Tue, 28 May 2024
Your Visitor Number :-   7069469
SuhisaverSuhisaver Suhisaver

ਧਰਮ ਅਤੇ ਆਬਾਦੀ - ਸਾਹਿਤਕਾਰ ਅਮਨਪ੍ਰੀਤ ਸਿੰਘ

Posted on:- 08-10-2016

suhisaver

ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਸੁਣੋ। ਇੱਕ ਵਾਰ ਇੱਕ ਨਿਗੋਆ (ਨਿਗੋਆ ਨਾਮ ਦਾ ਅਸਲੀਅਤ ਵਿੱਚ ਕੋਈ ਧਰਮ ਨਹੀਂ ਹੈ, ਇਹ ਮਨਘੜਤ ਨਾਮ ਸਿਰਫ ਕਹਾਣੀ ਬਨਾਉਣ ਲਈ ਹੀ ਵਰਤਿਆ ਗਿਆ ਹੈ) ਨਾਮ ਦੇ ਧਰਮ ਦਾ ਇੱਕ ਨੇਤਾ ਸੀ। ਉਹ ਆਪਣੇ ਧਰਮ ਦੀ ਰੱਖਿਆ ਲਈ ਬਹੁਤ ਚਿੰਤਾ ਵਿੱਚ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਨਿਗੋਆ ਧਰਮ ਹੀ ਦੁਨੀਆ ਵਿੱਚੋਂ ਸਭ ਤੋਂ ਮਹਾਨ ਧਰਮ ਬਣੇ। ਉਹ ਚਾਹੁੰਦਾ ਸੀ ਕਿ ਸਾਰੀ ਦੁਨੀਆ ਆਪਣੇ ਬਾਕੀ ਸਾਰੇ ਧਰਮ ਛੱਡਕੇ ਸਿਰਫ ਨਿਗੋਆ ਧਰਮ ਨੂੰ ਹੀ ਅਪਣਾ ਲੈਣ। ਪਰ ਉਸ ਦੀ ਚਾਹਤ ਹਕੀਕਤ ਵਿੱਚ ਬਦਲਦੀ ਦਿਖਾਈ ਨਹੀਂ ਦੇ ਰਹੀ ਸੀ। ਦਿਨ ਬਰ ਦਿਨ ਉਸਦੇ ਧਰਮ ਨੂੰ ਮੰਨਣ ਵਾਲੇ ਲੋਕ ਨਿਗੋਆ ਧਰਮ ਛੱਡਦੇ ਜਾ ਰਹੇ ਸਨ।

ਨਿਗੋਆ ਧਰਮ ਦੇ ਖਤਮ ਹੋਣ ਦਾ ਖਤਰਾ ਉਸ ਧਰਮ-ਨੇਤਾ ਦੇ ਸਿਰ ‘ਤੇ ਮੰਡਰਾਉਣ ਲੱਗਾ। ਉਸਨੇ ਹਰ ਤਰ੍ਹਾਂ ਦਾ ਯਤਨ ਕਰਨਾ ਆਪਣੇ ਖਤਮ ਹੋ ਰਹੇ ਧਰਮ ਨੂੰ ਬਚਾਉਣ ਲਈ, ਸ਼ੁਰੂ ਕਰ ਦਿੱਤਾ। ਉਸਨੇ ਲੋਕਾਂ ਵਿੱਚ ਨਿਗੋਆ ਧਰਮ ਦੀ ਮਸ਼ਹੂਰੀ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਧਰਮ ਦੇ ਅਧਾਰਿਤ ਨਾਟਕ ਕਰਵਾਉਣੇ ਸ਼ੁਰੂ ਕਰ ਦਿੱਤੇ, ਆਪਣੇ ਧਰਮ ਦੇ ਅਨੁਆਈਆਂ ਨੂੰ ਲੋਕਾਂ ਦੇ ਘਰਾਂ ਤੱਕ ਪਹੰਚਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਨਿਗੋਆ ਧਰਮ ਦਾ ਪ੍ਰਚਾਰ ਵੱਧ ਤੋਂ ਵੱਧ ਹੋ ਸਕੇ।

ਸਭ ਕੁਝ ਕਰਨ ਤੋਂ ਬਾਅਦ ਵੀ, ਲੋਕ ਨਿਗੋਆ ਧਰਮ ਨੂੰ ਅਪਣਾ ਨਹੀਂ ਰਹੇ ਸਨ ਅਤੇ ਨਿਗੋਆ ਧਰਮ ਦਾ ਪਤਨ ਬਹੁਤ ਨਜ਼ਦੀਕ ਜਾਪਦਾ ਸੀ। ਫਿਰ ਇੱਕ ਦਿਨ ਉਸਦੇ ਦਿਮਾਗ ਵਿੱਚ ਫੁਰਨਾ ਫੁਰਿਆ। ਉਸਨੇ ਸੋਚਿਆ “ਲੋਕ ਮੇਰੇ ਨਿਗੋਆ ਧਰਮ ਨੂੰ ਅਪਣਾ ਨਹੀਂ ਰਹੇ, ਹਰ ਯਤਨ ਕਰਕੇ ਦੇਖ ਲਿਆ। ਪਰ ਜੇ ਸਿਰਫ ਉਹਨਾਂ ਦੀ ਹੀ ਕਿਸੇ ਤਰ੍ਹਾਂ ਗਿਣਤੀ ਵੱਧ ਜਾਵੇ, ਜੋ ਇਸ ਧਰਮ ਨੂੰ ਮੰਨਦੇ ਹਨ, ਤਾਂ ਵੀ ਨਿਗੋਆ ਧਰਮ ਨੂੰ ਬਚਾਇਆ ਜਾ ਸਕਦਾ ਹੈ।” ਇਹ ਖਿਆਲ ਆਉਂਦੇ ਹੀ ਉਸਨੇ ਅਗਲੇ ਦਿਨ ਉਹ ਸਾਰੇ ਲੋਕਾਂ ਨੂੰ ਬੁਲਾਇਆ ਜੋ ਨਿਗੋਆ ਧਰਮ ਨੂੰ ਮੰਨਦੇ ਸਨ। ਉਹ ਧਰਮ-ਨੇਤਾ ਸਟੇਜ ‘ਤੇ ਚੱੜ੍ਹ ਗਿਆ ਅਤੇ ਉਸਨੇ ਕਿਹਾ “ਆਪਣਾ ਨਿਗੋਆ ਧਰਮ ਖਤਰੇ ਵਿੱਚ ਹੈ। ਇਸ ਤੋਂ ਵੱਧ ਪਵਿੱਤਰ ਅਤੇ ਸੱਚਾ ਧਰਮ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਸੋ ਇਹ ਆਪਣਾ ਨੈਤਿਕ ਫਰਜ ਬਣਦਾ ਹੈ ਕਿ ਆਪਾਂ ਆਪਣੇ ਧਰਮ ਦੀ ਰਾਖੀ ਕਰੀਏ। ਇਹ ਰਾਖੀ ਸਿਰਫ ਇੱਕੋ ਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਆਪਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਹੋਣਗੇ। ਇਹ ਤਾਂ ਸੁਭਾਵਿਕ ਹੀ ਹੈ ਕਿ ਆਪਣੇ ਬੱਚੇ ਆਪਣਾ ਹੀ ਧਰਮ ਮੰਨਣਗੇ, ਅਤੇ ਜਿੰਨ੍ਹੀ ਜ਼ਿਆਦਾ ਆਬਾਦੀ ਆਪਣੇ ਧਰਮ ਦੇ ਲੋਕਾਂ ਦੀ ਹੋਵੇਗੀ, ਉਨੀ ਹੀ ਜ਼ਿਆਦਾ ਆਪਣੇ ਧਰਮ ਦੀ ਤਾਕਤ ਵਧੇਗੀ। ਸੋ ਅੱਜ ਤੁਸੀਂ ਸਾਰੇ ਮੇਰੇ ਨਾਲ ਪ੍ਰਣ ਕਰੋ ਕਿ ਆਪਾਂ ਵੱਧ ਤੋਂ ਵੱਧ ਬੱਚੇ ਪੈਦਾ ਕਰਾਂਗੇ।” ਸਾਰਿਆਂ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ, ਅਤੇ ਸਾਰਿਆਂ ਬਹੁਤ ਤਾੜੀਆਂ ਵਜਾਈਆਂ। ਪਰ ਗਲ ਸਿਰਫ ਇੱਥੇ ਹੀ ਖਤਮ ਨਹੀਂ ਹੋਈ। ਇਸ ਭਾਸ਼ਣ ਅਤੇ ਧਰਮ ਸਕੀਮ ਬਾਰੇ ਹੌਲੀ ਹੌਲੀ ਦੂਜੇ ਧਰਮ ਦੇ ਲੋਕਾਂ ਨੂੰ ਵੀ ਪਤਾ ਲੱਗਣ ਲੱਗਾ। ਬਾਕੀ ਸਾਰੇ ਧਰਮਾਂ ਵਾਲੇ ਲੋਕ ਵੀ ਚਿੰਤਾ ਵਿੱਚ ਆ ਗਏ। ਉਹਨਾਂ ਨੇ ਸੋਚਿਆ ਕਿ ਜੇ ਇੰਝ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਿਰਫ ਨਿਗੋਆ ਧਰਮ ਦੇ ਲੋਕ ਹੀ ਰਹਿ ਜਾਣਗੇ, ਉਹਨਾਂ ਦੀ ਤਾਦਾਤ ਤਾਂ ਬਹੁਤ ਘੱਟ ਜਾਵੇਗੀ। ਬਾਕੀ ਧਰਮਾਂ ਵਾਲੇ ਲੋਕ ਵੀ ਆਪਣੇ ਧਰਮ ਦੀ ਰੱਖਿਆ ਬਾਰੇ ਸੋਚਣ ਲੱਗੇ। ਉਹਨਾਂ ਨੇ ਵੀ ਅੰਤ ਇਹੋ ਹੀ ਫੈਸਲਾ ਕੀਤਾ ਕਿ “ਜੇ ਨਿਗੋਆ ਧਰਮ ਵਾਲੇ ਲੋਕ ਵੱਧ ਬੱਚੇ ਪੈਦਾ ਕਰਨਗੇ ਤਾਂ ਅਸੀਂ ਵੀ ਆਪਣੇ ਧਰਮ ਨੂੰ ਭਵਿੱਖ ਵਿੱਚ ਮਜਬੂਤ ਰੱਖਣ ਲਈ, ਵੱਧ ਬੱਚੇ ਪੈਦਾ ਕਰਾਂਗੇ।”

ਫਿਰ ਹੁੰਦਾ ਕੀ ਹੈ ਕਿ ਦੇਸ਼ ਵਿੱਚ ਜਿੰਨ੍ਹੇ ਵੀ ਧਰਮ ਸੀ, ਹਰ ਹਰ ਧਰਮ ਵਾਲਿਆਂ ਨੇ ਆਪਣੀ ਆਪਣੀ ਆਬਾਦੀ ਵਧਾਉਣੀ ਸ਼ੁਰੂ ਕਰ ਦਿੱਤੀ। ਹਰ ਘਰ ਨੇ ਦੱਸ-ਦੱਸ ਗਿਆਰ੍ਹਾਂ-ਗਿਆਰ੍ਹਾਂ ਬੱਚੇ ਲੈਣੇ ਸ਼ੁਰੂ ਕਰ ਦਿੱਤੇ। ਇੰਝ ਹੁੰਦੇ ਹੁੰਦੇ ਹੀ ਪੰਜ-ਸੱਤ ਸੋ ਸਾਲ ਬੀਤ ਗਏ। ਹੁਣ ਪੂਰੇ ਦੇਸ਼ ਦੀ ਆਬਾਦੀ ਦੱਸ ਗੁਣਾਂ ਵੱਧ ਚੁੱਕੀ ਸੀ। ਸਾਰੇ ਦੇਸ਼ ਦੀ ਬਹੁਤ ਬੁਰੀ ਹਾਲਤ ਹੋ ਚੁੱਕੀ ਸੀ। ਖਾਣ ਨੂੰ ਕਿਸੇ ਕੋਲ ਰੋਟੀ ਨਹੀਂ ਸੀ, ਰਹਿਣ ਨੂੰ ਘਰ ਨਹੀਂ ਸੀ, ਦੱਸ-ਦੱਸ ਰੁਪਏ ਪਿੱਛੇ ਕਤਲ ਹੋਣ ਲੱਗ ਪਏ। ਹਰ ਪਾਸੇ ਮਹਾਂਮਾਰੀ ਫੈਲ ਗਈ। ਸਰਕਾਰ ਬੁਰੀ ਤਰ੍ਹਾਂ ਅਸਮਰਥ ਹੋ ਚੁੱਕੀ ਸੀ ਇਸ ਸਭ ‘ਤੇ ਨਿਯੰਤਰਨ ਪਾਉਣ ਲਈ।

ਨਿਯੰਤਰਨ ਹੋਵੇ ਵੀ ਤਾਂ ਕਿਵੇਂ, ਇੰਨ੍ਹੀ ਜ਼ਿਆਦਾ ਆਬਾਦੀ ਸੀ, ਇੰਨਾਂ ਜ਼ਿਆਦਾ ਅਨਾਜ ਆਵੇ ਕਿੱਥੋਂ। ਸਾਰੀ ਵਿਵਸਥਾ ਦਾ ਸਤਿਆਨਾਸ਼ ਹੋ ਚੁੱਕਾ ਸੀ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਹਾਲਾਤਾਂ ਤੋਂ ਤੰਗ ਆ ਕੇ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿਆਣੇ ਲੋਕਾਂ ਦੀ ਬੈਠਕ ਬੁਲਵਾਈ। ਜਦੋਂ ਬੈਠਕ ਵਿੱਚ ਵਿਚਾਰ ਵਟਾਂਦਰਾ ਹੋਇਆ ਤਾਂ ਇੱਕ ਨਤੀਜਾ ਹੀ ਸਾਰਿਆਂ ਦੇ ਸਾਹਮਣੇ ਆਇਆ। ਸਾਰਿਆਂ ਨੂੰ ਸਮਝ ਆ ਗਈ ਕਿ ਉਹਨਾਂ ਦਾ ਸਰਵਨਾਸ਼ ਉਹਨਾਂ ਕਾਰਨ ਹੀ ਹੋ ਰਿਹਾ ਹੈ। ਜੇਕਰ ਉਹ ਧਰਮ-ਨੇਤਾਵਾਂ ਦੇ ਪਿੱਛੇ ਨਾ ਲਗਦੇ, ਅਤੇ ਨਾਂ ਅੰਨ੍ਹੇ-ਵਾਹ ਆਬਾਦੀ ਵਧਾਉਂਦੇ ਤਾਂ ਅੱਜ ਨਤੀਜੇ ਕੁੱਝ ਹੋਰ ਹੀ ਹੁੰਦੇ। ਇਹ ਤਾਂ ਸੀ ਇੱਕ ਸਾਰੀ ਕਹਾਣੀ। ਪਰ ਹੈਰਾਨੀ ਵਾਲੀ ਗਲ ਇਹ ਹੈ ਕਿ ਇਹ ਕਹਾਣੀ ਪੂਰੀ ਦੁਨੀਆ ਵਿੱਚ ਕਿਤੇ ਕਿਤੇ ਸੱਚ ਵੀ ਹੋ ਸਕਦੀ ਹੈ।

ਅੱਜ ਵੀ ਅਜਿਹੇ ਧਰਮ ਨੇਤਾ ਹਨ, ਜੋ ਇੰਝ ਹੀ ਆਬਾਦੀ ਵਧਾਉਣ ਨੂੰ ਕਹਿ ਰਹੇ ਹਨ, ਅਤੇ ਲੋਕ ਉਹਨਾਂ ਦੀਆਂ ਗਲਾਂ ਵਿੱਚ ਆ ਵੀ ਰਹੇ ਹਨ। ਲੋਕ ਇਹ ਨਹੀਂ ਸੋਚ ਰਹੇ ਕਿ ਉਹ ਬੱਚੇ ਤਾਂ ਜੰਮ ਲੈਣਗੇ, ਪਰ ਉਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ? ਉਹਨਾਂ ਦੀ ਚੰਗੀ ਪੜ੍ਹਾਈ ਲਿਖਾਈ ਦਾ ਖਰਚ ਕੌਣ ਕਰੇਗਾ? ਜੇਕਰ ਬੱਚਿਆਂ ਨੂੰ ਚੰਗੀ ਸਿੱਖਿਆ ਹੀ ਨਾਂ ਮਿਲੀ, ਤਾਂ ਉਹ ਵੱਡੇ ਹੋ ਕੇ ਸ਼ੈਤਾਨ ਹੀ ਬਣਨਗੇ, ਇਨਸਾਨ ਕਿੰਝ ਬਣ ਸਕਦੇ ਹਨ? ਸੋ ਇਹ ਸਭ ਗਲਾਂ ਸੋਚਣ ਦੀ ਬਹੁਤ ਲੋੜ ਹੈ। ਜੇਕਰ ਇਹ ਸਭ ਗੱਲਾਂ ਆਪਾਂ ਅੱਜ ਨਹੀਂ ਸੋਚਦੇ ਤਾਂ ਆਪਣਾ ਵੀ ਉਹੋ ਹੀ ਹਸ਼ਰ ਹੋਵੇਗਾ, ਜੋ ਉਪਰੋਕਤ ਕਹਾਣੀ ਵਿੱਚ ਇੱਕ ਦੇਸ਼ ਦਾ ਹੋਇਆ ਸੀ।

ਸੰਪਰਕ: +91 94655 54088

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ