Fri, 24 May 2024
Your Visitor Number :-   7058042
SuhisaverSuhisaver Suhisaver

ਫੌਜੀ ਤੇ ਫਰੈਸ਼ੀ - ਜੋਗਿੰਦਰ ਬਾਠ ਹੌਲੈਂਡ

Posted on:- 22-11-2013

suhisaver

ਲੰਗਰ ਹਾਲ ਵਿੱਚੋਂ ਨਾਸ਼ਤਾ ਨਿਬੇੜ ਕੇ ਜਾਂਝੀ ਤੇ ਕੁੜੀ ਵਾਲਾ ਪਰਵਾਰ ਅਨੰਦ ਕਾਰਜ ਦੀ ਰਸਮ ਲਈ ਲੰਗਰ ਹਾਲ ਦੇ ਉੱਪਰ ਬਣੇ ਮਹਾਂ-ਰਾਜ ਦੇ ਪ੍ਰਕਾਸ਼ ਵਾਲੇ ਹਾਲ ਵਿੱਚ ਪਹੁੰਚ ਰਹੇ ਹਨ। ਗੁਰੂ ਘਰ ਦੇ ਲੰਗਰ ਹਾਲ ਵਿੱਚ ਜੰਝ ਘਰ ਵਰਗਾ  ਦ੍ਰਿਸ਼ ਹੈ। ਮੇਜਾਂ ਉੱਪਰ ਸਮੋਸੇ, ਪਕੌੜਿਆਂ ਤੇ ਵੰਨ ਸੁਵੰਨੀਆਂ ਮਿੱਠਿਆਈਆਂ ,ਚੱਟਨੀਆਂ, ਦੀਆਂ ਅੱਧ ਖਾਧੀਆ ਜੂਠੀਆਂ ਪਲੇਟਾਂ ਦੀ ਭਰਮਾਰ ਹੈ  ਚਾਹ, ਕੌਫੀ,ਕੋਲੇ, ਫੈਂਟੇ ਦੇ ਅੱਧ ਭਰੇ ਜੂਠੇ ਕੱਪ ਗਿਲਾਸ ਲੜੇ ਸ਼ਰਾਬੀਆਂ ਵਾਂਗ ਮੇਜਾਂ ਤੇ ਲੁੜਕੇ ਪਏ ਹਨ, ਜਿਵੇਂ ਸਾਰੇ ਇੱਕ ਦੂਸਰੇ ਨਾਲ ਘਸੁੰਨ ਮੁੱਕੀ ਹੋ ਕੇ ਥੱਕੇ ਪਏ ਹੋਣ ?

ਇਸ ਸਾਰੀ ਜੂਠ ਤੇ ਜੂਠy ਭਾਂਡਿਆ ਨੂੰ ਸਿਰਾਂ ਤੇ ਪੀਲੇ ਪਟਕੇ ਬੰਨੀ ਤੇ ਤੇੜ ਕਾਲੀਆਂ ਵਰਦੀਆਂ ਪਾਈ "ਫਰੈਸ਼ੀ" ਬੜੇ ਅਣਮੰਨੇ ਜਿਹੇ ਢੰਗ ਨਾਲ ਇਕੱਠਾ ਕਰ ਕੇ ਆਪਣੇ ਦੂਸਰੇ ਸਾਥੀਆਂ ਕੋਲ ਢੇਰੀ ਲਾ ਰਹੇ ਹਨ। ਉੱਥੇ ਬੈਠੇ ਦੋ 'ਫਰੈਸ਼ੀ' ਜਾਂਝੀਆਂ ਦੀ ਬੜੀ ਬੇਦਰਦੀ ਨਾਲ ਛੱਡੀ ਜੂਠ ਨੂੰ ਇੱਕ ਵੱਡੇ ਟੱਪ ਵਿੱਚ ਪਾ, ਖਾਲੀ ਪਲੇਟਾਂ ਸਾਫ ਕਰਕੇ ਬੜੇ ਸਲੀਕੇ ਨਾਲ ਪਲਾਸਟਿਕ ਦੇ ਕਰੇਟਾਂ ਵਿੱਚ ਚਿੱਣੀ ਜਾਂਦੇ ਹਨ। 

ਮੇਰੀ ਨਿਗਾਹ ਉਹਨਾਂ ਤੋਂ ਹੁੰਦੀ ਹੋਈ ਲੰਗਰ ਹਾਲ ਦੀ ਕੰਧ ਤੇ ਲੱਗੀਆਂ ਤਸਵੀਰਾਂ ਤੇ ਪੈਣ ਲਗਦੀ ਹੈ। ਸਾਰੀਆਂ ਹੀ ਕੰਧਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਉਸ ਦੇ ਮਰਜੀਵੜਿਆਂ ਦੀਆਂ ਹਥਿਆਰਾਂ ਸਮੇਤ ਤਸਵੀਰਾਂ ਹਨ, ਇਨ੍ਹਾਂ ਤਸਵੀਰਾਂ ਵਿੱਚ ਕਈ ਖਾੜਕੂ ਤਾਂ ਬਹੁਤ ਹੀ ਬੂਰੀ ਤਰਾਂ ਝੁਲਸੇ ਹੋਏ ਹਨ। ਜੇ ਕੋਈ ਗੁਰੂ ਘਰ ਦਾ ਸ਼ਰਧਾਲੂ ਸਿੰਘ ਲੰਗਰ ਸਰਵਨ ਕਰਦੇ ਸਮੇਂ ਇਧਰ ਝਾਤੀ ਮਾਰ ਲਵੇ ਤਾਂ ਹੱਥ ਵਿੱਚ ਤੋੜੀ ਪ੍ਰਸ਼ਾਦੇ ਦੀ ਬੁਰਕੀ ਡਿੱਗ ਸਕਦੀ ਹੈ ਤੇ ਲੰਗਰ ਸਰਵਨ ਕਰਨ ਵਾਲੇ ਦੀਆਂ ਬਹੁਤੀ ਵਾਰੀ ਅੱਖਾਂ ਡਬ-ਡਬਾ ਜਾਂਦੀਆਂ ਹਨ ਤੇ ਜੇ ਕੋਈ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਵੀ ਲਵੇ ਤਾਂ ਫੁੱਲ ਕੇ ਗਲੇ ਵਿੱਚ ਫਸ ਜਾਂਦੀ ਹੈ।

ਇੱਕ ਪਾਸੇ ਢੱਠੇ ਅਕਾਲ ਤਖਤ ਦੀ ਵੱਡੀ ਤਸਵੀਰ ਵੀ ਹੈ। ਬਾਬਾ ਨਾਨਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸੋਭਾ ਸਿੰਘ ਵਲੋਂ ਬਣਾਈਆਂ ਤਸਵੀਰਾਂ ਜੋ ਆਂਮ ਹੀ ਗੁਰੂ ਘਰਾਂ ਵਿੱਚ ਲੱਗੀਆਂ ਹੁੰਦੀਆਂ ਹਨ, ਲੰਗਰ ਹਾਲ ਵਿੱਚੋਂ ਗਾਇਬ ਹਨ। ਸ਼ਾਇਦ ਮਹਾਂ-ਰਾਜ ਦੇ ਪਰਕਾਸ਼ ਵਾਲੇ ਹਾਲ ਵਿੱਚ ਲੱਗੀਆਂ ਹੋਣ?         

 ਮੈਂ ਵੀ ਜਾਂਝੀਆਂ ਦੇ ਮਗਰ ਉੱਪਰ ਮਹਾਂ-ਰਾਜ ਦੇ ਪ੍ਰਕਾਸ਼ ਵਾਲੇ ਹਾਲ ਵਿੱਚ ਅਨੰਦ ਕਾਰਜ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਪਹੁੰਚਦਾ ਹਾਂ ਪਰੰਤੂ ਸਾਰਾ ਹਾਲ ਵਿਆਹ ਵਿੱਚ ਆਏ ਮਹਿਮਾਨਾਂ ਨਾਲ ਖਚਾ-ਖੱਚ ਭਰਿਆ ਹੋਇਆ ਹੈ। ਮੈਂ ਸੋਨੇ ਦੀ ਪਾਲਕੀ ਵਿੱਚ ਸਸ਼ੋਬਤ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਨਮੁੱਖ ਮੱਥਾ ਟੇਕ ਕੇ ਬਹਿਣ ਦੀ ਥਾਂ ਭਾਲਣ ਲਈ ਹਾਲ ਵਿੱਚ ਨਿਗਾਹ ਘੁਮਾਉਂਦਾ ਹਾਂ, ਪਰੰਤੂ ਹਾਉਸ ਫੁੱਲ ਹੈ।

ਮੈਂ ਏਨੀ ਤਾਦਾਦ ਵਿੱਚ ਲੋਕ ਪੰਜਾਬ ਵਿੱਚ ਵੀ ਅਨੰਦ ਕਾਰਜ ਦੀ ਬਹੁਤ ਹੀ ਜ਼ਰੂਰੀ ਰਸਮ ਵਿੱਚ ਸ਼ਾਮਲ ਹੁੰਦੇ ਨਹੀ ਵੇਖੇ, ਪੰਜਾਬ ਵਿੱਚ ਤਾਂ ਇਹ ਰਸਮ ਹੁਣ ਕਾਕੇ, ਕਾਕੀ ਦੇ ਪਰਵਾਰ ਦੀ ਮਜ਼ਬੂਰੀ ਹੀ ਹੈ ਜਾਂ ਲਾੜੇ ਦੀ ਜੁੱਤੀ ਚੁੱਕ ਕੇ ਆਪਣੇ ਪੈਸੈ ਖਰੇ ਕਰਨ ਵਾਲੀਆਂ ਖਰ-ਮਸਤ ਸਾਲੀਆਂ ਦੀ ਹੈ। ਬਰਾਤੀ ਤਾ ਸਿੱਧੇ ਦਾਰੂ ਮੁਰਗੇ ਮੱਛੀ ਵਾਲੀ ਬਾਰ ਤੇ ਪਹੁੰਚਦੇ ਹਨ ਤੇ ਬੀਬੀਆਂ ਟਿੱਕੀਆਂ, ਛੋਲੇ ਭਟੂਰੇ ਜਾਂ ਹੋਰ ਛੱਤੀ ਪ੍ਰਕਾਰ ਦੀਆਂ ਲੱਗੀਆਂ ਚੱਟਪਟੇ ਪਕਵਾਨਾਂ ਦੀਆਂ ਸਟਾਲਾਂ ਤੇ. ਪਰ.., ਇਹ ਵਲੈਤ ਹੈ ਪੰਜਾਬ ਨਹੀਂ ?. ਇਥੇ ਅਜੇ ਪੁਰਾਣੀ ਪਰੰਪਰਾ ਜਾਰੀ ਹੈ। ਉੱਪਰ ਗੁਰੂਘਰ ਵਿੱਚ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਹੈ। ਮੈਂ ਵਾਪਸ ਆ ਜਾਂਦਾ ਹਾਂ ਤੇ ਗੁਰੂ ਘਰ ਦੀ ਡਿਉੜੀ ਵਿੱਚ ਲਗੇ ਮੋਗੇ ਦੀ ਰੀਗਲ ਸਿਨਮੇ ਦੀ ਸਕਰੀਨ ਨਾਲੋਂ ਵੀ ਵੱਡੀ ਸਕਰੀਨ ਵਾਲੇ ਐਚ ਡੀ (ਹਾਈ ਡਿਮੈਂਸਨਲ) ਟੀ ਵੀ ਤੇ ਅੱਜ ਦਾ ਵਾਕ ਅੰਗਰੇਜ਼ੀ ਗੁਰਮੁੱਖੀ ਵਿੱਚ ਉਲੱਥੇ ਸਮੇਤ ਪੱੜ੍ਹਨ ਲੱਗ ਜਾਂਦਾ ਹਾਂ।
                                                                                         
 ਅਸਲ ਵਿੱਚ ਮੇਰੀ ਹਾਲਤ ਮੇਲੇ ਵਿੱਚ ਗਵਾਚੀ ਗਾਂ ਜਾਂ ਚੱਕੀਰਾਹੇ ਵਰਗੀ ਹੈ। ਇਸ ਵਿਆਹ ਵਿੱਚ ਮੇਰਾ ਕੋਈ ਜਾਣੂ ਸਿਆਣੂ ਜਾਂ ਰਿਸ਼ਤੇਦਾਰ ਨਹੀਂ ਹੈ। ਮੈਂ ਜਿਸ ਘਰ ਵਿੱਚ ਆਇਆ ਉਸ ਘਰ ਦੇ ਮਾਲਕ ਦੇ ਬਿਜ਼ਨਸ ਪਾਰਟਨਰ ਦੇ ਅਮੀਰ ਬੌਸ ਦੀ ਕੁੜੀ ਦੇ ਇਸ ਵਿਆਹ ਵਿੱਚ ਉਹ ਮੈਨੂੰ ਵੀ ਮੋਹ ਵਜੋ ਖਿੱਚ ਲਿਆਂਏ ਹਨ। ਵਿਆਹ ਬਾਰੇ ਚੱਟ-ਖਾਰੇ ਲਾ ਲਾ ਕੇ ਮੇਰੇ ਮੇਜ਼ਬਾਨ ਨੇ ਵਿਆਖਿਆ ਕੀਤੀ ਸੀ ਕੁੜੀ ਬਾਪ ਦੇ ਹੀ ਕਿਸੇ 'ਫੌਜੀ ਕਾਂਮੇ ਦੇ 'ਫਰੈਸ਼ੀ' ਮੁੰਡੇ ਨਾਲ ਫਸ ਗਈ ਸੀ ਮੁੰਡਾ ਕਿਸੇ ਹੋਰ ਜਾਤ ਦਾ ਸੀ ਤੇ ਕੁੜੀ ਕਿਸੇ ਹੋਰ ਦੀ।

ਛੇ ਮਹੀਨੇ ਦੋਹਾਂ ਘਰਾਂ ਵਿੱਚ ਇਸ ਪ੍ਰੇਮ ਰੋਗ ਦੇ ਝਗੜੇ ਕਾਰਨ ਸੱਥਰ ਵਿੱਛਿਆ ਰਿਹਾ। ਸਿਰ ਦੀਆਂ ਠੀਕਰੀਆਂ ਲਾਹ ਕੇ ਮਰਗੇ ਮਾਪੇ, ਪਰ ਕੁੜੀ ਤੇ ਮੁੰਡਾ ਟੱਸ ਤੋਂ ਮੱਸ ਨਾ ਹੋਏ ਤੇ ਫਿਰ ਇੱਕ ਦਿਨ ਮੋਰੀ ਇੱਟ ਚੁਬਾਰੇ ਲੱਗ ਗਈ। ਦੋਹਾਂ ਨੇ ਅਦਾਲਤੀ ਵਿਆਹ ਕਰਵਾ ਕੇ ਸੰਨਦ ਮਾਪਿਆਂ ਦੀ ਟੇਬਲ ਤੇ ਰੱਖ ਦਿੱਤੀ। ਤੇ ਹੁਣ ਮਾਪੇ ਕੀ ਕਰਦੇ..? ਇਹ ਵਲੈਤ ਸੀ। ਇੱਜ਼ਤ ਆਨ ਮਾਨ ਦੇ ਸਧੰਰਭ ਵਿੱਚ ਕੁੜੀ ਤੇ ਕੁੜੀ ਦੇ ਕਾਨੂੰਨੀ ਪਤੀ ਦਾ ਕਤਲ ਤਾਂ ਉਹ ਕਰ ਨਹੀਂ ਸਨ ਸਕਦੇ।

ਬਾਪ ਬਹੁਤ ਵਾਰ ਇਸ ਕੁੱਤੇ ਮੁਲਖ਼ ਨੂੰ ਕੋਸਦਾ, ਕਈ ਵਾਰ ਮਨਸੂਬੇ ਵੀ ਬਣਾਉਂਦਾ ਕਿ ਇਸ ਹਰਾਮ ਦੀ ਮਾਰ ਨੂੰ ਕਿਸੇ ਤਰੀਕੇ ਪੰਜਾਬ ਲਿਜਾ ਕੇ ਦਰਿਆ ਬੁਰਦਾ ਕਰਵਾ ਦੇਵੇ। ਪੈਸੇ ਬਥੇਰੇ ਹਨ। ਇੱਜ਼ਤ ਲੱਖੀ ਨਾ ਹਜ਼ਾਰੀ। ਹਾਲਾਂਕਿ ਬਾਪ ਦੇ ਵੀ ਪਤਨੀ ਤੋਂ ਇਲਾਵਾ ਹੋਰ ਜਵਾਨ ਫਰੈਸ਼ੀ ਕੁੜੀਆਂ ਨਾਲ ਸਬੰਧ ਹਨ, ਜੋ ਉਸ ਨੇ ਆਪਣੇ ਬਹੁਤ ਸਾਰੇ ਘਰਾਂ ਵਿੱਚ ਬਗੈਰ ਕਿਰਾਏ ਤੋ ਰੱਖੀਆ ਹੋਈਆਂ ਹਨ. ਫਰੈਸ਼ੀ ਕੁੜੀਆਂ ਲਈ ਲੰਡਨ ਵਰਗੇ ਇਸ ਮਹਿੰਗੇ ਮਹਾਂਨਗਰ ਵਿੱਚ ਸ਼ਾਇਦ ਇਹ ਸੌਦਾ ਸਸਤਾ ਹੈ...?
                                                            
ਪੇਂਡੂ ਪਿਛੋਕੜ ਵਾਲਾ ਇਹ ਜੱਟ ਬਾਣੀਆ ਜਦੋਂ ਆਪਣਾ ਵੱਡਾ ਕਾਰੋਬਾਰ ਤੇ ਸ਼ਾਨ ਓ ਸ਼ੋਕਤ ਵਾਲੀ ਜ਼ਿੰਦਗੀ ਨਫੇ਼ ਨੁਕਸਾਨ ਵਾਲੀ ਤੱਕੜੀ ਵਿੱਚ ਤੋਲਦਾ ਹੈ ਤਾਂ ਨੁਕਸਾਨ ਵਾਲਾ ਪੱਲੜਾ ਭਾਰੀ ਹੁੰਦਾ ਹੈ। ਆਪਣੇ ਪਿਆਰੇ ਮਿੱਤਰ ਨਾਲ ਚਾਰ 'ਸਿਵਾਸ ਰੀਗਲ ਵਿਸਕੀ' ਦੇ ਪੈਗ ਲਾ ਕੇ ਆਪਣੇ ਮਨ ਦੀ ਭੜਾਸ ਉਸ ਨੇ ਰੋ ਕੇ ਕੱਢੀ ਵੀ ਸੀ। ਅੱਗੋਂ ਮਿੱਤਰ ,ਲਗਦਾ ਉਸ ਦਾ ਅਸਲੀ ਯਾਰ ਸੀ ਤੇ ਸਲਾਹ ਸਹੀ ਦੇ ਗਿਆ ਸੀ ਕਹਿੰਦਾ " ਫਿਰ ਕੀ ਹੋ ਗਿਆ ਫੌਜੀ ਦਾ ਮੁੰਡਾ ਫਰੈਸ਼ੀ ਬਗੈਰ ਪੇਪਰਾਂ ਦੇ ਹੈ, ਤੂੰ ਵੀ ਤਾਂ ਕਿਤੇ ਫੌਜੀ ਹੀ ਸੀ..?

ਹੈ ਤਾਂ ਪੰਜਾਬੀ, ਆਪਣੇ ਪੰਜਾਬ ਤੋਂ ਆਈ  ਕੌਮ ਨਸਲ, ਜੇ ਇਹ ਕੁੜੀ ਕਿਸੇ ਗੋਰੇ, ਕਾਲੇ ਜਾਂ ਕਿਸੇ ਪਾਕਿਸਤਾਨੀ ਮੁਸਲਮਾਨ ਨਾਲ ਉੱਧਲ ਜਾਂਦੀ ਫਿਰ ਤੂੰ ਕੀ ਕਰ ਲੈਂਦਾ..? ਇਥੇ ਤਾਂ ਭਾਈ ਅਫਰੀਕਣ ਕਾਲੇ ਭੂਤ ਵੀ ਸੋਨੇ ਰੰਗੀਆਂ ਪੰਜਾਬਣਾਂ ਲੈ ਕੇ ਅਨੰਦ ਕਾਰਜਾਂ ਲਈ ਗੁਰੂਘਰਾਂ ਵਿੱਚ ਆ ਦਸਤਕ ਦਿੰਦੇ ਹਨ ਤੇ ਉਸ ਨੇ ਉਸ ਭਾਈ ਦੀ ਕਹਾਣੀ ਵੀ ਸੁਣਾ ਦਿੱਤੀ ਜਿਸ ਨੇ ਕਾਲੇ ਤੇ ਕੌਰ ਦੇ ਆਨੰਦ ਕਾਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਕੌਰ ਤੇ ਕਾਲੇ ਦੀਆਂ ਖਬਰਾਂ ਪੰਜਾਬੀ ਅਖ਼ਬਾਰਾਂ ਦੀ ਮਿਹਰਬਾਨੀ ਨਾਲ ਸਾਰੇ ਸੰਸਾਰ ਵਿੱਚ ਨਸ਼ਰ ਹੋ ਗਈਆਂ ਸਨ।

ਮਿੱਤਰ ਦੀ ਗੱਲ ਬੰਦੇ ਦੇ ਮਗਜ਼ ਨੂੰ ਆਤਿਸ਼ਬਾਜੀ ਵਾਂਗ ਚੜ੍ਹੀ ਸੀ। ਰਹਿੰਦੀ ਕਸਰ ਇਸ ਵਿਆਹ ਵਾਲੀ ਸਰਕਾਰੀ ਸੰਨਦ ਨੇ ਕੱਢ ਦਿੱਤੀ ਸੀ। ਜੋੜੀ ਦੇ ਵਿਆਹ ਦੀ ਇਸ ਸਨਦ ਨੇ ਟੱਬਰ ਦੇ ਚੱੜ੍ਹੇ ਭਰਵੱਟੇ ਅਤੇ ਮੱਥੇ ਤੇ ਪਈਆਂ ਝੁਰੜੀਆਂ ਤੇ ਸੈਕਿੰਟਾਂ ਵਿੱਚ ਲੇਜ਼ਰ ਵਾਲਾ ਕਰਾਹਾ ਫੇਰ ਦਿੱਤਾ ਸੀ।
                                                           
ਹੁਣ ਗਿੱਲੇ ਗੋਹੇ ਦੀ ਧੁੱਖਦੀ ਅੱਗ ਤੇ ਮਿੱਟੀ ਪਾਉਣ ਦਾ ਵਕਤ ਸੀ। ਕੁੜੀ ਦਾ ਬਾਪ ਲੰਡਨ ਦੇ ਇਸ ਛੋਟੇ ਸ਼ਹਿਰ ਦੇ ਛੋਟੇ ਕਾਰੋਬਾਰੀ ਬੰਦਿਆਂ ਵਿੱਚ ਗਿੱਣਿਆ ਚੁੱਣਿਆ ਵੱਡਾ ਬੰਦਾ ਸੀ ਤੇ ਘਰਾਂ ਦੀ ਭੰਨਤੋੜ ਤੇ ਰਿਪੇਅਰ ਦਾ ਬਿਜ਼ਨਿਸ ਘੇਰਾ ਵਾਹਵਾ ਲੰਬਾ ਚੌੜਾ ਸੀ ਜੇ ਵੱਡਾ ਵਿਆਹ ਨਾ ਕਰਦਾ ਤਾਂ ਅਣਖ ਵਾਲਾ ਮੋਮ ਦਾ ਨੱਕ ਸ਼ਰੀਕੇ ਕਬੀਲੇ ਵਾਲਿਆਂ ਮੋੜ ਕੇ ਖੱਬੀ ਗੱਲ੍ਹ ਤੇ ਲਾ ਦੇਣਾ ਸੀ ਤੇ ਮੁੱਛਾਂ ਅੰਗਰੇਜ਼ੀ ਦੇ ਡਬਲਯੂ ਤੋਂ ਐਮ ਬਣਾ ਦੇਣੀਆਂ ਸਨ। ਚਲੋ ਧੀ ਜਵਾਈ ਦਾ ਵਿਹਾਰੀ ਵਿਆਹ ਕਰਕੇ ਫਿਰ ਵੀ ਇੱਜ਼ਤ ਬਚੀ ਰਹਿਣੀ ਸੀ।

                                                                                                       ਗੁਰੂਘਰ ਦੀ ਡਿਉੜੀ ਵਿੱਚ ਇੱਕ ਪਾਸੇ ਅਪਾਹਜਾਂ ਅਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਹਨ ਤੇ ਦੂਜੇ ਪਾਸੇ ਜੋੜਾ ਘਰ ਅਤੇ ਸਾਫ ਸੁੱਥਰਾ ਗੁਸਲਖਾਨਾ ਹੈ। ਮੈਨੂੰ ਇਹ ਸਹੂਲਤ ਚੰਗੀ ਲਗਦੀ ਹੈ ਸਾਡੇ ਵਡੇਰਿਆਂ ਲਈ। ਕੁਝ ਬਜ਼ੁਰਗ ਇਸ ਸਮੇਂ ਇਸ ਸਹੂਲਤ ਦਾ ਆਨੰਦ ਵੀ ਮਾਣ ਰਹੇ ਹਨ। ਮੈਂ ਹੌਲੀ ਹੌਲੀ ਗੁਰੂਘਰ ਦੇ ਪ੍ਰਬੰਧ ਨੂੰ ਨਿਹਾਰਦਾ ਹੋਇਆ ਗਰੂਘਰ ਦੇ ਅੱਗੇ ਬਣੇ ਅਹਾਤੇ ਵਿੱਚ ਆ ਖਲੋਦਾਂ ਹਾਂ। ਇਹ ਗੁਰੂ ਘਰ ਟਰੈਫਕ ਪੱਖੋਂ ਇੱਕ ਬਹੁਤ ਹੀ ਬੀਜ਼ੀ ਸ਼ੜਕ ਤੇ ਸਥਿਤ ਹੈ।
ਅਹਾਤੇ ਵਿੱਚ ਚਾਰ ਕੁ ਛੋਟੀਆਂ ਕਾਰਾਂ ਖੜੌਣ ਦੀ ਜਗਾਹ ਹੈ, ਜੋ ਸ਼ਾਇਦ ਅਪਾਹਜਾਂ ਜਾ ਬਜ਼ੁਰਗਾਂ ਲਈ ਹਨ ਪਰ ਹੁਣ ਇਥੇ ਇੱਕ ਪਾਸੇ ਲਾੜੇ ਨੂੰ ਲਿਆਉਣ ਵਾਲੀ ਫੁੱਲਾਂ ਨਾਲ ਸ਼ਿੰਗਾਰੀ ਜਹਾਜ਼ ਜਿੱਡੀ ਰੋਲਸ ਰੋਇਸ ਕਾਰ ਖੜੀ ਹੈ ਤੇ ਦੂਸਰੇ ਪਾਸੇ ਇਸੇ ਦੀ ਭੈਣ ਵੱਡੀ ਮਰਸੀਡਜ਼ ਖੜੀ ਹੈ। ਰੋਲਿਸ ਰੋਇਸ ਦਾ ਨਿਸ਼ਾਨ ਖੰਭਾਂ ਵਾਲਾ  ਉੱਡਦਾ ਏਂਜਲ ਤੇ ਮਰਸੀਡਜ਼ ਦਾ ਤਿੰਨ ਟੰਗਾਂ ਗੋਲ ਸਿਤਾਰਾ ਇੱਕ ਦੂਜੇ ਨੂੰ ਆਹਮਣੋ ਸਾਹਮਣੀ ਘੂ੍ਰ ਰਹੇ ਹਨ। ਗੁਰੂ ਘਰ ਦੇ ਸਾਹਮਣੇ ਸ਼ੜਕ ਤੇ ਦੂਹਰੀ ਪੀਲੀ ਪੱਟੀ ਹੈ, ਜੋ ਇੱਥੇ ਗੱਡੀ ਖੜੀ ਨਾ ਕਰਨ ਦੀ ਹਦਾਇਤ ਹੈ ਪਰੰਤੂ ਫਿਰ ਵੀ ਵਿਆਹ ਵਿੱਚ ਸ਼ਰੀਕ ਹੋਣ ਵਾਲੇ ਮਹਿਮਾਨ ਝੱਟ ਭਰ ਲਈ ਗੱਡੀ ਰੋਕ ਸਵਾਰੀਆਂ ਉਤਾਰ ਕੇ ਪਾਰਕ ਦੀ ਭਾਲ ਵਿੱਚ ਨਾਲ ਲੱਗਦੀਆਂ ਗਲੀਆਂ ਨੂੰ ਨਿੱਕਲ ਤੁਰਦੇ ਹਨ। ਲੱਗਦਾ ਹੈ ਗੁਰੂਘਰ ਦੀ ਆਪਣੀ ਕੋਈ ਕਾਰ ਪਾਰਕ ਨਹੀਂ ਹੈ। ਕੁਝ ਰਿਸ਼ਤੇਦਾਰ ਬੁੜ ਬੁੜ ਕਰਦੇ ਸੁੱਣਦੇ ਹਨ "ਯਾਰ ਕੋਈ ਹੋਰ ਗੁਰੂਘਰ ਨਹੀਂ ਮਿਲਿਆ ਇਸ ਬੰਦੇ ਨੂੰ, ਕੁੜੀ ਦੇ ਫੇਰਿਆ ਲਈ, ਇੱਕ ਤਾਂ ਸ਼ਗਨ ਪਾਉ ਤੇ ਦੂਜੀ ਸੱਠ ਪੌਡ ਦੀ ਟਿਕਟ ਲਗਵਾਉ"।                                                     

ਹੁਣ ਮੈਂ ਸੜਕ ਤੇ ਆ ਖਲੋ ਕੇ ਗੁਰੂਘਰ ਦੀ ਖੂਬਸੂਰਤ ਲਾਲ ਪੱਥਰਾਂ ਦੀ ਨਿਕਾਸ਼ੀ ਵਾਲੀ ਇਮਾਰਤ ਨੂੰ ਨਿਹਾਰ ਰਿਹਾ ਸਾਂ। ਚਾਰ ਮੰਜ਼ਲਾਂ ਵਾਲੀ ਇਸ ਇਮਾਰਤ ਨੂੰ ਲਿਫਟ ਵੀ ਲੱਗੀ ਹੋਈ ਹੈ। ਥੱਲੜੇ ਧਰਤੀ ਵਾਲੇ ਹਿੱਸੇ ਵਿੱਚ ਲੰਗਰ ਹਾਲ ਹੈ ਦੂਜੀ ਮੰਜ਼ਲ ਤੇ ਮਹਾਰਾਜ ਦਾ ਪ੍ਰਕਾਸ਼ ਹੈ ਤੀਸਰੀ ਤੇ ਚੌਥੀ ਮੰਜ਼ਲ ਪਤਾ ਨਹੀਂ ਕਿਸ ਕੰਮ ਲਈ ਵਰਤੀਆਂ ਜਾਂਦੀਆ ਹਨ, ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ ਹੈ। ਖੱਬੇ ਪਾਸੇ ਸੰਗ-ਮਰਮਰ ਦੇ ਥੱੜੇ ਤੇ ਇਸ ਇਮਾਰਤ ਤੋ ਵੀ ਉੱਚਾ ਪੀਲੇ ਰੁਮਾਲਿਆਂ ਵਿੱਚ ਪੈਰਾਂ ਤੋ ਸਿਰ ਤੱਕ ਲਪੇਟਿਆ, ਸਿੱਖੀ ਦੀ ਸ਼ਾਨ ਨਿਸ਼ਾਨ ਸਾਹਿਬ ਹੈ ਤੇ ਨਿਸ਼ਾਨ ਸਾਹਿਬ ਦੀਆਂ ਜੜਾਂ ਵਿੱਚ ਪੀਲੇ ਗੇਂਦੇ ਦੇ ਮੁਰਝਾਏ ਤੇ ਤਾਜ਼ਾ ਫੁੱਲ ਪਏ ਹਨ। ਮੈਂ ਵੇਖਦਾ ਹਾਂ ਲੰਗਰ ਹਾਲ ਹੁਣ ਕਾਲੀਆ ਵਰਦੀਆਂ ਵਾਲੇ 'ਫਰੈਸ਼ੀ' ਸਾਫ ਕਰ ਚੁੱਕੇ ਹਨ ਤੇ ਲੰਗਰ ਹਾਲ ਹੁਣ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।                                    
  

ਅੱਜ ਦਿਨ ਐਤਵਾਰ ਹੈ। ਆਮ ਲੋਕ ਆਪਣੇ ਕੰਮਾਂ ਵਾਲੇ ਕੱਪੜਿਆਂ ਵਿੱਚ ਹੱਥਾਂ ਵਿੱਚ ਦੁੱਧ ਦੀਆਂ ਕੈਨੀਆਂ, ਖੰਡ,ਜਾਂ ਹੋਰ ਰਸ਼ਦ-ਪਾਣੀ ਚੁੱਕੀ ਆਪਣੇ ਵਿੱਤ ਮੁਤਾਬਕ ਗੁਰੂਘਰ ਦੇ ਲੰਗਰ ਵਿੱਚ ਜਮ੍ਹਾ ਕਰਵਾ ਕੇ ਤੇ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛੱਕ ਕੇ ਮੱਥਾਂ ਟੇਕੇ ਬਗੈਰ ਹੀ ਵਾਪਸ ਜਾ ਰਹੇ ਹਨ, ਸ਼ਾਇਦ ਉਹ ਜਾਣਦੇ ਹਨ ਕਿ ਅੱਜ ਮਾਹਰਾਜ ਦੇ ਦਰਸ਼ਨ ਮੁਸ਼ਕਲ ਹਨ। ਕਿਉਂਕਿ ਉੱਪਰ ਵਿਆਹ ਦੇ ਆਨੰਦ ਕਾਰਜ ਹੋ ਰਹੇ ਹਨ ਤੇ ਸ਼ਾਇਦ ਇਹ ਕਾਰਜ ਹਰ ਸੰਡੇ ਹੀ ਹੁੰਦੇ ਹੋਣ ?.ਮੈਂ ਹੁਣ ਸੜਕ ਦੀ ਫੁੱਟਪਾਥ ਤੇ ਖੜੋ ਕੇ ਸੱਜੇ ਖੱਬੇ ਨਿਗਾਹ ਮਾਰਦਾ ਹਾਂ ਸੱਜੇ ਹੱਥ ਇੱਕ ਬੱਸ ਅੱਡਾ ਹੈ ਜਿਸ ਦਾ ਨਾਂ ਇਸ ਗੁਰੂ ਘਰ ਦੇ ਨਾਮ ਤੇ ਹੀ ਹੈ. ਸ਼ਾਇਦ ਅੰਗਰੇਜ਼ੀ ਲੋਕਲ ਸਿਆਸਤਦਾਨਾਂ ਦੀ ਇਹ ਦੇਣ ਹੋਵੇ..? ਕਿਉਂਕਿ ਇਸ ਮਹਾਂ ਨਗਰਾਂ ਦੇ ਮਹਾਂ ਨਗਰ ਵਿੱਚ ਪੰਜਾਬੀ ਸਿੱਖ ਬਾਸ਼ਿੰਦਿਆਂ ਦੀ ਚੋਖੀ ਅਬਾਦੀ ਹੈ।

ਸਿਆਣੇ ਹਨ ਅੰਗਰੇਜ਼ ਸਿਆਸਤਦਾਨ, ਇਹ ਅਬਾਦੀ ਸਿਆਸੀ ਪਾਰਟੀਆਂ ਦੀਆ ਵੋਟਾਂ ਹਨ। ਵੋਟਾਂ ਖਾਤਰ ਲੰਗਰ ਛੱਕਦੈ, ਹੱਥ ਜੋੜ ਕੇ ਪ੍ਰਸ਼ਾਦ ਲੈਂਦੇ ਤੇ ਜਹਾਂ ਪਨਾਂਹ ਬਾਦਸ਼ਾਹ ਅਕਬਰ ਵਾਂਗ ਪੰਗਤ ਵਿੱਚ ਬੈਠ ਕੇ ਲੰਗਰ ਛੱਕਦਿਆਂ, ਘੋਨ ਮੋਨ ਸਿਰਾਂ ਦੇ ਮੱਥੇ ਤੇ ਖੰਡੇ ਤਲਵਾ੍ਰਾਂ ਵਾਲੇ ਰੁਮਾਲੇ ਬੰਨੀ ਮੈਂ ਅੰਗਰੇਜਾਂ ਅਤੇ ਦੇਸੀ ਪੰਜਾਬੀ ਸਿਆਸਤਦਾਨਾਂ ਦੀਆ ਤਸਵੀਰਾਂ ਵੀ ਗੁਰੂਘਰ ਵਿੱਚ ਵੇਖੀਆ ਹਨ। ਇਥੋਂ ਤੱਕ ਸ਼ਹਿਜ਼ਾਦਾ 'ਪ੍ਰਿੰਸ਼ ਚਾਰਲਸ' ਵੀ ਇਸ ਗੁਰੂ ਘਰ ਵਿੱਚ ਨੱਤ ਮਸਤੱਕ ਹੋ ਕੇ ਗਿਆ ਹੈ।                  
                             

ਇੱਕ ਮਾਈ ਸੜਕ ਤੇ ਹੀ ਗੁਰੂਘਰ ਵੱਲ ਮੂੰਹ ਕਰਕੇ ਥੱਲੇ ਬੈਠ ਕੇ ਨੱਕ ਰਗੜਦੀ ਹੋਈ ਮੂੰਹ ਵਿੱਚ ਕੋਈ ਬਾਣੀ ਦਾ ਜਾਪ ਕਰਦੀ ਹੋਈ ਨਿਸ਼ਾਨ ਸਾਹਬ ਵੱਲ ਕੁੱਬੀ ਹੋਈ ਨੰਗੇ ਪੈਰੀਂ ਵੱਧਦੀ ਜਾਂਦੀ ਹੈ। ਜੁੱਤੀ ਉਹ ਸੜਕ ਤੇ ਹੀ ਲਾਹ ਆਈ ਹੈ। ਆਪਣੀ ਬੁੱਕਲ ਚੌ' ਗੇਂਦੇ ਦੇ ਤਾਜ਼ਾ ਫੁੱਲ ਨਿਸ਼ਾਨ ਸਾਹਿਬ ਦੇ ਪੈ੍ਰਾਂ ਵਿੱਚ ਰੱਖ ਪਤਾ ਨਹੀਂ ਕਿਹੜੀਆਂ ਭੁੱਲਾਂ ਬਖਸ਼ਾ ਰਹੀ ਹੈ। ਫਿਰ ਉਸ ਦਾ ਬੁੱਢਾ ਤੇ ਕੁੱਬੜਾ ਸਰੀਰ ਹੋਲੀ ਹੌਲੀ ਨਿਸ਼ਾਨ ਸਾਹਿਬ ਦੇ ਗਿਰਦ ਕੁੱਸ਼ ਚੱਕਰ ਲਗਾਉਂਦਾ ਹੈ। ਮੈਂ ਗਿਣੇ ਨਹੀਂ ਸ਼ਾਇਦ ਪੰਜ ਜਾਂ ਸੱਤ ਹੋਣ ? ਫਿਰ ਉਹ ਨਿਸ਼ਾਨ ਸਾਹਿਬ ਨੂੰ ਆਪਣੇ ਝੂਰੜੀਆਂ ਨਾਲ ਅਟੇ ਸਫੈਦ ਹੱਥਾਂ ਨਾਲ ਘੁੱਟਣ ਲੱਗ ਪੈਂਦੀ ਹੈ। ਕੁਝ ਚਿਰ ਇਹ ਕਿਰਿਆ ਕਰਨ ਤੋਂ ਬਾਦ ਕੁੱਬਾ, ਬੁੱਢਾ ਇਹ ਵਜੂਦ ਗੁਰੂ ਘਰ ਦੇ ਦਰਵਾਜ਼ੇ ਕੋਲ ਨੱਤ ਮਸਤਿਕ ਹੁੰਦਾ ਹੈ।

ਨਿਮਾਣੀਆਂ ਕਮਜ਼ੋਰ ਅੱਖਾ ਨੂੰ ਕੁਝ ਦਿਸਦਾ ਹੈ ਮੇਰੀ ਨਜ਼ਰ ਪਿੱਛਾ ਕਰਦੀ ਹੈ ਝੁਰੜੱਈਏ ਹੱਥ ਧਰਤੀ ਤੋਂ ਕੁਝ ਸੋਨੇ ਰੰਗਾ ਚੁੱਕਦੇ ਹਨ ਇਹ ਬਰਾਤ ਵਿੱਚ ਆਈ ਕਿਸੇ ਅੱਲੜ ਸਵਾਣੀ ਦੀ ਪੰਜੇਬ ਦਾ ਟੁੱਟਾ ਘੂੰਗਰੂ ਹੈ, ਜੋ ਬਿਰਧ ਹੱਥ ਛੇਤੀ ਨਾਲ ਚੁੱਕ ਕੇ ਆਪਣੀਆਂ ਝੂਰੜੀਆਂ ਵਿੱਚ ਕਿਤੇ ਲੁਕਾ ਲੈਂਦੇ ਹਨ। ਮੇਰੀ ਨਿਗਾਹ ਪਿੱਛਾ ਕਰਦੀ ਹੈ ਥੋੜੀ ਦੂਰ ਮੇਰੀਆਂ ਅੱਖਾ ਨੂੰ ਇੱਕ ਹੋਰ ਟੁੱਟਾ ਘੂੰਗਰੂ ਦਿਸ ਪੈਦਾਂ ਹੈ। ਮੈਂ ਬਿਰਧ ਸਰੀਰ ਦੇ ਗੁਰੂਘਰ ਦੇ ਅੰਦਰ ਦਾਖਿਲ ਹੁੰਦਿਆਂ ਹੀ ਘੂੰਗਰੂ ਚੁੱਕ ਕੇ ਜੇਬ ਵਿੱਚ ਪਾ ਲੈਨਾ ਹਾਂ ਤੇ ਇਉਂ ਵਿਵਹਾਰ ਕਰਦਾ ਹਾਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ......?      
                                                     
ਹੁਣ ਮੇਰੀ ਨਿਗਾਹ ਸੱਜੇ ਪਾਸੇ ਪੈਂਦੀ ਹੈ ਦੂਰ ਤੱਕ ਇੱਕੋ ਹੀ ਕਿਸਮ ਦੇ ਮਕਾਨ, ਮਕਾਨਾਂ ਮੁਹਰੇ ਕੂੜੇ ਕੱਚਰੇ ਵਾਲੇ ਕਮੇਟੀ ਦੇ ਡਰੰਮ ਅਜੀਬੋ ਗਰੀਬ ਉਘੱੜ ਦੁੱਘੜੀ ਹਾਲਤਾਂ ਵਿੱਚ ਖਿੱਲਰੇ ਪਏ ਹਨ, ਜਿਵੇਂ ਉਹ ਇੱਕ ਦੂਸਰੇ ਨਾਲ ਰੁੱਸੇ ਹੋਣ। ਕਈ ਥਾਈ ਬਿਲਡਿੰਗ ਉਸਾਰੀ ਦਾ ਸਮਾਨ ਖਿੱਲਰਿਆ ਪਿਆ ਹੈ ਦੋ ਚਾਰ ਸੌਣ ਵਾਲੇ ਗੱਦੇ ਵੀ ਖੁੱਥੜ ਤੇ ਬਦਰੰਗ ਹਾਲਤ ਵਿੱਚ ਪਤਾ ਨਹੀਂ ਕਦੋਂ ਕੁ ਦੇ ਇੱਕ ਗਾਰਡਨ ਤੋਂ ਦੂਸਰੇ ਗਾਰਡਨ ਦਾ ਸਫਰ ਤੈਹ ਕਰ ਰਹੇ ਹਨ। ਕੁਝ ਪੁਰਾਣੀਆਂ ਟੁੱਟੀਆਂ ਭੱਜੀਆਂ ਕਾ੍ਰਾਂ ਇਨ੍ਹਾਂ ਦੇ ਅਣਸਵਾਰੇ ਫਰੰਟ-ਗਾਰਡਨਰਾਂ ਵਿੱਚ ਖੜ੍ਹੀਆਂ ਹਨ।                 
                             

ਇੱਕ ਸੱਤਾਂ ਅੱਠਾਂ 'ਫੌਜੀਆਂ' ਦਾ ਟੋਲਾ ਖੜਾ ਲੜਨ ਝਗੜਣ ਵਾਲੀਆਂ ਅਵਾਜ਼ਾਂ ਵਿੱਚ ਪੰਜਾਬ ਦੀ ਸਿਆਸਤ ਤੇ ਵੱਧ ਰਹੇ ਜ਼ਮੀਨਾਂ ਦੇ ਭਾਵਾਂ ਬਾਰੇ ਬਹਿਸ ਕਰ ਰਿਹਾ ਹੈ। ਇੱਕ ਘਰ ਵਿੱਚੋ ਇੱਕ ਨਿਹੰਗੀ ਬਾਣੇ ਵਾਲਾ ਸਾਬਤ ਸਬੂਤ ਸਿੱਖ ਮੇਰੇ ਕੋਲ ਦੀ ਫਤੇ੍ਹ ਗੂੰਜਾਂਉਂਦਾ ਗੁਰੂ ਘਰ ਵਿੱਚ ਦਾਖਲ ਹੋ ਜਾਂਦਾ ਹੈ। ਪਰੰਤੂ ਮੇਰੇ ਲਈ 'ਫੌਜੀਆਂ' ਦਾ ਇਹ ਟੋਲਾ ਦਿੱਲਚਸਪੀ ਦਾ ਕਾਰਣ ਬਣਦਾ ਹੈ। ਮੇਰੇ ਕੰਨ ਉਹਨਾਂ ਦੀਆਂ ਗੱਲਾਂ ਵੱਲ ਚੁੱਕੇ ਜਾਂਦੇ ਹਨ। ਇੱਕ ਔਰਤਾਂ ਵਰਗੀ ਤਿੱਖੀ ਅਵਾਜ਼ ਵਾਲਾ ਬੰਦਾ ਇਸ ਦੇਸ਼ ਤੇ ਪੰਜਾਬ ਦੇ ਅਰਥਚਾਰੇ ਦਾ ਮੁਕਾਬਲਾ ਕਰ ਰਿਹਾ ਹੈ। ਕਈਆਂ ਦੇ ਕਰੜ ਬਰੜੀਆਂ ਦਾਹੜੀਆਂ ਹਨ ਤੇ ਥੱਲਿਉਂ ਨਿਕਲੇ ਰੰਗ ਰਹਿਤ ਚਿੱਟੇ ਪੋਟਾ ਪੋਟਾ ਵਾਲ ਇਨ੍ਹਾਂ ਘਸ ਜਾਣ ਵਾਲੇ ਮੁੰਡਿਆਂ ਦੀ ਜਵਾਨੀ ਨੂੰ ਦੰਦੀਆਂ ਚਿੜਾ ਰਹੇ ਹਨ।
                                                             
ਉਹੀ ਗੱਲਾਂ, ਜੋ ਦੁਨੀਆ ਭਰ ਦੇ ਜਾਹਲੀ ਕਰਦੇ ਹਨ, ਕੰਮ ਦੀਆਂ, ਵੀਜ਼ੇ ਦੀਆ, ਪੰਜਾਬ ਵਿੱਚ ਮਹਿੰਗੀਆਂ ਹੋ ਰਹੀਆਂ ਜ਼ਮੀਨਾਂ ਦੀਆਂ ਬਾਦਲਾਂ ਦੀਆਂ ਕੈਪਟਨ ਦੀਆਂ ਬਾਜਵੇ ਦੀਆਂ, ਕੰਮ ਨਾ ਮਿਲਣ ਦੀਆਂ. ਗੋਰੀਆਂ, ਕਾਲੀਆਂ ਤੇ ਗਿੱਟਿਆਂ ਤੋਂ ਉੱਚੀਆਂ ਸਲਵਾਰਾਂ ਵਾਲੀਆਂ ਪਾਕਿਸਤਾਨਣਾ ਦੀਆਂ।

                                             
ਤੀਂਵੀ ਸੁਰੇ ਨੇ ਪੰਜਾਬ ਵਿੱਚ ਆਪਣੇ ਨਵੇਂ ਲਏ ਫੋਰਡ ਟਰੈਕਟਰ ਦੀ ਫੜ੍ਹ ਮਾਰੀ ਹੈ ਦੂਜੇ ਨੇ ਮਜ਼ਾਕ ਨਾਲ ਕਿਹਾ ਇਹ ਝੂਠ ਮਾਰਦਾ ਹੈ ਇਹ ਟਰੈਕਟਰ ਲੈ ਹੀ ਨਹੀਂ ਸਕਦਾ। ਪਤਲੀ ਤਿੱਖੀ ਅਵਾਜ਼ ਖਿਝ ਨਾਲ ਹੋਰ ਉੱਚੀ ਹੋ ਗਈ ਸਾਉਂਡ ਇਉਂ ਲਗਦੀ ਹੈ, ਜਿਸ ਤਰਾਂ ਕੋਈ ਨਿੱਕੀ ਸੁਨਿਆਰੀ ਹਥੌੜੀ ਭਾਰੀ ਲੋਹੇ ਦੀ ਨੇਹੀ ਤੇ ਮਾਰ ਰਿਹਾ ਹੋਵੇ। ਅੱਗੋਂ ਫਿਰ ਉਹੀ ਵਿਰੋਧੀ ਅਵਾਜ਼ ਆਈ "ਇਹ ਟਰੈਕਟਰ ਲੈ ਹੀ ਨਹੀਂ ਸਕਦਾ" ? ਤੀਂਵੀ ਸੁਰੇ ਨੇ ਆਪਣਾ ਆਈ ਫੋਨ ਕੱਢਿਆਂ ਤੇ ਵਿਰੋਧੀ ਦੀਆਂ ਨਾਸਾਂ ਵਿੱਚ ਦੇਣ ਵਾਂਗ ਵਿਖਾਉਣ ਲੱਗਿਆ " ਆਹ ਵੇਖ ਆਪਣੇ ਪਿਉ ਫੋਰਡ ਦੀ ਫੋਟੋ'।

ਦੂਜੇ ਫੌਜੀ ਹੁਣ ਤੀਂਵੀ ਸੁਰੇ ਦੇ ਹੱਕ ਵਿੱਚ ਆ ਖਲੋਤੇ ਸਨ। ਵਿਰੋਧੀ ਨੇ ਸਮਝੌਤੀ ਟੋਨ ਵਿੱਚ ਸਪੱਸ਼ਟੀਕਰਨ ਦਿੱਤਾ." ਮੈਂ ਕਦ ਕਿਹਾ ਇਹ ਟਰੈਕਟਰ ਖ਼ਰੀਦ ਨਹੀਂ ਸਕਦਾ..? ਪਰੰਤੂ ਇਹ ਟਰੈਕਟਰ ਲੈ ਨਹੀਂ ਸਕਦਾ। ਰੌਲਾ ਫਿਰ ਪੈ ਗਿਆ ਸੀ. ਕਿਉਂ ਨਹੀਂ ਲੈ ਸਕਦਾ..? ਅਗੋਂ ਵਿਰੋਧੀ ਬੋਲਿਆ " ਏਡਾ ਢੂਆ ਇਹਦਾ ਹੈਨੀ ਜਿਹੜਾ ਟਰੈਕਟਰ ਲੈ ਸਕੇ"? ਹੁਣ ਗੱਲ ਸਮਝ ਪੈ ਗਈ ਸੀ। 'ਫੌਜੀਆਂ' ਦੇ ਟੋਲੇ ਵਿੱਚ ਹਾਸੜ ਮੱਚ ਗਈ ਸੀ ਤੇ ਤੀਂਵੀ ਸੁਰਾ ਵੀ ਪਤਲੀ ਅਵਾਜ਼ ਵਿੱਚ ਹੀ ਹੀ ਕਰੀ ਜਾ ਰਿਹਾ ਸੀ। ਮੇਰੇ ਬੁੱਲ੍ਹਾ ਤੇ ਵੀ ਮੁਸਕਰਾਹਟ ਫੈ਼ਲ ਗਈ ਸੀ. ਇਸ ਟੋਲੇ ਦਾ ਕੋਈ ਧਿਆਨ ਨਹੀਂ ਸੀ ਕਿ ਗੁਰੂ ਘਰ ਵਿੱਚ ਕੀ ਹੋ ਰਿਹਾ ਹੈ ਲਗਦਾ ਸੀ,ਜਿਵੇਂ ਇਹ ਟੋਲਾ ਗੁਰੂਘਰ ਦੇ ਨਾਲ ਬਣੇ ਅਣਸਵਾਰੇ ਘਰਾਂ ਵਿੱਚ ਰਹਿੰਦਾ ਹੋਵੇ...? ਹੁਣ ਮੈਂ ਫਿਰ ਗੁਰੂ ਘਰ ਦੇ ਦਰਵਾਜ਼ੇ ਮੂਹਰੇ ਆ ਖੜ੍ਹਾ ਸਾਂ।

ਕਾਰਾਂ ਆ ਰਹੀਆਂ ਸਨ। ਡਬਲ ਯੈਲੋ ਪਟੀ ਬਨਾਮ ਟਰੈਫਿਕ ਦੇ ਰੂਲਾਂ ਦੇ ਉਲਟ ਕਾਰਾਂ ਖੜ੍ਹਦੀਆਂ ਤੇ ਸੇਵਕ, ਸ਼ਰਧਾਲੂ, ਬਰਾਤੀ, ਉੱਤਰਦੇ, ਗੁਰੂ ਘਰ ਨੂੰ ਕਾਹਲੀ ਵਿੱਚ ਨਤ ਮਸਤਕ ਹੋ ਕੇ ਨੇੜੇ ਦੀਆਂ ਗਲੀਆਂ ਵਿੱਚ ਪਾਰਕਾਂ ਲੱਭਣ ਲਈ ਐਕਸੀਲੀਟਰ ਤੇ ਪੈਰ ਧਰ ਦਿੰਦੇ।                                                           

ਉੱਪਰ ਆਨੰਦ ਕਾਰਜ ਬਨਾਮ 'ਫੇਰੇ' ਚੱਲ ਰਹੇ ਸਨ। ਗੁਰੂਘਰ ਵਿੱਚੋ ਕੋਈ ਵੀ ਅਵਾਜ਼ ਬਾਹਰ ਨਹੀਂ ਆ ਰਹੀ ਸੀ। ਪੰਜਾਬ ਵਿੱਚ ਤਾਂ ਤੜਕੇ ਤਿੰਨ ਵਜੇ ਹੀ ਸਪੀਕਰ ਲੋਕਾਂ ਨੂੰ ਅੱਭੜਵਾਹੇ ਹੀ ਉੱਠਾ ਦਿੰਦੇ ਹਨ। ਡੀ ਸੀ, ਐਸ ਪੀ ਜੀ ਸ਼ਰੋਮਣੀ ਕਮੇਟੀ ਦੇ ਹੁਕਮਨਾਮੇਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ, ਪਰੰਤੂ ਇਹ ਮਹਾਂ-ਨਗਰਾਂ ਦਾ ਮਹਾਂ-ਨਗਰ ਹੈ ਇਹ ਉਹ ਮਹਾਂ-ਨਗਰ ਹੈ, ਜਿਸ ਦਾ ਸੂਰਜ ਕਦੇ ਵੀ ਨਹੀਂ ਸੀ ਛੁਪਦਾ। ਜਿੱਥੇ ਅੱਜ ਵੀ ਮਾੜੀ ਮੋਹਟੀ ਚੂੰ ਚਰਾਂ ਤੇ ਵੀ ਟੈਕਸ ਲਗਦਾ ਹੈ। ਵੱਡੀ ਅਵਾਜ਼ ਤਾ ਦੂਰ ਦੀ ਗੱਲ ਹੈ।

                                                                  
ਹੌਲੀ ਹੌਲੀ ਲੰਬੇ ਅਨੰਦ ਕਾਰਜਾਂ ਦੀ ਰਸਮ ਤੋ ਅੱਕੇ ਬਰਾਤੀ ਪਿਸ਼ਾਬ ਆਦਿ ਦੇ ਬਹਾਨੇ ਬਾਹਰ ਆ ਰਹੇ ਹਨ। ਹੁਣ ਗੁਰੂਘਰ ਦੇ ਸਾਹਮਣੇ ਟਾਈਆਂ ਕੋਟਾਂ ਵਾਲੇ ਲੋਕ ਵੀ ਲੱਤਾਂ ਬਾਹਵਾਂ ਸਿੱਧੀਆਂ ਕਰ ਰਹੇ ਸਨ। ਰੋਲਸ ਰੋਇਸ ਦਾ ਚਾਲਕ ਗੋਰਾ ਜੋ ਵਰਦੀ ਵਿੱਚ ਸੱਜਿਆ ਫੱਬਿਆ ਸੀ ਤੇ ਪਿੱਛਲੇ ਦੋ ਘੰਟਿਆਂ ਤੋਂ ਇਸੇ ਹੀ ਕਾਰ ਵਿੱਚ ਸੁੱਤਾ ਪਿਆ ਸੀ ਬਾਹਰ ਨਿੱਕਲਿਆਂ, ਘੜੀ ਵੇਖੀ, ਅੰਗੜਾਈ ਭੰਨੀ ਤੇ ਗੁਰੂਘਰ ਵੱਲ ਨੂੰ ਤੁਰ ਪਿਆ। ਪਹਿਲਾਂ ਉਹ ਗੁਸਲਖ਼ਾਨੇ ਗਿਆ ਤੇ ਫਿਰ ਉਸ ਨੇ ਖੰਡੇ ਤਲਵਾਰਾਂ ਵਾਲਾ ਪੀਲਾ ਪਟਕਾ ਸਿਰ ਤੇ ਬੱਧਾ ਤੇ ਸਿੱਧਾ ਲੰਗਰ ਹਾਲ ਵਿੱਚ ਜਾਂ ਪੰਗਤ ਵਿੱਚ ਬੈਠਾ। ਸਿੱਖਿਆ ਸਿੱਖ ਗੋਰਾ ਲੱਗਦਾ ਸੀ, ਜੋ ਸਾਰੇ ਗੁਰੂਘਰ ਦੇ ਰਸਮੋਂ ਰਿਵਾਜ ਬਨਾਮ ਮਰਿਯਾਦਾ ਨੂੰ ਚੰਗੀ ਤਰਾਂ ਜਾਣਦਾ ਸੀ। ਸ਼ਾਇਦ ਇਹ ਉਸ ਦਾ ਰੋਜ਼ ਦਾ ਕੰਮ ਸੀ।

                                                        
ਗੁਰੂ ਘਰ ਦੇ ਬੱਸ ਅੱਡੇ ਤੇ ਸਵਾਰੀਆਂ ਉੱਤਰਦੀਆਂ ਕੁਝ ਗੋਰੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਸਨ ਤੇ ਸੰਗਤ ਚੱਕਵੇਂ ਪੱਬੀ ਵਾਹਿਗੁਰੂ ਵਾਹਿਗੁਰੂ ਕਰਦੀ ਗੁਰੂਘਰ ਆ ਰਹੀ ਸੀ ਭੇਟਾ ਸਮੇਤ, ਬਨਾਮ ਦਸਵੰਦ ਦਾ ਦਸਵੰਦ, ਦੁੱਧ ਦੀਆਂ ਕੈਨੀਆਂ,ਖੰਡ,ਤੇਲ, ਤੇ ਹੋਰ ਨਿੱਕ ਸੁੱਕ ਚੁੱਕੀ।

 ਇੱਕ ਨਿੱਕੀ ਜਪਾਨੀ ਕਾਰ ਹੌਲੀ ਹੌਲੀ ਗੁਰੂਘਰ ਦੇ ਅਹਾਤੇ ਵਿੱਚ ਆ ਵੜੀ ਸੀ। ਬਾਰਾਤੀ ਸੱਜਣ ਹੈਰਾਨ ਸਨ ਇਹ ਕਿਵੇਂ ਧੁਸ ਦਿੱਤੀ ਅੰਦਰ ਆ ਰਿਹਾ ਹੈ। ਗੁਰੂਘਰ ਦੇ ਅਹਾਤੇ ਦੀਆਂ ਪਾਰਕਾਂ ਤਾ ਦੋ ਗੱਡੀਆਂ ਨਾਲ ਹੀ ਫੁੱਲ ਸਨ। ਸਟਾਰਟ ਗੱਡੀ ਵਿੱਚੋਂ ਇੱਕ ਹਿੰਦੁਸਤਾਨ ਦੇ ਖੁਰਾਕ ਮੰਤਰੀ ਸ਼ਰਦ ਕੁਮਾਰ ਵਰਗਾ ਕਾਲੇ ਰੰਗ ਦਾ ਹਿੰਦੂ ਲੱਗਦਾ ਬੰਦਾ ਕਹਿ ਰਿਹਾ ਸੀ "ਮੈਂ ਮੱਥਾਂ ਟੇਕਣਾ ਹੈ ਗੁਰੂ ਘਰ"।

ਬਰਾਤੀ ਬੋਲੇ "ਬਾਬਾ ਗੱਡੀ ਬਾਹਰ ਪਾਰਕ ਕਰ ਕੇ ਆ"। ਉਹ ਕਹਿੰਦਾ                                                         

 "ਮੈਂ ਬੁੱਢਾ ਤੇ ਅਪਾਹਜ਼ ਹਾ ਮੈਂ ਹਮੇਸ਼ਾ ਹੀ ਇਥੇ ਗੱਡੀ ਲਾ ਕੇ ਗੁਰੂਘਰ ਮੱਥਾ ਟੇਕਣ ਜਾਂਦਾ ਹਾਂ। ਇਹ ਪਾਰਕ ਸਾਡੇ ਵਰਗਿਆਂ ਲਈ ਰਿਜ਼ਰਵ ਹੈ ।"

ਬਰਾਤੀ ਹੱਸੇ, " ਬਾਬਾ ਅੱਜ ਨੀ ਤੇਰਾ ਕੰਮ ਬਣਨਾ ਇਥੇ ਲਾੜੇ ਵਾਲੀ ਰੋਲਸ ਰੋਇਸ ਖੜੀ ਹੈ ਵਿਆਹੀ ਜੋੜੀ ਦੇ ਇੰਤਜ਼ਾਰ ਵਿੱਚ ਅਗਲਿਆ ਪਾਰਕ ਰਿਜ਼ਰਵ ਕੀਤੀ ਹੈ।"

ਬਾਬਾ ਜੱਕੋ ਤੱਕੀ ਵਿੱਚ ਪੰਜ ਕੁ ਮਿੰਟ ਖੜਾ ਰਿਹਾ ਤੇ ਫਿਰ ਹੌਲੀ ਹੌਲੀ ਬੈਕ ਗੇਅਰ ਵਿੱਚ ਗੱਡੀ ਬਾਹਰ ਲੈ ਗਿਆ ।ਉਸਨੂੰ ਦਸ ਕੁ ਮਿੰਟ ਲਗੇ ਗੱਡੀ ਵਾਪਸ ਕਰਨ ਤੇ ਬੀਜ਼ੀ ਸੜਕ ਤੇ ਚੜ੍ਹਾਉਣ ਵਿੱਚ।
                                                              
 "ਫਰੈਸ਼ੀਆਂ" ਦਾ ਟੋਲਾ ਕਾਲੀਆਂ ਵਰਦੀਆਂ ਸਮੇਤ ਹੌਲੀ ਹੌਲੀ ਬਾਹਰ ਆ ਕੇ ਬੱਸ ਅੱਡੇ ਦੇ ਨੇੜੇ ਜਮਾਂ ਹੋ ਰਿਹਾ ਸੀ ਇਹ ਸਾਰੇ ਪੱਤਲੇ ਜਵਾਨ ਦੇਸੀ ਮੁੰਡੇ ਕੁੜੀਆਂ ਸਨ ਮੁੰਡੇ ਆਪਣੇ ਕੰਘਿਆਂ ਨਾਲ ਬੋਦੇ ਸਵਾਰ ਰਹੇ ਸਨ, ਜੋ ਲਗਾਤਾਰ ਪੀਲੇ ਪੱਟਕੇ ਬੰਨੀ ਰੱਖਣ ਨਾਲ ਬਹਿ ਜਿਹੇ ਗਏ ਸਨ। ਕਈਆਂ ਦੇ ਹੱਥਾਂ ਵਿੱਚ ਝੋਲੇ ਸਨ, ਜੋ ਸ਼ਇਦ ਸਮੋਸਿਆਂ ਜਾਂ ਹੋਰ ਖਾਧ ਪਦਾਰਥਾਂ ਨਾਲ ਭਰੇ ਸਨ। ਇਹ ਪੰਦਰਾਂ ਕੁ ਲੋਕਾਂ ਦਾ ਟੋਲਾ ਸੀ, ਇਹਨਾਂ ਦੀ ਗੱਲਬਾਤ ਵੀ ਕੰਨੀ ਪੈ ਰਹੀ ਸੀ। ਇਹ ਸਾਰੇ ਪੰਜਾਬ ਜਾ ਹਿੰਦੁਸਤਾਨ ਤੋਂ ਪ੍ਹੜਣ ਲਈ ਇਸ ਮਹਾਂਨਗਰ ਵਿੱਚ ਆਏ ਸਨ. ਇੱਕ ਕਹਿ ਰਿਹਾ ਸੀ. " ਸਾਰੇ ਹਫਤੇ ਵਿੱਚ ਤਿੰਨ ਦਿਹਾੜੀਆਂ ਲੱਗੀਆਂ ਹਨ। ਪੈਂਤੀ ਪੌਂਡ ਦੇ ਹਿਸਾਬ ਨਾਲ ਇੱਕ ਸੌ ਪੰਜ ਬਣੇ, ਹਫਤੇ ਵਿੱਚ ਸੱਤ ਦਿਨ ਹਨ ਜੇ ਮੈਂ ਸੱਤਾ ਵਿੱਚ ਡਿਵਾਈਡ ਕਰਾਂ ਪੰਦਰਾਂ ਪੌਡ ਦਿਹਾੜੀ ਦੇ ਬਣਦੇ ਹਨ। ਜੇ ਮੈਂ ਕੰਜੂਸੀ ਵੀ ਕਰਾਂ ਤਾਂ ਵੀਹ ਪੌਂਡ ਮੇਰਾ ਦਿਨ ਦਾ ਖਰਚਾ ਹੈ। ਬਾਪੂ ਦੇ ਲਾਏ ਪੰਦਰਾਂ ਲੱਖ ਕਦੋ ਪੂਰੇ ਹੋਏ ..?"                                      
                           

ਦੂਜਾ ਬੋਲਿਆ "ਸਾਲਿਆ ਅੱਜੇ ਤਾਂ ਅੱਧੀ ਦਿਹਾੜੀ ਲਾਈ ਹੈ ਪੈਂਤੀ ਵੀ ਤਾਂ ਹੀ ਮਿਲਣਗੇ ਜੇ ਅੱਜ ਅੱਧੀ ਰਾਤ ਤੱਕ ਭਾਂਡੇ ਧੋਤੇ ਤਾਂ, ਨਹੀਂ ਤਾਂ ਇਹ ਵੀ ਨਹੀਂ ਮਿਲਣੇ " ਅਜੀਬ ਜਿਹੀ ਗੱਲਬਾਤ ਸੀ ਮੁੰਡਿਆਂ ਦੀ, ਕੁਝ ਚਿੰਤਾ ਵਿੱਚ ਡੁੱਬੇ ਸਨ। ਕੁਝ ਪੰਜਾਬੀਆਂ ਵਾਲੀ ਬੇਪਰਵਾਈ ਤੇ ਵਿਆਹ ਵਿੱਚ ਸੱਜ ਧੱਜ ਕੇ ਆਈਆਂ ਕੁੜੀਆਂ ਦੇ ਸੂਟ ਸਾੜੀਆਂ ਦੇ ਨਾਂ ਲੈ ਲੈ ਕੇ ਆਪਣਾ ਰੋਸ ਠੰਡਾ ਕਰ ਰਹੇ ਸਨ। 'ਫਰੈਸ਼ੀ' ਕੂੜੀਆਂ ਦਾ ਟੋਲਾ ਇਨ੍ਹਾਂ ਤੋਂ ਥੋੜੀ ਵਿੱਥ ਤੇ ਖੜਾ ਆਪੋ ਆਪਣੇ ਫੋਨਾਂ ਵਿੱਚ ਬੀਜ਼ੀ ਸੀ। ਗੁਰੂਘਰ ਦੇ ਅੱਡੇ ਤੇ ਲਾਰੀ ਆਈ ਤੇ ਸਾਰੇ ਵਿੱਚ ਚੜ੍ਹ ਗਏ ਸਨ।

'ਫਰੈਸ਼ੀ' ਚਲੇ ਗਏ ਸਨ ਤੇ ਗੁਰੂਘਰ ਦਾ ਅਹਾਤਾ ਹੌਲੀ ਹੌਲੀ ਭਰ ਗਿਆ ਸੀ ਬਰਾਤੀਆਂ ਨਾਲ, ਸ਼ਾਇਦ ਅਨੰਦ ਕਾਰਜ ਹੋ ਗਏ ਸਨ। ਇੱਕ ਕਾਲੇ ਰੰਗ ਦੀ ਰੋਲਸ ਰੋਇਸ ਯੈਲੋਪੱਟੀ ਦਾ ਹਾਸਾ ਉਡਾਉਂਦੀ ਹੋਈ ਗੁਰੂਘਰ ਦੇ ਗੇਟ ਤੋਂ ਦਸ ਕੁ ਗਜ ਅਗੇ ਜਾ ਕੇ ਰੁਕੀ। ਮਹਿਮਾਨ ਸ਼ਇਦ ਲੇਟ ਹੋ ਗਿਆ ਸੀ। ਉਸ ਨੇ ਆਪਣੀ ਵੱਡੀ ਤੇ ਵਕਾਰੀ ਕਾਰ ਉਥੇ ਹੀ ਖੜੀ ਕਰ ਦਿੱਤੀ ਬਗੈਰ ਕਿਸੇ ਟੂੰਡੀ ਲਾਟ ਦੀ ਪਰਵਾਹ ਤੋਂ। ਉੱਚਾਂ ਲੰਬਾਂ ਦਰਸ਼ਨੀ ਸਰਦਾਰ ਪ੍ਰਕਾਸ਼ ਦਾਹੜੇ ਸਮੇਤ ਛੇਤੀ ਨਾਲ ਬਾਹਰ ਨਿਕਲਿਆ ਮਗਰਲਾ ਦਰਵਾਜ਼ਾ ਖੁੱਲ੍ਹਾ ਇੱਕ ਤੋਤੋ ਰੰਗਾਂ ਸੂਟ ਪਾਈ ਇੱਕ ਮੱਧਰੀ ਜਿਹੀ ਸਰਦਾਰਨੀ ਨਿਕਲੀ ਤੇ ਨਾਲ ਉਸ ਦੇ ਇੱਕ ਦਸਾ ਕੁ ਸਾਲਾਂ ਦਾ ਮੋਟਾ ਜਿਹਾ ਮੁੰਡਾ ਸੀ। ਗਿੱਚੀ ਤੋਂ ਮੀਢੀ ਕਰਕੇ ਜਿਸ ਦਾ ਜੂੜਾ ਕੀਤਾ ਸੀ ਤੇ ਹਾਕੀ ਦੇ ਖਿਡਾਰੀਆਂ ਵਾਂਗ ਜੂੜੇ ਉੱਪਰ ਚਿੱਟਾ ਰੁਮਾਲ ਬੱਧਾ ਸੀ. " ਭੈਂ ਚੋ, ਇਨ੍ਹਾਂ ਤੀਂਵੀਆਂ ਦੀ ਤਿਆਰੀ ਨੇ ਲੇਟ ਕਰਾ ਦਿੱਤਾ।"
                         
ਡਰੀ ਸਰਦਾਰਨੀ ਤੇ ਮੋਟਾ ਮੁੰਡਾ ਰੋਬੋਟ ਵਾਂਗ ਚਲ ਰਹੇ ਸਨ। ਉਹ ਤਿੰਨੋਂ ਉੱਥੇ ਹੀ ਗੱਡੀ ਪਾਰਕ ਕਰ ਕੇ ਗੁਰੂਘਰ ਵੱਲ ਤੇਜ਼ ਕਦਮੀ ਚੱਲ ਪਏ।
                                                                         
ਮੇਰੀ ਨਜ਼ਰ ਇੱਕ ਵਾਰ ਫਿਰ ਗੁਰੂ ਘਰ ਦੇ ਚੁਗਿਰਦੇ ਤੇ ਘੁੰਮ ਰਹੀ ਸੀ। ਐਨ ਗੁਰੂ ਘਰ ਦੇ ਸਾਹਮਣੇ ਇੱਕ ਮੰਜਿਆਂ ਬਿਸਤਰਿਆਂ ਤੇ ਘਰ ਦੇ ਸਮਾਨ ਵਾਲਾ ਵੱਡਾ ਸਟੋਰ ਸੀ ਨਾਲ ਇੱਕ ਪੱਬ ਅਗਲੀ ਦੁਕਾਨ ਇੱਕ ਝਟਕਈ ਦੀ ਸੀ ਨਾਲ ਗਰੌਸਰੀ ਸਟੋਰ ਸੀ ਤੇ ਉਸ ਤੋ ਅਗਲੀ ਤੇ ਹਲਾਲ ਗੋਸ਼ਤ ਦਾ ਬੋਰਡ ਲੱਗਾ ਸੀ ਤੇ ਅਗਾਹ ਇੱਕ ਨਾਈ ਬਨਾਮ ਬਾਰਬਰ ਦਾ ਬੋਰਡ ਚਮਕ ਰਿਹਾ ਸੀ. ਤੇ ਥੋੜੀ ਦੂਰ ਇੱਕ ਚਰਚ ਦਾ ਗੁਬੰਦ ਨਜ਼ਰ ਆ ਰਿਹਾ ਸੀ।                     
                        

ਇੰਨੇ ਨੂੰ ਮੇਰਾ ਯਾਰ ਵੀ ਬਾਹਰ ਆ ਗਿਆ ਸੀ। ਉਹ ਹੈਰਾਨ ਸੀ ਮੈਂ ਬਾਹਰ ਕਿਉਂ ਖੜ੍ਹਾ ਹਾਂ। ਮੇਰੇ ਆੜੀ ਨੇ ਮੇਰੇ ਨਾਲ ਗੁਰੂ ਘਰ ਦੀਆਂ ਦੌਲਤਾਂ ਦੀ ਗੱਲ ਸਾਂਝੀ ਕੀਤੀ ਗੁਰੂਘਰ ਦੇ ਸੱਜੇ ਹੱਥ ਵਾਲੇ ਸਾਰੇ ਘਰ ਗੁਰੂ ਘਰ ਦੀ ਮਲਕੀਅਤ ਹਨ ਤੇ ਫੌਜੀਆਂ ਦਾ ਟੋਲਾ ਵੀ ਗੁਰੂਘਰ ਦੇ ਘਰਾਂ ਦਾ ਹੀ ਕਿਰਾਏਦਾਰ ਸੀ। ਲਾੜੀ ਲਾੜਾ ਗੁਰੂ ਘਰ ਵਿੱਚੋਂ ਬਾਹਰ ਆ ਰਹੇ ਸਨ ਤੇ ਅਸੀਂ ਪਾਰਟੀ ਵਾਲੇ ਹਾਲ ਵੱਲ ਤੁਰ ਪਏ ਸਾਂ।          
    

Comments

Balraj Sidhu UK

Rochak te Sach

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ