Wed, 24 April 2024
Your Visitor Number :-   6996892
SuhisaverSuhisaver Suhisaver

ਚੰਗੇ ਦੋਸਤ ਪੁਸਤਕਾਂ ਦਾ ਸਤਿਕਾਰ -'ਨੀਲ'

Posted on:- 02-11-2014

suhisaver

ਅੱਜ ਭਾਵੇਂ ਇੰਟਰਨੈੱਟ ਅਤੇ ਕੰਪਿਊਟਰ ਰਾਹੀਂ ਈ-ਬੁਕਸ ਦੀ ਆਨਲਾਇਨ ਰੀਡਿੰਗ ਦਾ ਚਲਨ ਵਧ ਗਿਆ ਹੈ, ਪਰ ਹਾਲੇ ਵੀ ਪੁਸਤਕਾਂ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੋਈ ਹੈ।ਪੁਸਤਕਾਂ ਦੇ ਕਈ ਰੂਪ ਹੁੰਦੇ ਹਨ ਜਿਵੇਂ ਕਿ ਬਾਲ-ਪੁਸਤਕ, ਪਾਠ ਪੁਸਤਕ, ਰਸਾਲਾ, ਸਾਹਿਤਕ ਪੁਸਤਕ, ਧਾਰਮਿਕ ਪੁਸਤਕ ਆਦਿ। ਜਦੋਂ ਕੋਈ ਵਿਅਕਤੀ ਪੁਸਤਕ ਨੂੰ ਹੱਥ ਵਿਚ ਫੜ੍ਹ ਕੇ ਚਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਪੜ੍ਹਿਆ-ਲਿਖਿਆ ਇਨਸਾਨ ਜਾ ਰਿਹਾ ਹੈ। ਨੇੜੇ ਹੋ ਕੇ ਜੇਕਰ ਉਸ ਪੁਸਤਕ ਦਾ ਮਜਮੂਨ ਪੜ੍ਹ ਲਿਆ ਜਾਵੇ ਤਾਂ ਪਤਾ ਲਾਇਆ ਜਾ ਸਕਦਾ ਹੈ ਕਿ ਉਹ ਵਿਦਿਆਰਥੀ ਹੈ, ਸਾਹਿਤਕਾਰ ਹੈ, ਕਾਰੋਬਾਰੀ ਹੈ, ਨੌਕਰੀਪੇਸ਼ਾ ਹੈ, ਕੰਮਿਊਨਿਸਟ ਹੈ ਜਾਂ ਕੁਝ ਹੋਰ।ਇਸ ਤੋਂ ਵੀ ਅੱਗੇ ਜੇਕਰ ਅਸੀ ਉਸ ਪੁਸਤਕ ਨੂੰ ਉਸ ਵਿਅਕਤੀ ਕੋਲੋਂ ਲੈ ਕੁ ਉਸ ਨੂੰ ਥੋੜ੍ਹਾ ਬਹੁਤ ਪੜ੍ਹ ਲਈਏ ਤਾਂ ਅਸੀਂ ਇਹ ਵੀ ਅੰਦਾਜ਼ਾ ਲਗਾ  ਸਕਦੇ ਹਾਂ ਕਿ ਉਸ ਵਿਅਕਤੀ ਵਿਸ਼ੇਸ਼ ਦੇ ਰੁਝਾਨ ਅਤੇ ਸ਼ੌਂਕ ਕੀ ਹਨ ਅਤੇ ਇੰਝ ਉਸਦੇ ਚਰਿੱਤਰ ਦੀ ਵੀ, ਭਾਵੇਂ ਧੁੰਦਲੀ ਜਿਹੀ ਹੀ ਸਹੀ, ਇਕ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ।

ਭਾਵੇਂ ਅੱਖਾਂ ਦੇ ਡਾਕਟਰ ਮਨ੍ਹਾ ਕਰਦੇ ਹਨ, ਪਰ ਫਿਰ ਵੀ ਅਸੀਂ ਵੇਖਦੇ ਹਾਂ ਕਿ ਪੜ੍ਹਨ ਦੇ ਸ਼ੌਕੀਨ ਲੋਕ ਅਕਸਰ ਬੱਸਾਂ, ਗੱਡੀਆਂ ਵਿਚ ਸਫ਼ਰ ਦੌਰਾਨ ਪੁਸਤਕਾਂ ਆਪਣੇ ਨਾਲ ਲੈ ਕੇ ਹੀ ਚਲਦੇ ਹਨ ਅਤੇ ਪੜ੍ਹਦੇ ਰਹਿੰਦੇ ਹਨ। ਕਈ ਵਿਅਕਤੀਆਂ ਨੂੰ ਤਾਂ ਆਦਤ ਹੁੰਦੀ ਹੈ ਕਿ ਜਦੋਂ ਤੀਕ ਉਹ ਕੋਈ ਪੁਸਤਕ ਨਾ ਪੜ੍ਹਨ, ਉਨ੍ਹਾਂ ਨੂੰ ਨੀਂਦ ਹੀ ਨਹੀਂ ਆਉਂਦੀ। ਪੜ੍ਹਨਾ ਕਈ ਲੋਕਾਂ ਲਈ ਸਿੱਖਣ ਦਾ ਇਕ ਜਨੂੰਨ ਬਣ ਜਾਂਦਾ ਹੈ। ਇਹ ਇਕ ਨਿਰੌਲ ਸੱਚਾਈ ਹੈ ਕਿ ਪੁਸਤਕਾਂ ‘ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਪੁਸਤਕ ਉਸਦੇ ਲੇਖਕ ਦੀ ਜੀਵਨ ਯਾਤਰਾ ਦੇ ਵੱਖ-ਵੱਖ ਪੜ੍ਹਾਵਾਂ ਤੋਂ ਪ੍ਰਾਪਤ ਤਜ਼ੁਰਬਿਆਂ ਦਾ ਇਕ ਵੱਡਾ ਭੰਡਾਰ ਹੁੰਦੀ ਹੈ ਜਿਸ ਰਾਹੀਂ ਲੇਖਕ ਆਪਣੇ ਵਿਚਾਰ ਅਤੇ ਤਜ਼ੁਰਬੇ ਪਾਠਕਾਂ ਤੀਕ ਪੁਚਾਉੰਦਾ ਹੈ ਅਤੇ ਜਿਨ੍ਹਾ ਨੂੰ ਪੜ੍ਹ ਕੇ ਪਾਠਕ ਨਾ ਸਿਰਫ ਸਿੱਖਦੇ ਹਨ ਬਲਕਿ ਆਪਣਾ ਸਮਾਂ ਵੀ ਬਚਾਉਂਦੇ ਹਨ ਕਿਉਂਕਿ ਉਹ ਉਨ੍ਹਾਂ ਓਕੜਾਂ 'ਚੋਂ ਲੰਘੇ ਬਿਨਾਂ ਹੀ ਉਨ੍ਹਾਂ ਸਬੰਧੀ ਤਜ਼ੁਰਬੇ ਹਾਸਿਲ ਕਰ ਲੈਂਦੇ ਹਨ ਜਿਨ੍ਹਾ ਵਿੱਚੋਂ ਕਦੀਂ ਲੇਖਕ ਗੁਜ਼ਰਿਆ ਹੁੰਦਾ ਹੈ ਅਤੇ ਅੱਗੇ ਚੱਲ ਕੇ ਇਹ ਤਜ਼ੁਰਬੇ ਜ਼ਿੰਦਗ਼ੀ ਵਿਚ ਕੰਮ ਵੀ ਆਉਂਦੇ ਹਨ।

ਪੁਸਤਕਾਂ ਬਾਰੇ ਇਕ ਗੱਲ ਆਮ ਕਰਕੇ ਕਹੀ ਜਾਂਦੀ ਹੈ ਕਿ ਪੁਸਤਕ ਉਧਾਰੀ ਲੈਣ ਲੱਗਿਆਂ ਤਾਂ ਬੰਦਾ ਬੜੀਆਂ ਮਿੰਨਤਾਂ ਕਰਦਾ ਹੈ ਅਤੇ ਵਾਅਦਾ ਵੀ ਕਰਦਾ ਹੈ ਕਿ ਉਸਦੀ ਲੋੜ ਪੂਰੀ ਹੋ ਜਾਣ ਮਗਰੋਂ ਉਹ ਆਪ ਉਸ  ਪੁਸਤਕ ਨੂੰ ਵਾਪਸ ਦੇ ਦੇਵੇਗਾ ਪਰ, ਮਾਫ ਕਰਨਾ, ਵਧੇਰੇ ਪਾਠਕ ਕਿਤਾਬਾਂ ਲੈਣੀਆਂ/ਮੰਗਣੀਆਂ ਤਾਂ ਜਾਣਦੇ ਹਨ, ਪਰ ਉਨ੍ਹਾਂ ਨੂੰ ਇਹ ਚੇਤੇ ਨਹੀਂ ਰਹਿੰਦਾ ਕਿ ਉਹ ਪੁਸਤਕ ਵਾਪਸ ਵੀ ਕਰਨੀ ਹੈ। ਸ਼ਾਇਦ ਇਹ ਇਸ ਕਰਕੇ ਹੁੰਦਾ ਹੈ ਕਿ ਪੁਸਤਕ ਉਧਾਰ ਮੰਗਣ ਵਾਲੇ ਨੂੰ ਉਸ ਪੁਸਤਕ ਨਾਲ ਇੰਨਾ ਲਗਾਵ ਹੋ ਜਾਂਦਾ ਹੈ ਕਿ ਉਹ ਮੁੜ ਉਸਨੂੰ ਵਾਪਸ ਹੀ ਨਹੀਂ ਦੇਣਾ ਚਾਹੁੰਦਾ। ਇਸ ਮਾਮਲੇ ਵਿਚ ਕੁਝ ਲੋਕ ਕੰਜੂਸ ਵੀ ਹੁੰਦੇ ਹਨ, ਜੋ ਪੁਸਤਕ ਖ਼ਰੀਦ ਕੇ ਪੜ੍ਹਨ ਨਾਲੋਂ ਪੁਸਤਕ ਮੰਗ ਕੇ ਪੜ੍ਹਨਾ ਵਧੇਰੇ ਠੀਕ ਸਮਝਦੇ ਹਨ।

ਕੁਝ ਲੋਕ ਪੁਸਤਕ ਹੱਥ ਵਿਚ ਆਉਣ ਸਾਰ ਉਸ ਨੂੰ ਪੈਨ ਜਾਂ ਕਲਮ ਨਾਲ ਸ਼ਿੰਗਾਰਨ ਵਿਚ ਕੋਈ ਕੂਣ-ਕਸਰ ਨਹੀਂ ਛੱਠਦੇ। ਪੁਸਤਕ ਉਪਰ ਸੱਭ ਤੋਂ ਪਹਿਲਾਂ ਆਪਣਾ ਨਾਮ ਲਿਖਦੇ ਹਨ, ਫਿਰ ਉਸ ਦੇ ਖ਼ਾਲੀ ਸਫ਼ਿਆਂ 'ਤੇ ਕੋਈ ਚਿੱਤਰਕਾਰੀ ਕਰਦੇ ਹਨ ਅਤੇ ਕੁਝ ਮਨਚਾਹੀ ਗੱਲ ਲਿਖ ਕੇ ਆਪਣੇ ਮਨ ਨੂੰ ਠਾਰ੍ਹਦੇ ਹਨ। ਸਾਹਿਤਕਾਰ ਲੋਕ ਪੁਸਤਕ ਉੱਪਰ ਕੁਝ ਲਿਖਣਾ ਚੰਗਾ ਨਹੀਂ ਸਮਝਦੇ। ਪੰਜਾਬੀ ਸਾਹਿਤ ਅਕਾਦਮੀ ਹੋਣ ਕਰਕੇ ਪੰਜਾਬੀ ਸਾਹਿਤ ਦਾ ਮੱਕਾ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਵਸਨੀਕ ਮੇਰੇ ਸਾਹਿਤਕ ਉਸਤਾਦ ਮੈਡਮ (ਡਾਕਟਰ) ਮਨੂ ਸ਼ਰਮਾ ਸੌਹਲ ਜੀ ਕਿਸੇ ਵੀ ਪੁਸਤਕ ਉਪਰ ਆਪਣੇ ਹੱਥੀਂ ਕਦੀਂ ਕੁਝ ਨਹੀਂ ਲਿਖਦੇ, ਆਪਣਾ ਨਾਮ ਤੱਕ ਨਹੀਂ। ਉਹ ਜਦੋਂ ਵੀ ਮੈਨੂੰ ਕੋਈ ਪੁਸਤਕ ਡਾਕ ਰਾਹੀਂ ਭੇਟ ਕਰਦੇ ਹਨ ਤਾਂ ਉਹ ਪੁਸਤਕ ਦੇ ਪਹਿਲੇ ਸਫ਼ੇ ਉਪਰ ਇਕ ਛੋਟੀ ਜਿਹੀ ਰੰਗੀਨ ਪਰਚੀ (ਫਲੈਗ ਸਲਿਪ) ਚਿਪਕਾਉਂਦੇ ਹਨ, ਉਸ ਉਪਰ ਮੇਰੇ ਲਈ ਆਪਣੀਆਂ ਸ਼ੁੱਭ ਇੱਛਾਵਾਂ ਲਿਖਦੇ ਹਨ ਅਤੇ ਇੰਝ ਉਹ ਪੁਸਤਕ ਦਾ ਸਤਿਕਾਰ ਕਰਦਿਆਂ ਹੋਇਆਂ ਅਤੇ ਪੁਸਤਕ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਏ ਬਗ਼ੈਰ ਆਪਣੇ ਸੰਦੇਸ਼ ਸਣੇ ਪੁਸਤਕ ਭੇਟ ਕਰਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸਤਾਦ ਲੋਕ ਪੁਸਤਕਾਂ ਦੇ ਰੁਤਬੇ ਅਤੇ ਉਨ੍ਹਾਂ ਦੇ ਮੂਲ-ਰੂਪ ਦੀ ਸਾਂਭ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ।

ਦੋਸਤੋ! ਪੁਸਤਕਾਂ ਸਾਡੀਆਂ ਚੰਗੀਆਂ ਦੋਸਤ ਹੁੰਦੀਆਂ ਹਨ, ਜੋ ਸਮੇ-ਸਮੇ ਤੇ ਸਾਨੂੰ ਨਿੱਤ ਨਵੇਂ ਦ੍ਰਿਸ਼ਟਾਂਤ ਅਤੇ ਸਿੱਖਿਆਵਾਂ ਦਿੰਦੀਆਂ ਰਹਿੰਦੀਆਂ ਹਨ, ਜਿਸ ਨਾਲ ਇਹ ਸਾਡੇ ਜੀਵਨ ਨੂੰ ਸਵਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਰਹਿੰਦੀਆਂ ਹਨ। ਸੋ ਚੰਗੇ ਦੋਸਤਾਂ ਨੂੰ ਉਨ੍ਹਾ ਦਾ ਬਣਦਾ ਸਤਿਕਾਰ ਜ਼ਰੂਰ ਦੇਣਾ ਚਾਹੀਦਾ ਹੈ। ਜੇਕਰ ਕਿਸੇ ਕੋਲੋਂ ਕੋਈ ਪੁਸਤਕ ਉਧਾਰ ਲਵੋ ਤਾਂ ਪੜ੍ਹਨ ਉਪਰੰਤ ਤੁਰੰਤ ਵਾਪਿਸ ਵੀ ਕਰ ਦਵੋ ਅਤੇ ਪੁਸਤਕਾਂ ਉਪਰ ਕਦੀਂ ਕੁਝ ਨਾ ਲਿਖੋ। ਇਹੋ ਹੋ ਸਕਦਾ ਹੈ ਸਾਡੇ ਸਾਰਿਆਂ ਵੱਲੋਂ ਚੰਗੇ ਦੋਸਤ ਪੁਸਤਕਾਂ ਦਾ ਸਤਿਕਾਰ।

ਸੰਪਰਕ: +91 94184 70707

Comments

manu sharma

It is a very very nice article Sunil ji. Keep writing. God bless you!

Neel

ਮਾਣਯੋਗ ਮੈਡਮ ਮਨੂ ਸ਼ਰਮਾ ਜੀ! ਆਪ ਜੀ ਦੀ ਦੱਸੀਆਂ ਲੀਹਾਂ ਉਪਰ ਚੱਲਦਿਆਂ ਹੋਇਆਂ ਸਾਹਿਤ ਦੀ ਸੇਵਾ ਕਰਨ ਦਾ ਜਤਨ ਕਰ ਰਿਹਾ ਹਾਂ ਜੀ। ਜੇਕਰ ਮੇਰੇ ਕੰਮ ਦੀ ਸ਼ਲਾਘਾ ਆਪ ਜੀ ਵੱਲੋਂ ਕੀਤੀ ਗਈ ਹੈ ਤਾਂ ਮੈਂ ਸਮਝਦਾ ਹਾਂ ਕਿ ਮੈਂ ਕੁੱਝ ਕਰਨ ਦੇ ਕਾਬਿਲ ਹਾਂ। ਅੱਗੇ ਵੀ ਆਪਣੀ ਅਸੀਸ ਮੇਰੇ ਉਪਰ ਬਣਾਈ ਰੱਖਣਾ ਜੀ। 'ਨੀਲ'

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ