Wed, 24 April 2024
Your Visitor Number :-   6996890
SuhisaverSuhisaver Suhisaver

ਮੰਗਾ ਸਿੰਘ ਦੀਆਂ ਵਲਾਇਤੀ ਬੋਲੀਆਂ -ਅਵਤਾਰ ਸਿੰਘ ਬਿਲਿੰਗ

Posted on:- 10-07-2012

suhisaver

ਬੀੜ ਬੰਸੀਆਂ (ਜਲੰਧਰ) ਤੋਂ 34 ਸਾਲ ਪਹਿਲਾਂ ਕੈਨੇਡਾ ਜਾ ਵੱਸੇ ਐੱਮ. ਏ. ਪਾਸ ਮੰਗਾ ਸਿੰਘ ਬਾਸੀ ਨੇ ਉੱਥੋਂ ਦੇ ਸਮੁੱਚੇ ਜੀਵਨ ਨੂੰ ਆਪਣੀਆਂ ਬੋਲੀਆਂ ਵਿੱਚ ਬਾਖ਼ੂਬੀ ਬਿਆਨ ਕੀਤਾ ਹੈ। ਬੋਲੀਆਂ ਲਿਖ ਕੇ ਅਤੇ ਪਾ ਕੇ ਜਿੱਥੇ ਉਹ ਆਪਣੇ ਓਦਰੇ ਮਨ ਨੂੰ ਤਸੱਲੀਆਂ ਦਿੰਦਾ ਰਿਹਾ ਹੈ, ਉੱਥੇ ਸਮੇਂ ਦੇ ਬੀਤਣ ਨਾਲ ਜੀਵਨ ਵਿੱਚ ਸਾਵਾਂਪਣ ਤੇ ਖ਼ੁਸ਼ਹਾਲੀ ਆ ਜਾਣ ਨਾਲ ਪੂਰੇ ਪੰਜਾਬੀ ਸਮਾਜ ਦਾ ਨਕਸ਼ਾ ਵੀ ਉਸ ਨੇ ਬੋਲੀਆਂ ਰਾਹੀਂ ਖਿੱਚਿਆ ਹੈ।

ਇਹ ਤਾਂ ਕਿਸੇ ਨੂੰ ਭੁੱਲਿਆ ਨਹੀਂ ਕਿ ਕੈਨੇਡਾ ਵਿੱਚ ਸਭ ਨੂੰ ਕਰੜੀ ਮੁਸ਼ੱਕਤ ਕਰਨੀ ਪੈਂਦੀ ਹੈ। ਚਿੱਟ ਕੱਪੜੀਏ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਉੱਥੇ ਡਟ ਕੇ ਮਿਹਨਤ ਕਰਦੇ ਹਨ। ਨਹੀਂ ਤਾਂ ਦੂਜੇ ਦਿਨ ਕੰਮ ਤੋਂ ਜਵਾਬ ਮਿਲ ਜਾਂਦਾ ਹੈ। ਇਸ ਸਭ ਨੂੰ ਉਸ ਨੇ ਬੋਲੀਆਂ ਦੇ ਰੂਪ ਵਿੱਚ ਪਰੋਇਆ ਹੈ, ਜਿਵੇਂ:

ਅੱਖੀਆਂ ਦੇ ਵਿੱਚ ਬੂਰਾ ਰੜਕੇ,
ਖੜਕਾ ਸੁਨਣ ਨਾ ਦੇਵੇ।
ਵਾਂਗ ਮਸ਼ੀਨਾਂ ਚੱਲਦੀ ਜਿੰਦੜੀ
ਪਲ ਭਰ ਚੈਨ ਨਾ ਆਵੇ।
ਕੜੀਆਂ ਵਰਗੇ ਖਿੱਚੀਏ ਫੱਟੇ,
ਦਿਲ ਅੰਦਰੋਂ ਘਬਰਾਵੇ,
ਘੂਰੀ ਮਾਲਕ ਦੀ,
ਚੀਰ ਕਾਲਜਾ ਜਾਵੇ…।
ਔਰਤਾਂ, ਕੁੜੀਆਂ-ਬੁੜ੍ਹੀਆਂ ਸਭ ਨੂੰ ਬੇਰੀ ਦੇ ਫਾਰਮਾਂ ਵਿੱਚ ਖ਼ੂਨ-ਪਸੀਨਾ ਡੋਲ੍ਹਣਾ ਪੈਂਦਾ ਹੈ:

ਕਿਹੜੀਆਂ ਧੁੱਪਾਂ ਕਿਹੜੀਆਂ ਛਾਵਾਂ,
ਕਿਹੜੀਆਂ ਮੌਜ ਬਹਾਰਾਂ।
ਵਿੱਚ ਫਾਰਮਾਂ ਮਿੱਟੀ ਬਣੀਆਂ,
ਪੰਜਾਬ ਦੀਆਂ ਮੁਟਿਆਰਾਂ।
ਨਹਾਉਣ-ਧੋਣ ਦਾ ਵਿਹਲ ਨਾ ਮਿਲਦਾ,
ਕੂੰਜਾਂ ਭੁੱਲੀਆਂ ਡਾਰਾਂ।
ਜਗਦੀਆਂ ਜੋਤਾਂ ਨੂੰ,
ਬਰਫ਼ ਮੰਨਾਈਆਂ ਹਾਰਾਂ…।


ਉਥੇ ਸਭਨਾਂ ਨੂੰ ਕੰਮ ਕਰਨਾ ਪੈਂਦਾ ਹੈ ਨਹੀਂ ਤਾਂ ਘਰ ਦਾ ਗੁਜ਼ਾਰਾ ਤੋਰਨਾ ਮੁਸ਼ਕਲ ਹੋ ਜਾਂਦਾ ਹੈ। ਨਹੀਂ ਤਾਂ ਜੇ ਮਕਾਨ ਦੀਆਂ ਕਿਸ਼ਤਾਂ ਨਾ ਮੁੜੀਆਂ ਤਾਂ ਮਕਾਨ ਹੱਥੋਂ ਖੁੱਸ ਜਾਵੇਗਾ ਅਤੇ ਪਹਿਲਾਂ ਖਰਚਿਆ ਪੈਸਾ ਵੀ ਖੂਹ-ਖਾਤੇ ਜਾ ਪਵੇਗਾ:

ਸ਼ਿਫਟ ਬਦਲਵੀਂ ਕੰਮ ਹੈ ਭਾਰਾ,
ਭੱਜ ਕਿਧਰ ਨੂੰ ਜਾਈਏ।
ਕਿਸ਼ਤਾਂ ਜਾਨ ਸੂਲੀ ‘ਤੇ ਟੰਗੀ,
ਕਿਹੜਾ ਰਾਹ ਅਪਣਾਈਏ।
ਜੇ ਘਰ ਦੀ ਕਿਸ਼ਤ ਮੁੜੀ ਨਾ,
ਸਾਰੀ ਖੱਟੀ ਗੁਆਈਏ।
ਸੁਣਦੇ ਸੁਰਗ ਰਹੇ,
ਵੈਣ ਨਰਕ ਦੇ ਪਾਈਏ…।


ਐਪਰ ਪੰਜਾਬੀਆਂ ਨੂੰ ਪਰਦੇਸਾਂ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਦੇਸ਼ ਵਿੱਚ ਨਾ ਕਿਰਤ ਦੀ ਕਦਰ ਪੈਂਦੀ ਹੈ ਤੇ ਨਾ ਹੀ ਗੁਣ ਨੂੰ ਪਰਖਿਆ ਜਾਂਦਾ ਹੈ। ਇਸ ਲਈ ਭਵਿੱਖ ਦੀ ਸੁਰੱਖਿਆ ਲਈ ਬਹੁਗਿਣਤੀ ਪੰਜਾਬੀ ਬਾਹਰ ਨੂੰ ਭੱਜਦੇ ਹਨ:

ਜੇਕਰ ਕਦਰ ਦੇਸ਼ ਵਿੱਚ ਪੈਂਦੀ,
ਨਾ ਪਰਦੇਸੀਂ ਆਉਂਦੇ।
ਚੜ੍ਹਦੇ ਹੁਸਨ ਦੇ ਖਿੜਦੇ ਫੁੱਲ ਨੂੰ, ਕਿਉਂ ਥੋਹਰਾਂ ਗਲ ਪਾਉਂਦੇ।
ਅੱਧ ਰਿੜਕੇ ਤੋਂ ਪਾਸਾ ਵੱਟ ਕੇ,
ਲੱਸੀ ਮੂੰਹ ਨਾ ਲਾਉਂਦੇ।
ਪਿੰਡ ਦੀਆਂ ਗਲੀਆਂ ਵਿੱਚ,
ਢੋਲੇ ਮਾਹੀਆ ਗਾਉਂਦੇ…।


ਉਥੇ ਜਾ ਕੇ ਖਾਣਾ-ਪੀਣਾ ਤਾਂ ਭੁੱਲਦਾ ਹੀ ਹੈ, ਗਾਉਣ-ਵਜਾਉਣ ਵੀ ਬਦਲ ਜਾਂਦਾ ਹੈ। ਨਵੀਂ ਧਰਤੀ, ਨਵੇਂ ਸੱਭਿਆਚਾਰ ਦਾ ਰੰਗ ਤਾਂ ਚੜ੍ਹਨਾ ਹੀ ਹੋਇਆ।

ਡਿਸਕੋ ਸਾਹਵੇਂ ਗੀਤ ਸਿੱਠਣੀਆਂ,
ਮੰਨਦੇ ਜਾਵਣ ਹਾਰਾਂ।
ਦੇਸ ਪੰਜਾਬ ਦੀਆਂ,
ਗਿੱਧਾ ਭੁੱਲ ਗਈਆਂ ਮੁਟਿਆਰਾਂ।
ਨਾ ਚੁੱਕਦੇ ਬੋਲੀ ਨੂੰ,
ਮੈਂ ਕਹਿ-ਕਹਿ ਥੱਕ ਗਿਆ ਯਾਰਾ।
ਰੀਸਾਂ ਰਹਿਣ ਦੀਆਂ,
ਕਈ ਪੱਟਤੇ ਮਹਿੰਗੀਆਂ ਕਾਰਾਂ।
ਦੱਬ ਲਏ ਕਿਸ਼ਤਾਂ ਨੇ,
ਖੱਟਣ ਭੇਜੇ ਪਰਿਵਾਰਾਂ…।


ਵਿਦੇਸ਼ੀਂ ਵੱਸਦੇ ਪੰਜਾਬੀਆਂ ਦਾ ਮੁਢਲਾ ਜੀਵਨ ਏਨੀਆਂ ਔਕੜਾਂ ਮੁਸ਼ੱਕਤਾਂ ਨਾਲ ਭਰਿਆ ਹੁੰਦਾ ਹੈ ਪਰ ਏਧਰ ਵਸਦੇ ਸਾਕ-ਸਬੰਧੀ ਖ਼ਤਾਂ-ਫੋਨਾਂ ਰਾਹੀਂ ਗਿਲੇ-ਸ਼ਿਕਵੇ ਕਰਕੇ ਹੋਰ ਸਤਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਬਾਹਰਲੇ ਮੁਲਕ ਜਾਣ ਦੀ ਤਾਂਘ ਪੂਰੀ ਨਹੀਂ ਹੁੰਦੀ:

ਰਿਸ਼ਤੇਦਾਰ ਜੋ ਭਾਰਤ ਰਹਿੰਦੇ,
ਜਦ ਵੀ ਨੇ ਖ਼ਤ ਪਾਉਂਦੇ।
ਇੱਕ-ਇੱਕ ਕਰਕੇ ਸੱਦ ਲਏ ਲੋਕਾਂ,
ਸਾਨੂੰ ਨਹੀਂ ਬੁਲਾਉਂਦੇ।
ਇੱਕ ਤਾਂ ਕਹਿੰਦੇ ਕੁੜੀ ਮੰਗਾਵੋ,
ਦੂਜੇ ਪੱਤਰ ਲਿਖਾਉਂਦੇ।
ਜਦ ਵੱਸ ਨਹੀਂ ਚਲਦਾ,
ਨਾ ਭੈਣ ਨੂੰ ਵੀਰ ਬੁਲਾਉਂਦੇ…।


ਓਧਰ ਪਹਿਲਾਂ ਜਾ ਵਸੀਆਂ ਦੇ ਦੁੱਖ ਵੀ ਸੁਣ ਲਵੋ, ਜਿਹੜੀਆਂ ਅਜੋੜ ਵਿਆਹਾਂ ਦੀਆਂ ਸਤਾਈਆਂ ਆਪਣੇ ਜਣਦਿਆਂ ਨੂੰ ਰੋਂਦੀਆਂ ਹਨ:

ਕੈਨੇਡਾ ਦੀਆਂ ਕੀ ਨੇ ਬਾਤਾਂ,
ਸੁਣ ਵੇ ਸੋਹਣਿਆਂ ਚੰਨਾ।
ਅਕਲੋਂ ਬੂਝੜ ਦੇਸੋਂ ਜਾ ਕੇ,
ਵਿਆਹੁਣ ਸੋਹਣੀਆਂ ਰੰਨਾਂ।
ਕੰਨੀਂ ਸੁਣਿਆ ਸੱਚ ਨਾ ਆਵੇ,
ਦੇਖ-ਦੇਖ ਕੇ ਮੰਨਾਂ।
ਐਮ ਏ ਪਾਸ ਕੁੜੀ,
ਕੰਤ ਬਣ ਗਿਆ ਧੰਨਾ।


ਅਜਿਹੇ ਸਿਰਨਰੜ ਸਾਥੀ ਵਿਆਹ ਕੇ ਕਿਹੜੇ ਘੱਟ ਗੁਜ਼ਾਰਦੇ ਹਨ। ਉਨ੍ਹਾਂ ਨੂੰ ਅਨੇਕਾਂ ਐਬ ਚਿੰਬੜੇ ਹੁੰਦੇ ਨੇ। ਔਰਤ ਨੂੰ ਖੇਤਾਂ ਵਿੱਚ ਰੁਲਣਾ ਪੈਂਦਾ ਹੈ ਅਤੇ ਘਰ ਦਾ ਧੰਦਾਲ ਵੀ ਸੰਭਾਲਣਾ ਪੈਂਦਾ ਹੈ:

ਮੈਂ ਤਾ ਰੁਲਦੀ ਵਿੱਚ ਫਾਰਮ ਦੇ,
ਤੂੰ ਬੋਤਲ ਲੈ ਆਵੇਂ।
ਗਟ-ਗਟ ਕਰਕੇ ਸਾਰੀ ਪੀ ਕੇ,
ਸ਼ੋਰ-ਸ਼ਰਾਬਾ ਪਾਵੇ।
ਤੱਕ-ਤੱਕ ਤੈਨੂੰ ਬਾਲ ਵਿਲਕਦੇ,
ਤੂੰ ਖਾਨੇ ਨਾ ਪਾਵੇਂ।
ਖ਼ੁਸ਼ੀਆਂ ਟੱਬਰ ਦੀਆਂ,
ਤੂੰ ਢੋਰਾ ਬਣ ਖਾਵੇ…।


ਅਣਬਣ ਦੀ ਗੱਲ ਤਲਾਕ ਤਕ ਪਹੁੰਚ ਸਕਦੀ ਹੈ, ਜਿਸ ਨੂੰ ਸੁਣ ਕੇ ਬੇਵੱਸ ਮੁਟਿਆਰ ਕੰਬ ਜਾਂਦੀ ਹੈ ਕਿਉਂਕਿ ਬਾਲਾਂ ਬਾਰੇ ਆਖ਼ਰ ਸੋਚਣਾ ਤਾਂ ਉਸ ਨੂੰ ਪੈਣਾ ਹੈ:

ਏਹ ਕਿਹੜੀ ਗੱਲ ਤੋਰੀ ਮਿੱਤਰਾ,
ਵਣਜ ਤਲਾਕ ਨਿਆਰੇ।
ਬੱਚੇ ਰੁਲਦੇ ਮਦਦ-ਘਰਾਂ ਵਿੱਚ,
ਜਿੰਦ ਦੇ ਡੁੱਬਣ ਸਿਤਾਰੇ।
ਹੋ ਜਾਂਦੇ ਨੇ ਵਾਂਗ ਠੀਕਰੀ,
ਲੱਖਾਂ ਡਾਲਰ ਤਾਰੇ।
ਸ਼ਬਦ ‘ਡਿਵੋਰਸ’ ਨੇ,
ਮਹਿਲ ਬਣਾਏ ਢਾਰੇ…।


ਭਾਰਤੀ ਪੰਜਾਬ ਵਾਲੀ ਗੁਲਾਮੀ ਪਰ ਇੱਥੇ ਨਹੀਂ ਹੈ। ਇੱਥੋਂ ਦੀ ਔਰਤ ਪਰਾਇਆ ਧਨ ਨਹੀਂ, ਨਾ ਹੀ ਉਹ ਮਰਦ ਦੀ ਧਿੰਗੇੜ ਜ਼ਿਆਦਾ ਦੇਰ ਝੱਲ ਸਕਦੀ ਹੈ। ਉਹ ਮਾਪਿਆਂ ਨੂੰ ਵੀ ਵੰਗਾਰਨਾ ਜਾਣਦੀ ਹੈ:

ਨੀਂ ਮਾਏ ਕੰਨ ਕਰਕੇ ਸੁਣ ਲੈ,
ਮੈਂ ਤੈਨੂੰ ਸਮਝਾਵਾਂ।
ਧਨ ਪਰਾਇਆ ਮੈਂ ਨਹੀਂ ਅੜੀਏ,
ਆਪੇ ਕਦਮ ਉਠਾਵਾਂ।
ਸੌੜੀਆਂ ਸੋਚਾਂ ਟੰਗ ਕੇ ਕਿੱਲੀ,
ਨਵੇਂ ਰਿਵਾਜ ਬਣਾਵਾਂ।
ਹੱਕ ਦੇ ਚਰਖੇ ‘ਤੇ,
ਤੰਦ ਕਿਰਨਾਂ ਦੀ ਪਾਵਾਂ…।


ਬੇਸ਼ੱਕ ਏਥੇ ਉਹ ਧੰਦੇ ਅਪਨਾਉਣੇ ਪੈਂਦੇ ਹਨ ਜਿਨ੍ਹਾਂ ਨੂੰ ਭਾਰਤੀ ਪੰਜਾਬ ਵਿੱਚ ਨਿਗੂਣਾ ਸਮਝਿਆ ਜਾਂਦਾ ਹੈ ਪਰ ਕਿਰਤ ਹੀ ਇੱਥੋਂ ਦੀ ਅਸਲ ਪੂੰਜੀ ਹੈ। ਇੱਥੇ ਸਬਰ-ਸ਼ੁਕਰ ਵਾਲੇ ਵੀ ਘੱਟ ਹੀ ਮਿਲਦੇ ਹਨ।

ਟਰੱਕ, ਟੈਕਸੀ, ਮਿੱਲ, ਫਾਰਮ-ਕੰਮ,
ਸਾਡੇ ਲੇਖ ਲਿਖਾਇਆ।
ਜਾਂ ਫੇਰ ਵਿਰਲੇ-ਵਾਂਡੇ ਲੋਕਾਂ,
ਘਰ ਦਾ ਵਣਜ ਚਲਾਇਆ।
ਤੁਰ ਪਏ ਵਾਂਗ ਓਪਰੇ ਪਾਂਧੀ,
ਰਾਹ ਕੋਈ ਮੇਚ ਨਾ ਆਇਆ।
ਸਬਰ ਗੁਆਚ ਗਿਆ,
ਜੀਵਨ ਚੱਕਰ ਬਣਾਇਆ…।


ਸਮੇਂ ਦੇ ਬੀਤਣ ਨਾਲ ਪੰਜਾਬੀ ਲੋਕ, ਮਿਹਨਤਾਂ ਕਰਕੇ ਆਰਾਮ ਤਲਬੀ ਵਾਲਾ ਜੀਵਨ ਵੀ ਅਪਣਾਅ ਲੈਂਦੇ ਹਨ ਜਿਵੇਂ ਵਲਾਇਤੀ ਬੋਲੀਆਂ ਪਾਉਣ ਵਾਲਾ ਮੰਗਾ ਸਿੰਘ ਅੱਜ 34 ਸਾਲਾਂ ਦੀ ਕਰੜੀ ਕਮਾਈ ਮਗਰੋਂ ਕਰੋੜਾਂ ਪਤੀ ਠੇਕੇਦਾਰ ਤੇ ਮੋਟਰ-ਮਾਲਕ ਬਣ ਚੁੱਕਿਆ ਹੈ।

ਮਹਿਲਾਂ ਵਰਗੀ ਰਹਿਣੀ ਏਥੇ,
ਚਲਣ ਮਰਸਡੀ ਕਾਰਾਂ।
ਮਹਿਲ ਜਿਹਾ ਇੱਕ ਘਰ ਬਣਵਾ ਕੇ,
ਧਾਂਕ ਜਮਾ ਲਈ ਯਾਰਾਂ।
ਨੱਕ ਚੜ੍ਹਾਵਣ ਫਾਰਮ ਤੋਂ ਹੁਣ,
ਪੜ੍ਹ ਲਿਖ ਕੇ ਮੁਟਿਆਰਾਂ।
ਜਿਊਣ ਪੰਜਾਬੀ ਦਾ,
ਫੁੱਲ ਬਣ ਕੇ ਵਿੱਚ ਖਾਰਾਂ…।


ਅਜਿਹੇ ਘਰ ਵਿੱਚ ਸਾਰੀਆਂ ਸੁੱਖ-ਸਹੂਲਤਾਂ ਵੀ ਹਨ ਅਤੇ ਹੁਣ ਸਾਰੀ ਦੁਨੀਆਂ ਦੀ ਸੋਝੀ ਵੀ ਹੋਣ ਲੱਗ ਪਈ ਹੈ:-

ਰਹਿਣੀ-ਬਹਿਣੀ ਵੱਖਰੀ ਏਥੇ,
ਘਰ ਘਰ ਫੋਨ ਲਗਾਏ।
ਵੰਨ-ਸੁਵੰਨੇ ਦਰੀ-ਗਲੀਚੇ,
ਮਨ-ਭਾਉਂਦੇ ਵਿਛਵਾਏ।
ਵਿਹੜੇ ਦਾ ਘਾਹ ਕੱਟ ਕੇ ਰੱਖਦੇ,
ਫੁੱਲ ਬੂਟੇ ਲਗਵਾਏ।
ਜੱਗ ਦੀਆਂ ਖ਼ਬਰਾਂ ਨੂੰ,
ਟੀ.ਵੀ. ਘਰੀਂ ਪਹੁੰਚਾਏ…।


ਸੁੱਖ ਸਹੂਲਤਾਂ ਦੇ ਨਾਲੋ-ਨਾਲ ਖਾਣ-ਪਹਿਨਣ ਦੀ ਕੋਈ ਤੰਗੀ ਨਹੀਂ, ਸਰੀਰਕ ਸਜਾਵਟ ਲਈ ਬੜਾ ਕੁਝ ਮਿਲਦਾ ਹੈ। ਹਾਰ-ਸ਼ਿੰਗਾਰ ਦੀ ਘਾਟ ਵੀ ਪੂਰੀ ਕੀਤੀ ਜਾ ਸਕਦੀ ਹੈ। ਐਪਰ ਖ਼ੁਦਗਰਜ਼ੀ ਤੋਂ ਪਿੱਛਾ ਕਿਵੇਂ ਛੁਡਾਇਆ ਜਾਵੇ।

ਗਹਿਣੇ-ਗੱਟੇ ਦੀ ਥੋੜ੍ਹ ਨਾ ਏਥੇ,
ਖਾਈਏ ਜੋ ਮਨਭਾਉਂਦਾ।
ਡਾਲਰ ਜੋੜ ਖਰੀਦੀ ਧਰਤੀ,
ਪਰ ਮਨ ਨਹੀਂ ਅਪਨਾਉਂਦਾ।
ਆਪ ਬੀਜ ਕੇ ਬਿਰਖ ਦੇਖ ਲਏ,
ਛਾਵੇਂ ਕੌਣ ਬਿਠਾਉਂਦਾ।
ਬਿਨ ਖ਼ੁਦਗਰਜ਼ੀ ਤੋਂ,
ਮਿਲਣ ਕੋਈ ਨਾ ਆਉਂਦਾ…।


ਆਪੇ ਪਾਲੇ, ਪਰਵਾਨ ਚੜ੍ਹਾਏ ਜਵਾਕ ਹੁਣ ਆਪ ਹੁਦਰੇ ਹੋ ਚੁੱਕੇ ਹਨ। ਜਿਨ੍ਹਾਂ ਬੇਰੀ ਫਾਰਮਾਂ ਵਿੱਚ ਰੁਲ ਕੇ ਆਪਣੀ ਜ਼ਿੰਦਗੀ ਟੱਬਰ ਦੇ ਲੇਖੇ ਲਾ ਦਿੱਤੀ, ਉਨ੍ਹਾਂ ਬੀਬੀਆਂ ਦਾ ਪਰਾਈਆਂ ਜਾਈਆਂ ਬਾਤ ਨਹੀਂ ਪੁੱਛਦੀਆਂ ਹਨ।

ਇਕੱਠੀਆਂ ਹੋ ਕੇ ਪੰਜ ਸੱਤ ਬੁੱਢੀਆਂ,
ਬਾਤ ਦਿਲਾਂ ਦੀ ਤੋਰੀ।
ਇੱਕ ਕਹਿੰਦੀ ਮੇਰੀ ਨੂੰਹ ਨੇ ਕੇਸੀਂ,
ਪਾਈ ਕਦੇ ਨਾ ਡੋਰੀ।
ਦੂਜੀ ਬੋਲੀ ਛੱਡ ਨੀਂ ਭੈਣੇਂ,
ਬਣਨਾ ਚਾਹੁੰਦੀ ਗੋਰੀ।
ਤੀਜੀ ਆਖੇ ਸੰਗ ਸ਼ਰਮ ਕੋਈ,
ਲੈ ਗਿਆ ਕਰਕੇ ਚੋਰੀ।
ਏਥੇ ਬੁੱਢਿਆਂ ਦੀ,
ਬਣਦਾ ਕੌਣ ਡੰਗੋਰੀ…।


ਪੋਤੇ-ਪੋਤੀਆਂ ਵਾਲੀ ਪੀੜ੍ਹੀ ਤਾਂ ਉੱਕੀ ਹੀ ਆਗਿਆਕਾਰੀ ਨਹੀਂ ਹੈ। ਪੀੜ੍ਹੀ ਪਾੜਾ ਜਾਂ ਪੱਛਮ ਦਾ ਪ੍ਰਭਾਵ ਅਜਿਹਾ ਪਿਆ ਹੈ:

ਪੋਤੇ ਪੋਤੀਆਂ ਨਾਲ ਜੇ ਬੋਲਾਂ,
ਅੱਖੀਆਂ ਕੱਢ ਦਿਖਾਉਂਦੇ।
ਮੇਰੇ ਪੱਲੇ ਤਾਂ ਕੁਝ ਨਹੀਂ ਪੈਂਦਾ,
ਗਿੱਟ-ਮਿੱਟ ਕਰ ਸਮਝਾਉਂਦੇ।
ਮੈਂ ਜਦ ਦਿਲ ਦੀ ਖੋਲ੍ਹ ਸੁਣਾਵਾਂ,
ਇਹ ਖਾਨੇ ਨਾ ਪਾਉਂਦੇ।
ਭੁੱਲ ਕੇ ਸਤਲੁਜ ਨੂੰ,
ਵਿੱਚ ‘ਫਰੋਜ਼ਰ’ ਨ੍ਹਾਉਂਦੇ…।


ਅਖੀਰ ਪਹਿਲੀ ਪੀੜ੍ਹੀ ਨੂੰ ਭਾਣਾ ਮੰਨਣਾ ਪੈਂਦਾ ਹੈ। ਜੀਵਨ ਨਾਲ ਸਮਝੌਤਾ ਕਰਨਾ ਸਮੇਂ ਦੀ ਲੋੜ ਹੈ ਪਰ ਉਸ ਨੂੰ ਸਹੂਲਤਾਂ ਦੀ ਵੀ ਕੋਈ ਘਾਟ ਨਹੀਂ। ਉਮਰ ਭਰ ਦੀ ਕਮਾਈ ਆਖਰ ਰੰਗ ਲਿਆਈ;

ਮੈਂ ਕੀ ਲੈਣਾ ਕਿਸੇ ਤੋਂ ਬੀਬਾ,
ਗੱਲ ਸੁਣ ਲੈ ਮਨ ਲਾ ਕੇ।
ਚੜ੍ਹੇ ਮਹੀਨੇ ਪੈਨਸ਼ਨ ਦਾ ਚੈੱਕ,
ਰੱਖਦੀ ਬੈਂਕ ਵਿੱਚ ਜਾ ਕੇ।
ਮਨਭਾਉਂਦਾ ਮੈਂ ਖਾਣਾ-ਖਾਵਾਂ,
ਪਹਿਨਾ ਸਿਲਕ ਸੁਆ ਕੇ।
ਦੂਰੀ ਵਤਨਾਂ ਦੀ,
ਬੈਠੀ ਮਨ ਸਮਝਾ ਕੇ…।


ਰਾਜਨੀਤਿਕ ਪੱਖ ਤੋਂ ਸਰਕਾਰੇ ਦਰਬਾਰੇ ਭਾਈਵਾਲੀ ਤੇ ਮਾਨਸਿਕ ਪੱਖ ਤੋਂ ਸਾਵਾਂਪਣ ਆਉਣ ਮਗਰੋਂ ਪਰਦੇਸ ਵੀ ਹੁਣ  ਪੰਜਾਬੀਆਂ ਨੂੰ ਆਪਣਾ ਲੱਗਣ ਲੱਗ ਪਿਆ ਹੈ ਤੇ ਪੰਜਾਬ ਤਾਂ ਪਹਿਲਾਂ ਹੀ ਆਪਣਾ ਹੈ;

ਕਾਹਤੋਂ ਹੁਣ ਪਰਦੇਸ ਕਹਾਈਏ,
ਜਦ ਚਾਹੀਏ ਮੁੜ ਜਾਈਏ।
ਇੱਕ ਚਿੱਤ ਕਰਦਾ ਝਾਕ ਪਿੱਛੇ ਦੀ,
ਮਨ ਤੋਂ ਦੂਰ ਭਜਾਈਏ।
ਇੱਕ ਚਿੱਤ ਕਰਦਾ ‘ਬੀੜ ਬੰਸੀਆਂ’,
ਪਿੰਡ ਵਿੱਚ ਬੰਗਲਾ ਪਾਈਏ।
ਹਾੜ੍ਹ ਮਹੀਨੇ ਤੂਤਾਂ ਹੇਠ,
ਦਿਲ ਦੀ ਮਹਿਫ਼ਲ ਲਾਈਏ।
ਭੁੱਲ ਗਏ ਗੀਤਾਂ ਨੂੰ,
ਮੁੜ ਮਿੱਤਰਾਂ ਵਿੱਚ ਗਾਈਏ…।


ਪਰਦੇਸ਼ੀ ਵਸਦੇ ਇਸ ਉੱਘੇ ਸ਼ਾਇਰ ਨੇ ਭਾਵੇਂ ਕਵਿਤਾ ਦੀਆਂ ਪੰਜ ਕਿਤਾਬਾਂ -’ਵਿੱਚ ਪਰਦੇਸਾਂ ਦੇ’, ‘ਕੂੰਜਾਂ ਦਾ ਸਿਰਨਾਵਾਂ’, ‘ਮੈਂ ਅਤੇ ਕਵਿਤਾ’, ‘ਧਰਤਿ ਕਰੇ ਅਰਜ਼ੋਈ’ ਅਤੇ ‘ਬਰਫ਼ ਦਾ ਮਾਰੂਥਲ’ ਲਿਖੀਆਂ ਹਨ ਪਰ ਪਹਿਲੀਆਂ ਦੋ ਜੋ ਬੋਲੀ ਵਿਧਾ ਨੂੰ ਹੀ ਸਮਰਪਿਤ ਹਨ, ਲੋਕ ਸ਼ਾਇਰੀ ਦਾ ਖ਼ੂਬਸੂਰਤ ਨਮੂਨਾ ਹਨ।

Comments

Rajinder

Bahut khoob Abtar Billing ji Rooh kush ho gi lekh par k

channi sandhu

ਜੇਕਰ ਕਦਰ ਦੇਸ਼ ਵਿੱਚ ਪੈਂਦੀ, ਨਾ ਪਰਦੇਸੀਂ ਆਉਂਦੇ। ਚੜ੍ਹਦੇ ਹੁਸਨ ਦੇ ਖਿੜਦੇ ਫੁੱਲ ਨੂੰ, ਕਿਉਂ ਥੋਹਰਾਂ ਗਲ ਪਾਉਂਦੇ। Bilkul Sahi likhya gya vare jaiye iss kalam de jo dil diyan tarran nu lafza de rah paa rahi aa Super true about Foreign lief

Mangat Singh

rehn ,khan-peen dian sahooltan vadhia ne ,tan hi tan murn nu dil vi ni karda. baki ethe india c' kamm di kadar vi nahi karde.

ਜਗਬੀਰ ਸਿੰਘ

ਬਹੁਤ ਵਧੀਆ ਨਿਬੰਧ

Manga Basi

thank you all of you for the comments.

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ