Sat, 02 March 2024
Your Visitor Number :-   6881498
SuhisaverSuhisaver Suhisaver

ਇੱਕ ਨਜ਼ਮ ਰਹਿ ਗਈ ਸੀ- ਤਾਰਿਕ ਗੁੱਜਰ

Posted on:- 31-03-2013

suhisaver

ਪਤਾ ਨਹੀਂ ਮੈਨੂੰ ਕਿਉਂ ਇੰਝ ਲਗਦਾ ਏ ਕਿ ਮੈਂ ਵਜਾਹਤ ਮਸਊਦ ਦੀ ''ਇਕ ਰਹਿ ਗਈ ਹੋਈ ਨਜ਼ਮ'' ਦਾ ਕਰਜ਼ ਲਾਹੁਣਾ ਏ। ਉਹ ਕਰਜ਼ ਜੋ ਉਂਝ ਤਾਂ ਕਹਿਣ ਨੂੰ ਮੇਰੇ ਸਿਰ ’ਤੇ ਪਿਛਲੇ 7 ਸਾਲ ਤੋਂ ਏ, ਪਰ ਜਦ ਅੰਦਰ ਕਿਤੇ ਝਾਤੀ ਮਾਰਦਾ ਤਾਂ ਜੰਮਣ ਵੇਲੇ ਤੋਂ ਚੜ੍ਹਿਆ ਖੜ੍ਹਾ ਈ। ਇਹ ਭਾਰ

ਗੱਡਾ ਗੱਡ ਯੁਰਿਆ ਕੰਨਾਂ ਇੱਕ ਭਾਰ
ਇੱਕ ਮੱਕੀ ਚੁੱਕ ਲੈ ਦੂਜੀ ਤਿਆਰ


ਦੇ ਰੂਪ ਵਿਚ ਕਿਤੇ ਸਿਰ ਦੇ ਅਤੇ ਟਿਕਿਆ ਹੋਇਆ ਏ। ਇਹ ਉਹ ਭਾਰ ਏ ਜਿਹੜਾ ਭਾਰਾ ਹੋਣ ਤੇ ਸਿਰ ਤੋਂ ਛੰਡਕਿਆ ਨਹੀਂ ਜਾ ਸਕਦਾ। ਇਹ ਮਿੱਥੇ ਦਾ ਲੇਖ ਬਣ ਕੇ ਧੁਰੋਂ ਸਾਡੇ ਨਾਲ਼ ਲੱਗਾ ਆਉਂਦਾ ਈ।

ਜੰਮਦਿਆਂ ਤਿਲ਼ ਰੋਵਣ ਲੱਗੀ
ਯਾਦ ਪਿਆ ਦਿਨ ਘਾਣੀ ਦਾ


ਮੈਨੂੰ ਨਹੀਂ ਯਾਦ ਇਹ ਨਜ਼ਮ ਮੈਂ ਪਹਿਲੀ ਵਾਰ ਕਿੱਥੇ ਪੜ੍ਹੀ, ਚੀਚੋ ਚੀਚ ਗੰਡੀਰਿਆਂ ਨਾਂ ਦੀ ਇਸ ਕਿਤਾਬ ਵਿੱਚ ਜਿਹੜੀ ਲਾਨਬੜੇ ਵਾਲੇ ਡਾਕਟਰ ਨਿਰਮਲ ਸਿੰਘ ਛਾਪੀ, ਪੰਚਮ ਦੇ ਕਿਸੇ ਅੰਕ ਵਿਚ ਜਾਂ 'ਵਾਲਟਨ ਕੈਂਪ ਨਹੀਂ ਮੁੱਕਿਆ'' ਦੇ ਸ਼ੁਰੂ ਵਿਚ, ਪਰ ਇਹ ਨਜ਼ਮ ਜਦ ਅੱਖਾਂ ਰਾਹੀਂ  ਅੰਦਰ ਲੰਘੀ ,ਕਿਤੇ ਮੇਰੇ ਅੰਦਰ ਵੜ ਕੇ ਥਾਂ ਮੱਲ ਖਲੋਤੀ।

ਮੈਂ ਇਹਨੂੰ ''ਜਾਗ'' ਦੇ ਪਹਿਲੇ ਅੰਕ ਵਿੱਚ ਛਾਪਿਆ, ਪਰ ਮੇਰੀ ਰੂਹ ਦੀ ਤਸੱਲੀ ਫ਼ਿਰ ਵੀ ਨਾ ਹੋਈ, ਲੀਹ ਦੀਆਂ ਸੰਗਤਾਂ ਵਿਚ ਇਹਨੂੰ ਦਰਦਾਂ ਦੇ ਪ੍ਰਸ਼ਾਦ ਤਰ੍ਹਾਂ ਵਰਤਾਉਣ ਮਗਰੋਂ ਮੈਂ ਏਸ ਨੂੰ ਇਸਲਾਮੀਆ ਯੂਨੀਵਰਸਿਟੀ ਬਹਾਵਲ ਪੁਰ ਲੈ ਗਿਆ। ਹੁਣ ਅਲੀ ਹਾਲ ਦਾ ਲਾਨ ਏਸ ਨਜ਼ਮ ਦਾ ਪਾਠ ਅਸਥਾਨ ਬਣਿਆ, ਆਸਿਫ਼ ਨਦੀਮ ਚੁਗ਼ਤਾਈ, ਅਮਾਰ ਕੁਰੈਸ਼ੀ ਤੇ ਤੇ ਆਤਿਫ਼ ਕਿਸਾਨਾ ਮੇਰੇ ਮਸਰੱਈਆਂ ਨਾਲ਼ ਹੁੰਗਾਰਾ ਭਰਦੇ ਤੇ ਮੈਂ ਏਸ ਨਜ਼ਮ ਨੂੰ ਗਮਲਿਆਂ ਦੇ ਫੁੱਲਾਂ, ਘਾਹ ਦੀਆਂ ਤੁੜਾਆਂ ਤੇ ਚੰਨ ਦੀ ਚਾਨਣੀ ਨਾਲ਼ ਸਾਂਝਾ ਕਰਦਾ, ਉਦਾਸੀ ਦੀ ਇੱਕ ਲਹਿਰ ਅਜੀਬ ਜਿਹੇ ਸੁਆਦ ਨਾਲ਼ ਰਾਤ ਦੇ ਪਿਛਲੇ ਪਹਿਰ ਤੀਕ ਖਿੱਲਰੀ ਰਹਿੰਦੀ ਤੇ ਮੇਰੇ ਸੱਜਣ ਆਪਣੀ ਹਰ ਹੁੰਡੀ ਵਰਤੀ ਨੂੰ
''ਸਾਡੇ ਨਾਲ਼ ਤੇ ਹੱਥ ਹੋਇਆ ਸੀ'' ਦੇ ਮਿਸਰੇ ਨਾਲ਼ ਜੋੜ ਕੇ ਧੋਣ ਤੇ ਪਏ ਜੂਲੇ ਦਾ ਭਾਰ ਕੁੱਝ ਹੋਲਾ ਕਰਨ ਦਾ ਜਤਨ ਕਰਦੇ ਰਹਿੰਦੀ।

ਇਹ ਠੀਕ ਏ ਕਿ ਨਜ਼ਮ ਪੜ੍ਹ ਕੇ ਸ਼ਾਹ ਹੁਸੈਨ ਪਤਾ ਵੀ ਨਹੀਂ ਲੱਗਣ ਦਿੰਦਾ ਤੇ ਕੋਲ਼ ਆ ਖਲੋਂਦਾ ਏ। ਪਰ ਜੇ ਇਹ ਨਜ਼ਮ ਹੁਸੈਨ ਤੋਂ ਪਹਿਲਾਂ ਲਿਖੀ ਹੁੰਦੀ ਤੇ ਖ਼ੋਰੇ ਹੁਸੈਨ ਨੂੰ ਪੜ੍ਹ ਕੇ ਵਜਾਹਤ ਦਾ ਮੁਹਾਂਦਰਾ ਅੱਗੇ ਆ ਜਾਣਾ ਸੀ। ਇਕ ਗੱਲ ਦੀ ਸਮਝ ਨਹੀਂ ਲਗਦੀ, ਆਪਣੀ ਨਜ਼ਮ ਤੋਂ ਹਟ ਕੇ ਆਪਣੀ ਬਾਕੀ ਜਿੰਦ ਵਿਚ  ਤਲਵੰਡੀ ਸਲੀਮ ਵਾਲੇ ਪਾਸ਼  ਤਰ੍ਹਾਂ ਦਲ ਨੂੰ ਪਾਨ ਦਾ ਪਤਾ ਸਮਝਣ ਵਾਲਾ ਵਜਾਹਤ ਬੋੜ੍ਹ ਦੇ ਰੁੱਖ ਥੱਲੇ ਸਾਵੀ ਦਾ ਘੁੱਟ ਭਰ ਕੇ ਝੂਲਣਾ ਕਿਉਂ ਚਾਹੁੰਦਾ ਈ। ਕਿਤੇ ਉਹ ਥੱਕ ਤੇ ਨਹੀਂ ਗਿਆ, ਕਿਤੇ ''ਸੋਚਾਂ ਹੱਥੋਂ ਅਕਲ ਦੀ ਪਤਵਾਰ'' ਵਾਕਈ ਤੇ ਨਹੀਂ ਡਿੱਗ ਪਈ, ਡਿੱਗ ਵੀ ਪਈ ਤੇ ਕੀ ਈ, ਨਾ ਵੀ ਡਿੱਗੀ ਤੇ ਕੀ ਈ।

''ਇਥੇ ਕਿਹੜਾ ਬਹਿ ਰਹਿਣਾ ਐਂ''

ਮੈਨੂੰ ਵਜਾਹਤ ਮਸਊਦ ਨਾਲ਼ ਵੱਟ ਤੇ ਮੋਹ ਦੋਵੇਂ ਹਨ।

ਚੰਗਾ ਭਲਾ ਹੋਂਦ ਅਣਹੋਂਦ ਦੇ ਝੇੜਿਆਂ ਤੋਂ ਜਾਨ ਛੁਡਾਈ ਸੀ, ਸ਼ਾਹ ਹੁਸੈਨ ਨੂੰ ਮਜੀਦ ਇਵਾਨ ਦੇ ਆਸਤਾਨੇ ’ਤੇ ਛੱਡ ਕੇ ਸਾਫ਼ਾ ਮੋਢੇ ’ਤੇ ਰੱਖਿਆ ਸੀ ਕਿ ਵਜਾਹਤ ਨੇ ਪੱਲਾ ਫੜ ਲਿਆ, ਹੁਣ ਬੋੜ੍ਹ ਦਾ ਰੁੱਖ ਈ, ਸਾਵੀ ਏ ਤੇ ਕਲਮ ਦਵਾਤ ਈ। ਸ਼ਾਹ ਹੁਸੈਨ ਤੇ ਮਜੀਦ ਇਵਾਨ ਦੂਰ ਖੜੇ ਤਾੜੀਆਂ ਮਾਰਦੇ ਨੇਂ ਤੇ ਮੈਂ ਅਣਭੋਲ ਮੁੜ ''ਉਮਰਾਂ ਬੱਧੇ ਸ਼ੱਕ ਲਗਾਨ'' ਦਾ ਭਾਰ ਸਿਰ ਤੇ ਰੱਖੀ ਖੜਾਂ, ਕੀ ਕਰਾਂ,ਕਿਧਰ ਜਾਵਾਂ

ਉਧਰ ਅੰਬਰ, ਇਧਰ ਧਰਤੀ
ਜਿੰਦੜੀ ਖਿੱਚ ਧਰੁਵ ਦੇ ਵਿਚ ਈ


ਮੋਹ ਇਸ ਨਾਲ਼ ਏਸ ਲਈ ਮਹਿਸੂਸ ਕਰਦਾਂ ਕਿ ਉਸ ਦੀ ਇਕ ਰਹਿ ਗਈ ਨਜ਼ਮ ਮੇਰੇ ਹੱਥ ਆ ਗਈ ਏ ਜਿਹੜੀ ਚਾਹੇ ਸੁਣਨ ਵਾਲੇ ਨੂੰ ਦੁੱਖ ਦੇਵੇ ਜਾਂ ਖ਼ੁਸ਼ੀ ਘੱਟੋ ਘੱਟ ਮੇਰਾ ਅੰਦਰ ਤਾਂ ਕੁਝ ਚਿਰ ਲਈ ਹੌਲਾ ਫੁੱਲ ਕਰ ਦਿੰਦੀ ਏ...

ਹੌਲਾ ਫੁੱਲ ਹੋਣ ਦਾ ਇਹ ਅਮਲ ਇੰਝ ਈ ਏ ਜਿਵੇਂ ਬੰਦਾ ਸਦਮੇ ਤੋਂ ਪਿੱਛੋਂ ਰੋ ਕੇ ਹੌਲਾ ਹੋ ਲੈਂਦਾ ਈ। ਇਹ ਆਪਣੇ ਆਪ ਨੂੰ ਪੁੱਛ ਲਾਉਣ ਵਾਲਾ ਅਮਲ ਏ ਜਿਹਦੇ ਮਗਰੋਂ ਤੁਸੀਂ ਫੱਟਾਂ ਲਈ ਮਲ੍ਹਮ ਵੀ ਲੱਭਦੇ ਓ ਤੇ ਸਕੂਨ ਵੀ ਮਹਿਸੂਸ ਕਰਦੇ ਓ।
ਵਜਾਹਤ ਮਸਊਦ ਏਸ ਨਜ਼ਮ ਰਾਹੀਂ ਬਹੁਤ ਲੋਕਾਂ ਨਾਲ਼ ਹੱਥ ਕਰ ਗਿਆ ਈ। ਇਸ ਮੀਸਣੇ ਯਾਰ ਵਾਂਗ ਜਿਹਨੂੰ ਹਰ ਗੱਲ ਦਾ ਪਤਾ ਹੁੰਦਾ ਏ ਪਰ ਉਹ ਆਪਣੇ ਆਪ ਉੱਤੇ ਗੱਲ ਨਹੀਂ ਲੈਣਾ ਚਾਹੁੰਦਾ।

ਸੱਜਣੋ ਮਿੱਤਰੋ
ਜੀ ਮਨੇ ਤੇ ਰੱਜ ਕੇ ਜੀਣਾ
ਰੰਗ ਮਨਾਣਾ
ਪੰਖ ਪਖੇਰੂ ਬਣ ਕੇ ਉਡਣਾ
ਦੁਨੀਆ ਏਨੀ ਮਾੜੀ ਨਹੀਂ ਸੀ
ਸਾਡੇ ਨਾਲ਼ ਤੇ ਹੱਥ ਹੋਇਆ ਸੀ


ਹੁਣ ਬੰਦਾ ਵਜਾਹਤ ਨੂੰ ਕੀ ਆਖੀ, ਉਹਦੀ ਮਰਜ਼ੀ, ਉਹ ਤਾਂ ਹੁਸੈਨ ਤੋਂ ਵੀ ਵੱਡੀ ਚਾਤਰੀ ਕਰ ਗਿਆ ਏ ਸਾਡੇ ਨਾਲ਼। ਹੁਸੈਨ ਨੇ ਇਹ ਤੇ ਨਹੀਂ ਕਿਹਾ ਸੀ।
'ਜੀ ਮਨੇ ਤੇ ਰੱਜ ਕੇ ਜੀਣਾ'

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ