Sat, 15 June 2024
Your Visitor Number :-   7111371
SuhisaverSuhisaver Suhisaver

ਦੋਸਤੀ ਰਹਿਤ ਰਿਸ਼ਤਿਆਂ ਦੀਆਂ ਕੌੜੀਆਂ ਹਕੀਕਤਾਂ - ਗੁਰਚਰਨ ਪੱਖੋਕਲਾਂ

Posted on:- 02-02-2015

suhisaver

ਸਮਾਜ ਰਿਸ਼ਤਿਆਂ ਦੇ ਤਾਣੇ ਬਾਣੇ ਨਾਲ ਬੁਣਿਆ ਹੋਇਆ ਇੱਕ ਇਹੋ ਜਿਹਾ ਜਾਲ ਹੈ, ਜਿਸ ਵਿੱਚ ਉਲਝਿਆ ਮਨੁੱਖ ਕਦੇ ਨਿਕਲ ਨਹੀਂ ਸਕਦਾ। ਇਸ ਜਾਲ ਵਿੱਚ ਰਹਿੰਦਿਆਂ ਜੇ ਦੋਸਤੀ ਮਿੱਤਰਤਾ ਤੇ ਮੋਹ ਦੀਆਂ ਤੰਦਾਂ ਜੇ ਕਮਜ਼ੋਰ ਹੋਣ ਤਦ ਇਹ ਜਾਲ ਬਹੁਤ ਸਾਰੀਆਂ ਮੁਸੀਬਤਾਂ ਪੈਦਾ ਕਰ ਦਿੰਦਾ ਹੈ, ਪਰ ਜਿਹਨਾਂ ਲੋਕਾਂ ਦੇ ਇਸ ਜਾਲ ਵਿੱਚ ਉਪਰੋਕਤ ਭਾਵਨਾਵਾਂ ਖੂਬ ਹੋਣ ਉਹਨਾਂ ਲਈ ਇਹ ਰਿਸ਼ਤੇ ਸਵਰਗ ਵਰਗਾ ਮਹੌਲ ਪੈਦਾ ਕਰ ਦਿੰਦੇ ਹਨ। ਸਵਰਗ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖਾਂ ਦੀ ਥਾਂ ਖੁਸੀਆਂ ਨਿਵਾਸ ਕਰਦੀਆਂ ਹੋਣ ਸੋ ਜੇ ਸਮਾਜ ਦੇ ਰਿਸ਼ਤਿਆਂ ਵਿੱਚ ਜਿਸ ਮਨੁੱਖ ਦੇ ਹਿੱਸੇ ਕੁੜੱਤਣਾਂ ਦੀ ਥਾਂ ਪਿਆਰ ਅਤੇ ਮੁਹੱਬਤਾਂ ਆ ਜਾਣ ਉਹ ਖੁਸ਼ਨਸੀਬ ਹੋ ਨਿੱਬੜਦਾ ਹੈ।

ਜਿਸ ਮਨੁੱਖ ਦੇ ਰਿਸ਼ਤਿਆਂ ਵਿੱਚ ਕੁੜੱਤਣਾਂ ਦਾ ਨਿਵਾਸ ਹੋ ਜਾਵੇ ਉਸ ਮਨੁੱਖ ਦੀ ਜ਼ਿੰਦਗੀ ਨਰਕ ਦਾ ਰੂਪ ਧਾਰ ਲੈਂਦੀ ਹੈ। ਇਸ ਤਰਾਂ ਦੇ ਨਰਕ ਤੋਂ ਬਚਣ ਲਈ ਜਾਂ ਤਾਂ ਇਹ ਸਮਾਜਕ ਰਿਸ਼ਤੇ ਮਾਰਨੇ ਪੈਂਦੇ ਹਨ ਅਤੇ ਦੋਸਤੀਆਂ ਦੇ ਘੇਰੇ ਨਵੇਂ ਬਣਾਉਣੇ ਪੈਂਦੇ ਹਨ, ਜਿਹਨਾਂ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਹੈ ਅਤੇ ਇਸ ਨਵੇਂ ਸਵਰਗ ਲਈ ਸਮਾਂ ਅਤੇ ਸਮਰਥਾ ਦਾ ਪੂਰਾ ਉਪਯੋਗ ਕਰਨਾ ਪੈਂਦਾ ਹੈ। ਜੋ ਮਨੁੱਖ ਕੁੜੱਤਣ ਭਰੇ ਰਿਸ਼ਤੇ ਤਿਆਗ ਵੀ ਨਹੀਂ ਸਕਦਾ ਅਤੇ ਨਵੇਂ ਰਿਸ਼ਤੇ ਪੈਦਾ ਵੀ ਨਹੀਂ ਕਰ ਸਕਦਾ ਉਹ ਬਹੁਤ ਹੀ ਬਦਨਸੀਬ ਹੋਕੇ ਬਹੁਤ ਸਾਰੇ ਦੁੱਖ ਭੋਗਦਾ ਹੋਇਆ ਜ਼ਿੰਦਗੀ ਬਤੀਤ ਕਰਦਾ ਹੈ।

ਦੁਨੀਆਂ ਦੇ ਉੱਪਰ ਦੋਸਤੀ ਦਾ ਰਿਸ਼ਤਾ ਹੀ ਨਿਰਸਵਾਰਥ ਹੁੰਦਾ ਹੈ, ਜੇ ਉਹ ਅਸਲੀ ਹੋਵੇ ਇਸ ਦੇ ਉਲਟ  ਬਾਕੀ ਸਭ ਸਮਾਜਕ ਰਿਸ਼ਤੇ ਸਵਾਰਥ ਦੇ ਉੱਪਰ ਟੇਕ ਰੱਖਦੇ ਹਨ। ਸਭ ਤੋਂ ਪਾਕ ਪਵਿੱਤਰ  ਮਾਂ ਤੇ ਔਲਾਦ ਦੇ ਰਿਸ਼ਤੇ ਵੀ ਪਰਖ ਦੇ ਸਮੇਂ ਵਿੱਚ ਲੀਰੋ ਲੀਰ ਹੋ ਜਾਂਦੇ ਹਨ । ਦੁਨੀਆਂ ਦੇ ਉੱਤੇ ਕਦੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਮਾਂਵਾਂ ਨੇ ਕਦੇ ਮੁਸੀਬਤਾਂ ਦੇ ਵਿੱਚ ਕੁਰਬਾਨੀ ਕੀਤੀ ਹੋਵੇ , ਹਾਂ ਪਰ ਇਹ ਰਿਸ਼ਤਾ ਖੁਦਾ ਅਤੇ ਸਮਾਜ ਕੋਲ ਜ਼ਰੂਰ ਦੁਆਵਾਂ ਅਤੇ ਭੀਖ ਮੰਗ ਲੈਂਦਾ ਹੈ। ਜਦ ਕਦੇ ਵੀ ਕੁਦਰਤ ਦੇ ਕਹਿਰ ਵਰਤਦੇ ਹਨ ਸਭ ਰਿਸ਼ਤੇ ਵਾਲੇ ਆਪਣੀਆਂ ਜਾਨਾਂ ਬਚਾਕੇ ਭੱਜ ਲੈਂਦੇ ਹਨ ਆਪਣੀਆਂ ਔਲਾਦਾਂ ਤੱਕ ਨੂੰ ਵੀ ਛੱਡਕੇ।

ਸਮਾਜ ਦੇ ਦੂਸਰੇ ਰਿਸ਼ਤਿਆਂ ਤੋਂ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ। ਇਸ ਤਰਾਂ ਹੀ ਆਪਣੇ ਸਵਾਰਥਾਂ ਦੀ ਪੂਰਤੀ ਵਿੱਚ ਅੜਿੱਕਾ ਬਣਨ ਵਾਲੇ ਰਿਸ਼ਤੇ ਅਤੇ ਰਿਸ਼ਤੇਦਾਰਾਂ ਨੂੰ ਹਰ ਰੋਜ਼ ਤਿਆਗਦੇ ਹੋਏ ਲੋਕ ਦੇਖ ਸਕਦੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੋਲਿਆ ਮਹਾਨ ਸੱਚ ਇਸਦੀ ਗਵਾਹੀ ਪਾਉਂਦਾ ਹੈ ਕਿ  (ਮਾਤ ਪਿਤਾ ਸੁੱਤ ਬੰਧਪ ਭਾਈ , ਸ਼ਭ ਸਵਾਰਥ ਕੈ ਅਧਿਕਾਈ) । ਦੁਨੀਆਂ ਦਾ ਆਮ ਮਨੁੱਖ ਜੋ ਬਹੁਗਣਤੀ ਵਿੱਚ ਹੁੰਦਾ ਹੈ ਸਮਾਜਕ ਰਿਸ਼ਤਿਆਂ ਦੀ ਬੇੜੀ ਨੂੰ ਸਿਰਫ ਜ਼ਿੰਦਗੀ ਬਤੀਤ ਕਰਨ ਲਈ ਹੀ ਵਰਤਦਾ ਹੈ। ਜਦ ਇਹ ਰਿਸ਼ਤੇ ਜ਼ਿੰਦਗੀ ਵਿੱਚ ਸਹਾਇਕ ਨਾਂ ਹੁੰਦੇ ਹੋਣ ਤਦ ਇਹ ਰਿਸ਼ਤੇ ਕੱਚ ਦੇ ਟੁੱਟਣ ਵਾਂਗ ਤੜੱਕ ਕਰਕੇ ਟੁੱਟ ਜਾਂਦੇ ਹਨ।
                  
ਪੁਰਾਤਨ ਸਮਿਆ ਅਤੇ ਵਰਤਮਾਨ ਸਮੇਂ ਵਿੱਚ ਮਨੁੱਖ ਦੀਆਂ ਲੋੜਾਂ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਆ ਗਈਆਂ ਹਨ । ਪੁਰਾਣੇ ਸਮਿਆਂ ਵਿੱਚ ਮਨੁੱਖ ਦੀ ਕਦਰ ਉਸਦੇ ਆਚਰਣ ਤੋਂ ਕੀਤੀ ਜਾਂਦੀ ਸੀ, ਪਰ ਵਰਤਮਾਨ ਸਮੇਂ ਵਿੱਚ ਮਨੁੱਖ ਦੀ ਇੱਜ਼ਤ ਪੈਸੇ ਅਤੇ ਦੁਨਿਆਵੀ ਤਾਕਤ ਤੋਂ ਕੀਤੀ ਜਾਂਦੀ ਹੈ। ਸੋ ਜਦ ਸਮਾਜ ਨੇ ਪੈਸੇ ਅਤੇ ਤਾਕਤ ਨੂੰ ਹੀ ਧੁਰਾ ਬਣਾ ਲਿਆ ਹੈ ਤਦ ਰਿਸ਼ਤੇ ਵੀ ਇਸ ਦੀ ਤੱਕੜੀ ਵਿੱਚ ਤੁਲਣ ਲਈ ਮਜਬੂਰ ਹਨ। ਪੈਸੇ ਅਤੇ ਜਾਇਦਾਦਾਂ ਤੇ ਟੇਕ ਰੱਖਣ ਵਾਲਾ ਸਮਾਜ ਬਹੁਤ ਹੀ ਹਿਸਾਬੀ ਕਿਤਾਬੀ ਹੋ ਜਾਂਦਾ ਹੈ ਜੋ ਹਮੇਸਾਂ ਵਾਧੇ ਘਾਟੇ ਦੇ ਹਿਸਾਬ ਲਾਕੇ ਅੱਗੇ ਤੁਰਦਾ ਹੈ। ਜਦ ਮਨੁੱਖ ਦਾ ਵਿਕਾਸ ਹੀ ਵਾਧੇ ਘਾਟੇ ਦੀ ਸਿੱਖਿਆ ਨਾਲ ਹੁੰਦਾ ਹੈ ਤਦ ਦੁਨੀਆਂ ਦਾ ਸਭ ਤੋਂ ਨਿੱਘਾ ਰਿਸ਼ਤਾ ਜੋ ਮਾਪਿਆਂ ਅਤੇ ਔਲਾਦ ਦਾ ਹੁੰਦਾ ਹੈ ਵੀ ਨਫੇ ਨੁਕਸਾਨ ਸੋਚਣਾਂ ਸ਼ੁਰੂ ਕਰ ਦਿੰਦਾ ਹੈ।

ਮਾਪਿਆ ਦੀ ਮੇਹਰਬਾਨੀ ਅਤੇ ਰਹਿਨੁਮਾਈ ਵਿੱਚ ਵਾਧੇ ਘਾਟੇ ਦਾ ਹਿਸਾਬ ਸਿੱਖਕੇ ਆਈ ਔਲਾਦ ਇੱਕ ਦਿਨ ਮਾਪਿਆਂ ਨੂੰ ਵੀ ਵਾਧੇ ਘਾਟੇ ਦੀ ਤੱਕੜੀ ਵਿੱਚ ਤੋਲਣਾਂ ਸ਼ੁਰੂ ਕਰ ਦਿੰਦੀ ਹੈ। ਜਦ ਨਵੀਂ ਪੀੜੀ ਦੇ ਸਮਾਜ ਨੂੰ ਸੇਧ ਦੇਣ ਵਾਲੀ ਪਿਛਲੀ ਪੀੜੀ  ਇਹੋ ਜਿਹੀ ਸਿੱਖਿਆ ਦੇ ਬੈਠਦੀ ਹੈ ਤਦ ਉਹ ਆਪਣੇ ਪੈਰ ਆਪ ਹੀ ਕੁਹਾੜਾ ਮਾਰ ਬੈਠਦੀ ਹੈ। ਪੁਰਾਤਨ ਪੀੜੀ ਨੇ ਉਸ ਟਾਹਣੀ ਤੇ ਬੈਠਕੇ ਹੀ ਉਸਨੂੰ ਕੱਟਣਾ ਸ਼ੁਰੂ ਕੀਤਾ ਹੋਇਆ ਸੀ, ਜਿਸ ਨੂੰ ਉਸ ਨੇ ਹਰਾ ਭਰਾ ਰੱਖਣਾਂ ਸੀ। ਜਦ ਸਮਾਜ ਦਾ ਪਹਿਲਾ ਰਿਸ਼ਤਾ ਹੀ ਮਰ ਮੁੱਕ ਗਿਆ ਹੈ ਤਦ ਦੂਸਰੇ ਰਿਸ਼ਤਿਆਂ ਵਿੱਚ ਮੋਹ ਅਤੇ ਮੁਹੱਬਤ ਦੀ ਆਸ ਕਰਨਾ ਹੀ ਫਜ਼ੂਲ ਹੈ।

ਸਮਾਂ ਅਤੇ ਵਿਕਾਸ ਜਾਂ ਵਿਨਾਸ਼ ਦੀ ਹਨੇਰੀ ਕਦੇ ਵਾਪਸ ਨਹੀਂ ਮੁੜਦੀ ਹੁੰਦੀ, ਸੋ ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਰਿਸ਼ਤਿਆਂ ਤੋਂ ਮਨਫੀ ਸਮਾਜ ਸਿਰਜਣ ਵੱਲ ਹੋਰ ਵੱਧਦੀਆਂ ਜਾਣਗੀਆਂ। ਵਰਤਮਾਨ ਸਮਾਜ ਜਿਸਦੀ ਟੇਕ ਆਚਰਣ ਅਤੇ ਨੇਕ ਨੀਅਤੀ ਦੀ ਥਾਂ ਸਵਾਰਥਾਂ ਨਾਲ ਜੁੜੀ ਹੋਈ ਹੈ ਇੱਕ ਦਿਨ ਅਰਬਾਂ ਦੀ ਗਿਣਤੀ ਵਿੱਚ ਰਹਿਕੇ ਵੀ ਇਕੱਲਤਾ ਹੰਢਾਉਣ ਲਈ ਮਜਬੂਰ ਹੋਵੇਗਾ ਅਤੇ ਇਹੀ ਸਾਡੀ ਹੋਣੀ ਹੈ ਨਿਬੜੇਗੀ। ਭਾਗਾਂ ਵਾਲੇ ਹੋਣਗੇ ਉਹ ਲੋਕ ਜੋ ਆਰਥਿਕਤਾ ਦੀ ਹਨੇਰੀ ਵਿੱਚ ਵੀ ਉੱਚੀਆਂ ਸੁੱਚੀਆਂ ਮਨੁੱਖੀ ਕਦਰਾਂ ਕੀਮਤਾਂ ਮੋਹ ਮੁਹੱਬਤਾਂ ਦੇ ਦੀਵੇ ਬਚਾਈ ਰੱਖਣਗੇ।

ਸੰਪਰਕ: +91 94177 27245


Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ