Sun, 25 February 2024
Your Visitor Number :-   6868530
SuhisaverSuhisaver Suhisaver

ਫੁੱਟਬਾਲ ਨੂੰ ਅਰਪਿਤ ਹੈ-ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ - ਬਲਜਿੰਦਰ ਮਾਨ

Posted on:- 16-01-2015

suhisaver

53 ਵਾਂ ਕੌਮੀ ਟੂਰਨਾਮੈਂਟ 1 ਤੋਂ 7 ਫਰਵਰੀ ਤਕ

ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਪਿਛਲੇ ਬਵੰਜਾਂ ਸਾਲਾਂ ਤੋਂ ਫੁਟਬਾਲ ਨੂੰ ਅਰਪਿਤ ਹੋ ਕੇ ਕਾਰਜ ਕਰ ਰਿਹਾ ਹੈ।ਸ਼ਾਇਦ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਫੁਟਬਾਲ ਕਲੱਬ ਹੈ ਜੋ ਹਰ ਸਾਲ ਸਲਾਨਾ ਟੂਰਨਾਮੈਂਟ ਤੋਂ ਇਲਾਵਾ ਲਗਭਗ ਸਾਰਾ ਸਾਲ ਫੁਟਬਾਲ ਗਤੀਵਿਧੀਆਂ ਵਿਚ ਜੁਟਿਆ ਰਹਿੰਦਾ ਹੈ।ਇਸ ਵਾਸਤੇ ਇਸਦੇ ਚੇਅਰਮੈਨ ਰਿਟਾਇਰਡ ਇੰਜਨੀਅਰ ਇੰਨ ਚੀਫ ਸ.ਹਰਬੰਸ ਸਿੰਘ ਬੈਂਸ, ਪ੍ਰਧਾਨ ਸ.ਕੁਲਵੰਤ ਸਿੰਘ ਸੰਘਾ ਅਤੇ ਬਾਕੀ ਮੈਂਬਰ ਵਧਾਈ ਦੇ ਪਾਤਰ ਹਨ ਜੋ ਦਿਨ ਰਾਤ ਇਹਨਾ ਕਾਰਜਾਂ ਨੂੰ ਸਫਲ ਬਨਾਉਣ ਵਿਚ ਜੁਟੇ ਹੋਏ ਹਨ।ਫੁਟਬਾਲ ਅਤੇ ਮਾਹਿਲਪੁਰ ਨੂੰ ਅਲੱਗ ਕਰਕੇ ਪੜ੍ਹਨਾ ਅਸੰਭਵ ਹੈ।ਪੂਰੀ ਦੁਨੀਆਂ ਵਿਚ ਮਾਹਿਲਪੁਰ ਨੂੰ ਫੁਟਬਾਲ ਦੀ ਧਰਤੀ ਵਜੋਂ ਹੀ ਜਾਣਿਆ ਜਾਂਦਾ ਹੈ।ਉੱਨੀਵੀਂ ਸਦੀ ਦੇ ਆਖਰੀ ਦਹਾਕੇ ਵਿਚ ਇਸਦੀ ਚਰਚਾ ਸ਼ੋਂਕੀ ਮੇਲੇ ਕਰਕੇ ਪੂਰੀ ਦੁਨੀਆਂ ਵਿਚ ਹੋਣ ਲੱਗ ਪਈ ਸੀ।ਅਜਕਲ ਇਥੋਂ ਛਪਦੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਕਰਕੇ ਵੀ ਮਾਹਿਲਪੁਰ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ ਕਿਉਂਕਿ ਪੂਰੇ ਪੰਜਾਬ ਵਿਚੋਂ ਬਾਲਾਂ ਲਈ ਛਪਣ ਵਾਲਾ ਨਿਜੀ ਖੇਤਰ ਦਾ ਇਹ ਇਕੋ ਇਕ ਰਸਾਲਾ ਹੈ।ਖਾਲਸਾ ਕਾਲਜ ਮਾਹਿਲਪੁਰ ਦੀਆਂ ਤਾਂ ਬਾਤਾਂ ਹੀ ਕਿਆਂ ਨੇ।ਇੱਥੋਂ ਦੀ ਪੈਦਾਇਸ਼ ਨੇ ਕੁਲ ਦੁਨੀਆਂ ਵਿਚ ਸ਼ਾਨਦਾਰ ਰੁਤਬੇ ਹਾਸਿਲ ਕਰਕੇ ਇਸ ਸੰਸਥਾ ਦੇ ਮਾਣ ਵਿਚ ਵਾਧਾ ਕੀਤਾ ਹੈ।
    
ਪ੍ਰਿੰਸੀਪਲ ਹਰਭਜਨ ਸਿੰਘ ਜੀ ਆਪਣੇ ਸਾਥੀ ਲਾਭ ਸਿੰਘ ਨਾਲ ਲਾਹੌਰ ਕਾਲਜ ਵਿਚ ਫੁਟਬਾਲ ਖੇਡਿਆ ਕਰਦੇ ਸਨ।ਇਸੇ ਪਿਆਰ ਅਤੇ ਲਗਨ ਨਾਲ ਉਹਨਾਂ ਨੇ ਇਹ ਬੂਟਾ ਮਾਹਿਲਪੁਰ ਵਿਚ ਲਾ ਦਿੱਤਾ।ਖਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ਕਰਕੇ ਪ੍ਰਿ.ਹਰਭਜਨ ਸਿੰਘ ਜੀ ਲਈ ਸਿੱਖਿਆ ਅਤੇ ਖੇਡਾਂ ਲਈ ਕਾਰਜ ਕਰਨ ਲਈ ਖੇਤਰ ਬਹੁਤ ਵਿਸ਼ਾਲ ਹੋ ਗਿਆ।ਉਹਨਾ ਆਪਣਾ ਸਾਰਾ ਜੀਵਨ ਇਸ ਕਾਲਜ ਦੀ ਬਿਹਤਰੀ ਦੇ ਲੇਖੇ ਲਾ ਕੇ ਲੋਕਾਂ ਦੇ ਦਿਲਾਂ ਵਿਚ ਸਨਮਾਨਯੋਗ ਥਾਂ ਬਣਾ ਲਿਆ।ਉਹ ਸੱਚ ਮੁੱਚ ਹੀ ਇਕ ਕਰਮਯੋਗੀ ਸਨ।16 ਅਗਸਤ 1962 ਨੂੰ ਉਹਨਾਂ ਦੇ ਸਵਰਗ ਸਿਧਾਰਨ ਬਾਅਦ ਉਹਨਾਂ ਦੇ ਸ਼ਗਿਰਦਾਂ ਅਤੇ ਉਪਾਸ਼ਕਾਂ ਨੇ ਉਹਨਾਂ ਦੀ ਯਾਦ ਨੂੰ ਸਦੀਵੀ ਬਨਾਉਣ ਲਈ ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਸਪੋਰਟਿੰਗ ਕਲੱਬ ਦੀ ਸਥਾਪਨਾ ਕੀਤੀ।ਜੋ ਹਰ ਸਾਲ ਉਹਨਾਂ ਦੀ ਯਾਦ ਵਿਚ ਸਲਾਨਾ ਫੁਟਬਾਲ ਟੂਰਨਾਮੈਂਟ ਵੀ ਕਰਵਾਉਂਦਾ ਰਿਹਾ।

ਪਰ ਅੱਜਕਲ ਇਸਦਾ ਘੇਰਾ 14 ਸਾਲ ਦੇ ਬੱਚਿਆ ਤੋਂ ਆਰੰਭ ਹੋਕੇ ਕਲੱਬ ਦੇ ਖਿਡਾਰੀਆ ਤੱਕ ਪਹੁੰਚ ਚੁਕਿਆ ਹੈ।ਇਹ ਮੁਕਾਬਲਾ ਕੌਮੀ ਪੱਧਰ ਤੇ ਹਰ ਸਾਲ ਕਰਵਾਇਆ ਜਾਂਦਾ ਹੈ।ਜਿਸ ਵਿਚ ਸਕੂਲ, ਕਾਲਜ, ਕਲੱਬ ਅਤੇ ਲੜਕੀਆਂ ਦੇ ਚਾਰ ਵਰਗਾਂ ਵਿਚ ਇਸਦਾ ਆਯੋਜਨ ਕੀਤਾ ਜਾਂਦਾ ਹੈ।

ਬਜਵਾੜੇ ਲਾਗਲੀ ਫੋਜੀ ਛਾਉਣੀ ਨੇ ਇਸ ਖੇਡ ਨੂੰ ਮਾਹਿਲਪੁਰ ਵਿਚ ਪੁੱਜਦੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ।ਇਲਾਕੇ ਦੇ ਫੋਜੀ ਵੀਰਾਂ ਰਾਹੀਂ ਇਹ ਸਾਰੇ ਪਿੰਡਾਂ ਵਿਚ ਮਸ਼ਹੂਰ ਹੋ ਗਈ।ਉੱਧਰ ਪ੍ਰਿੰ. ਹਰਭਜਨ ਸਿੰਘ ਨੇ ਪੂਰੀ ਸਰਪ੍ਰੱਸਤੀ ਨਾਲ ਇਸਦੀ ਪ੍ਰਫੁੱਲਤਾ ਵਿਚ ਵਾਧਾ ਕੀਤਾ।1934 ਵਿਚ ਇਥੋਂ ਦਾ ਖਾਲਸਾ ਕਲੱਬ ਬੜਾ ਮਸ਼ਹੂਰ ਸੀ।ਇਸ ਤੋਂ ਬਾਅਦ ਇੱਥੋਂ ਦਾ ਈਗਲ ਕਲੱਬ ਫੁਟਬਾਲ ਮੁਕਾਬਲਿਆਂ ਵਿਚ ਅੱਗੇ ਰਿਹਾ।ਜਿਸ ਵਿਚ ਸ.ਉਮਰਾਉ ਸਿੰਘ,ਸ.ਬਾਬੂ ਸਿੰਘ ਅਤੇ ਸ.ਚੈਂਚਲ ਸਿੰਘ ਵਰਗੇ ਖਿਡਾਰੀ ਸ਼ਾਮਿਲ ਸਨ।1948 ਵਿਚ ਇੱਥੇ ਇਕ ਮੈਂਗੋ ਸੀਜਨ ਫੁਟਬਾਲ ਟੂਰਨਾਮੈਂਟ ਸ.ਗੁਲਬਰਗ ਸਿੰਘ ਬੈਂਸ ਦੇ ਯਤਨਾ ਨਾਲ ਆਰੰਭ ਹੋਇਆ ਸੀ।ਇੰਜ ਇਹਨਾਂ ਕਲੱਬਾਂ ਨੇ ਫੁਟਬਾਲ ਨੂੰ ਅੱਗੇ ਤੋਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
    
ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਸਥਾਪਨਾ ਵਿਚ ਡਾ.ਨਰਿੰਦਰ ਪਾਲ ਸਿੰਘ ਤੇ ਸਹਿਯੋਗੀ ਜਗਜੀਤ ਸਿੰਘ ਮਾਨ ਵਰਗਿਆਂ ਨੇ ਅਹਿਮ ਭੂਮਿਕਾ ਅਦਾ ਕੀਤੀ।ਡਾਕਟਰ ਤੇਲੂ ਰਾਮ ਇਸਦੇ ਫਾਉਂਡਰ ਪ੍ਰਧਾਨ ਬਣੇ।1971 ਵਿਚ ਸ.ਅਮਰ ਸਿੰਘ ਭਾਰਟਾ, 1981 ਵਿਚ ਸ.ਹਰਕ੍ਰਿਸ਼ਨ ਦਿਆਲ ਸਿੰਘ।ਫਿਰ ਸ.ਜਰਨੈਲ ਸਿੰਘ ਤੋਂ ਬਾਅਦ ਇਹ ਜ਼ਿੰਮਾ ਸ.ਹਰਬੰਸ ਸਿੰਘ ਬੈਂਸ ਦੇ ਸਪੁਰਦ ਕੀਤਾ ਜਿਨਾਂ ਨੇ ਦਿਨ ਰਾਤ ਇਕ ਕਰਕੇ ਕਲੱਬ ਦੀ ਆਰਥਿਕ ਦਸ਼ਾ ਨੂੰ ਸੁਆਰਿਆ।2013 ਤੋਂ ਸ.ਕੁਲਵੰਤ ਸਿੰਘ ਸੰਘਾ ਇਸਦੀਆਂ ਸਰਗਰਮੀਆ ਨੂੰ ਨਰੋਈ ਲੀਹ ਪ੍ਰਦਾਨ ਕਰ ਰਹੇ ਹਨ।ਅਜ ਇੱਥੇ ਉਹਨਾਂ ਦੀ ਅਗਵਾਈ ਹੇਠ ਸਾਰਾ ਸਾਲ ਹੀ ਫੁਟਬਾਲ ਦੀ ਚਰਚਾ ਹੁੰਦੀ ਰਹਿੰਦੀ।ਕਦੀ ਫੁਟਬਾਲ ਲੀਗ ਤੇ ਕਦੀ ਕੋਚਿੰਗ ਕੈਂਪ। ਕਲੱਬ ਵਲੋਂ ਕਾਲਜ ਅਤੇ ਸਕੂਲ ਦੇ ਹੋਣਹਾਰ ਖਿਡਾਰੀਆਂ ਨੂੰ ਸਲਾਨਾ ਸਕਾਲਰਸ਼ਿਪ ਦਿੱਤਾ ਜਾਂਦਾ ਹੈ।ਇਸਦੇ ਨਾਲ ਹੀ ਅੱਜਕਲ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਿਰੰਤਰ ਕੋਚਿੰਗ ਕਰਾਈ ਜਾ ਰਹੀ ਹੈ।ਉਹਨਾਂ ਨੂੰ ਅਕਾਡਮੀ ਵਰਗੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਫੁਟਬਾਲ ਅਕਾਡਮੀ ਦੇ ਭਵਨ ਦੀ ਉਸਾਰੀ ਵਿਚ ਯੋਗਦਾਨ ਤੋਂ ਬਾਅਦ ਅਜਕਲ ਇੱਥੇ ਨੈਸ਼ਨਲ ਫੁਟਬਾਲ ਸਟੇਡੀਅਮ ਦੀ ਉਸਾਰੀ ਵੀ ਪੂਰੇ ਇਲਾਕੇ, ਸਰਕਾਰੀ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।ਫੁਟਬਾਲ ਲੀਗ ਕਰਵਾ ਕੇ ਉਹਨਾਂ ਦੀ ਖੇਡ ਕਲਾ ਨੂੰ ਤਰਾਸ਼ਿਆ ਜਾਂਦਾ ਹੈ।ਸਲਾਨਾ ਟੂਰਨਾਮੈਂਟ ਦੇ ਜੇਤੂਆਂ ਨੂੰ ਲੱਖਾਂ ਰੂਪੈ ਦੇ ਨਗਦ ਇਨਾਮਾਂ ਨਾਲ ਟਰਾਫੀੌਆਂ ਵੀ ਦਿੱਤੀਆਂ ਜਾਂਦੀਆਂ ਹਨ।ਕਨੇਡਾ, ਇੰਗਲੈਂਡ ਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਵਸਦੇ ਪ੍ਰਿੰਸੀਪਲ ਸਾਹਿਬ ਦੇ ਸ਼ਗਿਰਦਾਂ ਅਤੇ ਪ੍ਰੇਮੀਆਂ ਵਲੋਂ ਟਰੱਸਟ ਬਣਾ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ।ਇਕ ਫਰਵਰੀ ਤੋਂ ਸੱਤ ਫਰਵਰੀ ਤਕ ਕਰਵਾਏ ਜਾਂਦੇ ਸਲਾਨਾ ਟੂਰਨਾਮੈਂਟ ਮੌਕੇ ਵਿਦੇਸ਼ਾਂ ਵਿਚ ਵਸਦੇ ਖਿਡਾਰੀ ਅਤੇ ਫੁਟਬਾਲ ਪਰੇਮੀ ਬੜੀ ਉਚੇਚ ਨਾਲ ਇੱਥੇ ਪੁੱਜਦੇ ਹਨ।ਉਸ ਵੇਲੇ ਪ੍ਰਿੰਸੀਪਲ ਹਰਭਜਨ ਸਿੰਘ ਟੂਰਨਾਮੈਂਟ ਦੀ ਰੋਣਕਾਂ ਦਾ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ।
    
ਕਲੱਬ ਵਰਗ ਦੀ ਜੇਤੂ ਨੂੰ ਇਕ ਲੱਖ,ਉਪ ਜੇਤੂ ਨੂੰ ਅੱਸੀ ਹਜ਼ਾਰ,ਕਾਲਜ ਵਰਗ ਦੀ ਚੈਂਪੀਅਨ ਪੰਜਾਹ ਅਤੇ ਚਾਲੀ ਹਜ਼ਾਰ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ।ਪੂਰੇ ਦੇਸ਼ ਵਿਚੋਂ 15 ਕਲੱਬਾਂ,12 ਕਾਲਜ ਅਤੇ 15 ਚੋਣਵੇਂ ਸਕੂਲ ਇਸ ਟੂਰਨਾਮੈਂਟ ਵਿਚ ਭਾਗ ਲੈ ਰਹੇ ਹਨ।ਅਜਕਲ ਇਥੇ ਦੇਸ਼ ਵਿਦੇਸ਼ ਦੇ ਫੁਟਬਾਲ ਪ੍ਰੇਮੀਆਂ ਦੀਆਂ ਰੌਣਕਾਂ ਖਾਲਸਾ ਕਾਲਜ ਵਿਚ ਦੇਖੀਆਂ ਜਾ ਸਕਦੀਆਂ ਹਨ।53ਵੇਂ ਪ੍ਰਿੰ.ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਵਿਚ ਨਵੀਂ ਪਨੀਰੀ,ਕਾਲਜਾਂ ਦੇ ਹੁੰਦੜਹੇਲ ਖਿਡਾਰੀ ਅਤੇ ਦੇਸ਼ ਦੀਆਂ ਕਲੱਬਾਂ ਦੇ ਹੰਢੇ ਹੋਏ ਖਿਡਾਰੀ ਆਪਣੀ ਖੇਡ ਕਲਾ ਦਾ ਰੰਗ 7 ਫਰਵਰੀ 2014 ਤਕ ਬੜੀ ਸ਼ਾਨ ਨਾਲ ਬਿਖੇਰ ਰਹੇ ਹਨ।

ਸੰਪਰਕ: +91 98150 18947

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ