Thu, 18 July 2024
Your Visitor Number :-   7194568
SuhisaverSuhisaver Suhisaver

ਪਾਕਿਸਤਾਨ ਦੀ ਖ਼ੈਰ-ਸੁੱਖ ਦੀ ਦੁਆ ਕਰਨ ਵੀ ਹਿੰਦੁਸਤਾਨ ਆਉਣਾ ਪੈਂਦਾ ਹੈ! -ਸ਼ੌਂਕੀ ਇੰਗਲੈਂਡੀਆ

Posted on:- 16-03-2013

ਭਾਰਤ ਵਿੱਚ ਮੌਤ ਦੀ ਸਜ਼ਾ ਖ਼ਤਮ ਕਰਨ ਦੀ ਚਰਚਾ ਬੀਤੇ ਦਿਨੀਂ ਬਰਤਾਨੀਆਂ ਦੀ ਸੰਸਦ ਵਿੱਚ ਹੋਈ ਹੈ। ਸ਼ੌਂਕੀ ਇਸ ਨੂੰ ਨਿਰਾ ਡਰਾਮਾ ਸਮਝਦਾ ਹੈ, ਜਿਸ ਦਾ ਭਾਰਤ ਦੇ ਕਿਸੇ ਕਾਨੂੰਨ `ਤੇ ਕੋਈ ਅਸਰ ਨਹੀਂ ਹੋ ਸਕਦਾ। ਦਸੰਬਰ ਵਿੱਚ ਵਾਪਰੇ ਦਾਮਿਨੀ ਬਲਾਤਕਾਰ ਕੇਸ ਪਿੱਛੋਂ ਭਾਰਤ ਵਿੱਚ ਮੌਤ ਦੀ ਸਜ਼ਾ ਦਾ ਅਧਾਰ ਵਧਾਉਣ ਦੀ ਮੰਗ ਹੋ ਰਹੀ ਹੈ ਅਤੇ ਸਰਕਾਰ ਇਸ ਦਾ ਅਧਾਰ ਵਧਾਉਣ ਵਾਸਤੇ ਆਰਡੀਨੈਂਸ ਵੀ ਜਾਰੀ ਕਰ ਚੁੱਕੀ ਹੈ,  ਕਿਉਂਕਿ ਆਰਡੀਨੈਂਸ ਆਰਜ਼ੀ ਹੁੰਦਾ ਹੈ ਇਸ ਲਈ ਸਰਕਾਰ ਪੱਕਾ ਕਾਨੂੰਨ ਪਾਸ ਕਰਨ ਵਾਸਤੇ ਬਿੱਲ ਵੀ ਤਿਆਰ ਕਰੀ ਬੈਠੀ ਹੈ। ਇੰਝ ਹੁਣ ਬਲਾਤਕਾਰ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦੇਣ ਦਾ ਅਧਾਰ ਤਿਆਰ ਹੋ ਗਿਆ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਸਮਰਥਨ ਹਾਸਲ ਹੈ।

ਬਰਤਾਨੀਆਂ ਦੀ ਸੰਸਦ ਵਿੱਚ ਕੀਤੇ ਗਏ ਡਰਾਮੇ ਵਿੱਚ ਤਿੰਨ ਕਿਸਮ ਦੇ ਲੋਕ ਸਨ। ਇਕ ਰਾਜਨੀਤਕ ਆਗੂ, ਜੋ ਹਰ ਵਰਗ ਦੀਆਂ ਵੋਟਾਂ ਬਟੋਰਨ ਵਾਸਤੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ, ਦੂਜੇ ਜੋ ਹਰ ਕਿਸਮ ਦੀ ਮੌਤ ਦੀ ਸਜ਼ਾ ਦਾ ਵਿਰੋਧ ਇਸ ਅਧਾਰ `ਤੇ ਕਰਦੇ ਹਨ ਕਿ ਇਨਸਾਨ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਹੈ ਅਤੇ ਤੀਜੇ ਸਿੱਖ ਕੱਟੜਪੰਥੀ ਜਿਹਨਾਂ ਨੇ ਇਹ ਡਰਾਮਾ ਕੁਝ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਨੂੰ ਬਚਾਉਣ ਵਾਸਤੇ ਕਰਵਾਇਆ ਹੈ। ਉਂਝ ਇਹ ਲੋਕ ਧਰਮ ਦੇ ਨਾਮ `ਤੇ ਕਿਸੇ (ਜ਼ਾਲਮ ਦਾ) ਦਾ ਖੂਨ ਵਹਾਉਣਾ ਸਹੀ ਮੰਨਦੇ ਹਨ। ਜ਼ਾਲਮ ਕੌਣ ਹੈ ਜਾਂ ਹੋ ਸਕਦਾ ਹੈ ਇਸ ਦਾ ਫੈਸਲਾ ਕਰਨ ਦਾ ਵੀ ਇਹਨਾਂ ਨੂੰ ਪੂਰਾ ਹੱਕ ਹੈ।

ਵੀਆਨਾ ਦੇ ਰਵੀਦਾਸੀਆਂ ਦੇ ਗੁਰਦਵਾਰੇ ਵਿੱਚ ਪ੍ਰਚਾਰ ਕਰਨ ਆਏ ਸੰਤ ਵੀ ‘ਧਰਮ ਦੀ ਰਾਖੀ ਦੇ ਨਾਮ `ਤੇ ਇਹਨਾਂ ਦਾ ਨਿਸ਼ਨਾ ਬਣ ਸਕਦੇ ਹਨ। ਲੁਧਿਆਣਾ ਦੇ ਇਕ ਪਿੰਡ ਦੇ ਗੁਰਦਵਾਰੇ ਵਿੱਚ ਸ਼ਰਾਬ ਪੀ ਕੇ ਖਰੂਦ ਕਰਨ ਵਾਲਾ ਭਈਆ ਵੀ ਇਹਨਾਂ ਦੀ ਗੋਲੀ ਦੀ ਗ੍ਰਿਫ਼ਤ ਵਿੱਚ ਆ ਸਕਦਾ ਹੈ। ਭਈਆ, ਜਿਸ ਨੂੰ ਪਿੰਡ ਵਾਲਿਆਂ ਨੇ ਚੰਗਾ ਕੁਟਣ ਤੋਂ ਬਆਦ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਅਤੇ ਪੁਲਿਸ ਨੇ ਉਸ `ਤੇ ਕੇਸ ਦਰਜ ਕਰ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਹਵਾਲਾਤ ਵਿੱਚ ਜਾ ਕੇ ਗੋਲੀ ਮਾਰੀ ਗਈ ਸੀ। ਉਸ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਜਿ਼ੰਦਾ ਸ਼ਹੀਦ ਦੱਸਿਆ ਜਾ ਰਿਹਾ ਹੈ ਅਤੇ ਇਟਲੀ ਵਿੱਚ ਵੱਸਦੇ ਉਸ ਦੇ ਮਾਪਿਆਂ ਨੂੰ ਯੂਰਪ ਵਿੱਚ ਗੋਲਡ ਮੈਡਲ ਵੰਡੇ ਜਾ ਰਹੇ ਹਨ।

ਰਾਜਸਥਾਨ ਵਿੱਚ ਇੱਕ 75 ਸਾਲਾ ਨਿਹੱਥੇ ਸੰਤ ਨੂੰ “ਧਰਮ ਦੇ ਰਾਖੇ”ਤਿੰਨ ਸਿੱਖ ਨੌਜਵਾਨ ਕ੍ਰਿਪਾਨਾਂ ਨਾਲ ਟੋਟੇ ਟੋਟੇ ਕਰ ਦਿੰਦੇ ਹਨ ਤਾਂ ਕਾਤਲ ਨੌਜਵਾਨਾਂ ਨੂੰ ਸਿੱਖੀ ਦੇ ਰਾਖੇ ਦੱਸਿਆ ਜਾਂਦਾ ਹੈ। ਸੰਤ ਦਾ ਦੋਸ਼ ਇਹ ਸੀ ਕਿ ਉਸ `ਤੇ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਦੇ ਦੋਸ਼ ਲੱਗੇ ਸਨ ਅਤੇ ਪੁਲਿਸ ਨੇ ਉਸ ਨੂੰ ਇਹਨਾਂ ਦੋਸ਼ਾਂ ਵਿੱਚ ਚਾਰਜ ਕਰ ਲਿਆ ਸੀ। ਕਈ ਮਹੀਨੇ ਜੇਲ਼ ਵਿੱਚ ਰਹਿਣ ਪਿੱਛੋਂ ਉਸ ਦੀ ਜ਼ਮਾਨਤ ਹੋ ਗਈ ਸੀ, ਪਰ ਕੇਸ ਅਜੇ ਚੱਲਣਾ ਬਾਕੀ ਸੀ ਤੇ ਉਹ ਅਜੇ ਦੋਸ਼ੀ ਸਾਬਤ ਨਹੀਂ ਸੀ ਹੋਇਆ। ਬੱਸ ਆਪਣੀ ਜ਼ਮਾਨਤ ਕਰਵਾ ਕੇ ਆਪਣੇ ਡੇਰੇ ਪੁੱਜਾ ਹੀ ਸੀ ਕਿ “ਧਰਮ ਦੇ ਰਾਖੇ” ਉਸ ਨੂੰ ਕ੍ਰਿਪਾਨਾਂ ਨਾਲ ਪੈ ਗਏ ਅਤੇ ਟੋਟੋ ਟੋਟੇ ਕਰ ਦਿੱਤਾ।

ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਹੈ, ਇਹ ਆਖਦੇ ਹਨ ਮੌਤ ਦੀ ਸਜ਼ਾ ਦਾ ਵਿਰੋਧ ਕਰਨ ਵਾਲੇ ਅਤੇ ਬਰਤਾਨੀਆਂ ਦੀ ਸੰਸਦ ਵਿੱਚ ਬਹਿਸ ਦਾ ਮੁੱਦਾ ਇਹੀ ਸੀ। ਬਰਤਾਨੀਆਂ ਦੀ ਸੰਸਦ ਵਿੱਚ ਚਰਚਾ ਕਰਨ ਵਾਲੇ ਬਹੁਤੇ ਸਾਂਸਦਾਂ ਨੂੰ ਇਹ ਪਤਾ ਨਹੀਂ ਹੈ ਕਿ ਮੌਤ ਦੀ ਸਜ਼ਾ ਦਾ ਵਿਰੋਧ ਕਰਨ ਵਾਲਿਆਂ ਵਿੱਚ ਅਜੇਹੇ ਲੋਕ ਵੀ ਸ਼ਾਮਲ ਹਨ ਜੋ “ਲੋੜ ਪੈਣ `ਤੇ”ਹੋਰਾਂ ਦੀ ਜਾਨ ਲੈਣਾ ਆਪਣਾ ਹੱਕ ਸਮਝਦੇ ਹਨ, ਪਰ ਜੇਕਰ ਆਪ ਫੜੇ ਜਾਣ ਅਤੇ ਦੋਸ਼ੀ ਸਾਬਤ ਹੋ ਜਾਣ ਤਾਂ ਮੌਤ ਦੀ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ।

ਜਦ ਭਾਰਤ ਨੇ ਸੰਸਦ `ਤੇ ਹਮਲਾ ਕਰਨ ਦੇ ਦੋਸ਼ ਵਿੱਚ ਦੋਸ਼ੀ ਪਾਏ ਗਏ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਤਾਂ ਇੱਕ ਦਮ ਚਰਚਾ ਸ਼ੁਰੂ ਹੋ ਗਈ ਕਿ ਭਾਰਤ ਹੁਣ ਹੋਰ ਦੋਸ਼ੀਆਂ ਨੂੰ ਵੀ ਫਾਹੇ ਲਗਾਏਗਾ। ਅਫ਼ਜ਼ਲ ਗੁਰੂ ਦੇ ਮਾਮਲੇ ਵਿੱਚ ਕੁਝ ਲੋਕਾਂ ਨੇ ਭਾਰਤ ਸਰਕਾਰ ਦੀ ਬਹੁਤ ਨੁਕਤਾਚੀਨੀ ਕੀਤੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ `ਤੇ ਮਗਰਮੱਛ ਹੰਝੂ ਵਹਾਏ ਜਦਕਿ ਉਮਰ ਇਹ ਜਾਣਦਾ ਹੈ ਕਿ ਅਫਜ਼ਲ ਗੁਰੂ ਦੇ ਜਮਾਤੀ ਕੱਟੜਪੰਥੀ ਉਮਰ ਅਬਦੁੱਲਾ ਅਤੇ ਉਸ ਦੇ ਪਰਿਵਾਰ ਨਾਲ ਖੈਰ ਕਰਨ ਵਾਲੇ ਨਹੀਂ ਹਨ। ਜਿਸ ਕਾਰਨ ਉਮਰ ਅਤੇ ਉਸ ਦਾ ਆਰ-ਪਰਿਵਾਰ ਸਖ਼ਤ ਸੁਰੱਖਿਆ ਹੇਠ ਰਹਿੰਦਾ ਹੈ।

ਪੰਜਾਬ ਵਿੱਚ ਚੱਲੇ ਦਹਿਸ਼ਤਗਰਦੀ ਦੇ ਦੌਰ ਸਮੇਂ ਸਿੱਖ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਗੁਰਚਰਨ ਸਿੰਘ ਟੌਹੜਾ ਵੀ ਏਸੇ ਕਿਸਮ ਦੀ ਬੋਲੀ ਬੋਲਿਆ ਕਰਦੇ ਸਨ, ਜਿਸ ਦਾ ਕਾਰਨ ਸਿਰਫ਼ ਦਹਿਸ਼ਤਗਰਦਾਂ ਦਾ ਡਰ ਸੀ। ਉਹ ਦੋਵੇਂ ਚਾਹੁੰਦੇ ਸਨ ਕਿ ਦਹਿਸ਼ਤਗਰਦੀ ਕੋਈ ਜਲਦ ਤੋਂ ਜਲਦ ਖ਼ਤਮ ਕਰ ਦੇਵੇ, ਪਰ ਉਹ ਆਪ ਪ੍ਰਤਖ ਰੂਪ ਵਿੱਚ “ਪੰਥ-ਦਰਦੀ” ਬਣੇ ਰਹਿਣ। ਟੌਹੜਾ ਤਾਂ ਦਹਿਸ਼ਤਗਰਦਾਂ ਦੇ ਹਮਲੇ ਦਾ ਸਿ਼ਕਾਰ ਹੋ ਕੇ ਆਪਣੇ ਹੱਥ ਦਾ ਅੰਗੂਠਾ ਗਵਾ ਚੁੱਕੇ ਸਨ, ਪਰ ਉਹਨਾਂ ਦੀ ਜਾਨ ਬਚ ਗਈ ਸੀ। ਸ: ਬਾਦਲ ਕੋਲ ਛੁਪਣਗਾਹਾਂ ਬਹੁਤ ਸਨ ਅਤੇ ਸੁਰੱਖਿਆ ਵੀ ਚੰਗੀ ਸੀ, ਜਿਸ ਕਾਰਨ ਉਹ ਦਹਿਸ਼ਤਗਰਦਾਂ ਦੇ ਨਿਸ਼ਾਨੇ `ਤੇ ਹੁੰਦੇ ਹੋਏ ਵੀ ਬਚ ਗਏ ਸਨ। ਉਹਨਾਂ ਦੀ ਕਿਸਮਤ ਵਿੱਚ ਤਿੰਨ ਵਾਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਵੀ ਸੀ, ਇਸ ਲਈ ਕੁਦਰਤ ਉਹਨਾਂ ਦੀ ਰਖਵਾਲੀ ਬਣ ਗਈ ਸੀ। ਅੰਦਰੋਂ ਕੁਝ ਹੋਰ ਅਤੇ ਬਾਹਰੋਂ ਕੁਝ ਹੋਰ ਹੋਣ ਕਾਰਨ ਸ: ਬਾਦਲ ਅਤੇ ਸ: ਟੌਹੜਾ ਦੋਗਲੀ ਬੋਲੀ ਹੀ ਬੋਲਦੇ ਰਹੇ ਸਨ। ਉਹਨਾਂ ਵਾਸਤੇ ਦਹਿਸ਼ਤਗਰਦਾਂ ਹੱਥੋਂ ਮਾਰੇ ਜਾਣ ਵਾਲੇ ਸੰਤ ਹਰਚੰਦ ਸਿੰਘ ਲੋਂਗੋਵਾਲ ਵੀ ਸ਼ਹੀਦ ਸਨ ਅਤੇ ਉਹਨਾਂ ਨੂੰ ਗੁਰਦਵਾਰਾ ਸਾਹਿਬ ਵਿੱਚ ਗੋਲੀਆਂ ਮਾਰ ਕੇ ਮਾਰਨ ਵਾਲੇ ਦਹਿਸ਼ਤਗਰਦ ਵੀ ਸ਼ਹੀਦ ਸਨ। ਇਕ ਮਿਆਨ ਵਿੱਚ ਦੋ ਤਲਵਾਰਾਂ ਪਾ ਕੇ ਉਹ ਲੋਕਾਂ ਅਤੇ ਦਹਿਸ਼ਤਦਰਦਾਂ, ਦੋਵਾਂ ਦੇ ਹੀ ਅੱਖੀਂ ਘੱਟਾ ਪਾਉਣ ਵਿੱਚ ਕਾਮਯਾਬ ਰਹੇ ਸਨ।

ਹੁਣ ਇਹੀ ਕੰਮ ਮੁੱਖ ਮੰਤਰੀ ਉਮਰ ਅਬਦੁੱਲਾ ਕਰ ਰਹੇ ਹਨ। ਜਨਾਬ ਉਮਰ ਅਬਦੁੱਲਾ ਨੇ ਤਾਂ ਇਹ ਵੀ ਆਖ ਦਿੱਤਾ ਹੈ ਕਿ ਅਫਜ਼ਲ ਗੁਰੂ ਤੋਂ ਪਹਿਲਾਂ ਸਵਰਗੀ ਮੁੱਖ ਮੰਤਰੀ ਸ: ਬੇਅੰਤ ਸਿੰਘ ਅਤੇ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਲੱਗਣੀ ਚਾਹੀਦੀ ਸੀ।

ਅਫ਼ਜ਼ਲ ਗੁਰੂ ਦੀ ਫਾਂਸੀ ਦੇ ਮਾਮਲੇ ਵਿੱਚ ਪਾਕਿਸਤਾਨ ਨੇ ਵੀ ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਂਝ ਆਪ ਪਾਕਿਸਤਾਨ ਪੂਰੀ ਤਰਾਂ ਅਸਥਿਰ ਹੈ ਅਤੇ ਦੂਜੇ ਪਾਸੇ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਸਮੇਤ 2014 ਵਿੱਚ ਅਫਗਾਨਿਸਤਾਨ ਵਿਚੋਂ ਨਿਕਣ ਜਾਣਾ ਚਾਹੁੰਦਾ ਹੈ। ਅਜੇਹੀ ਹਾਲਤ ਵਿੱਚ ਅਫਗਾਨਿਸਤਾਨ ਮੁੜ ਤਾਲਿਬਾਨਾਂ ਦੀ ਗ੍ਰਿਫ਼ਤ ਵਿੱਚ ਆ ਸਕਦਾ ਹੈ।

ਪਾਕਿਸਤਾਨ ਦੇ ਅੰਦਰ ਇਸਲਾਮਿਕ ਕੱਟੜਪੰਥੀ ਦਿਨੋ ਦਿਨ ਹੋਰ ਹਾਵੀ ਅਤੇ ਪ੍ਰਭਾਵੀ ਹੁੰਦੇ ਜਾ ਰਹੇ ਹਨ। ਬੰਬ ਧਮਾਕੇ ਤਾਂ ਹੁਣ ਆਮ ਜਿਹੀ ਗੱਲ ਬਣ ਗਈ ਹੈ। ਅੱਜ ਪਾਕਿਸਤਾਨ ਦਾ ਕੋਈ ਸੂਬਾ ਵੀ ਸ਼ਾਂਤ ਵਿਖਾਈ ਨਹੀਂ ਦੇ ਰਿਹਾ। ਬਲੋਚਿਤਸਾਨ ਵਿੱਚ ਸ਼ੀਆ ਅਤੇ ਹਜ਼ਾਰਾ ਭਾਈਚਾਰੇ ਦੇ ਸੈਂਕੜੇ ਲੋਕ ਹਰ ਮਹੀਨੇ ਇਸਲਾਮਿਕ ਕੱਟੜਪੰਥੀਆਂ ਹੱਥੋਂ ਮਾਰੇ ਜਾ ਰਹੇ ਹਨ।

ਕਰਾਚੀ ਵਿੱਚ ਹੱਦ ਦਰਜੇ ਦੀ ਬੱਦਅਮਨੀ ਬਣੀ ਹੋਈ ਹੈ ਅਤੇ ਬੀਤੇ ਹਫ਼ਤੇ ਸ਼ੀਆ ਭਾਈਚਾਰੇ ਦੀ ਇੱਕ ਬਸਤੀ `ਤੇ ਇਕ ਵੱਡਾ ਬੰਬ ਹਮਲਾ ਕੀਤਾ ਗਿਆ ਸੀ ਜਿਸ ਵਿੱਚ 50 ਦੇ ਕਰੀਬ ਮੌਤਾਂ ਹੋਈਆਂ ਸਨ। ਸੈਂਕੜੇ ਜ਼ਖ਼ਮੀ ਹੋਏ ਸਨ ਅਤੇ ਕਈ ਰਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਸਨ।

ਇਸ ਹਫ਼ਤੇ ਲਾਹੌਰ ਵਿੱਚ ਇਸਲਾਮਿਕ ਕੱਟੜਪੰਥੀਆਂ ਨੇ ਇਕ ਈਸਾਈ ਬਸਤੀ `ਤੇ ਹਮਲਾ ਕਰ ਕੇ 200 ਦੇ ਕਰੀਬ ਘਰ ਲੁੱਟਣ ਪਿੱਛੋਂ ਅੱਗ ਲਗਾ ਕੇ ਸਾੜ ਸੁੱਟੇ ਹਨ। ਕੱਟੜਪੰਥੀਆਂ ਦੀ ਭੀੜ ਨੂੰ ਇਕ ਅਜੇਹੇ ਈਸਾਈ ਵਿਅਕਤੀ ਦੀ ਤਲਾਸ਼ ਸੀ ਜਿਸ `ਤੇ “ਦੀਨ-ਹੱਤਕ” ਦੇ ਦੋਸ਼ ਲਗਾਏ ਜਾ ਰਹੇ ਸਨ। ਇਸ ਵਿਅਕਤੀ ਦੀ ਤਲਾਸ਼ ਕਰ ਰਹੀ ਭੀੜ ਜਦ ਆਦਮ ਬੋਮ ਆਦਮ ਬੋ ਕਰਦੀ ਉਸ ਦੇ ਘਰ ਵੱਲ ਵਧੀ ਤਾਂ ਇਸ ਨਾਲ ਤਮਾਸ਼ਬੀਨਾਂ ਦੀ ਭੀੜ ਜੁੜਦੀ ਗਈ। ਹਮਲਾ ਕਰਨ ਵੇਲੇ ਤੱਕ ਇਸਲਾਮ ਦੇ ਰਾਖਿਆਂ ਦੀ ਗਿਣਤੀ 3000 ਦੇ ਕਰੀਬ ਹੋ ਗਈ ਜਿਹਨਾਂ ਨੇ ਰੱਝ ਕੇ ਈਸਾਈ ਬਸਤੀ ਵਿੱਚ ਲੁੱਟਮਾਰ ਕੀਤੀ ਅਤੇ ਫਿਰ ਅੱਗ ਲਗਾ ਦਿੱਤੀ।
ਇਹ ਕੋਈ ਇਕ ਅਚਾਨਕ ਵਾਪਰੀ ਘਟਨਾ ਨਹੀਂ ਹੈ ਸਗੋਂ ਪਾਕਿਸਤਾਨ ਵਿੱਚ ਇਹ ਵਰਤਾਰਾ ਹੁਣ ਆਮ ਬਣ ਗਿਆ ਹੈ। ਜਿਸ ਕਾਰਨ ਘੱਟ ਗਿਣਤੀ ਭਾਈਚਾਰੇ ਸਹਿਮੇ ਬੈਠੇ ਹਨ ਅਤੇ ਦੇਸ਼ ਛੱਡ ਛੱਡ ਕੇ ਭੱਜ ਰਹੇ ਹਨ। ਗੈਰ ਮੁਸਲਿਮ ਹੋਣ ਕਾਰਨ ਹਿੰਦੂ, ਸਿੱਖ ਅਤੇ ਈਸਾਈ ਤਾਂ ਇਸਲਾਮਿਕ ਕੱਟੜਪੰਥੀਆਂ ਨੂੰ ਜ਼ਹਿਰ ਵਿਖਾਈ ਦੇਣੇ ਹੀ ਹਨ ਹੁਣ ਤਾਂ ਕੱਟੜਪੰਥੀ ਸਿਰਫ਼ ਸੁੰਨੀ ਮੁਸਲਮਨਾਂ ਨੂੰ ਹੀ ਮੁਸਲਮਾਨ ਮੰਨਦੇ ਹਨ। ਪਹਿਲਾਂ ਅਹਿਮਦੀਆ ਮੁਸਲਮਾਨ ਤੇ ਹੁਣ ਸੂਫੀ, ਸ਼ੀਆ ਅਤੇ ਹਜ਼ਾਰਾ ਮੁਸਲਮਾਨ ਵੀ ਕੱਟੜਪੰਥੀਆਂ ਦੇ ਕਹਿਰ ਦਾ ਸਿ਼ਕਾਰ ਹੋ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਮੁਸਲਮਾਨਾਂ ਦਾ ਖਾਲਿਸ (ਪਾਕਿ) ਦੇਸ਼ ਬਣਾਇਆ ਗਿਆ ਸੀ ਪਰ ਅੱਜ ਇਹ ਮੁਸਲਮਾਨਾਂ ਵਾਸਤੇ ਵੀ ਸੁਰੱਖਿਅਤ ਨਹੀਂ ਰਿਹਾ। ਪਾਕਿਸਤਾਨ ਦਾ ਬਾਨੀ ਮੁਹੰਮਦ ਅਲੀ ਜਿਨਾਹ ਇੱਕ ਸ਼ੀਆ ਮੁਸਲਮਾਨ ਸੀ, ਪਰ ਅੱਜ ਉਸ ਦਾ ਆਪਣਾ ਸ਼ੀਆ ਫਿਰਕਾ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ। ਇਸਲਾਮਿਕ ਕੱਟੜਪੰਥੀਆਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਜਿਨਾਹ ਸ਼ੀਆ ਮੁਸਲਮਾਨ ਸੀ। ਉਸ ਦਾ ਬਣਾਇਆ ਪਾਕਿਸਤਾਨ ਤਾਂ ਉਹਨਾਂ ਦਾ ਦੇਸ਼ ਹੈ, ਪਰ ਬਣਾਉਣ ਵਾਲੇ ਦਾ ਧਾਰਮਿਕ ਵਿਸ਼ਵਾਸ ਉਹਨਾਂ ਨੂੰ ਜ਼ਹਿਰ ਵਿਖਾਈ ਦਿੰਦਾ ਹੈ।

ਧਰਮ ਦੇ ਅਧਾਰ `ਤੇ ਬਣਾਇਆ ਗਿਆ ਪਾਕਿਸਤਾਨ ਅੱਜ ਇਕ ਅਸਫ਼ਲ ਦੇਸ਼ ਹੈ, ਜਿਸ ਨੂੰ ਆਪਣੇ ਆਪ ਤੋਂ ਖਤਰਾ ਬਣਿਆ ਹੋਇਆ ਹੈ। ਅਨੇਕਾਂ ਸਮੱਸਿਆਵਾਂ ਦੇ ਹੁੰਦੇ ਹੋਏ ਵੀ ਬਹੁ-ਧਰਮੀ ਭਾਰਤ ਕਿਤੇ ਵੱਧ ਮਜ਼ਬੂਤ ਦੇਸ਼ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ 13ਵੀਂ ਸਦੀ ਦੇ ਸੂਫੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ `ਤੇ ਆਪਣੀ ਕੁਰਸੀ, ਆਪਣੀ ਪਾਰਟੀ ਅਤੇ ਪਾਕਿਸਤਾਨ ਦੀ ਖੈਰ-ਸੁੱਖ ਦੀ ਦੁਆ ਕਰਨ ਅਜਮੇਰ ਸ਼ਰੀਫ ਆਏ ਸਨ। ਅਜੇਹਾ ਕਰਨ ਵਾਲੇ ਉਹ ਪਹਿਲੇ ਪਾਕਿਸਤਾਨੀ ਆਗੂ ਨਹੀਂ ਹਨ। ਜਿ਼ਆਉੱਲਹੱਕ, ਮੁਸ਼ਰੱਫ਼, ਭੁੱਟੋ ਅਤੇ ਹੋਰ ਅਜੇਹਾ ਕਰਨ ਆਉਂਦੇ ਰਹੇ ਹਨ। ਧਰਮ ਦੇ ਅਧਾਰ `ਤੇ ਬਣੇ ਪਾਕਿਸਤਾਨ ਦੀ ਖੈਰ-ਸੁੱਖ ਦੀ ਦੁਆ ਕਰਨ ਵੀ ਹਿੰਦੁਸਤਾਨ ਆਉਣਾ ਪੈਂਦਾ ਹੈ।

Comments

shonki de leekh kamal de hunde han.kmal di mude te pakad hundi hai. dunia vich chal rahe dharm de na te qatla to oh dahda dukhi hai. leekh da eh paira dunia vich bane dharm de na te mulkha upar kamal di tipni hai. shonki di kalm ate soch nu salam.ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਮੁਸਲਮਾਨਾਂ ਦਾ ਖਾਲਿਸ (ਪਾਕਿ) ਦੇਸ਼ ਬਣਾਇਆ ਗਿਆ ਸੀ ਪਰ ਅੱਜ ਇਹ ਮੁਸਲਮਾਨਾਂ ਵਾਸਤੇ ਵੀ ਸੁਰੱਖਿਅਤ ਨਹੀਂ ਰਿਹਾ। ਪਾਕਿਸਤਾਨ ਦਾ ਬਾਨੀ ਮੁਹੰਮਦ ਅਲੀ ਜਿਨਾਹ ਇੱਕ ਸ਼ੀਆ ਮੁਸਲਮਾਨ ਸੀ, ਪਰ ਅੱਜ ਉਸ ਦਾ ਆਪਣਾ ਸ਼ੀਆ ਫਿਰਕਾ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ। ਇਸਲਾਮਿਕ ਕੱਟੜਪੰਥੀਆਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਜਿਨਾਹ ਸ਼ੀਆ ਮੁਸਲਮਾਨ ਸੀ। ਉਸ ਦਾ ਬਣਾਇਆ ਪਾਕਿਸਤਾਨ ਤਾਂ ਉਹਨਾਂ ਦਾ ਦੇਸ਼ ਹੈ, ਪਰ ਬਣਾਉਣ ਵਾਲੇ ਦਾ ਧਾਰਮਿਕ ਵਿਸ਼ਵਾਸ ਉਹਨਾਂ ਨੂੰ ਜ਼ਹਿਰ ਵਿਖਾਈ ਦਿੰਦਾ

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ