Sat, 13 April 2024
Your Visitor Number :-   6970024
SuhisaverSuhisaver Suhisaver

ਬੇਕਲ ਉਤਸ਼ਾਹੀ : ਦਿਲਾਂ ਦੀ ਸੰਸਦ 'ਚ ਵੱਸਣ ਵਾਲਾ ਸ਼ਾਇਰ - ਗੁਰਪ੍ਰੀਤ ਸਿੰਘ ਖੋਖਰ

Posted on:- 12-12-2016

ਬੇਕਲ ਉਤਸ਼ਾਹੀ ਸਿਰਫ਼ ਸੰਸਦ ਮੈਂਬਰ ਹੀ ਨਹੀਂ ਸਗੋਂ ਹਰ ਆਮ-ਖ਼ਾਸ ਦੇ ਦਿਲਾਂ ਦੀ ਸੰਸਦ 'ਚ ਵਸਣ ਵਾਲੇ ਸ਼ਾਇਰ ਸਨ। ਉਹ ਖ਼ੁਦ ਤਾਂ ਉਤਸ਼ਾਹ ਨਾਲ ਲਬਾਲਬ ਭਰੇ ਹੋਏ ਸਨ ਹੀ, ਉਨ੍ਹਾਂ ਦੀ ਕਾਵਿ ਰਚਨਾ ਨੂੰ ਪੜ੍ਹਨ-ਸੁਣਨ ਵਾਲੇ ਦੇ ਵੀ ਰੋਮ-ਰੋਮ 'ਚ ਉਤਸ਼ਾਹ ਜਾਗ ਪੈਂਦਾ ਸੀ :

ਓਧਰ ਵੋ ਹਾਥੋਂ ਕੇ ਪੱਥਰ ਬਦਲਤੇ ਰਹਿਤੇ ਹੈਂ
ਇਧਰ ਵੀ ਅਹਿਲ-ਏ-ਜੁਨੂੰ ਸਰ ਬਦਲਤੇ ਰਹਿਤੇ ਹੈਂ।

ਅੰਗਰੇਜ਼ ਹੁਕਮਰਾਨਾਂ ਖ਼ਿਲਾਫ਼ ਭਰ ਜਵਾਨੀ 'ਚ ਹੀ ਉਹ ਇਨਕਲਾਬੀ ਨਜ਼ਮਾਂ ਤੇ ਗੀਤ ਲਿਖਣ ਲੱਗੇ। ਇਸ ਲਈ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਕੈਦਖਾਨੇ 'ਚ ਰਹਿ ਕੇ ਵੀ ਉਨ੍ਹਾਂ ਕਾਵਿ ਰਚਨਾ ਜਾਰੀ ਰੱਖੀ। ਧਰਮ ਨਿਰਪੱਖਤਾ ਦਾ ਸੰਦੇਸ਼ ਦੇਣ ਲਈ ਉਨ੍ਹਾਂ ਹਿੰਦੀ ਤੇ ਉਰਦੂ ਜ਼ੁਬਾਨ ਨੂੰ ਆਪਸ 'ਚ ਮਿਲਾ ਕੇ ਇਕ ਨਵੀਂ ਸ਼ੈਲੀ ਪ੍ਰਦਾਨ ਕੀਤੀ, ਜਿਸ ਨੂੰ ਲੋਕਾਂ ਨੇ ਖ਼ੂਬ ਸਲਾਹਿਆ :

ਧਰਮ ਮੇਰਾ ਇਸਲਾਮ ਹੈ, ਭਾਰਤ ਜਨਮ ਸਥਾਨ।
ਵੁਜ਼ੂ ਕਰੂੰ ਅਜਮੇਰ ਮੇਂ, ਕਾਸ਼ੀ ਮੇਂ ਇਸ਼ਨਾਨ।

1976 'ਚ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਵਾਜਿਆ ਗਿਆ ਤੇ 1986 'ਚ ਰਾਜ ਸਭਾ ਮੈਂਬਰ ਬਣਾਇਆ ਗਿਆ। ਗ਼ਜ਼ਲ ਨੂੰ ਉਨ੍ਹਾਂ ਨੇ ਖੇਤਰੀ ਭਾਸ਼ਾ ਦਾ ਅਕਸ ਦਿੱਤਾ ਤੇ ਨਵੀਂ ਰਾਹ ਦਿੱਤੀ। ਭਾਰਤੀ ਸਭਿਆਚਾਰ ਖ਼ਾਸ ਕਰ ਕੇ ਪੇਂਡੂ ਧਰਾਤਲ 'ਚ ਢਲੀ ਉਨ੍ਹਾਂ ਦੀ ਸ਼ਾਇਰੀ ਆਪਣੀ ਭਾਸ਼ਾ ਦੀ ਸਾਦਗੀ ਕਾਰਨ ਪਾਠਕਾਂ ਨੂੰ ਮੰਤਰ ਮੁਗਧ ਕਰ ਦਿੰਦੀ ਹੈ :

ਵੋ ਕੁਛ ਵੀ ਕਹੇਂ ਲੇਕਿਨ ਤਨਹਾਈ ਕੇ ਆਲਮ ਮੇਂ
ਕੁਛ ਗੀਤ ਤਿਰੇ 'ਬੇਕਲ' ਦੁਹਰਾਏ ਗਏ ਹੋਂਗੇ।


ਉਰਦੂ ਗ਼ਜ਼ਲ ਅਤੇ ਹਿੰਦੀ ਗੀਤਾਂ ਨੂੰ ਇਕ ਦੂਜੇ 'ਚ ਸਮੋ ਦੇਣ ਕਾਰਨ ਉਨ੍ਹਾਂ ਦੀ ਗ਼ਜ਼ਲ ਜਾਂ ਗੀਤ 'ਚ ਜੋ ਨਵਾਂਪਣ ਆਇਆ, ਉਸ ਨੇ ਆਮ ਲੋਕਾਂ ਨੂੰ ਉਰਦੂ ਸ਼ਾਇਰੀ ਦੇ ਕਲਾਵੇ 'ਚ ਲਿਆਂਦਾ। ਇਸ ਤੋਂ ਪਹਿਲਾਂ ਉਰਦੂ ਨੂੰ ਮਹਿਜ਼ ਹਾਫਿਜ਼ਾਂ, ਵਿਦਵਾਨਾਂ ਦੀ ਜ਼ੁਬਾਨ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦਰਜਨਾਂ ਕਿਤਾਬਾਂ ਲਿਖੀਆਂ, ਜਿਨ੍ਹਾਂ 'ਚ 'ਵਿਜੈ ਬਿਗਲ', 'ਬੇਕਲ ਰਸੀਆ', 'ਨਿਸ਼ਾਤ-ਏ-ਜ਼ਿੰਦਗੀ', 'ਨੂਰੇ ਯਜਦਾਂ', 'ਪੁਰਵਈਆਂ', 'ਲਹਿਕੇ ਬਗੀਆ ਮਹਿਕੇ ਗੀਤ', 'ਅਪਨੀ ਧਰਤੀ ਚਾਂਦ ਕਾ ਦਰਪਣ', 'ਕੋਮਲ ਮੁਖੜੇ ਬੇਕਲ ਗੀਤ', 'ਲਫ਼ਜ਼ੋਂ ਕੀ ਘਟਾਏਂ', 'ਮਿੱਟੀ, ਰੇਤ, ਚੱਟਾਨ', 'ਮੋਤੀ ਉਗੇ ਧਾਨ ਕੇ ਖੇਤ' ਆਦਿ ਸ਼ਾਮਲ ਹਨ। ਬੇਕਲ ਉਤਸ਼ਾਹੀ ਦੀ ਇਹ ਵੀ ਖ਼ਾਸੀਅਤ ਰਹੀ ਕਿ ਉਹ ਜ਼ਿੰਦਗੀ ਭਰ ਧੜੇਬੰਦੀ ਤੋਂ ਨਿਰਲੇਪ ਰਹੇ, ਜਿਸ ਬਾਰੇ ਉਹ ਗਾਹੇ-ਬਗਾਹੇ ਆਪਣੀਆਂ ਰਚਨਾ 'ਚ ਵੀ ਕਹਿੰਦੇ ਰਹੇ :

ਨਾ ਖ਼ੁਦ ਕੋ ਵੇਚਾ ਨਾ ਕੋਈ ਖੁਸ਼ਾਮਦੇਂ ਕੀ ਹੈਂ
ਤੋ ਕੈਸੇ ਤੁਮ ਪੇ ਯੇ 'ਬੇਕਲ' ਸਵਾਲ ਹੋਨੇ ਲਗਾ।


ਉਹ ਸਪੱਸ਼ਟ ਕਹਿੰਦੇ ਸਨ ਕਿ ਅਸੀਂ ਸਦੀਆਂ ਤੋਂ ਦੂਜਿਆਂ ਨੂੰ ਸਭਿਅਤਾ ਦਾ ਪਾਠ ਪੜ੍ਹਾਇਆ ਹੈ ਤਾਂ ਅਸੀਂ ਆਪਣੀ ਸੱਭਿਅਤਾ ਨੂੰ ਛੱਡ ਦੂਜਿਆਂ ਦੇ ਮੁਥਾਜ ਕਿਉਂ ਹੋਈਏ। ਉਨ੍ਹਾਂ ਦਾ ਮੰਨਣਾ ਸੀ ਕਿ ਲੇਖਣੀ 'ਚ ਫ਼ਿਕਰ ਤੇ ਫਨ ਦੋਵੇਂ ਹੋਣੇ ਚਾਹੀਦੇ ਹਨ। ਉਹ ਹਿੰਦੀ ਤੇ ਉਰਦੂ 'ਚ ਕੋਈ ਫ਼ਰਕ ਨਹੀਂ ਸੀ ਸਮਝਦੇ ਤੇ ਦੋਵਾਂ ਨੂੰ ਖੁਸਰੋ ਦੀਆਂ ਜੁੜਵੀਂਆਂ ਧੀਆਂ ਮੰਨਦੇ ਸਨ। ਉਹ ਆਪਣੇ ਬਾਰੇ ਖ਼ੁਦ ਕਹਿ ਗਏ :

ਸੁਣਾ ਹੈ ਮੋਮਿਨ ਵ ਗਾਲਿਬ ਨਾ ਮੀਰ ਜੈਸਾ ਥਾ
ਹਮਾਰੇ ਗਾਂਵ ਕਾ ਸ਼ਾਇਰ ਨਜ਼ੀਰ ਜੈਸਾ ਥਾ
ਛਿੜੇਗੀ ਦੈਰ-ਓ-ਹਰਮ ਮੇਂ ਯੇ ਬਹਿਸ ਮੇਰੇ ਬਾਦ
ਕਹੇਂਗੇ ਲੋਗ ਕਿ 'ਬੇਕਲ' ਕਬੀਰ ਜੈਸਾ ਥਾ।


ਕੋਈ ਦੇਸ਼ ਨਹੀਂ, ਜਿੱਥੇ ਉਨ੍ਹਾਂ ਦੀ ਸ਼ਾਇਰੀ ਦਾ ਲੋਹਾ ਨਾ ਮੰਨਿਆ ਗਿਆ ਹੋਵੇ। ਉਨ੍ਹਾਂ ਦੇ ਰਚੇ ਗੀਤ ਲੋਕ ਭਾਸ਼ਾ 'ਚ ਹਨ। ਉਨ੍ਹਾਂ ਦੇ ਗੀਤ ਸ਼ਹਿਰ ਜਾ ਵਸੇ ਪੇਂਡੂ ਧਰਾਤਲ ਦੇ ਲੋਕਾਂ ਨੂੰ ਉਨ੍ਹਾਂ ਦਾ ਪਿੰਡ, ਘਰ, ਵਿਹੜਾ, ਖੇਤ ਤੇ ਪਗਡੰਡੀਆਂ ਯਾਦ ਕਰਵਾ ਦਿੰਦੇ ਹਨ :

ਅਬ ਨਾ ਗੇਹੂੰ ਨਾ ਧਾਨ ਬੋਤੇ ਹੈਂ
ਅਪਨੀ ਕਿਸਮਤ ਕਿਸਾਨ ਬੋਤੇ ਹੈਂ
ਗਾਂਵ ਕੀ ਖੇਤੀਆਂ ਉਜਾੜ ਕੇ ਹਮ
ਸ਼ਹਿਰ ਜਾ ਕਰ ਮਕਾਨ ਬੋਤੇ ਹੈਂ।
ਲੋਗ ਚੁਣਤੇ ਹੈਂ ਗੀਤ ਕੇ ਅਲਫਾਜ਼
ਹਮ ਗ਼ਜ਼ਲ ਕੀ ਜ਼ੁਬਾਨ ਬੋਤੇ ਹੈਂ।

-- ਸ਼ਹਿਰ ਮੇਂ ਆ ਕਰ 'ਬੇਕਲ' ਤੋ ਬੇਬਾਕ ਹੂਆ
ਗਾਵੋਂ ਕੀ ਫ਼ਿਤਰਤ ਵੈਸੇ ਤੋ ਸ਼ਰਮੀਲੀ ਹੈ।

ਉਨ੍ਹਾਂ ਨੇ 'ਦੋਹਾ' ਛੰਦ ਨੂੰ ਤੋੜ-ਮਰੋੜ ਕੇ ਇਕ ਨਵਾਂ ਪ੍ਰਯੋਗ ਕੀਤਾ, ਜਿਸ ਨੂੰ ਉਨ੍ਹਾਂ ਨੇ 'ਦੋਹਿਕੂ' ਦਾ ਨਾਂ ਦਿੱਤਾ ਤੇ ਇਸ ਨੂੰ ਦੋਹਾ ਤੇ ਹਾਇਕੂ ਦਾ ਮਿਸ਼ਰਨ ਕਿਹਾ ਜਾ ਸਕਦਾ ਹੈ। ਉਨ੍ਹਾਂ ਦੀਆਂ ਕਈ ਗ਼ਜ਼ਲਾਂ ਬੜੀ ਆਸਾਨੀ ਨਾਲ ਪਾਠਕ ਦੇ ਦਿਲ 'ਚ ਘਰ ਕਰ ਜਾਂਦੀਆਂ ਹਨ :

ਲੋਗ ਤੋ ਜਾ ਕੇ ਸਮੁੰਦਰ ਕੋ ਜਲਾ ਆਏ ਹੈਂ
ਮੈਂ ਜਿਸੇ ਫ਼ੂੰਕ ਕਰ ਆਇਆ ਵੋ ਮਿਰਾ ਘਰ ਨਿਕਲਾ।
ਘਰ ਕੇ ਘਰ ਖ਼ਾਕ ਹੂਏ ਜਲ ਕੇ ਨਦੀ ਸੂਖ ਗਈ
ਫਿਰ ਵੀ ਉਨ ਆਖੋਂ ਮੇਂ ਝਾਂਕਾ ਤੋਂ ਸਮੁੰਦਰ ਨਿਕਲਾ।

ਮੀਂਹ ਦਾ ਇੰਤਜ਼ਾਰ ਕਰ ਰਹੇ ਕਿਸਾਨ ਦੀ ਵੇਦਨਾ ਨੂੰ ਉਨ੍ਹਾਂ ਕੁਝ ਇਸ ਤਰ੍ਹਾਂ ਬਿਆਨਿਆ ਹੈ :

ਬਾਜ਼ਾਰੋਂ ਮੇਂ ਮਹਿੰਗਾਈ ਕੀ ਬਿਖਰ ਗਈ ਤਸਵੀਰੇਂ
ਹਮਦਰਦੋਂ ਕੇ ਪਾਂਵ ਪੜ ਗਈਂ ਵਾਦੋਂ ਕੀ ਜੰਜ਼ੀਰੇਂ
ਸੰਸਦ ਕੀ ਕੁਰਸੀ ਮੇਂ ਧਸ ਗਈ ਖੇਤੀ ਔਰ ਕਿਸਾਨੀ
ਰਾਮ ਜਾਨੇ ਕਬ ਵਰਸੇਗਾ ਪਾਨੀ


ਇਕ ਵਾਰ ਉਨ੍ਹਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਅਜੋਕੀ ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਕਿਉਂ ਭੱਜ ਰਹੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅੱਜ ਦੇ ਨੌਜਵਾਨ ਬੇਰੁਜ਼ਗਾਰ ਹਨ ਤੇ ਉਹ ਚਾਹੁੰਦੇ ਹਨ ਕਿ ਸਾਹਿਤ ਵੀ ਕਮਰਸ਼ੀਅਲ ਹੋ ਜਾਵੇ ਤਾਂ ਇਸ 'ਚ ਦਾਖ਼ਲ ਹੋਈਏ। ਜਦ ਤਕ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਦਾ, ਉਦੋਂ ਤਕ ਉਹ ਕੀ ਲਿਖੇਗਾ, ਕੀ ਪੜ੍ਹੇਗਾ ਤੇ ਕੀ ਸੋਚੇਗਾ। ਉਨ੍ਹਾਂ ਦੀਆਂ ਰਚਨਾਵਾਂ 'ਚ ਕਿਤੇ-ਕਿਤੇ ਰੁਮਾਂਸਵਾਦੀ ਰੰਗ ਦਾ ਸੁੰਦਰ ਨਮੂਨਾ ਦੇਖਣ ਨੂੰ ਮਿਲਦਾ ਹੈ :

ਹਵਾ-ਏ-ਇਸ਼ਕ ਨੇ ਵੀ ਗੁਲ ਖਿਲਾਏ ਹੈਂ ਕਿਆ ਕਿਆ
ਜੋ ਮੇਰਾ ਹਾਲ ਥਾ ਵੋ ਤੇਰਾ ਹਾਲ ਹੋਨੇ ਲਗਾ।
---ਤੁਮ ਬਿਨ ਚਾਂਦ ਨਾ ਦੇਖ ਸਕਾ ਟੂਟ ਗਈ ਉਮੀਦ
ਬਿਨ ਦਰਪਣ ਬਿਨ ਨੈਨ ਕੇ ਕੈਸੇ ਮਨਾਏਂ ਈਦ।
--ਯੇ ਦੁਨੀਆ ਤੁਝ ਸੇ ਮਿਲਨੇ ਕਾ ਵਸੀਲਾ ਕਾਟ ਜਾਤੀ ਹੈ
ਯੇ ਬਿੱਲੀ ਜਾਨੇ ਕਬ ਸੇ ਮੇਰਾ ਰਸਤਾ ਕਾਟ ਜਾਤੀ ਹੈ।


ਅਜੋਕੇ ਪਦਾਰਥਵਾਦੀ ਯੁੱਗ 'ਚ ਇਨਸਾਨ ਦੇ ਮਸ਼ੀਨ ਬਣ ਕੇ ਰਹਿ ਜਾਣ ਅਤੇ ਕਦਰਾਂ -ਕੀਮਤਾਂ ਦੇ ਖੋਰਾ ਲੱਗਣ ਨੂੰ ਉਨ੍ਹਾਂ ਕੁਝ ਇਸ ਅੰਦਾਜ਼ 'ਚ ਬਿਆਨਿਆ : 'ਨਏ ਜ਼ਮਾਨੇ ਮੇਂ ਅਬ ਯੇ ਕਮਾਲ ਹੋਨੇ ਲਗਾ ਕਿ ਕਤਲ਼ ਕਰ ਕੇ ਭੀ ਕਾਤਿਲ਼ ਨਿਹਾਲ ਹੋਨੇ ਲਗਾ', 'ਦੌਰ-ਏ-ਹਾਜ਼ਿਰ ਕੀ ਬਜ਼ਮ ਮੇਂ 'ਬੇਕਲ' ਕੌਣ ਹੈ ਆਦਮੀ ਨਹੀਂ ਮਾਲੂਮ', 'ਬਿਨ ਪੈਸੋਂ ਸੇ ਕੁਛ ਨਹੀਂ ਹੋਗਾ ਨੀਚੇ ਸੇ ਊਪਰ ਤਕ ਯਾਰੋ ਡਾਲਰ ਹੀ ਕਿਸਮਤ ਲਿਖੇਗੇਂ ਰਿਸ਼ਵਤ ਕੇ ਨਜ਼ਰਾਨੇ ਹੋਂਗੇ', 'ਅੰਮ੍ਰਿਤ ਜੈਸੇ ਖੁਸ਼ਬੂ ਵਾਲੇ ਲੋਗ ਕਹਾਂ ਪੱਤੀ-ਪੱਤੀ ਫੂਲੋਂ ਕੀ ਜ਼ਹਿਰੀਲੀ ਹੈ।' ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਹਰ ਸਾਜਿਸ਼ ਖ਼ਿਲਾਫ਼ ਉਹ ਨਾ ਕੇਵਲ ਸ਼ਾਇਰੀ 'ਚ ਸਗੋਂ ਜ਼ਿੰਦਗੀ 'ਚ ਵੀ ਡਟੇ ਰਹੇ :

ਮੇਰੀ ਧਰਤੀ ਕੇ ਖ਼ੁਦਗਰਜ਼ੋਂ ਨੇ
ਟੁਕੜੇ-ਟੁਕੜੇ ਬਾਂਟ ਲੀਏ ਹੈਂ
ਇਨ ਟੁਕੜੋਂ ਕੋ ਜੋੜ ਕੇ ਮਈਆ
ਸੁਥਰਾ ਹਿੰਦੋਸਤਾਨ ਬਣਾ ਦੇ।
--- ਹਮਾਰੇ ਕਾਫ਼ਿਲਾ-ਸਲਾਰੋਂ ਕੇ ਇਰਾਦੇ ਕਿਆ
ਚਲੇ ਤੋ ਹਾਂ ਪੇ ਹੈਂ ਲੇਕਿਨ ਨਹੀਂ ਪੇ ਚਲਤੇ ਹੈਂ।

ਬੇਕਲ ਉਤਸ਼ਾਹੀ ਨੇ ਆਪਣੀ ਸ਼ਾਇਰੀ ਰਾਹੀਂ ਆਮ ਲੋਕਾਂ ਦੇ ਦੁੱਖ- ਸੁੱਖ ਤੇ ਮਨੋਭਾਵਨਾਵਾਂ ਨੂੰ ਜ਼ੁਬਾਨ ਦਿੱਤੀ ਹੈ। ਉਹ ਉਸ ਕਤਾਰ ਦਾ ਸ਼ਾਇਰ ਸੀ, ਜਿਸ ਦੀ ਸ਼ਾਇਰੀ ਦਾ ਦਾਇਰਾ ਮਹਿਜ਼ ਹੁਸਨ, ਮਹਿਬੂੁਬ, ਸਾਕੀ,  ਇਸ਼ਕ ਦੀਆਂ ਗੱਲਾਂ ਤਕ ਸੀਮਤ ਨਹੀਂ ਸਗੋਂ ਸਮੁੱਚੀ ਲੋਕਾਈ ਦੇ ਦਰਦ ਨੂੰ ਆਪਣੇ ਕਲਾਵੇ 'ਚ ਲੈਂਦਾ ਹੈ। ਸਮੁੱਚੀ ਆਵਾਮ ਦੇ ਸਰੋਕਾਰਾਂ ਨਾਲ ਬਾਵਸਤਾ ਗ਼ਜ਼ਲਾਂ ਉਨ੍ਹਾਂ ਨੂੰ ਲੋਕ ਸ਼ਾਇਰ ਦਾ ਦਰਜਾ ਦਿੰਦੀਆਂ ਹਨ :

ਕਿਸੀ ਕੁਟੀਆ ਕੋ ਜਬ 'ਬੇਕਲ' ਮਹਿਲ ਕਾ ਰੂਪ ਦੇਤਾ ਹੂੰ
ਸ਼ਹਿਨਸ਼ਾਹੀ ਕੀ ਜ਼ਿਦ ਮੇਰਾ ਅੰਗੂਠਾ ਕਾਟ ਜਾਤੀ ਹੈ।
-ਸੁਕੂੰ ਪਾਏਂ ਚਮਨ ਵਾਲੇ ਹਰ ਏਕ ਘਰ ਰੋਸ਼ਨੀ ਪਹੁੰਚੇ
ਮੁਝੇ ਅੱਛਾ ਲਗੇਗਾ ਜਲਾ ਦੋ ਆਸ਼ਿਆਂ ਮੇਰਾ।
-ਜ਼ਿੰਦਗੀ ਜਬ ਵੀ ਕਭੀ ਗਮ ਕੇ ਬਸੇਰੋਂ ਮੇਂ ਮਿਲੀ
ਰੋਸ਼ਨੀ ਔਰ ਭੀ ਗੰਭੀਰ ਅੰਧੇਰੋਂ ਮੇਂ ਮਿਲੀ।
-ਜ਼ਮੀਨ ਪਿਆਸੀ ਹੈ ਬੂਢਾ ਗਗਨ ਵੀ ਭੂਕਾ ਹੈ
ਮੈਂ ਆਪਨੇ ਅਹਿਦ ਕੇ ਕਿੱਸੇ ਤਮਾਮ ਲਿਖਤਾ ਹੂੰ।


ਉਨ੍ਹਾਂ ਦੀ ਰਚਨਾ 'ਚ ਕਈ ਥਾਈਂ ਅਧਿਆਤਮ ਦੇ ਬੜੇ ਸੁੰਦਰ ਨਮੂਨੇ ਮਿਲਦੇ ਹਨ :
ਫ਼ਰਸ਼ ਤਾ ਅਰਸ਼ ਕੋਈ ਨਾਮ-ਓ-ਨਿਸ਼ਾਂ ਮਿਲ ਨਾ ਸਕਾ
ਮੈਂ ਜਿਸੇ ਢੂੰਡ ਰਹਾ ਥਾ ਮਿਰੇ ਅੰਦਰ ਨਿਕਲਾ।

ਇਸ ਫ਼ਾਨੀ ਦੁਨੀਆ 'ਚ ਬੇਕਲ ਉਤਸ਼ਾਹੀ ਨਹੀਂ ਰਹੇ ਪਰ ਖੁਦ ਦਾ ਘਰ ਜਲਾ ਕੇ ਦੂਜਿਆਂ ਦੇ ਘਰਾਂ ਨੂੰ ਰੋਸ਼ਨ ਕਰਨ ਵਾਲੇ ਇਸ ਅਵਾਮੀ ਸ਼ਾਇਰ ਦੇ ਹਰਫ਼ ਇਸ ਗੰਗਾ-ਯਮੁਨੀ ਤਹਿਜ਼ੀਬ 'ਚ ਹਮੇਸ਼ਾ ਗੂੰਜਦੇ ਰਹਿਣਗੇ :
ਨਾ ਚਿਲਮਨੋਂ ਕੀ ਹਸੀਂ ਸਰਸਰਾਰਹਟੇਂ ਹੋਂਗੀ
ਨਾ ਹੋਂਗੇ ਹਮ ਤੋ ਕਹਾਂ ਜਗਮਗਾਹਟੇਂ ਹੋਂਗੀ
ਮੈਂ ਇਕ ਭੰਵਰਾ ਤਿਰੇ ਬਾਗ਼ ਮੇਂ ਰਹੂੰ ਨਾ ਰਹੂੰ
ਕਿਸੇ ਨਸੀਬ ਮਿਰੀ ਗੁਨਗੁਨਾਹਟੇਂ ਹੋਂਗੀ।

ਸੰਪਰਕ: +91 75289 06680

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ