Fri, 19 July 2024
Your Visitor Number :-   7196093
SuhisaverSuhisaver Suhisaver

ਬੇਗ਼ਮ ਅਖ਼ਤਰ: ਮਲਕਾ-ਏ-ਗ਼ਜ਼ਲ - ਰਣਜੀਤ ਸਿੰਘ ਪ੍ਰੀਤ

Posted on:- 31-10-2013

suhisaver

ਸੰਗੀਤ ਨਾਟਕ ਅਕੈਡਮੀ ਐਵਾਰਡ ਹਾਸਲ ਕਰਨ ਵਾਲੀ, ਪਦਮ ਸ਼੍ਰੀ ਅਤੇ ਪਦਮ ਭੂਸ਼ਨ ਐਵਾਰਡ ਜੇਤੂ, ਗ਼ਜ਼ਲ ਗਾਇਕੀ ਦੀ ਪਟਰਾਣੀ, ਨਾਮਵਰ ਮੁਜ਼ੀਸ਼ੀਅਨ, ਠੁਮਰੀ, ਦਾਦਰਾ ਵਿੱਚ ਮੁਹਾਰਤ ਹਾਸਲ ਕਰਨ ਵਾਲੀ,1929 ਤੋਂ 1974 ਤੱਕ ਗ਼ਜ਼ਲ ਸਰੋਤਿਆਂ ਦੇ ਦਿਲਾਂ ਦੀ ਮਲਿਕਾ ਬਣੀ ਰਹਿਣ ਵਾਲੀ, 16 ਡਿਸਕੋਗਰਾਫ਼ੀ,ਅਤੇ 1934 ਤੋਂ 1958 ਤੱਕ 9 ਫਿਲਮੋਗਰਾਫ਼ੀ ਨਿਭਾਉਂਣ ਵਾਲੀ ਅਖ਼ਤਰੀਬਾਈ ਫ਼ੈਜ਼ਾਬਾਦੀ ਦਾ ਜਨਮ 7 ਅਕਤੂਬਰ 1914 ਨੂੰ ਅਸਗਰ ਹੁਸੈਨ ਦੀ ਦੂਜੀ ਬੇਗ਼ਮ ਮੁਸ਼ਤਾਰੀ ਦੀ ਕੁੱਖੋਂ ਬੜਾ ਦਰਵਾਜ਼ਾ,ਟਾਊਨ ਭਦਾਰਸਾ,ਭਾਰਤਕੁੰਡ ਜ਼ਿਲ੍ਹਾ ਫ਼ੈਜ਼ਾਬਾਦ (ਉੱਤਰ ਪ੍ਰਦੇਸ਼) ਵਿੱਚ ਹੋਇਆ । ਬੀਬੀ ਅਖ਼ਤਰੀ ਅਤੇ ਜ਼ੌਹਰਾ ਜੁੜਵਾਂ ਭੈਣਾਂ ਸਨ ।ਅਖ਼ਤਰੀਬਾਈ ਉਦੋਂ ਮਹਿਜ਼ 7 ਸਾਲਾਂ ਦੀ ਸੀ ਜਦ ਇਸ ਨੇ ਚੰਦਰਾ ਬਾਈ ਨਾਲ ਥਿਏਟਰ ਗਰੁੱਪ ਵਿੱਚ ਟੂਰ ਲਾਉਂਣ ਲਈ ਦਾਖ਼ਲਾ ਪਾਇਆ । ਪਟਨਾ ਦੇ ਮਸ਼ਹੂਰ ਸਾਰੰਗੀ ਮਾਸਟਰ ਉਸਤਾਦ ਇਮਦਾਦ ਖ਼ਾਨ ਦਾ ਅਖ਼ਤਰੀ ਦੀ ਸੰਗੀਤ ਸਿੱਖਿਆ ਲਈ ਸਹਾਰਾ ਲਿਆ ਗਿਆ ਅਤੇ ਫਿਰ ਪਟਿਆਲਾ ਘਰਾਣੇ ਦੇ ਅਤਾ ਮੁਹੰਮਦ ਖ਼ਾਨ ਦੀਆਂ ਸੇਵਾਂਵਾਂ ਲਈਆਂ ਗਈਆਂ । ਆਪਣੀ ਅੰਮੀ ਜਾਨ ਨਾਲ ਉਚੇਰੀ ਕਲਾਸੀਕਲ ਸੰਗੀਤ ਸਿੱਖਿਆ ਵਾਸਤੇ ਕੋਲਕਾਤਾ ਲਈ ਰਵਾਨਾ ਹੋਈ । ਲਾਹੌਰ ਦੇ ਮੁਹੰਮਦ ਖ਼ਾਨ,ਅਬਦੁਲ ਵਹੀਦ ਖ਼ਾਨ ਤੋਂ ਇਲਾਵਾ ਉਸਤਾਦ ਝੰਡੇ ਖ਼ਾਨ ਤੋਂ ਵੀ ਗਾਇਕੀ ਦੀ ਤਾਲੀਮ ਹਾਸਲ ਕੀਤੀ ।

15 ਸਾਲ ਦੀ ਉਮਰ ਵਿੱਚ ਅਖ਼ਤਰੀਬਾਈ ਨੇ ਸਰੋਜਨੀ ਨਾਇਡੂ ਦੀ ਹਾਜ਼ਰੀ ਵਿੱਚ 1934 ਨੂੰ ਬਿਹਾਰ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਪਹਿਲੀ ਪਬਲਿਕ ਸਟੇਜ ਕੀਤੀ । ਉਸਦਾ ਪਹਿਲਾ ਰਿਕਾਰਡ ਮੈਗਾਫ਼ੋਨ ਰਿਕਾਰਡਿੰਗ ਕੰਪਨੀ ਨੇ ਜਾਰੀ ਕਰਿਆ । ਜਿਸ ਵਿੱਚ ਗ਼ਜ਼ਲ,ਦਾਦਰਾ,ਠੁਮਰੀ ਦਾ ਰੰਗ ਸ਼ਾਮਲ ਸੀ । ਏਸੇ ਸਮੇ ਦੌਰਾਨ ਹੀ ਈਸਟ ਇੰਡੀਆ ਕੰਪਨੀ ਦੀ ਪੇਸ਼ਕਸ਼ ਅਨੁਸਾਰ ਕਈ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਅਤੇ ਏਕ ਦਿਨ ਦਾ ਬਾਦਸ਼ਾਹ,ਨਲ ਦਮਯੰਤੀ (1933) ਫ਼ਿਲਮਾਂ ਚਰਚਾ ਵਿੱਚ ਵੀ ਰਹੀਆਂ ।

ਲਖਨਊ ਪਹੁੰਚ ਅਖ਼ਤਰੀਬਾਈ ਨੇ ਜ਼ਮਾਨੇ ਦੇ ਨਾਮਵਰ ਪ੍ਰੋਡਿਊਸਰ -ਡਾਇਰੈਕਟਰ ਮਹਿਬੂਬ ਖ਼ਾਨ ਨਾਲ ਮੁਲਾਕਾਤ ਕੀਤੀ ਤਾਂ 1942 ਵਿੱਚ ਰਿਲੀਜ਼ ਹੋਈ ਫ਼ਿਲਮ ਰੋਟੀ ਵਿੱਚ 6 ਗ਼ਜ਼ਲਾਂ ਗਾਈਆਂ,ਪਰ ਪ੍ਰੋਡਿਊਸਰ ਅਤੇ ਡਾਰਿਰੈਕਟਰ ਦੀ ਆਪਸੀ ਖਿਚੋ-ਤਾਣ ਸਦਕਾ 3 ਗ਼ਜ਼ਲਾਂ ਨੂੰ ਫ਼ਿਲਮ ਤੋਂ ਹੀ ਬਾਹਰ ਕਰ ਦਿੱਤਾ ਗਿਆ । ਇਸ ਤੋਂ 3 ਸਾਲ ਮਗਰੋਂ 1945 ਵਿੱਚ ਅਖ਼ਤਰੀਬਾਈ ਨੇ ਵਕੀਲ ਇਸ਼ਤਿਆਕ ਅਹਿਮਦ ਅਬਾਸੀ ਨਾਲ ਨਿਕਾਹ ਕਰਵਾ ਲਿਆ ਅਤੇ ਉਹ ਬੇਗ਼ਮ ਅਖ਼ਤਰ ਅਖਵਾਉਂਣ ਲੱਗੀ । ਪਤੀ ਦੀਆਂ ਬੰਦਿਸ਼ਾਂ ਕਾਰਣ ਉਹ 5 ਸਾਲਾਂ ਤੱਕ ਕੁੱਝ ਵੀ ਨਾ ਗਾ ਸਕੀ ਅਤੇ ਏਸੇ ਫ਼ਿਕਰ ਵਿੱਚ ਬਿਮਾਰ ਹੋ ਗਈ । ਫਿਰ 1949 ਵਿੱਚ ਲਖਨਊ ਰੇਡੀਓ ਸਟੇਸ਼ਨ ਤੋਂ ਗ਼ਜ਼ਲਾਂ ਅਤੇ ਦਾਦਰਾ ਗਾਉਂਣ ਦਾ ਮੌਕਾ ਮਿਲਿਆ । ਬੇਗ਼ਮ ਅਖ਼ਤਰ ਨੇ ਚਾਰ ਸੌ ਦੇ ਕਰੀਬ ਰਚਨਾਵਾਂ ਨੂੰ ਬੁਲ ਸਪਰਸ਼ ਦਿੱਤਾ ਅਤੇ ਆਲ ਇੰਡੀਆ ਰੇਡੀਓ ਨਾਲ ਰਾਗ ਬੇਸਡ ਗਾਇਕੀ ਰਾਹੀਂ ਰਾਬਤਾ ਬਣਾਈ ਰੱਖਿਆ ।

ਉਹਦੇ ਦੋਸਤ ਨੀਲਮ ਘਮੰਡੀਆ ਦੇ ਸੱਦੇ ‘ਤੇ ਅਹਿਮਦਾਬਾਦ ਵਿਖੇ ਪ੍ਰੋਗਰਾਮ ਕਰਨ ਗਈ ਬੇਗ਼ਮ ਅਖ਼ਤਰ ਸਰੋਤਿਆਂ ਦੀ ਬਹੁਤੀ ਮੰਗ ਅਤੇ ਹੋਰ ਦਬਾਅ ਸਦਕਾ ਵਿਗੜੀ ਸਰੀਰਕ ਹਾਲਤ ਕਾਰਣ ਸਰੋਤਿਆਂ ਦੀ ਇੱਛਾ ਅਨੁਸਾਰ ਗਾ ਨਾ ਸਕੀ । ਬਿਮਾਰੀ ਦੀ ਹਾਲਤ ਵਿੱਚ ਹੀ ਉਹਨੂੰ ਹਸਪਤਾਲ ਲਿਜਾਣਾ ਪਿਆ । ਜਿੱਥੇ 30 ਅਕਤੂਬਰ 1974 ਨੂੰ ਉਹ ਗਾਇਕੀ ਦੀਆਂ ਯਾਦਾਂ ਛੱਡ ਸਦਾ ਸਦਾ ਲਈ ਇਸ ਜਹਾਨੋ ਕੂਚ ਕਰ ਗਈ । ਪਰ ਆਪਣੀ ਗ਼ਜ਼ਲ ਗਾਇਕੀ ਦੀ ਜ਼ਿੰਦਗੀ ਵਾਂਗ, ਉਹਦੀ ਜ਼ਿੰਦਗੀ ਵੀ ਗ਼ਜ਼ਲ ਦੀ ਜ਼ਿੰਦਗੀ ਤੱਕ ਕਾਇਮ ਰਹੇਗੀ ।

ਸੰਪਰਕ:  +91 98157 07232

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ