲੇ ਵਿਦਿਆਰਥੀ ਸੰਘਰਸ਼ ਨੂੰ ਲਗਾਤਾਰ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਜੁੱਟ ਗਿਆ ਸੀ। ਪੰਜਾਬ ਅੰਦਰ ਚਲ ਰਹੇ ਮਜਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ ਅਤੇ ਔਰਤਾਂ ਦੇ ਸੰਘਰਸ਼ਾਂ ਨੂੰ ਨੀਝ ਨਾਲ ਵੇਖ ਰਿਹਾ ਸੀ ਅਤੇ  ਨੌਜਵਾਨਾਂ-ਮੁਟਿਆਰਾਂ ਨੂੰ ਇਹਨਾਂ ਅੰਦੋਲਨਾਂ ਦਾ ਹਿੱਸਾ ਬਨਣ ਲਈ ਪ੍ਰੇਰ ਰਿਹਾ ਸੀ।

ਜੈਲੀ ਕਦੇ ਵੀ ਸੰਕੀਰਨ ਨਹੀਂ ਸੋਚਦਾ ਸੀ, ਭਾਵੇਂ ਖਾਲੀਸਤਾਨੀ ਦਰਿੰਦਿਆਂ ਨੇ ਪੰਜਾਬ ਅਤੇ ਲੋਕਾਂ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਪਰ ਜਦੋਂ ਉਹਨਾਂ ਦੀ ਰਹਿੰਦ-ਖੂੰਹਦ ਦੇ ਅੰਸ਼ ਇਕ ਵਿਦਿਆਰਥੀ ਆਗੂ ਨੂੰ ਯੂਨੀਵਰਸਿਟੀ ਵਿਚੋਂ ਪੁਲੀਸ ਨੇ ਚੁੱਕ ਲਿਆ ਸੀ ਤਾਂ ਉਸਦੇ ਜਮਹੂਰੀ ਅਧਿਕਆਰਾਂ ਦੀ ਰਖਿਆ ਅਤੇ ਉਸ ਨੌਜਵਾਨ ਨੂੰ ਪੇਸ਼ ਕਰਕੇ ਉਸਦੇ ਅਦਾਲਤੀ ਹੱਕਾਂ ਲਈ ਹੜਤਾਲ ਦੀ ਹਮਾਇਤ ਵਿੱਚ ਆ ਗਿਆ ਸੀ। ਦਿੱਲੀ ’ਚ ਵਾਪਰੇ ਚੁਰਸੀ ਦੇ ਸਿੱਖ ਵਿਰੋਧੀ ਦੰਗਿਆਂ ਖਿਲਾਫ ਜਦੋਂ ਪੀ ਐਸ ਯੂ ਨੇ 25ਵੇਂ ਸਾਲ ਦੋਸ਼ੀਆਂ ਨੂੰ ਸਜਾ ਦਵਾਉਣ ਵਿਰੁਧ ਸਮੁੱਚੇ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਬੰਦ ਕਰਵਾਈਆਂ ਸੀ ਤਾਂ ਇਹੀ ਖਾਲਸਤਾਨੀ ਅਤੇ ਅਖੌਤੀ ਵਿਦਿਆਰਥੀ ਆਗੂਆਂ ਦੇ ਮੂੰਹ ’ਚ ਘੂੰਗਣੀਆਂ ਪੈ ਗਈਆਂ ਸੀ। ਇਹਨਾਂ ਦੇ ਉਸ ਹੜਤਾਲ ’ਚ ਹਾ ਦਾ ਨਾਹਰਾ ਵੀ ਨਾ ਮਾਰਿਆ ਇਹਨਾਂ ਦੀ ਇਸ ਅਸਲੀਅਤ ਨੂੰ ਜੈਲੀ ਨੇ ਇਸ ਹੜਤਾਲ਼, ਡੇਰਾ ਸਰਸਾ ਮੁੱਖੀ ਅਤੇ ਖਾਲਸਤਾਨੀਆਂ ਵਲੋਂ ਪੰਜਾਬ ਦੀ ਫਿਜ਼ਾ ਨੂੰ ਫਿਰਕੂ ਰੰਗਤ ਦੇਣ ਦੌਰਾਨ ਬੇਪਰਦ ਕੀਤਾ ਸੀ।

ਉਹ ਯਾਰਾਂ ਦਾ ਯਾਰ ਸੀ ਪਰ ਉਸਦੀ ਇਹ ਬਦਕਿਸਮਤੀ ਕਹਿ ਲਵੋ ਕਿ ਉਸ ਦੇ ਟੇਵੇ ਵਿੱਚ ਉਹਨਾਂ ਯਾਰਾਂ ਦਾ ਸਾਥ ਲੰਬਾ ਸਮਾਂ ਨਾ ਰਿਹਾ ਜਿਹਨਾਂ ਨੂੰ ਉਸ ਨੇ ਬੇਪਨਾਹ ਮੁਹੱਬਤ ਕੀਤੀ। ਸਭ ਤੋਂ ਪਹਿਲਾਂ ਸਤਿੰਦਰ ਨਾਲ ਗੂੜੀ ਸਾਂਝ ਪਈ ਉਹ ਕਨੇਡਾ ਚਲਾ ਗਿਆ। ਜਵਾਨੀ ਦਾ ਇਹ ਪੜਾਅ ਪਿਆਰ ਤੋਂ ਕਿਵੇਂ ਮੁਨਕਰ ਹੋ ਸਕਦਾ ਸੀ। ਲੋਕਾਈ ਨੂੰ ਪਿਆਰ ਕਰਨ ਵਾਲਾ ਆਪਣੇ ਅੰਦਰ ਉਠੱਦੇ ਵਲਵਲਿਆਂ ਨੂੰ ਵੀ ਸਮਝਦਾ ਸੀ। ਵਿਭਾਗ ਵਿਚ ਹੀ ਪੜਦੀ ਲੜਕੀ ਨਾਲ ਮਹੁਬਤ ਦੀਆਂ ਤੰਦਾਂ ਜੁੜੀਆਂ ਉਹ ਵੀ ਪਰਵਾਸ ਕਰ ਗਈ। ਫਿਰ ਮਸਤ-ਮਲਾਂਗ ਹਰਜਿੰਦਰ ਜੌਹਲ ਨਾਲ ਯਾਰੀ ਲਾਈ ਉਹ ਵੀ ਆਸਟ੍ਰਲੀਆ ਜਾ ਵਸਿਆ। ਆਪਣਾ ਐਮ. ਫਿਲ ਦਾ ਥੀਸਸ ਪਰਵਾਸੀ ਹੋਏ ਸੱਜਣਾਂ ਨੂੰ ਸਮਰਪਿਤ ਕਰ ਦਿੱਤਾ।

ਜੈਲੀ ਨੇ ਆਪਣੇ ਅਕਾਦਮਿਕ ਖੋਜ ਕਾਰਜ ਨੂੰ ਲਹਿਰ ਦੇ ਅਨੁਸਾਰੀ ਚੁਣਿਆ ਸੀ। ਉਸ ਨੇ ਨਕਸਲਵਾੜੀ ਲਹਿਰ ਦੇ ਅਣਗੋਲੈ ਕਵੀਆਂ ਤੇ ਕੰਮ ਕੀਤਾ। ਜੈਲੀ ਦਾ ਵਾਇਵਾ ਲੈਣ ਆਏ ਪ੍ਰਸਿੱਧ ਸ਼ਾਇਰ ਸ਼੍ਰੀ ਸੁਰਜੀਤ ਪਾਤਰ ਨੇ ਉਸ ਦੀ ਸ਼ਹਾਦਤ ਵੇਲੇ ਲਿਖਿਆ ਸੀ “ਬੜੇ ਲੰਮੇ ਸਮੇਂ ਬਾਅਦ ਅਜਿਹਾ ਖੋਜ ਕਾਰਜ ਪੜ੍ਹਨ ਨੂੰ ਮਿਲਿਆ ਹੈ ਜਿਸ ਨੂੰ ਲਹਿਰ ਨਾਲ ਸੰਬੰਧਿਤ ਮਸਲਿਆਂ ਅਤੇ ਕਵੀਆਂ ਬਾਰੇ ਡੂੰਘੀ ਸਮਝ ਹੈ। ਫਿਰ ਪੀ-ਐਚ. ਡੀ ਲਈ ਦ੍ਰਿਸ਼ ਮੀਡੀਆ ਉੱਤੇ ਖੋਜ ਕਾਰਜ ਆਰੰਭ ਕਰ ਲਿਆ ਸੀ। ਜਰਨੈਲ ਦੀ ਵਿਭਾਗ ਦੇ ਅਧਿਆਪਕਾਂ ਡਾ. ਗੁਰਮੁਖ ਅਤੇ ਡਾ. ਸੁਰਜੀਤ ਨਾਲ ਬੇਹਦ ਨੇੜਤਾ ਸੀ। ਇਹ ਮੋਹ ਨਿੱਜੀ ਪਧੱਰ ਤੇ ਵੀ ਸੀ ਅਤੇ ਅਕਾਦਮਿਕ ਪਧੱਰ ਤੇ ਵੀ।

ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਨਕਲਾਬ ਦੀ ਜਾਗ ਲਾਉਣ ਦਾ ਕਾਰਜ ਅਸੀਂ ਇਕਠਿਆਂ ਆਰੰਭੀਆ ਸੀ। ਮਿਲਕੇ ਕਿੰਨੇ ਸੁਪਨੇ ਸੰਜੋਏ ਸੀ। ਪਰ 2010 ਦੀ 13 ਦਸੰਬਰ ਨੂੰ ਨੇਪਾਲ ਵਿਚੋਂ ਇਹ ਮਨਹੂਸ ਖ਼ਬਰ ਆਈ ਸੀ ਕਿ ਜੈਲੀ ਸਾਡੇ ਲਈ ਵੀ ਸੁਪਨਾ ਬਣ ਗਿਆ ਹੈ। ਇਸ ਖ਼ਬਰ ਨੇ ਸਾਹਾਂ ਦਾ ਸੇਕ ਵੀ ਠੰਡਾ ਕਰ ਦਿੱਤਾ, ਸਰੀਰ ਪਥੱਰਾ ਗਏ ਸਨ। ਯਕੀਨ ਨਾ ਸੀ ਕਿ ਇਹ ਅਣਹੋਣੀ ਵਾਪਰ ਗਈ ਹੈ। ਉਹ ਜ਼ਿੰਦਗੀ ਜਿਉਂਦਾ ਨਹੀਂ ਮਾਣਦਾ ਸੀ। ਸ਼ਾਇਦ ਏਸੇ ਲਈ ਪਾਸ਼ ਵੀ ਸਾਡੇ ਤੋਂ ਪੁਛਦਾ ਹੈ ਕਿ ਸਾਡੇ ਵਿੱਚੋਂ ਕਿਨਿੰਆਂ ਕੁ ਦਾ ਵਾਸਤਾ ਜ਼ਿੰਦਗੀ ਨਾਲ ਹੈ ।ਆਪਣੇ ਹਿੱਸੇ ਦਾ ਕਾਰਜ ਸ਼ਿੱਦਤ ਨਾਲ ਨਿਭਾਅ ਕੇ ਬਾਕੀ ਦਾ ਹਿੱਸਾ ਸਾਡੀ ਅਤੇ ਅਉਣ ਵਾਲੀ ਪੀੜੀ ਦੇ ਹਵਾਲੇ ਕਰ ਗਿਆ।

ਅੱਜ ਜਦੋਂ ਨਿੱਜੀਕਰਨ ਦੀ ਹਨੇਰੀ ਨੇ ਸਾਧਨਾਂ ਨੂੰ ਸਫਾ ਚੱਟ ਕਰ ਦਿੱਤਾ ਹੈ, ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪਾ ਦਿੱਤਾ ਹੈ, ਬਾਦਲਾਂ ਦੀਆਂ ਹਿਵੜ-ਹਿਵੜ ਕਰਦੀਆਂ ਬੱਸਾਂ ਕੁੜੀਆਂ  ਨੂੰ ਦਰੜ ਰਹੀਆਂ ਹੋਣ, ਜਦੋਂ ਘਰ ਦੇ ਕਿਸੇ ਜੀ ਲਈ ਨੋਕਰੀ ਦੀ ਯੋਗਤਾ ਟੈਂਕੀ ਤੇ ਚੜ੍ਹ ਕੇ ਅੱਗ ਲਾਉਣਾ ਹੋਵੇ, ਨੌਜਵਾਨਾਂ ਨੂੰ ਨਸ਼ਿਆਂ ਦੇ ਲੜ੍ਹ ਲਾ ਨਿਸ਼ਾਨ ਸਿੰਘ ਅਤੇ ਸੁੱਖਾਂ ਕਾਹਲਵਾਂ ਵਰਗੇ ਕਾਤਿਲ ਗਰੋਹਾਂ ਸਿਆਸਤ ਆਪਣੇ ਗਰਭ ਵਿੱਚ ਪਾਲ ਰਹੀ ਹੋਵੇ, ਹੱਕ ਮੰਗਣ ਦਾ ਮਤਲਬ ਇਰਾਦਾ ਕੱਤਲ ਹੋਵੇ, ਜਾਬਰਾਂ ਖਿਲਾਫ ਲੜਦੀ ਕੋਟਲੇ ਵਾਲੀ ਬੀਬੀ ਹਰਦੀਪ ਕੌਰ ਉਰਫ ਇਨਕਲਾਬ ਕੋਰ ਨੂੰ ਡੀ. ਐਸ. ਪੀ. ਕਸ਼ਮੀਰ ਕੋਰ ਪੁੱਛਦੀ ਹੈ ਕਿ ਤੂੰ ਕਿਹੜੇ ਖ਼ਸਮਾਂ ਕੋਲ ਰਹਿੰਦੀ ਹੈ, ਤਾਂ ਸ਼ਹੀਦ ਜਰਨੈਲ ਦੀ ਵਿਰਾਸਤ ਨੂੰ ਅੱਗੇ ਤੋਰਨ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ। ਪੰਜਾਬ ਦੀ ਵਿਦਿਆਰਥੀ ਲਹਿਰ ਅੰਗੜਾਈ ਲੇ ਰਹੀ ਹੈ, ਦਲਿਤਾਂ ਨੇ ਪਿੰਡਾਂ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਅਤੇ ਸਵੈ-ਮਾਣ ਲਈ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਰਹੇ ਹੋਣ, ਜਵਾਨੀ ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਪੁੱਟਣ ਨੂੰ ਕਾਲ੍ਹੀ ਪੈ ਰਹੀ ਹੋਵੇ ਤਾਂ ਜੈਲੀ ਵਰਗੇ ਅਨੇਕਾਂ ਸੂਝਵਾਨਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਨਕਲਾਬ ਦਾ ਬੂਟਾ ਸ਼ਹੀਦਾਂ ਅਤੇ ਦੁਸ਼ਮਨਾਂ ਦੇ ਖੂਨ ਨਾਲ ਸਿੰਜਿਆ ਜਾਂਦਾ ਹੈ।

ਹੁਣ ਸਿਰਾਂ ‘ਚ ਰੇਤ ਪਾਉਣ ਅਤੇ ਤੱਤੀਆਂ ਤਵੀਆਂ ਤੇ ਬਿਠਾਉਣ ਵਾਲੇ ਪ੍ਰਤੱਖ ਹਨ। ਦਿੱਲੀ ਉਦੋਂ ਵੀ ਲੋਕ ਵਿਰੋਧੀ ਫ਼ਤਵੇ ਦਿੰਦੀ ਸੀ ਅਤੇ ਹੁਣ ਵੀ। ਪੰਜਾਬ ਦੀ ਵਿਰਾਸਤ ਭਗਤੀ ਲਹਿਰ, ਸਿੱਖ ਲਹਿਰ, ਬਾਬਾ ਬੰਦਾ ਬਹਾਦੁਰ ਦਾ ਜਮੀਨੀ ਘੋਲ, ਗਦਰੀ ਬਾਬੇ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਨਕਸਲਬਾੜੀ ਤੋਂ ਆਪਣੀ ਅਗਵਾਈ ਲੈਂਦੀ ਹੈ। ਇਹ ਬਾਗੀ ਪ੍ਰੰਪਰਾ ਜਾਰੀ ਹੈ। ਬਾਦਲਾਂ, ਮੋਦੀਆਂ ਅਤੇ ਕਾਰਪੋਰੇਟਾਂ ਦੇ ਹਕੂਮਤੀ ਜ਼ਬਰ ਖਿਲਾਫ ਫਰੀਦਕੋ ਦੀ ਸੈਂਟਰਲ ਜੇਲ੍ਹ ਤੋਂ ਲੈ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ, ਅੰਮ੍ਰਿਤਸਰ ਤੋਂ ਖਨੌਰੀ ਤੱਕ ਸੰਘਰਸ਼ ਮੱਘ ਰਹੇ ਹਨ। ਸਚੀਓਂ ਜੈਲੀ ਦੀ ਘਾਟ ਬਹੁਤ ਰੜਕ ਰਹੀ ਹੈ।

ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਦੇ ਸੀ-ਬਲਾਕ ਦੇ 64 ਨੰਬਰ ਕਮਰੇ ਦੀ ਕੰਧ ਤੇ ਜੈਲੀ ਨੇ ਡਾ. ਜਗਤਾਰ ਦੀਆਂ ਉਕਰੀਆਂ ਲਾਇਨਾਂ ਚੇਤੇ ਆ ਰਹੀਆਂ ਹਨ....

ਹਰੇ ਪੱਤੇ ਨੂੰ ਡਿਗਦਾ ਵੇਖ ਬੇ-ਮੋਸਮ ਹੀ ਸ਼ਾਖੋਂ,
ਤੇਰੇ ਵਿਛੜਨ ਦਾ ਮੰਜ਼ਰ ਮੁੜ-ਮੁੜ ਯਾਦ ਆ ਰਿਹੈ...


ਸੰਪਰਕ: +91 94635 05435

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ