Mon, 23 September 2019
Your Visitor Number :-   1809913
SuhisaverSuhisaver Suhisaver
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਚੀਸ - ਭੁਪਿੰਦਰ ਸਿੰਘ ਬੋਪਾਰਾਏ

Posted on:- 09-04-2016

suhisaver

ਜਦੋਂ ਅਸੀਂ ਰੇਲਵੇ ਸਟੇਸ਼ਨ ਪਹੁੰਚੇ ਤਾਂ ਰੇਲਗੱਡੀ ਚਲਣ ਵਾਲੀ ਹੀ ਸੀ।  ਪਿਤਾ ਜੀ ਨੇ ਛੇੱਤੀ ਛੇੱਤੀ ਟਿਕਟ ਲਈ ਤੇ ਭੱਜ ਕੇ ਰੇਲਗੱਡੀ ਵਿਚ ਬੈਠ ਗਏ ਦੋ ਮਿੰਟ ਪਿੱਛੋਂ ਹੀ ਗੱਡੀ ਚਲ ਪਈ।  ਮੈਂ ਆਪਣੇ ਇਸ ਸ਼ਹਿਰ ਨੂੰ ਹੁਣ ਆਖਰੀ ਵਾਰ ਵੇਖ ਰਿਹਾ ਸਾਂ ਕਿਉਂਕਿ ਅਸੀ ਹੁਣ ਮੁੜਕੇ ਇੱਥੇ ਕਦੀ ਵੀ ਨਹੀਂ ਸੀ ਆਉਣਾ, ਪਰ ਇੱਥੋਂ ਦੀਆਂ ਯਾਦਾਂ ਦੇ ਕੁਝ ਜ਼ਖਮ ਕੁਝ ਪੀੜਾਂ ਨਾਲ ਲੈ ਕੇ ਜਾ ਰਹੇ ਸਾਂ ਜਿਹਨਾਂ ਨੂੰ ਅਸੀ ਜ਼ਿੰਦਗੀ ਭਰ ਦਿਲ 'ਚੋਂ ਮਿਟਾ ਨਹੀਂ ਸਕਾਂਗੇ। ਖਾਸ ਕਰਕੇ ਉਸ ਦਿਨ ਦਾ ਉਹ ਖੂਨੀ ਮੰਜ਼ਰ ਜਿਸ ਦਿਨ ਕੁਝ ਦੰਗਾਕਾਰੀ ਸਾਡੇ ਮੁਹੱਲੇ ਵਿਚ ਆ ਵੜੇ ਅਤੇ ਭੰਨ ਤੋੜ ਕਰਨ ਲਗ ਪਏ।  ਪਰ ਉਹਨਾਂ ਦਾ ਮੁੱਖ ਨਿਸ਼ਾਨਾ ਉਹ ਗੁਰਸਿੱਖ ਪਰਿਵਾਰ ਸੀ, ਜਿਹੜਾ ਸਾਡੇ ਨਾਲ ਦੇ ਘਰ ਵਿਚ ਰਹਿੰਦਾ ਸੀ।

ਮੇਰੇ ਪਿਤਾ ਜੀ ਕਦੀ ਕਦੀ ਦੱਸਿਆ ਕਰਦੇ ਹਨ ਕਿ ਸੰਤਾਲੀ ਦੀ ਵੰਡ ਤੋਂ ਪਹਿਲਾਂ ਵੀ ਅਸੀ ਪਿੱਛੇ ਪਾਕਿਸਤਾਨ ਵਿਚ ਵੀ ਇਕੱਠਿਆਂ ਹੀ ਰਿਹਾ ਕਰਦੇ ਸੀ ਜਦ ਇਧਰ ਆਏ ਤਾਂ ਇੱਥੇ ਵੀ ਇੱਕ ਜਗਾਹ ਹੀ ਆਪਣੇ ਘਰ ਬਣਾਏ ਬੇਸ਼ਕ ਸਾਡੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਪਰ ਆਪਸੀ ਸਾਂਝ ਮਿਲਵਰਤਨ ਤੇ ਮੇਲ ਮਿਲਾਪ ਰਿਸ਼ਤੇਦਾਰਾਂ ਤੋਂ ਵੀ ਵੱਧਕੇ ਰਿਹਾ।

ਉਹ ਦੰਗਾਕਾਰੀ ਉਸ ਗੁਰਸਿੱਖ ਸਰਦਾਰ ਗੁਰਮੁੱਖ ਸਿੰਘ ਦੇ ਘਰ ਆ ਵੜੇ ਤੇ ਆਉਂਦੇ ਸਾਰ ਸਾਰੇ ਪਰਿਵਾਰ ਦੀ ਮਾਰ ਕੁੱਟ ਕਰਨ ਲਗ ਪਏ  ਪਰ ਚੰਗੇ ਭਾਗਾਂ ਨੂੰ ਗੁਰਮੁਖ ਸਿੰਘ ਦਾ ਇਕਲੋਤਾ ਪੁੱਤਰ ਗੁਰਪਰੀਤ ਸਾਡੇ ਘਰ ਸੀ  ਮੇਰੇ ਮਾਂ ਪਿਉ ਨੇ ਗੁਰਪਰੀਤ ਨੂੰ ਪਿਛਲੇ ਅੰਦਰ ਡਾਹੇ ਤਖਤ ਪੋਸ ਦੇ ਥੱਲੇ ਲੁਕਾ ਦਿੱਤਾ ਸੀ।  ਜਦ ਮੈਂ ਚੁਬਾਰੇ ਦੀ ਬਾਰੀ ਥਾਣੀ ਲੁਕ ਕੇ ਵੇਖਿਆ ਦੰਗਾਕਾਰੀ ਗੁਰਮੁਖ ਸਿੰਘ ਤੇ ਉਸਦੀ ਪਤਨੀ ਨਿਹਾਲ ਕੌਰ ਨੂੰ ਬੜੀ ਬੇ ਰਹਿਮੀ ਨਾਲ ਕੁੱਟ ਰਹੇ ਸੀ ਤੇ ਉੱਚੀ ਉੱਚੀ ਹੱਸ ਰਹੇ ਸੀ ਜਿਵੇਂ ਕਿਸੇ ਦੀ ਬਰਬਾਦੀ ਦਾ ਜਸ਼ਨ ਮਨਾ ਰਹੇ ਹੋਣ।  

ਮੈਨੂੰ ਉਹਨਾਂ ਤੇ ਬੜਾ ਗੁੱਸਾ ਆ ਰਿਹਾ ਸੀ ਕਿ ਜੇ ਕਿਤੇ ਮੇਰੇ ਕੋਲ ਬੰਦੂਕ ਹੋਵੇ ਤਾਂ ਮੈਂ ਇਹਨਾਂ ਸਾਰਿਆ ਨੂੰ ਗੋਲੀ ਮਾਰ ਦਿਆਂ ਪਰ ਮੈਂ ਖੁਦ ਮਜਬੂਰ ਸੀ ਮੈਨੂੰ ਆਪ ਆਪਣੀ ਜਾਨ ਬਚਾਉਣੀ ਔਖੀ ਲਗ ਰਹੀ ਸੀ ਕਿਉਂਕਿ ਇਹੋ ਜਿਹੇ ਲੋਕ ਪਸੁ ਬਿਰਤੀ ਦੇ ਹੁੰਦੇ ਹਨ ਜਿਹਨਾਂ ਨੂੰ  ਚੰਗੇ ਮਾੜੇ ਕੰਮ ਦੀ ਕੋਈ ਸਮਝ ਨਹੀਂ ਹੁੰਦੀ ਹੈ।  ਏਨੇ ਨੂੰ ਮੈਂ ਕੀਹ ਵੇਖਿਆ ਕਿ ਇੱਕ ਦਰਿੰਦਾ ਅੰਦਰੋਂ ਹਰਪਰੀਤ ਨੂੰ ਬਾਹੋਂ ਫੜੀ ਖਿੱਚੀ ਲਿਆਉਂਦਾ ਹੈ ਜਿਹੜੀ ਕਿਸੇ ਖੱਡ ਖੂੰਜੇ ਲੱਗੀ ਬੈਠੀ ਸੀ।  ਸੋਲਾਂ ਕੁ ਸਾਲਾਂ ਦੀ ਹਰਪਰੀਤ ਨੇ ਹਾਲੇ ਜਵਾਨੀ ਦੀ ਦਹਿਲੀਜ ਤੇ ਪੈਰ ਧਰਿਆ ਹੀ ਸੀ ਉਸਦੀ ਭਰਵੀਂ ਹਿੱਕ, ਦਗ ਦਗ ਕਰਦਾ ਮਾਸੂਮ ਚਿਹਰਾ, ਚੰਨ ਵਰਗਾ ਮੱਥਾ, ਸ਼ਰਮੀਲੀਆਂ ਅੱਖਾਂ, ਗੁਲਾਬੀ ਹੋੰਠ, ਸੁਰਾਹੀ ਵਰਗਾ ਲੱਕ, ਤੇ ਮੋਰਨੀ ਵਰਗੀ ਤੋਰ ਮੱਲੋ ਮੱਲੀ ਦਿਲ ਮੋਹ ਲੈਂਦੀ ਸੀ ਜੇ ਕਦੀ ਆਪਣੀ ਮਸਤੀ ਵਿਚ ਹੱਸਦੀ ਸੀ ਤਾਂ ਪੌਣਾਂ ਵਿਚ ਮਹਿਕਾਂ ਘੁਲ ਜਾਂਦੀਆਂ ਸੀ। ਉਹਦੀ ਇਕ ਅੰਗੜਾਈ ਕਾਇਨਾਤ ਨੂੰ ਨਸ਼ਈ ਕਰ ਦਿੰਦੀ ਸੀ। ਉਸਦੇ ਸਾਹਾਂ ਵਿਚੋਂ ਮੌਲਸਰੀ ਦੇ ਰੁੱਖ ਜੇਹੀ ਖੁਸਬੂ ਆਉਂਦੀ ਸੀ।  ਉਸ ਦੀਆਂ ਸਿਫਤਾਂ ਦੀ ਜੇ ਸਿਫਤ ਕੀਤੀ ਜਾਏ ਤਾਂ ਇਕ ਨਾਵਲ ਲਿਖ ਹੋਏ।

ਪਰ ਉਹ ਵਹਿਸ਼ੀ ਦੰਗਈ ਕੀ ਜਾਨਣ ਕਿ ਇਸ ਕਲੀ ਦੇ ਫੁੱਲ ਬਣਨ ਵਿਚ ਹਾਲੇ ਕਾਫੀ ਸਮਾਂ ਲਗੇਗਾ। ਉਹ ਜ਼ਾਲਿਮ, ਹਰਪਰੀਤ ਤੇ ਇੰਝ ਟੁੱਟ ਪਏ ਜਿਵੇਂ ਗਿਰਜਾਂ ਮਾਸ ਨੂੰ ਨੋਚਦੀਆਂ ਹਨ।  ਕੁਝ ਪਲਾਂ ਵਿਚ ਹਰਪਰੀਤ ਦੇ ਜਿਸਮ ਤੋਂ ਕਪੜਾ ਲੀਰਾਂ ਲੀਰਾਂ ਹੋਕੇ ਹੇਠਾਂ ਡਿੱਗ ਪਿਆ ਸੀ।  ਗੁਰਮੁੱਖ ਸਿੰਘ ਤੇ ਨਿਹਾਲ ਕੌਰ ਉਹਨਾਂ ਜ਼ਾਲਿਮਾਂ ਦੇ ਲੱਖ ਤਰਲੇ ਕਰਦੇ ਰਹੇ ਕਿ ਇਸ ਮਾਸੂਮ ਨੂੰ ਛੱਡ ਦੇਵੋ ਬੇਸ਼ਕ ਬਦਲੇ ਵਿਚ ਸਾਡੀ ਜਾਨ ਲੈ ਲਵੋ ਪਰ ਉਹਨਾਂ ਪੱਥਰ ਦਿਲਾਂ ਤੇ ਫਰਿਆਦਾਂ ਦਾ ਕੀ ਅਸਰ ਹੁੰਦਾ।  ਉਹਨਾਂ ਸਾਰੇ ਵਹਿਸੀਆਂ ਨੇ ਹਰਪਰੀਤ ਤੇ ਵਹਿਸੀ ਪੰਜੇ ਮਾਰੇ  ਹਰਪਰੀਤ ਪੀੜ ਨਾਲ ਤੜਫ ਰਹੀ ਸੀ ਦਰਦ ਨਾਲ ਹਾਲੋਂ ਬੇਹਾਲ ਹੋ ਰਹੀ ਸੀ ਲਗਾਤਾਰ ਵਹਿ ਰਿਹਾ ਖੂਨ ਜਿਸਮ 'ਚੋਂ ਜਾਨ ਕੱਢਦਾ ਜਾ ਰਿਹਾ ਸੀ। ਵੇਖਦੇ ਵੇਖਦੇ ਹਰਪਰੀਤ  ਦਾ  ਲੁੱਟਿਆ ਜਿਸਮ ਲਾਸ਼ ਦੀ ਢੇਰੀ ਹੋ ਗਿਆ।   

ਜਾਂਦੇ ਜਾਂਦੇ ਉਹ ਦਰਿੰਦੇ  ਗੁਰਮੁੱਖ ਸਿੰਘ ਤੇ ਨਿਹਾਲ ਕੌਰ ਦੇ ਟਿੱਢ ਵਿਚ ਵੀ ਛੁਰਾ ਮਾਰਕੇ ਇਸ ਘਰ ਨੂੰ ਕਬਰਸਤਾਨ ਕਰ ਗਏ। ਚਿੱਟੇ ਦਿਨ ਜ਼ੁਲਮ ਦਾ ਤਾਂਡਵ ਨਾਚ ਹੋ ਰਿਹਾ ਸੀ ਕੋਈ ਕਿਸੇ ਨੂੰ ਰੋਕ ਨਹੀਂ ਰਿਹਾ ਸੀ ਇੰਢ ਲਗ ਰਿਹਾ ਸੀ ਜਿਵੇਂ ਹਾਕਿਮ ਵੀ ਵੇਖਕੇ ਅੱਖਾਂ ਮੀਚ ਬੈਠਾ ਹੋਵੇ।
 

ਮੈਂ ਬੇਵੱਸ ਮਜਬੂਰ ਚੁਬਾਰੇ ਦੀ ਬਾਰੀ ਕੋਲ ਬੈਠਾ ਲਾਹਣਤ ਪਾ ਰਿਹਾ ਸੀ ਅਜਿਹੇ ਦੇਸ਼ ਨੂੰ।  ਜਿਸ ਦੇਸ ਵਿਚ ਧਰਮ ਦੇ ਨਾਂ ਤੇ ਲੁੱਟ -ਕਸੁੱਟ ਹੋਵੇ ਦੰਗੇ -ਫਸਾਦ ਹੋਣ ਅਤੇ ਲਾਹਣਤ ਪਾ ਰਿਹਾ ਸਾਂ ਅਜਿਹੇ ਇਨਸਾਨਾਂ ਨੂੰ ਜਿਹਨਾਂ ਦੇ ਦਿੱਲ ਵਿਚ ਦੁਸਰੇ ਇਨਸਾਨ ਲਈ ਦਰਦ ਨਹੀਂ ਮੋਹ ਨਹੀਂ।  ਅੱਜ ਮੈਨੂੰ ਇਨਸਾਨਾਂ ਨਾਲੋਂ ਪਸੁ ਵਧੇਰੇ ਸਮਝਦਾਰ ਲਗੇ ਜੋ ਇੱਕ ਖੁਰਲੀ ਤੇ ਬੱਜੇ ਵੱਖ ਵੱਖ ਨਸਲ ਜਾਤ ਦੇ ਹੋਣ ਦੇ ਬਾਵਜੂਦ ਇੱਕ ਦੁਜੇ ਲਈ ਪਿਆਰ ਰਖਦੇ ਹਨ ਸਨੇਹ ਰਖਦੇ ਹਨ
  ਰੇਲਗੱਡੀ ਆਪਣੀ ਚਾਲ ਚਲਦੀ ਹੋਈ ਸਾਨੂੰ ਸੈਂਕੜੇ ਮੀਲ ਦੂਰ ਸਾਡੀ ਮੰਜਿਲ ਵੱਲ ਨਿਰੰਤਰ ਲੈ ਜਾ ਰਹੀ ਸੀ ਪਰ ਮੇਰਾ ਮਨ ਹਾਲੇ ਵੀ ਉਸ ਖੂਨੀ ਧਰਤੀ  ਦੇ ਖੂਨੀਂ ਮੰਜ਼ਿਰਾਂ ਤੋਂ ਦੂਰ ਨਹੀਂ ਸੀ ਜਾ ਰਿਹਾ ਬਸ ਉਥੋਂ ਦਾ ਜਿਵੇਂ ਕੈਦੀ ਬਣਕੇ  ਰਹਿ ਗਿਆ ਸੀ। ਅੱਜ ਮੈਨੂੰ ਪਹਿਲੀ ਵਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ,ਉਧਮ ਸਿੰਘ ਤੇ ਗੁੱਸਾ ਆ ਰਿਹਾ ਸੀ ਕਿ ਐ ਮੇਰੇ ਦੇਸ ਦੇ ਅਮਰ ਸ਼ਹੀਦੋ ਜੇਕਰ ਸ਼ਹੀਦ ਹੀ ਹੋਣਾ ਸੀ ਤਾਂ ਉਸ ਦੇਸ ਲਈ ਸ਼ਹੀਦ ਹੁੰਦੇ ਜੋ ਤੁਹਾਡੀ ਕੁਰਬਾਨੀ ਨੂੰ ਯਾਦ ਰਖਦੇ ਤੁਹਾਡੇ ਵਾਰਿਸਾਂ ਦਾ ਸਨਮਾਨ ਕਰਦੇ ।

ਪਰ ਜਿਹਨਾਂ ਲਈ ਤੁਸੀ ਜਾਨਾਂ ਨਿਛਾਵਰ ਕਰ ਗਏ ਉਹੀ ਅੱਜ ਤੁਹਾਡੀਆਂ ਇੱਜ਼ਤਾ ਸਰੇ ਬਾਜ਼ਾਰ ਨਿਲਾਮ ਕਰ ਰਹੇ ਹਨ ਤੁਹਾਡੇ ਭਰਾਵਾਂ ਨੂੰ ਜਿਉਂਦੇ ਜਲਾ ਰਹੇ ਹਨ ਭੈਣਾਂ ਦੀ ਪੱਤ ਲੀਰੋਂ ਲੀਰ ਕਰ ਰਹੇ ਹਨ। ਕੀਹ ਦਸਾਂ ਕੀਹ ਕੀਹ ਨਹੀਂ ਕੀਤਾ ਤੁਹਾਡੇ ਵਾਰਿਸਾਂ ਨਾਲ ਇਹਨਾਂ ਵੱਡੇ ਦੇਸ ਦਿਆਂ ਹਾਕਮਾਂ ਨੇ।

   
ਮੇਰਾ ਤੇ ਦਸਦਿਆਂ ਦਾ ਸਿੱਨਾਂ ਪਸੀਜਦੈ ਪਰ ਇਹਨਾਂ ਪੱਥਰ ਦਿਲਾਂ ਦਾ ਜ਼ੁਲਮ ਕਰਦਿਆਂ ਵੀ ਦਿਲ ਨਹੀਂ ਪਸੀਜਿਆ।  ਹਾਲੇ ਤੇ ਮੈਂ ਹੋਰ ਬਹੁਤ ਸਾਰੀਆਂ ਘਟਨਾਵਾਂ ਦਸਣੀਆਂ ਸੀ ਆਪਣੇ ਸ਼ਹੀਦਾਂ ਨੂੰ।  ਪਰ ਪਿਤਾ ਜੀ ਨੇ ਮੈਨੂੰ ਬਾਹੋਂ ਫੜਕੇ ਕਿਹਾ  ਤੁਸਾਰ  ਕਿੱਥੇ ਗਵਾਚਾਂ ਏਂ ਅਉ ਵੇਖ ਪੰਜਾਬ ਦੀ ਜੂਹ ਆ ਗਈ ਆ ਅਸੀਂ ਜਾਲਿਮਾਂ ਦੀ ਧਰਤੀ ਛੱਡਕੇ  ਪਾਕ ਪਵਿਤਰ ਲੋਕਾਂ ਵਿਚ ਆ ਗਏ ਹਾਂ।  ਇੱਥੋਂ ਗੁਰਪਰੀਤ ਦੇ ਚਾਚਾ ਜੀ ਦਾ ਪਿੰਡ ਸੌ ਕੁ ਕਿਲੋਮੀਟਰ ਦੂਰ ਹੈ ਹੁਣ ਆਪਾਂ ਦਿਨ ਖੜੇ ਹੀ ਉੱਥੇ ਪਹੁੰਚ ਜਾਵਾਂਗੇ ਅਤੇ ਇੱਕ ਦੋ ਦਿਨ ਗੁਰਪਰੀਤ ਦੇ ਚਾਚੇ ਗੁਰਦਿਆਲ ਸਿੰਘ ਦੇ ਘਰ ਰਹਿਕੇ ਗੁਰਪਰੀਤ ਨੂੰ ਇਹਦੇ ਚਾਚਾ ਜੀ ਕੋਲ ਛੱਡਕੇ ਇੱਥੇ ਲਾਗੇ ਬੰਨੇ ਹੀ ਜਗਾਹ ਲੈਕੇ ਕੋਠੀ ਪਾ ਲੈਣੀ ਹੈ ਤਾਂ ਕਿ ਅਸੀ ਗੁਰਪਰੀਤ ਤੋਂ ਬਹੁਤੀ ਦੂਰ ਨਾ ਜਾਈਏ  ਤੁਸਾਰ ਪੁੱਤ ਗੁਰਪਰੀਤ ਮੈਨੂੰ ਤੇਰੇ ਵਰਗਾ ਹੈ। ਮੈਂ ਭਗਵਾਨ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਸ ਮੈਨੂੰ ਦੋ ਪੁੱਤਰ ਜਿੱਤੇ ਹਨ।  

ਮੈਂ ਆਪਣੇ ਦੋਸਤ ਦੀ ਆਖਰੀ ਨਿਸ਼ਾਨੀ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ ਪਰ ਕੀਹ ਕਰਾਂ ਗੁਰਦਿਆਲ ਸਿੰਘ ਦਾ ਕਈ ਵਾਰ ਫੋਨ ਆ ਚੁਕਾ ਸੀ ਕਿ ਤੁਸੀ ਵੀ ਸਾਡੇ ਕੋਲ ਆ ਜਾਵੋ ਤੇ ਗੁਰਪਰੀਤ ਸਾਡਾ ਪੁੱਤਰ ਹੁਣ ਸਾਡੀ  ਝੋਲੀ ਪਾ ਦਵੋ। ਇਹ ਉਹਨਾਂ ਦੀ ਫਰਾਕਦਿਲੀ ਹੈ ਜੋ ਸਾਨੂੰ ਆਪਣੇ ਨਾਲ ਰੱਖਣ ਲਈ ਬਾਰ ਬਾਰ ਕਹਿ ਰਹੇ ਹਨ ਪਰ ਆਪਾਂ ਉਹਨਾਂ ਦੇ ਘਰ ਰਹਿਣ ਦੀ ਬਜਾਏ ਆਪਣੇ ਅਲੱਗ ਮਕਾਨ ਵਿਚ ਰਹਾਂਗੇ ਤੇ ਗੁਰਪਰੀਤ ਦੇ ਸਿਰ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ ਕਿ ਇਹ ਅਮਾਣਤ  ਗੁਰਦਿਆਲ ਸਿੰਘ ਦੀ ਹੈ ਇਹ ਅਸੀ ਉਹਨਾਂ ਦੇ ਹਵਾਲੇ ਕਰਕੇ ਖੁਦ ਨੂੰ  ਸੁਰਖਰੂ ਮਹਿਸੂਸ ਕਰਾਂਗੇ।  

  ਗੁਰਪਰੀਤ ਤੇ ਹਾਲੇ ਐਨਾ ਛੋਟਾ ਹੈ ਕਿ ਉਸਨੂੰ ਇਹ ਵੀ ਪਤਾ ਨਹੀਂ ਕਿ ਅਸੀ ਕਿੱਥੇ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਉਹ ਤੇ ਆਪਣੀ ਖੇਡ ਵਿਚ ਮਸਤ ਬੀਬੀ ਜੀ ਦੀ ਗੋਦੀ ਬੈਠਾ ਹੈ। ਗੁਰਪਰੀਤ ਤੇ ਜ਼ਿਆਦਾ ਕਰਕੇ ਬੀਬੀ ਜੀ ਕੋਲ ਹੀ ਰਹਿੰਦਾ।  ਗੱਲਾਂ ਗੱਲਾਂ ਵਿਚ ਪਤਾ ਹੀ ਨਾ ਚਲਿਆ ਕਦੋਂ ਗੁਰਦਿਆਲ ਸਿੰਘ ਦਾ ਪਿੰਡ ਆ ਗਿਆ  ਤੇ ਰੇਲਗੱਡੀ ਸਟੇਸ਼ਨ ਤੇ ਰੁਕੀ ਅਸੀ ਛੇਤੀ ਛੇਤੀ ਸਮਾਨ ਚੁੱਕਿਆ ਤੇ ਹੇਠਾਂ ਉਤਰ ਆਏ।

ਸਾਹਮਣੇ ਥੋੜੀ ਦੂਰ ਤੇ ਕੀਹ ਵੇਖਿਆ ਕਾਫੀ ਭੀੜ ਜੁੜੀ ਹੋਈ ਹੈ। ਸਭ ਨੇ ਹੱਥਾਂ ਵਿਚ ਫੁੱਲਾਂ ਦੇ ਹਾਰ ਫੜੇ ਹੋਏ ਹਨ। ਮੈਂ ਅੰਦਾਜ਼ਾ ਲਾ ਰਿਹਾ ਸੀ ਅੱਜ ਕਿਸੇ ਵੱਡੇ ਅਫਸਰ ਨੇ ਆਉਣਾ ਹੋਉ ਤੇ ਜਾਂ ਫਿਰ ਕੋਈ ਮੰਤਰੀ ਆ ਰਿਹਾ ਹੋਣਾ ਏ ਜਿਸਦੇ  ਸਵਾਗਤ ਲਈ ਆਹ ਐਨੀ ਜਨਤਾ ਇਕੱਠੀ ਹੋਈ ਹੈ ਪਰ ਉਹ ਤਾਂ ਕਾਹਲੀ ਕਾਹਲੀ ਸਾਡੇ ਵੱਲ ਹੀ ਤੁਰੇ ਆ ਰਹੇ ਹਨ। ਮੈਂ ਪਿਤਾ ਜੀ ਨੂੰ ਕਿਹਾ ਪਿਤਾ ਜੀ ਇਹ ਲੋਕ ਆਪਣੇ ਵੱਲ ਨੂੰ ਕਿਉਂ ਆ ਰਹੇ ਹਨ। ਪਿਤਾ ਜੀ ਨੇ ਗੁਰਪਰੀਤ ਦੇ ਚਾਚੇ ਨੂੰ ਪਹਿਚਾਣ ਲਿਆ ਸੀ। ਕਿਉਂਕਿ ਗੁਰਦਿਆਲ ਸਿੰਘ ਤੇ ਗੁਰਮੁੱਖ ਸਿੰਘ ਦਾ ਦੂਸਰਾ ਰੂਪ ਹੈ ਇਸ ਲਈ ਪਹਿਚਾਨਣ ਵਿਚ ਪਲ ਦੀ ਦੇਰੀ ਵੀ ਨਾ ਲੱਗੀ।  ਪਿਤਾ ਜੀ ਹੱਸ ਦੇ ਹੋਏ ਕਹਿਣ ਲਗੇ ਇਹ ਸਭ ਗੁਰਪਰੀਤ ਦੇ ਸਵਾਗਤ ਲਈ ਆਏ ਹਨ ਏਨੀ ਦੇਰ ਤਕ ਗੁਰਪਰੀਤ ਦੇ ਚਾਚੇ ਹੋਰੀਂ ਸਾਡੇ ਬਿਲਕੁਲ ਕਰੀਬ ਆ ਗਏ ਤੇ ਫਤਿਹ ਬੁਲਾਕੇ ਕਹਿਣ ਲਗੇ ਗੁਰਪਰੀਤ ਲਈ ਹੀ ਨਹੀਂ ਤੁਹਾਡੇ ਸਭ ਦੇ ਸਵਾਗਤ ਲਈ ਆਏ ਹਾਂ ਫਿਰ ਇੱਕ ਇੱਕ ਕਰਕੇ ਸਭ ਨੇ ਸਾਡੇ ਗਲਾਂ ਵਿਚ ਹਾਰ ਪਾਏ ਸਾਡਾ ਰਾਜਿਆਂ ਤੋਂ ਵੀ ਵੱਧ ਸਵਾਗਤ ਕੀਤਾ ਗਿਆ ਸਾਨੂੰ ਜਿਵੇਂ ਬਾਹਾਂ ਤੇ ਚੁੱਕ ਕੇ ਹੀ ਘਰ ਲਿਜਾਇਆ ਗਿਆ।  

 ਕੁਝ ਦਿਨ ਰਹਿਣ ਪਿੱਛੋਂ ਮੇਰੇ ਪਿਤਾ ਜੀ ਨੇ ਗੁਰਪਰੀਤ ਦੇ ਚਾਚਾ ਜੀ ਨੂੰ ਕਿਹਾ ਚੰਗਾ ਫਿਰ ਗੁਰਦਿਆਲ ਸਿੰਘ ਸਾਡੀ ਜ਼ਿੰਮੇਵਾਰੀ ਖਤਮ ਹੋਈ ਹੁਣ ਸਾਨੂੰ ਜਾਣ ਦੀ ਇਜਾਜ਼ਤ ਦਉ।  ਮੇਰੇ ਪਿਤਾ ਜੀ ਦੀ ਗੱਲ ਸੁਣਕੇ ਚਾਚਾ ਜੀ ਤੇ ਜਿਵੇਂ ਗੁੱਸੇ ਵਿਚ ਹੀ ਆ ਗਏ ਤੇ ਕਹਿਣ ਲਗੇ ਕਿਹੜੀ ਜ਼ਿੰਮੇਵਾਰੀ ਤੇ ਕਾਹਦੀ ਇਜਾਜ਼ਤ।  ਤੁਸੀ ਇਹ ਗੱਲ ਕਹੀ ਤੇ ਕਹੀ ਕਿਵੇਂ ਅਸੀਂ ਇਕੱਲੇ ਗੁਰਪਰੀਤ ਵਾਸਤੇ ਹੀ ਤੁਹਾਨੂੰ ਇੱਥੇ ਨਹੀਂ ਸੱਦਿਆ।  ਅਸੀ ਤੁਹਾਨੂੰ ਵੱਡਾ ਵੀਰ ਗੁਰਮੁੱਖ ਸਿੰਘ ਬਣਾਕੇ ਉਹਨਾਂ ਦੀ ਥਾਂ ਤੇ ਤੁਹਾਨੂੰ ਸੱਦਿਆ ਹੈ ਤੁਸੀ ਜਿਵੇਂ ਜਾਨ ਜ਼ੋਖਮ ਵਿਚ ਪਾਕੇ ਗੁਰਪਰੀਤ ਨੂੰ ਬਚਾਇਆ ਹੈ ਇਹ ਸਭ ਸਾਨੂੰ ਪਤਾ ਹੈ। ਗੁਰਪਰੀਤ ਤੇ ਸਾਡਾ ਕੋਈ ਹੱਕ ਨਹੀਂ ਇਹ ਤੁਹਾਡਾ ਹੈ ਵਿਰਾਸਤੀ ਹਿੱਸੇ ਵੰਡ ਰਾਹੀਂ ਜੋ ਘਰ ਧੰਨ ਦੌਲਤ ਤੇ ਜ਼ਮੀਨ ਹੈ ਜਿਸਤੇ ਵੱਡੇ ਵੀਰ ਦਾ ਹੱਕ ਸੀ ਉਹ ਹੱਕ ਹੁਣ ਤੁਸਾਂ ਦਾ ਹੈ। ਅੱਜ ਤੋਂ ਬਾਅਦ ਤੁਸੀ ਕਦੀ ਵੀ ਜਾਣ ਦਾ ਨਾਂ ਨਾ ਲਿਉ।  ਨਾਲੇ ਅੱਜ ਤੋਂ ਪਿੱਛੋਂ ਇਸ ਘਰ ਦੇ ਆਗੂ ਤੁਸੀ ਹੋ ਕਿਹੜਾ ਕੰਮ ਕਿਵੇਂ ਕਰਨਾ ਹੈ ਇਹ ਸਭ ਤੁਸਾਂ ਦੇ ਹੁਕਮ ਅਨੁਸਾਰ ਹੋਇਆ ਕਰੇਗਾ।  ਹੁਣ ਅਸੀ ਸਾਰਿਆ ਨੇ ਇੱਕ ਦੂਸਰੇ ਨੂੰ  ਗਲਵਕੜੀ ਵਿਚ ਲੈ ਲਿਆ ਸੀ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ