Sat, 13 July 2024
Your Visitor Number :-   7183282
SuhisaverSuhisaver Suhisaver

ਨਕਸਲਬਾੜੀ ਲਹਿਰ ਦਾ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ - ਮਨਦੀਪ

Posted on:- 10-08-2015

suhisaver

12 ਅਗਸਤ, 1970 ਨੂੰ ਹਿੰਦ ਸਮਾਚਾਰ ’ਚ ਛਪੀ ਇਹ ਬੇਪਛਾਣ ਤਸਵੀਰ ਜਾਣੇ ਪਹਿਚਾਣੇ ਨਕਸਲੀਏ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ, ਬਾਬੂ ਸਿੰਘ ਤੇ ਦਲੀਪ ਸਿੰਘ ਦੀ ਹੈ। ਇਨ੍ਹਾਂ ਤਿੰਨਾਂ ਨੂੰ ਜੀਪਾਂ ਪਿੱਛੇ ਸੰਗਲਾਂ ਨਾਲ ਬੰਨ੍ਹ ਕੇ ਪਿੰਡੋ ਪਿੰਡ ਘੜੀਸਿਆ ਗਿਆ ਤੇ ਅਖੀਰ ਅੱਧਮੋਇਆਂ ਨੂੰ ਪੱਖੋਂ ਕੈਂਚੀਆਂ ਕੋਲ ਗੋਲੀਆਂ ਨਾਲ ਵਿੰਨ੍ਹ ਦਿੱਤਾ ਗਿਆ। ਇਨ੍ਹਾਂ ਤਿੰਨਾਂ ਦਾ ਗੁਨਾਹ ਸੀ ਕਿ ਇਹ ਦੇਸੀ ਬਦੇਸੀ ਲੁਟੇਰੀਆਂ ਤੇ ਜਾਬਰ ਹਕੂਮਤਾਂ ਕੋਲੋਂ ਆਪਣੇ ਦੇਸ਼ ਦੇ ਲੋਕਾਂ ਦੀ ਮੁਕਤੀ ਦੀ ਜੰਗ ਦੇ ਸਿਪਾਹੀ ਸਨ। ਇਹ ਮਜ਼ਦੂਰ ਕਿਸਾਨਾਂ ਦੀ ਰਾਜਸੱਤਾ ਚਾਹੁੰਦੇ ਸਨ। ਅਤੇ ਭਾਰਤੀ ਲੋਕਾਂ ਦੀ ਸੁਰੱਖਿਆ ਲਈ ਤਾਈਨਾਤ ਕੀਤੀ ਸੂਬਾ ਪੰਜਾਬ ਪੁਲਿਸ ਨੇ ਇਸ ਕਾਲੀ ਕਰਤੂਤ ਨੂੰ ਅੰਜਾਮ ਦਿੱਤਾ।

ਅਕਾਲੀ ਮੋਰਚਿਆਂ ਦੇ ਝੰਡਾਬਰਦਾਰ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਦੇ ਚੱਲਦਿਆਂ ਅਕਾਲੀ ਮੋਰਚੇ ਦੇ ਘੁਲਾਟੀਏ ਨਿਰੰਜਨ ਸਿੰਘ ਅਕਾਲੀ ਕਾਲਸਾਂ ਨੂੰ 75 ਸਾਲ ਦੀ ਉਮਰ ’ਚ ਇਸ ਤਰ੍ਹਾਂ ਕੋਹ ਕੋਹ ਕੇ ਮਾਰ ਦਿੱਤਾ ਗਿਆ ਅਤੇ ਉਤੋਂ ਪੁਲਿਸ ਮੁਕਾਬਲੇ ਦੀ ਝੂਠੀ ਕਹਾਣੀ ਘੜ੍ਹ ਕੇ ਉਹਨਾਂ ਲੋਕ ਮੁਕਤੀ ਲਈ ਜੂਝਣ ਵਾਲੇ ਜੋਧਿਆਂ ਨੂੰ ਬਦਨਾਮ ਕਰਨ ਦੀ ਹਰ ਵਾਹ ਲਾਈ ਗਈ।


ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਦਾ ਜੀਵਨ ਅਕਾਲੀ ਲਹਿਰ ਦੇ ਮੋਰਚਿਆਂ ਤੋਂ ਲੈ ਕੇ ਨਕਸਲਬਾੜੀ ਲਹਿਰ ’ਚ ਸਿਰੜ ਨਾਲ ਸ਼ਹੀਦ ਹੋਣ ਤੱਕ ਫੈਲਿਆ ਹੋਇਆ ਹੈ। ਅਕਾਲੀ ਮੋਰਚਿਆਂ ’ਚ ਵੱਧ ਚੜਕੇ ਸ਼ਾਮਲ ਹੋਣਾ, ਕਿਸਾਨ ਕਮੇਟੀਆਂ ਜੱਥੇਬੰਦ ਕਰਨ, ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਲੋਕਾਂ ’ਚ ਵੰਡਣ, ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ਆ ਕੇ ਨਕਸਲਬਾੜੀ ਲਹਿਰ ਦੇ ਪ੍ਰਭਾਵ ਹੇਠ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕਰਨ, ਉਨ੍ਹਾਂ ਦੇ ਸੰਘਰਸ਼ਾਂ ਦੀ ਅਗਵਾਈ ਕਰਨ, ਜੇਲ੍ਹਾਂ ਕੱਟਣ, ਪੈਪਸੂ ਲਹਿਰ ’ਚ ਕੰਮ ਕਰਨ, ਖੁਸ਼ ਹੈਸੀਅਤ ਟੈਕਸ ਮੋਰਚੇ ਉੱਤੇ ਜਾਣ ਆਦਿ ਦਾ ਇਕ ਲੰਮਾ ਅਤੇ ਸੰਘਰਸ਼ਸ਼ੀਲ ਜੀਵਨ ਉਸ 75 ਸਾਲਾ ਸਿਰੜੀ ਬਜ਼ੁਰਗ ਨੇ ਆਪਣੇ ਪਿੰਡੇ ਤੇ ਹੰਢਾਇਆ।

ਬਾਬਾ ਜੀ ਦਾ ਜੀਵਨ ਇਕੱਲਾ ਆਰਥਿਕ ਸਮਾਜਿਕ ਮਸਲਿਆਂ ਉਪਰ ਚੱਲੇ ਘੋਲਾਂ ’ਚ ਸ਼ਾਮਲ ਹੋਣ ਤੇ ਅਗਵਾਈ ਦੇਣ ਤੱਕ ਹੀ ਸੀਮਿਤ ਨਹੀਂ ਬਲਕਿ ਉਹ ਅਕਾਦਮਿਕ ਸਿੱਖਿਆ ਤੋਂ ਸੱਖਣੇ ਹੋਣ ਦੇ ਬਾਵਯੂਦ ਲਹਿਰ ਦੇ ਸਿਆਸੀ ਤੇ ਵਿਚਾਰਧਾਰਕ ਸਵਾਲਾਂ ਉਪਰ ਵੀ ਕਾਫੀ ਪਕੜ ਰੱਖਦੇ ਸਨ। ਜਿਸਦੀ ਇਕ ਮਿਸਾਲ 1961/62 ਦੌਰਾਨ ਸੋਧਵਾਦ ਦੀ ਪਟੜੀ ਤੇ ਚੜ੍ਹ ਚੁੱਕੀ ਸੀ. ਪੀ. ਆਈ. ਨਾਲੋਂ ਤੋੜ ਵਿਛੋੜਾ ਕਰਕੇ ਸੀ. ਪੀ. ਐਮ. ਤੇ ਬਾਅਦ ਵਿਚ ਨਕਸਲੀ ਲਹਿਰ ਵਿਚ ਕੰਮ ਕਰਨ, ਪਾਰਟੀ ਮੈਂਬਰਸ਼ਿਪ ਹਾਸਲ ਕਰਨ ਤੇ ਬਾਬਾ ਬੂਝਾ ਸਿੰਘ ਦੁਆਰਾ ਦਿੱਤੀ ਜਾਂਦੀ ਮਾਰਕਸਵਾਦੀ ਵਿੱਦਿਆ ਦੀ ਟਰੇਨਿੰਗ ਦੇ ਸਕੂਲ ਆਪਣੇ ਇਲਾਕੇ ਵਿੱਚ ਲਗਵਾਉਣ ਵਿਚ ਬਾਬਾ ਜੀ ਮੋਹਰੀ ਰਹਿੰਦੇ ਸਨ। ਉਹ ਨਕਸਲਬਾੜੀ ਨੂੰ ਲੋਕਾਂ ਦੀ ਮੁਕਤੀ ਦਾ ਅਸਲੀ ਮਾਰਗ ਮੰਨਦੇ ਸਨ।

ਆਪਣੇ ਇਲਾਕੇ ਵਿਚ ਪਾਰਟੀ ਦਾ ਪ੍ਰਚਾਰ ਕਰਨ, ਗੁਪਤ ਪਾਰਟੀ ਪੋਸਟਰ ਲਗਾਉਣ ਤੇ ਨਵੇਂ ਨੌਜਵਾਨਾਂ ਨੂੰ ਇਨਕਲਾਬੀ ਸਾਹਿਤ ਦੀ ਚੇਟਕ ਲਾਉਣ ਲਈ ਹਮੇਸ਼ਾਂ ਪ੍ਰੇਰਦੇ ਰਹਿੰਦੇ ਸਨ। ਉਹ ਪਿੰਡ ਦੇ ਇਕ ਹੋਰ ਉੱਘੇ ਨਕਸਲੀ ਘੁਲਾਟੀਏ ਲਾਲ ਸਿੰਘ ਕਾਲਸਾਂ ਦੇ ਸੰਪਰਕ ’ਚ ਆ ਕੇ ਨਕਸਲੀ ਲਹਿਰ ਵਿਚ ਕੁੱਦੇ ਹੋਣ ਕਾਰਨ ਉਨ੍ਹਾਂ ਦਾ ਜ਼ਿਆਦਾ ਮਿਲਵਰਤਣ ਲਾਲ ਸਿੰਘ ਹੋਰਾਂ ਨਾਲ ਸੀ। ਪਾਰਟੀ ਦੇ ਗੁਪਤ ਟਿਕਾਣੇ ਸਥਾਪਿਤ ਕਰਨ ਅਤੇ ਬੁੱਚੜ ਪੁਲਿਸ ਅਫਸਰਾਂ ਨੂੰ ਸੋਧਣ ਵਿਚ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਘਰ ਦੀ ਗਰੀਬੀ ਦੇ ਬਾਵਜੂਦ ਸ਼ਹੀਦ ਨਿਰੰਜਨ ਸਿੰਘ ਅਕਾਲੀ ਕਾਲਸਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਰਤੀ ਲੋਕਾਂ ਦੀ ਮੁਕਤੀ ਦੇ ਮਹਾਨ ਕਾਜ ਨੂੰ ਅਰਪਿਤ ਕਰ ਦਿੱਤੀ ਸੀ।

ਉਸ ਦੌਰ ਅੰਦਰ ਹਕੂਮਤੀ ਜਬਰ ਰਾਹੀਂ ਨਕਸਲਬਾੜੀ ਲਹਿਰ ਨੂੰ ਕੁਚਲਨ ਲਈ ਭਾਰਤੀ ਹਕੂਮਤ ਤੇ ਇਸਦੇ ਅੰਗ ਪੁਲਿਸ, ਫੌਜ ਤੇ ਅਦਾਲਤਾਂ ਪੂਰੀ ਤਰ੍ਹਾਂ ਪੱਬਾਂ ਭਾਰ ਸਨ। ਦੇਸ਼ ਦੇ ਕੋਨੇ ਕੋਨੇ ’ਚੋਂ ਨਕਸਲਬਾੜੀ ਲਹਿਰ ਦੇ ਕਾਰਕੁੰਨਾਂ ਨੂੰ ਕਤਲ ਕਰਨ, ਝੂਠੇ ਪੁਲਿਸ ਮੁਕਾਬਲੇ ਬਣਾਉਣ, ਜੇਲ੍ਹਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਬੰਦ ਕਰਨ, ਅੰਨ੍ਹਾ ਤਸ਼ੱਦਦ ਢਾਹੁਣ, ਘਰ ਪਰਿਵਾਰ ਉਜਾੜਣ ਦੀਆਂ ਖਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਸਨ। ਅਜਿਹੀਆਂ ਐਮਰਜੈਂਸੀ ਦੀਆਂ ਹਾਲਤਾਂ ’ਚ ਗੁਪਤਵਾਸ ਰਹਿਕੇ ਲੋਟੂ ਤੇ ਜਾਬਰ ਹਕੂਮਤ ਖਿਲਾਫ ਕਿਰਤੀ ਲੋਕਾਂ ਦੀ ਹਥਿਆਰਬੰਦ ਬਗਾਵਤ ਨੂੰ ਜੱਥੇਬੰਦ ਕਰਨਾ ਅਤਿ ਦਾ ਮੁਸ਼ਕਲ ਕੰਮ ਸੀ। ਸਿਰਾਂ ਤੇ ਕੱਫਨ ਬੰਨ੍ਹ ਕੇ ਚੱਲਣ ਬਰਾਬਰ ਸੀ। ਤੇ ਉਹਨਾਂ ਸਿਰੜੀ ਸੂਰਿਆਂ ਨੇ ਇਸ ਚੈਲਿੰਜ ਨੂੰ ਖਿੜੇ ਮੱਥੇ ਕਬੂਲ ਕੀਤਾ।4 ਅਗਸਤ 1970 ਨੂੰ ਨਿਰੰਜਨ ਸਿੰਘ ਅਕਾਲੀ ਕਾਲਸਾਂ, ਬਾਬੂ ਸਿੰਘ ਤੇ ਦਲੀਪ ਸਿੰਘ ਨੇ ਪੁਲਿਸ ਮੁਖਬਰ ਮੇਹਰ ਸਿੰਘ ਨੂੰ ਉਸਦੀਆਂ ਲੋਕ ਵਿਰੋਧੀ ਕਰਤੂਤਾਂ ਕਰਕੇ ਮਾਰ ਦਿੱਤਾ। ਇਸ ਕਤਲ ਨੂੰ ਲੈ ਕੇ ਇਲਾਕੇ ਵਿਚ ਪੁਲਿਸ ਚੌਕਸੀ ਵਧਾ ਦਿੱਤੀ ਗਈ ਅਤੇ ਨਕਸਲੀਆਂ ਨੂੰ ਫੜਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ। ਇਸ ਕਤਲ ਤੋਂ ਕੁਝ ਦਿਨਾਂ ਬਾਅਦ ਬਾਬਾ ਜੀ ਹੁਰਾਂ ਦੇ ਇਕ ਸਾਥੀ ਜੀਤਾ ਸਿੰਘ ਵੱਲੋਂ ਮੁਖਬਰੀ ਕਰਨ ਤੇ 8 ਅਗਸਤ ਨੂੰ ਨਿਰੰਜਨ ਸਿੰਘ ਅਕਾਲੀ ਕਾਲਸਾਂ, ਬਾਬੂ ਸਿੰਘ ਤੇ ਦਲੀਪ ਸਿੰਘ ਨੂੰ ਪੁਲਿਸ ਨੇ ਪਿੰਡ ਖੁੱਡੀ ਤੋਂ ਗ੍ਰਿਫਤਾਰ ਕਰ ਲਿਆ। ਤਿੰਨਾਂ ਨਕਸਲੀ ਯੋਧਿਆ ਨੂੰ ਹੰਢਿਆਇਆ ਥਾਣੇ ’ਚ ਲਿਜਾਕੇ ਅੰਨ੍ਹਾਂ ਜਬਰ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕੋਲੋਂ ਪਾਰਟੀ ਦੇ ਗੁਪਤ ਟਿਕਾਣਿਆ, ਪਾਰਟੀ ਸਾਹਿਤ, ਪਾਰਟੀ ਸੰਪਰਕ ਅਤੇ ਦੂਸਰੇ ਨਕਸਲੀ ਸਾਥੀਆਂ ਦਾ ਭੇਦ ਦੱਸਣ ਲਈ ਤਸ਼ੱਦਦ ਕੀਤਾ ਗਿਆ। ਪਰ ਲੋਕ ਮੁਕਤੀ ਦੇ ਉਨ੍ਹਾਂ ਜੁਝਾਰੂਆਂ ਨੇ ਪਾਰਟੀ ਦਾ ਇਕ ਵੀ ਭੇਦ ਨਹੀਂ ਦੱਸਿਆ।

ਅਖੀਰ ਨਾਕਾਮ ਰਹੀ ਪੁਲਿਸ ਨੇ ਕੇਂਦਰੀ ਤੇ ਸੂਬਾਈ ਹਕੂਮਤ ਦੇ ਇਸ਼ਾਰਿਆ ਤੇ ਉਨ੍ਹਾਂ ਨੂੰ ਜੀਪਾਂ ਪਿੱਛੇ ਬੰਨ੍ਹ ਕੇ ਘੜੀਸਿਆ ਅਤੇ ਅਖੀਰ ਵਾਹ ਨਾ ਚਲਦੀ ਵੇਖ ਕੇ 9 ਅਗਸਤ ਨੂੰ ਅਧਮੋਇਆਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਅਤੇ ਲਾਸ਼ਾਂ ਕੋਲ ਹਥਿਆਰ ਰੱਖਕੇ ਪੁਲਿਸ ਮੁਕਾਬਲੇ ਦੇ ਝੂਠੀ ਕਹਾਣੀ ਘੜੀ ਗਈ। ਪੁਲਿਸ ਦੇ ਅੜਿੱਕਾ ਡਾਹੁਣ ਤੇ ਵੀ ਸ਼ਹੀਦਾਂ ਦੇ ਨਕਸਲੀ ਸਾਥੀਆਂ ਤੇ ਇਲਾਕੇ ਦੇ ਕਿਰਤੀ ਲੋਕਾਂ ਨੇ ਜਿਨ੍ਹਾਂ ਖਾਤਰ ਉਹ ਜ਼ਿੰਦਗੀ ਵਾਰ ਗਏ ਸਨ ਨੇ ਆਪਣੇ ਮਹਿਬੂਬ ਸ਼ਹੀਦਾਂ ਨੂੰ ਪੂਰੇ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ।

ਅੱਜ ਅੱਧੀ ਸਦੀ ਬੀਤ ਜਾਣ ਤੇ ਵੀ ਨਕਸਲੀ ਲਹਿਰ ਦੇ ਉਹ ਸ਼ਹੀਦ ਕਿਰਤੀ ਲੋਕਾਂ ਦੇ ਦਿਲਾਂ ’ਚ, ਚੇਤਿਆਂ ’ਚ ਜਿੰਦਾ ਹਨ। ਉਹਨਾਂ ਦੀ ਵਿਚਾਰਧਾਰਾ ਅੱਜ ਵੀ ਲੱਖਾਂ ਮੁਸ਼ਕਲਾਂ ਦੇ ਬਾਵਯੂਦ ਅੱਗੇ ਵੱਧ ਰਹੀ ਹੈ। ਮੌਜੂਦਾ ਸਮੇਂ ’ਚ ਸੰਸਾਰ ਪੂੰਜੀਵਾਦੀ ਪ੍ਰਬੰਧ ਦੇ ਵੱਧ ਰਹੇ ਸੰਕਟ ’ਚ ਸੰਸਾਰ ਕਿਰਤੀ ਜਮਾਤ ਨੂੰ, ਇਸਦੀ ਵਿਚਾਰਧਾਰਾ ਤੇ ਸਿਆਸਤ ਨੂੰ ਇਕਜੁਟ ਤੇ ਲਾਮਬੰਦ ਕਰਦਿਆਂ ਉਨ੍ਹਾਂ ਨਕਸਲਬਾੜੀ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਭੇਂਟ ਕਰਨੀ ਹਰ ਇਨਸਾਫਪਸੰਦ ਵਿਅਕਤੀ ਦਾ ਫਰਜ਼ ਹੈ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ