Wed, 24 April 2024
Your Visitor Number :-   6996879
SuhisaverSuhisaver Suhisaver

ਭੈਣ ਸੱਚੀਉਂ ਪਰਤ ਆਈ - ਵਿਕਰਮ ਸਿੰਘ ਸੰਗਰੂਰ

Posted on:- 04-08-2012

suhisaver

ਤਜ਼ਰਬਾ ਤਾਂ ਬਹੁਤ ਸੀ ਮੈਨੂੰ, ਚਿਹਰਾ ਛੁਪਾਉਣ ਤੇ ਦਿਲ ਨੂੰ ਮਨਾਉਣ ਦਾ।ਹੁੰਦਾ ਵੀ ਕਾਹਤੋ ਨਾ! ਪਿਛਲੇ ਕਈਆਂ ਵਰ੍ਹਿਆਂ ਤੋਂ ਜੋ ਇਉਂ ਹੀ ਕਰਦਾ ਆ ਰਿਹਾ ਸਾਂ।ਫਿਰ ਵੀ ਯਾਦਾਂ ਦੀਆਂ ਤਿੱਖੀਆਂ ਬੌਸ਼ਾਰਾਂ ਨਾਲ਼ ਕਤਰਾ-ਕਤਰਾ ਕਰਕੇ ਦਿਲ ’ਚੋਂ ਖ਼ੁਰ ਰਹੀ ਪੀੜ ਦੀ ਡਲੀ ਨੂੰ ਅੱਜ ਮੇਰਾ ਇਹ ਲੰਮਾ ਤਜ਼ਰਬਾ ਵੀ ਝੱਲ ਨਾ ਸਕਿਆ।

ਡਾਕਘਰ ਰੁਖ਼ਸਤ-ਏ-ਖ਼ਤ ਕਰਦੇ ਹੋਏ, ਸਿਰਨਾਵੇਂ ’ਤੇ ਲਿਖੇ ਆਪਣੀ ਭੈਣ ਦੇ ਨਾਮ ’ਤੇ ਉਂਗਲਾਂ ਫੇਰਦਿਆਂ ਜਦ ਉਂਗਲਾਂ ਦੀ ਵਿੱਥ ਥਾਣੀਂ ‘ਇੰਗਲੈਂਡ’ ਲਿਖਿਆ ਨਜ਼ਰੀਂ ਪਿਆ ਤਾਂ ਇੱਕ ਦਮ ਹੱਥ ਨੂੰ ਇਉਂ ਉੱਪਰ ਚੁੱਕਿਆ ਜਿਵੇਂ ਕੋਈ ਬਿਜਲੀ ਦਾ ਝਟਕਾ ਜਿਹਾ ਲੱਗਿਆ ਹੋਵੇ।ਦੋਹੇਂ ਹੱਥਾਂ ਦੀਆਂ ਉਂਗਲਾਂ ਨਾਲ਼ ਜਦ ਆਪਣੀਆਂ ਅੱਖਾਂ ਪੁੰਝੀਆਂ ਤਾਂ ਸੱਟ ਦਾ ਪਤਾ ਲੱਗਾ ਕਿ ਦਿਲ ਨੂੰ ਮਨਾਉਣ ਤੇ ਚਿਹਰਾ ਛੁਪਾਉਣ ਦਾ ਇਹ ਹੁਨਰ ਉਹਦੀ ਕਮੀ ਨੂੰ ਤਾਂ ਨਹੀਂ ਪੂਰ ਸਕਦਾ।ਡਾਕਘਰ ਦੇ ਬਾਹਰ ਖਲੋਤੇ ਆਪਣੇ ਸਾਈਕਲ ਕੋਲੇ ਆ, ਪਿਛਲੀ ਵਾਰ ਵਾਂਗੂੰ ਕਿੰਨਾ ਹੀ ਚਿਰ ਖ਼ਤ ’ਚ ਆਪਣੇ ਹੀ ਲਿਖੇ ਇਕੱਲੇ-ਇਕੱਲੇ ਅੱਖਰ ਨੂੰ ਇਸ ਕਦਰ ਵਾਰ-ਵਾਰ ਆਪਣੇ ਚੇਤਿਆਂ ’ਚ ਦੁਹਰਾਉਂਦਾ ਰਿਹਾ ਜਿਵੇਂ ਕਿਸੇ ਪਰਦੇਸੀ ਪੁੱਤ ਦੀ ਬੇਬਸ ਮਾਂ ਆਪਣੇ ਪੁੱਤ ਕੋਲੇ ਜਾ ਰਹੇ ਕਿਸੇ ਓਪਰੇ ਸ਼ਖ਼ਸ ਮੁਹਰੇ ਆਪਣੇ ਬੇਹਾਲ ਸੁਨੇਹਿਆਂ ਨੂੰ ਵਾਰ-ਵਾਰ ਦੁਹਰਾਉਂਦੀ ਹੈ ਤੇ ਰੁਖ਼ਸਤ-ਏ-ਲਫ਼ਜ਼ ਆਖਣ ਤੋਂ ਪਹਿਲੋਂ ਉਹਦੇ ਹੱਥਾਂ ’ਤੇ ਇਹੋ ਸੋਚ ਆਪਣਾ ਲਾਡ ਭਰਿਆ ਹੱਥ ਫੇਰਦੀ ਹੈ ਕਿ ਜਲਦੀ ਹੀ ਇਹ ਖ਼ੁਸ਼ਨਸੀਬ ਹੱਥ ਉਹਦੇ ਪੁੱਤ ਦੇ ਹੱਥਾਂ ਨੂੰ ਵੀ ਛੂਹਣਗੇ।ਕਿੰਨਾ ਔਖੇਰਾ ਸੀ ਭੈਣ ਦੇ ਖ਼ਤ ਨੂੰ ਵੀ ਅਲਵਿਦਾ ਆਖਣਾ! ਠੀਕ ਓਨਾ ਹੀ ਜਿੰਨਾ ਕਿਸੇ ਵੇਲੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਹਵਾ ’ਚ ਲਹਿਰਾਉਂਦੇ, ਅਲਵਿਦਾ ਆਖਦੀ ਭੈਣ ਦੇ ਹੱਥ ਨੂੰ ਜੁਆਬ ਦੇਣ ਖ਼ਾਤਿਰ ਆਪਣਾ ਹੱਥ ਉਤਾਂਹ ਵੱਲ ਨੂੰ ਚੁੱਕਣਾ।ਬੜੀ ਅਜੀਬ ਰਿਹਾਈ ਦਿੱਤੀ ਸੀ ਓਦੋਂ ਭੈਣ ਨੇ ਤੇ ਅੱਜ ਇਸ ਖ਼ਤ ਨੇ।ਓਦੋਂ ਵੀ ਸੱਖਣਾ ਜਿਹਾ ਹੋਇਆ ਪਿੰਡ ਵੱਲ ਨੂੰ ਪਰਤਿਆ ਸੀ ਤੇ ਅੱਜ ਵੀ ਪਰਤਨਾ ਪੈਣਾ ਸੀ।

ਪਿੰਡ ਦੀਆਂ ਬਰੂਹਾਂ ਟੱਪ ਕੇ ਜਦ ਲੱਕੜ ਦੇ ਬਣੇ ਖੋਖਿਆਂ ਲਾਗੋਂ ਮੇਰਾ ਸਾਈਕਲ ਲੰਘਿਆਂ ਤਾਂ ਪਿੱਛੋਂ ਉੱਚੀ ਸਾਰੀ ਆਵਾਜ਼ ਕੰਨੀਂ ਪਈ, “ਖਲੋ ਜਾਓ ਉਏ ਸ਼ਰਾਰਤੀਓ ਤੁਹਾਨੂੰ ਪਿਆਉਣਾ ਗੋਲੀ ਵਾਲ਼ੇ ਬੱਤੇ ਮੈਂ।” ਜਦ ਪਿੱਛੇ ਪਰਤਕੇ ਝਾਕਿਆ ਤਾਂ ਹੱਸਦਾ ਹੋਇਆ ਦਰਜੀ ਫੌਜਾਂ ਸਿਓਂ ਮੇਰੇ ਸਾਈਕਲ ਵੱਲ ਨੂੰ ਦੌੜਿਆ ਆ ਰਿਹਾ ਸੀ।ਉਹਨੂੰ ਦੇਖ ਮੈਂ ਆਪਣੇ ਸਾਈਕਲ ਦੇ ਪੈਂਡਲਾਂ ਦੀ ਰਫ਼ਤਾਰ ਥੋੜ੍ਹੀ ਹੋਰ ਤੇਜ਼ ਕਰ ਦਿੱਤੀ।ਛੋਟੇ ਹੁੰਦਿਆਂ ਫੌਜੇ ਨੇ ‘ਸ਼ਰਾਰਤੀਓ’ ਦਾ ਤਖ਼ੱਲੁਸ ਸਾਨੂੰ ਦੋਹਾਂ ਭੈਣ-ਭਰਾਵਾਂ ਨੂੰ ਓਦੋਂ ਦਿੱਤਾ ਸੀ ਜਦ ਅਸੀਂ ਸਕੂਲ ਜਾਣ ਲੱਗਿਆਂ ਉਹਦੇ ਖੋਖੇ ਮੁਹਰੇ ਪਈਆਂ ਗੋਲੀ ਵਾਲੇ ਬੱਤੇ ਦੀਆਂ ਬੋਤਲਾਂ ਚੁੱਕ ਲਿਆ ਕਰਦੇ ਸਾਂ।ਜਦ ਤੱਕ ਉਹ ਆਪਣੀ ਟਿੱਕ-ਟਿੱਕ ਕਰਦੀ ਸਿਲਾਈ ਮਸ਼ੀਨ ਨੂੰ ਰੋਕ ਕੇ ਉੱਚੀ-ਉੱਚੀ ‘ਖਲੋ ਜਾਓ ਉਏ ਸ਼ਰਾਰਤੀਓ…’ ਆਖਦਾ ਹੋਇਆ ਭੁੜਕ ਕੇ ਬਾਹਰ ਵੱਲ ਨੂੰ ਆਉਂਦਾ ਓਦੋਂ ਨੂੰ ਭੈਣ ਤੇ ਮੈਂ ਆਪਣੇ ਸਾਈਕਲ ਸਮੇਤ ਪਿੰਡ ਦੀਆਂ ਬਰੂਹਾਂ ਟੱਪ ਜਾਂਦੇ।ਅੱਜ ਭੈਣ ਤਾਂ ਸਾਈਕਲ ਪਿੱਛੇ ਨਹੀਂ ਸੀ ਬੈਠੀ ਪਰ ਫੌਜੇ ਦੇ ਮੂੰਹੋਂ ਸਹਿਜ ਸੁਭਾਅ ਚਮੇਲੀ ਦੇ ਫੁੱਲਾਂ ਵਾਂਗ ਕਿਰੇ ‘ਸ਼ਰਾਰਤੀਓ’ ਲਫ਼ਜ਼ ਨੇ ਮੇਰੇ ਸਾਈਕਲ ਦਾ ਪਿਛਲਾ ਪਾਸਾ ਜਿਵੇਂ ਭੈਣ ਦੇ ਪਿੱਛੇ ਬੈਠੇ ਹੋਣ ਦੇ ਅਹਿਸਾਸ ਨਾਲ਼ ਮੁੜ ਤੋਂ ਭਾਰਾ ਕਰ ਦਿੱਤਾ।

ਹਰੀਆਂ-ਭਰੀਆਂ ਪੈਲੀਆਂ ’ਚੋਂ ਲੰਘਦੇ, ਸੱਜੇ-ਖੱਬੇ ਨੂੰ ਮੁੜਦਿਆਂ, ਕੱਚੀ ਪਹੀ ਦੇ ਆਲ਼ੇ-ਦੁਆਲ਼ੇ ਲੱਗੇ ਝੋਨੇ ਨਾਲ ਜਦ ਸਾਈਕਲ ਦਾ ਪਿਛਲਾ ਸਟੈਂਡ ਖਹਿੰਦਾ ਮਹਿਸੂਸਦਾ ਤਾਂ ਸਰ-ਸਰ ਦੀ ਆਉਂਦੀ ਆਵਾਜ਼ ਸੁਣਕੇ ਇਉਂ ਲਗਦਾ ਜਿਵੇਂ ਪਿੱਛੇ ਬੈਠੀ ਭੈਣ ਆਪਣੇ ਹੱਥਾਂ ਨੂੰ ਝੋਨੇ ਦੀਆਂ ਕੱਚੀਆਂ ਬੱਲੀਆਂ ’ਤੇ ਫੇਰ ਰਹੀ ਹੋਵੇ।ਭੈਣ ਦੇ ਸਾਈਕਲ ਪਿੱਛੇ ਬੈਠੇ ਹੋਣ ਦਾ ‘ਅਹਿਸਾਸ’ ਜਦ ‘ਯਕੀਨ’ ਵੱਲ ਪਰਤਿਆ ਤਾਂ ਜਿਵੇਂ ਚਿਰਾਂ ਤੋਂ ਸੁੱਕੀਆਂ ਯਾਦਾਂ ਦੀਆਂ ਡਾਲੀਆਂ ’ਤੇ ਬਚਪਨ ਦੇ ਦਿਨਾਂ ਦੀਆਂ ਕਲੀਆਂ ਮੁੜ ਫੁੱਟ ਪਈਆਂ।ਉਹ ਦਿਨ ਜਿਹਨਾਂ ਦੇ ਸਵੇਰਿਆਂ ’ਚ ਸਾਡਾ ਬਿਨਾਂ ਗੱਲੋਂ ਝੇੜਾ ਹੁੰਦਾ ਤੇ ਫਿਰ ਮਨਾਉਣਾ।ਪਹਿਲੇ ਪਲ ਰੁਆ ਦੇਣਾ ਤੇ ਦੂਜੇ ਪਲ ਹਸਾਉਣਾ।ਦੋਹਾਂ ਭੈਣ-ਭਰਾਵਾਂ ਨੇ ਸਕੂਲੇ ਤਾਂ ਭਾਵੇਂ ਇਕੱਠਿਆਂ ਹੀ ਜਾਣਾ ਹੁੰਦਾ ਫਿਰ ਵੀ ਮਾਂ ਕੋਲੋਂ ਪਹਿਲਾਂ ਸਿਰ ਕਰਾਉਣ ਦੀ ਜ਼ਿੱਦ ਸਾਡੇ ਦੋਹਾਂ ਦੇ ਮੂੰਹ ਅਕਸਰ ਹੀ ਰੋਸਿਆਂ ਨਾਲ਼ ਲਾਲ ਕਰ ਦਿੰਦੀ।ਇਹ ਰੋਸਿਆਂ ਦੀ ਲਾਲੀ ਓਦੋਂ ਫਿੱਕੀ ਪੈਂਦੀ ਜਦ ਸਕੂਲ ਜਾਂਦਿਆਂ ਰਾਹ ’ਚ ਲੱਗੀ ਬੇਰੀ ਕੋਲੇ ਆ, ਮੈਂ ਸਾਈਕਲ ਖਲਾਰ ਭੈਣ ਦੇ ਸਿਰ ’ਤੇ ਬੇਰੀ ਦੇ ਕੱਚ-ਪੱਕੇ ਬੇਰ ਝਾੜਦਾ।ਅੱਜ ਉਸੇ ਬੇਰੀ ਲਾਗੇ ਆ ਮੇਰਾ ਸਾਈਕਲ ਆਪੇ ਹੀ ਖਲੋ ਗਿਆ ਜਿਵੇਂ ਪਿੱਛੇ ਬੈਠੀ ਭੈਣ ਨੇ ਆਪਣੇ ਪੈਰ ਭੁੰਜੇ ਲਾਕੇ ਖਲਾਰ ਲਿਆ ਹੋਵੇ।ਮੇਰੀਆਂ ਫਰਿਆਦੀ ਨਿਗ਼ਾਹਾਂ ਨੇ ਸੁੱਕੀ ਬੇਰੀ ਵੱਲ ਇਉਂ ਤੱਕਿਆ ਜਿਵੇਂ ਇਹ ਆਖਣ ਦਾ ਯਤਨ ਕਰ ਰਹੀਆਂ ਹੋਣ ਕਿ ਬਸ ਅੱਜ ਮਨਾ ਲੈਣ ਦੇ ਫਿਰ ਕਦੀ ਵੀ ਨਹੀਂ ਰੁੱਸ ਕੇ ਜਾਣ ਦਿੰਦਾ ਭੈਣ ਨੂੰ।

ਅਜੇ ਤਾਂ ਸਾਈਕਲ ਪਿੱਛੇ ਬੈਠੀ ਭੈਣ ਨੂੰ ਤੱਕਿਆ ਵੀ ਨਹੀਂ ਸੀ ਕਿ ਘਰ ਦੇ ਮੁਹਰੇ ਆ ਜਦ ਸਾਈਕਲ ਰੋਕਿਆ ਤਾਂ ਅੰਦਰੋਂ ਮੋਬਾਈਲ ਦੀ ਘੰਟੀ ਵੱਜਦੀ ਸੁਣਾਈ ਦਿੱਤੀ।ਦੌੜ ਕੇ ਜਦ ਫੋਨ ਨੂੰ ਕੰਨੀਂ ਲਾਇਆ ਤਾਂ ਰਿਸ਼ਤੇਦਾਰੀ ’ਚੋਂ ਅੱਠਾਂ ਕੁ ਵਰ੍ਹਿਆਂ ਦੀ ਭਤੀਜੀ ਸੰਤੋ ਬੋਲ ਰਹੀ ਸੀ, ‘ਚਾਚੂ, ਅੱਜ ਮੈਂ ਆਪਣੇ ਵੀਰ ਨੂੰ ਰੱਜ ਕੇ ਕੁੱਟਿਆ ਉਹ ਮੈਨੂੰ ਤੰਗ ਕਰਦਾ ਸੀ।’ ‘ਹਾਏ ਕਾਹਤੋਂ ਮਾਰਿਆ ਵਿਚਾਰੇ ਨੂੰ।’ ਜਦ ਮੈਂ ਇੰਨਾ ਆਖਿਆ ਤਾਂ ਅੱਗੋਂ ਉਹ ਰੁੱਸੀ ਜਿਹੀ ਸੁਰ ’ਚ ਬੋਲੀ, ‘ ਹਾਂ ਚਾਚੂ ਹੋ ਜਾਓ ਤੁਸੀ ਵੀ ਮੰਮੀ ਵੱਲ ਦੇ, ਤੁਹਾਡੀ ਆਪਣੀ ਭੈਣ ਜੋ ਇੱਥੇ ਨਹੀਂ ਨਾ ਤਾਹੀਓ ਆਖ ਰੇਂ ਓਂ।” ਉਹਦਾ ਇਹ ਛੋਟਾ ਜਿਹਾ ਫਿਕਰਾ ਇੱਕ ਪਲ ਲਈ ਤਾਂ ਮੈਨੂੰ ਬੇ-ਜੁਆਬਾ ਕਰ ਗਿਆ ਪਰ ਦੂਜੇ ਹੀ ਪਲ ਮੈਂ ਉੱਚੀ-ਉੱਚੀ ਹੱਸਦਾ ਹੋਇਆ ਇਹ ਆਖਦੇ ਬੂਹੇ ਵੱਲ ਨੂੰ ਭੱਜਿਆ ਕਿ ‘ ਸੰਤੋ, ਭੈਣ ਤਾਂ ਕਦ ਦੀ ਪਰਤ ਆਈ ਪਿੰਡ, ਤੇਰੀ ਕਰਾਉਣਾ ਗੱਲ।’

ਬੂਹੇ ਵੱਲ ਨੂੰ ਵਧਦੇ ਕਦਮ ਅੱਧਵਾਟੇ ਹੀ ਖਲੋ ਗਏ, ਹੱਸਦੇ ਚਿਹਰੇ ’ਤੇ ਛਨਾਂ ’ਚ ਹੀ ਉਦਾਸੀ ਦੀ ਬਦਲੀ ਛਾ ਗਈ ਤੇ ਕੰਨੀਂ ਲਾਇਆ ਮੋਬਾਈਲ ਹੱਥੋਂ ਤਿਲਕ ਭੁੰਜੇ ਜਾ ਡਿੱਗਾ ਜਦ ਦੂਰੋਂ ਹੀ ਬੂਹੇ ਦੀਆਂ ਵਿਰਲਾਂ ਥਾਣੀਂ ਨਿਗਾਹਾਂ ਨੂੰ ‘ਸਿਰਫ਼’ ਸਾਈਕਲ ਹੀ ਖਲੋਤਾ ਨਜ਼ਰੀਂ ਪਿਆ।ਸਾਈਕਲ ਦੇ ਪਿਛਲੇ ਕੈਰੀਅਰ ’ਚ ਅੜ੍ਹਕੇ ਸੁੱਕੇ ਕੱਖ ਜੋ ਘੁੰਮਦੇ ਚੱਕੇ ਦੀਆਂ ਤਾਰਾਂ ਨਾਲ ਘੱਸ ਕੇ ਸਰ-ਸਰ ਦੀ ਆਵਾਜ਼ ਕਰ ਰਹੇ ਸੀ, ਉਹ ਹਵਾ ਦੀ ਇੱਕੋ ਥਾਪੜ ਨਾਲ ਮੇਰੀਆਂ ਖੁੱਲ੍ਹੀਆਂ ਅੱਖਾਂ ਸਾਹਵੇਂ ਅਸਮਾਨੀ ਉੱਡੇ ਜਾ ਰਹੇ ਸਨ ਤੇ ਭੁੰਜੇ ਡਿੱਗੇ ਮੋਬਾਈਲ ਦੇ ਸਪੀਕਰ ’ਚੋਂ ਵਾਰ-ਵਾਰ ਇਹੋ ਆਵਾਜ਼ ਆ ਰਹੀ ਸੀ, “ਚਾਚੂ, ਬੋਲਦੇ ਕਾਹਤੋਂ ਨਹੀਂ ਕੀ ਭੈਣ ਸੱਚੀਓ ਪਰਤ ਆਈ!!!”

Comments

raman

bhoot pyarri khanee e

sandeep

vikram g dil jet lyaa

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ