Fri, 23 February 2024
Your Visitor Number :-   6866205
SuhisaverSuhisaver Suhisaver

ਲੋਕ-ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਨਹੀਂ ਰਹੇ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 31-12-2015

suhisaver

ਜਨਤਕ ਲਹਿਰਾਂ ਦੇ ਉਸਰਈਏ ਦੇ ਵਿਛੋੜੇ ’ਤੇ ਸ਼ਰਧਾਂਜਲੀ

ਲੋਕੀਂ ਜੰਮਦੇ ਅਤੇ ਮਰਦੇ ਰਹਿੰਦੇ ਹਨ । ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਲਿਆ ਜਾਂਦਾ ਹੈ, ਜੋ ਸਮਾਜ ਲਈ ਕੁਝ ਨਾ ਕੁਝ ਕਰ-ਗੁਜ਼ਰਦੇ ਹਨ । ਆਪਣੇ ਲਈ ਤਾਂ ਸਾਰੇ ਜੀਉਂਦੇ ਹਨ, ਪਰ ਮਜ਼ਾ ਤਾਂ ਹੈ ਜੇ ਦੂਸਰਿਆਂ ਲਈ ਜੀਆ ਜਾਂ ਮਰਿਆ ਜਾਵੇ । ਮਨੁੱਖੀ ਜੀਵਨ ਦੇ ਰੋਜ਼ੀ-ਰੋਟੀ ਲਈ ਹੀ ਐਨੇ ਵਿਅਸਥ ਹੋਣ ਕਰਕੇ ਕਿਸੇ ਹੋਰ ਦੇ ਭਲੇ ਬਾਰੇ ਸੋਚਣਾ ਅਸੰਭਵ ਜਿਹਾ ਹੋ ਗਿਆ ਹੈ । ਕਿਸੇ ਅਗਿਆਤ ਸ਼ਾਇਰ ਨੇ ਖੂਬ ਕਿਹਾ ਹੈ ਕਿ,

" ਵੰਦਨਾ ਮੇਰੀ ਤੈਨੂੰ ਭੋਲਿਆ ਜੱਟਾ ।
ਤੁੱਕੇ, ਡੇਲੇ, ਗੰਢੇ ਖਾਵੇ, ਅਚਾਰ ਅੰਬ ਦਾ । ਮੌਤ ਨਾਲ ਤੇਰੀ ਟੱਕਰ, ਤੂੰ ਨਹੀਂ ਕੰਬਦਾ ।
ਐਤਵਾਰ ਦੀ ਬੀਬਾ ਤੂੰ ਕਦੇ ਨਾ ਕੀਤੀ ਛੁੱਟੀ, ਕੰਮਾਂ ਤੋਂ ਕਦੇ ਨਾ ਤੇਰੀ ਤਾਰ ਟੁੱਟੇੀ,
ਕਹੀ ਤੇ ਕੁਹਾੜੀ ਵਾਲਾ ਨਾ ਮੁੱਕੇ ਰੱਟਾ । ... ( ਅਗਿਆਤ )

ਲੋਕਾਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਯਤਨ ਕਰਦੇ ਰਹਿਣਾ ਕੋਈ ਆਮ ਗੱਲ ਨਹੀਂ ਹੈ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇਹੋ-ਜਿਹਾ ਸੂਰਮਾ ਕੋਈ ਵਿਰਲਾ-ਟਾਵਾਂ ਹੀ ਨਜ਼ਰੀਂ ਆਉਂਦਾ ਹੈ । ਇਸ ਰਸਤੇ ਤੁਰਨ ਵਾਲੇ ਦਾ ਫਿਰ ਧਰਮ ਜਿਹੜਾ ਮਰਜ਼ੀ ਹੋਵੇ, ਜਾਤ-ਪਾਤ ਜੋ ਮਰਜ਼ੀ ਹੋਵੇ, ਪਾਰਟੀ ਭਾਂਵੇ ਜਿਹੜੀ ਮਰਜ਼ੀ ਹੋਵੇ ਮਾਹਣੇ ਨਹੀਂ ਰੱਖਦੀ, ਸਿਰਫ ਸਮਾਜ ਦਾ ਭਲਾ ਹੀ ਜੀਵਨ-ਉਦੇਸ਼ ਹੋ ਨਿੱਬੜਦਾ ਹੈ । ਲੋਕਾਂ ਲਈ ਸਾਰੀ ਜ਼ਿੰਦਗੀ ਲਾ ਦੇਣ ਵਾਲੀ ਅਜਿਹੀ ਹੀ ਸ਼ਖ਼ਸੀਅਤ ਸਨ ਕਾਮਰੇਡ ਅਮਰਜੀਤ ਸਿੰਘ ਕਲਾਰ ।

ਕਾਮਰੇਡ ਅਮਰਜੀਤ ਸਿੰਘ ਕਲਾਰ ਦਾ ਜਨਮ 6 ਜੂਨ 1934 ਨੂੰ ਚੱਕ ਨੰਬਰ 74 ਪਕੀਂਵਾ ਜ਼ਿਲ੍ਹਾ ਲਾਇਲਪੁਰ ( ਪਾਕਿਸਤਾਨ ) ਵਿਖੇ ਹੋਇਆ । ਉਹਨਾਂ ਦੇ ਪਿਤਾ ਸੁੰਦਰ ਸਿੰਘ ਸਨ । ਮਾਤਾ ਤੇਜ਼ ਕੌਰ ਸਨ । ਉਹਨਾਂ ਦਾ ਪਾਲਣ-ਪੌਸ਼ਣ ਉਹਨਾਂ ਦੀ ਤਾਈ ਕਰਮ ਕੌਰ ਜੀ ਨੇ ਕੀਤਾ ਸੀ । ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਪਿੰਡ ਕਲਾਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਰਹਿਣ ਲੱਗ ਪਿਆ । 1966 ਵਿੱਚ ਉਹਨਾਂ ਦਾ ਵਿਆਹ ਸਰਕਾਰੀ ਅਧਿਆਪਕਾ ਸਵਿੱਤਰ ਕੌਰ ਨਾਲ ਹੋਇਆ । 25 ਅਗਸਤ 2014 ਨੂੰ ਉਹਨਾਂ ਦੀ ਜੀਵਨ ਸਾਥਨ ਸਵਿੱਤਰ ਕੌਰ ਉਹਨਾਂ ਦਾ ਸਾਥ ਛੱਡ ਗਏ । ਫਿਰ ਵੀ ਉਹ ਆਪਣੇ ਰਾਹ ਤੇ ਚਲਦੇ ਨਹੀਂ ਥਿੜਕੇ । ਅੰਤ 15 ਦਸੰਬਰ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਕਾਮਰੇਡ ਅਮਰਜੀਤ ਸਿੰਘ ਕਲਾਰ ਸਾਨੂੰ ਸਦੀਵੀ ਵਿਛੋੜਾ ਦੇ ਗਏ ।

ਸਮਾਜਵਾਦ ਬਾਰੇ ਕਾਮਰੇਡ ਜੀ ਨੇ ਸਕੂਲ ਸਮੇਂ ਲੱਗੇ ਰਸਾਲੇ ਪ੍ਰੀਤਲੜੀ ਤੇ ਫੁਲਵਾੜੀ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੱਤਾ ਸੀ । ਜਨਤਕ ਲਹਿਰਾਂ ਵਿੱਚ ਉਹਨਾਂ ਨੇ ਸ਼ੁਰੂਆਦ ਉਸ ਵੇਲੇ ਕੀਤੀ ਜਦੋਂ 1953 ਵਿੱਚ ਹੜ੍ਹ ਆਏ । ਹੜ੍ਹ ਦੇ ਪਾਣੀ ਕਰਕੇ ਈਸਾਈਆਂ ਦੀ ਖੂਹੀ ਦਾ ਪਾਣੀ ਪੀਣ ਯੋਗ ਨਾ ਰਿਹਾ । ਜਿੱਥੇ ਉਹ ਰਹਿੰਦੇ ਸਨ ਉਹ ਲੋਕ ਈਸਾਈਆਂ ਨੂੰ ਚੰਗਾ ਨਹੀਂ ਸਮਝਦੇ ਸਨ । ਇਸ ਲਈ ਉਹਨਾਂ ਦੀ ਖੂਹੀ ਤੋਂ ਪਾਣੀ ਭਰ ਕੇ ਈਸਾਈਆਂ ਨੂੰ ਦੇਣਾ ਬੜੇ ਦੂਰ ਦੀ ਗੱਲ ਸੀ । ਫਿਰ ਵੀ ਕਲਾਰ ਸਾਹਿਬ ਆਪਣੀ ਸੋਚ-ਸਮਝ ਵਾਲੇ ਜੋਟੀਦਾਰਾਂ ਨਾਲ ਡਾਗਾਂ ਖਲਾਰ ਕੇ ਈਸਾਈਆਂ ਨੂੰ ਪਾਣੀ ਭਰਨ ਲਈ ਲੈ ਆਏ ਤੇ ਪਾਣੀ ਭਰਵਾਇਆ । ਨੱਕ-ਬੁੱਲ਼੍ਹ ਵੱਟਦੇ ਲੋਕਾਂ ਨੇ ਬਟਾਲਿੳਂ ਨਲਕੇ ਲਿਆ ਕੇ ਘਰਾਂ ਵਿੱਚ ਲਾ ਲਏ । ਇਹ ਉਹਨਾਂ ਦਾ ਪਹਿਲਾ ਜਮਾਤੀ ਸੰਘਰਸ਼ ਸੀ ।

ਦੂਜਾ ਸੰਘਰਸ਼ ਉਹਨਾਂ ਕਾਲਜ ਵਿੱਚ ਯੂਨੀਅਨ ਬਣਾਉਣ ਸਮੇਂ ਲੜਿਆ । ਜਦੋਂ ਉਹਨਾਂ ਦੀ ਮੀਟਿੰਗ ਦਾ ਭੇਦ ਖੁੱਲ਼੍ਹ ਗਿਆ ਤਾਂ ਪ੍ਰਿੰਸੀਪਲ ਨੇ ਉਹਨਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ । ਫਿਰ ਉਹਨਾਂ ਲਗਾਤਾਰ ਖੁਸ਼ਹੈਸੀਅਤ ਵਿਰੁੱਧ ਲੱਗੇ ਕਿਸਾਨ ਮੋਰਚੇ ਵਿੱਚ, ਐਮਰਜੈਂਸੀ ਵਿੱਚ, ਦਿਹਾਤੀ ਮਜ਼ਦੂਰਾਂ ਦੇ ਪਲਾਟਾਂ ਲਈ ਲੱਗੇ ਮੋਰਚੇ ਵਿੱਚ, ਗੰਨੇ ਦਾ ਭਾਅ ਵਧਾਉਣ ਲਈ ਲੱਗੇ 1980 ਦੇ ਮੋਰਚੇ ਵਿੱਚ, 1981 ਦੇ ਗੰਨੇ ਲਈ ਕੀਤੇ ਸੰਘਰਸ਼ ਵਿੱਚ, 1987 ਵਿੱਚ ਕੀਤੇ ਕਣਕ ਦੇ ਸੰਘਰਸ਼ ਵਿੱਚ, 1988 ਵਿੱਚ ਧੁੱਸੀ ਬੰਨ੍ਹ ਦੇ ਮੋਰਚੇ ਵਿੱਚ, ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਪੁੱਲ ਦੇ ਮੋਰਚੇ ਵਿੱਚ, ਫਿਸ਼ ਪਾਰਕ ਗੁਰਦਾਸਪੁਰ ਲਈ ਲੱਗੇ ਮੋਰਚੇ ਵਿੱਚ, ਅੱਤਵਾਦ ਦੇ ਵਿਰੋਧ ਵਿੱਚ ਅਤੇ ਹੋਰ ਅਨੇਕਾਂ ਬਲਾਕ, ਜ਼ਿਲਾ੍ਹ ਤੇ ਸੂਬਾ ਪੱਧਰੀ ਐਕਸ਼ਨਾਂ ਵਿੱਚ ਆਗੂ ਰੋਲ ਨਿਭਾ ਕੇ ਸਾਰੀ ਜ਼ਿੰਦਗੀ ਕਈ ਸੰਘਰਸ਼ ਲੜੇ ।

ਅੰਤ ਵਿੱਚ ਮਾਰਟਿਨ ਨਿਮਿੳਲਰ ਦੀ ਕਵਿਤਾ ਦੀਆਂ ਸਤਰਾਂ ਕਹਿ ਕੇ ਤੁਹਾਨੂੰ ਸਭ ਨੂੰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਧਰਮਾਂ, ਜਾਤ-ਪਾਤ ਅਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਕਾਮਰੇਡ ਅਮਰਜੀਤ ਸਿੰਘ ਕਲਾਰ ਵਾਂਗੂੰ ਸਮਾਜ ਦੇ ਭਲੇ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਾ ਹਾਂ ਤਾਂ ਕਿ ਕਿਤੇ ਜਦੋਂ ਸਾਡੀ ਵਾਰੀ ਆਏ ਅਸੀਂ ਵੀ ਹੇਠਾਂ ਦਿੱਤੇ ਤਰ੍ਹਾਂ ਇਕੱਲੇ ਨਾ ਰਹਿ ਜਾਈਏ :

" ਉਹ ਟਰੇਡ ਯੂਨੀਅਨਿਸਟਾਂ ਲਈ ਆਏ,
ਮੈਂ ਕੁਝ ਨਾ ਬੋਲਿਆ,
ਕਿਉਂਕਿ ਮੈਂ ਟਰੇਡ ਯੂਨੀਅਨਿਸਟ ਨਹੀਂ ਸੀ ।
ਅਖੀਰ ਵਿੱਚ ਉਹ ਮੇਰੇ ਲਈ ਆਏ,
ਤੇ ਕੋਈ ਨਹੀਂ ਸੀ ਬਚਿਆ,
ਜੋ ਮੇਰੇ ਲਈ ਬੋਲਦਾ । " ... ( ਮਾਰਟਿਨ ਨਿਮਿੳਲਰ )


ਸੰਪਰਕ: +91 98552 07071

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ