Thu, 18 July 2024
Your Visitor Number :-   7194653
SuhisaverSuhisaver Suhisaver

ਕਸਰ - ਸੁਖਪਾਲ ਕੌਰ ‘ਸੁੱਖੀ’

Posted on:- 19-09-2019

ਅੱਜ ਦਫਤਰ ਦੇ ਮੇਰੇ ਮੇਜ਼ ਤੇ ਪਏ ਇੱਕ ਕੇਸ ਵੱਲ ਵਾਰ-ਵਾਰ ਧਿਆਨ ਜਾ ਰਿਹਾ ਸੀ ਤੇ ਨਾਲ ਹੀ ਉਹਦਾ ਕਿਹਾ ਇੱਕ-ਇੱਕ ਸਬਦ ਮੇਰੇ ਕੰਨਾਂ ਵਿੱਚ ਸਵਾਲਾਂ ਦਾ ਜਹਿਰ ਘੋਲ਼ ਰਿਹਾ ਸੀ,”ਉਹਨੂੰ ਤਾਂ ਜੀ ਕਸਰ ਹੁੰਦੀ ਹੈ। ਉਹਨੂੰ ਨਹੀਂ ਕੋਈ ਅਕਲ।” ਅੱਜ ਕਾਫੀ ਦਿਨਾਂ ਬਾਦ ਮੈਂ ਕੁੱਝ ਵਿਹਲੇ ਹੋਣ ਤੇ ਕੁੱਝ ਸਮਾਂ ਬੈਠ ਕੇ ਬਿਤਾਉਣ ਦੀ ਹਾਲੇ ਸੋਚ ਹੀ ਰਹੀ ਸੀ ਕਿ ਇੱਕ 20 ਕੁ ਸਾਲ ਦੀ ਮਧਰੇ ਜਿਹੇ ਕੱਦ ਦੀ ਬੜੀ ਮਲੂਕੜੀ ਜਿਹੀ ਕੁੜੀ ਕੁੱਝ ਕਾਗਜ਼ ਚੁੱਕ ਦਫਤਰ ਦਾਖਲ ਹੋ ਗਈ। ਉਸ ਨਾਲ ਉਸਦੀ ਅਧਖੜ ਉਮਰ ਦੀ ਬੀਬੀ ਸੀ ਜਿਸ ਨੇ ਇੱਕ ਚਾਰ ਕੁ ਸਾਲ ਦੇ ਬੱਚੇ ਨੂੰ ਕੁੱਛੜ ਚੁੱਕਿਆ ਹੋਇਆ ਸੀ।

ਮੈਂ ਬੱਚੇ ਨੂੰ ਦੇਖ ਸਮਝ ਚੁੱਕੀ ਸੀ ਕਿ ਇਹ ਮੇਰੇ ਕੋਲ਼ ਕਿਉਂ ਆਏ ਨੇ। ਮੈਂ ਉਹਨਾਂ ਨੂੰ ਬੈਠਣ ਨੂੰ ਕਿਹਾ ਤਾਂ ਉਹ ਬੋਲੀ,” ਮੈਡਮ ਜੀ ਡਾਕਟਰ ਨੇ ਸਾਨੂੰ ਤੁਹਾਡੇ ਕੋਲ਼ ਭੇਜਿਆ ਕਾਰਡ ਬਣਵਾਉਣ।” ਇੰਨਾਂ ਕਹਿ ਉਹ ਬੈਠ ਗਈ। ਮੈਂ ਉਸ ਤੋਂ ਹਸਪਤਾਲ ਦੀ ਪਰਚੀ ਲਈ ਅਤੇ ਇੱਕ ਫਾਰਮ ਦਿੰਦੇ ਸਮਝਾਇਆ ਕਿ ਇਹ ਫਾਰਮ ਆਂਗਣਵਾੜੀ ‘ਚੋਂ ਭਰਵਾ ਮੇਰੇ ਕੋਲ਼ ਲੈ ਆਉਣਾ। ਹਾਲੇ ਮੇਰੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਨੈ ਇੱਕ ਦਮ ਆਪਣੇ ਨਾਲ ਆਈ ਬੀਬੀ ਵੱਲ ਤੇ ਬੱਚੇ ਵੱਲ ਕੌੜੀ ਜਿਹੀ ਨਜਰ ਨਾਲ ਤੱਕਿਆ। ਮੇਰੇ ਅੱਗੋਂ ਕੁੱਝ ਕਹਿਣ ਤੋਂ ਪਹਿਲਾਂ ਹੀ ਉਹ ਹੱਥ ਜੋੜ ਖੜੀ ਹੋ ਗਈ ਤੇ ਤਰਲੇ ਕੱਢਦੀ ਬੋਲਣ ਲੱਗੀ,” ਮੈਡਮ ਜੀ ਇਹ ਫਾਰਮ ਤੋਂ ਬਿਨਾਂ ਹੀ ਕਾਰਡ ਬਣਾ ਦਿਉ। ਅਸੀਂ ਮਸਾਂ ਹੀ ਆਏ ਹਾਂ ਇਹਨੂੰ ਲੈ ਕੇ।” ਉਸਨੇ ਬੱਚਾ ਆਪਣੀ ਕੁੱਛੜ ਚੁੱਕ ਲਿਆ। ਮੈਂ ਉਸ ਨੂੰ ਬੈਠਣ ਲਈ ਕਿਹਾ।” ਪਰ ਉਹ ਬੈਠੀ ਨਾ।

ਮੈਂ ਉਸ ਨੂੰ ਸਮਝਾਇਆ ਕਿ ਸਾਡੇ ਲਈ ਤੁਹਾਡੇ ਬੇਟੇ ਦਾ ਇਲਾਜ ਕਰਵਾਉਣ ਲਈ ਜ਼ਰੂਰੀ ਹੈ।ਤਾਂ ਉਸ ਨੇ ਤ੍ਰਬਕ ਕੇ ਕਿਹਾ “ ਇਹ ਮੇਰਾ ਬੇਟਾ ਨੀਂ । ਮੈਂ ਤਾਂ ਇਸ ਦੀ ਭੂਆ ਹਾਂ। ਮੈਂ ਤਾਂ ਜੀ ਆਪ ਆਪਣੇ ਸਹੁਰੇ ਜਾਣਾ।ਇਹਦਾ ਜੀ ਡੈਡੀ ਦੁਕਾਨ ਤੇ ਲੱਗਿਆ ਉਹਦੇ ਕੋਲ਼ ਟਾਇਮ ਨਹੀਂ ਸੀ।” ਮੈਂ ਉਸਨੂੰ ਫਾਰਮ ਭਰਵਾ ਕੇ ਮਾਤਾ ਪਿਤਾ ਨੂੰ ਨਾਲ ਲਿਆਉਣ ਦੀ ਤਾਕੀਦ ਕਰ ਦਿੱਤੀ।ਉਹ ਖਿਜਦੀ ਜਿਹੀ ਫਾਰਮ ਫੜ ਚਲੀ ਗਈ।ਦੂਸਰੇ ਦਿਨ ਉਹ ਇੱਕਲੀ ਹੀ ਫਾਰਮ ਭਰਵਾ ਅਤੇ ਬਾਕੀ ਦਸਤਾਵੇਜ਼ ਨਾਲ ਲੈ ਕੇ ਦਫਤਰ ਆ ਪਹੁੰਚੀ ।ਮੈਂ ਉਸ ਨੂੰ ਬਿਠਾ ਸਾਰੇ ਕਾਗਜ ਚੈੱਕ ਕੀਤੇ। ਮੈਂ ਮਾਤਾ -ਪਿਤਾ ਦਾ ਅਧਾਰ ਕਾਰਡ ਚੈੱਕ ਕੀਤਾ । ਮੈਂ ਉਸਤੋਂ ਬੱਚੇ ਦੀ ਮਾਤਾ-ਪਿਤਾ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਹ ਬਸ ਚੁੱਪ ਕਰ ਗਈ।ਫੇਰ ਇੱਕ ਦਮ ਹੀ ਬੋਲੀ,” ਮੈਡਮ ਜੀ ਮੇਰਾ ਭਾਈ ਥੋੜਾ ਭੋਲ਼ਾ ਜੀ ਤੇ ਭਾਬੀ ਮੇਰੀ ਬਸ ਬਿਮਾਰ ਜੀ ਰਹਿੰਦੀ ਹੈ।”

ਮੈਂ ਫਾਰਮ ਭਰ ਉਸਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਵਾਰ ਫਰੀਦਕੋਟ ਦੇ ਹਸਪਤਾਲ ਵਿੱਚ ਰੈਫਰ ਕਰ ਰਹੀ ਹਾਂ। ਉੱਥੇ ਬੱਚੇ ਦੇ ਸਾਰੇ ਟੈਸਟ ਮੁਫਤ ਹੋਣਗੇ।ਤਾਂ ਉਹ ਇਕਦਮ ਹੀ ਬੋਲੀ,” ਮੈਡਮ ਜੀ ਇੱਥੇ ਹੀ ਕਰਵਾ ਦਿਉ। ਮੈਂ ਤਾਂ ਆਪਣੇ ਸਹੁਰੇ ਜਾਣਾ। ਮੇਰਾ ਆਪਣਾ ਰੋਲ਼ਾ ਸੀ ਕੁੱਝ। ਬੀਬੀ ਤਾਂ ਲਿਜਾ ਨਹੀਂ ਸਕਦੀ। ਹੋਰ ਕੋਈ ਵੀ ਨਹੀਂ ਲਿਜਾ ਸਕਦਾ।” ਮੈਂ ਪਿਆਰ ਨਾਲ ਸਮਝਾਉਂਦਿਆਂ ਕਿਹਾ ਕਿ,” ਇੱਥੇ ਨਹੀਂ ਹੋਣਾ। ਤੁਸੀ ਆਪਣੇ ਭਰਾ ਜਾਂ ਭਰਜਾਈ ਨੂੰ ਕਹੋ। ਉਹਨਾ ਦਾ ਬੱਚਾ ਉਹ ਕਰਵਾਉਣਗੇ ਉਸਦਾ ਇਲਾਜ।” ਇਸ ਤੇ ਉਹ ਖਿੱਝਦੇ ਹੋਏ ਬੋਲੀ਼,”ਮੈਡਮ ਜੀ ਭਰਾ ਮੇਰਾ ਭੋਲ਼ਾ ਜੀ ਬਸ ਅੱਠਵੀ ਪਾਸ ਹੀ ਹੈ ਦੁਕਾਨ ਦੇ ਵੀ ਮਸਾਂ ਹੀ ਜਾਂਦਾ ਤੇ ਭਾਬੀ ਉਵੇਂ ਤਾਂ ਬੜੀ ਪੜੀ ਲਿਖੀ ਹੈ ਪਰ ਉਸਨੂੰ ਕਸਰ ਹੁੰਦੀ ਹੈ। ਉਹਦਾ ਤਾਂ ਪਤਾ ਨਹੀਂ ਕਦੋ ਉਹਦੇ ਤੇ ਉਪਰੀ ਹਵਾ ਆ ਜਾਵੇ।ਬਸ ਜੀ ਮੈਂ ਤੇ ਬੀਬੀ ਹੀ ਇਹਨਾਂ ਚੱਕੀ ਫਿਰਦੇ ਹਾਂ। ਹੁਣ ਮੇਰਾ ਵੀ ਜੀ ਘਰ ਹੈ।” ਇਹਨਾਂ ਸੁਣ ਮੈਂ ਉਸਨੂੰ ਕਿਹਾ ਕਿ,” ਤੁਸੀਂ ਆਪਣੀ ਭਾਬੀ ਨੂੰ ਕੱਲ ਲੈ ਕੇ ਆਉਣਾ। ਮੈਂ ਬੱਚੇ ਦਾ ਇਲਾਜ ਇੱਥੋਂ ਕਰਵਾਉਣ ਦਾ ਕੋਈ ਹੱਲ ਕਢਾਂਗੀ।” ਉਹ ਹਾਂ ਜੀ ਕਹਿ ਕੇ ਚਲੀ ਗਈ ਸੀ।ਪਰ ਮੇਰੇ ਦਿਮਾਗ ਅੰਦਰ ‘ਕਸਰ’ ਸਬਦ ਦੀ ਘੰਟੀ ਵਜਾ ਗਈ ਸੀ ।

ਅਕਸਰ ਕੋਈ ਸਮਾਜਿਕ ਕੁਰੀਤੀ ਜਾਂ ਸੋਚ ਬਚਪਨ ਵਿੱਚ ਸਾਡੇ ਸਮਾਜ ਵਿੱਚੋਂ ਕੋਈ ਘਟਨਾ ਜਾਂ ਸਵਾਲ ਬਣ ਗੁਜਰ ਜਾਂਦੇ ਉਹ ਸਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਹੀ ਸਦਾ ਲਈ ਆਪਣੀ ਛਾਪ ਛੱਡ ਜਾਂਦੇ ਹਨ।ਅੱਜ ਮੇਰੇ ਅੱਗੇ ਵੀ ਉਹੀ ਸਵਾਲ ਮੁੜ ਖੜਾ ਹੋਇਆ ਸੀ ਜਿਸ ਨੇ ਮੈਨੂੰ 18 ਸਾਲ ਪੁਰਾਣਾ ਸਮਾਂ ਦੇ ਸਮਾਜ ਨੂੰ ਚੇਤੇ ਕਰਵਾ ਦਿੱਤਾ ਸੀ। ਮੇਰਾ ਬਚਪਨ ਵੀ ਇੱਕ ਨਿੱਕੇ ਜਿਹੇ ਪਿੰਡ ਵਿੱਚ ਗੁਜਰਿਆ ਸੀ ਜਿੱਥੇ ਵਹਿਮ ਭਰਮ, ਭੂਤ-ਪ੍ਰੇਤਾਂ ਦੀਆਂ ਅਫਵਾਹਾਂ ਦਾ ਹੋਣਾ ਆਮ ਸੀ। ਇਹ ਕਸਰ ਸਬਦ ਵੀ ਅੱਜ ਇੰਨੇ ਸਾਲ ਬਾਦ ਮੈਨੂੰ ਆਪਣੇ ਉਸੇ ਸਵਾਲ ਦਾ ਜੁਵਾਬ ਮਿਲ ਗਿਆ ਲੱਗਦਾ ਸੀ। ਮੈਂ ਦਸਵੀ ਕਲਾਸ ਦਾ ਪੇਪਰ ਦੇ ਕੇ ਵਿਹਲੀ ਹੋਈ ਸੀ। ਸੋ ਮੈਂ ਘਰ ਵਿੱਚ ਰੱਖੀਆਂ ਕੁੱਝ ਸਾਹਿਤਕ ਕਿਤਾਬਾਂ ਨੂੰ ਟੋਟੋਲਣਾਂ ਸੁਰੂ ਕਰ ਦਿੱਤਾ ਸੀ। ਮੇਰੇ ਪਿੰਡ ਦੀ ਸਵੇਰ ਆਮ ਵਰਗੀ ਨਹੀਂ ਸੀ। ਸਾਡੇ ਘਰ ਤੋਂ ਪੰਜ ਘਰ ਛੱਡ ਇੱਕ ਘਰੋਂ ਸਵੇਰੇ ਉੱਚੀ -ਉੱਚੀ ਲੜਨ ਜਾਂ ਫਿਰ ਚਮਕੀਲੇ ਜਾਂ ਮਹੰੁਮਦ ਸਦੀਕ ਦੀ ਉੱਚੀ ਅਵਾਜ ਵਿੱਚ ਵੱਜਦੇ ਗੀਤਾਂ ਨੇ ਸਾਰੇ ਮੁੱਹਲੇ ਨੂੰ ਤੰਗ ਕਰ ਰੱਖਿਆ ਸੀ। ਉਹ ਘਰ ਇੱਕ 55 ਕੁ ਸਾਲ ਦੀ=ਅਲਤਬਸ ਬੀਬੀ ਜਿਸ ਦੀਆਂ ਬਿੱਲੀਆਂ ਅੱਖਾਂ ਹੋਣ ਕਾਰਨ ਉਸਨੂੰ ਬਿੱਲੋ ਬੀਬੀ ਹੀ ਕਹਿੰਦੇ ਸੀ , ਦਾ ਸੀ। ਬੀਬੀ ਦੇ ਘਰ ਉਸਦੀ ਛੋਟੀ ਕੁੜੀ ਚਰਨੋਂ ਤੇ ਦੋ ਅੱਤ ਦੇ ਨਸ਼ੇੜੀ ਮੰੁਡੇ ਸੀ।ਬੀਬੀ ਦਾ ਘਰਵਾਲਾ ਆਪਣੀ ਬਿਮਾਰੀ ਨਾਲ ਘਰ ਵੀ ਖਾਲੀ ਕਰ ਤੇ ਕਰਜੇ ਦੀ ਪੰਡ ਬੀਬੀ ਦੇ ਸਿਰ ਧਰਕੇ ਜਹਾਨੋ ਕੂਚ ਕਰ ਗਿਆ ਸੀ ।ਬੀਬੀ ਦੀ ਵੱਡੀ ਕੁੜੀ ਦਾ ਵਿਆਹ ਹੋ ਗਿਆ ਸੀ, ਪਰ ਉਸਦਾ ਜੁਆਈ ਹਰ 4-5 ਦਿਨ ਬਾਦ ਬੀਬੀ ਦੇ ਘਰ ਹੀ ਡੇਰਾ ਲਾ ਲੈਂਦਾ ਸੀ, ਘਰ ਵਿੱਚ ਚਰਨੋਂ ਤੇ ਉਸਦੀ ਲੜਾਈ ਪਿੰਡ ਲਈ ਮਨੋਰੰਜਨ ਦਾ ਸਾਧਨ ਬਣੀ ਹੋਈ ਸੀ।ਜਿਸ ਨੂੰ ਲੈ ਕੇ ਬਹੁਤ ਵਾਰ ਪੰਚਾਇਤ ਇੱਕਠੀ ਹੋ ਚੁੱਕੀ ਸੀ।ਤੇ ਇਸ ਵਾਰ ਉਹ ਬੜੀ ਖਾਰ ਜਿਹੀ ਖਾ ਕੇ ਆਪਣੇ ਘਰ ਚਲਾ ਗਿਆ ਸੀ।ਦਰਅਸਲ ਬੀਬੀ ਤੇ ਚਰਨੋਂ ਦੋਨੋ ਹੀ ਵੱਡੇ ਸਰਪੰਚਾਂ ਦੇ ਘਰ ਮਿਹਨਤ ਮਜਦੂਰੀ ਕਰਦੀਆਂ ਸੀ।

ਚਰਨੋਂ ਜਿਸ ਦਾ ਗੋਰਾ ਰੰਗ , ਬਿੱਲੀਆਂ ਅੱਖਾਂ ਤੇ ਉੱਚਾ ਲੰਮਾ ਕੱਦ ਕਿਸੇ ਹੂਰ ਤੋਂ ਘੱਟ ਨਈਂ ਸੀ। ਚਰਨੋਂ ਬੋਲਣ ਵਿੱਚ ਬੇਬਾਕ ਤੇ ਸੁਭਾਅ ਦੀ ਖੁੱਲੀ ਸੀ। ਉਹ ਪੂਰੀ ਉਡਾਰ ਹੋ ਗਈ ਸੀ। ਇਸ ਦੀ ਚਿੰਤਾ ਬੀਬੀ ਨੂੰ ਵੀ ਬਹੁਤ ਸੀ। ਇਸ ਲਈ ਕਈ ਵਾਰ ਜਦ ਬੀਬੀ ਕਿਸ ਕੰਮ ਤੇ ਸਾਡੇ ਘਰ ਆਉਂਦੀ ਤਾਂ ਉਹ ਵੱਡੀ ਬੀਬੀ (ਦਾਦੀ ਮਾਂ) ਕੋਲ਼ ਬੈਠ ਰੋਣ ਲੱਗ ਜਾਂਦੀ। ਬੀਬੀ ਬੋਲਦੀ ,” ਅੰਮਾਂ ਜੀ ਮੈਨੁੰ ਤਾਂ ਇਹਦੀ ਬਹੁਤ ਹੀ ਟੈਕਸ਼ਨ (ਟੈਨਸਨ) ਹੈ। ਮੈਂ ਟੈਕਸ਼ਨ ਸਬਦ ਸੁਣ ਹੱਸ ਪੈਂਦੀ ਤੇ ਕਹਿੰਦੀ ,” ਬੀਬੀ ਟੈਕਸ਼ਨ ਨੀ ਟੈਨਸ਼ਨ ਹੁੰਦੀ ਹੈ।” ਬੀਬੀ ਥੋੜਾ ਖਿੱਝਦੀ ਤੇ ਕਹਿੰਦੀ,” ਨੀ ਆਹੋ ਛੋਟੀ ਮਾਸਟਰਨੀ।” ਮੇਰਾ ਪਾਪਾ ਮਾਸਟਰ (ਅਧਿਆਪਕ) ਹੋਣ ਕਾਰਨ ਉਹ ਬਹੁਤ ਮੰਨਦੀ ਸੀ ਤੇ ਬਾਈ ਬਾਈ ਕਹਿੰਦੀ ਥੱਕਦੀ ਨਹੀਂ ਸੀ। ਇਸ ਕਰਕੇ ਉਹ ਮੈਂਨੂੰ ਵੀ ਛੋਟੀ ਮਾਸਟਰਨੀ ਕਹਿੰਦੀ ਸੀ। ਬੀਬੀ ਨੂੰੰ ਚਰਨੌਂ ਦੇ ਆਪਣੇ ਜੀਜੇ ਨਾਲ ਲੜਦੇ ਦੇਖ ਕੇ ਕਹਿੰਦੀ ,” ਇਹ ਨੂੰ ਕੋਈ ਉਪਰੀ ਹਵਾ ਜੀ ਚਿੰਬੜੀ ਲੱਗਦੀ ਹੈ। ਕਸਰ ਲੱਗਦੀ ਹੈ।”ਮੈਂ ਬਹੁਤ ਵਾਰੀ ਮੰਮੀ ਤੇ ਵੱਡੀ ਬੀਬੀ ਤੋਂ ਪੁਛਿਆ ਕਿ ਕਸਰ ਕੀ ਹੁੰਦੀ ਹੈ।ਪਰ ਵੱਡੀ ਬੀਬੀ ਝਿੜਕਦੇ ਦਿੰਦੇ,” ਇਹਦਾ ਨਾਂ ਨਹੀਂ ਲਈਦਾ।” ਮੇਰੀ ਵੱਡੀ ਬੀਬੀ ਜੀ ਵੀ ਬੜੇ ਧਾਰਮਿਕ ਖਿਆਲਾਂ ਵਾਲੇ ਸੀ। ਇਸ ਲਈ ਉਹ ਉਸਨੂੰ ਗੁਰਦੁਆਰੇ ਮੱਥਾ ਟੇਕਣ ਦਾ ਕਹਿ ਛੱਡਦੇ।ਸਮਾਂ ਬੀਤਦਾ ਗਿਆ।ਚਰਨੋਂ ਦੇ ਬਾਰੇ ਪਿੰਡ ‘ਚ ਹੁੰਦੀਆਂ ਗੱਲਾਂ ਨੇ ਬੀਬੀ ਦੀ ਚਿੰਤਾ ਹੋਰ ਵਧਾ ਦਿੱਤੀ ਸੀ। ਬੀਬੀ ਦੀ ਵੱਡੀ ਕੁੜੀ ਨੈ ਆਪਣੇ ਸਹੁਰਿਆਂ ਵਿੱਚੋਂ ਲੱਗਦੇ ਦਿਉਰ ਦਾ ਰਿਸ਼ਤਾ ਚਰਨੋਂ ਨਾਲ ਕਰਵਾ ਦਿੱਤਾ। ਬੀਬੀ ਨੇ ਵਿੱਤ ਅਨੁਸਾਰ ਚਰਨੋਂ ਦਾ ਵਿਆਹ ਕੀਤਾ ਪਰ ਚਰਨੋਂ ਦਾ ਘਰਵਾਲਾ ਦੇਖ ਸਭ ਬੀਬੀ ਨੂੰ ਮਾੜਾ ਹੀ ਬੋਲ ਰਹੇ ਸੀ। ਮਧਰੇ ਜਿਹੇ ਕੱਦ ਦਾ, ਪੱਕਾ ਰੰਗ, ਉਮਰ ਵੀ ਕਾਫੀ ਵੱਡੀ ਲੱਗਦੀ ਸੀ ਉਸਦੀ ਤੇ ਉਤੋਂ ਵਿਹਲਾ ਸੀ ਚਰਨੋਂ ਦਾ ਘਰਵਾਲਾ।ਵਿਆਹ ਤੋਂ ਤੀਜੇ ਕੁ ਦਿਨ ਬੀਬੀ ਚਰਨੋਂ ਨੂੰ ਸਹੁਰਿਆਂ ਤੋਂ ਵਾਪਸ ਲੈ ਆਈ ਸੀ। ਚਰਨੋਂ ਲਾਲ ਸੂਹਾ ਸੂਟ ਉਤੇ ਗੋਟੇ ਲੱਗੀ ਚੁੰਨੀ ਸਿਰ ਤੇ ਲੈ ਚਰਨੋਂ ਨੂੰ ਦੇਖਦੇ ਹੀ ਭੁੱਖ ਲੈ ਜਾਂਦੀ ਸੀ।ਹਫਤੇ ਕੁ ਬਾਦ ਉਸਦਾ ਘਰਵਾਲਾ ਉਸਨੂੰ ਲੈ ਆਇਆ ਸੀ। ਮੇਰਾ ਦਸਵੀ ਦਾ ਰਿਜਲਟ ਆ ਗਿਆ ਸੀ। ਤੇ ਮੈਂ ਆਪਣੀ ਅੱਗੇ ਦੀ ਪੜਾਈ ਪਿੰਡ ਦੇ ਨਾਲ ਲੱਗਦੇ 6 ਕਿਲੋਮੀਟਰ ਤੇ ਸਹਿਰ ਨੁਮਾ ਕਸਬੇ ਵਿਚਲੇ ਕੁੜੀਆਂ ਦੇ ਸਕੂਲ ਤੋਂ ਸੁਰੂ ਕਰ ਲਈ ਸੀ। ਮੇਰੇ ਪਿੰਡ ਉਸ ਸਮੇਂ ਟੇਂਪੂ ਦਾ ਆਉਣਾ ਆਮ ਸੀ।

ਸੋ ਮੇਰਾ ਆਖਰੀ ਲੈਕਚਰ ਪੂਰਾ ਹੋਣ ਤੇ ਦੁਪਹਿਰ ਦੇ 1 ਵਜੇ ਮੈਂ ਟੈਂਪੂ ਲੈ ਘਰ ਵਾਪਸ ਆ ਜਾਂਦੀ ਸੀ। ਮੈਨੂੰ ਉਹ ਦਿਨ ਅੱਜ ਵੀ ਯਾਦ ਹੈ ਜਦ ਮੈਂ ਟੈਂਪੂ ਤੋਂ ਉੱਤਰ ਗਲੀ ‘ਚ ਪੈਰ ਪਾਇਆ ਤਾਂ ਲੋਕਾਂ ਦਾ ਇੱਕਠ ਤੇ ਉੱਚੀ-ਉੱਚੀ ਚੀਕਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਮੈਂ ਦੌੜ ਕੇ ਘਰ ਆ ਆਪਣਾ ਬੈਗ ਰੱਖਿਆ ਤਾਂ ਚੀਕਾਂ ਦੀ ਅਵਾਜ ਹੋਰ ਵੀ ਉੱਚੀ ਹੋ ਗਈ।ਘਰ ਕੋਈ ਵੀ ਨਹੀਂ ਸੀ।ਅਵਾਜਾਂ ਬੀਬੀ ਦੇ ਘਰੋਂ ਆ ਰਹੀਆਂ ਸੀ। ਸਾਇਦ ਮੰਮੀ ਤੇ ਵੱਡੀ ਬੀਬੀ ਵੀ ਉੱਧਰ ਹੀ ਗਏ ਹੋਏ ਸੀ ਇਹ ਸੋਚ ਮੈਂ ਵੀ ਬੀਬੀ ਦੇ ਘਰ ਵੱਲ ਦੌੜ ਪਈ ਸੀ। ਇੱਕਠ ਬਹੁਤ ਸੀ। ਮੈਂ ਬੀਬੀ ਦੇ ਘਰ ਨਾਲ ਗੁਆਂਢੀਆਂ ਦੇ ਘਰ ਦੀ ਛੱਤ ਤੇ ਚਲੀ ਗਈ ਜਿੱਥੇ ਪਹਿਲਾਂ ਹੀ ਮੰਮੀ ਤੇ ਛੋਟੇ ਭੂਆ ਜੀ ਖੜੇ ਸਨ। ਜ਼ੋ ਦ੍ਰਿਸ਼ ਮੈਂ ਉਸ ਦਿਨ ਦੇਖਿਆ ਉਹ ਅੱਜ ਵੀ ਅੱਖਾਂ ਸਾਹਮਣੇ ਆ ਖੜਾ ਹੋ ਜਾਂਦਾ ਤੇ ਚਰਨੋਂ ਦੀਆਂ ਚੀਕਾਂ ਹੁਣ ਵੀ ਕੰਨ ਪਾੜ ਸੁੱਟਦੀਆਂ ਹਨ।

ਘਰ ਦੇ ਵਿਹੜੇ ਵਿੱਚ ਚਰਨੋਂ ਨੂੰ ਸੁੱਟ ਰੱਖਿਆ ਸੀ ਤੇ ਉਸਦੇ ਲਾਲ ਸੂਹਾ ਜੋੜਾ ਮਿੱਟੀ ਨਾਲ ਲਿੱਬੜਿਆ ਹੋਇਆ ਸੀ। ਉਸਦੇ ਵਾਲ ਖਿੱਲਰੇ ਹੋਏ ਸੀ । ਤੇ ਉਸਦੇ ਹੱਥਾਂ ਨੂੰ ਰੱਸੀ ਨਾਲ ਬੰਨ ਰੱਖਿਆ ਸੀ ਤੇ ਉਸਦੇ ਪਿੰਡੇ ਤੇ ਰੱਸੇ ਨਾਲ ਨਾਲ ਸੱਟਾਂ ਮਾਰੀਆਂ ਜਾ ਰਹੀਆਂ ਸੀ।ਮੈਂ ਇੱਕ ਦਮ ਦੇਖ ਚੀਕ ਮਾਰ ਦਿੱਤੀ ਸੀ। ਮੈਨੂੰ ਦੇਖ ਮੰਮੀ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਸੀ ਤੇ ਮੈਨੂੰ ਫੜ ਘਰ ਵੱਲ ਲੈ ਆਈ ਸੀ। ਮੈਂ ਮੰਮੀ ਨੂੰ ਰੋਂਦੇ ਪੁੱਛਿਆ ਸੀ,” ਮੰਮਾਂ ਚਰਨੌਂ ਨੂੰ ਕੀ ਹੋਇਆ=;ਵਸ” ਤਾਂ ਮੰਮੀ ਮੈਨੂੰ ਪਿਆਰ ਕਰਦੇ ਕਿਹਾ,” ਬੇਟਾ ਚਰਨੋਂ ਸਹੁਰੇ ਘਰ ਨਹੀਂ ਜਾ ਰਹੀ ਤੇ ਇਹ ਪਾਗਲ ਲੋਕ ਨੇ। ਇਹ ਲੋਕ ਉਹਦੀ ਕਸਰ ਕੱਢਦੇ ਨੇ।” ਮੈਨੂੰ ਉਸ ਦਿਨ “ਕਸਰ” ਸਬਦ ਦਾ ਅਰਥ ਸਮਝ ਨਹੀਂ ਆਇਆ ਸੀ। ਪਰ ਮੈਂ ਮੁੜ ਕਦੀ ਉਹਨਾਂ ਦੇ ਘਰ ਵੱਲ ਨਹੀਂ ਜਾ ਪਾਈ ਸੀ। ਰੋਜ਼ ਚਰਨੋਂ ਨਾਲ ਇਹ ਵਰਤਾਰਾ ਹੁੰਦਾ ਸੀ।ਤੇ ਸਾਇਦ ਹੁਣ ਉਹ ਇਸ ਦੀ ਆਦੀ ਹੋ ਗਈ ਸੀ। ਦੋ ਕੁ ਮਹੀਨੇ ਬਾਦ ਮੰਮੀ ਤੋਂ ਪਤਾ ਚੱਲਿਆ ਕਿ ਚਰਨੋਂ ਨੇ ਪਿੰਡ ਦੇ ਸਮਸ਼ਾਨਘਾਟ ਦੇ ਨਾਲ ਲੱਗਦੇ ਖੂਹ ‘ਚ ਛਾਲ ਮਾਰ ਦਿੱਤੀ ਸੀ।ਖੂਹ ‘ਚੋਂ ਕੱਢ ਉਸਨੂੰ ਸਹਿਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦਾ ਇਲਾਜ ਚੱਲਿਆ ਪਰ ਉਹ ਮਾਨਸਿਕ ਰੋਗੀ ਬਣ ਚੁੱਕੀ ਸੀ।ਪਿੰਡ ਵਾਲੇ ਲੋਕ ਫੇਰ ਵੀ ਕਹਿੰਦੇ ਕਿ ਇਹਨਾਂ ਫਲਾਣੇ ਦੇ ਬਹੂ ਜ਼ਾਂ ਕੁੜੀ ਦੀ ਕਸਰ ਹੁੰਦੀ ਸੀ। ਉਸ ਸਮੇਂ ਮੈਂ ਇਸ ਸਵਾਲ ਤੇ ਸਮਾਜਿਕ ਸੋਚ ਨੂੰ ਸਮਝ ਨਹੀਂ ਸਕੀ ਸੀ। ਪਰ ਜਿਵੇਂ ਹੀ ਨੌਕਰੀ ਕਰਨ ਲੱਗੀ ਤਾਂ ਕਸਰ ਦਾ ਅਸਲ ਅਰਥ ਸਮਝ ਆਇਆ ਕਿ ਚਰਨੋਂ ਨੂੰ ਆਪਣੇ ਬੇ-ਮੇਲ ਘਰਵਾਲੇ ਤੋਂ ਪਰੇਸ਼ਾਨੀ ਸੀ ਨਾਂ ਕਿ ਕਿਸੇ ਦਾ ਭੂਤ ਜਾਂ ਉੱਪਰੀ ਹਵਾ। ਅੱਜ ਭਾਵੇਂ ਸਾਡੇ ਹੱਥਾਂ ‘ਚ ਸਮਾਰਟ ਫੋਨ ਆ ਗਏ ਪਰ ਅਸੀਂ ਅੱਜ ਵੀ ਭੂਤਾਂ-ਪਰੇਤਾਂ ਤੇ ਕਸਰ ਵਰਗੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਚਰਨੋਂ ਵਰਗੀਆਂ ਕੁੜੀਆਂ ਨਾਲ ਅਣ-ਮਨੁੱਖੀ ਵਰਤਾਰਾ ਕਰਦੇ ਹਾਂ। ਆਉ ਸੋਚੀਏ ਜ਼ੋ ਜਹਾਨੌਂ ਤੁਰ ਗਿਆ ਉਹ ਕਿਵੇਂ ਵਾਪਸ ਮੁੜ ਸਕਦਾ ਤੇ ਜ਼ੋ ਇਸ ਜਹਾਨ ਚ ਵਸਦੀਆਂ ਰੂਹਾਂ ਨੇ ਉਹਨਾਂ ਨੂੰ ਸਹੀ ਸੇਧ ਦੇ ਕੇ ਉਹਨਾਂ ਦਾ ਜੀਵਨ ਸੁਧਾਰਨ ਦਾ ਯਤਨ ਕਰੀਏ।
                                        

ਸੰਪਰਕ: 88720-94750

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ