Wed, 13 November 2019
Your Visitor Number :-   1876463
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਬੋਹਲ਼ਾਂ ਦਾ ਰਾਖਾ - ਕਰਨ ਬਰਾੜ

Posted on:- 11-05-2014

suhisaver

ਜੱਟ ਦੀ ਜੂਨ ਬੁਰੀ ਐ। ਪਹਿਲਾਂ ਤਾਂ ਫ਼ਸਲ ਬੀਜਣ ਤੋਂ ਲੈ ਕੇ ਵੱਡਣ ਤੱਕ ਇਹ ਸੌ ਸੌ ਪਾਪੜ ਵੇਲਦਾ ਤੇ ਹਰ ਥਾਂ ਠੱਗੀਆਂ ਖਾਂਦਾ। ਆੜ੍ਹਤੀਆ ਚਿੱਟੀਆਂ ਚਾਦਰਾਂ ਤੇ ਬੈਠਾ ਬੀਜ ਵੇਚਣ ਵੇਲੇ ਹੀ ਇਸ ਮੁਰਗ਼ੀ ਨੂੰ ਚੱਕਵਾਂ ਦਾਣਾ ਪਾਉਂਦਾ ਕਿ ਮੋਟੀ ਤਾਜ਼ੀ ਮੁਰਗ਼ੀ ਨੂੰ ਝਟਕਾਉਣ ਵੇਲੇ ਵਾਹਵਾ ਸੁਆਦ ਆਊ। ਫੇਰ ਸ਼ਹਿਰ ਗੱਟੇ ਵਾਲਾ ਝੋਲਾ ਫੜੀ ਰੇਹ ਸਪਰੇਅ ਲੈਣ ਆਉਂਦਾ ਨਿਰੰਜਨ ਸਿਓਂ ਇਹਨਾਂ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਵਰਗਾ ਲਗਦਾ। ਗੱਦੀ ਤੇ ਬੈਠਾ ਲਾਲਾ ਆਵਾਜ਼ ਮਾਰਦਾ ''ਰਾਮੂ ਲਿਆ ਠੰਢਾ ਸਰਦਾਰ ਸਾਹਿਬ ਵਾਸਤੇ।''

ਤੇ ਸਰਦਾਰ ਨੂੰ ਨਾਸੀਂ ਚੜ੍ਹੇ ਕੋਕਾ ਕੋਲਾ ਦੇ ਗੁਬਾਲ ਵਿੱਚ ਇਹ ਵੀ ਪਤਾ ਨਹੀਂ ਚਲਦਾ ਕਿ ਬਿੱਲ ਕਿੰਨਾ ਬਣਿਆ ਇਸ ਤੋਂ ਪਹਿਲਾਂ ਹੀ ਲਾਲੇ ਦੇ ਕਰਿੰਦੇ ਸਰਦਾਰ ਦੀ ਟਰਾਲੀ ਰੇਹ ਨਾਲ ਫੁੱਲ ਕਰਕੇ ਉੱਤੇ ਸਪਰੇਅ ਦੀਆਂ ਕੈਂਨੀਆਂ ਰੱਖ ਦਿੰਦੇ ਨੇ।


ਪੰਪ ਤੋਂ ਡੀਜ਼ਲ ਲਿਆਉਣ ਵੇਲੇ ਇਹ ਫੇਰ ਆੜ੍ਹਤੀਆਂ ਤੋਂ ਤੇਲ ਦੀਆਂ ਪਰਚੀਆਂ ਮਿੰਨਤਾਂ ਨਾਲ ਮੰਗਦਾ ਤੇ ਲੀਕ ਹੋਏ ਡਰੰਮ ਨੂੰ ਕਦੇ ਲੁੱਕ ਨਾਲ ਬੰਦ ਕਰਦਾ ਕਦੇ ਸਾਬਣ ਨਾਲ। ਸਰਦੇ ਜ਼ਿਮੀਂਦਾਰ ਤਾਂ ਪਾਣੀ ਲਾਉਣ ਵੇਲੇ ਜੇ. ਈ. ਦੀਆਂ ਮਿੰਨਤਾਂ ਕਰ ਲੈਂਦੇ ਆ ਬਈ ਤਾਰਾਂ ਦੇ ਜੈਂਪਰ ਬਦਲ ਦੇ ਮੋਟਰ ਚਲਾਉਣੀ ਆ ਪਰ ਨਿਰੰਜਨ ਵਰਗੇ ਮਾਤ੍ਹੜ ਧਮਾਤੜ ਤਾਂ ਇੰਜਣ ਦੀਆਂ ਟੈਵਟਾਂ ਠੀਕ ਕਰਦੇ ਹਰ ਵੇਲੇ ਹੱਥ ਪੈਰ ਕਾਲੇ ਕਰੀ ਰੱਖਦੇ ਆ ਫੇਰ ਕਿਤੇ ਜਾ ਕੇ ਕਣਕਾਂ ਦੇ ਨੱਕੇ ਮੁੜਦੇ ਆ।

ਅਖੀਰ ਪੁੱਤਾਂ ਵਾਂਗੂੰ ਪਾਲੀ ਫ਼ਸਲ ਜੇ ਕਿਤੇ ਕੁਦਰਤ ਦੀ ਕਰੋਪੀ ਤੋਂ ਬਚਦੀ ਸਿਰੇ ਲੱਗ ਜਾਵੇ ਤਾਂ ਪਿੰਡ ਦੀ ਮੰਡੀ 'ਚ ਛੇ ਮਹੀਨਿਆਂ ਬਾਅਦ ਆਇਆ ਆੜ੍ਹਤੀਆ ਜਮਦੂਤ ਬਣਿਆ ਆਪਣੇ ਪੱਲੇਦਾਰਾਂ ਤੋਂ ਪੁੱਛਦਾ,
''ਓਏ ਦੇਬੂ ਨਿਰੰਜਨ ਕਿ ਲੱਗੇ ਨੀ ਹਾਲੇ ਕਣਕ ਵੱਡਣ।''

ਘਰੇ ਕਣਕ ਦੇ ਬੋਹਲ ਕੋਲ ਮੰਜੇ ਤੇ ਬੈਠਾ ਨਿਰੰਜਨ ਹੱਥ ਦੀਆਂ ਉਂਗਲਾਂ ਭੰਨਦਾ ਆਪਣੀ ਘਰ ਵਾਲੀ ਨਾਲ ਸਕੀਮਾਂ ਜਿਹੀਆਂ ਘੜੀ ਜਾਂਦਾ ''ਐਤਕੀਂ ਕਰਜ਼ਾ ਲਾਈਏ ਕਿ ਕੁੜੀ ਦੇ ਹੱਥ ਪੀਲੇ ਕਰੀਏ, ਨਹੀਂ ਛੋਟੇ ਛੋਹਰ ਨੂੰ ਬਾਹਰ ਭੇਜ ਦੇਈਏ ਨਹੀਂ ਤਾਂ ਇਥੇ ਵਿਹਲਾ ਮਲੰਗਾਂ ਨਾਲ ਖਹਿੰਦਾ ਰਹਿੰਦਾ ਹੋਰ ਕੋਈ ਨਸ਼ੇ ਵਾਲੀ ਇੱਲ ਬਲਾ ਮਗਰ ਲਾਊ, ਨਾ ਮੈਂ ਆਹਨਾ ਐਤਕੀਂ ਨਿਆਈਂ ਆਲੇ ਦੋ ਕਿੱਲੇ ਗਹਿਣੇ ਪਏ ਨਾ ਛਡਾਈਏ ਜਾਂ ਸੁਰਜੀਤ ਕੁਰੇ... ਇਉਂ ਕਰ ਤੂੰ ਕੋਈ ਟੂਮ ਛੱਲਾ ਬਣਾ ਛੱਡ ਇੱਕ ਤਾਂ ਤੇਰੀ ਰੀਜ਼ ਪੂਰੀ ਹੋ ਜੂ ਤੇ ਨਾਲ਼ੇ ਕੁੜੀ ਦੇ ਵਿਆਹ ਵੇਲੇ ਕੰਮ ਆਊ।"

ਐਨੇ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਕੈਂਟਰ ਵਿੱਚੋਂ ਨਿੱਕਲੇ ਦਸ ਪੰਦਰਾਂ ਬਾਬੇ ਬੋਰੀਆਂ ਪੀਪੇ ਚੱਕੀ ਡਾਕੂਆਂ ਵਾਂਗ ਆ ਦਵਾਲੇ ਹੋਏ ਬੋਹਲ ਦੇ। ਨਿਰੰਜਨ ਅੱਭੜ ਵਾਹਾ ਉੱਠਦਾ ਹੀ ਹੈ.... ਕਿ ਐਨੇ ਨੂੰ ਭਲਵਾਨਾਂ ਵਰਗੇ ਬਾਬੇ ਚਾਰ ਬੋਰੀਆਂ ਕਣਕ ਦੀਆਂ ਭਰ ਕੇ ਉਸਨੂੰ ਹੌਂਸਲਾ ਦਿੰਦੇ ਆ "ਭਾਈ ਤੇਰਾ ਦਸਵੰਧ ਕੱਢਿਆ ਗਿਆ, ਵਾਹਿਗੁਰੂ ਆਪੇ ਪਾਰ ਲਾਊ ਤੇਰੇ ਬੇੜੇ, ਕਾਰ ਸੇਵਾ ਚਲਦੀ ਆ ਤੇਰਾ ਜੀਵਨ ਸਫਲਾ ਹੋ ਗਿਆ।"

ਭਮੱਤਰਿਆ ਨਿਰੰਜਨ ਬੋਲ਼ਾ ਜਿਹਾ ਹੋ ਗਿਆ ਤੇ ਬਾਬੇ ਔਹ ਗਏ ਔਹ ਗਏ। ਸੁਰਤ ਹੋਇਆ ਨਿਰੰਜਨ ਸੋਚਦਾ ਸਾਲਾ ਮੰਗਤੇ ਨੂੰ ਕੌਲੀ ਪਾਈ ਤੋਂ ਦਿਲ ਘਟਦਾ ਚਾਰ ਬੋਰੀਆਂ ਲੈ ਗਏ, ਗੁਰਦੁਆਰਾ ਪਿੰਡ ਹੈ ਨੀ ਹੋਰ ਮਗਰਮੱਛ ਥੋੜ੍ਹੇ ਬੈਠੇ ਆ ਮੈਨੂੰ ਖਾਣ ਨੂੰ ਸਾਲੇ ਬਾਬਿਆਂ ਦੇ।

ਹਾਲੇ ਨਿਰੰਜਨ ਝਉਲੇ ਚੋਂ ਨਿਕਲਿਆ ਹੀ ਸੀ ਕਿ ਇੱਕ ਹੋਰ ਜੀਪ ਆ ਰੁਕੀ ਦਰਾਂ ਤੇ ਵਿਚੋਂ ਫਿਰ ਨੀਲੇ ਖੱਟੇ ਬਾਬੇ ਨਿਕਲ ਕੇ ਅਲੀ ਅਲੀ ਕਰਕੇ ਪੈ ਗਏ ਕਣਕ ਦੇ ਬੋਹਲ ਨੂੰ "ਬੱਚਾ ਫਲਾਣੇ ਥਾਂ ਕਾਰਸੇਵਾ ਚਲਦੀ ਆ।" ਹਾਲੇ ਬਾਬਿਆਂ ਦੇ ਮੂੰਹੋਂ ਕਾਰ ਸੇਵਾ ਅੱਧੀ ਹੀ ਨਿਕਲੀ ਸੀ ਕੇ ਨਿਰੰਜਨ ਕੋਲ ਪਿਆ ਫੌਹੜਾ ਚੱਕ ਕੇ ਕਮਾਨ ਵਾਂਗ ਦੂਹਰਾ ਹੋ ਗਿਆ "ਮੈਂ ਸਾਲਾ ਬਣਾ ਲੂ ਜੀਹਨੇ ਕਣਕ ਦੇ ਇੱਕ ਵੀ ਦਾਣੇ ਨੂੰ ਹੱਥ ਲਾਇਆ ਜੱਦੇ ਕਾਰ ਸੇਵਾ ਦੇ ਕੀ ਲੱਛਣ ਫੜਿਆ ਮੁਲਖ ਨੇ, ਕਤੀੜ੍ਹ ਵਾਦਾ ਦੁਖੀ ਕਰ ਮਾਰਿਆ ਮੇਰੇ ਸਾਲ਼ਿਆਂ ਨੇ ਅੱਗੇ ਘੱਟ ਦੁਖੀ ਕੀਤਾ ਸਰਕਾਰਾਂ ਨੇ ਤੁਰ ਪੈਂਦਾ ਅੰਨ੍ਹਾ ਮੁਲਖ ਜੱਟਾਂ ਨੂੰ ਲੁੱਟਣ ਨੂੰ।"

ਪਰ ਬਾਬੇ ਬਦੋ ਬਦੀ ਕਣਕ ਦੇ ਬੋਹਲ ਵੱਲ ਹੋ ਤੁਰੇ ਤਾਂ ਨਿਰੰਜਨ ਨੇ ਅੱਖਾਂ ਮੀਚ ਕੇ ਪੱਬਾਂ ਤੇ ਦੂਹਰਾ ਹੋ ਕੇ ਫੌੜ੍ਹਾ ਬਾਬਿਆਂ ਦੇ ਸਰਦਾਰ ਦੇ ਮੌਰਾਂ 'ਚ ਮਾਰਿਆ! ਤੇ ਦੂਜੇ ਹੀ ਪਲ ਉਸ ਨੂੰ ਮੋਰਚੇ ਤੋਂ ਟੁੱਟੀ ਬਾਂਹ ਲਮਕਾਉਂਦਾ ਬਾਬਾ ਭੱਜਦਾ ਦਿਸਿਆ ਅਤੇ ਚੇਲੇ ਬਾਲਕਿਆਂ ਦੇ ਉੱਡਦੇ ਪਰਨੇ... ਤੇ ਬਾਬੇ ਫਿਰ ਔਹ ਗਏ ਔਹ ਗਏ।

ਸੰਪਰਕ: +61430850045

Comments

sucha.nar@tmail.de

ਕਰਨ ਬਰਾੜ ਜੀ ਦਾ ਇਹ ਲੇਖ ਕੁੱਝ ਹੱਦ ਤੱਕ ਕਸਵੱਟੀ 'ਤੇ ਪਪੂਰਾ ਉੱਤਰਦਾ ਹੈ। ਕਿਸਾਨ ਦੀ ਇਹ ਹਾਲਤ ਇਹਨਾਂ ਤਿੰਨਾ ਵਿਹਲੜਾਂ ਨੇ ਹੀ ਕੀਤੀ ਹੈ ਇੱਕ ਆੜਤੀ ਦੂਜੇ ਇਹ ਵਿਹਲੜ ਬਾਬਿਆਂ ਦੇ ਵੱਗ ਅਤੇ ਤੀਜੇ ਉਹ ਗੀਤਕਾਰ ਜੋ ਜੱਟ ( ਕਿਸਾਨ ) ਦੇ ਹਰ ਵੇਲੇ ਹੱਥ ਵਿੱਚ ਦੁਨਾਲੀ ਫੜ੍ਹਾਕੇ ਉਸ ਵਿੱਚ ਐਲ ਜੀ ਦੇ ਰੌਂਦ ਭਰੀ ਰੱਖਦੇ ਹਨ। ਕਚਿਹਰੀਆਂ ਵਿੱਚ ਮੇਲੇ ਲੁਆ ਲੁਆਕੇ ਝੂਠੀ ਫੂਕ ਛਕਾਕੇ ਉਸਦੀ ਅੰਤਾਂ ਦੇ ਤਸੀਹੇ ਝੱਲਕੇ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਫੇਂਹ ਫੇਂਹਕੇ ਪਾਲੀਆਂ ਫਸਲਾਂ ਦੀ ਕਮਾਈ ਕਢਾ ਕਢਾਕੇ ਆਪਣੀਆਂ ਰਬੈਰੋ ਅਤੇ ਸਫਾਰੀ ਗੱਡੀਆਂ ਵਿੱਚ ਵਾਧਾ ਕਰੀ ਜਾਂਦੇ ਹਨ। ਪਰ ਕਿਰਤੀ ਕਿਰਸਾਨ/ਮਜਜ਼ਦੂਰ ਵਿਚਾਰਾ ਖੁਦਕਸ਼ੀਆਂ ਕਰਨ ਨੂੰ ਮਜ਼ਬੂਰ ਹੋਇਆ ਪਿਆ ਹੈ ਅਤੇ ਕਰ ਰਿਹਾ ਹੈ ਸਪਰੇਆਂ ਪੀ ਪੀਕੇ।

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ