Sat, 24 February 2024
Your Visitor Number :-   6866415
SuhisaverSuhisaver Suhisaver

ਪਿਆਰ ਦੀਆਂ ਪੀਡੀਆਂ ਗੰਢਾਂ -ਸੰਤੋਂਖ ਸਿੰਘ ਭਾਣਾ

Posted on:- 07-02-2015

suhisaver

ਕੁਦਰਤ ਨੇ ਇਨਸਾਨ ਦਾ ਨਿਰਮਾਣ ਆਪਸੀ ਪੇ੍ਰਮ-ਪਿਆਰ ਦੀ ਗੱਲਵੱਕੜੀ `ਚ ਬੱਝਦਿਆਂ, ਖੁਸ਼ੀਆਂ ਭਰਿਆ ਜੀਵਨ ਜਿਊਣ ਲਈ ਕੀਤਾ ਹੈ ਤਾਂ ਜੋ ਧਰਤੀ ਦੀ ਸੁੰਦਰਤਾ ਬਰਕਰਾਰ ਰਹੇ,ਭਾਈਚਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਫੁਲਵਾੜੀ `ਚ ਖਿੜੇ,ਪਿਆਰ ਸਤਿਕਾਰ ਦੇ ਗੇਂਦੇ ਮਹਿਕਦੇ ਟਹਿਕਦੇ ਰਹਿਣ।ਪ੍ਰਸਪਰ ਦੂਰੀਆਂ ਅਤੇ ਨਫਰਤਾਂ ਪੈਦਾ ਕਰਨ ਵਾਲੇ ਵਿਚਾਰਾਂ ਤੋਂ ਬਚਣਾ ਅਤੇ ਉਨ੍ਹਾਂ ਨੂੰ ਸੰਪੂਰਨ ਰੂਪ `ਚ ਤਿਆਗ ਦੇਣਾ,ਇਹ ਦੋਵੇਂ ਵੱਖ ਵੱਖ ਗੱਲਾਂ ਹਨ। ਜੇਕਰ ਤੁਹਾਡੇ ਮਨ`ਚ ਈਰਖਾ ਅਤੇ ਮਾੜੇ ਵਿਚਾਰ ਆਉਂਦੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਤਮ-ਸੁਝਾਅ ਨਾਲ ਦੂਰ ਰੱਖਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।ਦੂਸਰਿਆਂ ਨਾਲ ਵੈਰ ਵਿਰੋਧ ਰੱਖਣ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਜਾਂ ਨਾ ਹੋਵੇ, ਪਰ ਤੁਹਾਡਾ ਆਪਣਾ ਦਿਮਾਗ ਤਾਂ ਪੂਰਨ ਰੂਪ `ਚ ਗੰਧਲਾ ਹੋ ਈ ਜਾਂਦਾ ਹੈ।

ਗੰਦੇ ਵਿਚਾਰਾਂ ਰੂਪੀ ਧੂੜ ਨਾਲ ਭਰਿਆ ਦੂਸ਼ਿਤ ਦਿਮਾਗ ਤੁਹਾਡਾ ਖੁਦ ਦਾ ਹੀ ਜਿਊਣਾ ਦੁੱਭਰ ਕਰ ਦਿੰਦਾ ਹੈ।ਅਜਿਹੇ ਹਾਲਾਤ `ਚ ਤੁਹਾਨੂੰ ਦੂਸਰਿਆਂ ਨਾਲ ਘ੍ਰਿਣਾ ਹੋਣ ਲੱਗ ਪੈਂਦੀ ਹੈ।ਦੂਸਰਿਆਂ ਨਾਲ ਘ੍ਰਿਣਾ ਕਰਦੇ ਵੇਲੇ ਤੁਸੀਂ ਖੁਦ ਘ੍ਰਿਣਾ ਦੀ ਪ੍ਰੱਤਖ ਮੂਰਤ ਬਣ ਜਾਂਦੇ ਹੋ।ਕੀ ਕੋਇਲੇ ਦੀ ਕੋਠੜੀ `ਚ ਵੜਕੇ ਕੋਈ ਕਾਲਖ ਲੱਗਣ ਤੋਂ ਬਚ ਸਕਦਾ ਹੈ।

ਆਦਮੀ ਕੋਲ ਅਸੀਮ ਸ਼ਕਤੀਆਂ ਹਨ ਜ਼ੋ ਉਸਦੇ ਉਸਾਰੂ ਅਤੇ ਰਚਨਾਤਮਕ ਕੰਮਾ ਲਈ ਉਪਯੋਗੀ ਸਿੱਧ ਹੋ ਸਕਦੀਆਂ ਹਨ।ਮੁਹੱਬਤਾ ਭਰੇ ਸੁੰਦਰ ਰਿਸ਼ਤਿਆਂ ਦੀ ਮਹਿਕਦੀ ਬਗੀਚੀ ਵਿੱਚ ਦੁਸ਼ਮਣੀ ਅਤੇ ਨਫਰਤ ਦੇ ਕੰਡੇ ਬੀਜ ਕੇ ਉਨ੍ਹਾਂ ਅਮੁੱਲ ਸ਼ਕਤੀਆਂ ਨੂੰ ਵਿਅਰਥ ਗਵਾਉਣਾ ਭਲਾ ਕਿੱਧਰ ਦੀ ਸਿਆਣਪ ਹੈ।

ਬਿਗਾਨੇ ਲੋਕਾਂ ਤੋਂ ਆਪਣਿਆਂ ਪ੍ਰਤੀ ਸੁਣੀਆਂ,ਦਿਲਾਂ `ਚ ਦੂਰੀਆਂ ਪੈਦਾ ਕਰਲ ਵਾਲੀਆਂ ਗੱਲਾਂ,ਜੇਕਰ ਅਸੀ ਕੰਨਾਂ `ਚ ਪਾ ਲੈਂਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਵਿਰੋਧੀ ਭਾਵਨਾਵਾਂ ਦੇ ਕੀੜੇ ਕੁਰਬਲ-ਕੁਰਬਲ ਕਰਨ ਲੱਗ ਪੈਂਦੇ ਹਨ।

ਜੇਕਰ ਤੁਸੀਂ ਇੱਕ ਵੇਰ ਕਿਸੇ ਨੂੰ ਮੁਆਫ ਕਰਨਾ ਸਿੱਖ ਜਾਂਦੇ ਹੋ ਤਾਂ ਤੁਸੀ ਨਾ ਤਾਂ ਦੂਸਰਿਆਂ ਉੱਪਰ ਕਚੀਚੀਆਂ ਵੱਟੋਗੇ ਅਤੇ ਨਾ ਹੀ ਰਾਤਾਂ ਨੂੰ ਬੁੜਬੁੜਾਂ ਕੇ ਉੱਠੋਗੇ।ਦੂਸਰਿਆਂ ਪ੍ਰਤੀ ਈਮਾਨਦਾਰੀ ਭਰਿਆ ਦ੍ਰਿਸ਼ਟੀਕੋਣ ਅਪਣਾ ਕੇ ਜਿਹੜਾ ਬੰਦਾ ਪਿਆਰ ਅਤੇ ਖੁਸ਼ੀਆਂ ਵੰਡਦਾ ਹੈ,ਉਹ ਭਾਵੇ ਸੰਸਾਰਿਕ ਰੂਪ `ਚ ਕਿੰਨਾ ਵੀ ਸਧਾਰਣ ਆਦਮੀ ਕਿਉਂ ਨਾ ਹੋਵੇ ਪਰ ਉਸਦਾ ਮਹੱਤਵ ਕਿਸੇ ਦੇਵਤਾ ਤੋਂ ਘੱਟ ਨਹੀ ਹੁੰਦਾ।

ਜਦੋ ਤੁਸੀ ਕਿਸੇ ਵੱਡੀ ਮੁਸ਼ਕਿਲ `ਚ ਫਸੇ ਹੋਏ ਹੋਵੇ ਤਾਂ ਉਸ ਵੇਲੇ ਕਿਸੇ ਖੁਸ਼-ਮਿਜਾਜ ਮਿੱਤਰ ਨਾਲ ਤੁਹਾਡਾ ਮੇਲ ਹੋ ਜਾਵੇ ਤਾਂ ਪਲਾਂ ਅੰਦਰ ਹੀ ਤੁਹਾਡੀ ਜ਼ਿੰਦਗੀ ਦਾ ਸੁਆਦ ਬਦਲ ਜਾਦਾ ਹੈ।ਕੀ ਤੁਸੀਂ ਸੋਚ ਸਕਦੇ ਹੋ ਕਿ ਇਹ ਕਿਵੇਂ ਹੋ ਜਾਂਦਾ ਹੈ।

ਜਿਨ੍ਹਾਂ ਦੋਚਿੱਤੀ ਭਰੇ ਵਿਚਾਰਾਂ ਨੇ,ਸੰਘਣੇ ਬੱਦਲਾਂ ਵਾਂਗ ਤੁਹਾਡੇ ਸੁੱਖਾਂ ਅਤੇ ਖੁਸ਼ੀਆਂ ਦੀ ਭਾਵਨਾ ਨੂੰ ਢਕ ਕੇ ਰੱਖਿਆ ਹੋਇਆ ਸੀ,ਉਨ੍ਹਾਂ ਨੂੰ ਖੁਸ਼-ਮਿਜ਼ਾਜ਼ ਆਦਮੀ ਦੇ ਠਹਾਕਾ ਲਾ ਕੇ ਹੱਸਣ ਅਤੇ ਮਾਮੂਲੀ ਹੌਸਲਾ ਅਫਜਾਈ ਨਾਲ ਅਜ਼ਾਦੀ ਮਿਲ ਜਾਂਦੀ ਹੇ।ਮਨ ਦਾ ਅਕਾਸ਼ ਸੰਘਣੇ ਬੱਦਲਾਂ ਤੋਂ ਸਾਫ ਹੋ ਜਾਂਦਾ ਹੈ।ਇਹ ਗੱਲ ਜੀਵਨ ਦੇ ਸਾਰੇ ਪਹਿਲੂਆਂ ਤੇ ਲਾਗੂ ਹੁੰਦੀ ਹੈ।

ਜੇਕਰ ਤੁਸੀ ਦਿਨ ਰਾਤ ਖਿਝਦੇ ਹੀ ਰਹੋਗੇ ਤਾਂ ਦੁਖਦ ਵਿਚਾਰ ਤੁਹਾਡੇ ਦਿਮਾਗ ਵਿੱਚ ਪੂਰੀ ਤਰਾਂ ਜੜ੍ਹ, ਫੜ੍ਹਦੇ ਰਹਿਣਗੇ।ਦੁਖਦ ਛਿਣਾਂ ਨੂੰ ਵਾਰ ਵਾਰ ਯਾਦ ਕਰਨ ਨਾਲ ਉਹ ਤਾਜ਼ਾ ਹੁੰਦੇ ਰਹਿੰਦੇ ਹਨ।ਜਿਵੇਂ ਜ਼ਖਮ ਦੇ ਤਾਜ਼ਾ ਹੋਣ ਨਾਲ ਦਰਦ ਵੱਧ ਜਾਂਦੀ ਹੇ ਉਸੇ ਤਰ੍ਹਾਂ ਦੁਖਦ ਪਲਾਂ ਨੂੰ ਯਾਦ ਕਰਨ ਨਾਲ ਤੁਹਾਡੀਆਂ ਖੁਸ਼ੀਆਂ ਵੀ ਨਸ਼ਟ ਹੁੰਦੀਆਂ ਰਹਿੰਦੀਆਂ ਹਨ।

ਜੇਕਰ ਤੁਹਾਡੇ ਮਨ `ਚ ਪਵਿੱਤਰਤਾ, ਦਿਆਲਤਾ ਅਤੇ ਸੱਚ ਦਾ ਚਾਨਣ ਰਹੇਗਾ ਤਾ ਘਟੀਆਂ ਸੋਚਾਂ ਲਈ ਏਥੇ ਕੋਈ ਜਗ੍ਹਾ ਹੀ ਨਹੀਂ ਬਚੇਗੀ ਅਤੇ ਜੀਵਨ ਦੀਆਂ ਉਸਾਰੂ ਸ਼ਕਤੀਆਂ ,ਤਰੱਕੀ ਦਿਆ ਰਾਹਾਂ ਉੱਤੇ ਅੱਗੇ ਵਧਣ ਲਈ ਤੁਹਾਨੂੰ ਉਤਸ਼ਾਹਿਤ ਕਰਦੀਆਂ ਰਹਿਣਗੀ।

ਇਹ ਗੱਲ ਹਮੇਸ਼ਾਂ ਯਾਦ ਰੱਖਣ ਵਾਲੀ ਹੈ ਵਿਚਾਰਾਂ ਨਾਲ ਹੀ ਵਿਅਕਤੀਤਵ ਦਾ ਨਿਰਮਾਣ ਹੁੰਦਾ ਹੈ।ਆਕਰਸ਼ਕ ਵਿਅਕਤੀਤਵ ਵਾਲੇ ਨੂੰ ਹੀ ਸਫਲਤਾ ਹਾਸਿਲ ਹੁੰਦੀ ਏ।ਬਲਵਾਨ ਵਿਅਕਤੀਤਵ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੇ ਜਿਨ੍ਹਾਂ ਦੇ ਵਿਚਾਰ ਤੰਦਰੁਸਤ ਹੁੰਦੇ ਹਨ।ਮਨ ਨੂੰ ਮਾੜੇ ਵਿਚਾਰਾਂ ਤੋਂ ਮੁਕਤ ਕਰਨਾ ਹੀ ਜ਼ਰੂਰੀ ਨਹੀਂ, ਉਸਦੀ ਜਗ੍ਹਾ ਉੱਤਮ ਵਿਚਾਰ ਭਰਨਾਂ ਵੀ ਜ਼ਰੂਰੀ ਹੈ।

ਤੁਹਾਡਾ ਸਰੀਰ ,ਤੁਹਾਡੇ ਦਿਮਾਗ ਦਾ ਪ੍ਰਛਾਵਾਂ ਹੈ।ਸੁੰਦਰ ਵਿਚਾਰਾਂ ਨਾਲ ਭਰੇ ਆਦਮੀ ਦਾ ਸਰੀਰ ,ਫੁੱਲਾਂ ਦੀ ਮਹਿਕਦੀ ਫੁਲਵਾੜੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀ ਹੁੰਦਾ।ਸੁੰਦਰ ਵਿਚਾਰ ਤੁਹਾਨੂੰ ਚੰਗੇ ਅਤੇ ਪ੍ਰਸ਼ੰਸ਼ਾ ਯੌਗ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਰਹਿੰਦੇ ਹਨ।ਮਾੜੇ ਵਿਚਾਰਾਂ ਦਾ ,ਸਮਾਜ ,ਭਾਈ ਚਾਰੇ ਅਤੇ ਰਿਸ਼ਤੇਦਾਰਾਂ ਨੂੰ ਹੀ ਨੁਕਸਾਨ ਨਹੀ ਹੁੰਦਾ, ਤੁਹਾਡੀ ਖੁਦ ਦੀ ਨੀਂਦ ਵੀ ਹਰਾਮ ਹੋ ਜਾਂਦੀ ਹੈ।ਬਦਲਾ ਲੈਣ ਦੀ ਭਾਵਨਾ ਅਤੇ ਡਰ ਨਾਲ ਤੁਹਾਡਾ ਖੁਦ ਦਾ ਮਨ ਭੈ-ਭੀਤ ਹੋਇਆ ਰਹਿੰਦਾ ਹੈ।ਅਜਿਹਾ ਆਦਮੀ, ਟਾਹਣੀ ਉੱਤੇ ਲਮਕਦੇ ਸੁੱਕੇ ਪੱਤੇ ਵਾਂਗ ਹੁੰਦਾ ਹੈ ਜੋ ਹਵਾ ਦੇ ਹਲਕੇ ਜਿਹੇ ਬੁੱਲੇ ਨਾਲ ਈ ਹੇਠਾਂ ਡਿੱਗ ਪੈਂਦਾ ਹੈ।

ਲੋੜ ਹੈ,ਅਸੀ ਹੋਰਨਾ ਦੇ ਦੁੱਖਾਂ-ਸੁੱਖਾਂ ਦੇ ਸਾਂਝੀਦਾਰ ਬਣਕੇ ਇਸ ਧਰਤੀ ਉੱਤੇ ਅਸ਼ਾਤੀ,ਘ੍ਰਿਣਾ ਅਤੇ ਵੈਰ ਵਿਰੋਧ ਨੂੰ ਫੈਲਣ ਤੋਂ ਰੋਕੀਏ।ਮੁਆਫੀ,ਠਰ੍ਹਮਾ ਅਤੇ ਸਹਿਣਸ਼ੀਲਤਾ ਨਾਲ ਪ੍ਰਸਪਰ ਪਿਆਰ ਦੀਆਂ ਗੰਢਾਂ ਪੀਡੀਆ ਕਰੀਏ।
    
                ਸੰਪਰਕ: +91 98152 96475

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ