Tue, 23 April 2024
Your Visitor Number :-   6993574
SuhisaverSuhisaver Suhisaver

ਰੱਬ ਦੇ ਨੇੜੇ ਕੌਣ? -ਹਰਗੁਣਪ੍ਰੀਤ ਸਿੰਘ

Posted on:- 15-07-2015

suhisaver

ਰੱਬ ਦੇ ਨੇੜੇ ਕੌਣ ਹੈ? ਇਹ ਬਹੁਤ ਦਿਲਚਸਪ ਸਵਾਲ ਹੈ।ਸਾਡਾ ਮੰਨਣਾ ਹੈ ਕਿ ਰੱਬ ਸਰਬ ਵਿਆਪਕ ਹੈ ਅਤੇ ਸਾਥੋਂ ਦੂਰ ਨਹੀਂ ਹੈ, ਪਰੰਤੂ ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਰੱਬ ਦੇ ਕਿੰਨੇ ਕੁ ਨੇੜੇ ਹਾਂ? ਕੀ ਅਸੀਂ ਅਜਿਹੇ ਕਰਮ ਕਰਦੇ ਹਾਂ ਜੋ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਨਜ਼ਦੀਕ ਪਹੁੰਚਾ ਸਕਣ? ਇਕ ਘਟਨਾ ਨੇ ਮੇਰੇ ਮਨ ਵਿਚ ਵੀ ਅਜਿਹਾ ਸਵਾਲ ਖੜ੍ਹਾ ਕੀਤਾ ਸੀ।ਗੱਲ ਪਿਛਲੇ ਸਾਲ ਜੁਲਾਈ ਮਹੀਨੇ ਦੀ ਹੈ ਜਦੋਂ ਮੈਂ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਣੀ ਸ਼ੁਰੂ ਕੀਤੀ ਸੀ।ਪਹਿਲੇ ਹਫ਼ਤੇ ਤਾਂ ਮੈਂ ਪਟਿਆਲੇ ਦੇ ਬੱਸ ਸਟੈਂਡ ਤੋਂ ਹੀ ਫ਼ਤਹਿਗੜ੍ਹ ਸਾਹਿਬ ਜਾਣ ਲਈ ਬੱਸ ਫ਼ੜ੍ਹਦਾ ਰਿਹਾ ਪਰੰਤੂ ਫ਼ਿਰ ਮੈਂ ਰੋਜ਼ਾਨਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸਕੂਟਰ ਸਟੈਂਡ ਉਤੇ ਆਪਣਾ ਮੋਟਰ ਸਾਈਕਲ ਖੜ੍ਹਾ ਕੇ ਕਾਲਜ ਬਸ ਫ਼ੜ੍ਹਨ ਲੱਗਾ।ਇਕ ਦੋ ਦਿਨ ਤਾਂ ਸਭ ਠੀਕ-ਠੀਕ ਚੱਲਦਾ ਰਿਹਾ ਪਰੰਤੂ ਤੀਜੇ ਦਿਨ ਮੈਨੂੰ ਗੁਰਦੁਆਰਾ ਸਾਹਿਬ ਦੇ ਸਕੂਟਰ ਸਟੈਂਡ ‘ਤੇ ਖੜ੍ਹਾ ਇਕ ਸੇਵਾਦਾਰ ਬੜੇ ਰੁੱਖੇ ਅੰਦਾਜ਼ ਵਿਚ ਕਹਿਣ ਲੱਗਾ, “ਇਹ ਸਟੈਂਡ ਰੋਜ਼ ਵਾਹਨ ਖੜ੍ਹਾਉਣ ਵਾਲਿਆਂ ਵਾਸਤੇ ਨਹੀਂ ਹੈ।ਅੱਗੇ ਨੂੰ ਆਪਣਾ ਮੋਟਰ ਸਾਈਕਲ ਇੱਥੇ ਨਾ ਖੜ੍ਹਾ ਕਰੀਂ।”

ਮੈਂ ਇਹ ਗੱਲ ਚੁਪਚਾਪ ਸੁਣ ਲਈ ਅਤੇ ‘ਠੀਕ ਹੈ ਜੀ’ ਕਹਿ ਕੇ ਕਾਲਜ ਬੱਸ ਚੜ੍ਹ ਗਿਆ।ਭਾਵੇਂ ਕਿ ਉਸ ਸੇਵਾਦਾਰ ਦੀ ਗੱਲ ਦੁਆਰਾ ਮੈਨੂੰ ਇਹ ਪਤਾ ਚੱਲ ਗਿਆ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਰੋਜ਼ ਵਾਹਨ ਖੜ੍ਹਾਉਣ ਦੀ ਇਜਾਜ਼ਤ ਨਹੀਂ ਹੁੰਦੀ ਪਰੰਤੂ ਉਸ ਦੇ ਗੱਲ ਦੱਸਣ ਦਾ ਤਰੀਕਾ ਅਤੇ ਸ਼ਬਦਾਵਲੀ ਠੀਕ ਨਾ ਲੱਗੀ।

ਜਦੋਂ ਮੈਂ ਕਾਲਜ ਵਿਚ ਇਸ ਸਬੰਧੀ ਗੱਲ ਕੀਤੀ ਤਾਂ ਇਹ ਪਤਾ ਲੱਗਾ ਕਿ ਪਟਿਆਲੇ ਤੋਂ ਕਾਲਜ ਜਾਣ ਵਾਲੇ ਕੁਝ ਹੋਰ ਸਟਾਫ਼ ਮੈਂਬਰ ਵੀ ਕਾਫ਼ੀ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਸਟੈਂਡ ਉਤੇ ਹੀ ਆਪਣਾ ਵਾਹਨ ਖੜ੍ਹਾਉਂਦੇ ਸਨ।ਅਗਲੇ ਦਿਨ ਮੈਂ ਜਦੋਂ ਫ਼ਿਰ ਸਟੈਂਡ ਉਤੇ ਆਪਣਾ ਮੋਟਰ ਸਾਈਕਲ ਖੜ੍ਹਾ ਕੇ ਜਾਣ ਲੱਗਾ ਤਾਂ ਉਹ ਸੇਵਾਦਾਰ ਮੈਨੂੰ ਵੇਖਕੇ ਬੜੇ ਗੁੱਸੇ ਨਾਲ ਬੋਲਿਆ, “ਕਾਕਾ! ਤੈਨੂੰ ਕੱਲ੍ਹ ਚੰਗਾ ਭਲਾ ਕਿਹਾ ਤਾਂ ਸੀ ਕਿ ਆਪਣਾ ਮੋਟਰ ਸਾਈਕਲ ਇੱਥੇ ਨਾ ਖੜ੍ਹਾਇਆ ਕਰ, ਜੇ ਇਹ ਚੱਕਿਆ-ਚੁੱਕਿਆ ਗਿਆ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ।”


ਮੈਂ ਉਸ ਨੂੰ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਵਿਚ ਪੜ੍ਹਾਉਂਦਾ ਹਾਂ ਅਤੇ ਮੇਰੇ ਨਾਲ ਦੇ ਹੋਰ ਸਟਾਫ਼ ਮੈਂਬਰ ਵੀ ਆਪਣੇ ਵਾਹਨ ਇੱਥੇ ਖੜ੍ਹਾਉਂਦੇ ਹਨ।ਉਸ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਵਾਹਨ ਖੜ੍ਹਾਉਣ ਲਈ ਜ਼ਰੂਰ ਕਿਸੇ ਨਾ ਕਿਸੇ ਤੋਂ ਕਹਾਇਆ ਹੋਵੇਗਾ।ਜਦੋਂ ਮੈਂ ਪੁੱਛਿਆ ਕਿ ਕਿਸ ਤੋਂ ਕਹਾਇਆ ਹੋਏਗਾ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਮੈਨੂੰ ਤੁਰੰਤ ਆਪਣਾ ਮੋਟਰ ਸਾਈਕਲ ਉਥੋਂ ਲੈ ਜਾਣ ਵਾਸਤੇ ਕਿਹਾ।ਮੈਂ ਉਸ ਉਤੇ ਥੋੜ੍ਹਾ ਪ੍ਰਭਾਵ ਪਾਉਣ ਲਈ ਕਿਹਾ ਕਿ ਮੈਨੂੰ ਗੁਰਮਤਿ ਮੁਕਾਬਲਿਆਂ ਅਤੇ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਮੇਰੇ ਅਖ਼ਬਾਰਾਂ ਵਿਚ 300 ਤੋਂ ਵੱਧ ਲੇਖ ਵੀ ਛਪ ਚੁੱਕੇ ਹਨ।ਇਹ ਸੁਣਕੇ ਉਹ ਸੇਵਾਦਾਰ ਹੱਸ ਕੇ ਬੋਲਿਆ ਕਿ ਇਸ ਵਿਚ ਕਿਹੜਾ ਵੱਡੀ ਗੱਲ ਹੈ, ਸ਼੍ਰੋਮਣੀ ਕਮੇਟੀ ਤਾਂ ਹਰ ਜਣੇ-ਖਣੇ ਨੂੰ ਸਨਮਾਨ ਦਿੰਦੀ ਰਹਿੰਦੀ ਹੈ।ਫ਼ਿਰ ਮੈਂ ਉਸਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਲਗਭਗ 12 ਸਾਲ ਪਹਿਲਾਂ ਬਲੱਡ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇ ਚੁੱਕਾ ਹਾਂ।ਇਸ ਗੱਲ ਦਾ ਵੀ ਉਸ ਸੇਵਾਦਾਰ ਉਤੇ ਕੋਈ ਅਸਰ ਨਾ ਹੋਇਆ ਅਤੇ ਉਹ ਬੜੀ ਬੇਸ਼ਰਮੀ ਨਾਲ ਬੋਲਿਆ ਕਿ ਇਹ ਕੋਈ ਨਵੀਂ ਗੱਲ ਨਹੀਂ, ਇੱਥੇ ਬਥੇਰੇ ਕੈਂਸਰ ਦੇ ਮਰੀਜ਼ ਰੋਜ਼ ਆਂਦੇ-ਜਾਂਦੇ ਰਹਿੰਦੇ ਹਨ।


ਇਹ ਸੁਣਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਸਾਰਾ ਦਿਨ ਗੁਰੂ ਘਰ ਵਿਚ ਰਹਿ ਕੇ ਅਤੇ ਗੁਰਬਾਣੀ ਸੁਣਕੇ ਵੀ ਕਿਸੇ ਦਾ ਦਿਲ ਇੰਨਾ ਸੰਵੇਦਨਹੀਣ ਅਤੇ ਜ਼ੁਬਾਨ ਇੰਨੀ ਕੌੜੀ ਕਿਵੇਂ ਹੋ ਸਕਦੀ ਹੈ? ਵੈਸੇ ਤਾਂ ਮੈਂ ਅਕਸਰ ਸ਼ਾਂਤੀ ਨਾਲ ਹੀ ਹਰੇਕ ਮਸਲੇ ਦਾ ਹੱਲ ਕੱਢਣ ਵਿਚ ਵਿਸ਼ਵਾਸ ਰੱਖਦਾ ਹਾਂ ਪਰੰਤੂ ਇਹ ਗੱਲ ਸੁਣਕੇ ਮੇਰੇ ਤੋਂ ਰਿਹਾ ਨਾ ਗਿਆ ਅਤੇ ਮੈਂ ਕਿਹਾ ਕਿ ਤੁਹਾਡੇ ਵਰਗੇ ਅਖੌਤੀ ਸੇਵਾਦਾਰਾਂ ਕਰਕੇ ਹੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ।ਇਹ ਗੱਲ ਜਦੋਂ ਮੈਂ ਆਪਣੇ ਕਾਲਜ ਦੇ ਬਾਕੀ ਸਟਾਫ਼ ਮੈਂਬਰਾਂ ਅਤੇ ਘਰਦਿਆਂ ਨੂੰ ਦੱਸੀ ਤਾਂ ਸਭ ਨੂੰ ਬਹੁਤ ਗੱਸਾ ਆਇਆ।ਅਗਲੇ ਹੀ ਦਿਨ ਮੇਰੇ ਚਾਚਾ ਜੀ ਸ. ਸਰੂਪਇੰਦਰ ਸਿੰਘ ਜੋ ਹਰ ਰੋਜ਼ ਗੁਰਦੁਆਰਾ ਸਾਹਿਬ ਕਥਾ ਸੁਣਨ ਜਾਂਦੇ ਸਨ, ਵੀ ਉਸ ਸੇਵਾਦਾਰ ਦੀ ਸ਼ਿਕਾਇਤ ਕਰਕੇ ਆਏ।

ਮੇਰਾ ਮਨ ਇਸ ਘਟਨਾ ਤੋਂ ਇੰਨਾ ਨਿਰਾਸ਼ ਹੋੲਆ ਕਿ ਮੈਂ ਉਸ ਦਿਨ ਤੋਂ ਮਗਰੋਂ ਕਦੇ ਵੀ ਗੁਰਦੁਆਰਾ ਸਾਹਿਬ ਦੇ ਸਟੈਂਡ ‘ਤੇ ਆਪਣਾ ਮੋਟਰ ਸਾਈਕਲ ਨਹੀਂ ਖੜ੍ਹਾਇਆ ਅਤੇ ਉਸ ਤੋਂ ਥੋੜ੍ਹੀ ਦੂਰੀ ਉਤੇ ਹੀ ਇਕ ਹੋਰ ਸਕੂਟਰ ਸਟੈਂਡ ਉਤੇ ਖੜ੍ਹਾਉਣਾ ਸ਼ੁਰੂ ਕੀਤਾ।ਇਸ ਸਟੈਂਡ ਉਤੇ ਇਕ ਮੁਸਲਮਾਨ ਮੁੰਡਾ ਬੈਠਦਾ ਸੀ ਜੋ ਸਵੇਰੇ-ਸਵੇਰੇ ਵਾਹਨ ਖੜ੍ਹਾਉਣ ਵਾਲੇ ਲੋਕਾਂ ਨੂੰ ਬੜੇ ਹੀ ਸਤਿਕਾਰ ਨਾਲ ‘ਸਤਿ ਸ੍ਰੀ ਅਕਾਲ’ ਬੁਲਾਉਂਦਾ ਸੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦਾ ਸੀ।ਕਈ-ਕਈ ਵਾਰ ਤਾਂ ਉਹ ਮੇਰੇ ਤੋਂ ਵਾਹਨ ਖੜ੍ਹਾਉਣ ਦੀ ਦਸ ਰੁਪਏ ਦੀ ਰਾਸ਼ੀ ਵੀ ਇਹ ਆਖ ਕੇ ਨਹੀਂ ਸੀ ਲੈਂਦਾ ਕਿ ਮੈਂ ਇਕ ਗੁਰਸਿੱਖ ਹਾਂ ਅਤੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਨੌਕਰੀ ਕਰਦਾ ਹਾਂ।

ਫ਼ਿਰ ਵੀ ਮੈਂ ਉਸ ਦੇ ਨਾਂਹ ਕਰਨ ਦੇ ਬਾਵਜੂਦ ਉਸ ਨੂੰ ਧੱਕੇ ਨਾਲ ਪੈਸੇ ਫ਼ੜ੍ਹਾ ਦਿੰਦਾ ਸੀ।ਉਸ ਦਾ ਮਿਲਾਪੜਾ ਸੁਭਾਅ ਅਤੇ ਗੈਰ ਸਿੱਖ ਹੋਣ ਦੇ ਬਾਵਜੂਦ ਵੀ ਸਿੱਖੀ ਪ੍ਰਤੀ ਇੰਨਾ ਪਿਆਰ-ਸਤਿਕਾਰ ਵੇਖਕੇ ਹੀ ਮੇਰੇ ਮਨ ਵਿਚ ਇਹ ਸਵਾਲ ਖੜ੍ਹਾ ਹੋਇਆ ਸੀ ਕਿ ਅਸਲ ਵਿਚ ਰੱਬ ਦੇ ਨੇੜੇ ਕੌਣ ਹੈ? ਗੁਰਦੁਆਰਾ ਸਾਹਿਬ ਦੇ ਸਕੂਟਰ ਸਟੈਂਡ ਵਾਲਾ ਸੇਵਾਦਾਰ ਜਾਂ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਉਤੇ ਸਕੂਟਰ ਸਟੈਂਡ ਵਾਲਾ ਸੇਵਾਦਾਰ? ਮੈਨੂੰ ਤਾਂ ਇਸ ਪ੍ਰਸ਼ਨ ਦਾ ਜਵਾਬ ਮਿਲ ਗਿਆ ਹੈ, ਉਮੀਦ ਹੈ ਕਿ ਤੁਹਾਨੂੰ ਵੀ ਇਹ ਰਚਨਾ ਪੜ੍ਹਨ ਉਪਰੰਤ ਜਵਾਬ ਮਿਲ ਗਿਆ ਹੋਵੇਗਾ।    


ਸੰਪਰਕ: +91 94636 19353

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ