Fri, 19 July 2024
Your Visitor Number :-   7196073
SuhisaverSuhisaver Suhisaver

ਧੀਆਂ ਧਿਆਣੀਆਂ ਕਿਉਂ ਮਰ ਜਾਣੀਆਂ -ਰਾਜਬੀਰ ਕੌਰ ਸੇਖੋਂ

Posted on:- 19-07-2012

suhisaver

ਮਰਦ ਨੂੰ ਰਵਾਇਤਨ ਸਮਾਜ ਦਾ ਉਚ ਅਤੇ ਖਾਸ ਵਰਗ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਕਈ ਧਰਮਾਂ ਅਨੁਸਾਰ ਸਵਰਗ ਦੇ ਦਵਾਰ ਕੇਵਲ ਮਰਦਾਂ ਲਈ ਹੀ ਖੁੱਲ੍ਹਦੇ ਹਨ। ਜੇ ਕਿਸੇ ਇਸਤਰੀ ਨੇ ਪਰਮਾਤਮਾ ਦੇ ਰਾਹ ਤੁਰਨਾ ਹੋਵੇ ਤਾਂ ਉਸ ਲਈ ਮਰਦ ਦੇ ਰੂਪ ਵਿਚ ਜਨਮ ਲੈਣਾ ਜ਼ਰੂਰੀ ਹੈ। ਤਾਂ ਹੀ ਉਹ ਮੁਕਤੀ ਪਾ ਸਕਦੀ ਹੈ। ਜਿੱਥੇ ਰੱਬ ਨੇ ਸਰੀਰਕ ਤੌਰ 'ਤੇ ਮਰਦਾਂ ਨੂੰ ਕਈ ਆਜ਼ਾਦੀਆਂ ਬਖਸ਼ੀਆਂ ਹਨ, ਉਥੇ ਸਮਾਜਿਕ ਪੱਧਰ 'ਤੇ ਵੀ ਉਨ੍ਹਾਂ ਨੂੰ ਵੱਧ ਖੁੱਲ੍ਹ ਹਾਸਲ ਹੈ। ਰਾਜਨੀਤੀ, ਸਮਾਜ ਅਤੇ ਆਰਥਕ ਪ੍ਰਬੰਧ ਵਿਚ ਮਰਦ ਹੀ ਪ੍ਰਧਾਨ ਰਿਹਾ ਹੈ। ਦੂਜੇ ਬੰਨੇ ਔਰਤ ਦੇ ਪੱਲੇ ਮੁੱਢ ਕਦੀਮ ਤੋਂ ਹੀ ਫਰਜ਼ ਵਧੇਰੇ ਤੇ ਹੱਕ ਘੱਟ ਪਏ ਹਨ, ਬੰਦਿਸ਼ਾਂ ਵਧੇਰੇ ਤੇ ਆਜ਼ਾਦੀ ਘੱਟ ਮਿਲੀ ਹੈ। ਔਰਤ ਅੰਦਰ ਪਿਆਰ ਅਤੇ ਤਿਆਗ ਮਰਦ ਨਾਲੋਂ ਸੈਂਕੜੇ ਗੁਣਾਂ ਵੱਧ ਹੈ। ਨਰਮਦਿਲੀ ਅਤੇ ਜਜ਼ਬਾਤੀ ਹੋਣਾ ਔਰਤ ਦਾ ਕੁਦਰਤੀ ਸੁਭਾਅ ਹੈ।ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਿਵਾਰ ਅਤੇ ਸਮਾਜ ਵਿਚ ਮਰਦ ਅਤੇ ਔਰਤ ਦੋਵੇਂ ਆਪੋ-ਆਪਣੇ ਕਿਰਦਾਰ ਨਿਭਾਉਂਦੇ ਹਨ। ਜੇ ਮਰਦ ਇਮਾਰਤ ਉਸਾਰਦਾ ਹੈ ਤਾਂ ਔਰਤ ਉਸ ਨੂੰ ਘਰ ਬਣਾਉਂਦੀ ਹੈ, ਮਰਦ ਕਮਾਉਂਦਾ ਹੈ ਤਾਂ ਔਰਤ ਆਪਣੀ ਸਿਆਣਪ ਸਦਕਾ ਉਸ ਕਮਾਈ 'ਚ ਬਰਕਤ ਪਾਉਂਦੀ ਹੈ, ਜੇ ਮਰਦ ਧਰਮ ਜਾਂ ਵਿਚਾਰਧਾਰਾ ਸਿਰਜਦਾ ਹੈ ਤਾਂ ਔਰਤ ਉਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਹੈ। ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ 'ਮਾਂ' ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਇਨ੍ਹਾਂ ਦੋਹਾਂ ਦੇ ਸਹੀ ਤਾਲਮੇਲ ਸਦਕਾ ਹੀ ਦੁਨੀਆਂ ਦਾ ਨਿਜਾਮ ਚਲਦਾ ਹੈ। ਪਰ ਕਿਉਂ ਕੁਦਰਤ ਦੇ ਇਸ ਨਿਜਾਮ 'ਤੇ ਮਨੁੱਖ ਖ਼ੁਸ਼ ਨਹੀਂ? ਕਿਉਂ ਹਿੱਸੇ ਆਏ ਹੱਕ ਅਤੇ ਫਰਜ਼ ਤਸੱਲੀਬਖ਼ਸ਼ ਨਹੀਂ? ਕਿਉਂ ਦਿਨੋਂ ਦਿਨ ਸਮਾਜ ਵਿਚੋਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ? ਜੇ ਕੁਦਰਤ ਨੇ ਦੋਹਾਂ ਨੂੰ ਆਪੋ-ਆਪਣੇ ਖੇਤਰ ਦਿੱਤੇ ਹਨ ਤਾਂ ਕਿਉਂ ਮਨੁੱਖ ਉਸ ਨੂੰ ਬਦਲਣ ਦਾ ਇਛੁੱਕ ਹੈ।

ਭਾਰਤ ਵਿਚ ਮਰਦਾਂ ਦੇ ਮੁਕਾਬਲੇ ਅੱਜ ਔਰਤਾਂ ਦੀ ਗਿਣਤੀ 1000 ਪਿੱਛੇ 914 ਰਹਿ ਗਈ ਹੈ। ਹਰਿਆਣੇ ਵਿਚ 1000 ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 830 ਹੈ ਅਤੇ ਪੰਜਾਬ ਵਿਚ 846 ਹੈ। ਇਹ ਉਹੀ ਪੰਜਾਬ ਹੈ ਜਿੱਥੇ ਬੇਬੇ ਨਾਨਕੀ, ਮਾਤਾ ਗੁਜਰੀ, ਮਾਈ ਭਾਗੋ, ਰਾਣੀ ਸਦਾ ਕੌਰ, ਮਹਾਰਾਣੀ ਜਿੰਦਾਂ ਵਰਗੀਆਂ ਸੁਘੜ ਸਿਆਣੀਆਂ ਬੀਬੀਆਂ ਨੇ ਜਨਮ ਲਿਆ, ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਕੁੜੀਆਂ-ਚਿੜੀਆਂ ਨੂੰ ਧੀਆਂ ਅਤੇ ਪਰਾਈ ਨਾਰ ਨੂੰ ਬੀਬੀ ਕਹਿ ਕੇ ਸਤਿਕਾਰਿਆ ਜਾਂਦਾ ਹੈ। ਬਾਬੇ ਨਾਨਕ ਨੇ ਇਸੇ ਧਰਤੀ ਤੋਂ "ਸੋ ਕਿਉਂ ਮੰਦਾ ਆਖੀeੈ, ਜਿਤੁ ਜੰਮੇ ਰਾਜਾਨੁ" ਦਾ ਸੁਨੇਹਾ ਦਿੱਤਾ ਸੀ ਅਤੇ ਦਸਮ ਪਿਤਾ ਨੇ ਬਾਟੇ ਦਾ ਅੰਮ੍ਰਿਤ ਪਿਆ ਕੇ 'ਕੌਰ' ਦਾ ਖਿਤਾਬ ਦਿੱਤਾ ਸੀ। ਇਹ ਘਟਦੀ ਗਿਣਤੀ ਡੂੰਘਾ ਖ਼ਤਰੇ ਦਾ ਸੰਕੇਤ ਹੈ। ਇਸ ਘੱਟ ਰਹੀ ਗਿਣਤੀ ਪਿੱਛੇ ਅਸਲ ਵਿਚ ਕੀ ਕਾਰਨ ਹਨ? ਪੰਜਾਬ ਦੀ ਧਰਤੀ 'ਤੇ ਨਾ ਤਾਂ ਰਿਜਕ ਦੀ ਹੀ ਕੋਈ ਕਮੀ ਸੀ ਤੇ ਨਾ ਹੀ ਸਿਦਕ ਦੀ। ਪਰ ਕਿਉਂ ਹਰ ਘਰ ਵਿਚ ਰਿਜਕ ਧੀ ਦੀ ਵਾਰੀ ਮੁੱਕ ਜਾਂਦਾ ਹੈ? ਕਿਉਂ ਰੱਬ ਦੀ ਇਹ ਦਾਤ ਖਿੜੇ ਮੱਥੇ ਸਵਿਕਾਰੀ ਨਹੀਂ ਜਾਂਦੀ? 'ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ', 'ਵੀਰ ਘਰ ਪੁੱਤ ਜੰਮਿਆ ਚੰਨ ਚੜ੍ਹਿਆ ਬਾਪ ਦੇ ਵਿਹੜੇ' ਅਤੇ ਹੋਰ ਪਤਾ ਨਹੀਂ ਕਿੰਨੇ ਕੁ ਗੀਤ, ਬੋਲੀਆਂ, ਦੁਆਵਾਂ ਪੁੱਤ ਦੀ ਦਾਤ ਦੇ ਵਰਦਾਨ ਹੋਣ ਦੀ ਗਵਾਹੀ ਦਿੰਦੀਆਂ ਹਨ। ਪੁੱਤ ਵੰਸ਼ ਦੇ ਚਿਰਾਗ, ਜਾਇਦਾਦਾਂ ਦੇ ਵਾਰਸ ਅਤੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਮੰਨੇ ਜਾਂਦੇ ਹਨ। ਭਾਵੇਂ ਵੀਰ ਦੇ ਰੂਪ ਵਿਚ, ਭਾਵੇਂ ਪੁੱਤ ਦੇ ਤੇ ਭਾਵੇਂ ਸਿਰ ਦੇ ਸਾਈਂ ਦੇ ਰੂਪ ਵਿਚ, ਦੁਆ ਹਮੇਸ਼ਾਂ ਮਰਦ ਲਈ ਹੀ ਮੰਗੀ ਜਾਂਦੀ ਹੈ। ਇਸ ਨਿਮਾਣੀ ਧੀ ਦੇ ਹਿੱਸੇ ਕੇਵਲ ਹਉਕੇ ਹਾਵੇ ਹੀ ਕਿਉਂ ਰਹਿ ਗਏ?

ਗੱਲ ਸ਼ੁਰੂ ਕਰਦੇ ਹਾਂ ਆਦਿ ਕਾਲ ਤੋਂ ਜਦੋਂ ਮਨੁੱਖ ਜੰਗਲਾਂ ਦਾ ਵਾਸੀ ਸੀ। ਉਸ ਸਮੇਂ ਘਰ ਅਤੇ ਸਮਾਜ ਕੇਵਲ ਤੇ ਕੇਵਲ ਔਰਤ ਦੁਆਲੇ ਹੀ ਘੁੰਮਦਾ ਸੀ। ਮਰਦ ਔਰਤ ਨਾਲ ਸੰਭੋਗ ਕਰ ਮੁੜ ਆਪਣੇ ਆਜ਼ਾਦ ਜੀਵਨ ਵਿਚ ਵਾਪਸ ਚਲਾ ਜਾਂਦਾ ਪਰ ਕੁਦਰਤ ਦੇ ਨਿਯਮ ਅਨੁਸਾਰ ਸੰਭੋਗ ਮਗਰੋਂ ਔਰਤ ਗਰਭਵਤੀ ਹੋ ਬੱਚੇ ਨੂੰ ਜਨਮ ਦਿੰਦੀ ਅਤੇ ਪਾਲਣ ਪੋਸ਼ਣ ਕਰਦੀ, ਰੋਜ਼ਾਨਾ ਜੀਵਨ ਦੀਆਂ ਕਠਿਨਾਈਆਂ ਨਾਲ ਜੂਝਦੀ। ਫੇਰ ਸਮਾਜਿਕ ਤੌਰ 'ਤੇ ਵਿਆਹ ਦੀ ਰਸਮ ਬਣੀ ਤੇ ਔਰਤ ਅਤੇ ਬੱਚਿਆਂ ਦੀ ਜ਼ਿੰਮੇਦਾਰੀ ਮਰਦ ਦੇ ਮੋਢਿਆਂ 'ਤੇ ਵੀ ਸੁੱਟੀ ਗਈ। ਮਰਦ ਅਤੇ ਔਰਤ ਦੋਹਾਂ ਵਿਚ ਕੰਮ, ਫਰਜ਼ ਅਤੇ ਹੱਕ ਵੰਡ ਦਿੱਤੇ ਗਏ। ਔਰਤ ਦੇ ਹਿੱਸੇ ਘਰੇਲੂ ਜਿੰਮੇਦਾਰੀਆਂ ਅਤੇ ਮਰਦ ਦੇ ਹਿੱਸੇ ਸਮਾਜਿਕ ਅਤੇ ਆਰਥਿਕ ਜਿੰਮੇਦਾਰੀਆਂ ਆਈਆਂ। ਦਿਨੋਂ ਦਿਨ ਔਰਤ ਮਰਦ 'ਤੇ ਨਿਰਭਰ ਹੁੰਦੀ ਗਈ। ਔਰਤ ਵਿੱਤਹੀਣ ਅਤੇ ਬੱਲਹੀਣ ਹੋਣ ਕਾਰਨ ਮਜਬੂਰ ਅਤੇ ਬੇਵੱਸ ਹੁੰਦੀ ਗਈ।
ਇਨ੍ਹਾਂ ਕਮਜ਼ੋਰੀਆਂ ਕਾਰਨ ਸਰਹੱਦਾਂ, ਮੁਲਕਾਂ ਅਤੇ ਸਿਆਸਤ ਦੀਆਂ ਲੜਾਈਆਂ ਵਿਚ ਸਭ ਤੋਂ ਵੱਧ ਸ਼ੋਸ਼ਿਤ ਔਰਤ ਹੀ ਹੁੰਦੀ ਰਹੀ। ਜੋ ਵੀ ਰਾਜਾ ਕਿਸੇ ਰਿਆਸਤ ਨੂੰ ਜਿੱਤ ਲੈਂਦਾ ਉਹ ਉਥੋਂ ਦੇ ਧਨ-ਦੌਲਤ, ਮਾਲ-ਡੰਗਰ, ਜ਼ਮੀਨ ਜਾਇਦਾਦ ਦੇ ਨਾਲ ਨਾਲ ਉਥੋਂ ਦੀਆਂ ਔਰਤਾਂ ਨੂੰ ਵੀ ਗੁਲਾਮ, ਦਾਸੀਆਂ ਜਾਂ ਰਖੇਲਾਂ ਬਣਾ ਲੈਂਦਾ। ਇਨ੍ਹਾਂ ਬੇਪਤੀਆਂ ਦੇ ਡਰ ਤੋਂ ਬਾਲ ਵਿਆਹ ਦੀ ਪ੍ਰਥਾ ਅਰੰਭ ਹੋਈ। ਵਿਧਵਾ ਹੋ ਜਾਣ ਮਗਰੋਂ ਸਮਾਜਕ ਅਤੇ ਆਰਥਕ ਔਕੜਾਂ ਤੋਂ ਬਚਾਉਣ ਲਈ ਸਤੀ ਪ੍ਰਥਾ ਹੋਂਦ ਵਿਚ ਆਈ। ਬੇਗਾਨੇ ਮਰਦਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਾਉਣ ਲਈ ਔਰਤ ਦੇ ਚੰਗਾ ਪਹਿਨਣ, ਘਰੋਂ ਬਾਹਰ ਨਿਕਲਣ, ਵਿਦਿਆ ਹਾਸਲ ਕਰਨ ਅਤੇ ਇਥੋਂ ਤੱਕ ਕਿ ਉਚਾ ਬੋਲਣ ਤੱਕ 'ਤੇ ਰੋਕ ਲਾ ਦਿੱਤੀ ਗਈ। ਔਰਤ ਦੀ ਖੂਬਸੂਰਤੀ, ਉਸ ਦਾ ਸਰੀਰਕ ਤੌਰ 'ਤੇ ਬਲਹੀਣ ਹੋਣਾ ਅਤੇ ਗਰਭਵਤੀ ਹੋ ਜਾਣਾ ਉਸ ਦੀ ਗੁਲਾਮੀ ਦੇ ਕਾਰਨ ਬਣਦੇ ਚਲੇ ਗਏ। ਔਰਤ ਦੀ ਆਜ਼ਾਦੀ ਦਾ ਘੇਰਾ ਘਟਣ ਦੇ ਨਾਲ ਨਾਲ ਉਸ ਦੀ ਗਿਣਤੀ ਘਟਦੀ ਹੀ ਚਲੀ ਗਈ। ਸਮਾਜ ਨੇ ਧੀ ਪੈਦਾ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਧੀ ਨੂੰ ਜੰਮਦਿਆਂ ਸਾਰ ਸਦਾ ਦੀ ਨੀਂਦੇ ਸਵਾ ਦਿੱਤਾ ਜਾਣ ਲੱਗਾ, ਕਦੇ ਅੱਕ ਦੇ ਕੇ, ਕਦੇ ਪਾਣੀ ਵਿਚ ਡੋਬ ਕੇ ਅਤੇ ਕਦੇ ਭੁੱਖਿਆਂ ਰਖ ਕੇ। "ਪੂਣੀ ਕੱਤੀਂ, ਗੁੜ ਖਾਈਂ। ਵੀਰ ਨੂੰ ਘੱਲੀਂ, ਆਪ ਨਾ ਆਈਂ" ਬੋਲ ਰੀਤਾਂ ਰਸਮਾਂ ਦਾ ਹਿੱਸਾ ਬਣ ਗਏ। ਸਿੱਟੇ ਵਜੋਂ ਸੱਤਾਂ-ਅੱਠਾਂ ਭਰਾਵਾਂ ਦੀ ਇਕਲੌਤੀ ਭੈਣ ਦਾ ਰਿਵਾਜ ਪ੍ਰਚਲਿਤ ਹੋ ਗਿਆ। ਇਸੇ ਕਾਰਨ ਘਰਾਂ ਵਿਚ ਇਕ ਦੋ ਭਰਾਵਾਂ ਨੂੰ ਛੜੇ ਰਖਣ ਦਾ ਰਿਵਾਜ ਹੋਂਦ ਵਿਚ ਆਇਆ। ਇਥੋਂ ਤੱਕ ਕਿ ਵਿਆਹ ਲਈ ਔਰਤਾਂ ਲਾਗਲੇ ਗਰੀਬ ਪ੍ਰਦੇਸਾਂ ਵਿਚੋਂ ਖਰੀਦ ਕੇ ਲਿਆਂਦੀਆਂ ਜਾਣ ਲੱਗੀਆਂ। ਗੱਲ ਕੀ ਇਤਿਹਾਸ ਦਾ ਹਰ ਵਰਕਾ ਗਵਾਹ ਹੈ, ਔਰਤਾਂ ਨਾਲ ਹੋਈਆਂ ਨਾ ਇਨਸਾਫੀਆਂ ਦਾ।
ਮੁਗਲਾਂ ਦੇ ਰਾਜ ਵਿਚ ਔਰਤ ਦੀ ਇੱਜ਼ਤ ਟਕੇ-ਟਕੇ ਦੇ ਭਾਅ ਬਾਜ਼ਾਰਾਂ ਵਿਚ ਵਿਕਦੀ ਰਹੀ। ਫੇਰ ਅੰਗ੍ਰੇਜ਼ਾਂ ਦੇ ਰਾਜ ਵਿਚ ਔਰਤ ਥਾਂ-ਥਾਂ ਬੇਜ਼ੱਤ ਹੁੰਦੀ ਰਹੀ। '47 ਦੀ ਵੰਡ ਦੌਰਾਨ ਇਹ ਕਰਮਾਂਮਾਰੀ ਬੇ-ਘਰ ਹੋਣ ਦੇ ਨਾਲ ਨਾਲ ਦਰਿੰਦਿਆਂ ਦੀ ਹਵਸ ਦੀ ਸ਼ਿਕਾਰ ਹੋਈ। ਤੇ ਫੇਰ '84 ਦੇ ਘਲੂਘਾਰੇ ਵੇਲੇ ਔਰਤ ਦੀ ਪੱਤ ਸੜਕਾਂ, ਗਲੀਆਂ-ਕੂਚਿਆਂ ਵਿਚ ਸ਼ਰ੍ਹੇਆਮ ਰੋਲੀ ਜਾਂਦੀ ਰਹੀ। ਸਮੇਂ ਦੇ ਇਤਿਹਾਸ ਵਿਚ ਬੀਤੇ ਖੌਫਨਾਕ ਜ਼ੁਲਮਾਂ ਤੋਂ ਡਰਦਾ ਹਰ ਪਿਓ ਧੀ ਨੂੰ ਜਨਮ ਦੇਣੋਂ ਇਨਕਾਰੀ ਹੋ ਗਿਆ।

ਧੀ ਨੂੰ ਸਵੀਕਾਰ ਨਾ ਕਰਨ ਦਾ ਦੂਜਾ ਵੱਡਾ ਕਾਰਨ ਬਣਿਆ ਸਹੁਰਿਆਂ ਵੱਲੋਂ ਸਤਾਏ ਜਾਣਾ, ਪਤੀ ਵਲੋਂ ਪੈਰ ਦੀ ਜੁੱਤੀ ਸਮਝੇ ਜਾਣਾ ਅਤੇ ਵੱਧ ਰਹੀ ਦਹੇਜ ਦੀ ਮੰਗ। ਆਪਣੇ ਜਿਗਰ ਦੇ ਟੁਕੜੇ ਨੂੰ ਪਾਲ ਪੋਸ ਕੇ ਬੇਗਾਨੇ ਹੱਥੀਂ ਦਿੰਦੇ ਮਾਪੇ ਡਰਦੇ ਹਨ, ਖਬਰੇ ਬੇਗਾਨੇ ਘਰ ਕੇਹੋ ਜਿਹੇ ਸਲੂਕ ਸਹਿਣੇ ਪੈਣ। ਸੱਸਾਂ ਦੇ ਮਿਹਣੇ ਅਤੇ ਪਤੀ ਦੀ ਕੁੱਟ ਅਤੇ ਹਵਸ ਦੀ ਸ਼ਿਕਾਰ ਧੀ ਦੇ ਦੁੱਖ ਸਹਿਣੇ ਹੱਦੋਂ ਪਰੇ ਦੀ ਗੱਲ ਹੈ। ਫੇਰ ਏਸ ਤੋਂ ਉਤੇ 'ਦਾਜ'। ਦਾਜ ਅਸਲ ਵਿਚ ਕੀ ਹੈ? ਧੀ ਨੂੰ ਵਿਆਹ ਸਮੇਂ ਮਾਪਿਆਂ ਵੱਲੋਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਦਿੱਤਾ ਗਿਆ ਕੁਝ ਘਰੇਲੂ ਸਾਮਾਨ, ਚੋਣਵੇਂ ਗਹਿਣੇ ਅਤੇ ਕੁਝ ਲੀੜੇ ਲੱਤੇ। ਪੁੱਤ ਘਰ ਦੀ ਸਾਰੀ ਜ਼ਮੀਨ ਜਾਇਦਾਦ ਦਾ ਹੱਕਦਾਰ ਹੈ, ਧੀ ਦਾ ਵੀ ਉਸ ਘਰ ਅਤੇ ਮਾਪਿਆਂ 'ਤੇ ਕੁਝ ਹੱਕ ਹੋਣ ਕਾਰਨ ਪੇਕੇ ਘਰੋਂ ਤੁਰਨ ਵੇਲੇ ਉਸ ਨੂੰ ਕੁਝ ਵਸਤਾਂ ਦੇ ਕੇ ਰੁਖਸਤ ਕੀਤਾ ਜਾਂਦਾ ਹੈ। ਸਮੇਂ ਸਮੇਂ ਬੱਚੇ ਦੇ ਜਨਮ ਮੌਕੇ, ਲੋਹੜੀ, ਤੀਆਂ, ਦੀਵਾਲੀ ਆਦਿ ਤਿਉਹਾਰਾਂ 'ਤੇ ਕੁਝ ਨਾ ਕੁਝ ਦਿੱਤੇ ਜਾਣ ਦੀਆਂ ਰਸਮਾਂ ਬਣੀਆਂ। ਫੇਰ ਇਹ ਰਸਮਾਂ ਕਦੋਂ ਸੌਦੇਬਾਜ਼ੀਆਂ ਦਾ ਰੂਪ ਧਾਰਨ ਕਰ ਗਈਆਂ, ਪਤਾ ਨਹੀਂ? ਕੀਮਤੀ ਚੀਜ਼ਾਂ, ਗਹਿਣੇ ਤੇ ਹੋਰ ਵਸਤਾਂ ਦੀਆਂ ਲਿਸਟਾਂ ਬਣਾ ਕੇ ਕੁੜੀ ਤੋਰਨ ਲਈ ਸ਼ਰਤਾਂ ਵਜੋਂ ਸਾਹਮਣੇ ਰਖੀਆਂ ਜਾਣ ਲੱਗੀਆਂ। ਅਜੋਕੇ ਸਮੇਂ ਵਿਚ ਤਾਂ ਵੱਡੇ ਵੱਡੇ ਵਿਆਹ, ਸੈਂਕੜਿਆਂ ਦੀ ਗਿਣਤੀ 'ਚ ਬਰਾਤਾਂ, ਸੋਨੇ ਦੇ ਅੰਬਰ ਛੂਹੰਦੇ ਭਾਅ ਮਾਪਿਆਂ ਨੂੰ ਉਮਰ ਤੋਂ ਪਹਿਲਾਂ ਬੁਢਿਆਂ ਕਰ ਜਾਂਦੇ ਨੇ। ਜੇਕਰ ਇਨ੍ਹਾਂ ਸਾਰੀਆਂ ਮੰਗਾਂ ਅਤੇ ਰਿਵਾਜਾਂ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਸਜ਼ਾ ਵਜੋਂ ਮਾਪਿਆਂ ਦੀ ਲਾਡਲੀ ਧੀ ਜਾਂ ਤਾਂ ਘਰੋਂ ਕੱਢ ਦਿੱਤੀ ਜਾਂਦੀ ਹੈ ਜਾਂ ਅੱਗ ਦੀ ਭੇਟਾ ਚਾੜ੍ਹ ਦਿੱਤੀ ਜਾਂਦੀ ਹੈ।

ਹੁਣ ਵਿਚਾਰ ਕਰੀਏ ਤੀਜੇ ਵੱਡੇ ਕਾਰਨ ਉਤੇ, ਜਿਸ ਸਦਕਾ ਧੀ ਨੂੰ ਜੰਮਦਿਆਂ ਸਾਰ ਨਹੀਂ ਸਗੋਂ ਜੰਮਣ ਤੋਂ ਪਹਿਲਾਂ ਹੀ ਡਾਕਟਰਾਂ ਜਾਂ ਨਰਸਾਂ ਦੁਆਰਾ ਮਾਂ ਦੀ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਉਹ ਕਾਰਨ ਹੈ ਸਾਡੀ ਵਿਗੜੀ ਸਮਾਜਕ ਵਿਵਸਥਾ। ਕਿੱਥੇ ਸੁਰੱਖਿਅਤ ਹੈ ਇਹ ਧੀ? ਸਮਾਜ ਦੀਆਂ ਭੈੜੀਆਂ ਨਜ਼ਰਾਂ ਦੀ ਸ਼ਿਕਾਰ ਹੁੰਦੀ ਹੈ, ਕਦੇ ਬੱਸਾਂ ਵਿਚ, ਕਦੇ ਸਕੂਲਾਂ-ਕਾਲਜਾਂ ਵਿਚ, ਖੇਡ ਦੇ ਮੈਦਾਨਾਂ ਵਿਚ, ਦਫ਼ਤਰਾਂ ਵਿਚ ਤੇ ਕਦੇ ਪੰਚਾਇਤਾਂ ਵਿਚ। ਪਤਾ ਨਹੀਂ ਕਿੰਨੀਆਂ ਕੁ ਧੀਆਂ ਵਿਆਹ ਮਗਰੋਂ ਛੱਡ ਦਿੱਤੀਆਂ ਜਾਂਦੀਆਂ ਹਨ ਤੇ ਕਿੰਨੀਆਂ ਕੁ ਦਾਜ ਦੇ ਦੁੱਖੋਂ ਜਾਂ ਨੌਕਰੀ ਪੇਸ਼ਾ ਨਾ ਹੋਣ ਕਾਰਨ ਵਿਆਹੀਆਂ ਹੀ ਨਹੀਂ ਜਾਂਦੀਆਂ। ਨੌਕਰੀਆਂ ਦੇ ਝਾਂਸੇ ਹੇਠ ਸ਼ੋਸ਼ਿਤ ਹੁੰਦੀਆਂ ਹਨ ਤੇ ਕਦੇ ਖੂਬਸੂਰਤੀ ਜਾਂ ਝੂਠੀ ਆਜ਼ਾਦੀ ਦੀ ਫੂਕ 'ਚ ਲਿਆ ਕੇ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਨਵੀਂ ਚਲੀ ਪਰਵਾਸ ਦੀ ਹਨੇਰੀ ਨੇ ਵੀ ਇਸ ਧੀ ਦੀਆਂ ਸੱਧਰਾਂ ਨੂੰ ਵਧ ਚੜ੍ਹ ਕੇ ਰੋਲਿਆ ਹੈ। ਅੱਜ ਪਤਾ ਨਹੀਂ ਕਿੰਨੀਆਂ ਕੁ ਪੰਜਾਬ ਦੀਆਂ ਧੀਆਂ ਵਿਦੇਸ਼ਾਂ ਤੋਂ ਆਏ ਲਾੜੇ ਉਡੀਕਦੀਆਂ ਰੁਲ ਰਹੀਆਂ ਹਨ ਜੋ ਵਿਆਹ ਬਹਾਨੇ ਉਨ੍ਹਾਂ ਦਾ ਸਮਾਜਕ, ਆਰਥਕ ਅਤੇ ਸਰੀਰਕ ਸ਼ੋਸ਼ਣ ਕਰ ਮੁੜ ਫੇਰਾ ਨਹੀਂ ਪਾਉਂਦੇ।

 ਆਮ ਆਦਮੀ ਜਾਂ ਜੱਟ ਜ਼ਿਮੀਂਦਾਰ ਜੋ ਆਪਣੀ ਆਰਥਕਤਾ ਨਾਲ ਜੂਝ ਰਿਹਾ ਹੈ, ਕਿਥੋਂ ਲਿਆਵੇ ਧਨ ਧੀ ਨੂੰ ਪੜ੍ਹਾਉਣ ਲਈ? ਕਿਵੇਂ ਕਰੇ ਵਿਆਹ ਸਮੇਂ ਲੱਖਾਂ ਦੇ ਸੌਦੇ? ਕਿਵੇਂ ਸਮਾਜਿਕ ਰਸਮਾਂ ਨਿਭਾਵੇ ਜੋ ਆਪ ਹੀ ਰੋਜ਼ੀ ਰੋਟੀ ਦੇ ਚੱਕਰਾਂ ਵਿਚ ਉਲਝਿਆ ਬੈਠਾ ਹੈ। ਇਸ ਕਰਮਾਂਮਾਰੇ ਪਿਓ ਦੇ ਜ਼ਖਮਾਂ 'ਤੇ ਸਰਕਾਰਾਂ ਨੇ ਵੀ ਧੀਆਂ ਨੂੰ ਪਿਓ ਦੀ ਜ਼ਮੀਨ ਜਾਇਦਾਦ ਦੀ ਬਰਾਬਰ ਦੀ ਹੱਕਦਾਰ ਬਣਾ ਕੇ ਰੱਜ ਕੇ ਲੂਣ ਭੁਕਿਆ ਅਤੇ ਵੀਰਾਂ ਦੀ ਸ਼ਰੀਕਣ ਬਣਾ ਦਿੱਤਾ। ਇੱਜ਼ਤ ਤੋਂ ਡਰਦਾ, ਆਰਥਕਤਾ ਨਾਲ ਲੜਦਾ, ਧੀਆਂ ਦੇ ਅਸਹਿ ਦੁੱਖਾਂ ਤੋਂ ਤੰਗ ਪਿਓ ਕੋਲ ਇਕ ਹੀ ਰਾਹ ਬਚਦਾ ਹੈ। ਉਹ ਰਾਹ ਹੈ ਕਿ ਧੀ ਜੰਮੀ ਹੀ ਨਾ ਜਾਵੇ। ਸਿੱਟੇ ਵਜੋਂ ਉਹ ਕਾਤਲ ਬਣ ਬਹਿੰਦਾ ਹੈ, ਆਪਣੀ ਹੀ ਔਲਾਦ ਦਾ। ਅਤੇ ਮਾਂ, ਜੋ ਫਸ ਜਾਂਦੀ ਹੈ ਸਮਾਜ ਅਤੇ ਪਤੀ ਦੀਆਂ ਦਲੀਲਾਂ ਵਿਚਕਾਰ, ਉਸ ਕੋਲ ਵੀ ਕੋਈ ਚਾਰਾ ਨਹੀਂ ਬਚਦਾ ਆਪਣੀ ਮਮਤਾ ਨੂੰ ਕਤਲ ਕਰ ਦੇਣ ਤੋਂ ਬਿਨਾਂ।

ਅਸੀਂ ਅਕਸਰ ਹੀ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿਚ 'ਧੀ ਨਾ ਮਾਰੋ', 'ਧੀਆਂ ਬਚਾਓ' ਦੀਆਂ ਦੁਹਾਈਆਂ ਪੜ੍ਹਦੇ ਹਾਂ। ਅਣਗਿਣਤ ਕਵਿਤਾਵਾਂ, ਭਾਸ਼ਣ, ਲੇਖ ਲਿਖੇ ਜਾ ਰਹੇ ਹਨ। ਪਰ ਧੀ ਕਿਉਂ ਮਰ ਰਹੀ ਹੈ ਤੇ ਕਿਵੇਂ ਬਚਾਈ ਜਾਵੇ? ਇਸ ਸਵਾਲ 'ਤੇ ਸਭ ਚੁੱਪ ਹਨ। ਅੱਜ 70 ਫੀਸਦੀ ਪਿੰਡਾਂ ਵਿਚ ਸਾਡੀਆਂ ਧੀਆਂ ਭੈਣਾਂ ਵਿਦਿਆ ਹਾਸਲ ਕਰਨ ਵਿਚ ਅਸਫਲ ਹਨ ਕਿਉਂਕਿ ਸਕੂਲ ਕਾਲਜ ਜਾਂ ਤਾਂ ਬਹੁਤ ਦੂਰ ਹਨ ਜਾਂ ਆਰਥਕ ਘੇਰਿਆਂ ਤੋਂ ਬਾਹਰ ਹਨ। ਸਾਡਾ ਸਮਾਜ ਅਤੇ ਸਰਕਾਰਾਂ ਅੱਜ ਤੱਕ ਵੀ ਔਰਤਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਵਿਚ ਨਾਕਾਮਯਾਬ ਹਨ। ਔਰਤ ਲਈ ਸਮਾਜ ਵਿਚ ਬਿਨਾਂ ਆਸਰੇ ਤੋਂ ਵਿਚਰਨਾ ਨਾਮੁਮਕਿਨ ਹੈ। ਸਰਕਾਰਾਂ ਨੇ ਅਹੁਦਿਆਂ ਵਿਚ ਰਾਖਵਾਂਕਰਣ ਤਾਂ ਕਰ ਦਿੱਤਾ ਪ੍ਰੰਤੂ ਉਨ੍ਹਾਂ ਅਹੁਦਿਆਂ ਤੱਕ ਅਪੜਨ ਦਾ ਰਾਹ ਕੰਡਿਆਂ ਤੋਂ ਖਾਲੀ ਨਹੀਂ। ਵਿਕਸਿਤ ਮੁਲਕਾਂ ਵਿਚ ਤਲਾਕਸ਼ੁਦਾ ਜਾਂ ਵਿਧਵਾ ਮਾਂਵਾਂ ਦਾ ਉਥੋਂ ਦੀਆਂ ਸਰਕਾਰਾਂ ਪੂਰਾ ਸਾਥ ਦਿੰਦੀਆਂ ਹਨ ਪਰ ਸਾਡੇ ਸਮਾਜ ਵਿਚ ਇਹੋ ਜਿਹੀਆਂ ਅਣਹੋਣੀਆਂ ਧੀਆਂ ਅਤੇ ਮਾਪੇ ਉਮਰ ਭਰ ਸਹਿੰਦੇ ਰਹਿੰਦੇ ਹਨ। ਦਾਜ ਦਾ ਰੂਪ ਧਾਰਨ ਕਰ ਚੁੱਕੀਆਂ ਰਸਮਾਂ ਅਤੇ ਵਿਆਹਾਂ ਦੇ ਬੇਲੋੜੇ ਖਰਚੇ ਘਟਾਉਣ ਲਈ ਹੁਣ ਤੱਕ ਕਿਸੇ ਸਰਕਾਰ ਅਤੇ ਸਮਾਜਿਕ ਸੰਸਥਾ ਵੱਲੋਂ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਮਾਜਕ ਅਤੇ ਆਰਥਕ ਮਜਬੂਰੀਆਂ ਤੋਂ ਤੰਗ ਆ ਕੇ ਲੋਕ ਆਪਣੀ ਹੀ ਅਣਜੰਮੀ ਧੀ ਦੇ ਕਾਤਲ ਬਣ ਰਹੇ ਹਨ। ਜੇ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਜੰਮਣ ਤੋਂ ਪਹਿਲਾਂ ਮਰਨੋਂ ਰੋਕਣ ਅਤੇ ਜੰਮਣ ਤੋਂ ਬਾਅਦ ਜੀਣ ਦਾ ਹੱਕ ਦੇਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਅਜਿਹਾ ਸਮਾਜ ਉਸਾਰਿਆ ਜਾਵੇ ਜਿੱਥੇ ਸਾਡੀਆਂ ਧੀਆਂ ਖੁੱਲ੍ਹ ਕੇ ਸਾਹ ਲੈ ਸਕਣ। ਕਿਸੇ ਮਾਪੇ ਨੂੰ ਹਰ ਵਕਤ ਧੀ ਨਾਲ ਕੋਈ ਕੁਕਰਮ ਹੋ ਜਾਣ ਦਾ ਖਤਰਾ ਨਾ ਹੋਵੇ। ਹਰ ਧੀ ਵਧੀਆ ਵਿਦਿਆ ਹਾਸਲ ਕਰ ਸਕੇ, ਸਮਾਜ ਵਿਚ ਸੁਰੱਖਿਅਤ ਵਿਚਰ ਸਕੇ ਤੇ ਵਿਆਹਾਂ ਦੀਆਂ ਸੌਦੇਬਾਜ਼ੀਆਂ ਤੋਂ ਬਚ ਸਕੇ। ਜੇ ਅਸੀਂ ਇਨ੍ਹਾਂ ਸਮਸਿਆਵਾਂ ਦੇ ਹੱਲ ਲੱਭ ਸਕੇ ਤਾਂ ਹੀ ਅਸੀਂ ਆਪਣੀਆਂ ਧੀਆਂ ਬਚਾ ਸਕਾਂਗੇ। ਨਹੀਂ ਤਾਂ ਆਉਣ ਵਾਲੇ ਭਿਆਨਕ ਭਵਿਖ ਦੀ ਕਲਪਨਾ ਕਰ ਲਈਏ। ਲੋੜ ਹੈ ਸਿਰ ਜੋੜ ਕੇ ਠੋਸ ਕਦਮ ਚੁੱਕਣ ਦੀ, ਨਾ ਕਿ ਕੇਵਲ ਦੁਹਾਈਆਂ ਦੇਣ ਦੀ।

Comments

rajinder aatish

aagaz to accha hae....

harry soroa

ਠੋਸ ਕਦਮ ਚੁਕਣ ਦੀ ਕੋਈ ਲੋੜ ਨਹੀਂ , ਸਿਰਫ ਔਰਤ ਨੂੰ ਆਪਣੇ ਹਕਾਂ ਪਾਰਟੀ ਯਾਗਰੁਕ ਹੋਣਾ ਹੀ ਜਰੂਰੀ ਹੈ, ਜਦੋਂ ਤਕ ਔਰਤ ਆਪਣੇ ਕਾਨੂਨੀ ਹੱਕ ਨੂੰ ਨਹੀਂ ਜਾਣ ਲੈਂਦੀ , ਓਦੋਂ ਤੱਕ ਭਾਰਤੀ ਔਰਤ ਠੋਕਰਾਂ ਖਾਂਦੀ ਰਹੇਗੀ |

Harkawal Virk

Totally agree, jagrook hon nal ziada farak nahi painda.kiyunke society tan uhhi rahndi ae te aaj v kasoor te tohmattan aurat de hisse hi aayin. Sagon hakkan paratti nirri jagrookta,dimagi ullajhan hi vadhayundi hai

ਇਕਬਾਲ

ਜੇ ਤਾਂ ਇਹ ਲੇਖ ਸ਼ੁਰੂਆਤੀ ਕਦਮ ਨੇ ਰਾਜਵੀਰ ਜੀ ਦੇ ਤਾਂ ਕਿਹਾ ਜਾ ਸਕਦਾ ਹੈ ਖੁਸ਼ਾਮਦੀਦ | ਪਰ ਜਿਵੇਂ ਵਿੱਚ ਇਤਿਹਾਸ ਦੇ ਬਿਉਰੇ ਦਿੱਤੇ ਹਨ ਉਹ ਚਿੰਤਿਤ ਵੀ ਕਰਦੇ ਹਨ ਇਸ ਕਲਮ ਲਈ, ਕਿਉਂਕਿ ਇਸ ਲੇਖ ਵਿੱਚ ਬਹੁਤ ਹੀ ਆਪਾ ਵਿਰੋਧ ਹਨ ਉਸਦਾ ਕਾਰਨ ਇੱਕੋ ਹੋ ਸਕਦਾ ਸਮਾਜਿਕ ਵਿਗਿਆਨ ਤੇ ਅਧੂਰੀ ਪਕੜ | ਕੁਝ ਨੁਕਤੇ : “ਨਰਮਦਿਲੀ ਅਤੇ ਜਜ਼ਬਾਤੀ ਹੋਣਾ ਔਰਤ ਦਾ ਕੁਦਰਤੀ ਸੁਭਾਅ ਹੈ।” ........ ਇਨਸਾਨੀ ਸੁਭਾਅ ਕਿਸੇ ਕੁਦਰਤ ਦਾ ਸਿਰਜਿਆ ਹੋਇਆ ਨਹੀਂ, ਇਹ ਸੰਘਰਸ਼ਾਂ ਵਿਚੋਂ ਪੈਦਾ ਹੁੰਦਾ ਹੈ ਜੋ ਝੁਕਦਾ ਰਿਹਾ ਉਹ ਨਰਮਦਿਲ ਹੋ ਗਿਆ, ਜੋ ਆਕਰਮਕ ਰਿਹਾ ਉਹ ਸਖਤ ਜਾਨ ਹੋ ਗਿਆ ਸੋ ਇਸ ਕੋਰੀ ਬਕਵਾਸ ਨੂੰ ਛੱਡ ਦੇਣ ਦੀ ਲੋੜ ਹੈ ਕਿ ਔਰਤ ਨੂੰ ਕਿਸੇ ਕੁਦਰਤ ਨੇ ਅਜਿਹਾ ਅਜਿਹਾ ਬਣਾਇਆ ਹੈ | ਇਹ ਮੰਨ ਲੈਣਾ ਜਿਆਦਾ ਇਮਾਨਦਾਰੀ ਹੋਵੇਗੀ ਕਿ ਔਰਤ ਤੇ ਮਰਦ ਵਿਚਲੇ ਸੰਘਰਸ਼ ਤੇ ਮੇਲ-ਜੋਲ ਨੇ ਔਰਤ ਦਾ ਇਹ ਸੁਭਾਅ ਬਣਾ ਦਿੱਤਾ ਹੈ ਜੋ ਹੈ | ............... “ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ 'ਮਾਂ' ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਇਨ੍ਹਾਂ ਦੋਹਾਂ ਦੇ ਸਹੀ ਤਾਲਮੇਲ ਸਦਕਾ ਹੀ ਦੁਨੀਆਂ ਦਾ ਨਿਜਾਮ ਚਲਦਾ ਹੈ। ਪਰ ਕਿਉਂ ਕੁਦਰਤ ਦੇ ਇਸ ਨਿਜਾਮ 'ਤੇ ਮਨੁੱਖ ਖ਼ੁਸ਼ ਨਹੀਂ? ਕਿਉਂ ਹਿੱਸੇ ਆਏ ਹੱਕ ਅਤੇ ਫਰਜ਼ ਤਸੱਲੀਬਖ਼ਸ਼ ਨਹੀਂ?”...... ਇੱਥੇ ਵੀ ਬਹੁਤ ਵੱਡੀ ਗੜਬੜ ਹੈ ਇੱਕ ਫੂਕ ਜੋ ਔਰਤ ਨੂੰ ਮਰਦ ਨੇ ਹੀ ਛਕਾਈ ਹੈ ਕਿ ਉਹ ਰੱਬ ਦਾ ਦੂਜਾ ਰੂਪ ਹੈ, ਰੱਬ ਹੈ ਹੀ ਨਹੀਂ (ਵਿਗਿਆਨ ਸਾਬਿਤ ਕਰ ਚੁੱਕਾ ਹੈ) ਤਾਂ ਉਸਦਾ ਦੂਜਾ ਰੂਪ ਹੋ ਕਿਵੇਂ ਸਕਦਾ ਹੈ ? ਅਜਿਹੀਆਂ ਧਾਰਨਾਵਾਂ ਨੂੰ ਚੁੱਲ੍ਹੇ ਵਿੱਚ ਪਾ ਦੇਣਾ ਚਾਹੀਦਾ ਹੈ ਖਾਸ ਕਰਕੇ ਔਰਤ ਵੱਲੋਂ, ਇਹ ਉਸਦਾ ਸ਼ੋਸ਼ਣ ਕਰਨ ਦਾ ਆਧਾਰ ਬਣਦੀਆਂ ਹਨ | ਉਸਨੂੰ ਆਪਣੀ ਖੁਦ ਦੀ ਜਿੰਮੇਵਾਰੀ ਖੁਦ ਤੇ ਲੈ ਆਉਣੀ ਚਾਹੀਦੀ ਹੈ | ਔਰਤ ਮਰਦ ਵਿੱਚ ਤਾਲਮੇਲ ਦੇ ਨਾਲ ਹੀ ਇੱਕ ਨਿਰੰਤਰ ਚੱਲਣ ਵਾਲਾ ਸੰਘਰਸ਼ ਵੀ ਹੈ ਜਿਸਤੋਂ ਔਰਤ ਨੇ ਪਾਸਾ ਵੱਟੀ ਰੱਖਿਆ ਹੈ ਮਰਦਾਂ ਦੀਆਂ ਮੋਮੋਠਗਣੀਆਂ ਵਿੱਚ ਆਕੇ ਤੇ ਕੁਝ ਕੁ ਸੱਤਾ ਦੀ ਵਾਗਡੋਰ ਮਰਦ ਹੱਥ ਹੋਣ ਕਾਰਨ | ਨੁਕਸ ਦੇਖਣ ਵਾਲਾ ਹੈ “ਪਰ ਕਿਉਂ ਕੁਦਰਤ ਦੇ ਇਸ ਨਿਜਾਮ 'ਤੇ ਮਨੁੱਖ ਖ਼ੁਸ਼ ਨਹੀਂ? ਮਨੁੱਖ ਵਿੱਚ ਔਰਤ ਮਰਦ ਦੋਵੇਂ ਆ ਜਾਂਦੇ ਹਨ ਜੇਕਰ ਸਿਰਫ ਮਰਦ ਦੀ (ਮਨੁੱਖ ਆਖਕੇ) ਬਾਤ ਪਾਈ ਹੈ ਤਾਂ ਉਹ ਤਾਂ ਖੁਸ਼ ਹੈ ਹੀ ਕਿਉਂਕਿ ਉਸਨੇ ਔਰਤ ਨੂੰ ਗੁਲਾਮ ਬਣਾ ਰੱਖਿਆ ਹੈ ਬਿਨਾ ਕਿਸੇ ਕੁਦਰਤੀ ਨਿਜ਼ਾਮ ਦੀ ਪ੍ਰਵਾਹ ਕੀਤੇ | .............ਰਾਜਵੀਰ ਜੀ ਨੂੰ ਸੰਬੋਧਿਤ ਹੁੰਦਿਆਂ : ਤੁਸੀਂ ਪੰਜਾਬ ਨੂੰ ਪੂਰੀ ਦੁਨੀਆਂ ਨਾਲੋਂ ਤੋੜਕੇ ਬਹੁਤ ਆਦਰਸ਼ ਸਮਾਜ ਵਜੋਂ ਦੇਖਦੇ ਹੋ | ਇਸ ਧੋਖੇ ਨੂੰ ਜਿੰਨਾ ਛੇਤੀ ਹੋ ਸਕੇ ਦੂਰ ਕਰ ਲਵੋ ਪੰਜਾਬ ਵਿੱਚ ਅਜਿਹੀ ਕੋਈ ਵਿਸ਼ੇਸ਼ ਖਾਸ਼ੀਅਤ ਨਹੀਂ ਹੈ ਜਿਹੜੀ ਦੁਨੀਆਂ ਦੇ ਕਿਸੇ ਹੋਰ ਖਿੱਤੇ ਵਿੱਚ ਨਾ ਹੋਵੇ ਔਰਤ ਦੇ ਮਾਮਲੇ ਵਿੱਚ ਖਾਸ ਕਰਕੇ | ਇੱਥੇ ਉਹੀ ਗੁਲਾਮ ਯੁਗ ਰਿਹਾ ਉਹੀ ਰਜਵਾੜਾਸ਼ਾਹੀ ਰਹੀ | ਪੰਜਾਬੀਆਂ ਦੇ ਲਿਖੇ ਇਤਹਾਸ (ਆਪਣੇ ਮੂੰਹੋਂ ਮੀਆਂ ਮਿੱਠੂ) ਵਿਚੋਂ ਚੁੱਕਕੇ ਵੇਰਵੇ ਦੇ ਦਿੱਤੇ ਤੁਸੀਂ ਮਹਾਨਤਾ ਦੇ | ਕੀ ਇਹ ਨਹੀਂ ਪਤਾ ਕਿ ਮਾਹਾਰਾਜਾ ਰਣਜੀਤ ਸਿੰਘ ਹੋਵੇ ਜਾਂ ਰਾਜਾ ਭੁਪਿੰਦਰ ਹੋਵੇ ਜਾਂ ਕੋਈ ਹੋਰ ਛੋਟਾ ਮੋਟਾ ਰਜਵਾੜਾ ਸਭ ਲਈ ਹੀ ਔਰਤ ਭੋਗ ਦੀ ਵਸਤ ਰਹੀ ਹੈ ? ਖੋਜ ਕਰ ਰਿਹਾ ਸਾਂ ਕਿ ਰਾਜਾ ਕਾਲ ਦੇ ਦੌਰ ਵਿੱਚ ਔਰਤ ਦੀ ਮਰਦ ਦੀ ਤੁਲਨਾ ਵਿੱਚ ਕੀ ਗਿਣਤੀ ਸੀ, ਰਾਜਿਆਂ ਦੇ ਲੜਕੀਆਂ ਦਾ ਉਲੇਖ ਹੀ ਨਹੀਂ ਮਿਲਿਆ (ਮਹਾਰਾਜਾ ਰਣਜੀਤ ਸਿੰਘ ਦੇ ਵੀ ਕਿਸੇ ਧੀ ਦਾ ਉਲੇਖ ਦਰਜ਼ ਨਹੀਂ ਮਿਲਿਆ) ਜੇ ਮਿਲਿਆ ਤਾਂ ਬਹੁਤ ਘੱਟ | ਜੋ ਉਲੇਖ ਤੁਸੀਂ ਦਿੱਤੇ ਹਨ ਉਹਨਾਂ ਵਿਚੋਂ ਦੁਨੀਆਂ/ਭਾਰਤ ਦਾ ਇਤਿਹਾਸ ਲਿਖਣ ਵਾਲੇ ਲੋਕਾਂ ਨੇ ਇੱਕ ਨੂੰ ਵੀ ਜਿਕਰਯੋਗ ਨਹੀਂ ਸਮਝਿਆ ਸਿਵਾਇ ਗੁਰੂ ਨਾਨਕ ਜੀ ਦੇ ਵਾਕ ਦੇ ਜੋ ਕਿ ਉਪਦੇਸ਼ ਹੈ ਜਰੂਰੀ ਨਹੀਂ ਕਿ ਹਰ ਉਪਦੇਸ਼ ਸਮਾਜ ਤੇ ਅਸਰਕਾਰਕ ਵੀ ਹੋਵੇ (ਪੰਜਾਬ ਵਿੱਚ ਕੁੜੀਆਂ ਦੀ ਘੱਟ ਗਿਣਤੀ ਇਸ ਦਾ ਮੂੰਹ ਬੋਲਦਾ ਸਬੂਤ ਹੈ ਕਿ ਇਸਨੇ ਲੋਕਾਂ ਤੇ ਕੋਈ ਵੀ ਬਹੁਤਾ ਪ੍ਰਭਾਵੀ ਅਸਰ ਨਹੀਂ ਕੀਤਾ) ਪਿੰਡ ਦਾ ਜਾਗੀਰਦਾਰ ਆਪਣੇ ਮੁਜਾਹਰਿਆਂ ਦੇ ਵਿਆਹ ਦੀ ਪਹਿਲੀ ਰਾਤ ਔਰਤ ਦਾ ਭੋਗ ਕਰਨ ਵਾਲਾ ਰਿਹਾ ਹੈ ਇਸੇ ਹੀ ਪੰਜਾਬ ਵਿੱਚ ਜਿਸਦੀਆਂ ਡੀਂਗਾਂ ਤੁਸੀਂ ਆਪਣੇ ਲੇਖ ਵਿੱਚ ਹੱਕੀਆਂ ਹਨ | ਸਾਫ਼ ਸਾਫ਼ ਲਿਖਣਾ ਹੋਵੇ ਤਾਂ ਮਾਤਰੀ ਸੱਤਾ ਤੋਂ ਪਿੱਤਰੀ ਸੱਤਾ ਦੇ ਅਉਣ ਨਾਲ ਹੀ ਔਰਤ ਦੀ ਗੁਲਾਮੀ ਦਾ ਦੌਰ ਸ਼ੁਰੂ ਹੋ ਗਿਆ ਬਿਨਾ ਕਿਸੇ ਖਿੱਤੇ ਦਾ ਫਰਕ ਕੀਤੇ | ਸੱਤਾ ਦਾ ਅਰਥ ਹੁੰਦਾ ਹੈ ਆਰਥਿਕਤਾ ਤੇ ਕਾਬਜ਼ ਧਿਰ | ਹੁਣ ਤੁਸੀਂ ਆਖਦੇ ਹੋ ਕਿ ਦਹੇਜ ਗਲਤ, ਤਿਉਹਾਰਾਂ ਦੀਆਂ ਰਸਮਾਂ ਦੀ ਸੌਦੇਬਾਜੀ ਗਲਤ (ਇੱਥੇ ਤੱਕ ਸਹਿਮਤ ਹਾਂ) ਪਰ ਨਾਲ ਹੀ ਆਖਦੇ ਹੋ ਲੜਕੀ ਦਾ ਆਪਣੇ ਬਾਪ ਦੀ ਜਾਇਦਾਦ ਵਿਚੋਂ ਹਿੱਸਾ ਲੈਣਾ ਵੀ ਗਲਤ ਹੈ ਇਹ ਕਿਉਂ ਗਲਤ ਹੈ ? ਜੇ ਗਲਤ ਹੈ ਤਾਂ ਇਸ ਦੌਰ ਵਿੱਚ ਠੀਕ ਕੀ ਹੈ ? ਜੇ ਬਾਪ ਧੀ ਨੂੰ ਇਸ ਲਈ ਮਾਰਦਾ ਹੈ ਕਿ ਉਸਦੀ ਜਾਇਦਾਦ ਵਿਚੋਂ ਹਿੱਸਾ ਨਾ ਮੰਗ ਲਵੇ ਫਿਰ ਇਸ ਬਾਪ ਤੇ ਤਰਸ ਦੀ ਕੀ ਵਜਾਹ ਰਹੀ ਜਾਂਦੀ ਹੈ ? ..... ਰਹੀ ਗੱਲ ਅੱਜ ਦੇ ਮਨੁੱਖੀ ਰਿਸ਼ਤਿਆਂ ਦੀ ਇਹ ਸਾਰੇ ਹੀ ਪੂੰਜੀ ਦੇ ਗੁਲਾਮ ਹਨ ਜਿਵੇਂ ਕਦੇ ਔਰਤ ਮਰਦ ਦੀ ਜਾਗੀਰ ਰਹੀ ਹੈ ਉਸਦਾ ਰੂਪ ਪ੍ਰਵਰਤਿਤ ਹੋਕੇ ਉਹ ਮਰਦ ਦੀ ਪੂੰਜੀ ਬਣ ਗਈ ਹੈ | ਰਾਜਸ਼ਾਹੀ ਦੇ ਦੌਰ ਦੀ ਤੁਲਨਾ ਵਿੱਚ ਇਸ ਅਖੌਤੀ ਗਣਰਾਜ ਵਿੱਚ ਔਰਤ ਕੋਲ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਬਹੁਤ ਜਿਆਦਾ ਮੌਕੇ ਹਨ, ਪਰ ਉਸਦੇ ਹੱਥ ਵਿੱਚ ਕੁਝ ਭਾਵੁਕ ਜਿਹੀ ਕਿਸਮ ਦੇ ਨਾਹਰੇ, ਪਿਆਰ ਦੀਆਂ ਪਰਿਭਾਸ਼ਾਵਾਂ ਦੇ ਸ਼ਾਸ਼ਤਰ, ਉਸਦੇ ਪਿਆਰ ਦੀ ਦੇਵੀ ਹੋਣ ਦੇ ਝੂਠੇ ਵਿਖਿਆਨ ਫੜਾ ਦਿੱਤੇ ਹਨ ਜੋ ਇਸਨੂੰ ਪਰਚਾ ਰਹੇ ਹਨ | ਔਰਤ ਦੀ ਲੜਾਈ ਕੋਈ ਮਰਦ ਲੜੇਗਾ ਇਹ ਸਭ ਤੋਂ ਵੱਡਾ ਝੂਠ ਹੈ | ਪੂੰਜੀਵਾਦ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਜਿੱਥੇ ਨਿਖਾਰਿਆ ਹੈ (ਉਸਦੀ ਦੇਣ ਹੈ) ਉੱਥੇ ਇਸਨੇ ਉਹਨਾਂ ਨੂੰ ਪੂੰਜੀ ਦੇ ਗੁਲਾਮ ਵੀ ਕਰ ਦਿੱਤਾ ਹੈ | ਪਿਆਰ ਤਦ ਹੀ ਅਸਲ ਵਿੱਚ ਪਿਆਰ ਦੇ ਰੂਪ ਵਿੱਚ ਸਾਹਮਣੇ ਆਵੇਗਾ ਜਦ ਵਿਚਕਾਰ ਨਿੱਜੀ ਜਾਇਦਾਦ ਨਹੀਂ ਹੋਵੇਗੀ | ਪਰ ਤਦ ਤੱਕ ਔਰਤ ਨੂੰ ਆਪਣੇ ਹੱਕਾਂ ਦੀ ਕਿਸੇ ਵੀ ਲੜਾਈ ਲਈ ਕਮਰਕਸਾ ਕਸਕੇ ਰੱਖਣਾ ਹੋਵੇਗਾ ਇਹ ਯਾਦ ਰਖਦੇ ਹੋਏ ਕਿ ਉਸਦੀ ਲੜਾਈ ਉਸਨੇ ਖੁਦ ਲੜਨੀ ਹੈ ਤੇ ਖੁਦ ਹੀ ਖੋਜ ਪੜਤਾਲ ਕਰਕੇ ਤਹਿ ਕਰਨਾ ਹੈ ਕਿ ਉਸਦੀ ਲੜਾਈ ਦੀ ਸਹੀ ਦਿਸ਼ਾ ਕਿਹੜੀ ਹੈ ਮਰਦ ਕਿਤੇ ਨਿਗੁਣਾ ਸੰਗੀ ਹੋ ਸਕਦਾ ਹੈ ਪਰ ਇਸਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਸੱਤਾ ਤੇ ਬੈਠੀ ਧਿਰ ਮਜਲੂਮਾਂ ਦੀ ਸਾਥੀ ਨਹੀਂ ਹੋਇਆ ਕਰਦੀ |

ritu

nice1

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ