Tue, 16 July 2024
Your Visitor Number :-   7189903
SuhisaverSuhisaver Suhisaver

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ - ਕਰਨ ਬਰਾੜ

Posted on:- 10-12-2013

suhisaver

ਆਮ ਤੌਰ ’ਤੇ ਮਾਲਵਾ ਬੈਲਟ ਨੂੰ ਬੈਕਵਰਡ ਮੰਨਿਆ ਜਾਂਦਾ ਹੈ। ਫਰੀਦਕੋਟ, ਮੁਕਤਸਰ, ਅਬੋਹਰ, ਮਲੋਟ, ਮਾਨਸਾ, ਸੰਗਰੂਰ, ਬਠਿੰਡਾ, ਗੰਗਾਨਗਰ ਦੇ ਕੁਝ ਇਲਾਕੇ ਅਤੇ ਇਹਨਾਂ ਨਾਲ ਲੱਗਦੇ ਕੁਝ ਜ਼ਿਲ੍ਹੇ ਇਸ ਬੈਲਟ ਵਿੱਚ ਆਉਂਦੇ ਹਨ। ਇਹਨਾਂ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਆਮ ਤੌਰ ’ਤੇ ਪੱਛੜੇ ਸਮਝਿਆ ਜਾਂਦਾ ਹੈ। ਕਾਫੀ ਸਾਲਾਂ ਦੇ ਗਾਹੇ-ਬਗਾਹੇ ਇਹਨਾਂ ਦੇ ਪੱਛੜੇਪਨ ਦੀਆਂ ਗੱਲਾਂ ਸੁਣਨ ਨੂੰ ਮਿਲਦੀਆ ਰਹੀਆਂ ਕਿ ਇੱਥੋਂ ਦੇ ਲੋਕ ਸਿੱਧੇ ਸਾਦੇ ਚਾਦਰੇ ਬੰਨਣ ਵਾਲੇ ਜੱਟ-ਬੂਟ ਹਨ (ਮੇਰਾ ਬਾਪੂ ਤੇ ਦਾਦਾ ਵੀ ਅਕਸਰ ਹੀ ਚਾਦਰਾ ਬੰਨ੍ਹਦੇ ਹਨ) ਅਤੇ ਇਹ ਵੀ ਕਿਹਾ ਜਾਂਦਾ ਕਿ ਇੱਥੋਂ ਦੀਆਂ ਔਰਤਾਂ ਦੀ ਬੋਲਚਾਲ ਪੇਂਡੂ ਹੈ, ਇਹ ਸਲਵਾਰਾਂ ਦੇ ਪੌਚੇਂ ਚੱਕ ਕੇ ਰੱਖਦੀਆਂ ਅਤੇ ਨੱਕ 'ਚ ਵੱਡੇ ਵੱਡੇ ਕੋਕੇ ਪਾਉਂਦੀਆਂ।

ਇਸ ਮਲਵਈ ਪੱਛੜੇਪਨ ਦੀਆਂ ਟਿੱਚਰਾਂ ਅਕਸਰ ਹੀ ਸੀਨੇ 'ਚ ਖੁੱਭਦੀਆਂ ਰਹਿੰਦੀਆਂ। ਇਹਨਾਂ 'ਚ ਵਾਧਾ ਉਸ ਵੇਲੇ ਹੋਇਆ ਜਦੋਂ ਪਟਿਆਲੇ ਤੋਂ ਮੇਰਾ ਨਵਾਂ-ਨਵਾਂ ਬਣਿਆ ਦੋਸਤ ਮੈਨੂੰ ਮਲਵਈ ਪੱਛੜੇਪਨ ਦਾ ਅਹਿਸਾਸ ਵਾਰ-ਵਾਰ ਕਰਵਾ ਰਿਹਾ, ਅਖੇ ਤੁਹਾਡੇ ਵੱਲ ਪਿੰਡਾਂ ਦਾ ਬੁਰਾ ਹਾਲ ਹੈ - ਤੁਹਾਡੇ ਪਿੰਡ ਹਨ੍ਹੇਰੇ ਧੂੜ ਵਿੱਚ ਲਿਬੜੇ ਦੁਨੀਆਂ ਤੋਂ ਦੂਰ ਦਿਖਾਈ ਦੇ ਰਹੇ ਹਨ। ਤੁਹਾਡੇ ਵੱਲ ਤਾਂ ਸ਼ਹਿਰ ਵੀ ਸ਼ਹਿਰਾਂ ਵਗਰੇ ਨਹੀਂ ਹਨ, ਇੱਥੇ ਨਾ ਕੋਈ ਸ਼ਾਪਿੰਗ ਮਾਲ ਹੈ ਨਾ ਹੀ ਖਾਣ ਪੀਣ ਵਧੀਆ ਹੈ, ਕੀ ਸੌਪਿੰਗ ਕਰਦਾ ਹੋਵੇਂਗਾ ਇਹੋ ਜਿਹੇ ਸ਼ਹਿਰਾਂ 'ਚ ਕਿਉਂ ਇੱਥੇ ਫਸਿਆ ਰਹਿੰਨੈ, ਕਦੇ ਬਾਹਰ ਦੀ ਸੋਹਣੀ ਦੁਨੀਆਂ ਵੀ ਵੇਖ, ਵਧੀਆਂ ਸਿਰੇ ਦੇ ਸ਼ਹਿਰ ਵਿੱਚ ਰਹਿੰਦੇ ਲੇਖਕਾਂ ਨੂੰ ਮਿਲ ਲਿਖਣ ਲਈ ਵਧੀਆਂ ਮਸਾਲਾ ਇਕੱਠਾ ਕਰ ਆਪਣੀ ਸੋਚ ਵਧੀਆ ਬਣਾ।

ਉਸ ਦੋਸਤ ਦੀਆਂ ਗੱਲਾਂ ’ਤੇ ਹਾਸਾ ਆਉਂਦਾ ਤੇ ਉਸ ਦੀ ਸੋਚ ਤੇ ਤਰਸ, ਮਿੱਤਰ ਪਿਆਰਿਆ ਜੋ ਇਨਸਾਨ ਜਿੱਥੇ ਪੈਦਾ ਹੁੰਦਾ ਹੈ ਉਸ ਨੂੰ ਆਪਣਾ ਇਲਾਕਾ ਆਪਣਾ ਪਿੰਡ ਸ਼ਹਿਰ ਪਿਆਰਾ ਲੱਗਦਾ ਹੋਰ ਵੀ ਸਭ ਇਲਾਕੇ ਚੰਗੇ ਹੋਣਗੇ, ਪਰ ਤੈਨੂੰ ਮਲਵਈਆਂ ਬਾਰੇ ਦੱਸ ਦੇਵਾਂ ਇਹ ਜੱਟ ਬੂਟ ਹਲੇ ਵੀ ਜੇ ਕੋਈ ਗਲੀ ਗੁਆਂਢ ਦੀ ਧੀ-ਭੈਣ ਵੱਲ ਮਾੜਾ ਝਾਕਦਾ ਤਾਂ ਕਹਿ ਦਿੰਦੇ ਨੇ - ਚਾਚਾ ਤੂੰ ਡਾਕਟਰ ਸੱਦ ਲਿਆ ਜਾਂ ਵੱਡੇ ਵੈਲੀ ਦੇ ਘਰ ਸੁਨੇਹਾ ਲਾ ਦੇ। ਦੂਜੇ ਹੀ ਪਲ ਵੱਜੀ ਡਾਂਗ ਨਾਲ ਵੈਲੀ ਦੇ ਸਿਰ ਚੋਂ ਨਿਕਲਦੀਆਂ ਤਤੀਰੀਆਂ ਕੰਧਾਂ ਲਿਬੇੜ ਦਿੰਦੀਆਂ। ਸਾਡੇ ਤਾਂ ਮਰਨੇ ਮਰਗ ਵੇਲੇ ਆਂਢੀ ਗੁਆਂਢੀ ਭੋਗ ਤੱਕ ਮਰਗ ਵਾਲੇ ਘਰ ਨੂੰ ਰੋਟੀ ਨਹੀਂ ਪਕਾਉਣ ਦਿੰਦੇ।

ਵਿਆਹ ਵਿੱਚ ਪ੍ਰੀਯਾਂ ਵੱਲੋਂ ਆਏ ਮੇਲ ਲਈ ਮੰਜੇ ਬਿਸਤਰੇ ਇਕੱਠੇ ਕਰਨੈ ਤਾਂ ਇੱਕ ਪਾਸੇ ਵਿਆਹ ਵਾਲੇ ਘਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਸ਼ਰੀਕੇ ਕਬੀਲੇ ਨੇ ਕਦੋਂ ਵਿਆਹ ਸਾਂਭ ਲਿਆ। ਇਹਨਾਂ ਚਾਦਰੇ ਵਾਲੇ ਮਲਵਈ ਬਾਬਿਆਂ ਦੀਆਂ ਸਰੋਂ ਦਾ ਤੇਲ ਲਾ ਸੌਕ ਨੂੰ ਰੱਖੀਆਂ ਦੁਨਾਲੀਆਂ ਸਿਰਫ਼ ਰੋਹਬ ਹੀ ਨਹੀਂ ਪਾਉਂਦੀਆਂ ਸਗੋਂ ਗਊ ਗਰੀਬ ਦੀ ਰੱਖਿਆ ਵੀ ਕਰਦੀਆਂ। ਇਹ ਜੱਟ ਬੂਟ ਸ਼ਾਮ ਨੂੰ ਥਕੇਵਾਂ ਲਾਉਣ ਲਈ ਆਪਣੀ ਹੀ ਜਾੜ੍ਹ ਕਰਾਰੀ ਨਹੀਂ ਕਰਦੇ ਸਗੋਂ ਘਰੇ ਰੋਟੀਆਂ ਲਈ ਜਾਂਦੇ ਸੀਰੀ ਦੀਆਂ ਅੱਖਾਂ ਵੀ ਲਾਲ ਹੁੰਦੀਆਂ। ਇਹ ਉੱਚੇ ਪੌਂਚੇ ਤੇ ਕੋਕੇ ਵਾਲੀਆਂ ਮਲਵੈਣਾਂ ਹਲੇ ਵੀ ਆਥਣ ਤੱਕ ਤਿੰਨ-ਤਿੰਨ ਮਣ ਨਰਮਾਂ ਚੁਗ ਦਿੰਦੀਆਂ ਤੇ ਨਾਲ ਦੋ ਦੋ ਜੁਆਕ ਵੀ ਸਾਂਭ ਲੈਂਦੀਆਂ।

ਮਰਗ ਮਕਾਣਾਂ ਵਾਲੇ ਇਹਨਾਂ ਦੇ ਬੋਲ ਹਲੇ ਵੀ ਪੱਥਰ ਪਾੜ ਦਿੰਦੇ ਐ ਅਤੇ ਵਿਆਹ ਸ਼ਾਦੀਆਂ ਵੇਲੇ ਗਾਏ ਗੀਤ ਰੱਬ ਨੂੰ ਹੱਥ ਲਾ ਲਾ ਕੇ ਮੁੜਦੇ ਐ। ਇਹ ਰੁਲੀਆ ਖੁਲੀਆ ਮਲਵੈਣਾਂ ਜੇ ਕਿਤੇ ਚੱਜ ਨਾਲ ਨਾਹ ਧੋ ਲੈਣ ਤਾਂ ਇਹਨਾਂ ਦਾ ਹੁਸਨ ਰੱਬ ਨੂੰ ਕਿਹੜਾ ਨਾ ਅੰਨ੍ਹਾਂ ਕਰ ਦੇਵੇ। ਇਹਨਾਂ ਦੇ ਕੋਕੇ ਦੀ ਲਿਸ਼ਕ ਦਾ ਪੱਟਿਆਂ ਬੰਦਾ ਰੋਹੀਏ ਚੜ੍ਹ ਜਾਂਦੈ ਸਾਧ ਹੋ ਜਾਂਦਾ। ਅਸੀਂ ਤਾਂ ਗੱਡੀ ’ਚੋਂ ਉਤਰ ਕੇ ਸੜਕ ਤੇ ਲੱਗੇ ਲੰਗਰ ਦੀਆਂ ਰੋਟੀਆਂ ਖਾਣ ਵਾਲੇ, ਦਾਲ ਨਾਲ ਲਿਬੜੇ ਹੱਥ ਝੱਗੇ ਨਾਲ ਪੂੰਝਣ ਵਾਲੇ ਜੇ ਆਈ ਤੇ ਆ ਜਾਈਏ ਤਾਂ ਕਿਸੇ ਲਈ ਜਾਨ ਵੀ ਦੇ ਸਕਦੇ ਹਾਂ ਨਹੀਂ ਤਾਂ ਕਿਸੇ ਨੂੰ ਮੰਗਿਆ ਸਾਈਕਲ ਵੀ ਨਾ ਦੇਈਏ।

ਬਲਵੰਤ ਗਾਰਗੀ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਸੁਪਨਿਆਂ ਵਿੱਚ ਅਕਸਰ ਕਿੱਥੇ ਜਾਨੈ ਅਤੇ ਤੂੰ ਅਸਲੀਅਤ ਵਿੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਜਾਣਾ ਚਾਹੁੰਦੈ? ਜਵਾਬ ਵਿੱਚ ਗਾਰਗੀ ਸਾਹਿਬ ਕਹਿੰਦੇ ਪਹਿਲੇ ਸਵਾਲ ਦਾ ਜਵਾਬ ਹੈ, ''ਬਠਿੰਡੇ ਦੇ ਕੱਕੇ ਟਿੱਬਿਆ 'ਚ" ਅਤੇ ਦੂਜੇ ਸਵਾਲ ਦਾ ਜਵਾਬ ਹੈ "ਬਠਿੰਡੇ ਦੇ ਕੱਕੇ ਟਿੱਬਿਆ 'ਚ"।

ਕਿਸੇ ਪੁੱਛਣ ਵਾਲੇ ਨੇ ਰਾਮ ਸਰੂਪ ਅਣਖੀ ਨੂੰ ਪੁੱਛਿਆ ਕਿ ਤੇਰੇ ਨਾਵਲਾਂ ਦਾ ਘੇਰਾ ਕਿੰਨਾ ਹੈ ਅਤੇ ਤੇਰੇ ਪਾਤਰ ਕੌਣ ਹਨ ਅਣਖੀ ਸਾਹਿਬ ਕਹਿੰਦੇ ਮੇਰਾ ਨਾਵਲਾਂ ਦਾ ਘੇਰਾ ਧਨੌਲੇ ਦੇ ਨਾਲ ਲੱਗਦੇ ਆਸੇ ਪਾਸੇ ਦੇ ਪਿੰਡ ਨੇ, ਮੇਰੇ ਪਾਤਰ ਇਹਨਾਂ ਪਿੰਡਾਂ ਦੇ ਅਮੀਰ ਗਰੀਬ ਲੋਕ।

ਪੰਜਾਬੀ ਦੇ ਮਹਾਨ ਲੇਖਕ ਗੁਰਦਿਆਲ ਸਿੰਘ ਜੀ ਨੂੰ ਮਿਲਣ ਦਾ ਸਬੱਬ ਅਕਸਰ ਹੀ ਬਣਿਆ ਰਹਿੰਦਾ ਉਹਨਾਂ ਦੇ ਮਾਲਵੇ ਨੂੰ ਪੱਛੜੇ ਕਹਿਣ ਬਾਰੇ ਵਿਚਾਰ ਹੁੰਦਾ ਹੈ ਕਿ ਲੋਕ ਲੇਖਕ ਅਤੇ ਅਗਾਂਹਵਧੂ ਇਨਸਾਨ ਦੀ ਸੋਚ ਦਾ ਘੇਰਾ ਕਿਸੇ ਖਿੱਤੇ ਜਾਂ ਵਖਰੇਵੇਂ ਤੋਂ ਉਪਰ ਹੁੰਦਾ ਮੇਰੀ ਸਮੁੱਚੀ ਲਿਖਤ ਮਲਵਈ ਖਿੱਤੇ ਦੁਆਲੇ ਘੁੰਮਦੀ ਹੈ ਪਰ ਮੈਨੂੰ ਸਾਰੀ ਦੁਨੀਆਂ ਦੇ ਪੰਜਾਬੀ ਪਿਆਰ ਕਰਦੇ ਨੇ, ਸੂਝਵਾਨ ਪੰਜਾਬੀ ਹੱਦਾਂ-ਸਰਹੱਦਾਂ ਤੋਂ ਪਰ੍ਹੇ ਹਨ।

ਅਸੀਂ ਮਲਵਈ ਕਿਸੇ ਖਿੱਤੇ ਕਿਸੇ ਵਿਸ਼ੇਸ਼ ਇਲਾਕੇ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਸਾਡੇ ਲਈ ਮਲਵਈ, ਦੁਆਬੀਏ, ਮਾਝੇ ਵਾਲੇ ਸਭ ਬਰਾਬਰ ਨੇ। ਸਾਡੇ ਲਈ ਇਨਸਾਨੀਅਤ ਸਭ ਤੋਂ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ। ਦੋਸਤਾਂ ਯਾਦਾਂ ਦਾ ਮੋਹ, ਆਪਣਿਆਂ ਦਾ ਪਿਆਰ, ਚੜ੍ਹਦੇ ਲਹਿੰਦੇ ਪੰਜਾਬੀਂ ਰਿਸ਼ਤੇ ਨਾਤਿਆਂ ਨੂੰ ਮਲਵਈ ਮਾਝੇ, ਦੁਆਬੇ ਦੀ ਕੁੜੱਤਣ ਵਿੱਚ ਕੈਦ ਨਾ ਕਰ, ਜੇ ਸਿਆਲੀ ਰਾਤਾਂ ਵਿੱਚ ਪਿਆਰ ਦੀ ਧੂਣੀ ਦੀ ਅੱਗ ਸੇਕਣੀ ਹੈ, ਸਾਂਝੇ ਚੁੱਲ੍ਹੇ ਤੇ ਬੈਠ ਕੇ ਆਪਸੀ ਸਾਂਝ ਦਾ ਨਿੱਘ ਮਾਣਨਾ ਤੇ ਰਾਤਾਂ ਨੂੰ ਰੋਹੀਆਂ 'ਚ ਕੁੱਤੇ ਕੁੱਟਣ ਦੀ ਮੌਜ਼ ਲੈਣੀ ਹੈ ਤਾਂ ਆਜਾ ਮੇਰੇ ਮਲਵਈ ਪਿੰਡ ਆਜਾ ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ