Wed, 24 April 2024
Your Visitor Number :-   6996861
SuhisaverSuhisaver Suhisaver

ਕਿਉਂਕਿ ਸੱਚ ਕੌੜਤੁੰਮੇ ਤੋਂ ਵੀ ਕੌੜਾ ਹੁੰਦੈ -ਮਨਦੀਪ ਖੁਰਮੀ ਹਿੰਮਤਪੁਰਾ

Posted on:- 02-08-2012

suhisaver

ਪੱਤਰਕਾਰੀ ਨੂੰ ਲੋਕਤੰਤਰ ਦੇ ਚਾਰ ਥੰਮ੍ਹਾਂ ਚੋਂ ਇੱਕ ਥੰਮ੍ਹ ਹੋਣ ਦਾ ਮਾਣ ਹਾਸਲ ਹੈ। ਸੱਚੀ-ਸੁੱਚੀ ਪੱਤਰਕਾਰੀ ਨੂੰ ਸਮਾਜ ਦਾ ਸ਼ੀਸ਼ਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹੀ ਇੱਕੋ ਇੱਕ ਜ਼ਰੀਆ ਹੈ ਜਿਸ ਰਾਹੀਂ ਲੋਕਾਂ ਦੀਆਂ ਹੱਕੀ ਮੰਗਾਂ ਪ੍ਰਸਾਸ਼ਨ ਦੀ ਨਜ਼ਰ ਕਰਾਈਆਂ ਜਾ ਸਕਦੀਆਂ ਹਨ, ਇਸ ਰਾਹੀਂ ਕਿਸੇ ਹੱਕਦਾਰ ਦਾ ਹੱਕ ਮਾਰੇ ਜਾਣ ਖਿਲਾਫ ਕਲਮ ਰਾਹੀਂ ਲੜਾਈ ਲੜ ਕੇ ਇਨਸਾਫ ਹੱਕਦਾਰ ਦੀ ਝੋਲੀ ਪਾਇਆ ਜਾ ਸਕਦਾ ਹੈ। ਮੈਂ ਪੱਤਰਕਾਰੀ ਨੂੰ ਇੱਕ ਮਾਚਿਸ ਦੀ ਡੱਬੀ (ਜਿਹਨੂੰ ਅਸੀਂ ਠੇਠ ਭਾਸ਼ਾ 'ਚ ਸੀਖਾਂ ਵਾਲੀ ਡੱਬੀ ਕਹਿੰਦੇ ਹਾਂ) ਸਮਾਨ ਖਿਆਲ ਕਰਦਾ ਹਾਂ, ਜੇਕਰ ਕਿਸੇ ਸਮਝਦਾਰ ਹੱਥ ਲੱਗ ਗਈ ਤਾਂ ਉਹ ਸਮਾਜ ਦੀਆਂ ਹਨੇਰੀਆਂ ਕੁੰਦਰਾਂ ਨੂੰ ਵੀ ਰੁਸ਼ਨਾ ਦੇਵੇਗਾ। ਜੇਕਰ ਇਹੀ ਡੱਬੀ (ਪੱਤਰਕਾਰੀ) ਕਿਸੇ ਬਾਂਦਰ ਦਿਮਾਗ ਦੇ ਹੱਥ ਲੱਗ ਗਈ ਤਾਂ ਉਹ ਖੁਦ ਜਲੇ ਭਾਵੇਂ ਨਾ ਪਰ ਸਮਾਜ ਦੇ ਚਿਹਰੇ ਨੂੰ ਜ਼ਰੂਰ ਧੁਆਂਖ ਦੇਵੇਗਾ।  
         

ਪੰਜਾਬ ‘ਚ ਰਹਿੰਦਿਆਂ  ਐੱਮ ਏ, ਬੀ ਐੱਡ ਹੋਣ ਦੇ ਬਾਵਜੂਦ ਵੀ ਜੇਬ ਭਾਰੀ ਰੱਖਣ ਲਈ ਪ੍ਰਾਈਵੇਟ ਮਾਸਟਰੀ ਕੀਤੀ ਤੇ 7 ਸਾਲ ਸੇਵਾ ਵਜੋਂ ਪੱਤਰਕਾਰੀ ਕਰ ਚੁੱਕਾ ਹਾਂ। ਮਾਸਟਰੀ ਦੀ ਥੋੜ੍ਹੀ ਜਿਹੀ ਤਨਖਾਹ 'ਚੋਂ ਹੀ ਫੈਕਸਾਂ-ਫੋਨਾਂ ਦੇ ਬਿੱਲ ਦੇਣੇ, ਉਸੇ ਤਨਖਾਹ 'ਚੋਂ ਹੀ ਕੁਝ ਨਾ ਕੁਝ ਮਾਤਾ ਦੀ ਹਥੇਲੀ ’ਤੇ ਧਰ ਦੇਣਾ। ਕੋਈ ਵੀ ਬਾਂਹ ਕੱਢਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਤੋਂ ਖਬਰ ਬਦਲੇ ਚਾਹ ਦਾ ਕੱਪ ਵੀ ਪੀਤਾ ਹੋਵੇ। ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਤਾਂ ਨਹੀ ਬਣ ਰਿਹਾ ਪਰ ਤਲਖ ਹਕੀਕਤ ਆਪ ਸਭ ਦੀ ਨਜ਼ਰ ਕਰਨ ਜਾ ਰਿਹਾ ਹਾਂ।

ਮਿੱਤਰੋ! ਮੈਂ ਪੱਤਰਕਾਰੀ ਨੂੰ ਬਹੁਤ ਨੇੜੇ ਤੋਂ ਤੱਕਿਆ ਹੈ, ਮਾਣਿਆ ਹੈ ਪਰ ਅੰਦਰਖਾਤੇ ਚਲ ਰਹੀ ਗੰਦ ਦੀ ਖੇਡ ਤੋਂ ਨਿਰਲੇਪ ਹੀ ਰਿਹਾ। ਖਬਰਾਂ ਲਗਾਉਣ ਬਦਲੇ ਸਕੂਟਰਾਂ 'ਚ ਤੇਲ ਪਵਾਉਣ, ਨਕਦ ਨਾਰਾਇਣ, ਸ਼ਾਮ ਨੂੰ 'ਪਊਆ ਪ੍ਰੇਡ' ਆਦਿ ਵਰਗੀ ਕਮਾਊ ਪੱਤਰਕਾਰੀ ਨਹੀਂ ਕੀਤੀ। ਨਾ ਹੀ ਕਿਸੇ ਨੂੰ 'ਖਬਰ ਲਾ ਦਊਂ' ਦਾ ਡਰਾਵਾ ਦੇ ਕੇ ਆਪਣੇ ਹੱਥ ਹੇਠ ਕਰਨ ਵਰਗਾ ਗੁਨਾਂਹ ਕੀਤੈ। ਸਭ ਮੁਫਤ ਦੇ 'ਸਲੂਟ' ਮਰਵਾਉਣ ਵਾਲੇ ਹਨ ਕੋਈ ਟਾਵਾਂ ਹੀ ਹੈ ਜੋ 'ਪੱਤਰਕਾਰੀ' ਸ਼ਬਦ ਨਾਲ ਇਨਸਾਫ ਕਰ ਰਿਹਾ ਹੋਵੇ। ਪੜ੍ਹਨ ਦੇ ਸ਼ੌਕ ਨੇ ਕਾਮਰੇਡ ਜਤਿੰਦਰ ਪੰਨੂੰ (ਕਾਲਮ-ਦ੍ਰਿਸ਼ਟੀਕੋਣ, ਨਵਾਂ ਜ਼ਮਾਨਾ), ਦਲਬੀਰ ਸਿੰਘ (ਕਾਲਮ-ਜਗਤ ਤਮਾਸ਼ਾ, ਪੰਜਾਬੀ ਟ੍ਰਿਬਿਊਨ), ਅਮੋਲਕ ਸਿੰਘ (ਮੁਕਤੀ ਮਾਰਗ), ਕਾਮਰੇਡ ਜਗਰੂਪ (ਰੁਜ਼ਗਾਰ ਪ੍ਰਾਪਤੀ ਮੁਹਿੰਮ ਦਾ ਮੈਗਜੀਨ-ਭਵਿੱਖ) ਆਦਿ ਨਾਲ ਜੋੜ ਲਿਆ। ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਸਰੀਰ ਝੁਨਝਨਾ ਜਿਹਾ ਜਾਂਦਾ ਤੇ ਇਹੀ ਸੋਚ ਉੱਭਰਦੀ ਕਿ ਜੇ ਸਾਰੇ ਪੱਤਰਕਾਰ ਇਹਨਾਂ ਵਾਂਗ ਸੱਚ ਨੂੰ ਸੱਚ ਲਿਖਣ ਦੀ ਜੁਅਰਤ ਕਰਨ ਤਾਂ ਕੀ ਦਾ ਕੀ ਹੋ ਸਕਦਾ ਹੈ। ਛੋਟੇ ਹੰਦੇ ਤੋਂ ਨਿਸ਼ਾਨਾ ਮਿਥਿਆ ਸੀ ਕਿ ਮਾਸਟਰ ਬਣਾਂਗਾ ਸੋ ਟੀਚਾ ਸਰ ਕਰ ਲਿਆ, ਪਰ ਪੱਤਰਕਾਰੀ ਕਰਨ ਬਾਰੇ ਨਹੀਂ ਧਾਰਿਆ ਸੀ ਬੇਸ਼ੱਕ ਅਖਬਾਰਾਂ ਲਈ ਲੇਖ ਲਿਖਦਾ ਰਹਿੰਦਾ ਸੀ।                

ਮੈਂ ਆਪ ਨਾਲ ਇੱਕ ਵਾਕਿਆ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਸੱਚ ਨੂੰ ਜਿਉਂਦਾ ਰੱਖਣ ਦੇ ਮਕਸਦ ਨਾਲ ਉੱਠੀਆਂ ਕਲਮਾਂ ਨੇ ਸੱਚ ਲਿਖਣ ਦੀ ਕੋਸਿ਼ਸ਼ ਨਾ ਕੀਤੀ। ਉਸਤੋਂ ਪਹਿਲਾਂ ਇਹ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਕਿਹੜੇ ਹਾਲਾਤ ਸਨ ਕਿ ਮੈਂ ਪੱਤਰਕਾਰ (ਪੱਤਰਕਾਰ ਨਹੀਂ ਕੋਸਿ਼ਸ਼ਕਾਰ) ਬਣਿਆ?             

ਅਸਲ ਵਿੱਚ ਮੇਰੇ ਪਿਤਾ ਜੀ ਪੰਜਾਬ ਰੋਡਵੇਜ ਮੋਗਾ 'ਚ ਕੰਡਕਟਰ ਸਨ। ਉਹਨਾਂ ਤੋਂ ਅੱਧੀ ਉਮਰ ਦਾ ਇੰਸਪੈਕਟਰ ਜਬਰੀ ਰਿਪੋਰਟ ਕਰ ਦੇਣ ਦਾ ਡਰਾਵਾ ਦੇ ਕੇ ਰਾਹ ਖੜੇ੍ਹ ਪੈਸੇ ਮੰਗਦਾ, "ਹਾਂ ਬਈ ਕਾਕੇ" ਸ਼ਬਦ ਨਾਲ ਸੰਬੋਧਨ ਕਰਦਾ। ਪਿਤਾ ਜੀ ਨੇ ਉਹਨੂੰ ਪੈਸੇ ਲੈਂਦਿਆਂ ਰੰਗੇ ਹੱਥੀਂ ਵਿਜੀਲੈਂਸ ਨੂੰ ਫੜਾ ਦਿੱਤਾ, ਉਹਨੇ ਵੀ ਵੈਰ ਪੁਗਾਇਆ ਤੇ ਫਲਾਇੰਗ ਸਕੁਐਡ ਦੀ ਮਿੱਤਰ ਜੁੰਡਲੀ ਤੋਂ ਪਿਤਾ ਜੀ ਸਿਰ ਝੂਠਾ ਫਰਾਡ ਕੇਸ ਪਵਾ ਦਿੱਤਾ। ਕੋਈ ਵਾਹ ਨਾ ਚਲਦੀ ਦੇਖ ਪਿਤਾ ਜੀ ਨੇ ਇੱਕ ਪੱਤਰਕਾਰ ਨੂੰ ਖਬਰ ਲਾਉਣ ਲਈ ਕਿਹਾ। ਖਬਰ ਲੱਗੀ ਜਰੂਰ ,ਪਰ ਨਕਦ ਭੇਂਟਾ ਦੇ ਸਿਰ 'ਤੇ। ਬਾਈ ਸਾਲ ਦੀ ਕੀਤੀ ਕਰਾਈ ਖੂਹ 'ਚ ਜਾਣ ਕਿਨਾਰੇ ਸੀ। ਉੱਪਰੋਂ ਨੌਕਰੀ ਤੋਂ ਮੁਅੱਤਲੀ ਕਾਰਨ ਮਾਨਸਿਕ ਤੇ ਆਰਥਿਕ ਸੰਤਾਪ ਵੱਖਰਾ ਭੋਗਣਾ ਪਿਆ। ਪਿਤਾ ਜੀ ਟੁੱਟ ਚੁੱਕੇ ਸਨ ਤੇ ਪੱਤਰਕਾਰ ਦੀ 'ਹਮਦਰਦੀ' ਤੋਂ ਦੁਖੀ ਹੋ ਕੇ ਇੱਕ ਦਿਨ ਮੈਂਨੂੰ ਬੋਲੇ, "ਕੀ ਐਵੇਂ ਲੇਖਾਂ ਤੇ ਮਗਜ ਖਪਾਈ ਕਰਦਾ ਰਹਿੰਨਾਂ, ਪੱਤਰਕਾਰੀ ਕਰ ਲੈ, ਕਿਸੇ ਦਾ ਭਲਾ ਈ ਹੋਜੂ।" ਮੈਨੂੰ ਗੱਲ ਚੰਗੀ ਲੱਗੀ ਤੇ ਮੈਂ 'ਨਵਾਂ ਜ਼ਮਾਨਾ' ਅਖਬਾਰ ਦੀ ਪੱਤਰਕਾਰੀ ਸ਼ੁਰੂ ਕਰ ਦਿੱਤੀ। ਪਿਤਾ ਜੀ ਨੇ ਇੱਕ ਦਿਨ ਕੋਲ ਬਿਠਾ ਕੇ ਕਿਹਾ, "ਪੁੱਤਰਾ! ਜੇ ਕਲਮ ਚੁੱਕੀ ਐ ਤਾਂ ਕਿਸੇ ਤੋਂ ਖਬਰ ਬਦਲੇ 'ਲਾਗ' ਨਾ ਮੰਗੀਂ, ਜੇ ਕਿਸੇ ਦਾ ਭਲਾ ਕਰੇਂਗਾ ਤਾਂ 'ਗਾਂਧੀ ਵਾਲੇ ਨੋਟਾਂ' ਤੋਂ ਵੀ ਮਹਿੰਗੀਆਂ ਅਸੀਸਾਂ ਜਰੂਰ ਲੈ ਲਏਂਗਾ।" ਮੈਂ ਉਸੇ ਦਿਨ ਤੋਂ ਗੱਲ ਲੜ ਬੰਨ੍ਹ ਲਈ। ਫਿਰ "ਰੋਜਾਨਾ ਅਜੀਤ" ਦੇ ਪੱਤਰਕਾਰ ਵਜੋਂ ਅਤੇ “ਨਿਊਜ਼ ਟਾਈਮ ਟੀ.ਵੀ.“ ਦੇ ਕੈਮਰਾਮੈਨ ਵਜੋਂ ਵੀ ਵਿਸ਼ਾਲ ਦਾਇਰੇ 'ਚ ਵਿਚਰਿਆ ਪਰ ਆਪਣਾ ਈਮਾਨ ਨਹੀਂ ਡੋਲਣ ਦਿੱਤਾ। ਪੱਤਰਕਾਰੀ ਦੇ ਪਵਿੱਤਰ ਪੇਸ਼ੇ ਵਿੱਚ ਸੱਚ ਲਈ ਸ਼ਾਇਦ ਕੋਈ ਜਗ੍ਹਾ ਨਹੀ ਰਹਿ ਗਈ, ਇਸੇ ਬਾਰੇ ਹੀ ਉਕਤ ਵਾਕਿਆ ਹੈ।           

ਧਰਮਕੋਟ ਵਿਖੇ "ਪੱਤਰਕਾਰੀ ਨੂੰ ਦਰਪੇਸ਼ ਸਮੱਸਿਆਵਾਂ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਦੂਰ ਦੂਰ ਦੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ। ਸਭ ਹੁੰਮ ਹੁਮਾ ਕੇ ਪਹੁੰਚੇ। ਜਿੰਨੀ ਕੁ ਜੁੰਡਲੀ ਨੂੰ ਮੈਂ ਜਾਣਦਾ ਸਾਂ ਉਹਨਾਂ ਵਿੱਚ ਕਾਗਜੀ ਸ਼ੇਰਾਂ ਵਾਂਗ ਸਿਰਫ ਨਾਂ ਦੇ ਹੀ ਪੱਤਰਕਾਰ ਵੀ ਸਨ, ਖਬਰ ਲਿਖਣੀ 'ਕਈਆਂ' ਦੇ ਵੱਸ ਦਾ ਰੋਗ ਨਹੀਂ ਸੀ। ਸਗੋਂ 'ਫਲੂਡ' (ਚਿੱਟੀ ਸਿਆਹੀ) ਨਾਲ ਇੱਕ ਦੂਜੇ ਪੱਤਰਕਾਰ ਦਾ ਨਾਂ ਮਿਟਾਕੇ ਤੇ ਆਪਣਾ ਨਾਂ ਲਿਖਕੇ ਖਬਰਾਂ ਭੇਜਣ 'ਚ ਜਰੂਰ ਮਾਹਿਰ ਸਨ। ਮੈਂ ਆਪਣੇ ਅੰਤਾਂ ਦੇ ਸੁਲਝੇ ਦੋਸਤ ਪੱਤਰਕਾਰ ਰਣਜੀਤ ਬਾਵਾ (ਜਗ ਬਾਣੀ) ਨਾਲ ਗਿਆ ਸੀ। ਜਿੱਥੇ ਕੁਝ ਚੰਗਾ ਜਿਹਾ ਨਾ ਲੱਗੇ ਉੱਥੇ ਬੋਲੇ ਬਿਨਾਂ ਮੈਂ ਨਹੀਂ ਰਹਿ ਸਕਦਾ ਜਦੋਂਕਿ ਉੱਥੇ ਤਾਂ ਉਹ ਪੱਤਰਕਾਰ ਵੀ ਮੌਜੂਦ ਸੀ ਜਿਸਨੇ ਮੇਰੇ ਪਿਤਾ ਜੀ ਤੋਂ 500 ਰੁਪਏ ਲੈ ਕੇ ਹੱਕੀ ਖਬਰ ਵੀ ਪੈਸੇ ਦੇ ਜੋਰ 'ਤੇ ਲਾਈ ਸੀ। ਸਟੇਜ ਸਜੀ ਹੋਈ ਸੀ। ਸਟੇਜ 'ਤੇ 'ਪੰਜਾਬੀ ਟ੍ਰਿਬਿਊਨ' ਵੱਲੋਂ ਦਲਬੀਰ ਸਿੰਘ (ਜਗਤ ਤਮਾਸ਼ਾ), 'ਅੱਜ ਦੀ ਆਵਾਜ' ਅਖਬਾਰ ਵੱਲੋਂ ਭਾਈ ਜਸਬੀਰ ਸਿੰਘ ਰੋਡੇ, 'ਅਜੀਤ' ਵੱਲੋਂ ਹਰਜਿੰਦਰ ਸਿੰਘ ਲਾਲ (ਸ਼ਰਗੋਸ਼ੀਆਂ) ਸਮੇਤ ਬਹੁਤ ਸਾਰੀਆਂ ਵਿਦਵਾਨ ਹਸਤੀਆਂ ਬੈਠੀਆਂ ਸਨ। ਮੇਰੇ ਅੰਦਰੋਂ ਸੱਚ ਦੀ ਭੜਾਸ ਨੇ ਐਸਾ ਜੋਰ ਪਾਇਆ ਕਿ ਮੈਂ ਮੰਚ ਸੰਚਾਲਕ ਕੋਲ ਜਾ ਕੇ ਬੋਲਣ ਲਈ ਆਪਣਾ ਨਾਂ ਨੋਟ ਕਰਵਾ ਆਇਆ। ਜਦੋਂ ਮੈਨੂੰ ਸੱਦਾ ਆਇਆ ਤਾਂ ਮੈਂ ਜੋ ਭੜਾਸ ਕੱਢੀ ਹੂਬਹੂ ਤੁਹਾਡੇ ਅੱਗੇ ਪੇਸ਼ ਹੈ- "ਪਿਆਰੇ ਦੋਸਤੋ! ਮੈਂ ਕੋਈ ਪੱਤਰਕਾਰ ਤਾਂ ਨਹੀਂ ਸਗੋਂ ਇਸ ਔਖੇ ਰਾਹ ਦਾ ਕੋਸਿਸ਼ਕਾਰ ਜਰੂਰ ਹਾਂ। ਅਸੀ ਜਿਸ ਵਿਸ਼ੇ 'ਤੇ ਚਰਚਾ ਕਰਨ ਲਈ ਜੁੜੇ ਹਾਂ ਉਹ ਹੈ "ਪੱਤਰਕਾਰੀ ਨੂੰ ਦਰਪੇਸ਼ ਸਮੱਸਿਆਵਾਂ"। ਪਰ ਜੇਕਰ ਮੈਂ ਇਹ ਕਹਾਂ ਕਿ ਪੱਤਰਕਾਰੀ ਨੂੰ ਹੋਰ ਇਸ ਤੋਂ ਵੱਡੀ ਸਮੱਸਿਆ ਕੀ ਹੋਵੇਗੀ ਕਿਉਂਕਿ ਇਸ ਪਵਿੱਤਰ ਪੇਸ਼ੇ ਨਾਲ ਜੁੜੇ ਜਿਆਦਾਤਰ ਪੱਤਰਕਾਰ ਵੀਰ ਹੀ ਪੱਤਰਕਾਰੀ ਲਈ ਸਮੱਸਿਆ ਬਣੇ ਹੋਏ ਹਨ, ਸ਼ਾਇਦ ਬੁਰਾ ਜਿਹਾ ਲੱਗੇ। ਪਰ ਇਹ ਗੱਲ ਹੈ ਸੋਲ੍ਹਾਂ ਆਨੇ ਸੱਚ ਕਿ ਜਿਆਦਾਤਰ ਪੱਤਰਕਾਰ ਲੋਕ ਸੇਵਾ ਲਈ ਨਹੀਂ ਸਗੋਂ 'ਨੋਟ ਸੇਵਾ' ਲਈ ਡਟੇ ਹੋਏ ਹਨ। ਇਹੋ ਜਿਹੇ ਪੱਤਰਕਾਰਾਂ ਤੋਂ ਪੱਤਰਕਾਰੀ ਦੀ ਭਲਾਈ ਦੀ ਕੀ ਆਸ ਰੱਖੀ ਜਾ ਸਕਦੀ ਹੈ ਜੋ ਖਬਰ ਦੇਣ ਆਏ ਕਿਸੇ ਦੁਖੀ ਨੂੰ 'ਮੁਰਗੀ' ਸਮਝਦੇ ਹੋਣ। 'ਫਲੂਡ ਮਾਰਕਾ' ਪੱਤਰਕਾਰ ਹੀ ਸਭ ਤੋਂ ਪਹਿਲਾਂ ਪੱਤਰਕਾਰੀ ਲਈ ਸਭ ਤੋਂ ਵੱਡੀ ਤੇ ਅਹਿਮ ਸਮੱਸਿਆ ਹਨ। ਅਖਬਾਰਾਂ ਵੱਲੋਂ ਵੀ ਪੱਤਰਕਾਰੀਆਂ ਵੰਡਣ ਲਈ ਕੋਈ ਯੋਗਤਾ ਨਹੀਂ ਦੇਖੀ ਜਾਂਦੀ। ਮਿਥੀ ਹੋਈ ਸਕਿਉਰਟੀ ਦਿਓ, ਸਾਲ ਛਿਮਾਹੀ ਸਪਲੀਮੈਂਟ ਦੇਣ ਦਾ ਵਾਅਦਾ ਕਰੋ ਤੇ ਬਣਜੋ ਪੱਤਰਕਾਰ! ਇਹੋ ਜਿਹੇ ਹਾਲਾਤਾਂ 'ਚ ਪੱਤਰਕਾਰੀ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਗੱਲ ਕਰਨਾ ਸਿਆਣਪ ਤਾਂ ਨਹੀਂ ਕਹੀ ਜਾ ਸਕਦੀ।" ਚਾਰੇ ਪਾਸੇ ਖਾਮੋਸ਼ੀ ਛਾ ਗਈ। "ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪੱਤਰਕਾਰੀ ਦੁਕਾਨਦਾਰਾਂ ਲਈ 'ਪ੍ਰੈੱਸ' ਦਾ ਸਟਿੱਕਰ ਗੱਡੀ ਅੱਗੇ ਲਗਾ ਕੇ ਜਾਇਜ-ਨਾਜਾਇਜ ਮਾਲ ਢੋਹਣ ਤੇ ਚੁੰਗੀ ਬਚਾਉਣ ਦਾ ਸਾਧਨ ਜਰੂਰ ਵਧੇਰੇ ਬਣੀ ਹੋਈ ਹੈ। ਜੇ ਕੋਈ ਅਜਿਹੀ ਨੀਲੀ-ਪੀਲੀ ਪੱਤਰਕਾਰੀ ਦੀ ਉਦਾਹਰਣ ਮੰਗੇ ਤਾਂ ਮੈਂ ਇਸ ਇਕੱਠ 'ਚੋਂ ਹੀ ਕਿੰਨੀਆਂ ਹੀ ਉਦਾਹਰਣਾਂ ਪੇਸ਼ ਕਰ ਸਕਦਾ ਹਾਂ। ਪਰ ਮੈ ਕਿਸੇ ਨੂੰ ਬੇਇੱਜਤ ਕਰਨ ਦੇ ਮਨਸ਼ੇ ਨਾਲ ਨਹੀਂ ਬੋਲ ਰਿਹਾ ਸਗੋਂ ਝੰਜੋੜਨ ਲਈ ਕਹਿ ਰਿਹਾ ਹਾਂ ਕਿ ਹੇ ਮੇਰੇ ਦੋਸਤੋ! ਆਓ ਲੋਕਾਂ ਦੀ ਭਲਾਈ ਲਈ ਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੂੰ ਕਲਮਾਂ ਦੀਆਂ ਨੋਕਾਂ ਨਾਲ ਹੋਰ ਪੀੜ ਦੇਈਏ। ਆਸ ਕਰਦਾ ਹਾਂ ਕਿ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸਿ਼ਸ਼ ਜਰੂਰ ਕਰਾਂਗੇ। ਪੱਤਰਕਾਰੀ ਜੁਗਾੜ ਲਾਉਣ ਦਾ ਸਾਧਨ ਨਹੀਂ ਸਗੋਂ ਇੱਕ ਸਾਧਨਾ ਦਾ ਨਾਂ ਹੈ। ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ ਛੋਟਾ ਤੇ ਨਾਸਮਝ ਵੀਰ ਜਾਣਕੇ ਮਾਫ ਕਰਨਾ।"                     

ਸਾਰਾ ਪੱਤਰਕਾਰ ਭਾਈਚਾਰਾ ਮੇਰੀ 'ਭੜਾਸ' ਦੀ ਸਿਫਤ ਕਰਦਾ ਨਹੀਂ ਥੱਕ ਰਿਹਾ ਸੀ। 'ਫਲੂਡ" ਵਾਲੇ ਪੱਤਰਕਾਰ ਜਿਆਦਾ 'ਵਾਹ ਵਾਹ' ਕਰ ਰਹੇ ਸਨ। ਮੇਰੇ ਦੋਸਤ ਬਾਵਾ ਜੀ ਕਹਿਣ ਲੱਗੇ ,"ਬਈ ਕੱਲ੍ਹ ਨੂੰ ਤਾਂ ਅਖਬਾਰਾਂ 'ਚ ਖੁਰਮੀ-ਖੁਰਮੀ ਹੋਈ ਪਈ ਹੋਊ।" ਪਰ ਮੈਂ ਬਾਵਾ ਜੀ ਨੂੰ ਕਿਹਾ ਕਿ "ਅਜਿਹਾ ਕੁਝ ਨਹੀਂ ਹੋਣ ਲੱਗਾ।" ਗੱਲ ਸੱਚ ਹੋਈ, ਅਖਬਾਰ ਓਹਨਾਂ ਗੱਲਾਂ ਨਾਲ ਭਰੇ ਪਏ ਸਨ ਜਿਹੜੀਆਂ ਓਥੇ ਹੋਈਆਂ ਹੀ ਨਹੀਂ ਸਨ, ਤੇ ਥੋਡੇ ਵੀਰ ਦਾ ਨਾਂ ਕਿਧਰੇ ਹਾਜਰ ਪੱਤਰਕਾਰਾਂ ਵਿੱਚ ਵੀ ਨਹੀਂ ਸੀ ਲਿਖਿਆ ਕਿਸੇ ਨੇ।                 

ਮੁੱਕਦੀ ਗੱਲ ਤਾਂ ਇਹ ਹੈ ਕਿ ਸੱਚ ਕੌੜਤੁੰਮੇ ਤੋਂ ਵੀ ਕੌੜਾ ਹੁੰਦੈ ਇਸੇ ਕਰਕੇ ਤਾਂ ਮੇਰੀ 'ਸੱਚ ਦੀ ਭੜਾਸ' ਕਿਸੇ ਨੂੰ ਮਿੱਠੀ ਨਹੀਂ ਸੀ ਲੱਗੀ।
                                                                
ਸੰਪਰਕ:  0044 75191 12312
ਈ-ਮੇਲ:  [email protected]

Comments

Hardeep singh Madheke

ਨਹੀ ਵੀਰ ਜੀ ਸਚ ਕੋੜਾ ਨਹੀ ਹੁੰਦਾ ਪਰ ਝੂਠਿਆ ਨੂੰ ਕੋੜਾ ਲਗਦਾ ਹੈ

Dilbag Singh

ihave compleated book-waqt hai ek break ka.by rajkamal prakashan,its about t.vchannels....its eye opener......read P>SAINAth.......AND noam chomsky.....U WILL GET BIG ,WORST PICTURE ABOUT JOURNALISM

manjit singh khalsa

ਸੱਚ ਲਿਖਣ ਦੀ ਕੋਸਿ਼ਸ਼ ਨਹੀਂ - ਸੱਚ ਲਿਖਣ ਦੀ ਜੁਅਰਤ --

Prem Kaul

Absolutly Right .

bai khurmi pshlia chona vich main tin mahine punjab riha sanjhe morche di madat te. mainu aaj to pahila nahi si pata ki chona tan patarkara lai bahmna de sradha vargia hundia han. mainu pehli vaar pata lagia sare akhbaar chona doran siasi partian dian galt malt kahbara de paise lainde han. etho taq shehir de paterkar vi siasi bandian to kafi hath rangde han. mainu odo eh janke hor vi bhut hairani hoi ik agahvadhu akhbaar jis naal main vi judia hoia si te han us da mere sheher vala mamuli patarkar sanjhe morche banam ppp to 50 hjar rupe lai gia te oh vi nir ton jo ppp di madat lai aai san. koi vi akhbar paterkara nu vah lagdi tankha nahi dinda te ulta us te eh bojh lad dinde han apne sheher to sapliment lai ishtihar lia ke devo. te ethe patarkaar ki karega..? main apne shehir vich croorpati bijnismain patarkar vekhe han jina nu patrkari da uda aida vi nahi aunda. gadi te press da stiker lagia hai income tex vale ghar muhre press da sunehri akhra vich lagi name palate vekh ke ghar ghanti maran da hia nahi karde. pulsthana vi soch ke hi rade karda hai. chalaak look bhut siane han. patarkari vi hun dhanda hi hai. kamau te bachau dhanda.

Avtar Gill

ਮਨਦੀਪ ਬੜੀ ਹੀ ਖੁਸ਼ੀ ਹੋਈ ਕਿ ਸਚ ਬੋਲਨ ਵਾਲੇ ਸਚ ਕਹਿਣ ਤੋਂ ਕਦੇ ਵੀ ਘ੍ਬਰੋੰਦੇ ਨਹੀਂ.....ਪਰ ਝੂਠਿਆਂ ਨੂੰ ਸਚ ਦੀ ਗੱਲ ਬੋਲਣ ਜੋਗਾ ਹੀ ਨਹੀਂ ਰਹਿਣ ਦਿੰਦੀ

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ