Fri, 19 July 2024
Your Visitor Number :-   7196063
SuhisaverSuhisaver Suhisaver

ਔਰਤ ਆਗੂ ਰੋਜ਼ਾ ਲਕਸਮਬਰਗ -ਮਨਦੀਪ

Posted on:- 08-03-2015

suhisaver

(5 ਮਾਰਚ 1871-15 ਜਨਵਰੀ 1919)

ਰੋਜ਼ਾ ਲਕਸਮਬਰਗ ਔਰਤ ਮੁਕਤੀ ਸੰਘਰਸ਼ਾਂ ਦੀ ਸਰਗਰਮ ਆਗੂ ਰਹੀ ਹੈ। ਉਸਦਾ ਜਨਮ 5 ਮਾਰਚ 1871 ਨੂੰ ਵਿਸਟੁਲਆ ਲੈਂਡ (ਜਰਮਨ) ’ਚ ਹੋਇਆ। ਸੰਨ 1889 ’ਚ ਉਸਦੀ ਉਮਰ 18 ਸਾਲ ਦੀ ਸੀ ਜਦੋਂ ਉਹ ਜ਼ਿਊਰਿਕ ਦੇ ਔਰਤ ਸੰਘਰਸ਼ਾਂ ਵਿੱਚ ਵੱਧ-ਚੜਕੇ ਹਿੱਸਾ ਲੈਂਦੀ ਰਹੀ। 1898 ਵਿੱਚ ਉਸਨੇ ਰਾਜਨੀਤਿਕ ਆਰਥਿਕਤਾ ਤੇ ਕਾਨੂੰਨ ਦੀ ਪੜ੍ਹਾਈ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਪੜਾਈ ਕਰਦਿਆਂ ਹੀ ਉਸਦਾ ਸੰਪਰਕ ਪ੍ਰੋਲੇਤਾਰੀ ਤੇ ਸ਼ੋਸ਼ਲ ਡੈਮੋਕਰੇਟਿਕ ਪਾਰਟੀਆਂ ਨਾਲ ਰਿਹਾ। ਉਸਨੇ ਕਮਿਊਨਿਸਟ ਪਾਰਟੀ ਆਫ ਜਰਮਨੀ, ਇੰਡੀਪੈਂਡਿੰਟ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਅਤੇ ਸਪਾਰਟਕਸ ਲੀਗ ’ਚ ਸਿਧਾਂਤਕ ਬੁਲਾਰੇ ਦੇ ਤੌਰ ’ਤੇ ਸਰਗਰਮ ਆਗੂ ਭੂਮਿਕਾ ਅਦਾ ਕੀਤੀ।ਉਸਦੇ ਰੂਸੀ ਕਮਿਊਨਿਸਟ ਪਾਰਟੀ ਨਾਲ ਸਿਧਾਂਤਕ ਮੱਤਭੇਦ ਵੀ ਸਨ ਜਿੰਨ੍ਹਾਂ ਸਬੰਧੀ ਉਹ ਲਗਾਤਾਰ ਆਪਣਾ ਮੱਤ ਵਿਅਕਤ ਕਰਦੀ ਰਹੀ। ਕੁੱਝ ਸਿਧਾਂਤਕ ਵਖਰੇਵਿਆਂ ਦੇ ਬਾਵਜੂਦ ਉਹ ਆਖਰੀ ਸਾਹ ਤੱਕ ਔਰਤ ਮੁਕਤੀ ਲਈ ਪੂੰਜੀਵਾਦੀ ਰਾਜਤੰਤਰ ਖਿਲਾਫ ਬੇਕਿਰਕ ਘੋਲ ਲੜਦੀ ਰਹੀ।

ਉਸਨੇ ਸ਼ਾਸ਼ਕ ਵਰਗ ਖਿਲਾਫ ਮਜ਼ਦੂਰ ਜਮਾਤ ਦੇ ਰੋਸ ਮੁਜ਼ਾਹਰਿਆਂ ਤੇ ਹੜਤਾਲਾਂ ਦੀ ਸਦਾ ਹਮਾਇਤ ਕੀਤੀ। ਰੋਜ਼ਾ ਨੇ ਰੂਸੀ ਇਨਕਲਾਬ (1905) ਤੇ ਜਰਮਨੀ ਦੀ ਸ਼ੋਸ਼ਲ ਡੈਮੋਕਰੇਟਿਕ ਲਹਿਰ ਬਾਰੇ ਆਪਣੀਆਂ ਟਿੱਪਣੀਆਂ ਦਰਜ ਕਰਵਾਈਆਂ ਅਤੇ ਇੱਥੋਂ ਦੀ ਕਿਰਤੀ ਜਮਾਤ ਦੇ ਪੱਖ ’ਚ ਆਪਣੇ ਦਿ੍ਰਸ਼ਟੀਕੋਣ ਤੋਂ ਕਈ ਲਿਖਤਾਂ ਲਿਖੀਆਂ। ਔਰਤ ਤੇ ਮਜ਼ਦੂਰ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਉਸਨੂੰ ਕਈ ਵਾਰ ਗਿ੍ਰਫਤਾਰ ਕਰਕੇ ਜੇਲ੍ਹ ਅੰਦਰ ਬੰਦ ਕੀਤਾ ਗਿਆ। ਰੋਜ਼ਾ ਰਿਹਾਈ ਦੇ ਤੁਰੰਤ ਬਾਅਦ ਫਿਰ ਆਪਣੇ ਕਾਜ਼ ’ਚ ਜੁੱਟ ਜਾਂਦੀ। 15 ਜਨਵਰੀ, 1919 ਨੂੰ ਰੋਜ਼ਾ ਲਕਸਮਬਰਗ, ਕਾਰਲ ਲਿਬਨੇਖਤ ਤੇ ਵਿਲਹੇਮ ਪੈਨ ਨੂੰ ਜਰਮਨ ਸ਼ੋਸ਼ਲਿਸਟ ਪਾਰਟੀ ਦੇ ਆਗੂਆਂ ਦੀ ਹੈਸੀਅਤ ਵਜੋਂ ਗਿ੍ਰਫਤਾਰ ਕਰ ਲਿਆ ਗਿਆ।

ਜਰਮਨੀ ਫੋਜੀਆਂ ਨੇ ਉਹਨਾਂ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਲਾਸ਼ਾਂ ਨੂੰ ਨਦੀ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਜਰਮਨ ਸ਼ੋਸ਼ਲਿਸਟ ਪਾਰਟੀ ਦੇ ਸਾਥੀ ਆਗੂਆਂ ਸਮੇਤ ਰੋਜ਼ਾ ਕਲਸਮਬਰਗ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਰਤੀ ਜਮਾਤ ਦੀ ਮੁਕਤੀ ਲਈ (ਸਮੇਤ ਔਰਤ ਜਮਾਤ ਦੀ ਮੁਕਤੀ ਦੇ ਸੰਘਰਸ਼ ਲਈ) ਜ਼ਿੰਦਗੀ ਭਰ ਜੂਝਦਿਆਂ ਉਹ ਸਿਰੜੀ ਔਰਤ, ਸ਼ਹੀਦ ਔਰਤਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਈ।


ਸਿਰੜੀ ਇਨਕਲਾਬੀ ਨਦੇਜ਼ਦਾ ਕਰੁੱਪਸਕਾਇਆ

(26 ਫਰਵਰੀ 1869-27 ਫਰਵਰੀ 1939)

ਕਰੁੱਪਸਕਾਇਆ ਦਾ ਜਨਮ (26 ਫਰਵਰੀ 1869) ਸੇਂਟ ਪੀਟਰਸਬਰਗ ਵਿੱਚ ਇਕ ਉੱਚ ਜਮਾਤ ਦੇ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਕਰੁਪਸਕੀ ਰੂਸੀ ਮਿਲਟਰੀ ਦੇ ਉੱਚ ਅਫਸਰ ਸਨ ਤੇ ਮਾਤਾ ਤਿਸਤੋਰਵਾ ਇਕ ਬੇਜ਼ਮੀਨੇ ਕਿਸਾਨ ਦੀ ਧੀ ਸੀ। ਕਰੁੱਪਸਕਾਇਆ ਦੇ ਪਿਤਾ ਦੀਆਂ ਗੈਰ-ਰੂਸੀ ਗਤੀਵਿਧੀਆਂ ਤੇ ਇਨਕਲਾਬੀਆਂ ਨਾਲ ਸਬੰਧ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ। ਇਸ ਦੌਰਾਨ ਕਰੁੱਪਸਕਾਇਆ ਦੇ ਪਿਤਾ ਵੱਖ-ਵੱਖ ਥਾਵਾਂ ਤੇ ਫੈਕਟਰੀਆਂ-ਕਾਰਖਾਨਿਆਂ ਵਿੱਚ ਕੰਮ ਕਰਦੇ ਰਹੇ। ਉਸਦੇ ਮਾਤਾ-ਪਿਤਾ ਚੰਗੇ ਪੜ੍ਹੇ-ਲਿਖੇ ਅਤੇ ਮਜ਼ਦੂਰ ਜਮਾਤ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਜਾਣੂ ਸਨ, ਇਸ ਲਈ ਕਰੁੱਪਸਕਾਇਆ ਦੇ ਮਨ ਵਿਚ ਬਚਪਨ ਤੋਂ ਹੀ ਕਿਰਤੀ ਜਮਾਤ ਪ੍ਰਤੀ ਸੰਦੇਹ ਸੀ। ਨਿੱਕੀ ਉਮਰ ’ਚ ਹੀ ਉਹ ਮਜ਼ਦੂਰ ਜਮਾਤ ਦੇ ਅੰਦੋਲਨਾਂ ਵਿੱਚ ਹਿੱਸਾ ਲੈਣ ਲੱਗੀ। ਕਿਰਤੀ ਜਮਾਤ ਦੀਆਂ ਹਾਲਤਾਂ ਤੇ ਸ਼ਾਸ਼ਕ ਵਰਗ ਦਾ ਦਮਨਕਾਰੀ ਚਰਿੱਤਰ ਕਰੁੱਪਸਕਾਇਆ ਦੇ ਵਿਚਾਰਾਂ ’ਚ ਪ੍ਰਪੱਕਤਾ ਲਿਆਉਣ ’ਚ ਸਹਾਈ ਹੋਇਆ।

ਕਰੁੱਪਸਕਾਇਆ ਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਖੁਦ ਜਾਦਿਆ (ਕਰੁੱਪਸਕਾਇਆ) ਵੀ ਪੜ੍ਹਾਈ ਵਿੱਚ ਤੇਜ਼ ਸੀ। ਉਸਨੇ ਛੋਟੀ ਉਮਰ ਵਿੱਚ ਹੀ ਤਾਲਸਤਾਏ ਸਮੇਤ ਅਨੇਕਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਕੰਠ ਕਰ ਲਿਆ। ਉਹ ਵੱਖ-ਵੱਖ ਬਹਿਸ-ਵਿਚਾਰ ਵਾਲੇ ਗਰੁੱਪਾਂ ’ਚ ਹਿੱਸਾ ਲੈਣ ਲੱਗੀ। ਇਨ੍ਹਾਂ ਗਰੁੱਪਾਂ ’ਚ ਭਾਗ ਲੈਂਦਿਆ ਹੀ ਉਹ ਮਾਰਕਸ ਦੇ ਨਾਂ ਤੋਂ ਜਾਣੂ ਹੋਈ। ਤੇ ਉਸਨੇ ਮਾਰਕਸ ਦੇ ਵਿਚਾਰਾਂ ਨੂੰ ਡੂੰਘਾਈ ਨਾਲ ਵਾਚਨਾ ਸ਼ੁਰੂ ਕੀਤਾ। ਇੱਥੇ ਹੀ ਉਸਦੀ ਮੁਲਾਕਾਤ ਲੈਨਿਨ ਨਾਲ ਹੋਈ। ਕਰੁੱਪਸਕਾਇਆ ਲੈਨਿਨ ਦੇ ਵਿਚਾਰਾਂ, ਭਾਸ਼ਣ ਤੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੋਈ। ਵਿਆਹ ਤੋਂ ਬਾਅਦ ਜਾਦਿਆ ਨੇ ਲਿਖਿਆ ਕਿ ਲੈਨਿਨ ਨਾਲ ਉਸਦਾ ਸਬੰਧ ਨਿੱਜੀ ਹੋਣ ਨਾਲੋਂ ਵੱਧ ਪ੍ਰੋਫੈਸ਼ਨਲ ਸੀ।

1903 ’ਚ ਕਰੁੱਪਸਕਾਇਆ ਰੂਸੀ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਬਣੀ ਅਤੇ 1905 ਵਿੱਚ ਉਹ ਕੇਂਦਰੀ ਕਮੇਟੀ ਦੀ ਸੈਕਟਰੀ ਬਣੀ। 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਨਾਦਿਆ ਸਿੱਖਿਆ ਦੀ ਲੋਕ ਕੌਮੀਸਾਰ ਦੀ ਡਿਪਟੀ ਬਣੀ। ਜਿੱਥੇ ਉਸਨੇ ਬਾਲਗ ਸਿੱਖਿਆ ਡਿਵੀਜ਼ਨ ਦਾ ਅਹੁਦਾ ਸੰਭਾਲਿਆ। ਐਜ਼ੂਕੇਸ਼ਨ ਕਮੇਟੀ 1920 ਵਿੱਚ ਉਹ ਡਿਪਟੀ ਕਮਿਸ਼ਨਰ ਬਣੀ। ਸੋਵੀਅਤ ਵਿਦਿਅਕ ਪ੍ਰਬੰਧ ਦੇ ਨਾਲ-ਨਾਲ ਉਹ ਕੋਮਸੋਸੋਲ ਤੇ ਪਾਈਨੀਰ ਲਹਿਰ ਦੀ ਸੰਸਥਾਪਕ ਵੀ ਰਹੀ। 1924 ’ਚ ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬਣੀ।

ਇਨਕਲਾਬ ਤੋਂ ਪਹਿਲਾਂ ਉਹ ਫੈਕਟਰੀਆਂ ’ਚ ਪੰਜ ਸਾਲ ਤੱਕ ਇਕ ਇੰਸਟਰਕਟਰ ਦੇ ਰੂਪ ਵਿਚ ਕੰਮ ਕਰਦੀ ਤੇ ਸ਼ਾਮ ਨੂੰ ਆਪਣੇ ਮਜ਼ਦੂਰਾਂ ਨੂੰ ਸਿੱਖਿਅਤ ਕਰਦੀ ਸੀ। ਕਰੁੱਪਸਕਾਇਆ ਤੇ ਉਸਦੇ ਸਾਥੀ ਇੰਸਟਰਕਟਰਾਂ ਨੇ ਫੈਕਟਰੀ ਦੇ ਲੱਗਭਗ 30,000 ਮਜ਼ਦੂਰਾਂ ਨੂੰ ਇਨਕਲਾਬੀ ਵਿੱਦਿਆ ਨਾਲ ਸਿੱਖਿਅਤ ਕੀਤਾ। ਜਿਨ੍ਹਾਂ ਨੇ ਬਾਅਦ ਵਿੱਚ ਸਫਲ ਹੜਤਾਲਾਂ ਕਰਨ ਵਿੱਚ ਖਾਸ ਭੂਮਿਕਾ ਨਿਭਾਈ। ਉਸਨੇ ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ, ਹੜਤਾਲਾਂ, ਨੌਜਵਾਨ ਸੰਗਠਨਾਂ ਤੇ ਸਿੱਖਿਆ ਬਾਰੇ ਮਹੱਤਵਪੂਰਨ ਲਿਖਤਾਂ ਰਚੀਆਂ। ਉਸਨੇ ਅਗਾਂਹਵਧੂ ਚੰਗੇ ਸਾਹਿਤ ਲਈ ਗੁਪਤ ਲਾਈਬਰੇਰੀਆਂ ਦਾ ਪ੍ਰਬੰਧ ਕੀਤਾ ਅਤੇ ਕਿਤਾਬਾਂ ਸਬੰਧੀ ਉਸਾਰੂ ਭਾਸ਼ਣ ਦਿੱਤੇ ਅਤੇ ਜਨਤਕ ਲਾਈਬਰੇਰੀਆਂ ਦੀ ਲੋੜ ਨੂੰ ਉਭਾਰਿਆ। 27 ਫਰਵਰੀ 1939 ਨੂੰ ਉਸ ਮਹਾਨ ਔਰਤ ਦੀ ਮੌਤ ਹੋ ਗਈ। ਕਰੁੱਪਸਕਾਇਆ ਦਾ ਮਾਰਕਸਵਾਦ ਵਿੱਚ ਪੂਰਾ ਭਰੋਸਾ ਸੀ ਤੇ ਉਹ ਕਿਰਤੀ ਲੋਕਾਂ ਦੀ ਮੁਕਤੀ ਨੂੰ ਇਸੇ ਵਿਚਾਰਧਾਰਾ ਰਾਹੀਂ ਹੀ ਸਾਕਾਰ ਹੋਇਆ ਦੇਖਦੀ ਸੀ।

ਸੰਪਰਕ: +91 98764 42052

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ