Sun, 25 February 2024
Your Visitor Number :-   6868363
SuhisaverSuhisaver Suhisaver

ਆਪਣੇ ਸਮੇਂ ਤੋਂ ਅਗਾਂਹ ਜਿਉਣ ਵਾਲ਼ਾ ਸ਼ਾਇਰ : ਸ਼ਿਵ ਕੁਮਾਰ ਬਟਾਲਵੀ

Posted on:- 22-07-2021

suhisaver

-ਬਲਕਰਨ 'ਕੋਟ ਸ਼ਮੀਰ'

'ਅਸਾਂ ਤਾਂ ਜ਼ੋਬਨ ਰੁੱਤੇ ਮਰਨਾ' ਕਹਿਣ ਵਾਲ਼ਾ ਸ਼ਿਵ ਸੱਚੀਓਂ ਜਵਾਨੀ ਪਹਿਰ ਹੀ ਤੁਰ ਗਿਆ।  ਤੁਰ ਗਏ ਵਾਪਸ ਨਹੀਂ ਆਉਂਦੇ..ਪਰ ਸ਼ਿਵ ਦੇ ਕਰੁੱਤੇ ਤੁਰ ਜਾਣ ਦਾ ਜ਼ਖਮ ਪੰਜਾਬੀ-ਸਾਹਿਤ ਪ੍ਰੇਮੀਆਂ ਲਈ ਸਦਾ ਹਰਾ ਰਹੇਗਾ।

 ਜਦੋਂ ਵੀ ਕਿਤੇ ਪੰਜਾਬੀ ਸ਼ਾਇਰੀ ਦੀ ਗੱਲ ਚੱਲੇ ਤਾਂ ਸ਼ਿਵ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਸ਼ਿਵ ਨੂੰ ਪੰਜਾਬੀ ਦਾ 'ਜੌਨ ਕੀਟਸ' ਕਿਹਾ ਜਾਂਦਾ ਹੈ। ਰਾਵੀ ਦਰਿਆ ਦੇ ਪਾਣੀਆਂ ਦਾ ਜਾਇਆ ਸ਼ਿਵ ਆਪਣੀ ਵਿਲੱਖਣ ਸਿਰਜਣਾ ਕਾਰਨ ਛੋਟੀ ਉਮਰੇ ਹੀ ਦੁਨੀਆਂ ਭਰ ਵਿੱਚ ਪੑਸਿੱਧ ਹੋ ਗਿਆ।

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ।
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।

ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।

ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।

ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ।ਗ਼ਜ਼ਲ ਦੀਆਂ ਇਹ ਸਤਰਾਂ ਲਿਖਦਾ ਸ਼ਿਵ ਧੁਰ ਅੰਦਰੋਂ ਝਟਕਿਆ ਲਗਦਾ ਹੈ।
        ਸ਼ਿਵ ਪਾਕਿਸਤਾਨ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜੵ ਦੇ  ਬੜਾ ਪਿੰਡ ਲੋਹਟੀਆਂ 'ਚ 23 ਜੁਲਾਈ 1936 ਨੂੰ ਪੈਦਾ ਹੋਇਆ। ਵੰਡ ਤੱਕ ਇਹ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਪੈਂਦਾ ਸੀ। ਬਟਵਾਰੇ ਤੀਕ ਲਹਿੰਦੇ ਪੰਜਾਬ ਵਿੱਚ ਹੀ ਗਲ਼ੀਆਂ ਵਿੱਚ ਖੇਡਦਾ ਰਿਹਾ। ਪੰਜਵੀਂ ਤੱਕ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੀ ਪੜ੍ਹਿਆ। ਮੁਲਕ ਦੀ ਵੰਡ ਮਗਰੋਂ ਸ਼ਿਵ ਕੁਮਾਰ ਪਰਿਵਾਰ ਨਾਲ਼ ਬਟਾਲੇ ਆ ਵਸਿਆ। ਸ਼ਿਵ ਦੇ ਦਰਦਾਂ ਵਿੱਚੋਂ ਇੱਕ ਦਰਦ...ਆਪਣੇ ਬਚਪਨ ਦੇ ਪਿੰਡ ਤੋਂ ਸਦੀਵੀ ਵਿਛੋੜਾ ਪਾ ਕੇ ਨਵੀਂ, ਓਪਰੀ ਥਾਂ ਰਹਿਣਾ ਵੀ ਉਸਦੇ ਸੰਵੇਦਨਸ਼ੀਲ ਦਿਲ 'ਤੇ ਇੱਕ ਵੱਡੀ ਸੱਟ ਸੀ। ਸਾਲੇਵਾਨ ਆਰਮੀ ਹਾਈ ਸਕੂਲ ਬਟਾਲੇ ਤੋਂ 1953 ਈ: ਵਿੱਚ ਦਸਵੀਂ ਪਾਸ ਕਰਕੇ ਬਾਅਦ ਵਿੱਚ ਸ਼ਿਵ ਕੁਮਾਰ ਨੇ ਬਿਨਾ ਕਿਸੇ ਡਿਗਰੀ ਪ੍ਰਾਪਤ ਕੀਤਿਆਂ ਹੀ ਤਿੰਨ ਕਾਲਜ ਬਦਲੇ... ਪਿਤਾ ਕ੍ਰਿਸ਼ਨ ਗੋਪਾਲ ਖ਼ੁਦ ਤਹਿਸੀਲਦਾਰ ਸਨ। ਉਹ ਸੋਚਦੇ ਸਨ ਕਿ ਸ਼ਿਵ ਪੜੵ-ਲਿਖ ਕੇ ਵਧੀਆ ਆਹੁਦੇ ਤੇ ਬੈਠ ਕੇ ਮਾਣ ਕਮਾਵੇ... ਪਰ ਸ਼ਿਵ ਦਰਦਾਂ ਦਾ ਸਾਥੀ, ਪੀੜਾਂ ਦਾ, ਬਿਰਹਾ ਦਾ ਨੇੜਲਾ ਸੰਗੀ,  ਕੁਦਰਤ ਦੀ ਸਾਰ ਪਾਉਣ ਵਾਲ਼ਾ, ਧਰਤੀ ਦਾ ਪੁੱਤਰ, ਅਤੇ ਬੌਧਿਕਤਾ ਦਾ ਮੁਜੱਸਮਾ, ਵੱਡਾ ਸ਼ਾਇਰ ਬਣ ਗਿਆ।

        ਬੇਸ਼ੱਕ ਪਿਤਾ ਦੇ ਕਹੇ-ਕਹਾਏ ਇੱਕ ਵਾਰੀ ਉਹ ਪਿੰਡ ਅਰਲੀਭੰਨ ਵਿੱਚ ਪਟਵਾਰੀ ਬਣ ਵੀ ਗਿਆ ਪਰ ਅਫ਼ਸਰਾਂ ਦਾ ਹੰਕਾਰ ਅਤੇ ਸ਼ਿਵ ਦਾ ਫ਼ਕੀਰਾਨਾ ਸੁਭਾਅ ਬਹੁਤਾ ਚਿਰ ਨਾਲ਼ੋ-ਨਾਲ਼ ਨਾ ਚੱਲ ਸਕੇ। ਹਾਂ , ਖੇਤਾਂ,ਜੱਟਾਂ ਨਾਲ਼ ਘੁਲ਼-ਮਿਲ ਕੇ ਸ਼ਬਦਾਂ ਪੱਖੋਂ ਹੋਰ ਅਮੀਰ ਹੋ ਗਿਆ।ਪਟਵਾਰੀ ਤਾਂ ਐਹੋ ਜਿਹਾ ਸੀ ਓਹ... ਇੱਕ ਵਾਰ ਜੱਟਾਂ ਤੋਂ ਸਾਢੇ ਸੱਤ ਸੌ ਰੁਪਏ ਮਾਮਲਾ ਉਗਰਾਹ ਲਿਆਇਆ। ਸਰਕਾਰੀ ਪੈਸਾ ਸੀ। ਤਹਿਸੀਲਦਾਰ ਕੋਲ਼ੇ ਜਮ੍ਹਾਂ ਨਹੀਂ ਕਰਵਾਇਆ। ਤਹਿਸੀਲਦਾਰ ਉਹਨੂੰ ਸਸਪੈਂਡ ਕਰਨ ਨੂੰ ਕਹੀ ਜਾਵੇ। ਤਾਂ ਉਸਦੀਆਂ ਕਵਿਤਾਵਾਂ ਦੀ ਆਸ਼ਕ ਕੁੜੀ ਜੋ ਸ਼ਿਵ ਨੂੰ ਦੁਖੀ ਨਹੀਂ ਦੇਖ ਸਕਦੀ ਸੀ, ਓਹਨੇ ਜਾ ਭਰਿਆ ਸਾਰੇ ਦਾ ਸਾਰਾ ਪੈਸਾ। 1960 ਵਿੱਚ ਸ਼ਿਵ ਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ।  1966 ਤੱਕ ਬੇਰੋਜ਼ਗਾਰ ਹੀ ਰਿਹਾ

       ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ-ਕਦਾਈਂ ਕਵੀ-ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਮਾੜੀ-ਮੋਟੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।

       5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇੱਕ ਪਿੰਡ 'ਕੀੜੀ ਮੰਗਿਆਲ' ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ।

        ਉਹ ਫ਼ਕੀਰਾਂ ਵਰਗੀ ਤਬੀਅਤ ਦਾ ਬੇਪਰਵਾਹ ਬੰਦਾ ਸੀ। ਅਮਰਜੀਤ ਗੁਰਦਾਸਪੁਰੀ ਦੱਸਦਾ ਹੈ ਕਿ ਇੱਕ ਵਾਰੀ ਕਾਦੀਆਂ ਵਾਲ਼ੇ ਫਾਟਕ ਕੋਲ਼ੇ ਇੱਕ ਪਾਂਡੀ ਨੇ ਮੋਢੇ 'ਤੇ ਹੱਥ ਰੱਖ ਕੇ ਉਧਾਰ ਲਏ ਪੈਸੇ ਮੰਗੇ ਤਾਂ ਸਾਨੂੰ ਗੁੱਸਾ ਆਇਆ ਤੇ ਅਸੀਂ ਪਾਂਡੀ ਨੂੰ ਝਿੜਕਣ ਲੱਗੇ, "ਤੂੰ ਹੁੰਦਾ ਕੌਣ ਐਂ ਸਾਡੇ ਯਾਰ ਨੂੰ ਬਦਨਾਮ ਕਰਨ ਵਾਲ਼ਾ...! " ਪਰ ਸ਼ਿਵ ਨੇ ਬੜੇ ਤਪਾਕ ਨਾਲ਼ ਉਸ ਪਾਂਡੀ ਨੂੰ ਜੱਫੀ ਪਾਈ ਤੇ ਕਿਹਾ, "ਨਾ ਯਾਰੋ..! ਇਹ ਮੇਰਾ ਯਾਰ ਹੈ ਪੱਕਾ, ਮੁਹੱਬਤ ਹੈ ਮੈਨੂੰ ਇਸ ਨਾਲ਼..! ਪੈਸੇ ਮੈਂ ਸੱਚੀਓਂ ਲਏ ਹੋਏ ਐ ਇਹਤੋਂ..!"


      ਪੀੜਾਂ ਦਾ ਪਰਾਗਾ ਕਿਤਾਬ ਤੋਂ ਸ਼ੁਰੂ ਹੋ ਕੋ ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਤੂੰ ਸੁਲਤਾਨ, ਮੈਂ ਤੇ ਮੈਂ, ਆਰਤੀ ਤੋਂ ਬਿਨਾ ਮਸ਼ਹੂਰ ਕਾਵਿ-ਨਾਟ 'ਲੂਣਾ' ਦੀ ਸਿਰਜਣਾ ਕੀਤੀ। ਲੂਣਾ ਲਈ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ।
         ਸ਼ਿਵ ਦੇ ਨੇੜੇ ਰਹਿਣ ਵਾਲੇ ਦੱਸਦੇ ਹਨ ਕਿ ਸ਼ਿਵ ਬਣ-ਠਣ ਕੇ ਰਹਿਣ ਦਾ ਸ਼ੌਕੀਨ ਸੀਸੋਹਣੇ ਕੱਪੜੇ ਪਾਕੇ ਰੱਖਣਾ ਸੁਭਾਅ ਸੀ ਉਸਦਾ, ਉਹ ਕੁੜੀਆਂ ਨੂੰ ਸੰਦਲ ਵਰਗੀ ਪੋਰੀ ਨਜ਼ਰ ਆਉਂਦਾ, ਦਿਲ ਖਿੱਚਵੀਂ ਸ਼ਾਇਰੀ  ਅਤੇ ਸ਼ੌਕੀਨ ਹੋਣ ਕਾਰਨ ਹੀ ਓਹ ਨੌਜਵਾਨਾਂ ਦਾ ਚਹੇਤਾ ਸੀ।

       ਸ਼ਿਵ  ਕਿਸੇ ਵਰਗਾਂ ਜਾਂ ਧੜਿਆਂ ਜਾਂ ਬੰਦਸ਼ਾਂ ਦਾ ਗੁਲਾਮ ਨਹੀਂ ਸੀ, ਉਹ ਇਨ੍ਹਾਂ ਨੂੰ ਸਾਰੇ ਪਸਾਰੇ ਵਿੱਚ ਰੁਕਾਵਟ ਮੰਨਦਾ ਹੈ,ਉਹ ਲਿਖਦਾ ਹੈ:-
ਕੰਧਾਂ ਕੰਧਾਂ ਕੰਧਾਂ
ਏਧਰ ਕੰਧਾਂ ਓਧਰ ਕੰਧਾਂ
ਕਿੰਝ ਕੰਧਾਂ 'ਚੋਂ ਲੰਘਾਂ।
ਮੇਰੇ ਮੱਥੇ ਦੇ ਵਿੱਚ ਕੰਧਾਂ
ਕੰਧਾਂ ਦੇ ਵਿੱਚ ਕੰਧਾਂ
ਮੇਰੇ ਢਿੱਡ ਵਿੱਚ ਕੰਧਾਂ ਕੰਧਾਂ
ਕਿਹਨੂੰ-ਕਿਹਨੂੰ ਵੰਡਾਂ
ਮੈਨੂੰ ਜੱਗ ਨੇ ਕੰਧਾਂ ਦਿੱਤੀਆਂ
ਮੈਂ ਕੀ ਜੱਗ ਨੂੰ ਵੰਡਾਂ।

               ਸ਼ਿਵ ਧਰਤੀ ਦਾ ਪੁੱਤਰ ਸੀ, ਕੁਦਰਤ ਦਾ ਸਭ ਤੋਂ ਨੇੜਲਾ ਸਾਥੀ... ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਸ਼ਿਵ ਦੀਆਂ ਕਿਰਤਾਂ ਵਿੱਚ ਰੁੱਖ, ਬੂਟੇ, ਭੱਠੀਆਂ-ਪਰਾਗੇ, ਹਲ਼ ਪੰਜਾਬੀ ਜਿਹਾ ਦ੍ਰਿਸ਼ ਵਾਤਾਵਰਣ ਬੇਸ਼ੱਕ ਪੰਜਾਬ ਦਾ ਸੀ ਪਰ ਉਸਦਾ ਦਰਦ ਪੂਰੀ ਦੁਨੀਆਂ ਦਾ ਸੀ... ਪਰ ਕਾਸ਼ ਓਹਦੇ ਦਰਦ ਨੂੰ ਸਮਝਣ ਵਾਲ਼ੇ ਦਰਦੀ ਵੀ ਮਿਲ ਜਾਣ।
ਗੁਰਭਜਨ ਗਿੱਲ ਕਹਿੰਦਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਅਜੇ ਸ਼ਿਵ ਦੀਆਂ ਕਿਰਤਾਂ ਨੂੰ ਸਮਝਣ  ਦੀ ਵਿਹਲ ਹੀ ਨਹੀਂ ਕੱਢੀ।  ਅਜੇ ਤੀਕ ਤਾਂ ਅਸੀਂ ਰੋਟੀ ਨੂੰ ਗੋਲ਼ ਕਰਨ ਦੇ ਆਹਰ ਵਿੱਚ ਹੀ ਲੱਗੇ ਹੋਏ ਹਾਂ। ਕੁਝ ਕੁ ਆਲੋਚਕਾਂ ਨੇ ਤਾਂ ਉਸਦੇ ਦਰਦਾਂ ਨੂੰ ਨਿੱਜੀ ਰੁਮਾਂਸ ਦੇ ਰੋਣੇ-ਧੋਣੇ ਤੱਕ ਵੀ ਕਹਿ ਦਿੱਤਾ, ਪਰੰਤੂ ਸ਼ਿਵ ਦੀ ਬੌਧਿਕ ਚੇਤਨਾ ਇੰਨੀ ਵਿਸ਼ਾਲ ਸੀ ਕਿ ਓਹ ਆਪਣੇ ਸਮੇਂ ਤੋਂ ਅਗਾਂਹ ਦਾ ਕਵੀ ਸਾਬਤ ਹੋਇਆ

         ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਘਟਨਾ ਤੇ ਲਿਖੀਆਂ  ਕਵਿਤਾਵਾਂ  'ਸੱਚਾ ਵਣਜਾਰਾ ਅਤੇ 'ਸੱਚਾ ਸਾਧ' ਉਸਦੀਆਂ ਕਾਫ਼ੀ ਉੱਚੀਆਂ ਰਚਨਾਵਾਂ ਹਨ। ਇਹ ਸ਼ਾਇਦ ਉਸਦੀ ਆਪਣੀ ਜ਼ਿੰਦਗੀ ਦੀ ਵੀ ਤ੍ਰਾਸਦੀ ਸੀ।

 ਪੰਜਾਬ ਅਤੇ ਪੰਜਾਬੀਅਤ ਦੇ ਪੁੱਤ ਸ਼ਿਵ ਨੂੰ ਪੰਜਾਬ ਨਾਲ਼ ਅੰਦਰੋਂ ਮੋਹ ਸੀ, ਪੰਜਾਬ ਦਾ ਫ਼ਿਕਰ ਕਰਦਾ ਲਿਖਦਾ ਹੈ:-
ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਅੱਗ ਲਾਉਣ ਕੋਈ ਤੇਰੇ ਗਿੱਧਿਆਂ ਨੂੰ ਆ ਗਿਆ
ਸੱਪਾਂ ਦੀਆਂ ਪੀਂਘਾਂ ਤੇਰੇ ਪਿੱਪਲਾਂ 'ਤੇ ਪਾ ਗਿਆ
ਤੑਿੰਞਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿੱਚ ਫ਼ਿਰਦੇ ਨੇ ਨਾਗ
ਓ ਸ਼ੇਰਾ ਜਾਗ.!

        
            ਓਹ ਪਹਿਲਾ ਮਾਡਰਨ ਪੰਜਾਬੀ ਸ਼ਾਇਰ ਸੀ, ਸ਼ਿਵ ਦੇ ਗੀਤਾਂ ਨੂੰ ਗਲ਼ੀ-ਗਲ਼ੀ ਲੋਕਾਂ ਨੇ ਲੋਕ-ਗੀਤਾਂ ਵਾਂਗ ਗਾਇਆ, 'ਇੱਕ ਮੇਰੀ ਅੱਖ ਕਾਸ਼ਨੀ', 'ਲੱਛੀ ਕੁੜੀ ਵਾਢੀਆਂ ਕਰੇ,'  'ਬਣ ਗਈ ਮੈਂ ਸੂਬੇਦਾਰਨੀ,'  'ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾ,'  'ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ,' 'ਇੱਕ ਕੁੜੀ ਜੀਹਦਾ ਨਾਮ ਮਹੱਬਤ...' ਜਿਹੇ ਅਮਰ ਬੋਲਾਂ ਦੇ ਗੀਤਾਂ ਦਾ ਰਚੇਤਾ ਲੋਕਾਂ ਦਾ ਹਰਮਨ ਪਿਆਰਾ ਸ਼ਾਇਰ ਸ਼ਿਵ ਕੁਮਾਰ ਅੱਜ ਵੀ ਲੋਕ ਦਿਲਾਂ ਵਿੱਚ ਜਿਓਂ ਦੀ ਤਿਓਂ ਵਸਦਾ ਹੈ ਅਤੇ ਹਮੇਸ਼ਾਂ ਵਸਦਾ ਰਹੇਗਾ।
          ਕੁਝ ਲੋਕ ਕਹਿੰਦੇ ਹਨ ਕਿ ਜੇ ਸ਼ਿਵ ਇੰਗਲੈਂਡ ਨਾ ਜਾਂਦਾ ਤਾਂ ਸ਼ਾਇਦ ਬਚ ਜਾਂਦਾ ਕਿਉਂਕਿ ਓਥੋਂ ਦਾ ਖਾਣ-ਪੀਣ ਤੇ ਆਬੋ-ਹਵਾ ਉਸਦੇ ਰਾਸ ਨਹੀਂ ਆਏ । ਓਥੇ ਯਾਰ ਵੀ ਐਹੋ-ਜਿਹੇ ਮਿਲ ਗਏ ਕਿ ਬਸ ਸ਼ਰਾਬ ਪੀਈ ਜਾਣੀ, ਕਵਿਤਾਵਾਂ ਸੁਣੀ ਜਾਣੀਆਂ। ਅਸਲ ਵਿੱਚ ਜ਼ਿਆਦਾ ਸ਼ਰਾਬ ਪੀਣ ਕਾਰਣ ਉਸਨੂੰ ਲਿਵਰ ਸਿਰੋਸਿਸ ਹੋ ਗਿਆ ਸੀ। ਇਹ ਹੀ ਉਸਦੀ ਮੌਤ ਦਾ ਕਾਰਣ ਬਣਿਆ। ਇੰਗਲੈਂਡ ਤੋਂ ਮੁੜਦਿਆਂ ਹੀ ਇਹ ਹਰਮਨ ਪਿਆਰਾ ਸ਼ਾਇਰ 6 ਮਈ 1973 ਈ: ਵਿੱਚ ਨੂੰ ਸਾਥੋਂ ਸਦਾ ਲਈ ਵਿੱਛੜ ਗਿਆ ਗਿਆ ।

ਫ਼ੋਨ : 7508092957

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ