Sun, 03 March 2024
Your Visitor Number :-   6882285
SuhisaverSuhisaver Suhisaver

ਚੁਰਾ ਲਓ ਖੁਸ਼ੀਆਂ ਦੇ ਪਲ - ਸੰਤੋਖ ਸਿੰਘ ਭਾਣਾ

Posted on:- 09-03-2015

suhisaver

ਜੇਕਰ ਸਾਡੇ ਅੰਦਰ ਮਨੋਰੰਜਨ ਅਤੇ ਨੱਚਣ ਟੱਪਣ ਜਿਹੇ ਗੁਣ ਨਹੀਂ ਹਨ ਤਾਂ ਇਹੀ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਨੇ ਜ਼ਰੂਰ ਹੀ ਸਾਡੇ ਨਾਲ ਕੋਈ ਵੱਡੀ ਬੇਇਨਸਾਫੀ ਕੀਤੀ ਹੈ।ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ਼ ਸਦਾ ਖੁਸ਼ ਰਹੀਏ। ਚਿੜਚਿੜਾਪਣ, ਖੁਸ਼ੀਆਂ ਖੇੜਿਆਂ ਨਾਲ ਭਰੇ ਰੰਗੀਨ ਮਹੌਲ ਨੂੰ ਵੀ ਖਰਾਬ ਕਰ ਦਿੰਦਾ ਹੈ।ਦੁੱਖਾਂ-ਸੁੱਖਾਂ ਦਾ ਸਬੰਧ ਸਾਡੇ ਸੰਪੂਰਨ ਜੀਵਨ ਨਾਲ ਜੁੜਿਆ ਹੋਇਆ ਹੈ।ਕਸ਼ਟਾਂ ਦਾ ਸਾਡੇ ਜੀਵਨ `ਚ ਉਹੀ ਮਹੱਤਵ ਹੈ ਜੋ ਫੁੱਲਾਂ ਦਾ ਕੰਡਿਆਂ ਨਾਲ ।ਜਦੋ ਸੁੱਖ ਅਸੀਂ ਭੋਗਦੇ ਹਾਂ ਤਾਂ ਦੁੱਖ ਕੌਣ ਭੋਗੇਗਾ ? ਆਦਮੀ ਨੂੰ ਦੁੱਖਾਂ ਨੂੰ ਵੀ ਵਿਧੀ ਦਾ ਵਿਧਾਨ ਸਮਝ ਕੇ ਕਬੂਲ ਕਰ ਲੈਣਾ ਚਾਹੀਦਾ ਹੈ।

ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਜੇਕਰ ਕੋਈ ਚੀਜ਼ ਸਾਨੂੰ ਰੋਸ਼ਨੀਆਂ ਵੱਲ ਲਿਜਾ ਸਕਦੀ ਹੈ,ਸਾਰੇ ਰੋਗਾਂ ਤੋਂ ਮੁਕਤੀ ਦੁਆ ਸਕਦੀ ਹੈ ਤਾਂ ਉਹ ਹੈ ਹੁਲਾਸ,ਅਨੰਦ ਅਤੇ ਮਨੋਰੰਜਨ ਜੇਕਰ ਕੋਈ ਚੀਜ਼ ਸਾਡੇ ਲਈ ਵੱਡੀ ਹਾਨੀਕਾਰਕ ਹੈ ਤਾਂ ਉਹ ਹੈ ਗੰਭੀਰਤਾ।ਏਸੇ ਤਰ੍ਹਾਂ ਕਿਸੇ ਵੀ ਆਦਮੀ ਦਾ ਸਰੀਰਕ,ਮਾਨਸਿਕ ਅਤੇ ਆਤਮਿਕ ਵਿਕਾਸ,ਖੁੱਲ੍ਹ ਕੇ ਹੱਸਣ ਹਸਾਉਣ ਅਤੇ ਜ਼ਿੰਦਾ ਦਿਲ ਵਿਚਾਰਾਂ`ਤੇ ਨਿਰਭਰ ਕਰਦਾ ਹੈ।

ਜੇਕਰ ਆਦਮੀ ਅੰਦਰ ਖੁਸ਼ੀਆਂ ਰੂਪੀ ਸੂਰਜ ਦੀ ਚਮਕ ਹੈ ਤਾਂ ਉਹ ਜੀਵਨ ਨੂੰ ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਬਤੀਤ ਕਰ ਦੇਵੇਗਾ।ਜਿਸ ਆਦਮੀ ਦਾ ਸੁਭਾਅ ਹਾਸੇ ਮਖੌਲ ਵਾਲਾ ਹੈ ਤਾਂ ਉਸ ਨੂੰ ਭਾਵੇਂ ਪਾਟੇ ਪੁਰਾਣੇ ਕੱਪੜੇ ਪੁਆ ਦਿਊ ,ਤਾਂ ਵੀ ਉਹ ਖੁਦ ਵੀ ਹੱਸ ਸਕਦਾ ਹੈ ਤੇ ਦੂਸਰਿਆਂ ਨੂੰ ਵੀ ਹਸਾ ਸਕਦਾ ਹੈ।
    
ਖੁਸ਼-ਮਿਜਾਜ਼ ਆਦਮੀ ਜਿੱਥੇ ਵੀ ਜਾਂਦਾ ਹੈ,ਉੱਥੇ ਹੀ ਆਪਣਾ ਪ੍ਰਭਾਵ ਛੱਡਦਾ ਜਾਂਦਾ ਹੈ।ਉਹ ਸਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪ੍ਰੇਰਣਾ ਅਤੇ ਖੁਸ਼ ਰਹਿਣਾ ਵੀ ਸਿਖਾਉਂਦਾ ਹੈ।ਅਜਿਹਾ ਖੁਸ਼-ਮਿਜਾਜ਼ ਆਦਮੀ ਧੁੱਪ ਦੀ ਅਜਿਹੀ ਨਿੱਘੀ ਕਿਰਨ ਹੁੰਦਾ ਹੈ, ਜਿਸਦਾ ਸੁਖਦ ਪ੍ਰਭਾਵ ਪੂਰੇ ਚੁਗਿਰਦੇ `ਚ ਰੰਗੀਨੀਆਂ ਭਰ ਦਿੰਦਾ ਹੈ।
    
ਜਿਹੜੇ ਬੰਦੇ ਦਾ ਚਿਹਰਾ ਕਠੋਰ ਅਤੇ ਖੜੂਸ ਜਿਹਾ ਦਿਸਦਾ ਹੋਵੇ, ਜਿਸਦੇ ਅੰਦਰ ਦੀਆਂ ਭਾਵਨਾਵਾਂ ਉਹਦੇ ਚਿਹਰੇ ਤੋਂ ਪ੍ਰਗਟ ਨਾ ਹੁੰਦੀਆਂ ਹੋਣ ਉਹ ਕਦੇ ਵੀ ਵਿਸ਼ਵਾਸ ਯੋਗ ਨਹੀਂ ਹੋ ਸਕਦਾ। ਅੰਦਰਲੀ ਖੁਸ਼ੀ ਤਾ ਅਜਿਹੀ ਭਾਵਨਾ ਹੈ, ਜਿਸਨੂੰ ਸਾਡਾ ਚਿਹਰਾ ਛੁਪਾ ਈ ਨਹੀਂ ਸਕਦਾ।ਦਿਲ ਦੀ ਖੁਸ਼ੀ ਤਾਂ ਚਿਹਰੇ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਪ੍ਰਗਟ ਹੋ ਈ ਜਾਂਦੀ ਹੈ।

ਦੁਨੀਆਂ ਦੇ ਬਹੁਤ ਸਾਰੇ ਲੋਕ ਦੁਖੀ ਹਨ।ਪਰ ਕੀ ਕਾਰਨ ਹੈ ਕਿ ਹਰ ਕੋਹੀ ਰੋਂਦਾ ਨਹੀਂ ਫਿਰਦਾ? ਜੇਕਰ ਤੁਸੀਂ ਆਪਣੇ ਆਪ ਨੂੰ ਤਣਾਵਪੂਰਨ ਅਤੇ ਵਿਰਲਾਪ ਕਰਦਾ ਵੇਖ ਰਹੇ ਹੋ ਤਾਂ ਇਸਦੇ ਜ਼ੁੰਮੇਵਾਰ ਤੁਸੀਂ ਖੁਦ ਹੋ।ਤੁਸੀਂ ਆਪਣੇ ਆਪ ਨੂੰ ਅਜਿਹਾ ਸ਼ਕਾਇਤੀ ਅਤੇ ਰੋਂਦੜ ਬਣਨ ਦੀ ਮਨਜੂਰੀ ਦੇ ਛੱਡੀ ਹੈ।

ਆਦਮੀ ਦੇ ਸੁਭਾਅ ਦਾ ਪ੍ਰਭਾਵ ਕੇਵਲ ਉਂਹਦੇ ਮਾਨਸਿਕ ਅਤੇ ਸਰੀਰਕ ਵਿਕਾਸ ਤੇ ਹੀ ਨਹੀਂ ਸਗੋਂ ਉਹਦੇ ਚਿਹਰੇ ਤੇ ਵੀ ਪੈਂਦਾ ਹੈ।ਅਜਿਹੇ ਬੰਦੇ ਜੋ ਹਰ ਵੇਲੇ ਦੁਖੀ ਅਤੇ ਗੰਭੀਰ ਰਹਿੰਦੇ ਹਨ, ਉਨ੍ਹਾਂ ਦਾ ਨੀਰਸ ਚਿਹਰਾ ,ਤਣੇ ਹੋਏ ਭਰਵੱਟੇ ਅਤੇ ਡਰਾਉਣੀਆਂ ਅੱਖਾਂ ਉਨ੍ਹਾਂ ਦੀ ਸ਼ਕਲ ਨੂੰ ਵਿਗਾੜ ਦਿੰਦੀਆਂ ਹਨ।ਇਸਦੇ ਉਲਟ ਹਰ ਵੇਲੇ ਹੱਸਣ ਹਸਾਉਣ ਵਾਲਿਆਂ ਦੇ ਚਿਹਰੇ ਉੱਤੇ ਰੌਣਕ,ਅੱਖਾਂ `ਚ ਚਮਕ ਅਤੇ ਹੋਠਾਂ ਉੱਤੇ ਮਧੁਰ-ਮੁਸਕਾਨ ਥਿਰਕਦੀ ਰਹਿੰਦੀ ਹੈ।
    
ਸੰਸਾਰਕ ਦੁੱਖਾਂ,ਨਿਰਾਸਤਾਵਾਂ ਅਤੇ ਅਸਫਲਤਾਵਾਂ ਦੇ ਹੁੰਦੇ ਹੋਏ ਵੀ ਅਸੀਂ ਆਪਣੇ ਜੀਵਨ ਨੂੰ ਅਜਿਹਾ ਬਣਾ ਸਕਦੇ ਹਾਂ ਕਿ ਅਸੀ ਜਿੱਥੇ ਵੀ ਜਾਈਏ ਉਥੇ ਈ ਮਧੁਰਤਾ ਅਤੇ ਚਾਨਣ ਖਿੱਲਰ ਜਾਏ।
    
ਅਜਿਹੇ ਲੋਕ ਜੋ ਹੱਸਣਾ ਨਹੀਂ ਜਾਣਦੇ, ਮਜ਼ਾਕ ਕਰਨਾ ਅਤੇ ਪਸੰਦ ਕਰਨਾ ਨਹੀਂ ਚਾਹੁੰਦੇ ,ਉਹ ਤਣਾਅ ਪੂਰਨ ਅਤੇ ਨੀਰਸ਼ ਜੀਵਨ ਆਖਿਰ ਕਦੋਂ ਤੱਕ ਜੀਅ ਸਕਦੇ ਹਨ? ਗੱਲ ਗੱਲ `ਤੇ ਲੜਨਾ ਝਗੜਨਾ ਅਤੇ ਹਰ ਕਿਸੇ ਦੀਆਂ ਗੱਲਾਂ ਤੇ ਖਿਝਣਾ,ਅਜਿਹੇ ਲੋਕਾਂ ਨੂੰ ਸਦਾ ਇੱਕ ਤਣਾਅ ਪੂਰਨ ਹਾਲਾਤ `ਚ ਘੇਰੀ ਰੱਖਦਾ ਹਨ।ਅਜਿਹੇ ਲੋਕਾਂ ਨੂੰ ਇੱਕ ਨਾ-ਮਾਲੂਮ ਬਿਮਾਰੀ ਘੇਰੀ ਰੱਖਦੀ ਹੈ,ਜਿਸਦਾ ਕੋਈ ਇਲਾਜ ਸੰਭਵ ਨਹੀਂ ਹੁੰਦਾ।ਦੁਨੀਆਂ ਦਾ ਕੋਈ ਡਾਕਟਰ ,ਹਕੀਮ ,ਵੈਦ ਨਹੀ਼ ਸਮਝ ਸਕਦਾ ਕਿ ਇਨ੍ਹਾਂ ਦੀ ਬਿਮਾਰੀ ਕੀ ਹੈ।
    
ਕਈ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੇ ਜੀਵਨ `ਚ ਦੁੱਖਾਂ ਦਾ ਕੋਈ ਅੰਤ ਨਹੀਂ ਹੁੰਦਾ, ਪਰ ਫਿਰ ਵੀ ਉਨ੍ਹਾਂ ਨੇ ਦੁੱਖਾਂ `ਚ ਉੱਭਰਨਾ ਸਿੱਖ ਲਿਆ ਹੁੰਦਾ ਹੈ।ਜੀਵਨ ਉਨ੍ਹਾਂ ਦਾ ਹੀ ਸੁਖੀ ਹੈ ਜਿਨ੍ਹਾਂ ਨੇ ਆਪਣੇ ਚਿਹਰੇ ਉੱਤੇ ਚਿੰਤਾ ਦੀਆਂ ਰੇਖਾਵਾਂ ਨੂੰ ਨਹੀਂ ਆਉਣ ਦਿੱਤਾ।ਉਲਟੇ ਵਹਿੰਦੇ ਹਾਲਾਤਾਂ `ਚੋ ਵੀ ਖੁਸ਼ੀਆਂ ਦੇ ਪਲ ਚੁਰਾ ਲੈਣ ਦੀ ਕਲਾ `ਚ ਮਾਹਿਰ ਆਦਮੀ ਹੀ ਅਸਲ `ਚ ਜ਼ਿੰਦਾ ਦਿਲ ਹੁੰਦੇ ਹਨ।
    
ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ, ਜਿਸ `ਚ ਖੁਸ਼ੀਆ ਭਰੇ ਚਾਨਣ ਦੀ ਕੋਈ ਕਿਰਨ ਨਾ ਆਏ।ਆੳ ਉਸ ਦਿਨ `ਤੋਂ ਉਸ ਕਿਰਨ ਨੂੰ ਚੁਰਾ ਲਈਏ ਅਤੇ ਆਪਣਾ ਵਰਤਮਾਨ ਉੱਜਲ ਬਣਾਈਏ।
                   
ਸੰਪਰਕ: +91 98152 96475

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ