Tue, 16 July 2024
Your Visitor Number :-   7189683
SuhisaverSuhisaver Suhisaver

ਆਦਰਸ਼ ਅਧਿਆਪਕ ਗਿ. ਭਵਖੰਡਨ ਸਿੰਘ ਨੂੰ ਯਾਦ ਕਰਦਿਆਂ - ਹਰਗੁਣਪ੍ਰੀਤ ਸਿੰਘ

Posted on:- 21-01-2014

suhisaver

ਇਕ ਆਦਰਸ਼ ਅਧਿਆਪਕ ਉਹ ਹੁੰਦਾ ਹੈ ਜਿਹੜਾ ਮਿਹਨਤੀ, ਈਮਾਨਦਾਰ ਅਤੇ ਉੱਚ ਆਚਰਣ ਵਾਲਾ ਹੋਣ ਦੇ ਨਾਲ-ਨਾਲ ਆਪਣੇ ਵਿਸ਼ੇ ਵਿਚ ਪਰਪੱਕ ਹੋਵੇ ਅਤੇ ਵਿਦਿਆਰਥੀਆਂ ਨਾਲ ਬਿਨਾਂ ਭੇਦ-ਭਾਵ ਦੇ ਇਕ ਸਮਾਨ ਪਿਆਰ ਕਰਦਾ ਹੋਵੇ।ਅਜਿਹੇ ਹੀ ਇਕ ਆਦਰਸ਼ ਅਧਿਆਪਕ ਸਨ ਗਿਆਨੀ ਭਵਖੰਡਨ ਸਿੰਘ ਜੋ ਕੌਮੀ ਉਸਰਈਆਂ ਦੀ ਉਸ ਸਮਰਪਿਤ ਸ਼੍ਰੇਣੀ ਨਾਲ ਸਬੰਧ ਰੱਖਦੇ ਸਨ ਜਿਹੜੀ ਨਿਰੰਤਰ ਘੱਟਦੀ-ਘੱਟਦੀ ਅਲੋਪ ਹੋਣ ਦੇ ਕੰਢੇ ਪੁੱਜ ਚੁੱਕੀ ਹੈ।ਉਨ੍ਹਾਂ ਦਾ ਜਨਮ 19 ਜਨਵਰੀ, 1930 ਨੂੰ ਪਟਿਆਲਾ ਵਿਖੇ ਪਿਤਾ ਸ਼੍ਰੋਮਣੀ ਸਾਹਿਤਕਾਰ ਰਾਜ ਕਵੀ ਸ. ਬਲਵੰਤ ਸਿੰਘ ‘ਗਜਰਾਜ’ ਅਤੇ ਮਾਤਾ ਸ਼੍ਰੀਮਤੀ ਰਤਨ ਕੌਰ ਦੇ ਘਰ ਹੋਇਆ।ਆਪ ਨੇ ਦਸਵੀਂ ਦੀ ਪ੍ਰੀਖਿਆ ਬੀ.ਐੱਨ. ਖਾਲਸਾ ਹਾਈ ਸਕੂਲ ਪਟਿਆਲਾ ਤੋਂ ਪਾਸ ਕਰਨ ਉਪਰੰਤ ਗਿਆਨੀ ਦੀ ਪ੍ਰੀਖਿਆ ਕੌਮੀ ਕਾਲਜ ਪਟਿਆਲਾ ਦੇ ਗਿਆਨੀ ਬੁੱਧ ਸਿੰਘ ਦੀ ਯੋਗ ਅਗਵਾਈ ਹੇਠ ਪਾਸ ਕੀਤੀ।ਆਪ ਦੀ ਭਾਸ਼ਾ ਅਧਿਆਪਕ ਵਜੋਂ ਪਹਿਲੀ ਨਿਯੁਕਤੀ ਸੰਨ 1949 ਵਿਚ ਸਰਕਾਰੀ ਹਾਈ ਸਕੂਲ ਸਨੌਰ ਵਿਖੇ ਹੋਈ।ਆਪ ਨੇ ਨੌਕਰੀ ਦਾ ਬਹੁਤਾ ਸਮਾਂ ਸਨੌਰ, ਸਮਾਣਾ ਅਤੇ ਭੁੱਨਰਹੇੜੀ ਦੇ ਸਕੂਲਾਂ ਵਿਚ ਹੀ ਬਿਤਾਇਆ।ਸੰਨ 1988 ਵਿਚ ਸੇਵਾ ਮੁਕਤ ਹੋਣ ਤੱਕ ਲਗਭਗ 40 ਸਾਲਾਂ ਦੀ ਸੇਵਾ ਦੌਰਾਨ ਆਪ ਇਕ ਦਿਨ ਵੀ ਸਕੂਲ ਲੇਟ ਨਹੀਂ ਸਨ ਹੋਏ ਬਲਕਿ ਹਮੇਸ਼ਾਂ ਸਕੂਲ ਲੱਗਣ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਹੀ ਪੁੱਜ ਜਾਂਦੇ ਸਨ।ਆਪ ਨੂੰ ਆਪਣੇ ਵਿਸ਼ੇ ਉੱਤੇ ਪੂਰੀ ਪਕੜ ਸੀ।ਆਪ ਵਿਦਿਆਰਥੀਆਂ ਦੀ ਸ਼ੁੱਧ ਅਤੇ ਸੁੰਦਰ ਲਿਖਾਈ ਉੱਤੇ ਬੜਾ ਜ਼ੋਰ ਦਿੰਦੇ ਸਨ ਅਤੇ ਲੋੜ ਅਨੁਸਾਰ ਵੱਡੀਆਂ ਜਮਾਤਾਂ ਵਿੱਚ ਵੀ ਲਿਖਣਾ ਸਿਖਾਉਣ ਲਈ ਤਖਤੀਆਂ ਦੀ ਵਰਤੋਂ ਕਰਵਾ ਲੈਂਦੇ ਸਨ।

ਆਪਣੇ ਵੱਲੋਂ ਕਰਵਾਈ ਗਈ ਮਿਹਨਤ ਅਤੇ ਵਿਦਿਆਰਥੀਆਂ ਦੀ ਯੋਗਤਾ ਉੱਤੇ ਉਨ੍ਹਾਂ ਨੂੰ ਇੰਨਾ ਭਰੋਸਾ ਸੀ ਕਿ ਸਕੂਲ ਦੀਆਂ ਸਾਲਾਨਾ ਨਿਰੀਖਣਾਂ ਸਮੇਂ ਨਿਧੜਕ ਹੋ ਕੇ ਆਖ ਦਿੰਦੇ ਸਨ, “ਕਰਵਾਏ ਗਏ ਸਲੇਬਸ ਵਿਚੋਂ ਜਿੱਥੋਂ ਮਰਜ਼ੀ ਟੈੱਸਟ ਲੈ ਲਵੋ।” ਅਫਸਰ ਸਾਹਿਬਾਨ ਵੀ ਆਪ ਦੀ ਜਮਾਤ ਦੇ ਬੱਚਿਆਂ ਦੀ ਚੰਗੀ ਤਿਆਰੀ ਦੇਖ ਕੇ ਦੰਗ ਰਹਿ ਜਾਂਦੇ ਸਨ।


ਆਪ ਜਮਾਤ ਵਿਚ ਕਈ ਵਾਰੀ ਗੁਰਬਾਣੀ, ਬਾਬਾ ਫਰੀਦ ਜੀ ਦੇ ਸਲੋਕ ਅਤੇ ਹੋਰ ਕਵਿਤਾਵਾਂ ਆਪਣੀ ਸੁਰੀਲੀ ਆਵਾਜ਼ ਵਿਚ ਇਸ ਤਰ੍ਹਾਂ ਗਾ ਕੇ ਪੜ੍ਹਾਉਂਦੇ ਸਨ ਕਿ ਵਿਦਿਆਰਥੀ ਮੰਤਰ ਮੁਗਧ ਹੋ ਜਾਂਦੇ ਸਨ।ਭਾਵੇਂ ਆਪ ਪੰਜਾਬੀ ਭਾਸ਼ਾ ਦੇ ਅਧਿਆਪਕ ਸਨ ਪਰੰਤੂ ਇਤਿਹਾਸ ਅਤੇ ਭੂਗੋਲ ਪੜ੍ਹਾਉਣ ਵਿਚ ਵੀ ਖਾਸ ਮੁਹਾਰਤ ਰੱਖਦੇ ਸਨ।ਆਪ ਬਲੈਕ-ਬੋਰਡ ਉਤੇ ਬਿਨਾਂ ਕਿਤਾਬ ਚੋਂ ਦੇਖਿਆਂ ਝੱਟਪੱਟ ਨਕਸ਼ਾ ਵਾਹ ਦਿੰਦੇ ਸਨ ਅਤੇ ਬੜੇ ਸੌਖੇ ਢੰਗ ਨਾਲ ਵਿਦਿਆਰਥੀਆਂ ਨੂੰ ਨਕਸ਼ਾ ਭਰਨਾ ਸਿਖਾ ਦਿੰਦੇ ਸਨ।ਸਕੂਲ ਵਿਚ ਸਮਾਜਿਕ ਸਿੱਖਿਆ ਅਧਿਆਪਕਾਂ ਦੀ ਘਾਟ ਹੋਣ ਦੀ ਸੂਰਤ ਵਿਚ ਜਦੋਂ ਵੀ ਇਨ੍ਹਾਂ ਨੇ ਦਸਵੀਂ ਜਮਾਤ ਨੂੰ ਸਮਾਜਿਕ ਸਿੱਖਿਆ ਪੜ੍ਹਾਈ, ਨਤੀਜਾ ਪੰਜਾਬੀ ਵਾਂਗ ਹੀ 100 ਫੀਸਦੀ ਰਿਹਾ।

ਆਪ ਦੇ ਕੁਝ ਅਧਿਆਪਕ ਸਾਥੀ ਤਾਂ ਆਪ ਦੀ ਅਧਿਆਪਨ-ਕੁਸ਼ਲਤਾ ਤੋਂ ਇੰਨੇ ਪ੍ਰਭਾਵਿਤ ਸਨ ਕਿ ਆਪਣੇ ਖਾਲੀ ਪੀਰੀਅਡਾਂ ਵਿਚ ਕਈ ਵਾਰ ਆਪ ਦੀ ਜਮਾਤ ਵਿਚ ਵਿਦਿਆਰਥੀਆਂ ਨਾਲ ਹੀ ਵਿਦਿਆਰਥੀ ਬਣ ਕੇ ਬੈਠ ਜਾਂਦੇ ਸਨ ਅਤੇ ਆਪ ਦੀ ਵਿਲੱਖਣ ਪੜ੍ਹਾਉਣ ਵਿਧੀ ਤੋਂ ਬਹੁਤ ਕੁਝ ਸਿੱਖਦੇ ਸਨ।ਆਪ ਹਮੇਸ਼ਾਂ ਹੀ ਆਪਣੇ ਸਕੂਲ ਮੁਖੀਆਂ ਵੱਲੋਂ ਪਿਆਰੇ ਤੇ ਸਤਿਕਾਰੇ ਜਾਂਦੇ ਸਨ ਕਿਉਂਕਿ ਆਪ ਸੌਂਪੀ ਗਈ ਕਿਸੇ ਵੀ ਜ਼ਿੰਮੇਵਾਰੀ ਤੋਂ ਕਦੇ ਨਹੀਂ ਸੀ ਟਲਦੇ।ਪ੍ਰਭਾਵਸ਼ਾਲੀ ਬੁਲਾਰੇ ਹੋਣ ਸਦਕਾ ਸਕੂਲ ਦੀ ਸਵੇਰ ਸਭਾ ਵਿਚ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਉਪਜਾਉਣ ਹਿਤ ਪ੍ਰੇਰਨਾਮਈ ਭਾਸ਼ਣ ਦੇਣ ਦੇ ਨਾਲ-ਨਾਲ ਖੇਡ ਅਧਿਆਪਕਾਂ ਦੇ ਛੁੱਟੀ ‘ਤੇ ਹੋਣ ਦੀ ਸੂਰਤ ਵਿਚ ਬੱਚਿਆਂ ਨੂੰ ਪੀ.ਟੀ. ਵੀ ਕਰਵਾ ਦਿੰਦੇ ਸਨ।ਆਪ ਭਾਵੇਂ ਦਾਖਲਾ-ਖਾਰਜਾ-ਰਜਿਸਟਰ ਦੇ ਇੰਚਾਰਜ ਰਹੇ, ਭਾਵੇਂ ਪ੍ਰੀਖਿਆ ਦੇ ਇੰਚਾਰਜ ਜਾਂ ਕੁਝ ਹੋਰ, ਹਰੇਕ ਕੰਮ ਪੂਰੀ ਲਗਨ ਨਾਲ ਕਰਦੇ ਸਨ।ਸਨੌਰ ਵਿਖੇ ਜਦੋਂ ਇਨ੍ਹਾਂ ਨੂੰ ਲਾਇਬਰੇਰੀ ਦਾ ਇੰਚਾਰਜ ਵੀ ਬਣਾਇਆ ਗਿਆ ਤਾਂ ਲਾਇਬਰੇਰੀ ਨੂੰ ਇੰਨੀ ਸੁੰਦਰਤਾ ਅਤੇ ਸੁਚੱਜਤਾ ਨਾਲ ਸੈੱਟ ਕੀਤਾ ਕਿ ਹੋਰ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਕਈ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ ਵੀ ਲਾਇਬਰੇਰੀ ਦੇਖਣ ਆਏ ਅਤੇ ਆਪ ਦੀ ਭਰਪੂਰ ਸ਼ਲਾਘਾ ਕੀਤੀ।

ਅੱਜ ਕੱਲ੍ਹ ਜਿੱਥੇ ਬਹੁਤੇ ਅਧਿਆਪਕ ਅਧਿਆਪਕ-ਡਾਇਰੀ ਲਿਖਣ ਨੂੰ ਵਾਧੂ ਤੇ ਬੇਕਾਰ ਜਿਹਾ ਕੰਮ ਸਮਝ ਕੇ ਮਜਬੂਰੀ ਵੱਸ ਲਿਖਦੇ ਹਨ, ਆਪ ਪੂਰੇ ਸੇਵਾ ਕਾਲ ਦੌਰਾਨ ਪੂਰੀ ਦਿਲਚਸਪੀ ਅਤੇ ਸੁਹਿਰਦਤਾ ਨਾਲ ਲਿਖਦੇ ਰਹੇ।ਆਪ ਇਤਨੀ ਸੁੰਦਰ ਡਾਇਰੀ ਲਿਖਦੇ ਸਨ ਕਿ ਇਕ ਵਾਰੀ ਪ੍ਰਿੰਸੀਪਲ ਹਰਨਾਮ ਸਿੰਘ ਜੀ ਨੇ ਡਾਇਰੀ ਉੱਤੇ ਉਸੇ ਤਰ੍ਹਾਂ ‘ਵੈਰੀ ਗੁੱਡ’ ਲਿਖਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਿਵੇਂ ਅਧਿਆਪਕ ਬੱਚਿਆਂ ਦੀਆਂ ਕਾਪੀਆਂ ਉੱਤੇ ਲਿਖਿਆ ਕਰਦੇ ਹਨ।ਆਪਣੀ ਸੁੰਦਰ ਲਿਖਤ ਨਾਲ ਆਪ ਜਿੱਥੇ ਸਕੂਲ ਦੀਆਂ ਜਮਾਤਾਂ ਨੂੰ ਚਾਰਟ ਬਣਾ ਕੇ ਸ਼ਿੰਗਾਰਦੇ ਸਨ, ਉੱਥੇ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਖੇਡ ਅਤੇ ਵਿਗਿਆਨ ਮੇਲਿਆਂ ਵਿਚ ਸਰਟੀਫਿਕੇਟ ਭਰਨ ਵਿਚ 10-10 ਬੰਦਿਆਂ ਜਿੰਨਾ ਕੰਮ ਇਕੱਲਿਆਂ ਹੀ ਕਰ ਦਿੰਦੇ ਸਨ।ਇਸ ਸੇਵਾ ਲਈ ਡਾ. ਐੱਸ.ਐੱਸ. ਕਿਸ਼ਨਪੁਰੀ, ਡਾ. ਗੁਰਦੇਵ ਸਿੰਘ ਜੋਸ਼ੀ ਅਤੇ ਸ੍ਰੀ ਧਰਮਪਾਲ ਸ਼ਰਮਾ ਜੈਸੇ ੳਚ ਅਧਿਕਾਰੀ ਹਮੇਸ਼ਾਂ ਹੀ ਆਪ ਦੇ ਬਹੁਤ ਵੱਡੇ ਪ੍ਰਸ਼ੰਸਕ ਰਹੇ।

ਸਮਾਣੇ ਵਿਚ ਹੈੱਡਮਾਸਟਰ ਸ. ਬਸ਼ੇਸ਼ਰ ਸਿੰਘ ਦੀ ਅਗਵਾਈ ਹੇਠ ਕੰਮ ਕਰਦਿਆਂ ਸਾਥੀ ਅਧਿਆਪਕਾਂ ਸ. ਸੁਖਬੀਰ ਸਿੰਘ ਅਤੇ ਸ. ਹਰਭਜਨ ਸਿੰਘ ਨਾਲ ਰਲਕੇ ਬਿਨਾਂ ਕਿਸੇ ਫੀਸ ਤੋਂ ਛੁੱਟੀਆਂ ਵਿਚ ਵੀ ਕਲਾਸਾਂ ਲੈਕੇ ਅਜਿਹੀ ਕਲਾ ਵਰਤਾਈ ਕਿ ਸ਼ੈੱਡਾਂ ਹੇਠ ਪੜ੍ਹਨ ਵਾਲੇ ਬੱਚੇ ਚੰਗੇ-ਚੰਗੇ ਸ਼ਹਿਰੀ ਸਕੂਲਾਂ ਦੇ ਸਭ ਸਹੂਲਤਾਂ ਵਾਲੇ ਬੱਚਿਆਂ ਨੂੰ ਪਛਾੜ ਕੇ ਮੈਰਿਟ ਸੂਚੀ ਵਿਚ ਉੱਚ ਸਥਾਨ ਹਾਸਲ ਕਰ ਗਏ।ਆਪ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਭਾਲਣ, ਸੁਆਰਨ, ਨਿਖਾਰਨ ਤੇ ਉਸਾਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ।ਆਪ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਕਦੇ-ਕਦੇ ਕੁਟਾਪਾ ਵੀ ਚਾੜ੍ਹ ਦਿੰਦੇ ਹਨ ਪਰੰਤੂ ਕਿਉਂਕਿ ਅਜਿਹਾ ਉਨ੍ਹਾਂ ਦੇ ਸੁਧਾਰ ਲਈ ਹੀ ਕਰਦੇ ਸਨ, ਇਸ ਲਈ ਬੱਚਿਆਂ ਨੂੰ ਕਦੇ ਵੀ ਬੁਰਾ ਨਹੀਂ ਸੀ ਲੱਗਦਾ।ਵਿਦਿਆਰਥੀ ਹਮੇਸ਼ਾਂ ਹੀ ਉਨ੍ਹਾਂ ਨੂੰ ਪਿਤਾ ਦੇ ਸਮਾਨ ਪਿਆਰ ਕਰਦੇ ਸਨ।

ਆਪ ਬੜੀ ਦਰਸ਼ਨੀ ਦਿੱਖ ਵਾਲੇ ਇਨਸਾਨ ਸਨ।ਆਪ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਵਿਦਿਆਰਥੀਆਂ ਉਤੇ ਤਾਂ ਅਸਰ ਪਾਉਂਦੀ ਹੀ ਸੀ ਬਲਕਿ ਕਈ ਸੁਹਜਾਤਮਕ ਸੂਝ ਵਾਲੇ ਸਾਹਿਤਕਾਰਾਂ ਜਿਵੇਂ ਪ੍ਰੋ. ਨਰਿੰਦਰ ਸਿੰਘ ਕਪੂਰ, ਪ੍ਰੋ. ਕੁਲਵੰਤ ਸਿੰਘ ਗਰੇਵਾਲ ਅਤੇ ਪ੍ਰੋ. ਕਿਰਪਾਲ ਕਜ਼ਾਕ ਵੀ ਆਪ ਦੇ ਪਟਿਆਲਾਸ਼ਾਹੀ ਪਹਿਰਾਵੇ, ਉੱਚੇ ਕੱਦ ਅਤੇ ਬਾਦਸ਼ਾਹੀ ਦਿੱਖ ਤੋਂ ਬੜੇ ਪ੍ਰਭਾਵਿਤ ਸਨ।ਪ੍ਰਸਿੱਧ ਫਿਲਮ ਅਦਾਕਾਰ ਸ੍ਰੀ ਓਮ ਪੁਰੀ, ਸ. ਲ਼ਾਲ ਸਿੰਘ ਸਾਬਕਾ ਸਿੰਚਾਈ ਅਤੇ ਪੇਂਡੂ ਵਿਕਾਸ ਮੰਤਰੀ ਪੰਜਾਬ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਬੁਲਾਰੇ ਡਾ. ਸਤੀਸ਼ ਕੁਮਾਰ ਵਰਮਾ, ਡਾਇਰੈਕਟਰ, ਯੂਥ ਵੈਲਫੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ. ਅਮਰਜੀਤ ਸਿੰਘ ਵੜੈਚ, ਸਟੇਸ਼ਨ ਡਾਇਰੈਕਟਰ, ਆਲ ਇੰਡੀਆ ਰੇਡੀਓ ਪਟਿਆਲਾ ਆਦਿ ਆਪ ਦੇ ਕੁਝ ਇਕ ਪ੍ਰਮੁੱਖ ਸ਼ਾਗਿਰਦਾਂ ਵਿੱਚੋਂ ਹਨ।ਇਨ੍ਹਾਂ ਦੇ ਜਮਾਤੀ ਭਾਵੇਂ ਤਰੱਕੀਆਂ ਕਰਦੇ ਕਰਦੇ ਬੜੇ ਉੱਚ ਅਹੁਦਿਆਂ ‘ਤੇ ਪਹੁੰਚ ਗਏ ਸਨ ਪਰੰਤੂ ਇਨ੍ਹਾਂ ਸਭਨਾਂ ਦੀ ਦੋਸਤੀ ਅੰਤਮ ਪਲਾਂ ਤੱਕ ਨਿਭੀ।ਇਨ੍ਹਾਂ ਦੀ ਮਿੱਤਰ ਮੰਡਲੀ ਵਿਚ ਪ੍ਰੋ. ਜੋਗਿੰਦਰ ਕੌਸ਼ਲ, ਤਹਿਸੀਲਦਾਰ ਸ. ਹਰਭਜਨ ਸਿੰਘ ਗਰੇਵਾਲ, ਪ੍ਰੋ. ਬਲਦੇਵ ਕੌਸ਼ਲ, ਡਾ. ਗੁਰਚਰਨ ਸਿੰਘ ਅਤੇ ਨਾਥ ਵਾਚ ਕੰਪਨੀ ਵਾਲੇ ਸ੍ਰੀ ਰਾਜ ਕੁਮਾਰ ਵੀ ਸ਼ਾਮਲ ਸਨ।

ਅੱਜ ਕੱਲ੍ਹ ਇਨ੍ਹਾਂ ਦੀ ਸੁਪਤਨੀ ਸ੍ਰੀਮਤੀ ਗੁਰਦਿਆਲ ਕੌਰ ਅਤੇ ਦੋ ਪੁੱਤਰ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਸੁਖੀ ਜੀਵਨ ਬਤੀਤ ਕਰ ਰਹੇ ਹਨ।ਵੱਡਾ ਬੇਟਾ ਰੂਪਇੰਦਰ ਸਿੰਘ ਫੀਲਖਾਨਾ (ਰਾਜ ਪੁਰਸਕਾਰ ਵਿਜੇਤਾ ਅਧਿਆਪਕ) ਲੈਕਚਰਾਰ-ਅੰਗਰੇਜ਼ੀ ਵਜੋਂ ਸਿੱਖਿਆ ਵਿਭਾਗ ਤੋਂ ਅਤੇ ਛੋਟਾ ਬੇਟਾ ਸਰੂਪਇੰਦਰ ਸਿੰਘ ਸੁਪਰਡੈਂਟ (ਦਰਜਾ-1) ਵਜੋਂ ਪੰਜਾਬ ਪਾਵਰ ਕੌਮ ਤੋਂ ਸੇਵਾ ਮੁਕਤ ਹੋ ਚੁੱਕੇ ਹਨ।ਆਪ ਦਾ ਇਕ ਪੋਤਾ ਇਸ ਰਚਨਾ ਦਾ ਲੇਖਕ ਐਮ. ਏ. ਪੱਤਰਕਾਰੀ ਅਤੇ ਜਨਸੰਚਾਰ ਵਿਚ ਗੋਲਡ ਮੈਡਲਿਸਟ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ. ਫਿਲ ਪੱਤਰਕਾਰੀ ਕਰ ਰਿਹਾ ਹੈ।ਭਾਵੇਂ ਗਿਆਨੀ ਜੀ ਇਸ ਨਾਸ਼ਵਾਨ ਸੰਸਾਰ ਨੂੰ 17 ਜੁਲਾਈ 1996 ਨੂੰ ਅਲਵਿਦਾ ਆਖ ਗਏ ਸਨ ਪਰੰਤੂ ਆਪਣੇ ਪ੍ਰਭਾਵਸ਼ਾਲੀ ਵਿਅਕਤਿਤਵ ਅਤੇ ਪ੍ਰੇਰਨਾਮਈ ਗੁਣਾਂ ਦੇ ਪ੍ਰਭਾਵ ਸਦਕਾ ਆਪ ਆਪਣੇ ਪਰਿਵਾਰ, ਵਿਦਿਆਰਥੀਆਂ ਅਤੇ ਮਿੱਤਰ-ਪਿਆਰਿਆਂ ਦੀ ਯਾਦ ਵਿਚ ਹਮੇਸ਼ਾ ਜਿਊਂਦੇ ਰਹਿਣਗੇ।

ਸੰਪਰਕ: +91 94636 19353

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ