Fri, 19 July 2024
Your Visitor Number :-   7196062
SuhisaverSuhisaver Suhisaver

ਬੁਢਾਪਾ ਸਰਾਪ ਨਹੀਂ - ਸੰਤੋਖ ਸਿੰਘ ਭਾਣਾ

Posted on:- 22-04-2015

suhisaver

ਪੰਜਾਹ ਸਾਲ ਦੀ ਉਮਰ ਪਾਰ ਕਰਦਿਆਂ ਹੀ ਨਿਕੰਮੇ ਹੋ ਕੇ ਬਹਿ ਜਾਣਾ, ਕੁਦਰਤ ਦਾ ਘੋਰ ਅਪਮਾਨ ਹੈ।ਇਸ ਉਮਰੇ ਹੀ ਤਾਂ ਆਦਮੀ ਦੀ ਜ਼ਿੰਦਗੀ ਦਾ ਸਹੀ ਅੰਨਦ ਸ਼ੁਰੂ ਹੁੰਦਾ ਹੈ। ਇਸ ਉਮਰ ਤੱਕ ਆਦਮੀ ਦੀ ਬੁੱਧੀ ਪੂਰੀ ਤਰ੍ਹਾਂ ਕਸੌਟੀਆਂ ਉੱਤੇ ਪਰਖੀ ਜਾ ਚੁੱਕੀ ਹੁੰਦੀ ਹੈ।ਧੁੱਪ,ਪਾਣੀ, ਚੁਗਿਰਦਾ ਅਤੇ ਦੁਨਿਆਵੀ ਦੁੱਖਾਂ ਸੁੱਖਾਂ ਨੂੰ ਸਾਡਾ ਦਿਮਾਗ ਅਤੇ ਦੇਹ,ਚੰਗੀ ਤਰ੍ਹਾਂ ਹੰਢਾਅ ਚੁੱਕੇ ਹੁੰਦੇ ਹਨ।ਪੂਰੀ ਜ਼ਿੰਦਗੀ ‘ਚ ਪ੍ਰਾਪਤ ਕੀਤੇ ਇਨ੍ਹਾਂ ਅਨੁਭਵਾਂ ਸਹਾਰੇ ਹੀ ਆਦਮੀ ਆਪਣੇ ਜੀਵਨ ਰੂਪੀ ਗੱਡੀ ਨੂੰ ਸਹੀ ਮੰਜ਼ਿਲ ਵੱਲ ਤੋਰਨ ਦੀ ਗੱਲ ਸੋਚ ਸਕਦਾ ਹੈ, ਪਰ ਹੈਰਾਨੀ ਹੁੰਦੀ ਹੈ ਕਿ ਲੋਕ ਇਸ ਉਮਰ ‘ਚ ਕੰਮ ਛੱਡ ਕੇ ਥਕਾਨ ਜਾਂ ਬੁਢਾਪੇ ਦੀ ਗੱਲ ਕਿਵੇਂ ਸੋਚ ਸਕਦੇ ਹਨ?

ਇਹੀ ਉਮਰ ਤਾਂ ਵਿਕਾਸ ਦਾ ਪ੍ਰਤੀਕ ਹੈ।ਸ਼ਕਤੀ,ਸਤਿਕਾਰ,ਸੁੰਦਰਤਾ ਅਤੇ ਸਿਆਣਪ ਆਦਿ ਇਸ ਉਮਰ ਦੇ ਮੁੱਖ ਲੱਛਣ ਹਨ।ਇਨ੍ਹਾਂ ਬਹੁਤ ਸਾਰੇ ਗੁਣਾ ਨਾਲ ਭਰਪੂਰ ਜੀਵਨ ਨੂੰ ਲੋਕੀਂ ਪਤਾ ਨਹੀਂ ਨਿਕੰਮਾ ਕਿਉਂ ਕਹਿਣ ਲੱਗ ਪੈਂਦੇ ਹਨ ? ਜੁਆਨੀ, ਕੁਦਰਤ ਵੱਲੋ ਬਖਸ਼ਿਆ ਇੱਕ ਹੁਸੀਨ ਤੋਹਫਾ ਹੈ ਜੋ ਸਾਰਿਆਂ ਨੂੰ ਬਰਾਬਰ ਮਿਲਦਾ ਹੈ।ਕਈ ਲੋਕ ਇਸਨੂੰ ਗੁਆ ਬਹਿੰਦੇ ਹਨ ਅਤੇ ਬੁੱਧੀਮਾਨ ਇਸਨੂੰ ਸਾਭਣ ਦਾ ਯਤਨ ਕਰਦੇ ਹਨ।ਜੇਕਰ ਅਸੀਂ ਅਜਿਹਾ ਸੋਚਾਂਗੇ ਕਿ ਕੁਦਰਤ ਨੇ ਸਾਡਾ ਨਿਰਮਾਣ,ਅੰਤ ਤੱਕ ਸਿਹਤਮੰਦ ਬਣੇ ਰਹਿਣ ਲਈ ਕੀਤਾ ਹੈ ਤਾਂ ਅਸੀਂ ਕਦੇ ਵੀ ਬੁੱਢੇ ਨਹੀਂ ਹੋਵਾਗੇ।

ਸਾਡੇ ਸਰੀਰ ਦੀ ਰਚਨਾ ਇਸ ਤਰ੍ਹਾਂ ਹੋਈ ਹੈ ਕਿ ਸਰੀਰ ਦੇ ਅਣੂ ਕਦੇ ਵੀ ਕੰਮ ਕਰਨਾ ਬੰਦ ਨਹੀਂ ਕਰਦੇ।ਸਰੀਰ ਦੇ ਟੁੱਟੇ-ਭੱਜੇ ਅਣੂਆਂ ਦੀ ਜਗ੍ਹਾ ਫੌਰਨ ਨਵੇਂ ਅਣੂਆਂ ਦਾ ਨਿਰਮਾਣ ਸ਼ੁਰੂ ਹੋ ਜਾਂਦਾ ਹੈ।ਸਰੀਰਕ ਕ੍ਰਿਆਵਾਂ ‘ਚ ਕਿਸੇ ਤਰ੍ਹਾਂ ਦੀ ਕਮੀ ਦਾ ਹੋਣਾ,ਮੌਤ ਨਹੀਂ ਸਮਝਿਆ ਜਾ ਸਕਦਾ।ਮੌਤ ਤਾ ਸਰੀਰਕ ਕ੍ਰਿਆਵਾਂ ਦਾ ਪੂਰੇ ਤੌਰ ਤੇ ਰੁਕ ਜਾਣਾ ਜਾਂ ਬੰਦ ਹੋ ਜਾਣਾ ਹੁੰਦਾ ਹੈ।ਵਿਗਿਆਨਕਾਂ ਨੇ ਬਹੁਤ ਪਹਿਲਾਂ ਸਿੱਧ ਕਰ ਦਿੱਤਾ ਸੀ ਕਿ ਸਾਡੇ ਅੰਗਾਂ ‘ਚ ਨਿੱਤ ਨਵੇਂ ਅਣੂ ਬਣਦੇ ਰਹਿੰਦ ਹਨ।ਸਰੀਰ ਦੇ ਇਸ ਨਵੀਨੀਕਰਨ ਦਾ ਸੰਬੰਧ ਆਦਮੀ ਦੇ ਦਿਮਾਗ ਨਾਲ ਹੁੰਦਾ ਹੈ।ਚਿੰਤਾ ਦਾ ਵਿਨਾਸ਼ਕਾਰੀ ਅਸਰ ਸਾਡੇ ਸਰੀਰ ਤੇ ਜਰੂਰ ਪੈਂਦਾ ਹੈ।ਚਿੰਤਾ ਅਤੇ ਥਕੇਵੇਂ ਭਰੇ ਵਿਚਾਰ,ਸਰੀਰ ਦੇ ਨਵੇਂ ਅਣੂਆਂ ਦੇ ਨਿਰਮਾਣ ‘ਚ ਰੁਕਾਵਟ ਪਾਂਉਣੇ ਹਨ।ਜਦ ਤੱਕ ਆਦਮੀ ਦੇ ਮਨ ‘ਚ ਨਵੇਂ ਵਿਚਾਰ ਹਿਲੋਰੇ ਲੈਂਦੇ ਰਹਿੰਦੇ ਹਨ ਤਾਂ ਸਰੀਰ ਦੇ ਨਵੀਨੀਕਰਣ ਦੀ ਪ੍ਰਕ੍ਰਿਆ ਵੀ ਸੁੰਦਰ ਰੂਪ ਨਾਲ ਚੱਲਦੀ ਰਹਿੰਦੀ ਹੈ ਅਤੇ ਨਵੇਂ ਅਣੂ ਜੁਆਨ ਬਣੇ ਰਹਿੰਦੇ ਹਨ।ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਸਰੀਰ ਨੂੰ ਬੁਢਾਪੇ ‘ਚ ਤਬਦੀਲ ਕਰਨ ਵਾਲੀ ਰਸਾਇਨਕ ਪ੍ਰਕ੍ਰਿਆ ਉਦੋਂ ਤੱਕ ਅਰੰਭ ਨਹੀਂ ਹੁੰਦੀ ਜਦ ਤੱਕ ਆਦਮੀ ਦਾ ਮਨ ਆਪਣੇ ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ । ਜਿਸ ਨਿਰਾਸ਼ਾਵਾਦੀ ਆਦਮੀ ਨੇ ਆਪਣੇ ਜੀਵਨ ਨੂੰ ਪੁਰਾਣੇ ਖੰਡਰ ਵਾਂਗ ਸਮਝ ਲਿਆ ਹੈ ਉਹ ਨਾ ਤਾਂ ਅੱਗੇ ਵੱਧ ਸਕਦਾ ਤੇ ਨਾ ਹੀ ਜੁਆਨੀ ਦਾ ਸੁਖ ਭੋਗ ਸਕਦਾ ਹੈ।ਉਸਨੇ ਆਪਣੀਆਂ ਖੁਸ਼ੀਆਂ ਦੀ ਆਪਣੇ ਹੱਥੀਂ ਹੱਤਿਆ ਕੀਤੀ ਹੁੰਦੀ ਹੈ।ਧਰਤੀ ਉੱਤੇ ਜਿੰਨੇ ਵੀ ਸੁੱਖ ਸਾਧਨ ਅਤੇ ਧਨ ਦੌਲਤ ਹਨ, ਨਿਰਾਸ਼ ਅਤੇ ਹਰ ਵੇਲੇ ਚਿੰਤਾ ‘ਚ ਡੁੱਬੇ ਰਹਿਣ ਵਾਲੇ ਆਦਮੀ ਲਈ ਵਿਅਰਥ ਹਨ।ਅਜਿਹੇ ਬੰਦੇ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੁੰਹ ‘ਚ ਜਾ ਪੈਂਦੇ ਹਨ।

ਜੁਆਨ ਬਣੇ ਰਹਿਣ ਲਈ ਆਦਮੀ ਦੇ ਮਨ ਵਿੱਚ ਆਸ਼ਾ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ।ਭਾਵ ਆਦਮੀ ਦਾ ਆਸ਼ਾਵਾਦੀ ਹੋਣਾ ਬਹੁਤ ਜਰੂਰੀ ਹੈ।ਇਸ ਵਾਕ ਨੂੰ ਹਮੇਸ਼ਾਂ ਯਾਦ ਰੱਖੋ ਕਿ ਆਸ਼ਾ ਹੀ ਜੀਵਨ ਹੈ ਅਤੇ ਨਿਰਾਸ਼ਾ ਮੌਤ।

ਜਿਸ ਆਦਮੀ ਦੇ ਸਾਹਮਣੇ ਉੱਚਾ ਆਦਰਸ਼ ਹੈ,ਉਹ ਉਸਦੀ ਪਾ੍ਰਪਤੀ ਲਈ ਨਿਰੰਤਰ ਸੰਘਰਸ਼ ਕਰਦਾ ਰਹਿੰਦਾ ਹੈ ਇਸ ਲਈ ਉਹ ਕਦੇ ਬੁੱਢਾ ਨਹੀਂ ਹੋ ਸਕਦਾ।ਜਦੋਂ ਅਸੀਂ ਆਪਣੀਆਂ ਯੋਜਨਾਵਾਂ ਨੂੰ ਸਫਲ ਬਨਾਉਣ ਲਈ ਯਤਨ ਸ਼ੁਰੂ ਕਰਦੇ ਹਾਂ ਸਾਡੇ ਅੰਦਰ ਬਿਜਲੀ ਵਰਗੀ ਪ੍ਰੇਰਣਾ ਉਤਪਨ ਹੋਣ ਲੱਗ ਪੈਂਦੀ ਹੈ।ਸਾਡਾ ਵਿਅਕਤੀਤਵ ਉਸਤੋਂ ਹਿੰਮਤ ਅਤੇ ਹੌਸਲੇ ਦੀ ਊਰਜਾ ਪ੍ਰਾਪਤ ਕਰਦਾ ਹੈ।ਇਹੀ ਉਹ ਚੀਜ ਹੈ ਜ਼ੋ ਸਰੀਰ ਦੇ ਅਣੂਆਂ ਨੂੰ ਕਦੇ ਵੀ ਪੁਰਾਣਾ ਨਹੀਂ ਹੋਣ ਦਿੰਦੀ।ਆਪਣੇ ਕੰਮਾਂ ਧੰਦਿਆਂ ‘ਚ ਰੁੱਝੇ ਰਹਿਣ ਨਾਲ ਜ਼ਿੰਦਗੀ ਜਿਉਣ ਦਾ ਇੱਕ ਵੱਖਰਾ ਹੀ ਅਨੰਦ ਹੈ।ਅਨੰਦ ਅਤੇ ਜ਼ੋਬਨ ਆਪਸ ‘ਚ ਬਰਾਬਰ ਸ਼ਬਦ ਹਨ।ਜੋ ਆਦਮੀ ਅਨੰਦ-ਪੂਰਵਕ ਜੀ ਨਹੀਂ ਸਕਦਾ ਉਹ ਜੁਆਨ ਵੀ ਨਹੀਂ ਬਣਿਆ ਰਹਿ ਸਕਦਾ।ਆਦਮੀ ਦਾ ਆਪਣਾ ਦ੍ਰਿਸ਼ਟੀਕੋਨ ਹੀ ਉਸਨੂੰ ਬੁੱਢਾ ਜਾਂ ਜੁਆਨ ਬਣਾਉਦਾ ਹੈ।

ਅਨੁਭਵੀ ਆਦਮੀ ਜਿਉਂ ਜਿਉਂ ਵੱਡਾ ਹੁੰਦਾ ਜਾਂਦੀ ਹੈ ਉਸਦੀ ਉਪਯੋਗਤਾ ਵੀ ਵਧਦੀ ਜਾਂਦੀ ਹੈ।ਅਜਿਹ ਆਦਮੀ ਆਪਣੀਆਂ ਸ਼ਕਤੀਆਂ ਨੂੰ ਕਾਰਜਸ਼ੀਲ ਬਣਾਈ ਰੱਖਦਾ ਹੈ ਜਦ ਇੱਕ ਵਾਰ ਦ੍ਰਿੜ ਸੰਕਲਪ ਕਰ ਲਿਆ ਜਾਵੇ ਕਿ ਵਧਦੀ ਉਮਰ ਦਾ ਸਾਡੇ ਉੱਪਰ ਕੋਈ ਅਸਰ ਨਹੀਂ ਪੈਣ ਲੱਗਾਂ ਤਾਂ ਸਰੀਰ ਕਦੇ ਵੀ ਆਲਸ ਅਤੇ ਥਕੇਵਾਂ ਨਹੀਂ ਮੰਨਦਾ।ਕੁਦਰਤ ਨੇ ਇਸ ਕਾਇਨਾਤ ‘ਚ ਆਦਮੀ ਦਾ ਨਿਰਮਾਣ,ਚਿੰਤਾਵਾ ‘ਚ ਡੁੱਬ ਕੇ, ਘੁੱਟ ਘੁੱਟ ਮਰਨ ਅਤੇ ਨਸ਼ਟ ਹੋਣ ਲਈ ਨਹੀਂ ਕੀਤਾ ਸਗੋਂ ਲੰਮੀ ਉਮਰ ਭੋਗਣ ਲਈ ਕੀਤਾ ਹੈ।ਕੁਦਰਤ ਦੀ ਇੱਛਾ ਹੈ ਕਿ ਆਦਮੀ ਇਸ ਸੰਸਾਰ ਦੇ ਸਾਰੇ ਸੁੱਖਾਂ ਦਾ ਅਨੰਦ ਮਾਣਦਿਆਂ ਹੀ ਇਸ ਫਾਨੀ ਦੁਨੀਆਂ ਚੋਂ ਰੁਖਸਤ ਹੋਵੇ।

ਆਦਮੀ ਦੀ ਔਸਤ ਉਮਰ ਧਰਤੀ ਦੇ ਸਾਰੇ ਪ੍ਰਾਣੀਆਂ ਨਾਲੋਂ ਲੰਮੀ ਹੈ, ਇਸ ਲਈ ਆਦਮੀ ਦੇ ਮੌਢਿਆਂ ਉੱਪਰ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਉਹ ਧਰਤੀ ਦੇ ਇਸ ਸੁੰਦਰ ਚੁਗਿਰਦੇ ਨੂੰ ਹੋਰ ਵੀ ਸੁੰਦਰ ਅਤੇ ਖੁਸ਼ੀਆਂ ਖੇੜਿਆਂ ਭਰਪੂਰ ਬਣਾਏ।ਆਦਮੀ ਦਾ ਹਿੰਮਤ ਹਾਰ ਕੇ ਬਹਿਣਾ,ਕੁਦਰਤੀ ਸਿਧਾਤਾਂ ਦੇ ਖਿਲਾਫ ਹੈ,ਕਿਉਂਕਿ ਕੁਦਰਤ ਦੀ ਹਰੇਕ ਵਸਤੂ ਨਿਰੰਤਰ ਵਿਕਾਸ ਵੱਲ ਚੱਲਦੀ ਰਹਿੰਦੀ ਹੈ ਅਤੇ ਤਰੱਕੀ ਕਰਦੀ ਹੈ।

ਜਦ ਆਦਮੀ ਇਸ ਭੇਦ ਨੂੰ ਸਮਝ ਲਵੇਗਾ ਤਾਂ ਉਹ ਕਦੇ ਵੀ ਬੁਢਾਪੇ ਦਾ ਕੈਦੀ ਨਹੀਂ ਬਣ ਸਕੇਗਾ।ਵੇਸੇ ਇੱਕ ਵੇਲਾ ਅਜਿਹਾ ਆਵੇਗਾ ਜਦੋਂ ਲੋਕ ਬੁਢਾਪੇ ਨੂੰ ਸਰਾਪ ਨਹੀਂ ਸਮਝਣਗੇ।ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀਆਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਾਗਰੂਕ ਨਸਲ,ਬੁਢਾਪੇ ਦੇ ਭੈਅ ਤੋਂ ਮੁਕਤ ਅਤੇ ਸੱਤਿਅਮ,ਸ਼ਿਵਮ,ਸੁੰਦਰਮ ਦੀ ਸਾਖਿਅਤ ਮੂਰਤ ਹੋਵੇਗੀ।ਆਮੀਨ।

ਸੰਪਰਕ:+91 98152 96475

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ