Wed, 29 May 2024
Your Visitor Number :-   7071867
SuhisaverSuhisaver Suhisaver

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਰਾਹ ਕਿਵੇਂ ਪਈ -ਇੰਦਰਜੀਤ ਕਾਲਾ ਸੰਘਿਆਂ

Posted on:- 26-04-2012

suhisaver

ਇਤਿਹਾਸ ਗਵਾਹ ਹੈ ਕਿਸੇ ਵੀ ਲੋਕ ਲਹਿਰ ਜਾਂ ਰਾਜਨੀਤਿਕ ਲਹਿਰ ਵਿੱਚ ਆਮ ਵਰਕਰ ਜਾਂ ਹਮਦਰਦ ਕਦੇ ਵੀ ਭਗੌੜੇ ਨਹੀਂ ਹੁੰਦੇ, ਜਦ ਵੀ ਕੋਈ ਲਹਿਰ ਫੇਲ੍ਹ ਹੁੰਦੀ ਹੈ, ਉਹ ਹਮੇਸ਼ਾ ਹੀ ਲੀਡਰਾਂ ਦੀ ਗਦਾਰੀ ਕਾਰਨ ਜਾਂ ਘਟੀਆ ਰਣਨੀਤੀ ਕਾਰਨ ਫੇਲ੍ਹ ਹੁੰਦੀ ਹੈ। ਗਲਤੀਆ ਇਨਸਾਨ ਨੂੰ ਬਹੁਤ ਕੁਝ ਸਿਖਾਉਂਦੀਆ ਨੇ, ਸ਼ਰਤ ਹੈ ਇਨਸਾਨ ਵਿੱਚ ਸਿੱਖਣ ਦਾ ਮਾਦਾ ਹੋਵੇ। ਅਧਿਆਤਮਵਾਦੀ ਲੋਕਾਂ ਨੂੰ ਤੁਸੀਂ ਅਕਸਰ ਇਹ ਕਹਿੰਦੇ ਸੁਣਿਆ ਹੋਵੇਗਾ " ਇਤਿਹਾਸ ਦਾ ਦੁਹਰਾਉ ਜ਼ਰੂਰ ਹੁੰਦਾ ਹੈ"। ਮੈਂ ਕਦੇ ਵੀ ਇਸ ਗੱਲ ਨਾਲ ਉਕਾ ਵੀ ਸਹਿਮਤ ਨਹੀਂ ਰਿਹਾ। ਪਰ ਕਾਂਗਰਸ ਪਾਰਟੀ ਦੀ ਇਸ ਵਾਰ ਦੀ ਹਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਤਿਹਾਸ ਦਾ ਦੁਹਰਾਉ ਜ਼ਰੂਰ ਹੁੰਦਾ ਹੈ।ਬਿਲਕੁਲ ਉਹੀ ਗਲਤੀ ਫਿਰ ਦੁਹਰਾਈ ਗਈ, ਨਹੀਂ ਸਗੋਂ ਇਸ ਵਾਰੀ ਉਸ ਤੋਂ ਵੀ ਅੱਗੇ ਇਨ੍ਹਾਂ ਪ੍ਰਤੀ ਕਤਲੇਆਮ ਵਰਗਾ "ਲਚਕੀਲਾ" ਵਤੀਰਾ ਅਪਣਾਇਆ ਗਿਆ। 2007 ਵਾਂਗ ਹੀ ਬਾਗੀ ਸੁਰਾਂ ਇਸ ਵਾਰ ਵੀ ਕਾਂਗਰਸ ਪਾਰਟੀ ਦੇ ਰਾਗ ਨੂੰ ਬੇਸੁਰਾ ਕਰ ਗਈਆ। ਇਹ ਤਾਂ ਹਾਰ ਦਾ ਇੱਕ ਸਾਫ ਨਜ਼ਰ ਆਉਂਦਾ ਕਾਰਨ ਹੈ, ਇਸ ਤੋਂ ਇਲਾਵਾ ਕੁਝ ਅਜਿਹੇ ਕਾਰਨ ਵੀ ਹਨ ਜਿਨ੍ਹਾਂ ’ਤੇ ਅਜੇ ਵੀ ਚਰਚਾ ਨਹੀਂ ਹੋ ਰਹੀ। ਹਾਰ ਦੇ ਉਨ੍ਹਾਂ ਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਸ਼ਾਇਦ ਅਜੇ ਬਾਕੀ ਹੈ। ਕਿਸੇ ਇੱਕਲੇ ਇਨਸਾਨ ਸਿਰ ਸਭ ਕੁਝ ਦੀ ਜ਼ਿੰਮੇਵਾਰੀ ਦੇ ਕੇ ਬਾਕੀ ਲੀਡਰਸ਼ਿਪ ਨੂੰ ਸੁਰਖਰੂ ਨਹੀਂ ਕੀਤਾ ਜਾ ਸਕਦਾ। ਆਓ ਇੱਕ ਨਜ਼ਰ ਮਾਰਦੇ ਹਾਂ ਇਨ੍ਹਾਂ ਕਾਰਨਾਂ ਉੱਪਰ।

ਨੌਜਵਾਨ ਹਰ ਲਹਿਰ ਦੀ ਜਿੰਦ ਜਾਨ ਹੁੰਦੇ ਹਨ, ਇਹ ਇੱਕ ਐਸੀ ਤਾਕਤ ਹਨ ਜੋ ਹਵਾ ਦਾ ਰੁੱਖ ਪਲਟਣ ਦੀ ਹਿੰਮਤ ਰੱਖਦੇ ਹਨ। ਪਰ ਕਾਂਗਰਸ ਪਾਰਟੀ ਲਈ ਪੰਜਾਬ ਹੀ ਨਹੀਂ ਬਾਕੀ ਰਾਜਾਂ ਵਿੱਚ ਵੀ ਉਸ ਦਾ ਯੂਥ ਵਿੰਗ ਸਿਰਦਰਦੀ ਬਣ ਚੁੱਕਾ ਹੈ। ਭਾਰਤ ਦੀ ਰਾਜਨੀਤੀ ਵਿੱਚ ਇੱਕ ਮੱਹਤਵਪੂਰਨ ਬਦਲਾਓ ਇਹ ਆ ਰਿਹਾ ਕਿ ਨੈਸ਼ਨਲ ਪਾਰਟੀਆ ਖੇਤਰੀ ਪਾਰਟੀਆ ਦੇ ਮੁਕਾਬਲੇ ਕਮਜ਼ੋਰ ਹੋ ਰਹੀਆ ਹਨ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਯੂਥ ਦਾ ਰਾਜਨੀਤੀ ਵਿੱਚ ਰੁਝਾਨ ਵੱਧ ਰਿਹਾ ਹੈ, ਖੇਤਰੀ ਪਾਰਟੀਆਂ ਦੇ ਯੂਥ ਵਿੰਗ ਵਿੱਚ ਪ੍ਰਵੇਸ਼ ਨੌਜਵਾਨਾਂ ਦੀ ਵਰਕਿੰਗ ਸਮਰੱਥਾ ਦੇ ਆਧਰ ’ਤੇ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਦੇ ਵਿੰਗ ਵਿਚ ਸਿਰਫ ਮਿਹਨਤੀ ਅਤੇ ਕਾਬਲ ਵਰਕਰ ਹੀ ਜਗ੍ਹਾ ਬਣਾ ਪਾਉਂਦੇ ਹਨ ਅਤੇ ਬਹੁਤੀ ਵਾਰ ਇਸ ਵਿੰਗ ਵਿੱਚ ਮੈਂਬਰ ਸਥਾਨਕ ਲੀਡਰਾਂ ਦੀ ਸਲਾਹ ਤੋਂ ਬਆਦ ਹੀ ਲਏ ਜਾਂਦੇ ਹਨ, ਜਿਸ ਨਾਲ ਕਿ ਪਾਰਟੀ ਵਿੱਚ ਅੰਦਰੂਨੀ ਕਲੇਸ਼ ਵੀ ਘੱਟ ਹੁੰਦੇ ਹਨ ਅਤੇ ਖੁੱਲੇਆਮ ਵਿਰੋਧ ਵੀ। ਇਸ ਤੋਂ ਅੱਗੇ ਚੁਣੇ ਗਏ ਯੂਥ ਲੀਡਰ ਵੀ ਆਪਣੀ ਮਰਜ਼ੀ ਦੀ ਬਲਾਕ ਜਾਂ ਜ਼ਿਲ੍ਹੇ ਪੱਧਰ ਦੀ ਬਾਡੀ ਚੁਣਦੇ ਹਨ, ਜਿਸ ਕਾਰਨ ਮਜ਼ਬੂਤ ਯੂਥ ਵਿੰਗ ਸਥਾਪਤ ਹੁੰਦਾ ਹੈ। ਹੁਣ ਯੂਥ ਕਾਂਗਰਸ ਦੇ ਵਿੰਗ ਦੀ ਗੱਲ ਕਰੀਏ ਤਾਂ ਇਹ ਵੋਟਾਂ ਵਾਲਾ ਸਿਸਟਮ ਬਹੁਤਾ ਕਾਰਗਰ ਨਹੀਂ ਹੈ। ਚਾਹੇ ਕਿ ਇਹ ਹਾਈਕਮਾਂਡ ਦਾ ਫੈਸਲਾ ਹੈ ਇਸ ਲਈ ਬਹੁਤੇ ਲੀਡਰ ਇਸ ਕੋੜੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਜਾਂ ਇਸ ਬਾਰੇ ਚੁੱਪ ਰਹਿੰਦੇ ਹਨ। ਕਾਂਗਰਸ ਦੇ ਯੂਥ ਵਿੰਗ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ, ਜਿਸ ਵਿੱਚ ਵਰਕਿੰਗ ਜਾਂ ਕਾਬਲੀਅਤ ਦੀ ਬਜਾਏ ਯੂਥ ਲੀਡਰ ਪਾਰਟੀ ਅੰਦਰ ਹੋਈਆ ਵੋਟਾਂ ਨਾਲ ਪ੍ਰਧਾਨਗੀਆਂ ’ਤੇ ਕਾਬਜ਼ ਹੋ ਜਾਂਦੇ ਹਨ। ਉਨ੍ਹਾਂ ਦੇ ਹੇਠਾ ਚੁਣੀ ਗਈ ਬਾਡੀ ਵਿੱਚ ਵੀ ਵਿਰੋਧ ਤੇ ਹੱਕ ਵਿੱਚ ਖੜ੍ਹਨ ਵਾਲੇ ਦੋਹਾਂ ਤਰ੍ਹਾਂ ਦੇ ਲੋਕਾਂ ਦਾ ਮਿਲਗੋਭਾ ਤਿਆਰ ਹੋ ਜਾਂਦਾ ਹੈ, ਜਿਸ ਵਿੱਚ ਤਾਲਮੇਲ ਦੀ ਆਸ ਰੱਖਣਾ ਸਿਰਫ ਭਰਮ ਹੈ। ਇਹੀ ਵਿਰੋਧ ਅੱਗੇ ਚੱਲ ਕੇ ਪਾਰਟੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੇ ਹਨ। ਇਸ ਤਰ੍ਹਾਂ ਨਾਲ ਚੁਣਿਆ ਗਿਆ ਯੂਥ ਵਿੰਗ ਵਰਕਿੰਗ ਦੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਸਥਾਪਨਾ ਵਰਕਿੰਗ ਦੇ ਸਿਰ ’ਤੇ ਨਹੀਂ ਹੋਈ। ਇਹ ਹੀ ਕਾਰਨ ਹੈ ਕਿ ਮਿਹਨਤੀ ਤੇ ਕਾਬਲ ਨੌਜਵਾਨ ਵਰਕਰ ਨੈਸ਼ਨਲ ਪਾਰਟੀਆਂ ਦੀ ਬਜਾਏ ਖੇਤਰੀ ਪਾਰਟੀਆ ਨੂੰ ਤਰਜੀਹ ਦਿੰਦੇ ਹਨ, ਜਿੱਥੇ ਉਨ੍ਹਾਂ ਦੀ "ਕਾਬਲੀਅਤ" ਦੀ ਕਦਰ ਪੈਣ ਦੀ ਆਸ ਕਾਂਗਰਸ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਨੈਸ਼ਨਲ ਪਾਰਟੀਆ ਦਾ ਆਧਰ ਕਮਜ਼ੋਰ ਹੋ ਰਿਹਾ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਯੂਥ ਵਿੰਗ ਦੀਆ ਚੋਣਾਂ ਇੱਕ ਭਾਰੀ ਗਲਤੀ ਸੀ ਜੋ ਹੁਣ ਥੋੜੇ ਦਿਨਾਂ ਬਆਦ ਹਿਮਾਚਲ ਵਿੱਚ ਫਿਰ ਦੁਹਰਾਈ ਜਾਣ ਵਾਲੀ ਹੈ। ਬਿਕਰਮਜੀਤ ਮਜੀਠਏ ਦੀ ਫੌਜ ਅੱਗੇ ਯੂਥ ਕਾਂਗਰਸ ਦੇ ਲੀਡਰ ਕਿਤੇ ਵੀ ਨਜ਼ਰ ਨਹੀਂ ਆਏ। ਉਹ ਪ੍ਰਧਾਨਗੀਆਂ ’ਤੇ ਕਬਜ਼ੇ ਕਰ ਘਰੋਂ ਘਰੀ ਜਾ ਬੈਠੇ ਜਦ ਕਿ ਦੂਜੇ ਪਾਸੇ ਬਿਕਰਮਜੀਤ ਮਜੀਠੀਆਂ ਬ੍ਰਿਗੇਡ ਚੋਣਾਂ ਵਿੱਚ ਦਿਨ ਰਾਤ ਇੱਕ ਕਰਦੀ ਰਹੀ। ਇਹ ਇੱਕ ਵੱਡਾ ਫੈਕਟਰ ਹੈ ਜਿਸ ਬਾਰੇ ਕਾਂਗਰਸ ਪਾਰਟੀ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਸਬੰਧੀ ਧਾਰੀ ਗਈ ਚੁੱਪ ਲੋਕ ਸਭਾ ਚੋਣਾਂ ਵਿੱਚ ਹੋਰ ਜ਼ਿਆਦਾ ਖਤਰਨਾਕ ਹੋਣ ਵਾਲੀ ਹੈ।

ਕਾਂਗਰਸ ਪਾਰਟੀ ਪਿਛਲੇ ਪੰਜ ਸਾਲ ਵਿਰੋਧੀ ਧਿਰ ਵਿੱਚ ਮੌਜਾਂ ਲੁੱਟਦੀ ਰਹੀ ਜਾਂ ਤਾਂ ਕ੍ਰਿਕੇਟ ਦੇ ਫ੍ਰੈਂਡਲੀ ਮੈਚ ਖੇਡਦੀ ਰਹੀ ਜਾਂ ਫਿਰ ਖਿਝ ਕੇ ਸਿੱਧੀ ਹੱਥੋਪਾਈ ਹੁੰਦੀ ਰਹੀ। ਕਈ ਵਾਰ ਅਜਿਹੇ ਮੌਕੇ ਆਏ ਜਦ ਸਰਕਾਰ ਦੀ ਲੋਕਾਂ ਵਿੱਚ ਕਿਰਕਰੀ ਕੀਤੀ ਜਾ ਸਕਦੀ ਸੀ। ਕਾਨੂੰਨ ਵਿਵਸਥਾ ਨੂੰ ਲੈਕੇ ਕਈ ਵਾਰੀ ਅਜਿਹੇ ਹਾਲਤ ਬਣੇ, ਕਦੇ ਡੇਰਾ ਸਿਰਸਾ ਸਬੰਧੀ। ਕਦੇ ਡੇਰਾ ਬੱਲਾਂ ਵਾਲੇ ਕੇਸ ਵਿੱਚ ਪਰ ਵਿਰੋਧੀ ਧਿਰ ਚੁੱਪ, ਬੇਰੁਜ਼ਗਾਰਾਂ ਦੀ ਕੁੱਟਮਾਰ ਪਰ ਵਿਰੋਧੀ ਧਿਰ ਚੁੱਪ, ਕਾਲੇ ਕਾਨੂੰਨਾਂ ਬਾਰੇ ਨਹੀਂ ਬੋਲੇ, ਪੰਜਾਬ ਸਿਰ ਮਣਾ ਮੂੰਹੀ ਕਰਜ਼ਾ ਪਰ ਵਿਰੋਧੀਆ ਦੀ ਜਾਣੇ ਬਲਾ, ਕਿਸੇ ਦੀ ਹੋਵੇ ਜ਼ਮੀਨ ਐਕਵਇਰ ਪਰ ਕਾਂਗਰਸ ਚੁੱਪ, ਹਾਈਕੋਰਟ ਵਿੱਚ ਹੋਵੇ ਹਿਮਾਚਲ ਨੂੰ ਮੁਆਵਜ਼ਾ ਦੇਣ ਦੀ ਗੱਲ ਪਰ ਕਾਂਗਰਸ ਦੇ ਲੀਡਰਾਂ ਮੂੰਹੋਂ ਇੱਕ ਸ਼ਬਦ ਨਹੀਂ,ਬੀ.ਜੇ .ਪੀ. ਦੇ ਆਲਾ ਲੀਡਰ ਭ੍ਰਿਸ਼ਟਾਚਾਰ ਵਿੱਚ ਫਸੇ ਪਰ ਚੁੱਪ ਨਾ ਤੋੜੀ। ਹੁਣ ਦੱਸੋ ਕਾਂਗਰਸ ਪਾਰਟੀ ਐਂਟੀ ਕਮਬੈਂਕਸੀ ਫੈਕਟਰ ਪੈਦਾ ਕਰ ਸੇ, ਨਹੀਂ ਬਿਲਕੁਲ ਵੀ ਨਹੀਂ। ਸਰਕਾਰ ਨਿਰੇ ਪੁਰੇ ਆਟੇ ਦਾਲ ਨਾਲ ਕਾਂਗਰਸ 'ਤੇ ਹੂੰਝਾ ਫੇਰ ਗਈ। ਕਾਂਗਰਸੀ ਲੀਡਰ ਤਾਂ ਬਸ ਦਿਨ ਗਿਣਦੇ ਰਹੇ ਕਿ ਵਾਰੀ ਤਾਂ ਆਈ ਪਈ ਹੈ। ਸਾਡੀ ਸਰਕਾਰ ਵੱਟ 'ਤੇ ਪਈ ਹੈ। ਸੱਚ ਤਾਂ ਇਹ ਹੈ ਕਿ ਕਾਂਗਰਸ ਨੇ ਲੋਕਾਂ ਵਿੱਚ ਸਰਕਾਰ ਦੀਆਂ ਕਮੀਆਂ ਨਸ਼ਰ ਕਰਨ ਦੀ ਨਾ ਤਾਂ ਲੋੜ ਸਮਝੀ ਅਤੇ ਨਾ ਹੀ ਇਸ ਪਾਸੇ ਕੁਝ ਕੀਤਾ। ਹਾਂ ਉਲਟਾ ਕੱਬਡੀ ਵਿਸ਼ਵ ਕੱਪ ਜਾਂ ਖਾਲਸਾ ਵਿਰਾਸਤ ਵਰਗੀਆ ਗੱਲਾਂ ਵਿੱਚ ਬਿਨਾਂ ਮਤਲਬ ਦਖਲਅੰਦਾਜ਼ੀ ਕਰ ਲੋਕਾਂ ਵਿੱਚ ਆਪਣੀ ਇਮੇਜ਼ ਜ਼ਰੂਰ ਖਰਾਬ ਕਰਦੇ ਰਹੇ। ਪਰ ਇੱਥੇ ਤੁਸੀਂ ਸ਼ਾਇਦ ਸਵਾਲ ਕਰੋਗੇ ਕਿ  ਐਂਟੀ ਕਮਬੈਕਸੀ ਫੈਕਟਰ ਤਾਂ ਸੀ,ਅਕਾਲੀ ਦਲ ਦੀ ਵੋਟ ਪਿਛਲੀ 2007ਦੀਆਂ ਚੋਣਾਂ ਤੋਂ 2.34% ਘੱਟ ਹੈ ਅਤੇ ਬੀ.ਜੇ.ਪੀ ਦੀ 1.15% ਘੱਟ ਹੈ। ਬਿਲਕੁਲ ਇਹ ਹੋਇਆ ਪਰ ਇਹ ਕਾਂਗਰਸ ਪਾਰਟੀ ਦੇ ਕਾਰਨ ਨਹੀਂ ਅਜੇ ਕੱਲ ਜੰਮੀ ਮਨਪ੍ਰੀਤ ਦੀ ਪਾਰਟੀ ਕਾਰਨ ਸਿਰਫ 9 ਮਹੀਨੇ ਵਿੱਚ ਪਾਰਟੀ ਖੜ੍ਹੀ ਕਰ,ਸਾਰੀਆਂ ਸੀਟਾਂ ’ਤੇ ਚੋਣ ਲੜ,  ਉਸ ਦਾ 5.17%ਵੋਟਾਂ ਲੈ ਜਾਣਾ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲੀਆ ਨਿਸ਼ਾਨ ਲਗਾ ਗਿਆ। ਐਂਟੀ ਕਮਬੈਕਸੀ ਫੈਕਟਰ ਦਾ ਫਾਇਦਾ ਜਾਂ ਤਾਂ ਮਨਪ੍ਰੀਤ ਵਾਲਾ ਮੋਰਚਾ ਲੈ ਗਿਆ ਜਾਂ ਬੀ.ਐਸ.ਪੀ ਜੋ 4% ਤੋਂ ਜ਼ਿਆਦਾ ਵੋਟਾਂ ਲੈ ਗਈ। ਕਾਂਗਰਸ ਪਾਰਟੀ ਦੇ ਵੋਟ ਪ੍ਰਤੀਸ਼ਤ ਵਿੱਚ 0.79 % ਦਾ ਵਾਧਾ ਤਾਂ ਹੋਇਆ ਪਰ ਇਸ ਵਾਰ 10 ਸੀਟਾਂ ਅਜਿਹੀਆ ਸਨ ਜਿਨ੍ਹਾਂ ਉੱਪਰ ਫੈਸਲਾ ਸਿਰਫ 31 ਤੋਂ ਲੈ ਕੇ 1000 ਵੋਟਾਂ ਵਿਚਕਾਰ ਹੋਇਆ,ਜਿਨ੍ਹਾਂ ਵਿੱਚੋਂ 9 ਉੱਪਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਸਿਰਫ ਚਰਨਜੀਤ ਬਾਜਵਾ ਹੀ ਸੀ ਜੋ 683 ਵੋਟਾਂ ਨਾਲ ਇਨ੍ਹਾਂ 10 ਵਿੱਚੋ ਇੱਕ ਸੀਟ ਜਿੱਤ ਸਕੀ। ਦੋਆਬੇ ਵਿੱਚ ਕਾਂਗਰਸ ਨੇ ਸੀਟਾਂ ਜਿੰਨੀਆਂ ਵੋਟਾਂ ਨਾਲ ਹਾਰੀਆਂ ਉਸ ਤੋਂ ਕਿਤੇ ਜ਼ਿਆਦਾ ਵੋਟਾਂ ਬੀ.ਐਸ.ਪੀ ਦੇ ਉਮੀਦਵਾਰ ਲੈ ਗਏ। ਫਿਲੋਰ ਸੀਟ ਜੋ ਕਾਗਰਸ ਨੇ 33 ਵੋਟਾਂ ਨਾਲ ਹਾਰੀ ਉਥੋਂ ਬੀ.ਐਸ.ਪੀ 42000 ਵੋਟਾਂ ਲੈ ਗਈ।  

ਹਰ ਚੋਣ ਮੁੱਦਿਆ ’ਤੇ ਲੜੀ ਜਾਂਦੀ ਹੈ, ਹਰ ਪਾਰਟੀ ਜਦ ਵੀ ਕੋਈ ਚੋਣ ਲੜਦੀ ਹੈ ਤਾਂ ਲੋਕਾਂ ਨਾਲ ਕੁਝ ਵਾਦੇ ਕਰਦੀ ਹੈ, ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਦੇ ਹੱਲ ਬਾਰੇ ਗੱਲ ਕਰਦੀ ਹੈ,ਪਰ ਸਦਕੇ ਜਾਵਾਂ ਕਾਂਗਰਸ ਪਾਰਟੀ ਦੇ ਜਿਸ ਨੂੰ ਚੋਣ ਮਨੋਰਥ ਪੱਤਰ ਦੀ ਯਾਦ ਆਈ ਸਿਰਫ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ, ਬਹੁਤੇ ਵਰਕਰਾਂ ਤੱਕ ਤਾਂ ਇਸ ਦੀ ਕਾਪੀ ਵੀ ਨਹੀਂ ਪੁਹੰਚੀ,ਲੋਕਾਂ ਵਿੱਚ ਉਹ ਕੀ ਪਰਚਾਰ ਕਰਦੇ। ਜਿਨ੍ਹਾਂ ਨੂੰ ਮਿਲਿਆ ਵੀ ਉਹਨਾਂ ਨੇ ਵੀ ਇਸ ਬਾਰੇ ਪਰਚਾਰ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਕਿਉਂਕਿ ਵਾਰੀ ਤਾਂ ਪੱਕੀ ਸੀ। ਰਾਜਨੀਤੀ ਵਿੱਚ ਇੱਕ ਸਿੱਧ ਪੱਧਰਾ ਫਾਰਮੂਲਾ ਹੈ ਇੰਨੇ  ਮਿੱਠੇ ਨਾ ਬਣੋ ਕਿ ਲੋਕ ਤਾਹਨੂੰ ਖਾ ਜਾਣ ਅਤੇ ਇੰਨੇ ਕੌੜੇ ਵੀ ਨਾ ਬਣੋ ਕਿ ਲੋਕੀ ਤਾਹਨੂੰ ਥੁੱਕ ਦੇਣ। ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਨਾਲੋ "ਬੜ੍ਹਕਾ" ਮਾਰਨ ਨੂੰ ਜ਼ਿਆਦਾ ਤਰਜੀਹ ਦਿੱਤੀ। ਕਾਂਗਰਸੀ ਲੀਡਰ ਲੋਕਾਂ ਨੂੰ ਯਕੀਨ ਹੀ ਨਹੀਂ ਦਵਾ ਸਕੇ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਅਕਾਲੀ ਦਲ ਨਾਲੋਂ ਜ਼ਿਆਦਾ ਬੇਹਤਰ ਸਮਝਦੇ ਹਨ ਤੇ ਹੱਲ ਕਰ ਸਕਦੇ ਹਨ। ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ੬ ਮਹੀਨੇ ਪਹਿਲਾਂ ਤਿਆਰ ਕਰਕੇ ਲੋਕਾਂ ਵਿੱਚ ਲਿਆਂਦਾ ਜਾਂਦਾ, ਪਰ ਇਹ ਨਾ ਹੋ ਸਕਿਆ,ਸੱਚੀ ਗੱਲ ਤਾਂ ਇਹ ਸੀ ਕਿ ਕਾਂਗਰਸ ਇਸ ਬਾਰੇ ਕਦੇ ਵੀ ਗੰਭੀਰ ਹੋਈ ਹੀ ਨਹੀਂ।

ਜੇ ਇਸ ਵਾਰੀ ਵਾਰੀ ਪੱਕੀ ਸੀ ਤਾਂ ਹਰ ਕੋਈ ਐਮ ਐਲ ਏ ਸੀਟ ਲਈ ਦਾਵੇਦਾਰੀ ਪੇਸ਼ ਕਿਉਂ ਨਾ ਕਰਦਾ।ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਈ ਕਲ੍ਹਾ ਨੇ ਲੋਕਾਂ ਵਿੱਚ ਕਾਂਗਰਸ ਦੀ ਜੋ ਕਿਰਕਰੀ ਕੀਤੀ ਉਹ ਕਿਸੇ ਤੋਂ  ਲੁੱਕੀ ਨਹੀਂ, ਪਰ ਸਵਾਲ ਇਹ ਹੈ ਕਿ ਇਹ ਮਹਾਂਭਾਰਤ ਸ਼ੁਰੂ ਕਿਵੇਂ ਹੋਈ। ਬਿਲਕੁਲ ਸਾਫ ਪੱਧਰੀ ਗੱਲ ਸੀ ਇੱਕ ਇਨਸਾਨ ਜੋ ਕਿਸੇ ਹਲਕੇ ਵਿੱਚ ਪਿਛਲੇ ਪੰਜ ਸਾਲ ਜਿਆਦਤੀ ਝਲਦਾ ਰਿਹਾ ਹੋਵੇ,ਪਾਰਟੀ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਾ ਰਿਹਾ ਹੋਵੇ ਜੇ ਉਸ ਦੀ ਜਗ੍ਹਾ ਕਿਸੇ ਬਾਹਰੋਂ ਲਿਆਂਦੇ ਗਏ ਇਨਸਾਨ ਦੇ ਹੱਥ ਟਿਕਟ ਦੇ ਦਿੱਤੀ ਜਾਵੇ ਜਾਂ ਕਿਸੇ ਉਸ ਤੋਂ ਜੂਨੀਅਰ ਨੂੰ ਟਿਕਟ ਫੜ੍ਹਾ ਦਿੱਤੀ ਜਾਵੇ ਤਾਂ ਜੋ ਹੋਣਾ ਚਾਹੀਦਾ ਸੀ ਬਿਲਕੁਲ ਉਹ ਹੀ ਹੋਇਆ। 2007 ਵਿੱਚ ਵੀ  ਇਹ ਹੀ ਗਲਤੀ ਕੀਤੀ ਸੀ ਤੇ ਇਸ ਵਾਰ ਫਿਰ ਉਹ ਹੀ। ਸੀਟਾਂ ਦਾ ਐਲਾਨ ਹੋਇਆ ਸਿਰਫ ਚੰਦ ਦਿਨ ਪਹਿਲਾਂ ਬਹੁਤੇ ਲੀਡਰਾਂ ਦਾ ਜ਼ੋਰ ਟਿਕਟ ਉੱਪਰ ਹੀ ਲੱਗਾ ਰਿਹਾ। ਜੇ ਕਿਤੇ ਐਲਾਨ ੬ ਮਹੀਨੇ ਪਹਿਲਾਂ ਕਰ ਦਿੱਤਾ ਜਾਂਦਾ ਤਾਂ ਉਮੀਦਵਾਰ ਆਪਣੇ ਹਲਕੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ {ਬਹੁਤੇ ਨਵੇਂ ਉਮੀਦਵਾਰ ਨਵੀਂ ਹਲਕਾ ਬੰਦੀ ਨੂੰ ਵੀ ਨਹੀਂ ਘੋਖ ਸਕੇ } ਅਤੇ ਜੇ ਕੋਈ ਬਗਾਵਤ ਹੁੰਦੀ ਵੀ ਤਾਂ ਉਸ ਨੂੰ ਸੁਲਝਉਣ ਲਈ ਕੋਲ ਸਮਾਂ ਵੀ ਹੁੰਦਾ. ਕਾਂਗਰਸ ਦੀ ਟਿਕਟਾਂ ਸਬੰਧੀ ਰਣਨੀਤੀ ਇੰਨੀ ਜ਼ਿਆਦਾ ਅਸਪਸ਼ਟ ਸੀ ਕਿ ਦਬਾਅ ਪੈਣ ਤੇ ਉਮਦੀਵਾਰ ਵੀ ਬਦਲੇ ਗਏ।

ਇਹ ਕੁਝ ਖਾਸ ਕਾਰਨ ਸਨ ਜਿਨ੍ਹਾਂ ਨੇ ਕਾਂਗਰਸ ਦੀ ਹਾਰ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਤੋਂ ਬਿਨਾਂ ਕਮਜ਼ੋਰ ਪਰਚਾਰ, ਮੀਡੀਆ ਉੱਪਰ ਢਿੱਲੀ ਪਕੜ ਵੀ ਕਾਂਗਰਸ ਨੂੰ ਲੈ ਬੈਠੀ, ਸਿਰਫ ਇਹ ਕਹਿ ਕੇ ਬਰੀ ਨਹੀ ਹੋਇਆ ਜਾ ਸਕਦਾ ਕਿ ਮੀਡੀਆ ਉੱਪਰ ਅਕਾਲੀ ਦਲ ਕਾਬਜ਼ ਸੀ, ਉਸ ਦਾ ਹੱਲ ਕਿਉਂ ਨਾ ਲੱਭਿਆ ਗਿਆ,ਪਰ ਕਿਉਂ ਲੱਭਦੇ ਵਾਰੀ ਤਾ ਪੱਕੀ ਸੀ। ਇਸੇ ਲਈ ਤਾਂ ਕਾਂਗਰਸ ਨੇ ਕਿਸੇ ਵੀ ਛੋਟੀ ਖੇਤਰੀ ਪਾਰਟੀ ਜਾਂ ਗੁਰੱਪ ਨਾਲ ਮੇਲਜੋਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਾਰਟੀ ਦੀ ਕਮਜ਼ੋਰ ਐਡਮਿਨਸ਼ਟ੍ਰੇਸ਼ਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਫ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਪਾਰਟੀ ਕੋਲ ਨੇਤਾ ਤਾਂ ਬਹੁਤ ਸਨ ਪਰ ਨੀਤੀ ਕੋਈ ਨਹੀਂ ਸੀ। ਕਾਂਗਰਸ ਤਾਂ ਮਨਪ੍ਰੀਤ ਤੋਂ ਹੀ ਆਸ ਲਾਈ ਬੈਠੀ ਸੀ ਕਿ ਉਸ ਨੇ ਅਕਾਲੀ ਦਲ ਦਾ ਕਾਫੀ ਨੁਕਸਾਨ ਕਰ ਦੇਣਾ ਅਤੇ ਸਾਡੀ ਜਿੱਤ ਹੋਰ ਵੀ ਅਸਾਨ ਕਰ ਦੇਣੀ ਹੈ। ਆਖੀਰ ਵਿੱਚ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਨਿਘਾਰ ਵੱਲ ਜਾ ਰਹੀ ਹੈ ਜੇ ਫੌਰੀ ਤੌਰ ’ਤੇ ਉਪਰਾਲੇ ਨਾ ਸ਼ੁਰੂ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ਕਾਂਗਰਸ ਦਾ ਹਾਲ ਵੀ ਬੀ.ਐੱਸ.ਪੀ ਵਰਗਾ ਹੋ ਜਾਵੇਗਾ। ਕਿਉਂਕਿ ਇੱਕ ਮਸ਼ਹੂਰ ਐਕਟਰ ਅਤੇ ਲੇਖਕ  ben stein  ਕਹਿੰਦਾ ਹੈ ਕਿ ਜਿੱਤਾਂ ਨਾਲ ਭਰਪੂਰ ਜ਼ਿੰਦਗੀ ਵਿੱਚ ਵੀ ਹਾਰਾਂ ਆਉਂਦੀਆਂ ਹਨ ਪਰ ਇਸ ਨਾਲ ਕਦੇ ਜਿੱਤ ਪ੍ਰਤੀ ਇੱਛਾਸ਼ਕਤੀ ਖਤਮ ਨਹੀਂ ਹੁੰਦੀ...ਇਹ ਸਿਰਫ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਤੁਸੀਂ ਹਾਰ ਅੱਗੇ ਗੋਢੇ ਟੇਕ ਦਿੰਦੇ ਹੋ।


                                      ਸੰਪਰਕ:  98881 28634

Comments

dhanwant bath

fudu laikh es wich nawa ki ha ah ghalla tanpunjab da bacha bacha janda congress de haar bare......koi nawi vaja hai tan likhda....

RANJOT CHEEMA

c class laikh ah lasta line ki ha akhe nahi congress da haal v b.s.p.warga ho jawega.....ki punjab wich ajj ton pahla haal congress warga c???????

RANJOT CHEEMA

ki ajj ton pahla B.S.P da haal congress warga c??????

dev verma

bakwas

chris

best video

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ