Sat, 13 July 2024
Your Visitor Number :-   7183006
SuhisaverSuhisaver Suhisaver

ਕਿੰਨੀ ਕੁ ਸਹੀ ਹੈ ਸਮਾਰਟ ਫੋਨਾਂ ਦੀ ਹੋੜ -ਬਲਕਰਨ ਕੋਟ ਸ਼ਮੀਰ

Posted on:- 13-08-2015

suhisaver

ਕੋਈ ਸਮਾਂ ਸੀ ਜਦੋਂ ਲੋਕੀ ਆਪਣੀ ਸੁੱਖ ਸਾਂਦ ਦਾ ਪਤਾ ਪਿੰਡ ’ਚੋਂ ਕਿਸੇ ਦੇ ਰਿਸ਼ਤੇਦਾਰੀ ’ਚ ਮਿਲਣ ਜਾਣ ਵੇਲੇ ਹੀ ਭੇਜ ਦਿੰਦੇ ਸੀ ਕਿ ਕਹਿ ਦੇਣਾ ਭਾਈ ਸਭ ਸੁੱਖ ਸਾਂਦ ਹੈ,ਤੇ ਦੂਸਰੇ ਪਾਸੇ ਦੀ ਸੁੱਖ ਸਾਂਦ ਵਾਪਸ ਆ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਂਦੀ ਸੀ। ਅਤਿ ਦਰਦ ਵਾਲੇ ਸੁਨੇਹੇ ਕੁਝ ਦੇਰ ਨਾਲ ਪਹੁੰਚਣ ਕਾਰਨ ਉਹ ਆਪਣਾ ਦਰਦ ਘਟਾ ਦਿੰਦੇ ਜਾਂ ਵਿਚਾਲੇ ਸੁਨੇਹਾ ਲਿਆਉਣ ਵਾਲੇ ਲੋਕ ਸਹਿਜ ਸਿਆਣਪ ਵਾਲੇ ਹੋਣ ਕਰਕੇ ਗੱਲ ਕਰਨ ਵੇਲੇ ਸੋਚ ਸਮਝ ਤੋਂ ਕੰਮ ਲੈਂਦੇ ਸੀ। ਸ਼ਾਇਦ ਏਸੇ ਲਈ ਉਸ ਵਕਤ ਕਿਸੇ ਚਿਹਰੇ ਤੇ ਅੱਜ ਵਾਂਗੂ ਤਣਾਅ ਨਹੀਂ ਸੀ ਹੁੰਦਾ। ਬੇਸ਼ੱਕ ਤਕਨੋਲੋਜੀ ਨੇ ਸਾਡੀਆਂ ਸੁਵਿਧਾਵਾਂ ਬਹੁਤ ਵਧਾਈਆਂ ਹਨ, ਅਤੇ ਇਨਸਾਨੀ ਜ਼ਿੰਦਗੀ ਨੂੰ ਬਿਹਤਰੀਨ ਕੀਤਾ ਹੈ। ਘੰਟਿਆਂ ’ਚ ਹੋਣ ਵਾਲਾ ਕੰਮ ਮਿੰਟਾਂ, ਸਕਿੰਟਾਂ ਚ ਕਰਨਾ ਸਿਖਾ ਦਿੱਤਾ ਹੈ।

ਅਣਜਾਣ ਰਾਹਾਂ ’ਤੇ ਕਿਸੇ ਤੋਂ ਰਾਹ ਪੁੱਛਣ ਦੀ ਖੇਚਲ ਵੀ ਨਹੀਂ ਕਰਨੀ ਪੈਂਦੀ। ਗੂਗਲ ਮੈਪ ’ਚੋਂ ਹੀ ਸਾਰਾ ਰਸਤਾ, ਦੂਰੀ , ਦਿਸ਼ਾਵਾਂ ਲੱਭ ਲਈਆਂ ਜਾਂਦੀਆਂ ਨੇ। ਪ੍ਰੰਤੂ ਕੋਈ ਵੀ ਮੁਲਵਾਨ ਵਸਤੂ ਜਾਂ ਸੇਵਾ ਦਾ ਲਾਭ ਤਾਂ ਹੀ ਹੈ ਜੇਕਰ ਉਸਦੀ ਸੁਚੱਜੀ ਤੇ ਯੋਗ ਵਰਤੋਂ ਹੋਵੇ, ਨਹੀਂ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ।

ਕੀ ਛੋਟਾ ਕੀ ਵੱਡਾ, ਅੱਜ ਕੱਲ੍ਹ ਹਰ ਇੱਕ ਦੇ ਹੱਥ ਵਿੱਚ ਤੁਹਾਨੂੰ ਸਮਾਰਟ ਫੋਨ ਨਜ਼ਰ ਆਵੇਗਾ। ਬੇਸ਼ੱਕ ਅਸ਼ੀਂ ਇੱਕ ਸਮਾਰਟ ਫੋਨ ਦੇ ਅੱਧੇ ਫੰਕਸ਼ਨ ਵੀ ਵਰਤੋਂ ’ਚ ਨਹੀਂ ਲਿਆ ਪਾਉਂਦੇ ਪਰ ਫੇਰ ਵੀ ਰੀਸੋ ਰੀਸ ਮਹਿੰਗੇ ਮਹਿੰਗੇ ਫੋਨ ਰੱਖਣਾ ਇੱਕ ਫੈਸ਼ਨ ਬਣ ਗਿਆ। ਦੂਸਰੀ ਗੱਲ ਇੱਕ ਸਮਾਰਟ ਫੋਨ ਜੋ ਮਾਰਕੀਟ ਵਿੱਚ ਅੱਜ ਆ ਗਿਆ ਦੋ ਮਹੀਨੇ ਬਾਅਦ ਕੰਪਨੀ ਉਸੇ ਹੈਂਡਸੈੱਟ ਦੀ ਕੀਮਤ ਲੱਗਭਗ ਅੱਧੀ ਕਰ ਦਿੰਦੀ ਹੈ, ਜਾਂ ਫੇਰ 2 ਜਾਂ 3 ਮਹੀਨਿਆਂ ਬਾਅਦ ਓਹੀ ਕੰਪਨੀ ਓਨੀ ਹੀ ਕੀਮਤ ਤੇ ਕਈ ਗੁਣਾ ਵੱਧ ਕੀਮਤ ਵਾਲਾ ਹੈਂਡ ਸੈਟ ਪੇਸ਼ ਕਰ ਦਿੰਦੀ ਹੈ, ਜਿਸ ਨਾਲ ਵੀ ਆਮ ਲੋਕ ਖਾਹ਼ ਮਖ਼ਾਹ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਕਈ ਤਾਂ ਵਿਚਾਰੇ ਝੋਰਾ ਕਰੀ ਜਾਣਗੇ ।

ਏਨੇ ਵੰਨ ਸੁਵੰਨੇ ਮਾਡਲ ਮਾਰਕੀਟ ਵਿੱਚ ਸਾਰੀਆਂ ਕੰਪਨੀਆਂ ਨੇ ਕੰਪੀਟੀਸ਼ਨ ਕਾਰਨ ਰੇਟ ਘਟਾ ਘਟਾ ਕੇ ਪੇਸ਼ ਕੀਤੇ ਹੋਏ ਹਨ। ਕਹਿਣ ਦਾ ਭਾਵ ਸਮਾਰਟ ਫੋਨ ਖ੍ਰੀਦਣ ਲਈ ਮੱਲੋਜ਼ੋਰੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਨੂੰ ਖ਼ਰੀਦ ਕੇ ਹਰ ਕੋਈ ਆਪਣੀ ਸ਼ਾਨ ਵਧਾਉਣੀ ਚਾਹੁੰਦਾ ਹੈ। ਜੇ ਕੋਈ ਟਾਵਾਂ ਟਾਵਾਂ ਇਹ ਸਭ ਕਾਸੇ ਤੋਂ ਦੂਰ ਰਹਿਣ ਦੀ ਕੋਸਿ਼ਸ਼ ਕਰਦਾ ਵੀ ਹੈ ਤਾਂ ਉਸਦੇ ਸੰਗੀ ਸਾਥੀ ਉਸਨੂੰ ਤਾਹਨੇ ਕੱਸ ਕੱਸ ਕੇ ਇਸ ਹੱਦ ਤੱਕ ਮਜ਼ਬੂਰ ਕਰ ਦਿੰਦੇ ਹਨ ਕਿ ਉਸ ਨੂੰ ਨਾ ਚਾਹੁੰਦਿਆਂ ਜਾਂ ਬਿਨਾਂ ਲੋੜ ਤੋਂ ਵੀ ਉਨ੍ਹਾਂ ਦਾ ਮੂੰਹ ਮੱਥਾ ਰੱਖਣ ਲਈ ਖ੍ਰੀਦ ਕੇ ਖਹਿੜ੍ਹਾ ਛੁਡਾਉਣਾ ਪੈਂਦਾ ਹੈ। ਫਿਰ ਉਸਦੇ ਸਾਥੀ ਉਸਦਾ ਨਵਾਂ ਹੈਂਡਸੈੱਟ ਆਪਣੇ ਹੱਥਾਂ ਵਿੱਚ ਫੜ੍ਹ ਕੇ ਆਖਣਗੇ , ਹੁਣ ਬਣੀ ਨਾ ਗੱਲ, ਐਵੇਂ ਹੀ ਨਿਕੰਮਾਂ ਜਿਹਾ ਸੈਟ ਚੱਕੀ ਫਿਰਦਾ ਸੀ। ਹੁਣ ਵਧੀਆ ਆਪਾਂ ਚੈਟ ਕਰਿਆ ਕਰਾਂਗੇ। ਅਸੀਂ ਤੈਨੂੰ ਬਹੁਤ ਵਧੀਆ ਵੀਡੀਓ ਤੇ ਪਿੱਕ ਭੇਜਿਆ ਕਰਾਂਗੇ। ਅੰਦਰੋਂ ਹਮਾਤੜ -ਤਮਾਤੜ ਸੋਚਣ ਲਗਦਾ ਹੈ ਕਿ ਆਹੀ ਪੈਸੇ ਦਾ ਉਪਯੋਗ ਬੱਚੇ ਦੀ ਫੀਸ ਭਰਨ ਲਈ ਕੀਤਾ ਹੁੰਦਾ, ਕਿੰਨਾ ਚੰਗਾ ਹੁੰਦਾ , ਕੰਮ ਤਾਂ ਮੇਰਾ ਪੁਰਾਣੇ ਮੋਬਈਲ ਨਾਲ ਵੀ ਚੱਲੀ ਜਾਂਦਾ ਸੀ, ਚਲੋ ਹੁਣ ਫਸ ਗਈ ਤਾਂ ਫਟਕਣ ਕੀ।

ਮਾਰਕੀਟ ਵਿੱਚ ਹਰ ਰੋਜ਼ ਜੋ ਧੜਾ-ਧੜ ਮੋਬਾਈਲ ਵਿਕ ਰਿਹਾ ਹੈ ਕੀ ਇਸ ਦੀ ਏਨ੍ਹੀ ਜ਼ਰੂਰਤ ਹੈ। ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਸਮਾਰਟ ਫੋਨਾਂ ਦੇ ਇਸ ਵਧਦੇ ਰੁਝਾਨ ਨੇ ਆਮ ਘਰਾਂ ਵਿੱਚ ਪੁਆੜੇ ਪੁਆ ਕੇ ਰੱਖੇ ਹੋਏ ਹਨ, ਮੀਆਂ ਬੀਬੀ ਸਾਰਾ ਸਾਰਾ ਦਿਨ ਇੱਕ ਦੂਸਰੇ ਨਾਲ ਖਫ਼ਾ ਰਹਿੰਦੇ ਹਨ। ਬੱਚੇ ਆਪਣੀ ਪੜ੍ਹਾਈ ਵਿੱਚ ਵਿਚਾਲੇ ਛੱਡ ਕੇ ਇਨਟਰਨੈੱਟ ਵਿੱਚ ਉਲਝੇ ਰਹਿੰਦੇ ਹਨ, ਨੌਜਵਾਨ ਪੀੜ੍ਹੀ ਇਸ ਇਸਦੇ ਜ਼ਰੀਏ ਰਾਹੋਂ ਕੁਰਾਹੇ ਪਈ ਹੋਈ ਹੈ, ਨੌਜਵਾਨਾਂ ਦੀ ਵਿਗੜ ਰਹੀ ਮਾਨਸਿਕ ਸਥਿਤੀ ਅਤੇ ਵਧ ਰਹੀ ਅਪਰਾਧਕ ਪ੍ਰਵਿਰਤੀ ਏਸੇ ਦੀ ਦੇਣ ਹੈ।

ਵੱਡੇ ਪੱਧਰ ਤੇ ਸਮੇਂ ਦੀ ਬਰਬਾਦੀ ਦਾ ਮੁੱਢ ਇਨ੍ਹਾਂ ਹੈਂਡਸੈਟਾਂ ਦੀ ਵਰਤੋਂ ਨੇ ਬੰਨ੍ਹਿਆ ਹੈ ਕਿਉਂ ਕਿ ਨੌਜਵਾਨ ਪੀੜ੍ਹੀ ਘੰਟਿਆਂ ਬੱਧੀ ਫੇਸਬੁੱਕ, ਵੱਟਸਐਪ ਤੇ ਅੱਖਾਂ ਟਿਕਾ ਕੇ ਮਗਨ ਹੋਈ ਰਹਿੰਦੀ ਹੈ। ਜ਼ਰੂਰੀ ਕੰਮਾਂ ਅਤੇ ਪੜ੍ਹਨ ਦਾ ਸਮਾਂ ਵੀ ਏਸੇ ਦੀ ਭੇਂਟ ਚੜ੍ਹ ਜਾਂਦਾ ਹੈ। ਜਵਾਨੀ ਦਾ ਇਹ ਸਮਾਂ ਅਤਿ ਸੁਨਹਿਰੀ ਅਤੇ ਚੰਗੇ ਭਵਿੱਖ ਦਾ ਸਿਰਜਕ ਹੋ ਸਕਦਾ ਹੈ, ਜੋ ਚੈਟ ਕਰਨ ਚ ਬਤੀਤ ਹੋ ਜਾਂਦਾ ਹੈ।ਵਕਤ ਬੀਤ ਜਾਣ ਤੇ ਨਾ ਬੀਤਿਆ ਸਮਾਂ ਲਭਦਾ ਹੈ ਤੇ ਨਾ ਚੈਟ ਕਰਨ ਵਾਲੇ ਦੋਸਤ।

ਇੱਕ ਪਾਸੇ ਤਾਂ ਹਰ ਕੋਈ ਵਕਤ ਨਾ ਹੋਣ ਦੀ ਦੁਹਾਈ ਪਾ ਰਿਹਾ ਹੈ, ਦੂਜੇ ਪਾਸੇ ਅਸੀਂ ਸਮਾਰਟ ਫੋਨਾਂ ਤੇ ਆਪਣਾ ਕਿੰਨਾ ਕਿੰਨਾਂ ਸਮਾਂ ਅਜਾਈ ਗੁਆ ਦਿੰਦੇ ਹਾਂ। ਸੱਚ ਤਾਂ ਇਹ ਹੈ ਕਿ ਅਜੇ ਤੱਕ ਸਾਨੂੰ ਵਕਤ ਤੇ ਪੈਸਾ ਵਰਤਣਾ ਹੀ ਨਹੀਂ ਆਇਆ।ਫੇਰ ਰਹਿੰਦੀ ਕਸਰ ਅਸੀਂ ਉਸ ਸਮੇਂ ਪੂਰੀ ਕਰ ਦਿੰਦੇ ਹਾਂ ਕਿ ਸਮਾਰਟ ਫੋਨਾਂ ਦੇ ਵਰਤਣ ਦਾ ਚੱਜ ਅਚਾਰ ਵੀ ਨਹੀਂ ਸਿਖਦੇ। ਕਈ ਵਾਰ ਡਰਾਈਵਿੰਗ ਕਰਦੇ ਵਕਤ ਵੀ ਅਸੀਂ ਵਟਸਐਪ ਤੇ ਆਏ ਮੈਸ਼ਜ ਨੂੰ ਦੇਖਣਾ ਜ਼ਰੂਰੀ ਸਮਝਦੇ ਹਾਂ ਤੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਇਸ ਨਾਲ ਅਸੀਂ ਨਾ ਸਿਰਫ਼ ਆਪਣੀ ਸਗੋਂ ਸਾਹਮਣੇ ਵਾਲੇ ਦੀ ਜਾਨ ਵੀ ਜ਼ੋਖਮ ਚ ਪਾਉਣ ਤੋਂ ਗੁਰੇਜ਼ ਨਹੀਂ ਕਰਦੇ।

ਸਮਾਰਟ ਫੋਨਾਂ ਵਿੱਚ ਨਵੇਂ ਨਵੇਂ ਐਪ ਡਾਊਨਲੋਡ ਕਰਨ ਦੀ ਸੁਵਿਧਾ ਨੇ ਇਨਸਾਨੀ ਫਿਤਰਤ ਨੂੰ ਹੋਰ ਵੀ ਚਕਾਚੌਂਧ ਕੀਤਾ ਹੈ। ਸਮਾਰਟ ਫੋਨ ਜ਼ਰੀਏ ਰੋਜ਼ ਕੋਈ ਨਾ ਕੋਈ ਐਪ ਡਾਊਨਲੋਡ ਕਰੋ ਤੇ ਫਿਰ ਲੱਗੇ ਰਹੋ ਨਵੇਂ ਨਵੇਂ ਤਜ਼ਰਬੇ ਕਰਨ। ਇਹ ਅਤਿਅੰਤ ਸਮੁੰਦਰ ਵਰਗੇ ਦਇਰੇ ਵਾਲਾ ਖੇਤਰ ਹੈ, ਕਿੰਨਾ ਚੰਗਾ ਹੋਵੇ ਜੇ ਅਸੀਂ ਆਪਣੀਆਂ ਲੋੜਾਂ ਅਤੇ ਆਮਦਨੀ ਅਤੇ ਆਪਣੇ ਵਕਤ ਦੇ ਮੱਦੇ ਨਜ਼ਰ ਹੀ ਆਪਣੇ ਫੈਸਲੇ ਲਿਆ ਕਰੀਏ। ਜ਼ਿੰਦਗੀ ਦੇ ਨਿਸ਼ਾਨੇ ਸਰ ਕਰਨ ਲਈ ਅਜਿਹੀ ਭਟਕਣ ਤੋਂ ਖੁਦ ਵੀ ਬਚੀਏ ਤੇ ਹੋਰਾਂ ਨੂੰ ਵੀ ਬਚਾਈਏ।

ਸਮੇਂ ਦੀ ਚਾਲ ਨਾਲ ਚੱਲਣਾ ਕੋਈ ਮਾੜੀ ਗੱਲ ਨਹੀਂ , ਤਕਨਾਲੋਜੀ ਦੇ ਜ਼ਰੀਏ ਰੋਜ਼ ਨਵਾਂ ਨਵਾਂ ਗਿਆਨ ਇੱਕਤਰ ਕਰਨਾ ਜਾਂ ਅਗਾਂਹਵਧੂ ਅਤੇ ਊਸਾਰੂ ਸਮੀਕਰਨਾਂ ਨਾਲ ਜੁੜਨਾ ਵੀ ਗਲਤ ਨਹੀਂ , ਪ੍ਰੰਤੂ ਆਪਣੀਆਂ ਲੋੜਾਂ ਜਾਂ ਥੁੜਾਂ ਨੂੰ ਨਾ ਸਾਹਮਣੇ ਰੱਖ ਕੇ ਫੈਸਲੇ ਲੈਣਾ, ਜਾਂ ਰੀਸੋ ਰੀਸ ਹੀ ਆਪਣਾ ਝੁੱਗਾ ਚੌੜ ਕਰਾਈ ਜਾਣਾ ਸਿਅਣਪ ਨਹੀਂ,ਸਮਾਰਟ ਫੋਨਾਂ ਦੀ ਹੋੜ ਵਿੱਚ ਅਸੀਂ ਜ਼ਿੰਦਗੀ ਦੇ ਕਿਤੇ ਬਾਕੀ ਰਸ ਫਿੱਕੇ ਨਾ ਪਾ ਲਈਏ, ਆਓ ਸੋਚੀਏ ਜਿ਼ੰਦਗੀ ਚ ਅਗਾਂਹਵਧੂ ਹੋਣਾ ਕਿਸੇ ਫੈਸ਼ਨ ਦਾ ਨਾਂ ਨਹੀਂ ਸਗੋਂ ਸੰਤੁਲਨ ਬਣਾ ਕੇ ਸਹਿਜਤਾ ਨਾਲ ਕੀਤਾ ਹਰ ਕੰਮ ਹੈ, ਜੋ ਸਾਡੇ ਸਮੁੱਚੇ ਸਮਾਜ ਦੇ ਵਿਕਾਸ ਨੂੰ ਨਾਲ ਲੈ ਕੇ ਚੱਲਦਾ ਹੈ।'

ਸੰਪਰਕ: +91 75080 92957

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ