Sun, 04 June 2023
Your Visitor Number :-   6392292
SuhisaverSuhisaver Suhisaver

ਝੂਮ ਝਾਮ ਝੂਮਤੀ ਬਸੰਤ ਰਿਤੂ ਆਈ ਹੈ - ਹਰਗੁਣਪ੍ਰੀਤ ਸਿੰਘ

Posted on:- 25-01-2015

suhisaver

ਬਸੰਤ ਪੰਚਮੀ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ।ਸੰਸਕ੍ਰਿਤ ਵਿਚ ‘ਬਸੰਤ’ ਦਾ ਅਰਥ ‘ਬਹਾਰ’ ਹੁੰਦਾ ਹੈ, ਕਿਉਂ ਕਿ ਇਸ ਰੁੱਤ ਵਿਚ ਫ਼ੁੱਲਾਂ ਉਤੇ ਬਹਾਰ ਆ ਜਾਂਦੀ ਹੈ ਅਤੇ ਖੇਤਾਂ ਵਿਚ ਦੂਰ-ਦੂਰ ਤੱਕ ਹਰਿਆਵਲ ਅਤੇ ਸਰ੍ਹੋਂ ਦੇ ਪੀਲੇ-ਪੀਲੇ ਫੁੱਲ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ।ਬਸੰਤ ਰੁੱਤ ਦੇ ਆਉਣ ਨਾਲ ਕੜਕਦੀ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਮੌਸਮ ਬਹੁਤ ਖੁਸ਼ਨੁਮਾ ਅਤੇ ਉਲਾਸ ਭਰਿਆ ਹੋ ਜਾਂਦਾ ਹੈ।ਇਸੇ ਕਰਕੇ ਕਿਹਾ ਜਾਂਦਾ ਹੈ ਕਿ ‘ਆਈ ਬਸੰਤ ਪਾਲਾ ਉਡੰਤ’।ਬਸੰਤ ਰੁੱਤ ਨੂੰ ‘ਰਿਤੂ-ਰਾਜ’ ਭਾਵ ਰੁੱਤਾਂ ਦੀ ਰਾਣੀ ਵੀ ਆਖਿਆ ਜਾਂਦਾ ਹੈ।ਇਸ ਨੂੰ ਬਸੰਤ ਪੰਚਮੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂ ਕਿ ਇਹ ਮਾਘ ਮਹੀਨੇ ਦੀ ਪੰਜ ਤਰੀਕ ਨੂੰ ਆਉਂਦਾ ਹੈ ਜੋ ਜ਼ਿਆਦਾਤਰ ਫਰਵਰੀ ਦੇ ਮਹੀਨੇ ਵਿਚ ਆਉਂਦਾ ਹੈ।ਵੇਦਾਂ ਵਿਚ ਇਸ ਤਿਉਹਾਰ ਨੂੰ ਸਰਸਵਤੀ ਦੇਵੀ ਨਾਲ ਸਬੰਧਿਤ ਦੱਸਿਆ ਗਿਆ ਹੈ ਅਤੇ ਭਾਰਤ ਦੇ ਕੁਝ ਹਿੱਸਿਆਂ ਵਿਚ ਇਸ ਦਿਨ ਭਗਵਾਨ ਵਿਸ਼ਨੂੰ ਅਤੇ ਕਾਮ-ਦੇਵ ਦੀ ਵੀ ਪੂਜਾ ਕੀਤੀ ਜਾਂਦੀ ਹੈ।

ਬਸੰਤ ਪੰਚਮੀ ਦਾ ਦਿਨ ਇਤਿਹਾਸਕ ਪੱਖ ਤੋਂ ਵੀ ਬਹੁਤ ਮਹੱਤਤਾ ਵਾਲਾ ਹੈ।ਸਾਡੇ ਗੁਰੂਆਂ, ਪੀਰਾਂ, ਸੰਤਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਇਸ ਤਿਉਹਾਰ ਨੂੰ ਬਹੁਤ ਸਲਾਹਿਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੁ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਸੰਤ ਰਾਗ ਵਿਚ ਬਾਣੀ ਲਿਖੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਭਗਤ ਕਬੀਰ ਜੀ ਬਸੰਤ ਰੁੱਤ ਬਾਰੇ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ: “ਮਉਲੀ ਧਰਤੀ ਮਉਲਿਆ ਅਕਾਸੁ॥ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥” ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦਿਨ ਵਿਸ਼ੇਸ਼ ਦਰਬਾਰ ਲਗਾਉਂਦੇ ਹੁੰਦੇ ਸਨ ਜਿਸ ਵਿਚ ਦੇਸ਼ ਭਰ ਤੋਂ ਲੋਕ ਪੀਲੇ ਕੱਪੜੇ ਪਹਿਣ ਕੇ ਪਹੁੰਚਦੇ ਸਨ।ਕੂਕਾ ਲਹਿਰ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਫਰਵਰੀ 1816 ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਬਸੰਤ ਪੰਚਮੀ ਵਾਲੇ ਦਿਨ ਹੀ ਹੋਇਆ ਸੀ।1735 ਨੂੰ ਵੀਰ ਹਕੀਕਤ ਰਾਏ ਨੇ ਵੀ 17 ਸਾਲਾਂ ਦੀ ਛੋਟੀ ਉਮਰ ਵਿਚ ਇਸੇ ਦਿਨ ਧਰਮ ਅਤੇ ਦੇਸ਼ ਦੀ ਖਾਤਰ ਸ਼ਹੀਦੀ ਜਾਮ ਪੀਤਾ ਸੀ।ਸੰਨ 1846 ਨੂੰ ਸਭਰਾਓਂ ਵਿਖੇ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੰਗ੍ਰੇਜ਼ਾਂ ਨਾਲ ਜੰਗ ਲੜਦੇ ਹੋਏ ਸ਼ਹੀਦ ਹੋ ਗਏ ਸਨ।ਬਸੰਤੀ ਰੰਗ ਦੇਸ਼ ਭਗਤੀ ਅਤੇ ਕੁਰਬਾਨੀ ਦਾ ਰੰਗ ਹੈ।ਦੇਸ਼ ਖਾਤਰ ਮਰ ਮਿਟਣ ਵਾਲੇ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਫ਼ਾਂਸੀ ਚੜ੍ਹਨ ਤੋਂ ਪਹਿਲਾਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਗਾਇਆ ਸੀ ਜਿਸਨੇ ਦੇਸ਼ ਵਾਸੀਆਂ ਵਿਚ ਦੇਸ਼ ਖਾਤਰ ਮਰ ਮਿਟਣ ਦੀ ਭਾਵਨਾ ਪੈਦਾ ਕੀਤੀ ਸੀ।

ਭਾਵੇਂ ਕਿ ਬਸੰਤ ਪੰਚਮੀ ਪੂਰੇ ਦੇਸ਼ ਵਿਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ ਪਰੰਤੂ ਪੰਜਾਬ ਵਿਚ ਇਸ ਤਿਉਹਾਰ ਨੂੰ ਮਨਾਉਣ ਦਾ ਜੋਸ਼ ਹੀ ਕੁਝ ਵੱਖਰਾ ਹੁੰਦਾ ਹੈ।ਮੌਸਮ ਵਿਚ ਕੁਦਰਤੀ ਰੰਗਾਂ ਨਾਲ ਘੁਲ ਮਿਲ ਜਾਣ ਲਈ ਪੰਜਾਬੀ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ, ਪੀਲੀਆਂ ਦਸਤਾਰਾਂ ਸਜਾਉਂਦੇ ਹਨ ਅਤੇ ਪੰਜਾਬਣਾਂ ਪੀਲੇ ਦੁਪੱਟੇ ਲੈਂਦੀਆਂ ਹਨ।ਇਹ ਤਿਉਹਾਰ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਅਤੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਲੋਕ ਆਪਣੇ ਘਰਾਂ ਦੇ ਕੋਠਿਆਂ ‘ਤੇ ਚੜ੍ਹ ਕੇ ਰੰਗ-ਬਰੰਗੇ ਪਤੰਗ ਉਡਾਉਂਦੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਰਵਾਉਂਦੇ ਹਨ।ਇਸ ਲਈ ਅਸੀਂ ਆਖ ਸਕਦੇ ਹਾਂ ਕਿ ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਨਵੇਂ ਚਾਅ ਅਤੇ ਮਲਾਰ ਲੈ ਕੇ ਆਉਂਦਾ ਹੈ, ਉਥੇ ਆਪਸੀ ਪਿਆਰ ਅਤੇ ਭਾਈਚਾਰਕ ਏਕਤਾ ਨੂੰ ਵੀ ਪ੍ਰਫੁੱਲਤ ਕਰਦਾ ਹੈ।ਮੇਰੇ ਪੜਦਾਦਾ ਸ਼੍ਰੋਮਣੀ ਸਾਹਿਤਕਾਰ ਰਾਜ ਕਵੀ ਸ. ਬਲਵੰਤ ਸਿੰਘ ਗਜਰਾਜ ਦੀਆਂ ਬਸੰਤ ਰਿੱਤੂ ਦੀ ਖੂਬਸੂਰਤੀ ਬਾਰੇ ਬ੍ਰਜ ਭਾਸ਼ਾ ਵਿਚ ਕੁਝ ਸਤਰਾਂ ਇਸ ਪ੍ਰਕਾਰ ਹਨ:

“ਫ਼ੈਲ ਰਹੀ, ਫ਼ਲ ਰਹੀ, ਫ਼ੂਲ ਰਹੀ, ਫ਼ਬ ਰਹੀ, ਝੂਮ ਝਾਮ ਝੂਮਤੀ ਬਸੰਤ ਰਿਤੂ ਆਈ ਹੈ।
ਫ਼ੂਲ ਰਹੀ ਫ਼ੂਲਨ ਪੇ, ਝੂਲ਼ਨੇ ਝੁਲਾਤ ਰਹੀ, ਜਲ ਥਲ ਬਸੰਤ ਕੀ ਅਨੰਤ ਛਬ ਛਾਈ ਹੈ।
ਮੌਲ ਰਹੇ ਧਰਤ ਆਕਾਸ਼ ਬਨਵਾਸ ਸਭ, ਕੁਦਰਤ ਨੇ ਕੇਸਰੀ ਪੋਸ਼ਾਕ ਪਹਿਨਾਈ ਹੈ।
ਸੁੰਦਰ ਸੁਹਾਗ ਭਰੀ, ਪੀਤ ਪਟਵਾਰੇ ਪੈਣ, ‘ਗਜਰਾਜ’ ਸਪਤਮੀ ਸ਼ਿੰਗਾਰ ਕਰ ਆਈ ਹੈ।”


ਸੰਪਰਕ: +91 94636 19353

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ