Sun, 18 February 2018
Your Visitor Number :-   1142580
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਔਰਤਾਂ ਵਿੱਚ ਕੈਂਸਰ ਜਾਗਰੂਕਤਾ ਜ਼ਰੂਰੀ - ਹਰਗੁਣਪ੍ਰੀਤ ਸਿੰਘ

Posted on:- 04-02-2018

suhisaver

ਅੱਜ ਵਿਸ਼ਵ ਕੈਂਸਰ ਦਿਵਸ ’ਤੇ ਵਿਸ਼ੇਸ਼

ਸਰੀਰ ਦੇ ਸੈੱਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ‘ਕੈਂਸਰ’ ਕਿਹਾ ਜਾਂਦਾ ਹੈ।ਭਾਵੇਂ ਵਿਗਿਆਨ ਅਜੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕਿਆ ਪਰੰਤੂ ਫ਼ਿਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵੱਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ।ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ.ਐੱਚ.ਓ.) ਦੀ 2017 ਦੀ ਰਿਪੋਰਟ ਨੇ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ, ਕਿਉਂਕਿ ਸਾਲ 2015 ਵਿਚ ਕੈਂਸਰ ਨਾਲ ਵਿਸ਼ਵ ਵਿਚ ਲਗਭਗ 90 ਲੱਖ ਮੌਤਾਂ ਹੋਈਆਂ ਸਨ।ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੀ 2016 ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ ਸਾਲ ਲਗਭਗ ਨੌ ਲੱਖ ਵਿਅਕਤੀ ਕੈਂਸਰ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ ਜਿਨ੍ਹਾਂ ਵਿਚ ਔਰਤਾਂ ਦੀ ਸੰਖਿਆ ਪੁਰਸ਼ਾਂ ਦੇ ਮੁਕਾਬਲੇ ਵੱਧ ਹੁੰਦੀ ਹੈ।ਇਸ ਰਿਪੋਰਟ ਨੇ ਛਾਤੀ ਦੇ ਕੈਂਸਰ (ਬਰੈੱਸਟ ਕੈਂਸਰ) ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਬੱਚੇ ਦਾਨੀ ਦੇ ਮੂੰਹ ਦੇ ਕੈਂਸਰ (ਸਰਵਿਕਸ ਕੈਂਸਰ) ਨੂੰ ਦੂਸਰੇ ਸਥਾਨ ੳੁੱਪਰ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਹੈ।

ਨੈਸ਼ਨਲ ਇਨਸਟੀਚਿਊਟ ਆਫ਼ ਕੈਂਸਰ ਪਰੀਵੈਨਸ਼ਨ ਐਂਡ ਰਿਸਰਚ ਨੋਇਡਾ ਦੀ 2017 ਦੀ ਰਿਪੋਰਟ ਅਨੁਸਾਰ ਵੀ 27 ਪ੍ਰਤੀਸ਼ਤ ਭਾਰਤੀ ਔਰਤਾਂ ਬਰੈਸਟ ਕੈਂਸਰ ਅਤੇ 23 ਪ੍ਰਤੀਸ਼ਤ ਔਰਤਾਂ ਸਰਵਿਕਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ।ਇਸ ਰਿਪੋਰਟ ਮੁਤਾਬਿਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।

ਫ਼ੈਡਰੇਸ਼ਨ ਆਫ਼ ਇੰਡੀਅਨ ਚੈਮਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐਫ਼.ਆਈ.ਸੀ.ਸੀ.ਆਈ.) ਦੀ 2017 ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤੱਕ ਨਿਰੰਤਰ ਵੱਧਦੀ ਜਾ ਰਹੀ ਹੈ ਕਿ ਦੁਨੀਆ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ।ਇਸ ਰਿਪੋਰਟ ਨੇ ਬੜੇ ਹੈਰਾਨੀਜਨਕ ਤੱਥ ਪੇਸ਼ ਕੀਤੇ ਕਿ ਕੈਂਸਰ ਦਾ ਇਲਾਜ ਕਰਵਾ ਰਹੀਆਂ 2000 ਔਰਤਾਂ ਵਿੱਚੋਂ 1200 ਔਰਤਾਂ ਨੂੰ ਤੀਸਰੀ ਜਾਂ ਆਖਰੀ ਸਟੇਜ ੳੁੱਤੇ ਕੈਂਸਰ ਹੋਣ ਬਾਰੇ ਪਤਾ ਚੱਲਿਆ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਦੀਆਂ ਔਰਤਾਂ ਇਸ ਬਿਮਾਰੀ ਸਬੰਧੀ ਬਹੁਤ ਘੱਟ ਜਾਗਰੂਕ ਹਨ।   

ਬੜੇ ਦੁਖ ਅਤੇ ਚਿੰਤਾ ਦੀ ਗੱਲ ਹੈ ਕਿ ਪੰਜਾਬ ਨੂੰ ਪਿਛਲੇ ਕੁਝ ਸਾਲਾਂ ਤੋਂ ‘ਕੈਂਸਰ ਕੈਪੀਟਲ’ ਕਰਕੇ ਵੀ ਜਾਣਿਆ ਜਾਣ ਲੱਗਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ ਤੋਂ ਦਸੰਬਰ 2012 ਤੱਕ ਕਰਵਾਏ ਗਏ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਲੱਖ ਜਨਸੰਖਿਆ ਪਿੱਛੇ 90 ਕੈਂਸਰ ਦੇ ਮਰੀਜ਼ ਸਨ, ਜਦਕਿ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਜਨਸੰਖਿਆ ਪਿੱਛੇ ਘੱਟ ਕੇ 80 ਰਹਿ ਜਾਂਦੀ ਹੈ।ਇਸ ਸਰਵੇਖਣ ਅਨੁਸਾਰ ਪੰਜਾਬ ਵਿਚ ਸਾਲ 2007 ਤੋਂ 2012 ਤੱਕ ਕੈਂਸਰ ਨਾਲ 33,318 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ 14,682 ਮਰੀਜ਼ ਕੇਵਲ ਮਾਲਵਾ ਖੇਤਰ ਦੇ ਹੀ ਸਨ।ਇਸੇ ਪ੍ਰਕਾਰ ਹੀ ਜਨਵਰੀ 2013 ਵਿਚ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ਉਤੇ ਕਰਵਾਈਆਂ ਜਨਸੰਖਿਆ ਅਧਾਰਿਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਬਰੈੱਸਟ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ ਅਤੇ ਫ਼ਿਰ ਸਰਵਿਕਸ ਕੈਂਸਰ ਤੋਂ ਪੀੜਤ ਸਨ।ਇਨ੍ਹਾਂ ਰਜਿਸਟਰੀਆਂ ਦੁਆਰਾ ਇਹ ਵੀ ਪਤਾ ਲੱਗਿਆ ਕਿ ਜਿੱਥੇ ਔਰਤਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ 6% ਤੋਂ 13% ਤੱਕ ਹੁੰਦੀ ਹੈ ਉੱਥੇ ਮਰਦਾਂ ਵਿਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਘਟ ਕੇ 5% ਤੋਂ 11% ਤੱਕ ਹੀ ਰਹਿ ਜਾਂਦੀ ਹੈ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਹ ਚਿੰਤਾ ਪ੍ਰਗਟਾਈ ਕਿ ਸੰਸਾਰ ਭਰ ਵਿਚ ਪੰਜਾਬ ਵਿਚ ਕੈਂਸਰ ਕਾਰਨ ਸਭ ਤੋਂ ਵੱਧ ਜਾਨਾਂ ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ‘ਵਰਲਡ ਕੈਂਸਰ ਕੈਪੀਟਲ’ ਬਣ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਰੋਜ਼ਾਨਾ 43 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ ਜਿਨ੍ਹਾਂ ਵਿਚੋਂ 36 ਕੇਵਲ ਔਰਤਾਂ ਹੀ ਹਨ, ਜੋ ਬਰੈਸਟ ਅਤੇ ਸਰਵਿਕਸ ਕੈਂਸਰ ਦਾ ਸਹੀ ਸਮੇਂ ੳੁੱਤੇ ਇਲਾਜ ਨਾ ਕਰਵਾਉਣ ਕਰਕੇ ਆਪਣੀਆਂ ਜਾਨਾਂ ਗੁਆ ਰਹੀਆਂ ਹਨ।ਭਾਵੇਂ ਪੰਜਾਬ ਵਰਤਮਾਨ ਸਮੇਂ ਵਿਚ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰੰਤੂ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਅਤੇ ਜਾਨਲੇਵਾ ਬਿਮਾਰੀ ਹੈ ਜੋ ਬਹੁਤ ਜਲਦੀ ਫੈਲਦੀ ਹੈ ਅਤੇ ਇਸ ਨਾਲ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ।ਇਸ ਧਾਰਨਾ ਨੂੰ ਬਦਲਣ ਅਤੇ ਲੋਕਾਂ ਵਿਚ ਜਾਗਰੂਕਤਾ ਫ਼ੈਲਾਉਣ ਲਈ ਮੀਡੀਆ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਅਖਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਅਤੇ ਇੰਟਰਵਿਊ ਜਿੱਥੇ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ ਉੱਥੇ ਇਸ ਬਿਮਾਰੀ ਉਤੇ ਜਿੱਤ ਪ੍ਰਾਪਤ ਕਰ ਚੁੱਕੇ ਵਿਅਕਤੀਆਂ (ਕੈਂਸਰ ਸਰਵਾਈਵਰਾਂ) ਦੇ ਤਜਰਬੇ ਸਾਂਝੇ ਕਰਕੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ।ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ ਅਤੇ ਮਨੀਸ਼ਾ ਕੋਇਰਾਲਾ ਤੋਂ ਇਲਾਵਾ ਹਾਲੀਵੱਡ ਅਦਾਕਾਰਾ ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫ਼ਿਲਮਾਂ ਅਤੇ ਡਾਕੂਮੈਂਟਰੀਆਂ ਦੁਆਰਾ ਮੀਡੀਆ ਦਾ ਉਸਾਰੂ ਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣਾਕੇ ਇਕ ਮਿਸਾਲ ਕਾਇਮ ਕੀਤੀ।ਲੇਖਿਕਾ ਮਿਨਾਕਸ਼ੀ ਚੌਧਰੀ ਦੀ ਪੁਸਤਕ ‘ਸਨਸ਼ਾਈਨ: ਮਾਈ ਇਨਕਾਊਂਟਰ ਵਿਦ ਕੈਂਸਰ’, ਰਾਸ਼ਟਰੀ ਪੱਧਰ ਦੀ ਖਿਡਾਰਨ ਪ੍ਰੇਰਨਾ ਵਰਮਾ ਦੀ ਪੁਸਤਕ ‘ਪ੍ਰੇਰਨਾ’, ਨੀਲਮ ਕੁਮਾਰ ਦੀ ਪੁਸਤਕ ‘ਟੂ ਕੈਂਸਰ ਵਿਦ ਲਵ: ਮਾਈ ਜਰਨੀ ਆਫ਼ ਜੌਏ’ ਅਤੇ ਅਨੀਤਾ ਮੂਰਜਾਨੀ ਦੀ ਪੁਸਤਕ ‘ਡਾਈਂਗ ਟੂ ਬੀ ਮੀ: ਮਾਈ ਜਰਨੀ ਫ਼ਰੌਮ ਕੈਂਸਰ ਟੂ ਨੀਅਰ ਡੈੱਥ’ ਆਦਿ ਪ੍ਰੇਰਕ ਪੁਸਤਕਾਂ ਜੋ ਇੰਟਰਨੈੱਟ ਉੱਤੇ ਵੀ ਉਪਲਬਧ ਹਨ, ਕੈਂਸਰ ਦੇ ਮਰੀਜ਼ਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ।

ਸੰਪਰਕ:+91 94636 19353

Comments

Name (required)

Leave a comment... (required)

Security Code (required)



ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ