Fri, 24 May 2024
Your Visitor Number :-   7058108
SuhisaverSuhisaver Suhisaver

ਭੈਣ ਨੂੰ ਖ਼ਤ ਲਿਖਦਿਆਂ . . .- ਵਿਕਰਮ ਸਿੰਘ ਸੰਗਰੂਰ

Posted on:- 05-01-2014

ਇੰਨੇ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਭੈਣ ਨੂੰ ਖ਼ਤ ਲਿਖਣ ਬੈਠਾ ਤੇ ਕੁਝ ਲਿਖ ਨਹੀਂ ਸੀ ਪਾ ਰਿਹਾ। ਉਂਗਲਾਂ ਵਿੱਚ ਫਸੀ ਕਲਮ ਨੂੰ ਛੱਡਣ ਦਾ ਚਿੱਤ ਵੀ ਨਹੀਂ ਸੀ ਕਰ ਰਿਹਾ, ਕਿਉਂਕਿ ਮੈਂ ਜਾਣਦਾ ਸੀ ਕਿ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਭੈਣ ਨੇ ਰੋਜ਼ ਸੁਬ੍ਹਾ ਕੰਮ ’ਤੇ ਜਾਣ ਅਤੇ ਸ਼ਾਮ ਨੂੰ ਵਾਪਸ ਪਰਤ ਕੇ ਘਰ ਦਾ ਬੂਹਾ ਖੋਲਣ ਤੋਂ ਪਹਿਲਾਂ ਬਾਹਰ ਖ਼ਤ ਵਾਲਾ ਬਕਸਾ ਖੋਲ ਕੇ ਇਹ ਦੇਖਣਾ ਸ਼ੁਰੂ ਕਰ ਦਿੱਤਾ ਹੋਵੇਗਾ ਕਿ ਮੇਰੇ ਨਿੱਕੇ ਵੀਰ ਦਾ ਖ਼ਤ ਆਇਆ ਜਾਂ ਨਹੀਂ।ਚੇਤੇ ਦੀ ਚੰਗੇਰ ‘ਚੋਂ ਉਹ ਦਨ ਯਾਦ ਆਉਣ ਲੱਗੇ, ਜਿਸ ਦਨ ਸਵੇਰੇ ਭੈਣ ਨੇ ਇੰਗਲੈਂਡ ਲਈ ਰਵਾਨਾ ਹੋਣਾ ਸੀ। ਮੈਂ ਭੈਣ ਤੋਂ ਮੂੰਹ ਵੱਟੀ ਉਸ ਨੂੰ ਬਿਨਾਂ ਬੁਲਾਏ ਉਹਦੇ ਨਾਲ ਵਾਲੇ ਮੰਜੇ ’ਤੇ ਲੇਟਿਆ ਹੋਇਆ ਸੀ।ਮੈਨੂੰ ਚੁੱਪ ਵੇਖ ਭੈਣ ਬੋਲੀ, ਕੀ ਗੱਲ ਅੱਜ ਹਾਰ ਗਿਆ ਮੇਰੇ ਤੋਂ ਜਿਹੜਾ ਮੂੰਹ ਪਾਸੇ ਕਰ ਕੇ ਪਿਐਂ। ਭੈਣ ਦਾ ਇਹ ਇੱਕੋ ਸਵਾਲ ਸੀ, ਜਿਸ ਨੂੰ ਸੁਣ ਕੇ ਮੈਂ ਕਦੀ ਚੁੱਪ ਨਹੀਂ ਸੀ ਰਿਹਾ ਤੇ ਉਹੀ ਜਵਾਬ ਦਿੱਤਾ ਜਿਹੜਾ ਹਰ ਵਾਰ ਦਿੰਦਾ ਹੁੰਦਾ ਸੀ।ਮੈਂ ਹਾਰ ਗਿਆ! ਉਹ ਵੀ ਤੇਰੇ ਤੋਂ ਭੈਣ? ਕਦੀ ਵੀ ਨਹੀਂ। ਭੈਣ ਨੇ ਕਿਹਾ ਜੇ ਨਹੀਂ ਹਾਰਿਆ ਤਾਂ ਕਰ ਵਾਅਦਾ ਕਿ ਮੇਰੀਆਂ ਯਾਦਾਂ ਨੂੰ ਸੰਭਾਲ ਕੇ ਰੱਖੇਂਗਾ ਤੇ ਉਨ੍ਹਾਂ ਬਾਰੇ ਹਰ ਸਾਲ ਮੈਨੂੰ ਖ਼ਤ ’ਚ ਲਿਖਿਆ ਕਰੇਂਗਾ। ‘ਭੈਣ, ਤੇਰੀਆਂ ਕਿਹੜੀਆਂ ਯਾਦਾਂ? ਨਾਲੇ ਮੈਥੋਂ ਨਹੀਂ ਲਿਖ ਹੋਣਾ, ਮੈਂ ਹਾਰ ਜਾਵਾਂਗਾ,’ ਇੰਨਾ ਆਖ ਮੈਂ ਫਿਰ ਉਸ ਤੋਂ ਮੂੰਹ ਵੱਟ ਲਿਆ।

ਭੈਣ ਨੇ ਮੇਰੇ ਮੂੰਹੋਂ ‘ਹਾਰ’ ਲਫ਼ਜ਼ ਸੁਣਦਿਆਂ ਹੀ ਉਹ ਹੱਸਦੀ ਹੋਈ ਬੋਲੀ, ਆਪਣੇ ਪਿੰਡ ਦੀ ਹਾਸੋ ਮਾਸੀ ਨੂੰ ਤਾਂ ਜਾਣਦੈ ਤੂੰ? ਉਸ ਬਾਰੇ ਲਿਖੀ ਮੈਨੂੰ, ਜਿਹੜੀ ਹਰ ਪਲ ਹੱਸਦੀ ਰਹਿੰਦੀ ਏ ਤੇ ਦੂਜਿਆਂ ਨੂੰ ਵੀ ਹਸਾਉਂਦੀ ਏ? ਗਲੀ ’ਚ ਖੇਡਦੇ ਆਪਣੇ ਹਾਣੀਆਂ ਬਾਰੇ ਲਿਖੀ ਕੇ ਉਹ ਮਿਲ ਕੇ ਕਿਹੜੀਆਂ ਖੇਡਾਂ ਖੇਡਦੇ ਹਨ। ਆਪਣੇ ਰਹੀਮ ਚਾਚਾ ਦੇ ਹਾਲ ਬਾਰੇ ਲਿਖਣਾ ਨਾ ਭੁੱਲੀ, ਜਿਹੜਾ ਪਿੰਡ ਤਾਰ ਲੈ ਕੇ ਆਉਂਦੈ। ਉਨ੍ਹਾਂ ਖੇਤਾਂ ਦਾ ਤਾਂ ਚੇਤਾ ਹੈ ਨਾ ਤੈਨੂੰ ਜਿਨ੍ਹਾਂ ਵਿੱਚ ਬਣੀਆਂ ਕੱਚੀਆਂ ਪਹੀਆਂ ’ਤੋਂ ਆਪਾਂ ਲੰਘ ਕੇ ਰੋਜ਼ਾਨਾ ਸਕੂਲ ਜਾਂਦੇ ਆਂ।ਇਹੀ ਤਾਂ ਨੇ ਮੇਰੀਆਂ ਯਾਦਾਂ, ਜੇ ਤੂੰ ਮੈਨੂੰ ਇਨ੍ਹਾਂ ਦੀ ਯਾਦ ਦਿਵਾਉਂਦਾ ਰਹੇਂਗਾ ਤਾਂ ਸੱਚੀ ਮੈਂ ਜਲਦੀ ਪਰਤ ਆਵਾਂਗੀ। ਹਾਂ, ਨਾਲੇ ਮੈਨੂੰ ਇਹ ਵੀ ਪਤੈ ਕਿ ਮੇਰਾ ਨਿੱਕਾ ਵੀਰ ਮੈਥੋਂ ਕਦੀ ਵੀ ਨਹੀਂ ਹਾਰਿਆ, ਵੇਖ ਲਵੀਂ ਇਸ ਵਾਰ ਵੀ ਤੂੰ ਹੀ ਜਿੱਤੇਗਾ ਅਤੇ ਮੈਨੂੰ ਜਲਦੀ ਪਰਤਨਾ ਪਵੇਗਾ।ਇੰਨਾ ਆਖ ਭੈਣ ਉੱਠ ਕੇ ਮੇਰੇ ਮੰਜੇ ਦੇ ਦੂਜੇ ਪਾਸੇ ਆਈ ਅਤੇ ਮੇਰੀਆਂ ਅੱਖਾਂ ਸਾਹਮਣੇ ਆ ਕੇ ਬੋਲੀ, ਹੁਣ ਵੀ ਨਹੀਂ ਹੱਸੇਗਾਂ?

ਭੈਣ ਦੀਆਂ ਆਖੀਆਂ ਇਨ੍ਹਾਂ ਪੁਰਾਣੀਆਂ ਗੱਲਾਂ ਦੇ ਚੇਤੇ ਨੇ ਇੱਕ ਪਲ ਲਈ ਮੈਨੂੰ ਅੱਜ ਹਸਾ ਤਾਂ ਦਿੱਤਾ, ਪਰ ਦੂਜੇ ਹੀ ਪਲ ਕੁਹਨੀ ਥੱਲੇ ਪਏ ਕੋਰੇ ਕਾਗਜ਼ਾਂ ’ਤੇ ਜਦੋਂ ਮੇਰੀ ਨਜ਼ਰ ਪਈ ਤਾਂ ਮੇਰਾ ਹਾਸਾ ਹਵਾ ਵਿੱਚ ਕਿਧਰੇ ਗੁਆਚ ਗਿਆ। ਜਿਸ ਹਾਸੋ ਮਾਸੀ ਦੀ ਗੱਲ ਭੈਣ ਕਰਦੀ ਸੀ, ਉਸ ਬਾਰੇ ਮੈਂ ਹੁਣ ਇਹ ਕਿਵੇਂ ਲਿਖਾਂ ਕਿ ਮਾਸੀ ਦੇ ਵਿਹੜੇ ਅੱਜ ਕੋਈ ਵੀ ਨਹੀਂ ਜਾਂਦਾ। ਜਦੋਂ ਦਾ ਪਿੰਡ ਸ਼ਹਿਰ ਬਣਿਆ ਹੈ, ਓਦੋਂ ਦਾ ਲੋਕੀਂ ਉਸ ਦਾ ਹਾਸਾ ਸੁਣ ਕੇ ਉਸ ਨੂੰ ਹਾਸੋ ਮਾਸੀ ਨਹੀਂ, ਸਗੋਂ ਕਮਲੀ ਬੁੱਢੀ ਆਖਣ ਲੱਗ ਪਏ ਹਨ। ਭੈਣ ਨੂੰ ਇਹ ਸੱਚ ਵੀ ਕਿਵੇਂ ਲਿਖਾਂ ਕਿ ਆਪਣੇ ਪਿੰਡ ਦੀਆਂ ਉਹ ਗਲੀਆਂ, ਜਿੱਥੇ ਸ਼ਾਮ ਵੇਲੇ ਆਂਢ-ਗੁਆਂਢ ਦੇ ਨਿਆਣੇ ਇਕੱਠੇ ਹੋ ਕੇ ਪਿੱਠੂ, ਬੰਟੇ, ਗੁੱਲੀ ਡੰਡਾ, ਬਾਂਦਰ ਕਿੱਲਾ ਖੇਡਿਆ ਕਰਦੇ ਸਨ, ਹੁਣ ਉਹ ਗਲੀਆਂ ਖੌਰੇ ਕਿਉਂ ਸੁੰਨੀਆਂ ਪਈਆਂ ਹਨ। ਤਾਰ ਵਾਲੇ ਰਹੀਮ ਚਾਚਾ ਜਿਸ ਦੇ ਹੱਥਾਂ ਵਿੱਚ ਪਿੰਡ ਵਾਲਿਆਂ ਦੇ ਹਾਸੇ ਅਤੇ ਹੰਝੂ ਹੋਇਆ ਕਰਦੇ ਸਨ, ਹੁਣ ਉਸ ਨੇ ਵੀ ਪਿਛਲੇ ਮਹੀਨੇ ਤੋਂ ਪਿੰਡ ਆਉਣਾ ਬੰਦ ਕਰ ਦਿੱਤਾ ਹੈ। ਭੈਣ ਨੂੰ ਇਹ ਵੀ ਕਿਸ ਤਰ੍ਹਾਂ ਲਿਖਾਂ ਕਿ ਸਰ੍ਹੋਂ ਦੇ ਉਹ ਹਰੇ-ਭਰੇ ਖੇਤ ਅਤੇ ਉਨ੍ਹਾਂ ਵਿੱਚੋਂ ਲੰਘਦੀਆਂ ਟੇਢੇ-ਮੇਢੇ ਮੌੜਾਂ ਵਾਲੀਆਂ ਕੱਚੀਆਂ ਪਹੀਆਂ ਨਾਲ ਜੁੜੀਆਂ ਉਸ ਦੀਆਂ ਯਾਦਾਂ ਨੂੰ ਅਸਮਾਨ ਛੂਹ ਰਹੀਆਂ ਇਮਾਰਤਾਂ ਨੇ ਆਪਣੇ ਭਾਰ ਹੇਠਾਂ ਦੱਬ ਲਿਆ ਹੈ।

ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਭੈਣ ਨੂੰ ਖ਼ਤ ਵਿੱਚ ਲਿਖਣ ਵਾਸਤੇ ਮੇਰੇ ਕੋਲ ਕੁਝ ਵੀ ਨਹੀਂ ਹੈ।ਮੈਂ ਖ਼ੁਦ ਉਸ ਭੈਣ ਤੋਂ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸੀ, ਜਿਸ ਨੇ ਕਦੀ ਇਹ ਨਹੀਂ ਸੀ ਚਾਹਿਆ ਕਿ ਮੇਰਾ ਨਿੱਕਾ ਵੀਰ ਮੈਥੋਂ ਕਦੀ ਹਾਰੇ।ਮੈਂ ਸੋਚ ਰਿਹਾ ਸੀ ਕਿ ਖ਼ੁਦ ਹਾਰ ਕੇ ਮੈਨੂੰ ਜਿਤਾਉਣ ਵਾਲੀ ਭੈਣ ਇਸ ਵਾਰ ਚਾਅ ਕੇ ਵੀ ਮੈਨੂੰ ਜਿਤਾ ਨਹੀਂ ਪਾਵੇਗੀ।ਮੈਂ ਮੇਜ਼ ਉੱਤੋਂ ਆਪਣੀਆਂ ਕੁਹਨੀਆਂ ਨੂੰ ਚੁੱਕਿਆ ਅਤੇ ਕੋਰੇ ਕਾਗਜ਼ ’ਤੇ ਬਸ ਇੰਨਾ ਲਿਖ ਕੇ ਉਸ ਨੂੰ ਲਿਫ਼ਾਫੇ ਵਿੱਚ ਪਾ ਦਿੱਤਾ।

‘ਭੈਣ, ਮੈਂ ਇਸ ਵਾਰ ਤੈਥੋਂ ਹਾਰ ਗਿਆ। ਮੈਨੂੰ ਮੁਆਫ਼ ਕਰ ਦਵੀਂ, ਤੇਰੀਆਂ ਯਾਦਾਂ ਨੂੰ ਮੈਂ ਬਚਾ ਨਹੀਂ ਸਕਿਆ, ਪਰ ਤੁਸੀਂ ਪਿੰਡ ਜਲਦੀ ਪਰਤ ਆਉਣਾ। ਤੇਰਾ ਨਿੱਕਾ ਵੀਰ।’

ਈ-ਮੇਲ: [email protected]

Comments

akshay

sach keha tusi

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ