Sat, 15 June 2024
Your Visitor Number :-   7111379
SuhisaverSuhisaver Suhisaver

ਲੋਹੜੀ ਵੇ ਲੋਹੜੀ ਜੀਵੇ ਤੇਰੀ ਜੋੜੀ - ਬਲਜਿੰਦਰ ਮਾਨ

Posted on:- 06-01-2015

suhisaver

ਲੋਹੜੀ ਸ਼ਬਦ ਤਿਲ +ਰੋੜੀ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ।ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ।ਕਈ ਥਾਵਾਂ ਤੇ ਇਸ ਨੂੰ ਲੋਹੀ ਜਾਂ ਲੋਈ ਵੀ ਕਿਹਾ ਜਾਂਦਾ ਹੈ।ਵੈਦਿਕ ਕਾਲ ਵਿਚ ਲੋਕ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਸਨ।ਹਵਨ ਵਿਚ ਗੁੜ, ਘਿਉ, ਤਿਲ,ਚੌਲ,ਸੁੱਕੇ ਮੇਵੇ ਅਤੇ ਸ਼ਹਿਦ ਆਦਿ ਵਸਤਾਂ ਪਾਈਆਂ ਜਾਂਦੀਆਂ ਸਨ।ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਰਾਕਸ਼ ਨੂੰ ਮਾਰਿਆ ਸੀ।ਜਿਸਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ।ਪੌਰਾਣਿਕ ਕਥਾਵਾਂ ਵਿਚ ਇਸ ਦਾ ਸਬੰਧ ਸਤੀ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ।
   
ਲੋਹੜੀ ਦੇ ਤਿਉਹਾਰ ਦੇ ਅਰੰਭ ਬਾਰੇ ਵੱਖੋ ਵੱਖਰੀਆਂ ਕਹਾਣੀਆਂ ਪ੍ਰਚੱਲਤ ਹਨ।ਆਮ ਤੌਰ ਤੇ ਦੁੱਲੇ ਭੱਟੀ ਦੀ ਕਹਾਣੀ ਨਾਲ ਇਸ ਤਿਉਹਾਰ ਦੇ ਅਰੰਭ ਨੂੰ ਮੰਨਿਆ ਗਿਆ ਹੈ। ਇਸ ਗੱਲ ਦਾ ਸਬੂਤ ਇਸ ਗੀਤ ਵਿਚੋਂ ਮਿਲਦਾ ਹੈ-

    ਸੁੰਦਰ ਮੁੰਦਰੀਏ-ਹੋ
    ਤੇਰਾ ਕੌਣ ਵਿਚਾਰਾ-ਹੋ
    ਦੁੱਲਾ ਭੱਟੀ ਵਾਲਾ-ਹੋ
    ਦੁੱਲੇ ਧੀ ਵਿਆਹੀ-ਹੋ
    ਸੇਰ ਸ਼ੱਕਰ ਆਈ-ਹੋ
    ਕੁੜੀ ਦੇ ਬੱਝੇ ਪਾਈ-ਹੋ
    ਕੁੜੀ ਦਾ ਲਾਲ ਪਟਾਕਾ-ਹੋ …..

ਪੋਹ ਮਹੀਨੇ ਦੀ ਆਖਰੀ ਰਾਤ ਨੂੰ ਲੋਹੜੀ ਮੌਕੇ ਆਪਸੀ ਸਾਂਝਾ ਦੇ ਗੀਤ ਛਿੜਦੇ ਨੇ।ਅੱਤ ਦੀ ਸਰਦੀ ਵਿਚ ਗੁੜ ਤੇ ਤਿਲਾਂ ਦੀ ਗਰਮੀ ਅਤੇ ਧੂਣੀਆਂ ਦਾ ਨਿੱਘ ਹਰ ਕਿਸੇ ਨੂੰ ਗਲਵੱਕੜੀ ਪਾ ਲੈਂਦਾ ਹੈ।ਇਸ ਤਿਉਹਾਰ ਦਾ ਸਿੱਧਾ ਸਬੰਧ ਲੜਕੇ ਦੇ ਜਨਮ ਨਾਲ ਜੁੜਦਾ ਹੈ।ਜਿਸ ਘਰ ਲੜਕਾ ਪੈਦਾ ਹੋਇਆ ਹੁੰਦਾ ਹੈ ਜਾਂ ਜਿਸ ਘਰ ਨਵਾਂ ਵਿਆਹ ਹੋਇਆ ਹੁੰਦਾ ਹੈ।ਉਥੇ ਲੋਹੜੀ ਦੀ ਰੋਣਕ ਦੇਖਿਆ ਹੀ ਬਣਦੀ ਹੈ।ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਹਨ।ਨਵੇਂ ਆਏ ਬਾਲ ਅਤੇ ਉਸਦੇ ਮਾਪਿਆਂ ਲਈ ਦੁਆਵਾਂ ਮੰਗਦੀਆਂ ਹਨ।ਘਰ ਵਾਲੇ ਉਹਨਾਂ ਨੂੰ ਖੁਸ਼ੀ ਨਾਲ ਗੁੜ, ਦਾਣੇ, ਮੂੰਗਫਲੀ ਆਦਿ ਵੰਡਦੇ ਹਨ।

    ਲੋਹੜੀ ਬਈ ਲੋਹੜੀ ,ਜੀਵੇ ਤੇਰੀ ਜੋੜੀ
    ਦਿਉ ਗੁੜ ਦੀ ਰੇੜੀ।ਵਈ ਰੋੜੀ

ਜੇਕਰ ਘਰ ਵਾਲੇ ਲੋਹੜੀ ਪਾਉਣ ਵਿਚ ਦੇਰੀ ਕਰ ਦਿੰਦੇ ਤਾਂ ਲੜਕੀਆਂ ਇੰਜ ਗਾਉਣ ਲਗ ਪੈਂਦੀਆਂ:

    ਸਾਡੇ ਪੈਰਾਂ ਹੇਠ ਸਿਲਾਈਆਂ
    ਅਸੀਂ ਕਿਹੜੇ ਵੇਲੇ ਦੀ ਆਈਆਂ।
    ਕੋਠੀ ਹੇਠ ਚਾਕੂ
    ਗੁੜ ਦੇਵੇ ਮੁੰਡੇ ਦਾ ਬਾਪੂ।
    ਕੋਠੀ ਉਤੇ ਕਾਂ
    ਗੁੜ ਦੇਵੇ ਮੁੰਡੇ ਦੀ ਮਾਂ।

ਇਸ ਤਰ੍ਹਾਂ ਲੋਹੜੀ ਮੰਗਣ ਵਾਲੇ ਬੱਚੇ ਮੁੰਡੇ ਵਾਲੇ ਘਰਾਂ ਵਿਚ ਜਾਂਦੇ ਅਤੇ ਲੋਹੜੀ ਮੰਗਦੇ।

    ਫਿਰ ਵਾਰੀ ਆੳਂਦੀ ਧੂਣੀ ਦੀ। ਸਾਰੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਧੂਣੀ ਦੁਆਲੇ ਇਕੱਤਰ ਹੋ ਕੇ ਖੁਸ਼ੀ ਦੇ ਮਹੌਲ ਨੂੰ ਤਿਲ ਅਤੇ ਚੌਲਾਂ ਨਾਲ ਗਰਮਾ ਦਿੰਦੇ।ਸੱਸ ਨਣਾਨ ਅਤੇ ਦਰਾਣੀਆਂ ਜਠਾਣੀਆਂ ਇਕੱਠੀਆਂ ਹੋਕੇ ਗਿੱਧੇ ਦਾ ਪਿੜ ਵੀ ਧੂਣੀ ਲਾਗੇ ਹੀ ਬੰਨ ਲੈਂਦੀਆਂ ਨੇ।ਇਸ ਮੌਕੇ ਇਹ ਗੀਤ ਵੀ ਗਾਇਆ ਜਾਂਦਾ ਹੈ:

    ਜਿਤਨੇ ਜਠਾਣੀ ਤਿਲ ਸੁਟੇਸੀ
    ਉਤਨੇ ਦਰਾਣੀ ਪੁੱਤ ਜਣੇਸੀ।

    ਵਿਆਹੀਆਂ ਲੜਕੀਆਂ ਨੂੰ ਪੇਕਿਆਂ ਵਲੋਂ ਲੋਹੜੀ ਦਾ ਤਿਉਹਾਰ ਦਿੱਤਾ ਜਾਂਦਾ ਹੈ।ਭਾਵ ਇਸ ਮਹੀਨੇ ਪੇਕਿਆਂ ਵਲੋਂ ਪਿੰਨੀਆਂ ਮਠਿਆਈਆਂ ਅਤੇ ਹੋਰ ਲੀੜਾ ਲੱਤਾ ਦਿੱਤਾ ਜਾਂਦਾ ਹੈ।ਇਸ ਮਹੀਨੇ ਭੈਣਾਂ ਨੂੰ ਵੀਰਾਂ ਤੇ ਭਰਜਾਈਆਂ ਦੀ ਉਡੀਕ ਰਹਿੰਦੀ ਹੈ ਕਿ ਉਹਦੇ ਲਈ ਉਹ ਲਈ ਲੋਹੜੀ ਤਿਉਹਾਰ ਲੈਕੇ ਆਉਣਗੇ।ਇਸ ਮੌਖੇ ਜਦ ਭੈਣ ਘਰ ਭਾਈ ਪੁੱਜਦਾ ਹੈ ਤਾਂ ਉਹ ਅਜਿਹਾ ਗੀਤ ਗਾਉਂਦੀ ਹੈ: ਲੋਹੜੀ ਦਾ ਮਹੀਨਾ ਚੜ੍ਹਿਆ

ਵੀਰ ਪ੍ਰਾਹੁਣਾ ਆਇਆ
ਲੱਸੀ ਛੱਡ ਮੈਂ ਦੁੱਧ ਪਿਲਾਵਾਂ
ਪੀ ਮੇਰੀ ਅੰਮਾ ਦਾ ਜਾਇਆ…

ਜੇਕਰ ਪੇਕਿਆ ਵਲੋਂ ਤਿਉਹਾਰ ਲੈ ਕੇ ਕੋਈ ਨਾ ਜਾਵੇ ਤਾਂ ਉਸਦਾ ਨਿਰਾਸ਼ ਹੋਣਾ ਸੁਭਾਵਿਕ ਹੀ ਹੈ।ਕਿਉਂਕਿ ਧੀਆਂ ਨੂੰ ਪੇਕਿਆਂ ਤੇ ਸਭ ਤੋਂ ਵੱਧ ਮਾਣ ਹੁੰਦਾ ਹੈ।ਉਹ ਆਪ ਮੁਹਾਰੇ ਆਖ ਦਿੰਦੀ ਹੈ ਕੁਰਸੀ ਮੇਰੇ ਵੀਰ ਦੀ ਥਾਣੇਦਾਰ ਬਰੋਬਰ ਡਹਿੰਦੀ

ਇਸ ਤਰਾਂ ਸਹੁਰੇ ਘਰ ਵਿਚ ਉਸਦੀ ਟੌਹਰ ਬਣੀ ਰਹਿੰਦੀ ਹੈ।ਪਹਿਲੇ ਪਹਿਲ ਤਾਂ ਲੋਹੜੀ ਮੰਗਣਾ ਲੋਹੜੀ ਵਾਲੇ ਦਿਨ ਤੋਂ ਅੱਠ ਦਸ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ।ਸਮੇਂ ਦੀ ਤੋਰ ਦੇ ਨਾਲ ਨਾਲ ਸਾਰੇ ਰੀਤੀ ਰਿਵਾਜ਼ ਬਦਲਦੇ ਜਾ ਰਹੇ ਹਨ।ਲੋਹੜੀ ਦਾ ਮੌਜੂਦਾ ਰੂਪ ਵੀ ਕੁਝ ਅਜਿਹਾ ਹੀ ਬਣ ਗਿਆ ਹੈ।

     ਅਜੋਕੀ ਲੋਹੜੀ ਮੌਕੇ ਦਿਖਾਵਾ

ਅਜੋਕੇ ਦਿਖਾਵੇ ਦੇ ਸਮੇਂ ਵਿਚ ਲੋਹੜੀ ਵੀ ਇਕ ਦਿਖਾਏ ਦਾ ਤਿਉਹਾਰ ਬਣ ਕੇ ਰਹਿ ਗਿਆ।ਜਿਨ੍ਹਾਂ ਅਮੀਰ ਘਰਾਂ ਵਿਚ ਪੁੱਤ ਜੰਮੇ ਹੁੰਦੇ ਨੇ ਉਹ ਲੱਖਾ ਰੁਪੈ ਲਾਈਟਾਂ,ਡੀ ਜੇ ਅਤੇ ਹੋਰ ਦਿਖਾਵੇ ਦੇ ਬਾਨਣੂ ਬੰਨਣ ਵਿਚ ਲਾ ਦਿੰਦੇ ਹਨ। ਕਈ ਵਾਰ ਤਾਂ ਸ਼ਰਾਬ ਦਾ ਅਜਿਹਾ ਦੌਰ ਚੱਲਦਾ ਹੈ ਕਿ ਮਾਰ ਕੁਟਾਈ ਅਤੇ ਗੋਲੀਆਂ ਚੱਲਣ ਤਕ ਦੀ ਨੌਬਤ ਆ ਜਾਂਦੀ ਹੈ।ਚਾਅ ਤੇ ਮੁਲਾਰ ਕਰਨਾ ਹਰ ਕਿਸੇ ਦਾ ਹਕ ਹੈ ਪਰ ਇਸਦੀ ਬਹੁਲਤਾ ਕਦੀ ਕਿਸੇ ਨੂੰ ਰਾਸ ਨਹੀਂ ਆਉਂਦੀ।

    ਬਦਲੇ ਜ਼ਮਾਨੇ ਦਾ ਇਕ ਹੋਰ ਖੁਸ਼ਨੁਮਾ ਪਹਿਲੂ ਵੀ ਉਭਰਕੇ ਸਾਹਮਣੇ ਆਇਆ ਹੈ।ਉਹ ਹੈ ਲੜਕੀਆਂ ਦੀ ਲੋਹੜੀ ਵੰਡਣ ਦਾ ਰਿਵਾਜ਼।ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਉੱਦਮ ਨਾਲ ਲੋਕਾਂ ਨੂੰ ਜਾਗ੍ਰਤ ਕੀਤਾ ਗਿਆ ਕਿ ਮੂੰਡੇ ਕੁੜੀ ਵਿਚ ਕੋਈ ਅੰਤਰ ਨਹੀਂ।ਇਸ ਲਈ ਅਗਾਂਹ ਵਧੂ ਸੋਚ ਦੇ ਮਾਲਕ ਲੜਕੀਆਂ ਦੀ ਲੋਹੜੀ ਵੀ ਮੁੰਡਿਆ ਵਾਂਗ ਪਾ ਰਹੇ ਹਨ।

    ਸਮਾਜ ਵਿਚ ਆਈ ਇਸ ਚਾਨਣ ਦੀ ਲੋਅ ਵਿਚ ਹਰ ਭਾਰਤ ਵਾਸੀ ਨੂੰ ਨਹਾਉਣਾ ਚਾਹੀਦਾ ਹੈ।ਜਦੋਂ ਸਮਾਜ ਦੀ ਮਾਨਸਿਕਤਾ ਵਿਚ ਮੁੰਡੇ ਕੁੜੀ ਲਈ ਬਰਾਬਰ ਸਤਿਕਾਰ ਹੋ ਜਾਵੇਗਾ ਫਿਰ ਇਸ ਲੋਹੜੀ ਦਾ ਮਹੱਤਵ ਹੋਰ ਵੀ ਵਧ ਜਾਵੇਗਾ।ਅਜ ਸਾਨੂੰ ਸਿਰਫ ਲੜਕੀ ਦੇ ਜਨਮ ਤੇ ਹੀ ਲੋਹੜੀ ਦਾ ਜਸ਼ਨ ਨਹੀਂ ਮਨਾਉਣ ਚਾਹੀਦਾ ਜਦਕਿ ਲੜਕੀ ਦਾ ਵੀ ਉਸ ਦੇ ਬਰਾਬਰ ਚਾਅ ਲਾਡ ਕਰਨਾ ਚਾਹੀਦਾ ਹੈ।ਇਸ ਮੌਕੇ ਲੋਹੜੀ ਦੀ ਮੁਬਾਰਕ ਅਗਾਂਹ ਵਧੂ ਸੋਚ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵਿਸ਼ੇਸ਼ ਸਤਿਕਾਰ ਦਿਵਾਉਂਦੀ ਹੈ।ਸੋ ਆਓ ਆਪਾਂ ਲੋਹੜੀ ਦੀ ਧੂਣੀ ਤੇ ਇਕੱਤਰ ਹੋ ਕੇ ਮੁੰਡੇ ਕੁੜੀ ਦੇ ਫਰਕ ਨੂੰ ਭੁਲਾਈਏ ਅਤੇ ਇਕੋ ਜਿਹਾ ਗਿੱਧਾ ਤੇ ਭੰਗੜਾ ਪਾਈਏ ਅਤੇ ਖੁਸ਼ੀਆਂ ਮਨਾਈਏ।
                    
 ਸੰਪਰਕ: +91 9815 -18947

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ