Tue, 25 June 2024
Your Visitor Number :-   7137946
SuhisaverSuhisaver Suhisaver

ਕੋਈ ਨ੍ਹੀਂ ਸੁਣਦਾ ਭੁੱਖਾਂ ਮਿਟਾਉਣ ਵਾਲੇ ਦਾ ਦਰਦ - ਰਵਿੰਦਰ ਸ਼ਰਮਾ

Posted on:- 04-05-2016

suhisaver

ਖੇਤਾਂ ਨਾਲ ਦਿਲੀਂ ਮੁਹੱਬਤ ਹਰ ਸਾਲ ਹਾੜ੍ਹੀ ਦੀ ਫ਼ਸਲ ਸੰਭਾਲਣ ’ਚ ਹੱਥ ਵਟਾਉਣ ਸ਼ਹਿਰ ਤੋਂ ਪਿੰਡ ਵਾਲੇ ਘਰ ਲੈ ਜਾਂਦੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਮੈਂ ਵਿਸਾਖੀ ਤੋਂ ਅਗਲੇ ਦਿਨ ਪਿੰਡ ਪਹੁੰਚ ਗਿਆ ਤੇ ਜੁਟ ਗਿਆ ਖੇਤੀ ਦੇ ਕੰਮ-ਧੰਦੇ ’ਚ ਅਸੀਂ ਰਲ-ਮਿਲ ਕੇ ਕਣਕ ਵੱਢ-ਕੱਢ ਕੇ ਮੰਡੀ ਭੇਜ ਦਿੱਤੀ ਤੇ ਸਾਲ ਭਰ ਖਾਣ ਲਈ ਘਰ ਸਟੋਰ ਕਰ ਲਈ। ਹੁਣ ਸਮਾਂ ਅਜਿਹਾ ਹੈ ਕਿ ਜਿਨਸ ਵੇਚਣ ਮੰਡੀ ਗਿਆ ਜ਼ਿਮੀਂਦਾਰ ਪੁਰਾਣੇ ਵਿਆਹਾਂ ਵਾਂਗ ਛੇਤੀ ਦੇਣੇ ਘਰ ਨਹੀਂ ਪਰਤਦਾ। ਇਸੇ ਹੀ ਤਰ੍ਹਾਂ ਅਸੀਂ ਵੀ ਆਪਣੀ ਕਣਕ ਵੇਚਣ ਲਈ ਮੰਡੀ ਭੇਜ ਦਿੱਤੀ। ਕਣਕ ਦੀ ਰਾਖੀ ਲਈ ਤੇ ਮੰਡੀ ’ਚ ਸਾਂਭ-ਸੰਭਾਲ ਲਈ ਬਾਪੂ ਜੀ ਚਲੇ ਗਏ ਤਾਂ ਕਿ ਅਸੀਂ ਦੋਵੇਂ ਭਰਾ ਮਿਲ ਕੇ ਨਰਮੇ ਦੀ ਬਿਜਾਈ ਲਈ ਜ਼ਮੀਨ ਤਿਆਰ ਕਰ ਸਕੀਏ।

ਸ਼ਾਮ-ਸਵੇਰੇ ਬਾਪੂ ਜੀ ਦੀ ਰੋਟੀ ਤੇ ਦੁਪਹਿਰ ਵੇਲੇ ਚਾਹ ਅਸੀਂ ਆਉਂਦੇ-ਜਾਂਦੇ ਦੇ ਹੱਥ ਮੰਡੀ ਭੇਜ ਦਿੰਦੇ। ਇੱਕ ਦਿਨ ਖੇਤੋਂ ਥੋੜ੍ਹੀ ਵਿਹਲ ਹੋਣ ਕਰਕੇ ਮੈਂ ਖੁਦ ਬਾਪੂ ਜੀ ਦੀ ਰੋਟੀ ਮੰਡੀ ਲੈ ਗਿਆ। ਮੈਂ ਮੰਡੀ ਪਹੁੰਚ ਕੇ ਅਜੇ ਬਾਪੂ ਜੀ ਨੂੰ ਲੱਭ ਰਿਹਾ ਸੀ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਦੀਆਂ ਢੇਰੀਆਂ ’ਤੇ ਮੰਜੇ ਡਾਹੀ ਬੈਠੇ ਹੋਰ ਕਿਸਾਨਾਂ ਦੀ ਤਰਸਯੋਗ ਹਾਲਤ ਦੇਖੀ ਮੰਡੀ ਵਿੱਚ ਉੱਡਦੀ ਧੂੜ, ਸਫ਼ਾਈ ਮਸ਼ੀਨਾਂ ਦਾ ਸ਼ੋਰ-ਸ਼ਰਾਬਾ ਇੰਝ ਲੱਗ ਰਿਹਾ ਸੀ ਜਿਵੇਂ ਪੱਛਮ ਦੀ ਹਨ੍ਹੇਰੀ ਚੜ੍ਹੀ ਹੋਵੇ ਤੇ ਲੋਕ ਆਪਣਾ ਸਮਾਨ ਸੰਭਾਲ ਰਹੇ ਹੋਣ।

ਕਿਸਾਨ ਇੰਝ ਬੈਠੇ ਸਨ ਜਿਵੇਂ ਕਮਜ਼ੋਰ ਪਰਿੰਦਾ ਆਪਣੇ ਆਲ੍ਹਣੇ ਨੂੰ ਤੂਫ਼ਾਨ ਤੋਂ ਬਚਾਉਣ ਲਈ ਖੰਭ ਫੈਲਾ ਕੇ ਬੈਠਦਾ ਹੈ। ਮੈਂ ਧੁੰਦਿਆਏ ਵਾਤਾਵਰਣ ’ਚੋਂ ਪੁੱਛਦੇ-ਪੁਛਾਉਂਦੇ ਆਪਣੀ ਕਣਕ ਦੀ ਢੇਰੀ ਦਾ ਪਤਾ ਕੀਤਾ ਤੇ ਬਾਪੂ ਜੀ ਨੂੰ ਲੱਭ ਲਿਆ। ਬਾਪੂ ਪਿਛਲੇ ਚਾਰ ਦਿਨਾਂ ਤੋਂ ਮੰਡੀ ਆਇਆ ਹੋਇਆ ਸੀ। ਨਾ ਨਹਾਇਆ-ਧੋਇਆ, ਨਾ ਢੰਗ ਨਾਲ ਸੁੱਤਾ, ਸ਼ਕਲ ਵੀ ਇੰਝ ਹੋਈ ਪਈ ਸੀ ਜਿਵੇਂ ਬਰਾਨੀ ਜ਼ਮੀਨ ’ਚ ਕੋਈ ਟਰੈਕਟਰ ਡਰਾਈਵਰ ਕਰਾਹਾ ਲਾ ਕੇ ਆਇਆ ਹੋਵੇ। ਮੈਨੂੰ ਬੜਾ ਤਰਸ ਆਇਆ ਕਿ ਹੇ ਮੇਰੇ ਦੇਸ਼ ਦਿਆ ਅੰਨਦਾਤਿਆ ਤੇਰੀ ਇਹ ਹਾਲਤ? ਸਾਡੀ ਢੇਰੀ ਦੇ ਨਾਲ ਲੱਗਦੀ ਢੇਰੀ ਸਾਡੇ ਗੁਆਂਢੀ ਤਾਏ ਬਖਤੌਰੇ ਦੀ ਸੀ।

ਮੈਂ ਤਾਏ ਨੂੰ ਫਤਿਹ ਬਲਾਈ ਉਨ੍ਹਾਂ ਬੜੇ ਪਿਆਰ ਨਾਲ ਮੈਥੋਂ ਪਿੰਡ ਦੀ ਸੁੱਖ-ਸਾਂਦ ਪੁੱਛੀ। ਜਿਵੇਂ ਉਨ੍ਹਾਂ ਨੂੰ ਪਿੰਡੋਂ ਆਇਆਂ ਮੁੱਦਤਾਂ ਹੋ ਗਈਆਂ ਹੋਣ। ਮੈਂ ਉਨ੍ਹਾਂ ਨੂੰ ਮੰਡੀ ਦੇ ਹਾਲਾਤਾਂ ਬਾਰੇ ਪੁੱਛਿਆ ਤਾਂ ਤਾਏ ਨੇ ਕਿਹਾ, ‘‘ਕਾਕਾ ਪੁੱਛਣ ਦੀ ਕੀ ਲੋੜ ਹੈ ਸਾਡੀ ਹਾਲਤ ਤਾਂ ਕੋਈ ਵੀ ਵੇਖ ਕੇ ਸਮਝ ਸਕਦਾ ਹੈ’’ ਮੈਂ ਕਿਹਾ, ਤਾਇਆ ਜੀ ਸਮਝਿਆ ਨਹੀਂ ਮੈਂ ਤਾਏ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਉਂਦਿਆਂ ਕਿਹਾ,‘‘ਪੁੱਤ ਪਹਿਲਾਂ ਤਾਂ ਅਸੀਂ ਆਪਣੀ ਕਣਕ ਨੂੰ ਛੇ ਮਹੀਨੇ ਪੁੱਤਾਂ ਵਾਂਗ ਪਾਲਦੇ ਹਾਂ ਫਿਰ ਵਾਰੀ ਆਉਂਦੀ ਹੈ। ਇਸ ਦੇ ਪੱਕਣ ਦੀ, ਉਦੋਂ ਕੁਦਰਤੀ ਕਰੋਪੀ ਆ ਜਾਂਦੀ ਹੈ ਚਲੋ ਜਿਵੇਂ-ਕਿਵੇਂ ਅਸੀਂ ਉਸ ਤੋਂ ਬਚ ਜਾਂਦੇ ਹਾਂ ਫਿਰ ਖੇਤਾਂ ’ਚ ਖੜ੍ਹੀ ਸੋਨੇ ਰੰਗੀ ਪੱਕੀ ਕਣਕ ਬਿਜਲੀ ਵਿਭਾਗ ਦੀਆਂ ਅਣਗਹਿਲੀਆਂ ਤੋਂ ਇੰਝ ਤਿ੍ਰਭਕੀ ਰਹਿੰਦੀ ਹੈ ਜਿਵੇਂ ਸੁਭਾਵਿਕ ਹੀ ਕਿਸੇ ਦੇ ਪੈਰ ਹੇਠਾਂ ਸੱਪ ਆ ਗਿਆ ਹੋਵੇ। ਰਹਿੰਦਾ ਖੂੰਹਦਾ ਸਾਡੇ ਅਣਭੋਲ ਕਿਸਾਨ ਵੀਰ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਨ੍ਹੀਂ ਟਲਦੇ ਜੋ ਵੱਡੇ ਹਾਦਸੇ ਦਾ ਕਾਰਨ ਬਣਦੀ ਹੈ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਇਹ ਕੁਲਹਿਣੀ ਘੜੀ ਵੀ ਔਖੀ-ਸੌਖੀ ਲੰਘ ਜਾਂਦੀ ਹੈ।

ਫਿਰ ਵਾਰੀ ਆਉਂਦੀ ਹੈ ਜਿਨਸ ਨੂੰ ਮੰਡੀਆਂ ’ਚ ਵੇਚਣ ਦੀ’’ ਮੈਂ ਤਾਇਆ ਜੀ ਦੀ ਗੱਲ ਕੱਟਦਿਆਂ ਕਿਹਾ, ‘‘ਇੱਥੇ ਕੀ ਪੰਗਾ ਹੁੰਦਾ ਹੁਣ ਤਾਇਆ ਜੀ’’ ਤਾਏ ਬਖਤੌਰੇ ਨੇ ਭਰੀ ਆਵਾਜ਼ ’ਚ ਕਿਹਾ, ‘‘ਪੁੱਤ ਵੇਖੀ ਤਾਂ ਜਾਨੈਂ ਸਾਡੀ ਹਾਲਤ ਚਾਰ ਦਿਨ ਹੋ’ਗੇ ਮੰਡੀ ਬੈਠੇ ਨੂੰ, ਇੰਝ ਲੱਗਦੇ ਜਿਵੇਂ ਜੇਲ੍ਹ ਹੋ ਗਈ ਹੋਵੇ। ਨਾ ਕੋਈ ਬੋਲੀ ਤੇ ਨਾ ਕੋਈ ਲਿਫ਼ਟਿੰਗ ਆਉਂਦੀ ਐ। ਸੇਠ ਆਉਂਦੇ ਨੇ ਕਣਕ ਦੀ ਮੁੱਠੀ ਭਰ ਕੇ ਕਹਿੰਦੇ ਦੋ ਨੰਬਰ ਐ!, ਸਲ੍ਹਾਭੀ ਐ ਇੰਝ ਲੱਗਦੇ ਜਿਵੇਂ ਕੋਈ ਸਾਡੀ ਆਂਦਰ ਈ ਵਲੂੰਧਰ ਰਿਹਾ ਹੋਵੇ’’ ਤਾਇਆ ਜੀ ਨੇ ਫਿਰ ਕਿਹਾ,‘‘ ਚਲੋ ਫਸਲ ਤਾਂ ਪਰਖ ’ਤੇ ਹੀ ਵਿਕਣੀ ਹੈ ਤੇ ਸੁੱਕੀ ਵੇਚਾਂ’ਗੇ। ਕੋਈ ਗੱਲ ਨ੍ਹੀਂ ਮੰਡੀਆਂ ’ਚ ਬੈਠੇ ਕਿਸਾਨਾਂ ਲਈ ਸਰਕਾਰ ਐਨਾ ਕੁ ਤਾਂ ਖਿਆਲ ਕਰ ਲਵੇ ਕਿ ਜੋ ਜਿਮੀਂਦਾਰ ਘਰੋਂ ਇਕੱਲੇ ਨੇ, ਉਨ੍ਹਾਂ ਦੀ ਦੋ ਸਮੇਂ ਦੀ ਰੋਟੀ ਤੇ ਚਾਹ ਦੇ ਇੰਤਜ਼ਾਮ ਲਈ ਮੰਡੀਆਂ ’ਚ ਸਰਕਾਰੀ ਕੰਟੀਨਾਂ ਦਾ ਪ੍ਰਬੰਧ ਈ ਕਰ ਦਵੇ। ਆਖ਼ਰ ਕੁਝ ਦਿਨਾਂ ਦੀ ਹੀ ਤਾਂ ਗੱਲ ਹੁੰਦੀ ਐ ਪੀਣ ਨੂੰ ਪਾਣੀ ਵੀ ਨ੍ਹੀਂ ਮਿਲਦਾ ਮੰਡੀਆਂ ’ਚ ਬੈਠੇ ਕਿਸਾਨਾਂ ਨੂੰ ਕਈ ਕਿਸਾਨਾਂ ਦੇ ਤਾਂ ਘਰੋਂ ਰੋਟੀ-ਚਾਹ ਪਹੁੰਚਾਉਣ ਵਾਲਾ ਵੀ ਨ੍ਹੀਂ ਹੁੰਦਾ। ਬਿਲਕੁਲ ਕੱਲ੍ਹੇ ਹੁੰਦੇ ਨੇ ਹਾਲਾਤ ਦਾ ਮੁਕਾਬਲਾ ਕਰਨ ਵਾਲੇ’’ ਐਨੇ ਨੂੰ ਨਾਲ ਹੀ ਪੈਰਾਂ ਭਾਰ ਗੋਡਿਆਂ ’ਤੇ ਠੋਡੀ ਰੱਖ ਕੇ ਬੈਠਾ ਨਾਲ ਲੱਗਦੇ ਪਿੰਡ ਦਾ ਕਮਜ਼ੋਰ ਜਿਹੀ ਹਾਲਤ ਦਾ ਕਿਸਾਨ ਬੋਲਿਆ, ‘‘ਪਾੜ੍ਹਿਆ! ਕਹਿਣਾ ਤਾਂ ਨ੍ਹੀਂ ਚਾਹੀਦਾ ਪਰ ਅਸੀਂ ਤਾਂ ਨਹਾਉਣ ਤੇ ਜੰਗਲ-ਪਾਣੀ ਜਾਣਤੋਂ ਵੀ ਔਖੇ ਆਂ ਘੱਟੋ-ਘੱਟ ਸਰਕਾਰ ਸਾਰੀਆਂ ਅਨਾਜ ਮੰਡੀਆਂ ’ਚ ਨਹਾਉਣ ਘਰਾਂ ਤੇ ਜੰਗਲ-ਪਾਣੀ ਜਾਣ ਦਾ ਪ੍ਰਬੰਧ ਤਾਂ ਕਰ ਦਵੇ। ਅਸੀਂ ਤਾਂ ਇਨ੍ਹਾਂ ਦੋ ਜ਼ਰੂਰੀ ਕੰਮਾਂ ਲਈ ਵੀ ਜਗ੍ਹਾ ਭਾਲਦੇ ਦੁਪਹਿਰਾ ਕਰ ਲੈਂਦੇ ਆਂ ਇਹ ਤਾਂ ਕਿਸਾਨਾਂ ਦਾ ਆਪਸੀ ਪਿਆਰ ਐ ਕਿ ਇੱਕ-ਦੂਜੇ ਦੀ ਢੇਰੀ ਦੀ ਰਾਖੀ ਕਰਕੇ ਵਾਰੀ-ਵਾਰੀ ਅਸੀਂ ਜੰਗਲ-ਪਾਣੀ ਜਾ ਆਉਣੇ ਆਂ ਨਹੀਂ ਤਾਂ ਪੈ ’ਗੀ ਪੂਰੀ ।

ਮੈਂ ਉਨ੍ਹਾਂ ਦੇ ਦਰਦਾਂ ਨੂੰ ਸਮਝਦਾ ਹੋਇਆ ਦਿਲਾਸੇ ਭਰੀ ਆਵਾਜ਼ ’ਚ ਉਨ੍ਹਾਂ ਦੀ ਹਾਂ ’ਚ ਹਾਂ ਮਿਲਾ ਕੇ ਇਹ ਕਹਿੰਦਾ ਹੋਇਆ ਉੱਥੋਂ ਤੁਰ ਪਿਆ ਕਿ ਸਰਕਾਰ ਨੂੰ ਕਣਕ ਦੀ ਖ਼ਰੀਦ ਜਲਦੀ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ । ਮੰਡੀਆਂ ਦੇ ਨੇੜੇ ਸਰਕਾਰੀ ਕੰਟੀਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ 10-10 ਕਿਲੋਮੀਟਰ ਦੂਰ ਸਵੇਰੇ-ਸ਼ਾਮ ਰੋਟੀ ਖਾਣ ਘਰ ਨਾ ਜਾਣਾ ਪਵੇ। ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨਹਾਉਣ-ਧੋਣ ਤੇ ਪਖਾਨਿਆਂ ਦੇ ਵਧੀਆ ਸਾਫ਼-ਸੁਥਰੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਮੇਰੇ ਦੇਸ਼ ਦਾ ਅੰਨਦਾਤਾ ਮੰਡੀਆਂ ’ਚ ਲਿੱਬੜਿਆ-ਤਿੱਬੜਿਆ ਤੇ ਭੁੱਖਾ ਨਾ ਰਹੇ।

ਸੰਪਰਕ: +91 94683 34603

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ