Fri, 12 July 2024
Your Visitor Number :-   7182208
SuhisaverSuhisaver Suhisaver

ਆਰਥਿਕ ਮੰਦਹਾਲੀ ਦੇ ਦਿਨਾਂ ਦੀ ਇੱਕ ਪੁਰਾਣੀ ਯਾਦ -ਸ਼ਿਵ ਕੁਮਾਰ ਬਾਵਾ

Posted on:- 16-03-2013

suhisaver

ਪੰਜਾਬੀ ਭਾਸ਼ਾ ਵਿੱਚ ਵਧੀਆ ਤੇ ਕੜਾਕੇਦਾਰ ਸਾਹਿਤ ਦੀ ਸਿਰਜਣਾ ਕਰਨ ਵਾਲਿਆਂ ਨਾਲ ਮੇਰਾ ਦਿਲੀਂ ਮੋਹ ਹੈ । ਇਸ ਲਈ ਸਕੂਲੀ ਪੜ੍ਹਾਈ ਪੜ੍ਹਦਿਆਂ ਹੀ ਮੈਂ ਪੰਜਾਬੀ ਦੇ ਚੋਟੀ ਦੇ ਲੇਖਕਾਂ, ਸ਼ਾਇਰਾਂ ਦੀਆਂ ਲਿਖਦਾਂ ਪੜ੍ਹਦਾ ਰਹਿੰਦਾ ਤੇ ਰਹਿੰਦੀ ਕਸਰ ਸਰਕਾਰੀ ਕਾਲਜ ਹੁਸ਼ਿਆਰਪੁਰ ਪੜ੍ਹਦਿਆਂ ਪੂਰੀ ਕਰ ਲਈ । ਇਸ ਰੁੱਚੀ ਨੂੰ ਹੋਰ ਬੱਲ ਉਸ ਵਕਤ ਮਿਲਿਆ ਜਦ 22 ਸਾਲ ਪਹਿਲਾਂ ਮੈਨੂੰ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ' ਦੇ ਦਫਤਰ ਵਿੱਚ ਉਸ ਸਮੇਂ ਦੇ ਸੰਪਾਦਕ ਹਰਭਜਨ ਸਿੰਘ ਹਲਵਾਰਵੀ ਹੁਰਾਂ ਮਾਹਿਲਪੁਰ (ਹੁਸ਼ਿਆਰਪੁਰ) ਤੋਂ ਅਖਬਾਰ ਦੀ ਪੱਤਰਕਾਰੀ ਲਈ ਨਿਯੁਕਤ ਕਰ ਲਿਆ। ਮੈਨੂੰ ਯਾਦ ਹੈ ਕਿ ਉਹ ਦਿਨ, ਜਿਸ ਵੇਲੇ ਹਲਵਾਰਵੀ ਸਾਹਿਬ ਹੁਰਾਂ ਮੈਨੂੰ ਥਾਪੜਾ ਦਿੰਦਿਆਂ ਆਖਿਆ ਸੀ ਕਿ ਕਾਕਾ ਤੈਨੂੰ ਪੱਤਰਕਾਰੀ ਦੀ ਸੇਵਾ ਇਸ ਲਈ ਦਿੱਤੀ ਹੈ ਕਿ ਤੂੰ ਅੱਜ ਸਾਡੀ ਅਖਬਾਰ ਵਿੱਚ ਸ਼ਾਇਰ ਆਰਿਫ ਗੋਬਿੰਦਪੁਰੀ ਦਾ ਰੇਖਾ ਚਿੱਤਰ ਵਧੀਆ ਲਿਖਿਆ ਹੈ ।

ਮੈਂ ਆਪਣੀ ਲੇਖਣੀ ’ਤੇ ਮਾਣ ਮਹਿਸੂਸ ਕਰਨ ਲੱਗ ਪਿਆ ਤੇ ਹਲਵਾਰਵੀ ਹੁਰਾਂ ਹੋਰ ਗੱਲ ਕਰਦਿਆਂ ਨਾਲ ਹੀ ਆਖ ਦਿੱਤਾ ਕਿ ਮੇਰਾ ਵੀ ਮਿੱਤਰ ਤੁਹਾਡੇ ਹਲਕੇ ਵਿੱਚ ਰਹਿ ਰਿਹਾ ਹੈ ਤੇ ਮੈਂ ਉਸ ਕੋਲ ਅਕਸਰ ਆਉਂਦਾ ਜਾਂਦਾ ਰਹਿੰਦਾ ਹਾਂ। ਤੁਹਾਡਾ ਹਲਕਾ ਸਾਹਿਤਕਾਰਾਂ ਅਤੇ ਸੂਰਮਿਆਂ ਦੀ ਜੰਮਣ ਭੌਂਅ ਹੈ। ਤੁਸੀਂ ਹਲਕੇ ਵਿੱਚ ਸਾਹਿਤਕ ਸਮਾਗਮ ਕਰਵਾਓ ਤੇ ਮੈਨੂੰ ਜ਼ਰੂਰ ਸੱਦੋ ਤੇ ਮੈ ਪੱਕਾ ਆਵਾਂਗਾ ।  ਉਹਨਾਂ ਦੇ ਮਿੱਤਰ ਸਨ ਆਪਣੇ ਜ਼ਮਾਨੇ ਦੇ ਉੱਘੇ ਨਾਟਕਕਾਰ ਜੋਗਿੰਦਰ ਬਾਹਰਲਾ ਸਾਹਿਬ । ਉਹ ਚੱਬੇਵਾਲ ਵਿਖੇ ਆਪਣੀ ਲਾਲ ਕੋਠੀ ਵਿੱਚ ਫਕਰਾਂ ਵਾਲੀ ਜ਼ਿੰਦਗੀ ਜੀਅ ਰਹੇ ਸਨ। ਹਲਵਾਰਵੀ ਹੁਰੀਂ ਅਕਸਰ ਹੀ ਉਸ ਨੂੰ ਮਿਲਣ ਆਉਂਦੇ ਤੇ ਮੈਨੂੰ ਵੀ ਉੱਥੇ ਬੁਲਾ ਲੈਂਦੇ ਸਨ ।ਉਸ ਲਾਲ ਕੋਠੀ ਵਿੱਚ ਮੇਰਾ ਆਉਣਾ ਜਾਣਾ ਵੱਧ ਗਿਆ ਸੀ ਤੇ ਬਾਹਰਲਾ ਸਾਹਿਬ ਪੱਤਰਕਾਰਾਂ ਦੇ ਦੋਸਤ  ਅਤੇ ਅਖਬਾਰਾਂ ਦੇ ਪੱਕੇ ਪਾਠਕ ਹੋਣ ਕਰਕੇ ਮੈਨੂੰ ਵੀ ਚੰਗੀ ਤਰ੍ਹਾਂ ਜਾਨਣ ਲੱਗ ਪਏ ਸਨ। ਹਲਵਾਰਵੀ ਅਤੇ ਬਾਹਰਲਾ ਸਾਰਾ ਸਾਰਾ ਦਿਨ ਗੱਲਾਂ ਬਾਤਾਂ ਕਰਦੇ ਰਹਿੰਦੇ । ਨਸ਼ੇ ਵਿੱਚ ਧੁੱਤ ਬਾਹਰਲਾ ਕਈ ਵਾਰ ਅੰਦਰਲੀਆਂ ਐਨੀਆਂ ਗੁੱਝੀਆਂ ਗੱਲਾਂ ਕਰਦਾ ਰਹਿੰਦਾ ਜਿਹਨਾਂ ਦੇ ਭੇਦ ਕਈ ਵਾਰ ਮੇਰੇ ਵਰਗਿਆਂ ਨੂੰ ਹੁਣ ਪਤਾ ਲੱਗ ਰਹੇ ਹਨ।

ਉਹ ਇੱਥੇ ਆਪਣੀ ਸੋਚ ਵਾਲੇ ਬੰਦਿਆਂ ਨਾਲ ਲੰਬੀਆਂ ਗੱਲਾਂ ਕਰਦੇ ਸਨ । ਕਾਮਰੇਡਾਂ ਅਤੇ ਉਹਨਾਂ ਦੀਆਂ ਆਪੋ ਆਪਣੀਆਂ ਪਾਰਟੀਆਂ ਦੀਆਂ  ਨੀਤੀਆਂ ਅਤੇ ਦੇਸ਼ ਵਿੱਚ ਜਾਤ ਬਰਾਦਰੀ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਆਗੂਆਂ ਵਲੋਂ ਕੀਤੀ ਜਾ ਰਹੀ ਸਿਆਸਤ ਸਬੰਧੀ ਵਿਚਾਰ ਚਰਚਾ ਤੋਂ ਇਲਾਵਾ  ਲੇਖਕਾਂ ਅਤੇ ਸ਼ਾਇਰਾਂ ਵਿੱਚ ਆਪਸੀ ਫੁੱਟ ਦੀ ਖੁੱਲ੍ਹਕੇ ਗਲਬਾਤ ਹੂੰਦੀ। ਤਕਰਾਰ ਲੰਬੇ ਅਤੇ ਬਹਿਸ ਵਾਲੇ ਹੋਣ ਕਰਕੇ ਕਈ ਬਾਰ ਮੈਂ ਅੱਕ ਕੇ ਬਾਹਰਲੇ ਦੀ ਕੋਠੀ ਦੇ ਵਿਹੜੇ ਵਿੱਚ ਬੈਠ ਜਾਂਦਾ। ਚੋਟੀ ਦੇ ਨਸ਼ੱਈ ਸਾਹਿਤਕਾਰ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ, ਹੱਥ ਮਿਲਾਉਂਦੇ ਅਤੇ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਗਾਲ੍ਹਾਂ ਵੀ ਕੱਢਣ ਲੱਗ ਪੈਂਦੇ।

ਉਹ ਕਦੇ ਕਦੇ ਸ਼ਾਇਰ ਅਵਤਾਰ ਪਾਸ਼, ਸ਼ਿਵ ਕੁਮਾਰ ਬਟਾਲਵੀ , ਸੰਤ ਰਾਮ ਉਦਾਸੀ ਦੀਆਂ ਲੰਬੀਆਂ ਗੱਲਾਂ ਕਰਕੇ ਰੋਣ ਲੱਗ ਪੈਂਦੇ ।  ਉਹ ਜਦ ਦੱਸਦੇ ਕਿ ਸ਼ਿਵ ਕੁਮਾਰ ਬਟਾਲਵੀ ਨੇ ਚਰਚਿਤ ਕਵਿਤਾਵਾਂ  ਚੱਬੇਵਾਲ ਵਿਖੇ ਮੇਰੀ ਉਕਤ ਲਾਲ ਕੋਠੀ ਨਾਲ ਵੱਗਦੇ ਚੋਅ ਵਿੱਚ ਬੈਠਕੇ ਲਿਖੀਆਂ ਸਨ ਤਾਂ ਕੋਲ ਬੈਠੇ ਬਹੁਤੇ ਲੇਖਕ ਉਸ ਕੋਲ ਨੂੰ ਹੋ ਕੇ ਸੁਣਨ ਲੱਗ ਪੈਂਦੇ। ਬਾਹਰਲਾ ਸਾਹਿਬ ਤਾਂ ਬਟਾਵਲਵੀ ਦੀਆਂ ਗੱਲਾਂ ਕਰਦਾ ਕਰਦਾ ਪੱਟਾਂ ਤੇ ਹੱਥ ਮਾਰਕੇ ਪਿੱਟਣ ਵੀ ਲੱਗ ਪੈਦਾ ਤੇ ਹਲਵਾਰਵੀ ਸੰਤ ਰਾਮ ਉਦਾਸੀ ਅਤੇ ਪਾਸ਼ ਨੂੰ ਯਾਦ ਕਰਕੇ ਭਾਵੁਕ ਹੋ ਉੱਠਦਾ ਸੀ । ਇਥੇ ਚੋਟੀ ਦੇ ਸਾਹਿਤਕਾਰਾਂ ਦੇ ਵਾਰਤਾਲਾਪ ਤੋ ਹੀ ਪ੍ਰਭਾਵਿਤ ਹੋ ਕੇ ਮੈਂ ਅਜਿਹੇ ਕਲਮਕਾਰਾਂ ਦੀਆਂ ਲਿਖਤਾਂ ਦੀ ਭਾਲ ਕਰਦਾ ਰਹਿੰਦਾ ਜੋ ਸਰਕਾਰ , ਸਿਸਟਮ ਅਤੇ ਲੋਕ ਹੱਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਹੋਣ ।
                

ਜੋਗਿੰਦਰ ਬਾਹਰਲਾ ਦੀ ਕੋਠੀ ਵਿੱਚ ਬਹੁਤ ਸਾਰੇ ਅਖਬਾਰ ਅਤੇ ਮੈਗਜ਼ੀਨ ਆਉਂਦੇ ਜੋ ਅਸੀਂ ਉੱਥੇ ਰਹਿਕੇ ਪੜ੍ਹਦੇ ਤੇ ਕਈ ਵਾਰ ਪੜ੍ਹਨ ਲਈ ਘਰੀ ਵੀ ਲੈ ਆਉਂਦੇ। ਇਥੇ ਮਾਹਿਲਪੁਰ , ਚੱਬੇਵਾਲ ਅਤੇ ਹੁਸ਼ਿਆਰਪੁਰ ਦੇ ਨਵੇਂ ਅਤੇ ਪੁਰਾਣੇ ਲੇਖਕ ਅਕਸਰ ਹੀ ਇਕੱਠੇ ਹੋ ਜਾਂਦੇ ਸਨ । ਨਾਟਕਾਂ ਵਿੱਚ ਨਵਾਂ ਨਵਾਂ ਕੰਮ ਕਰਨ ਵਾਲੇ ਕਲਾਕਾਰਾਂ ਦਾ ਤਾਂ ਇਥੇ ਤਾਂਤਾ ਹੀ ਲੱਗਾ ਰਹਿੰਦਾ ਤੇ ਕਈਆਂ ਨੇ ਉਥੇ ਪੱਕੇ ਡੇਰੇ ਹੀ ਬਣਾ ਲਏ ਸਨ। ਸ਼ਰਾਬ ਪੀਣ ਦੇ ਆਦੀ ਲੇਖਕ ਤਾਂ ਸਾਧਾਂ ਦੇ ਚੇਲਿਆਂ ਵਾਂਗ ਨਾਲ ਨਾਲ ਹੀ ਰਹਿੰਦੇ। ਇਨਕਲਾਬੀ ਗੱਲਾਂ ਸੁਣ ਸੁਣ ਅਸੀਂ ਵੀ ਇਸ ਪਾਸੇ ਵੱਲ ਖਿੱਚੇ ਗਏ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਸੀ ਸਾਰੇ ਨਵੇਂ ਅਤੇ ਪੁਰਾਣੇ ਕਲਮਕਾਰਾਂ ਨੇ ਮਿਲਕੇ ਹੁਸ਼ਿਆਰਪੁਰ ਦੇ ਸੁਭਾਸ਼ ਨਗਰ ਦੇ ਇੱਕ ਸਰਕਾਰੀ ਸਕੂਲ ਵਿੱਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ।
                 
ਜਨਾਬ ਕਮਲਦੇਵਪਾਲ, ਜਸਵੀਰ ਕਾਲਰਵੀ, ਕੁਲਬੀਰ ਗੋਜ਼ਰਾ , ਕੂੰਦਨ ਲਾਲ ਪਾਲ, ਸੁਰਜੀਤ ਕਲਸੀ , ਪ੍ਰੀਤਨੀਤਪੁਰ , ਮਢਾਰ ਕਰਤਾਰਵੀ, ਹਰਦਿਆਲ ਹੁਸ਼ਿਆਰਪੁਰੀ, ਰਣਵੀਰ ਨਰੂੜੀਆ, ਆਰਿਫ ਗੋਬਿੰਦਪੁਰੀ, ਬਿੰਦਰ ਬਿਸਮਿਲ, ਜੋਗਾ ਸਿੰਘ ਬਠੁੱਲਾ, ਉਲਫਤ ਬਾਜਵਾ , ਪੰਮਾਂ ਪੇਟਰ , ਗੁਰਦਿਆਲ ਪੰਜਾਬੀ ਆਦਿ ਸਾਰਿਆਂ ਕਲਮਕਾਰਾਂ ਨੇ ਮਿਲਕੇ ਅਸੀ ਇੱਕ ‘ਪ੍ਰਗਤੀਸ਼ੀਲ ਸਾਹਿਤ ਮੰਚ ਹੁਸ਼ਿਆਰਪੁਰ ' ਦੀ ਸਥਾਪਨਾ ਕੀਤੀ।

ਸੁਰਜੀਤ ਕਲਸੀ ਨੂੰ ਜਨਰਲ ਸਕੱਤਰ ਤੇ ਮੈਨੂੰ ਇਸ ਮੰਚ ਦਾ ਪ੍ਰੈਸ ਸਕੱਤਰ ਬਣਾਇਆ ਗਿਆ। ਹੁਸ਼ਿਆਰਪੁਰ ਵਿੱਚ ਮੰਚ ਵਲੋਂ ਉਪਰੋਥਲੀ ਕਈ ਸਾਹਿਤਕ ਸਮਾਗਮ ਕਰਵਾਏ ਅਤੇ ਉੱਭਰ ਰਹੀਆਂ ਵਿਦਰੋਹੀ ਕਲਮਾਂ ਨੂੰ ਸੇਧ ਦੇਣ ਲਈ ਚੋਟੀ ਦੇ ਕਲਮਕਾਰਾਂ ਨੂੰ ਬੁਲਾਕੇ ਕਲਾਸਾਂ ਲਾਈਆਂ ਜਾਂਦੀਆਂ । ਮੰਚ ਦੇ ਸਾਰੇ ਮੈਬਰ ਅਤੇ ਅਹੁੱਦੇਦਾਰ ਇਕੱਠੇ ਹੋ ਕੇ ਦੂਰ ਦੁਰਾਡੇ ਦੇ ਸਾਹਿਤਕ ਸਮਾਗਮਾਂ ਵਿੱਚ ਵੱਧ ਚੜ੍ਹਕੇ ਸ਼ਮੂਲੀਅਤ ਕਰਦੇ ਅਤੇ ਖੂਬ ਮੌਜਾਂ ਮਾਣਦੇ। ਇਥੇ ਹੀ ਉਸ ਵਕਤ ਆਪਣੀਆਂ ਰਚਨਾਵਾਂ ਅਤੇ ਸਰਗਰਮੀਆਂ ਨਾਲ ਚਰਚਾ ਦਾ ਵਿਸ਼ਾ ਬਣੇ ਕਵੀ ਲਾਲ ਸਿੰਘ ਦਿਲ ਦੀਆਂ ਗੱਲਾਂ ਹੁੰਦੀਆਂ ਤੇ ਉਸ ਨੂੰ ਆਪਣੇ ਮੰਚ ਦੇ ਸਮਾਗਮ ਵਿੱਚ ਸੱਦਕੇ ਖੁੱਲੀਆਂ ਗੱਲਾਂ ਕਰਨ ਦੇ ਫੈਸਲੇ ਵੀ ਲਏ ਜਾਂਦੇ ਪ੍ਰੰਤੂ ਸਮਾਂ, ਦੂਰ ਦਾ ਪੈਂਡਾ ਅਤੇ ਆਰਥਿਕ ਮੰਦਹਾਲੀ ਕਿਸੇ ਵੀ ਮੰਚ ਦੇ ਅਹੁੱਦੇਦਾਰ ਦੀ ਕੋਈ ਵੀ ਪੇਸ਼ ਨਾ ਜਾਣ ਦਿੰਦੀ।
                                     
ਸਾਲ 1995-96 ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਪਿੰਡ ਔੜ ਉੜਾਪੜ ਵਿੱਚ ਇੱਕ ਸਾਹਿਤ ਸਭਾ ਵਾਲਿਆਂ ਨੇ ਸਾਹਿਤਕ ਸਮਾਗਮ ਰੱਖਿਆ ਤਾਂ ਪ੍ਰਗਤੀਸ਼ੀਲ ਸਾਹਿਤ ਮੰਚ ਹੁਸ਼ਿਆਰਪੁਰ ਦੇ ਸਾਰੇ ਮੈਂਬਰ  ਅਤੇ ਅਹੁੱਦੇਦਾਰ ਆਪਣੀ ਮੈਟਾਡੋਰ ਕਰਕੇ ਉਸ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ । ਸਮਾਗਮ ਵਿੱਚ ਕਵੀ ਲਾਲ ਸਿੰਘ ਦਿਲ ਵੀ ਪੁੱਜਾ ਹੋਇਆ ਸੀ ,ਜਿਸਨੂੰ ਦੇਖਕੇ ਸਾਡੇ ਸਾਰਿਆਂ ਦੀਆਂ ਅੱਖਾਂ ਖੁਸ਼ੀ ਨਾਲ ਹੋਰ ਚਮਕ ਉਠੀਆਂ। ਸਭਾ ਵਲੋਂ ਉਸਦਾ ਸਨਮਾਨ  ਕੀਤਾ ਜਾਣਾ ਸੀ।
                         
ਮੈਂ ਕਮਲਦੇਵਪਾਲ, ਪ੍ਰੋ ਐਲ ਡੀ ਪ੍ਰਦੇਸੀ , ਉਲਫਤ ਬਾਜ਼ਵਾ , ਆਰਿਫ ਗੋਬਿੰਦਪੁਰੀ , ਸੁਰਜੀਤ ਕਲਸੀ ਅਤੇ ਇੱਕ ਦੋ ਹੋਰ ਜਾਣੇ ਦਾਰੂ ਪੀਣ ਦੇ ਸ਼ੌਕੀਨ ਸਾਂ ਇਸ ਲਈ ਦਿਲ ਨੂੰ ਬਾਹਰ ਕੱਢਕੇ ਲਿਆਉਣ ਲਈ ਕਮਲਦੇਵਪਾਲ ਨੂੰ ਭੇਜਿਆ ਗਿਆ ਕਿਉਂਕਿ ਉਹ ਦਿਲ ਸਾਹਿਬ ਦਾ ਕਾਫੀ ਪਹਿਚਾਣ ਵਾਲਾ ਸੀ । ਚੱਲਦੇ ਸਮਾਗਮ ਵਿੱਚ ਦੋ ਦੋ ਪੈੱਗ ਸਾਰਿਆਂ ਨੇ ਮਾਰੇ ਅਤੇ ਆਪੋ ਆਪਣੀਆਂ ਰਚਨਾਵਾਂ ਸੁਣਾਕੇ ਘਰਾਂ ਨੂੰ ਤੁਰਨ ਲੱਗੇ। ਸਭਾ ਵਲੋਂ ਖਾਣੇ ਦਾ ਪ੍ਰਬੰਧ ਇੱਕ ਗੁਰਦੁਆਰੇ ਵਿੱਚ ਹੋਣ ਕਰਕੇ ਉਲਫਤ ਬਾਜਵਾ ਸਮੇਤ ਹੋਰ ਸ਼ਾਇਰ ਸ਼ਰਾਬ ਪੀਤੀ ਹੋਣ ਕਾਰਨ ਸਮਾਗਮ ਪ੍ਰਬੰਧਕਾਂ ਦੇ ਇਸ ਕਾਰਜ ਕਾਰਨ ਭੜਕ ਉਠੇ । ਸਾਡੇ ਮੰਚ ਦੇ ਅਹੁਦੇਦਾਰ ਲਾਲ ਸਿੰਘ ਦਿੱਲ ਨੂੰ ਆਪਣੇ ਨਾਲ ਲਿਜਾਉਣ ਲਈ ਰਾਜੀ ਕਰਨ ਲੱਗ ਪਏ ਪ੍ਰੰਤੂ ਦਾਰੂ ਦੀ ਲੋਰ ਵਿੱਚ ਸਾਰੇ ਇੱਕ ਦੂਸਰੇ ਵੱਲ ਦੇਖੀ ਜਾਣ ਪ੍ਰੰਤੂ ਉਸ ਨੂੰ ਕਹਿਣ ਦੀ ਹਿੰਮਤ ਕੋਈ ਵੀ ਨਾ ਕਰੇ।
                               

ਅਖੀਰ ਕਮਲਦੇਵਪਾਲ , ਪ੍ਰੋ ਐਲ ਡੀ ਪ੍ਰਦੇਸੀ ਅਤੇ ਮੈਂ ਦਿਲ ਕੋਲ ਗਏ ਤਾਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸੀ । ਮਾੜਕੂ ਜਿਹੇ ਸਰੀਰ ਦੇ ਦਲੇਰ ਬੰਦੇ ਨੇ ਪਹਿਲਾਂ ਤਾਂ ਸਾਨੂੰ ਨਾਂਹ ਕਰ ਦਿੱਤੀ ਪ੍ਰੰਤੂ ਥੌੜ੍ਹਾ ਜਿਹਾ ਸੋਚਕੇ ਉਹ ਕੋਈ ਇਕਰਾਰ ਕਰਕੇ ਸਾਡੀ ਗੱਡੀ ਵਿੱਚ ਸਾਡੇ ਨਾਲ ਬੈਠ ਗਿਆ। ਰਸਤੇ ਵਿੱਚ ਸਾਰਿਆਂ ਨੇ ਮੁਰਗੇ ਖਾਧੇ ਅਤੇ ਸ਼ਰਾਬ ਪੀਤੀ। ਚੋਟੀ ਦੇ ਸ਼ਾਇਰ ਵੀ ਸਾਡਾ ਨਸ਼ੱਈਪੁਣਾ ਦੇਖਕੇ ਆਨਾਕਾਨੀ ਕਰਦੇ ਹੋਏ ਤਿੱਤਰ ਹੋ ਗਏ । ਸ਼ਰਾਬ ਚੰਗੇ ਭਲੇ ਬੰਦੇ ਦੇ ਹੱਥ ਖੜ੍ਹੇ ਕਰਵਾ ਦਿੰਦੀ ਹੈ । ਇਸ ਦਾ ਅੰਦਾਜ਼ਾ ਮੈਨੂੰ ਉਸ ਦਿਨ ਹੀ ਹੋ ਗਿਆ ਜਦ ਸਾਡੀ ਹਾਲਤ ਵੇਖਕੇ ਲਾਲ ਸਿੰਘ ਦਿਲ ਦਿਲੋਂ ਸਤਿਕਾਰ ਕਰਨ ਵਾਲੇ ਬੰਦੇ ਵੀ ਸਾਨੂੰ ਵਰ੍ਹਦੇ ਮੀਂਹ ਵਿੱਚ ਪਿੰਡ ਸੈਲਾਖੁਰਦ ਦੇ ਅੱਡੇ ਤੇ ਬਹਾਨੇ ਨਾਲ ਲਾਹਕੇ ਤਿੱਤਰ ਹੋ ਗਏ।

ਮੈਂ , ਕਮਲਦੇਵਪਾਲ , ਪ੍ਰੌ ਐਲ ਡੀ ਪ੍ਰਦੇਸੀ ਸੈਲਾਖੁਰਦ ਦੇ ਅੱਡੇ ਤੇ ਰਾਤ ਦੇ ਹਨੇਰੇ ਅਤੇ ਵਰ੍ਹਦੇ ਮੀਂਹ ਵਿੱਚ ਖੜ੍ਹੇ ਭਿੱਜ ਰਹੇ ਸੀ । ਬਰਸਾਤੀ ਦਿਨ ਹੋਣ ਕਾਰਨ ਭਾਵੇ ਠੰਡ ਨਹੀਂ ਸੀ, ਪ੍ਰੰਤੂ ਫਿਰ ਵੀ ਅਸੀ ਨਸ਼ੇ ਦੀ ਹਾਲਤ ਵਿੱਚ ਦਿਲ ਸਮੇਤ ਕੰਬੀ ਜਾ ਰਹੇ ਸੀ। ਸਾਡੇ ਕੋਲ ਦੋ ਬੋਤਲਾਂ (ਬੈਗ ਪਾਈਪਰ)  ਸ਼ਰਾਬ ਦੀਆਂ ਸਨ। ਪੱਤਰਕਾਰੀ ਕਰਨ ਕਰਕੇ ਸੈਲਾਖੁਰਦ ਦੇ ਕੁਝ ਦੁਕਾਨਦਾਰਾਂ ਦਾ ਮੈਂ ਨਿੱਜੀ ਜਾਣੂ ਸੀ । ਮੇਰਾ ਇੱਕ ਦੋਸਤ ਪੁਲੀਸ ਚੌਂਕੀ ਕੋਲ ਡਰਾਈਕਲੀਨਰ ਦੀ ਦੁਕਾਨ ਕਰਦਾ ਸੀ ਤੇ ਸੈਲਾਖੁਰਦ ਤੋਂ ਬਸਪਾ ਪਾਰਟੀ ਦਾ ਬਲਾਕ ਸੰਮਤੀ ਮੈਂਬਰ ਵੀ ਸੀ । ਉਹ ਵੀ ਖਾਣਪੀਣ ਦਾ ਸ਼ੌਕੀਨ ਹੋਣ ਅਕਸਰ ਹੀ ਦੁਕਾਨ ਦੇਰ ਰਾਤ ਨੂੰ ਬੰਦ ਕਰਦਾ ।
                                                       
ਸਾਢੇ ਅੱਠ ਦਾ ਸਮਾਂ ਹੋ ਜਾਣ ਅਤੇ ਮੀਂਹ ਕਾਰਨ ਕੋਈ ਵੀ ਸਾਧਨ ਸਾਨੂੰ ਪਿੰਡ ਮੋਇਲਾ ਵਾਹਿਦਪੁਰ ਜਾਣ ਲਈ ਨਹੀਂ ਮਿਲ ਰਿਹਾ ਸੀ। ਮੈਂ ਡਰਾਈਕਲੀਨਰ ਦੋਸਤ ਮਦਨ ਲਾਲ ਨਿੱਘਾ ਦੀ ਦੁਕਾਨ ਵਿੱਚ ਗਿਆ ਤਾਂ ਉਹ ਸਾਨੂੰ ਦੇਖਕੇ ਖੁਸ਼ ਹੋ ਗਿਆ। ਉਹ ਆਪਣੇ ਹੋਰ ਜਾਣੂ ਬੰਦਿਆਂ ਨਾਲ ਪਹਿਲਾਂ ਹੀ ਪੀ ਰਹੇ ਸਨ ਤੇ ਸਾਨੂੰ ਅੰਦਰ ਵੜਦਿਆਂ ਹੀ ਚਾਰ ਪੈਗ ਬਣਾਕੇ ਫੜ੍ਹਾ ਦਿੱਤੇ ਜੋ ਅਸੀ ਨਸ਼ਾ ਟੁੱਟਾ ਹੋਣ ਕਾਰਨ ਦਵਾਸੱਟ ਪੀ ਲਏ। ਉੱਥੇ ਅਸੀ ਦੇਰ ਰਾਤ ਤੱਕ ਸ਼ਰਾਬ ਪੀਦੇ ਰਹੇ ਤੇ ਦਿਲ ਅਤੇ ਕਮਲ ਆਪਣੀਆਂ ਕਵਿਤਾਵਾਂ ਸੁਣਾਉਂਦੇ ਰਹੇ ਅਤੇ ਬੜਾ ਮਜ਼ਾ ਲਿਆ ਪ੍ਰੰਤੂ ਸਾਰਾ ਮਜ਼ਾ ਉਸ ਵਕਤ ਕਿਰ ਕਿਰਾ ਹੋ ਗਿਆ ਜਦ ਦੁਕਾਨ ਬੰਦ ਕਰਕੇ ਅਸੀ ਸਾਰੇ ਦੁਕਾਨ ਤੋਂ ਬਾਹਰ ਆਕੇ ਆਪੋ ਆਪਣੇ ਟਿਕਾਣੇ ਲੱਭਣ ਲੱਗੇ।
                             
ਅਸੀਂ ਚਾਰੇ ਜਾਣੇ ਸੈਲਾਖੁਰਦ ਤੋ ਪਿੰਡਾਂ ਰਾਹੀ ਪਿੰਡ ਮੋਇਲਾ ਵਾਹਿਦਪੁਰ ਪੁੱਜੇ। ਅਸੀ ਜਦ 10 ਕਿਲੋਮੀਟਰ ਪੈਂਡਾ ਪੈਰੀ ਤਹਿ ਕਰਕੇ ਘਰ ਬੜੇ ਤਾਂ ਮੇਰੀ ਮਾਂ ਮੇਰੇ ਨਾਲ ਗੁੱਸੇ ਹੋ ਗਈ। ਘਰ ਵਿੱਚ ਮੇਰੀ ਮਾਂ ਹੀ ਸੀ । ਉਸ ਨੇ ਨੇਰ੍ਹੇ ਵਿੱਚ ਤੱਕ ਲਿਆ ਕਿ ਉਸ ਨਾਲ ਹੋਰ ਵੀ ਬੰਦੇ ਹਨ ਤਾਂ ਉਹ ਚੁੱਪ ਹੋ ਕੇ ਪਿਛਲੇ ਅੰਦਰ ਦੀਵਾ ਬਾਲਣ ਤੁਰ ਪਈ। ਉਹਨਾਂ ਦਿਨਾਂ ਵਿੱਚ ਸਾਡੇ ਛੋਟੇ ਜਿਹੇ ਘਰ ਨੂੰ ਕੋਈ ਦਰਵਾਜ਼ਾ ਅਤੇ ਨਾ ਹੀ ਬਿਜਲੀ ਅਤੇ ਪਾਣੀ ਦਾ ਨਲਕੇ ਦਾ ਪ੍ਰਬੰਧ ਸੀ। ਮਾਂ ਨੇ ਦੀਵਾ ਬਾਲਕੇ ਖੂਹ ਦੇ ਖਾਰੇ ਪਾਣੀ ਨਾਲ ਭਰੀ ਬਾਲਟੀ ਵਿਚੋ ਪਾਣੀ ਨਾਲ ਭਰਕੇ ਗਿਲਾਸ ਸਾਨੂੰ ਫੜਕੇ ਰੋਟੀਆਂ ਪਕਾਉਣ ਲੱਗ ਪਈ। ਗਿੱਲੀਆਂ ਪਾਥੀਆਂ ਹੋਣ ਕਰਕੇ ਅੱਗ ਬੜੀ ਮੁਸ਼ਕਲ ਨਾਲ ਮਘੀ ਤੇ ਧੂੰਏ ਨੇ ਦਿਲ ਨੂੰ ਸਾਹ ਲੈਣਾ ਵੀ ਔਖਾ ਕਰ ਦਿੱਤਾ । ਪਿੰਡ ਵਿੱਚ ਬੱਤੀ ਗੁੱਲ ਹੋਣ ਕਰਕੇ ਘੁੱਪ ਹਨੇਰਾ ਅਤੇ ਦੁਕਾਨਾ ਬੰਦ ਸਨ । ਘਰ ਵਿੱਚ ਕੋਈ ਸਬਜ਼ੀ  ਵੀ ਨਹੀਂ ਬਣੀ ਹੋਈ ਸੀ । ਸੋਣ ਲਈ ਜਗ੍ਹਾ ਵੀ ਤੰਗ ਤੇ ਉੱਪਰੋਂ ਕਿਣ ਮਿਣ ,ਕਮਰੇ ਅੰਦਰ ਕਹਿਰ ਦਾ ਮੱਛਰ ਅਤੇ ਅਤਿ ਦਾ ਹੁੰਮ ਸੀ। ਸੈਲਾਖੁਰਦ ਤੋਂ ਲਿਆਂਦੇ ਆਂਡੇ ਵੀ ਠੰਡੇ ਹੋ ਚੁੱਕੇ ਸਨ ।
                               
ਮੈਂ ਲਾਲ ਸਿੰਘ ਦਿਲ ਦੇ ਕਹਿਣ ’ਤੇ ਮੰਜੇ ਕੋਠੇ ਤੇ ਚੜ੍ਹਾ ਲਏ । ਸਾਰੀ ਰਾਤ ਉਹ ਦਲੇਰ ਬੰਦਾ ਮੈਨੂੰ ਆਪਣੀਆਂ ਦਲੇਰਰਾਨਾ ਗੱਲਾਂ ਸਣਾਉਂਦਾ ਰਿਹਾ । ਤਿੱਖੀਆਂ ਤਲਖ ਹਕੀਕਤਾਂ ਸੁਣਦੇ ਸੁਣਦੇ ਕਮਲ ਤੇ ਪ੍ਰੋ. ਐਲ ਡੀ ਪ੍ਰਦੇਸੀ ਸੋ ਗਏ, ਪ੍ਰੰਤੂ ਉਹ ਪੈੱਗ ਅਤੇ ਸੁੱਕੀਆਂ ਰੋਟੀਆਂ ਦੇ ਆਸਰੇ ਮੈਨੂੰ ਜੀਣ ਦਾ ਬਲ ਸਮਝਾ ਗਿਆ। ਉਸ ਦੇ ਉਸ ਰਾਤ ਬੋਲੇ ਬੋਲ ਮੈਨੂੰ ਅੱਜ ਵੀ ਯਾਦ ਹਨ ਕਿ '‘ ਹਸਲਾ ਨਾ ਛੱਡੀ , ਤੇਰੇ ਕੋਲ ਬਹੁਤ ਕੁਝ ਹੈ, ਸਿਰਫ ਸਾਂਭਣ ਅਤੇ ਸੰਭਾਲਣ ਦੀ ਲੋੜ ਹੈ। ਉਸ ਨੇ ਆਪਣੇ ਹਮਦਰਦ ਜੋਗਿੰਦਰ ਬਾਹਰਲਾ , ਗੁਰਦਿਆਲ ਪੰਜਾਬੀ ਬਾਰੇ ਗੱਲਾਂ ਕੀਤੀਆਂ ਤੇ ਕਿਹਾ ਸੀ ਕਿ ਉਹ ਵੀ ਦਲੇਰ ਸ਼ਖ਼ਸੀਅਤਾਂ ਹਨ।
                                              
ਮੈਂ ਉਸ ਵਕਤ ਅਣਜਾਣ ਸੀ। ਉਸ ਬਾਰੇ ਮੈਨੂੰ ਐਨਾ ਨਹੀਂ ਪਤਾ ਸੀ ਜਿੰਨਾਂ ਉਸਦੇ ਜਾਣ ਤੋਂ ਬਾਅਦ ਪਤਾ ਲੱਗਾ । ਉਸ ਰਾਤ ਉਸ ਵੱਲੋਂ ਖੰਗੀ ਜਾਣ ਵਾਲੀ ਖਾਂਸੀ ਕਾਰਨ ਉਸ ਦੀ ਹਾਲਤ ਅੱਖਾਂ ਸਾਮ੍ਹਣੇ ਆਉਂਦੀ ਹੈ ਤਾਂ ਰੂਹ ਕੰਬ ਉੱਠਦੀ ਹੈ । ਉਹ ਇਸ ਦੇ ਬਾਵਜੂਦ ਵੀ 14-15 ਸਾਲ ਹੋਰ ਜੀਅ ਗਿਆ, ਜੋ ਉਸ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਉਸ ਕੋਲ ਬਹੁਤ ਹੀ ਕੰਮ ਦੀਆਂ ਗੱਲਾਂ ਸਨ ਜਿਹਨਾਂ ਨੂੰ ਸਾਂਭਣ ਲਈ ਸਾਨੂੰ ਉਦਮ ਕਰਨੇ ਚਾਹੀਦੇ ਹਨ। ਸਾਹਿਤਕਾਰਾਂ ਨੂੰ ਸਾਹਿਤਕਾਰਾਂ ਬਾਰੇ ਸੋਚਣਾ ਚਾਹੀਦਾ । ਹੋਰ ਪ੍ਰਾਪਤੀ ਲਈ ਸਮੇਂ ਦੀਆਂ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਇੱਕ ਜੁੱਟ ਵੀ ਹੋਣਾ ਸਾਰਿਆਂ ਦਾ ਧਰਮ ਹੋਣਾ ਚਾਹੀਦਾ ਹੈ।

ਜੇ ਸਰਕਾਰਾਂ ਅਜਿਹੇ ਕਲਮਕਾਰਾਂ ਦਾ ਉਹਨਾਂ ਦੇ ਜਿਉਂਦੇ ਜੀਅ ਮੁੱਲ ਪਾਉਂਦੀਆਂ ਤਾਂ ਜੋਗਿੰਦਰ ਬਾਹਰਲੇ ਵਰਗੇ ਚੁੱਲ੍ਹਿਆਂ ਦੀ ਅੱਗ ’ਤੇ ਡਿੱਗਕੇ ਨਾ ਸੜਦੇ ਅਤੇ ਨਾ ਹੀ ਭੁੱਖ ਅਤੇ ਗਰੀਬੀ ਕਾਰਨ ਲਾਲ ਸਿੰਘ ਦਿਲ ਵਰਗਾ ਬੰਦਾ ਅਣਹੋਈ ਮੌਤੇ ਮਰਦਾ । ਦਿਲ ਤਾਂ ਦਿਲ ਸੀ , ਉਹ ਭੁਲਾਇਆ ਵੀ ਭੁੱਲਣ ਵਾਲਾ ਨਹੀਂ । ਅੱਜ ਇਹਨਾਂ ਗੱਲਾਂ ਲਗਭਗ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।  ਮਹਾਨ ਨਾਟਕਕਾਰ ਜੋਗਿੰਦਰ ਬਾਹਰਲਾ , ਪੱਤਰਕਾਰ ਅਤੇ ਕਵੀ ਹਰਭਜਨ ਸਿੰਘ ਹਲਵਾਰਵੀ, ਲਾਲ ਸਿੰਘ ਦਿਲ ,ਜਨਾਬ ਉਲਫਤ ਬਾਜ਼ਵਾ , ਪ੍ਰੋ ਐਲ ਡੀ ਪ੍ਰਦੇਸੀ ,ਗੁਰਦਿਆਲ ਪੰਜਾਬੀ , ਗੀਤਕਾਰ ਸੁਰਜੀਤ ਕਲਸੀ, ਅਜਾਇਬ ਕਮਲ ਸਮੇਤ ਬਹੁਤੇ ਲੇਖਕ ਅਤੇ ਸ਼ਾਇਰ ਆਪਣੀਆਂ ਮਹਾਨ ਰਚਨਾਵਾਂ ,ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾਕੇ ਸਦਾ ਦੀ ਨੀਦ ਸੋ ਗਏ ਹਨ। ਉਹਨਾਂ ਦੀਆਂ ਰਚਨਾਵਾਂ ਅਤੇ ਪੁਸਤਕਾਂ ਨੂੰ ਸਾਂਭਣ ਵਾਲੇ ਮਹਾਨ ਹਨ ਤੇ ਸਰਕਾਰ ਸਮੇਤ ਭਾਸ਼ਾ ਵਿਭਾਗ ਨੂੰ ਉਕਤ ਸ਼ਾਇਰਾਂ ਦੇ ਖਰੜੇ ਅਤੇ ਉਹਨਾ ਦੀਆਂ ਛਪੀਆਂ ਪੁਸਤਕਾਂ ਨੂੰ ਦੁਬਾਰਾ ਛਾਪਕੇ ਮਹਾਨ ਕਾਰਜ ਕਰਨਾ ਚਾਹੀਦਾ ਹੈ।

ਜੋਗਿੰਦਰ ਬਾਹਰਲਾ ਸਮੇਤ ਬਹੁਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਉਹਨਾਂ ਦੇ ਘਰਾਂ ਵਿੱਚ ਘੁਣ ਨਾਲ ਲੜਾਈ ਲੜ ਰਹੀਆਂ ਹਨ। ਅਮਰੀਕਾ ਵਸਦੇ ਕਮਲਦੇਵਪਾਲ ਦੀ ਪੁਸਤਕ ‘ ਦਿਨ ਪਰਤ ਆਉਣਗੇ ਮਾਰਕੀਟ ਵਿੱਚ ਧੂੰਮ ਮਚਾ ਰਹੀ ਹੈ। ਅਮਰੀਕਾ ਬੈਠਾ ਬਿੰਦਰ ਬਿਸਮਲ, ਜਸਵੀਰ ਕਾਲਰਵੀ ਅਤੇ ਕੈਨੇਡਾ ਵਸਦਾ ਅੰਮ੍ਰਿਤ ਦਿਵਾਨਾ ਵੀ ਕਿਤਾਬੀ ਦੋੜ ਵਿੱਚ ਅੱਗੇ ਹਨ । ਇਧਰ ਖਰੜਾ ਤਾਂ ਬਹੁਤ ਜਮ੍ਹਾਂ ਹੈ ਪ੍ਰੰਤੂ ਪੱਤਰਕਾਰੀ ਦੇ ਝੁਮੇਲਿਆਂ ਨੇ ਜਿੱਥੇ ਸ਼ਾਇਰੀ ਨਿਗਲ ਲਈ ਉੱਥੇ ਗਰੀਬੀ ਨੇ ਯਾਰ ਦਾ ਰਹਿੰਦਾ ਕੁੱਲਾ ਜਿਸਦੀ ਛੱਤ ਤੇ  ਕਦੇ ਲਾਲ ਸਿੰਘ ਦਿਲ ,ਕਮਲਦੇਵਪਾਲ ਅਤੇ ਸੰਗੀਤ ਦੇ ਉੱਘੇ ਪ੍ਰੋਫੈਸਰ ਐਲ ਡੀ ਪ੍ਰਦੇਸੀ ਸੁੱਤੇ ਸਨ ਢਹਿ ਢੇਰੀ ਹੋ ਗਿਆ ਹੈ।  ਲਾਲ ਸਿੰਘ ਵਰਗੇ ਮਹਾਨ ਬੰਦੇ ਦਾ ਥਾਪੜਾ ਕਿ ਦਿਨ ਇਹ ਵੀ ਨਹੀਂ ਰਹਿਣਗੇ ਦੀ ਆਸ ਨਾਲ ਸਮਾਂ ਪਾਸ ਕਰ ਰਹੇ ਹਾਂ।
 
ਸੰਪਰਕ: 95929 54007

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ