Sun, 03 March 2024
Your Visitor Number :-   6882460
SuhisaverSuhisaver Suhisaver

ਯਾਰ ਅਣਮੁੱਲੇ ਬਨਾਮ ਯਾਰ ਬੇਮੁੱਲੇ -ਅਮਰਿੰਦਰ ਸਿੰਘ

Posted on:- 28-10-2012

suhisaver

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਸ਼ੈਰੀ ਮਾਨ ਦੇ ਇੱਕ ਚਰਚਿਤ ਗੀਤ ‘ਯਾਰ ਅਣਮੁੱਲੇ’ ’ਤੇ ਜੋ ਬੇਮਕਸਦ ਬਾਘੀਆਂ ਪਾਉਂਦੀ ਨੱਚ-ਟੱਪ ਰਹੀ ਹੈ, ਉਹ ਕਿਸੇ ਵੀ ਸੂਰਤ ਵਿੱਚ ਨਾ ਤਾਂ ਸੁਚੱਜੇ ਯਾਰਾਂ ਦੀ ਤਸਵੀਰ ਨੂੰ ਪੇਸ਼ ਕਰਦਾ ਹੈ ਤੇ ਨਾ ਹੀ ਅਜੋਕੀ ਨੌਜਵਾਨ ਵਿਦਿਆਰਥੀ ਪੀੜ੍ਹੀ ਨੂੰ ਕੋਈ ਦਿਸ਼ਾ ਦੇਣ ਵਾਲਾ ਹੈ।

ਵਿਆਹ-ਸ਼ਾਦੀਆਂ, ਸੱਭਿਆਚਾਰਕ ਸਮਾਗਮਾਂ ਤੇ ਕਾਲਜਾਂ ਦੀਆਂ ਸਵਾਗਤੀ/ਵਿਦਾਇਗੀ ਪਾਰਟੀਆਂ ਵਿੱਚ ਇਸ ਗੀਤ ’ਤੇ ਨੌਜਵਾਨ ਪੀੜ੍ਹੀ ਦੇ ਪੈਰ ਥਿਰਕਦੇ ਆਮ ਦੇਖੇ ਜਾ ਸਕਦੇ ਹਨ। ਗੀਤ ਕੀ ਕਹਿੰਦਾ ਹੈ ਤੇ ਕੀ ਸੰਦੇਸ਼ ਦੇ ਰਿਹਾ ਹੈ, ਇਸ ਨਾਲ ਕਿਸੇ ਦਾ ਕੋਈ ਦੂਰ ਦਾ ਵੀ ਵਾਸਤਾ ਨਹੀਂ। ਗੀਤ ਦੀ ਹਾਈਟੈੱਕ ਟੋਨ ਤੇ ਮਿਊਜਿਕ ਦੀ ਲੋਰ ਹੀ ਨੌਜਵਾਨਾਂ ਦੇ ਦਿਲ-ਦਿਮਾਗ਼ ’ਤੇ ਛਾਈ ਹੋਈ ਹੈ। ਇਸ ਗੀਤ ਬਾਰੇ ਵਿਚਾਰ-ਚਰਚਾ ਕਰਨਾ ਇਸ ਲਈ ਜ਼ਰੂਰੀ ਹੈ ਕਿ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੀ ਨੌਜਵਾਨ ਪੀੜ੍ਹੀ ਨੂੰ ਇਹ ਗੀਤ ਕਿਹੜਾ ਸੰਦੇਸ਼ ਦੇਣ ਜਾ ਰਿਹਾ ਹੈ? ਇਸ ਗੀਤ ਵਿੱਚ ਕਾਲਜ ਵਿੱਚ ਪੜ੍ਹਦੇ, ਖਾਂਦੇ-ਪੀਂਦੇ ਘਰਾਂ ਦੇ ਜਿੰਨ੍ਹਾਂ ਬੇਮਕਸਦ ਵਿਹਲੜ ਨੌਜਵਾਨਾਂ ਦੇ ਅਤੀਤਕਾਲੀਨ ਨਕਸ਼ ਪੇਸ਼ ਕੀਤੇ ਗਏ ਹਨ, ਉਹਨਾਂ ਦਾ ਸਮਾਜਿਕ ਤੇ ਮਾਨਵੀ ਮੁੱਲ ਕੀ ਹੈ? ਉਹਨਾਂ ਦੀ ਸਮਾਜਕ ਪ੍ਰਤਿਬੱਧਤਾ ਕੀ ਹੈ? ਇਹ ਸਭ ਤੋਂ ਵੱਧ ਮਹੱਤਵਪੂਰਨ ਵਿਚਾਰਨਯੋਗ ਪਹਿਲੂ ਹੈ।ਗੀਤ ਦੇ ਸਮੁੱਚੇ ਪ੍ਰਬੰਧ ਵਿੱਚੋਂ ਜੋ ਨਕਸ਼ ਉੱਭਰ ਕੇ ਸਾਹਮਣੇ ਆਉਂਦੇ ਹਨ, ਉਸ ਤੋਂ ਪਤਾ ਲਗਦਾ ਹੈ ਕਿ ਕਾਲਜਾਂ ਵਿੱਚ ਪੜ੍ਹਦੇ ਇਹਨਾਂ ਨੌਜਵਾਨਾਂ ਸਾਹਮਣੇ ਸਮਾਜਿਕ ਪਰਿਵਰਤਨ ਤੇ ਪ੍ਰਤਿਬੱਧਤਾ ਦਾ ਕੋਈ ਲਕਸ਼ ਨਹੀਂ ਹੈ।ਇਹ ਨੌਜਵਾਨ ਕਾਲਜਾਂ ਵਿੱਚ ਕੇਵਲ ਤੇ ਕੇਵਲ ਮਸਤੀ ਦੇ ਮਕਸਦ ਲਈ ‘ਭਰਤੀ’ ਹੋਏ ਹਨ। ਕਲਾਸਾਂ ਨਾ ਲਗਾਉਣੀਆਂ, ਕਾਲਜਾਂ ਦੀਆਂ ਕੰਟੀਨਾਂ ’ਤੇ ਨਸ਼ੇ ਕਰਨ ਤੋਂ ਬਾਅਦ ਵੱਧ ਖੰਡ ਵਾਲੀ ਚਾਹ ਪੀਣੀ, ਕੁੜੀਆਂ ਦੇ ਕਾਲਜਾਂ ਅੱਗੇ ਜਾ ਕੇ ਗੇੜੇ ਮਾਰਨੇ, ਕੁੜੀਆਂ ਛੇੜਨਾ, ਬਰਾਂਡਡ ਪੈਂਟਾਂ-ਸ਼ਰਟਾਂ ਤੇ ਐਨਕਾਂ ਲਗਾਉਣਾ, ਮਾਪਿਆਂ ਦੀ ਕਮਾਈ ਦੇ ਗੁਲਸ਼ਰਲੇ ਉਡਾੳਣਾ, ਮੁੰਡਿਆਂ ਨਾਲ ਲੜਾਈਆਂ ਲੜਨਾ, ਪੀ.ਜੀ.ਕਮਰਿਆਂ ਵਿੱਚ ਸ਼ਰਾਬਾਂ ਪੀਣੀਆਂ ਤੇ ਧੂਤਕੜਾ ਪਾਉਣਾ ਇਹਨਾਂ ਕਾਕਿਆਂ ਦਾ ਸਰਬੋਤਮ ਲਕਸ਼ ਹੈ। ਸਵੇਰੇ ਜਲਦੀ ਨਾ ਉੱਠਣਾ, ਆਪ ਨਾ ਨਹਾਉਣਾ ਤੇ ਕੇਵਲ ਬੁਲਟ ਮੋਟਰ ਸਾਇਕਲ ਹੀ ਚਮਕਾਈ ਜਾਣਾ ਇਹਨਾਂ ਦਾ ਮੁੱਖ ਸ਼ੁਗਲ ਹੈ। ਇਸ ਗੀਤ ਵਿੱਚ ਕਿਹੜੇ ਅਣਮੁੱਲੇ ਯਾਰਾਂ ਦਾ ਜ਼ਿਕਰ ਹੋਇਆ ਹੈ, ਸਧਾਰਨ ਤੋਂ ਸਧਾਰਨ ਬੁੱਧੀ ਰੱਖਣ ਵਾਲਾ ਸ਼ਖ਼ਸ ਵੀ ਇਹ ਦੱਸ ਸਕਦਾ ਹੈ ਕਿ ਇਹ ਅਣਮੁੱਲੇ ਯਾਰ ਨਹੀ ਸਗੋਂ ਬੇਮਕਸਦ ਤੇ ਮੁੱਲਹੀਣ ਯਾਰ ਹਨ।
           

ਅਜੋਕੀ ਮਿਊਜਿਕ ਮੰਡੀ ਵਿੱਚ ਇਹ ਕੋਈ ਇਕੱਲਾ-ਦੁਕੱਲਾ ਗੀਤ ਨਹੀਂ ਜੋ ਨੌਜਵਾਨ ਪੀੜ੍ਹੀ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ। ਪੂਰਾ ਆਵਾ ਹੀ ਊਤਿਆ ਪਿਆ ਹੈ। ਕਿਤੇ ਨੌਜਵਾਨ ਅੱਖਾਂ ਇਸ ਕਰਕੇ ਲਾਲ ਕਰੀ ਫਿਰਦਾ ਹੈ ਕਿ ਉਸ ਦਾ ਕੋਈ ਬੰਦਾ ਮਾਰਨ ਨੂੰ ਦਿਲ ਕਰ ਰਿਹਾ ਹੈ। ਕਿਤੇ ਨੌਜਵਾਨ ਆਪਣੀ ਮਹਿਬੂਬਾ ਦੀ ਯਾਦ ਵਿੱਚ ਸ਼ਰਾਬ ਨਾਲ ਰੱਜਿਆ ਫਿਰਦਾ ਹੈ। ਸਮਾਜਿਕ ਤੇ ਮਾਨਵੀ ਸੰਵੇਦਨਾ ਤੋਂ ਕੋਰੇ ਤੇ ਗੈਰ-ਸੱਭਿਅਕ ਗੀਤ ਸਮਾਜ ਨੂੰ ਕਿਹੜੇ ਪਾਸੇ ਲਿਜਾ ਰਹੇ? ਇਸ ਬਾਰੇ ਡਾਢੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ। ਨੌਜਵਾਨ ਵਰਗ ਖਾਸ ਕਰਕੇ ਵਿਦਿਆਰਥੀ ਵਰਗ ਵਿੱਚ ਅਜਿਹੇ ਮਾਹੌਲ ਨੂੰ ਬਨਾਉਣ ਵਿੱਚ ਅਜਿਹੇ ਗੀਤਾਂ ਦਾ ਬੁਨਿਆਦੀ ਯੋਗਦਾਨ ਹੈ।

ਅਜੋਕੀ ਸਮਾਜੀ-ਆਰਥਿਕ ਵਿਵਸਥਾ ਵਿਚਲੇ ਪੂੰਜੀਵਾਦੀ ਵਿਕਾਸ ਨੇ ਮਨੁੱਖ ਨੂੰ ਇੰਨਾ ਸਵੈ-ਕੇਂਦਰਿਤ ਬਣਾ ਦਿੱਤਾ ਹੈ ਕਿ ਮਨੁੱਖ ਕੇਵਲ ਤੇ ਕੇਵਲ ਮੁਨਾਫੇ ਉੱਪਰ ਕੇਂਦਰਿਤ ਹੋ ਗਿਆ ਹੈ। ਪੂਰੀ ਦੀ ਪੂਰੀ ਮਿਊਜਿਕ ਮੰਡੀ ਵੀ ਇਸ ਵਰਤਾਰੇ ਦੀ ਚਪੇਟ ਵਿੱਚ ਆ ਗਈ ਹੈ। ਨੌਜਵਾਨ ਪੀੜ੍ਹੀ ਸਾਹਮਣੇ ਅੱਜ ਬਹੁਤ ਸਾਰੀਆਂ ਚੁਣੌਤੀਆਂ ਹਨ। ਬੇਰੁਜ਼ਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਸਰਕਾਰਾਂ ਨੇ ਰੁਜ਼ਗਾਰ ਦੇਣ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਰਾਸ਼ਟਰੀ ਸਰਮਾਏਦਾਰੀ ਤੇ ਬਹੁ-ਰਾਸ਼ਟਰੀ ਕੰਪਨੀਆਂ ਨੇ ਬਜ਼ਾਰ ਵਿੱਚ ਅੰਨ੍ਹੀ ਲੁੱਟ ਮਚਾਈ ਹੋਈ ਹੈ।ਇਸ ਤਰ੍ਹਾਂ ਦੇ ਸਮਾਜਿਕ ਵਰਤਾਰੇ ਵਿੱਚ ਜਿੱਥੇ ਸ਼ੋਸ਼ਕ ਤੇ ਸ਼ੋਸ਼ਿਤ ਧਿਰਾਂ ਦਾ ਟਕਰਾਅ ਦਿਨ-ਬ-ਦਿਨ ਪੀਢਾ ਹੋ ਰਿਹਾ ਹੋਵੇ ਉੱਥੇ ਮਨੁੱਖ ਦੇ ਸਰੋਕਾਰ ਕੀ ਹੋਣੇ ਚਾਹੀਦੇ ਹਨ?

ਗੀਤ ਕਿਨ੍ਹਾਂ ਲੋਕਾਂ ਲਈ ਹੋਣ, ਗੀਤਾਂ ਦੇ ਬੋਲ ਕੀ ਹੋਣ, ਗੀਤਾਂ ਦਾ ਦਾਇਤਵ ਕੀ ਹੋਵੇ, ਇਹ ਮਹੱਤਵਪੂਰਨ ਪਹਿਲੂ ਇਸ ਮਿਊਜਿਕ ਮੰਡੀ ਦੇ ਏਜੰਡੇ ’ਤੇ ਨਹੀਂ ਹੈ। ਅਜਿਹੇ ਅਰਾਜਕਤਾਵਾਦੀ ਗੀਤ ਕਿਸੇ ਸਹਿਜ ਵਰਤਾਰੇ ਦਾ ਹਿੱਸਾ ਨਾ ਹੋ ਕੇ ਇੱਕ ਤਹਿਸ਼ੁਦਾ ਵਰਤਾਰੇ ਦਾ ਸਿੱਟਾ ਹਨ। ਗੀਤ ਵਿੱਚ ਜੋ ਵਾਪਰਦਾ ਦਿਖਾਇਆ ਗਿਆ ਹੈ ਉਹ ਸਮੇਂ ਦਾ ਪ੍ਰਤੱਖ ਸੱਚ ਨਹੀਂ, ਇਕਾਂਗੀ ਵਰਤਾਰਾ ਹੈ। ਕਾਲਜਾਂ ਵਿੱਚ ਬੇਮਕਸਦ ਤਰੀਕੇ ਨਾਲ਼ ਭਰਤੀ ਹੋਈ ਅਜਿਹੀ ਹੁੱਲੜਬਾਜ਼ ਨੌਜਵਾਨ ਪੀੜ੍ਹੀ ਦੀਆਂ ਹਰਕਤਾਂ ਕਿਸੇ ਵੀ ਤਰੀਕੇ ਨਾਲ਼ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਨਹੀਂ ਹਨ।

ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਕਾਦਮਿਕ ਮਾਹੌਲ ਨੂੰ ਵਿਗਾੜਨ ਵਿੱਚ ਅਜਿਹੇ ਗੀਤਾਂ ਦਾ ਬੁਨਿਆਦੀ ਤੇ ਅਹਿਮ ਹੱਥ ਹੈ। ਅਜਿਹੇ ਗੀਤ ਜਿੱਥੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ, ਉੱਥੇ ਇਹ ਇਸ ਵਿਵਸਥਾ ਪ੍ਰਤੀ ਨੌਜਵਾਨ ਪੀੜ੍ਹੀ ਵਿੱਚ ਪੈਦਾ ਹੋ ਰਹੀ ਚੇਤਨਤਾ ਨੂੰ ਵੀ ਖੁੰਡਾ ਕਰਨ ਦੇ ਮਕਸਦੀ ਆਹਰ ਵਿੱਚ ਹਨ। ਅੱਜ ਦੇ ਨੌਜਵਾਨ ਸਾਹਮਣੇ ਢੇਰ ਚਿੰਤਾਵਾਂ ਨੇ।ਇੱਕ ਸੋਹਣੇ ਤੇ ਹੁਸੀਨ ਸਮਾਜ ਦਾ ਸੁਪਨਾ ਹੈ। ਭਗਤ ਸਿੰਘ ਦੀ ਕਲਪਨਾ ਵਾਲੀ ਰਾਜਸੀ ਵਿਵਸਥਾ ਲਿਆਉਣ ਦੀ ਲਗਨ ਹੈ। ਲੋਕ-ਪੱਖੀ ਗਾਇਕੀ ਦੀ ਤਰਜ਼ ਮਨ ਵਿੱਚ ਸਮੋਣ ਦੀ ਫਿਤਰਤ ਹੈ।

ਸਮਾਜਿਕ ਨਾ-ਬਰਾਬਰੀ ਮਿਟਾਉਣ ਤੇ ਸਾਂਸਕ੍ਰਿਤਕ ਕ੍ਰਾਂਤੀ ਲਿਆਉਣ ਦੀ ਤਾਂਘ ਸੀਨਿਆਂ ਵਿੱਚ ਉਬਾਲੇ ਖਾ ਰਹੀ ਹੈ। ਅਜਿਹੇ ਮਾਹੌਲ ’ਚੋਂ ਲੰਘ ਰਿਹਾ ਏ ਸਾਡਾ ਅੱਜ ਦਾ ਸਮਾਜਿਕ ਫਿਕਰਮੰਦੀ ਵਾਲਾ ਪ੍ਰਤਿਬੱਧ ਨੌਜਵਾਨ, ਪਰੰਤੂ ਨੌਜਵਾਨਾਂ ਦਾ ਜੋ ਸਰੂਪ ਇਹਨਾਂ ਗੀਤਾਂ ਵਿੱਚੋਂ ਦ੍ਰਿਸ਼ਟੀਗੋਚਰ ਹੋ ਰਿਹਾ ਹੈ, ਉਹ ਕੇਵਲ ਮੁੱਠੀ ਭਰ ਰੱਜੇ-ਪੁੱਜੇ ਘਰਾਂ ਦੇ ਵਿਹਲੜ ਤੇ ਬੇਮਕਸਦ ਕਾਕਿਆਂ ਦੇ ਐਸ਼ਪ੍ਰਸਤੀ ਦੇ ਜੀਵਨ ਵਾਲਾ ਹੈ। ਅੱਜ ਲੋੜ ਕੇਵਲ ਅਜਿਹੇ ਗੀਤਾਂ ਦਾ ਬਾਈਕਾਟ ਕਰਨ ਦੀ ਹੀ ਨਹੀਂ, ਸਗੋਂ ਉਸ ਵਿਵਸਥਾ ਨੂੰ ਸਮਝਣ ਦੀ ਵੀ ਹੈ, ਜਿਸ ਵਿਵਸਥਾ ਦੀ ਛਤਰ-ਛਾਇਆ ਹੇਠ ਅਜਿਹੇ ਗੀਤ ਜਨਮ ਲੈਂਦੇ ਹਨ। ਇਹ ਮਸਲਾ ਵੱਡੀ ਵਿਵਸਥਾਮੂਲਕ ਸਮਾਜਿਕ ਤਬਦੀਲੀ ਨਾਲ ਜੁੜਿਆ ਮਸਲਾ ਹੈ। ਜਦੋਂ ਨੌਜਵਾਨ ਇਸ ਬਾਰੇ ਸੁਚੇਤ ਹੋ ਗਏ ਤੇ ਪੂਰਾ ਕਿਰਤੀ ਵਰਗ ਆਪਣੇ ਹੱਕਾਂ ਦੀ ਚੇਤਨਤਾ ਪ੍ਰਤੀ ਜਾਗਰੂਕ ਹੋ ਗਿਆ ਤਾਂ ਅਜਿਹੀਆਂ ਅਲਾਮਤਾਂ ਪੰਜਾਬੀ ਦੀ ਇੱਕ ਕਹਾਵਤ ‘ਜਿਵੇਂ ਮਹਿੰ ਮਰ ਗਈ ਉਵੇਂ ਚਿਚੜੀਆਂ ਮਰ ਜਾਣਗੀਆਂ’ ਵਾਂਗ ਖ਼ਤਮ ਹੋ ਜਾਣਗੀਆਂ।
                                                      
ਸੰਪਰਕ: 94630 04858

Comments

harpreet singh

bilkul theek likhia veer ji

balkar singh sandhu

sahi likha ji. yatarath da chitran hai.

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ