Sat, 13 July 2024
Your Visitor Number :-   7182908
SuhisaverSuhisaver Suhisaver

ਕਦੇ ਫ਼ਿੱਕਾ ਨਹੀਂ ਪੈਂਦਾ ਘਰ ਦਾ ਮੋਹ -ਰਵਿੰਦਰ ਹੀਰਕੇ

Posted on:- 08-04-2016

suhisaver

ਸਵੇਰੇ-ਸਵੇਰੇ ਚੜ੍ਹਦੇ ਸੂਰਜ ਦੀਆਂ ਨਿੱਘੀਆਂ-ਨਿੱਘੀਆਂ ਕਿਰਨਾਂ ਦੇ ਆਉਂਦਿਆਂ ਹੀ ਪਸ਼ੂ-ਪੰਛੀ ਆਲ੍ਹਣਿਆਂ ਵਿੱਚੋਂ ਬਾਹਰ ਨਿਕਲਦੇ ਹਨ। ਆਪਣੇ ਅਤੇ ਆਪਣੇ ਮਾਸੂਮ ਬੱਚਿਆਂ ਦਾ ਪੇਟ ਭਰਨ ਦਾ ਜੁਗਾੜ ਕਰਨ ’ਚ ਜੁਟ ਜਾਂਦੇ ਹਨ। ਸਾਰਾ ਦਿਨ ਦਾਣਾ-ਚੋਗਾ ਇਕੱਠਾ ਕਰਨ ਲਈ ਭਾਵੇਂ ਉਹ ਕਿੰਨੇ ਵੀ ਦੂਰ ਕਿਉਂ ਨਾ ਚਲੇ ਜਾਣ ਦਿਨ ਛਿਪਦਿਆਂ ਹੀ ਉਹ ਆਪਣੇ ਆਲ੍ਹਣਿਆਂ ਵੱਲ ਡਾਰਾਂ ਬੰਨ੍ਹ ਕੇ ਜ਼ਰੂਰ ਪਰਤ ਆਉਦੇ ਹਨ। ਕਿਉਂਕਿ ਆਪਣੇ ਰੈਣ-ਬਸੇਰੇ ਨਾਲ ਮਨੁੱਖ ਹੀ ਨਹੀਂ ਪਸ਼ੂ-ਪੰਛੀਆਂ ਦਾ ਵੀ ਪਿਆਰ ਹੀ ਐਨਾ ਹੁੰਦਾ ਹੈ ਕਿ ਉਸ ਤੋਂ ਬਿਨਾਂ ਜਿਉਂਦਾ ਰਹਿਣਾ ਬੜੀ ਔਖੀ ਗੱਲ ਹੈ।

 ਅੱਜ ਇਨਸਾਨ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਰੋਜ਼ ਤੜਕੇ-ਤੜਕੇ ਕੰਮ-ਧੰਦੇ ਲਈ ਨਿੱਲਦਾ ਹੈ ਅਤੇ ਆਥਣ ਹੁੰਦਿਆਂ ਹੀ ਆਪਣੇ ਘਰ ਨੂੰ ਵਾਪਸ ਮੁੜ ਪੈਂਦਾ ਹੈ। ਦਿਨ ਭਰ ਦੇ ਕੰਮਾਂ-ਧੰਦਿਆਂ ਕਾਰਨ ਥੱਕਿਆ-ਹਾਰਿਆ ਹਰ ਇਨਸਾਨ ਆਪਣੇ ਰੁਝੇਵੇਂ ਮੁਕਾ ਕੇ ਆਪਣੇ ਘਰ ਪਹੁੰਚ ਕੇ ਸਕੂਨ ਮਹਿਸੂਸ ਕਰਦਾ ਹੈ। ਆਪਣੇ ਘਰ ਦਾ ਪਿਆਰ ਹਰ ਕਿਸੇ ਨੂੰ ਇੰਨਾ ਚੰਗਾ ਲੱਗਦਾ ਹੈ ਕਿ ਉਸ ਨੂੰ ਹੋਰ ਕੋਈ ਰੰਗ ਚੰਗੇ ਨਹੀਂ ਲੱਗਦੇ।

ਘਰ ਦੇ ਪਿਆਰ ਨੂੰ ਬਿਆਨਦੀ ਇੱਕ ਦਿਲਾਂ ਨੂੰ ਹਲੂਣ ਦੇਣ ਵਾਲੀ ਘਟਨਾ ਮੇਰੇ ਜ਼ਿਹਨ ਵਿੱਚ ਅਕਸਰ ਆ ਜਾਂਦੀ ਹੈ ਅਤੇ ਮੇਰੇ ਦਿਲੋ-ਦਿਮਾਗ ’ਚ ਇੱਕ ਅਨੋਖੀ ਜਿਹੀ ਖਿੱਚ ਪਾਉਂਦੀ ਹੈ।

ਇਹ ਘਟਨਾ ਮੇਰੇ ਹੀ ਪਿੰਡ ਦੇ ਇੱਕ ਕਿਸਾਨ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਹੈ। ਇਸ ਘਟਨਾ ਨੂੰ ਯਾਦ ਕਰਕੇ ਅੱਜ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ।

ਉਦੋਂ ਮੈਂ 9 ਕੁ ਸਾਲਾਂ ਦਾ ਹੋਵਾਂਗਾ ਜਦੋਂ ਸਾਡੇ ਪਿੰਡ ਵਿੱਚ ਇਹ ਘਟਨਾ ਵਾਪਰੀ ਸਤੰਬਰ-ਅਕਤੂਬਰ ਦੇ ਦਿਨ ਸਨ ਮੇਰੇ ਨਾਲ ਪੜ੍ਹਦੇ ਜਗਤਾਰ ਤੇ ਮੇਰੇ ਤੋਂ ਪਿਛਲੀ ਜਮਾਤ ਵਿੱਚ ਉਸ ਦੀ ਭੈਣ ਨਵਜੋਤ ਆਪਣੇ ਛੋਟੇ ਜਿਹੇ ਘਰ ਵਿੱਚ ਬੜੇ ਚਾਵਾਂ ਤੇ ਖੁਸ਼ੀਆਂ ਨਾਲ ਰਹਿੰਦੇ ਸਨ। ਇੱਕ ਵਾਰ ਉਨ੍ਹਾਂ ਦੇ ਮਾਪਿਆਂ ਨੇ ਸੋਚਿਆ ਕਿ ਆਪਣਾ ਇਹ ਘਰ ਵੇਚ ਕੇ ਨਾਲ ਵਾਲੇ ਪਿੰਡ ’ਚ ਨਵਾਂ ਘਰ ਪਾ ਲਿਆ ਜਾਵੇ ਜਾਂ ਕੋਈ ਬਣਿਆ-ਬਣਾਇਆ ਘਰ ਖਰੀਦ ਲਿਆ ਜਾਵੇ। ਕਿਉਂਕਿ ਉਨ੍ਹਾਂ ਦੀ ਜ਼ਮੀਨ ਉਸੇ ਪਿੰਡ ਦੇ ਜ਼ਿਆਦਾ ਨੇੜੇ ਸੀ ਤੇ ਸਾਡੇ ਪਿੰਡੋਂ ਦੂਰ ਪੈਂਦੀ ਸੀ ਪਰੰਤੂ ਉਨ੍ਹਾਂ ਦੇ ਬੱਚੇ ਇਸ ਲਈ ਰਾਜ਼ੀ ਨਹੀਂ ਸਨ। ਮਾਪਿਆਂ ਨੇ ਬੱਚਿਆਂ ਦੀ ਭਾਵਨਾ ਦੀ ਪਰਵਾਹ ਕੀਤੇ ਬਿਨਾਂ ਪਿੰਡ ਵਾਲਾ ਪੁਰਾਣਾ ਘਰ ਵੇਚ ਕੇ ਨਾਲ ਵਾਲੇ ਪਿੰਡ ਨਵਾਂ ਘਰ ਖਰੀਦ ਲਿਆ। ਪੁਰਾਣਾ ਘਰ ਵੇਚਣ ਅਤੇ ਨਾਲ ਲੱਗਦੇ ਪਿੰਡ ਵਿਚਲਾ ਘਰ ਖ਼ਰੀਦਣ ਤੱਕ ਤਾਂ ਸਭ ਕੁਝ ਠੀਕ-ਠਾਕ ਰਿਹਾ, ਪਰ ਜਦੋਂ ਉਹ ਨਵੇਂ ਖਰੀਦੇ ਘਰ ’ਚ ਜਾ ਕੇ ਰਹਿਣ ਲੱਗੇ ਤਾਂ ਉਸ ਪਰਿਵਾਰ ਦੇ ਹਾਲਾਤ ਹੀ ਬਦਲ ਗਏ। ਮਕਾਨ ਖ਼ਰੀਦਿਆ ਤੇ ਉਸਾਰਿਆ ਜਾਂਦਾ ਹੈ ਪਰਿਵਾਰ ਦੇ ਰਹਿਣ ਲਈ ਤੇ ਉਨ੍ਹਾਂ ਦੀ ਖੁਸ਼ੀ ਲਈ ਪਰ ਜੇਕਰ ਪਰਿਵਾਰ ਦੀ ਖੁਸ਼ੀ ਦੀ ਬਜਾਇ ਘਰ ’ਚ ਚੁੱਪ ਪਸਰ ਜਾਵੇ ਤਾਂ ਕੀ ਹੋਵੇਗਾ?

ਇਹ ਸਾਡੀ ਸੋਚ ਤੋਂ ਵੀ ਪਰ੍ਹੇ ਦੀ ਗੱਲ ਹੈ ਇਸੇ ਤਰ੍ਹਾਂ ਹੋਇਆ ਇਸ ਪਰਿਵਾਰ ਨਾਲ ਉਨ੍ਹਾਂ ਦੇ ਦੋਵੇਂ ਬੱਚੇ ਜਗਤਾਰ ਤੇ ਨਵਜੋਤ ਆਪਣੇ ਨਵੇਂ ਘਰ ’ਚ ਜਾਂਦਿਆਂ ਹੀ ਪੁਰਾਣੇ ਘਰ ਜਾਣ ਦੀ ਜ਼ਿੱਦ ਕਰਨ ਲੱਗੇ ਪਰ ਮਾਪਿਆਂ ਨੇ ਸੋਚਿਆ ਕਿ ਬੱਚੇ ਕੁਝ ਦਿਨ ਪੁਰਾਣੇ ਘਰ ਨੂੰ ਯਾਦ ਕਰਨਗੇ ਤੇ ਹੌਲ਼ੀ-ਹੌਲ਼ੀ ਆਪਣੇ ਪੁਰਾਣੇ ਘਰ ਨੂੰ ਭੁੱਲ ਜਾਣਗੇ ਤੇ ਨਵੇਂ ਘਰ ਵਿੱਚ ਜੀ ਲਾ ਲੈਣਗੇ। ਪਰੰਤੂ ਇਹ ਉਨ੍ਹਾਂ ਦੀ ਭੁੱਲ ਸੀ। ਇਸੇ ਲਈ ਉਨ੍ਹਾਂ ਨੇ ਪੁਰਾਣੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਦੋਵੇਂ ਬੱਚੇ ਸਾਰਾ-ਸਾਰਾ ਦਿਨ ਚੁੱਪ-ਚਾਪ ਰਹਿਣ ਲੱਗੇ ਤੇ ਉਨ੍ਹਾਂ ਨੇ ਖਾਣਾ-ਪੀਣਾ ਆਦਿ ਵੀ ਛੱਡ ਦਿੱਤਾ।

ਇਹ ਚੁੱਪ ਹੌਲੀ-ਹੌਲੀ ਚਿੜਚਿੜੇਪਨ ’ਚ ਤਬਦੀਲ ਹੋ ਗਈ ਇੱਕ ਦਿਨ ਅਜਿਹਾ ਆਇਆ ਕਿ ਉਹ ਦੋਵੇਂ ਬੱਚੇ ਮਾਨਸਿਕ ਸੰਤੁਲਨ ਗੁਆ ਬੈਠੇ। ਮਾਪਿਆਂ ’ਤੇ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਸ ਪਰਿਵਾਰ ਨੇ ਉਨ੍ਹਾਂ ਦਾ ਬਹੁਤ ਇਲਾਜ ਕਰਵਾਇਆ ਪਰ ਕਿਤੋਂ ਵੀ ਕੋਈ ਫ਼ਾਇਦਾ ਨਾ ਹੋਇਆ ਮਾਪੇ ਬੜੇ ਨਿਰਾਸ਼ ਤੇ ਦੁਖੀ ਸਨ। ਇਸ ਮੰਦਭਾਗੀ ਘਟਨਾ ਦਾ ਪਤਾ ਜਦੋਂ ਸਾਡੇ ਪਿੰਡ ਵਿੱਚ ਲੱਗਿਆ ਤਾਂ ਪਿੰਡ ਦੇ ਕੁਝ ਪਤਵੰਤਿਆਂ ਨੇ ਮਿਲ ਕੇ ਉਸ ਪਰਿਵਾਰ ਦੀ ਮਦਦ ਕਰਨ ਬਾਰੇ ਸੋਚਿਆ। ਉਦੋਂ ਸਮੇਂ ਵੀ ਚੰਗੇ ਸਨ ਲੋਕ ਇੱਕ-ਦੂਜੇ ਦੇ ਕੰਮ ਆਉਂਦੇ ਸਨ। ਕਿਸੇ ਦਾ ਦੁੱਖ ਦੇਖ ਕੇ ਉਸ ਨੂੰ ਖੁਦ ਦਾ ਦੁੱਖ ਸਮਝ ਕੇ ਦੁਖੀ ਦੀ ਮਦਦ ਕਰਦੇ ਸਨ। ਪਿੰਡ ਵਿੱਚ ਕਿਸੇ ਇੱਕ ਦਾ ਦੁੱਖ ਪੂਰੇ ਪਿੰਡ ਦਾ ਸਾਂਝਾ ਦੁੱਖ ਬਣ ਜਾਂਦਾ ਸੀ। ਜਗਤਾਰ ਹੋਰਾਂ ਦਾ ਸਾਡੇ ਪਿੰਡ ਵਾਲਾ ਘਰ ਜਿਸ ਪਰਿਵਾਰ ਨੇ ਖ਼ਰੀਦਿਆ ਸੀ ਪਿੰਡ ਦੇ ਪਤਵੰਤੇ ਉਨ੍ਹਾਂ ਨੂੰ ਮਿਲੇ ਅਤੇ ਸਾਰੀ ਗੱਲ ਦੱਸੀ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਉਨ੍ਹਾਂ (ਜਗਤਾਰ) ਦਾ ਘਰ ਉਨ੍ਹਾਂ ਨੂੰ ਵਾਪਸ ਦੇ ਦੇਣ ਤਾਂ ਪੂਰਾ ਪਿੰਡ ਉਨ੍ਹਾਂ ਦਾ ਅਹਿਸਾਨਮੰਦ ਰਹੇਗਾ, ਕਿਉਕਿ ਹੋ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਦੋਵੇਂ ਮਾਸੂਮ ਬੱਚੇ ਠੀਕ ਹੋ ਜਾਣ। ਜਗਤਾਰ ਕਾ ਘਰ ਖਰੀਦਣ ਵਾਲਾ ਪਰਿਵਾਰ ਵੀ ਨਰਮਦਿਲ ਤੇ ਨੇਕ ਖਿਆਲਾਂ ਵਾਲਾ ਸੀ। ਉਨ੍ਹਾਂ ਨੇ ਜਗਤਾਰ ਕਾ ਪੁਰਾਣਾ ਘਰ ਉਨ੍ਹਾਂ ਨੂੰ ਵਾਪਸ ਮੋੜਨ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਦਾ ਸਾਡੇ ਨਾਲ ਵਾਲੇ ਪਿੰਡ ਵਿਖੇ ਖਰੀਦੇ ਘਰ ਵਿਖੇ ਰਹਿਣ ਲੱਗੇ ਜਗਤਾਰ ਦੇ ਮਾਪੇ ਆਪਣੇ ਪੁਰਾਣੇ ਘਰ ਵਿਖੇ ਆ ਕੇ ਰਹਿਣ ਲੱਗੇ ਆਪਣੇ ਘਰ ਆਉਂਦਿਆਂ ਹੀ ਦੋਵੇਂ ਬੱਚਿਆਂ ਦੀ ਹਾਲਤ ਵਿੱਚ ਦਿਨੋ-ਦਿਨ ਸੁਧਾਰ ਆਉਣ ਲੱਗਾ।

 ਅੱਜ ਦੋਵੇਂ ਬੱਚੇ ਤੰਦਰੁਸਤ ਹਨ ਤੇ ਦੋਵੇਂ ਹੀ ਸ਼ਾਦੀ ਸ਼ੁਦਾ ਹਨ ਦੋਵੇਂ ਆਪੋ-ਆਪਣੇ ਘਰ ਬੜੇ ਖੁਸ਼ ਹਨ ਸੱਚਮੁੱਚ ਆਪਣੇ ਘਰ ਤੇ ਮਿੱਟੀ ਦਾ ਮੋਹ ਸਾਡੇ ਮਨਾਂ ’ਤੇ ਐਨਾ ਗੂੜ੍ਹਾ ਚੜ੍ਹਿਆ ਹੁੰਦਾ ਹੈ ਕਿ ਇਸ ਨੂੰ ਹੋਰ ਕੋਈ ਵੀ ਰੰਗ ਤੇ ਨਜ਼ਾਰਾ ਫ਼ਿੱਕਾ ਨਹੀਂ ਪਾ ਸਕਦਾ ਤੇ ਇਹ ਰੰਗ ਬਾਲ ਮਨਾਂ ’ਤੇ ਹੋਰ ਵੀ ਜ਼ਿਆਦਾ ਅਸਰ ਪਾਉਂਦਾ ਹੈ ।

ਸੰਪਰਕ: +91 94683 34603

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ